.

ੴ ਸਤਿ ਗੁਰ ਪ੍ਰਸਾਦਿ
ਸਿੱਖਾਂ ਲਈ ਬ੍ਰਾਹਮਣੀ ਸਵਰਗ ਦੀ ਪੌੜੀ ਦਾ ਪਹਿਲਾ ਡੰਡਾ
ਹਿਮ ਕੁੰਡ

ਕੁੱਝ ਪੁਰਾਣੀਆਂ ਕਹਾਣੀਆਂ, ਕੁੱਝ ਮਿਥਿਹਾਸ ਦੇ ਗਪੌੜੇ, ਇਹ ਦਰਸਾਉਂਦੇ ਹਨ ਕਿ, ਬ੍ਰਾਹਮਣ ਵਲੋਂ ਹਵਾ ਵਿੱਚ ਸਿਰਜੇ ਸਵਰਗ ਦੇ ਲਾਲਚ ਵਿੱਚ ਬੇਗਿਣਤ ਹਿੰਦੂਆਂ ਨੇ ਆਪਣਾ ਸਭ ਕੁਝ, ਬ੍ਰਾਹਮਣ ਨੂੰ ਦਾਨ ਕਰ ਕੇ ਜੰਗਲਾਂ ਦੀ ਰਾਹ ਫੜੀ, ਪਹਾੜਾਂ ਦੀਆਂ ਬਰਫੀਲੀਆਂ ਗੁਫਾਵਾਂ ਵਿੱਚ ਠੰਡ ਨਾਲ ਗਲ ਕੇ ਮਰ ਗਏ, ਆਰਿਆਂ ਨਾਲ ਵੀ ਚੀਰੇ ਗਏ।
ਹਾਲਾਂਕਿ ਗੁਰਬਾਣੀ ਇਸ ਮਿੱਥ ਨੂੰ ਮੂਲੋਂ ਹੀ ਰੱਦ ਕਰਦੀ ਹੈ, ਪਰ ਜਿਸ ਤਰਜ਼ ਤੇ ਡਾਰਵਨ ਨੂੰ ਬਾਂਦਰਾਂ ਦੇ ਰੂਪ ਵਿੱਚ ਆਪਣੇ ਪੂਰਵਜਾਂ ਦੇ ਦਰਸ਼ਣ ਹੋਏ ਸਨ, ਓਸੇ ਤਰਜ਼ ਤੇ ੯੦ % ਸਿੱਖ ਹਿੰਦੂਆਂ ਨੂੰ ਆਪਣਾ ਪੂਰਵਜ ਮੰਨਦੇ ਹਨ। ਇਸ ਲਿਹਾਜ਼ ਉਨ੍ਹਾਂ ਨੂੰ ਸਵਰਗ ਆਪਣੀ ਵਿਰਾਸਤ ਵਿੱਚ ਮਿਲਿਆ ਹੈ, ਸਵਰਗ ਦੀ ਪੌੜੀ ਦੇ ਪਹਿਲੇ ਡੰਡੇ ਦੇ ਰੂਪ ਵਿਚ, ਭਾਈ ਵੀਰ ਸਿੱਘ ਨੇ ਮਿਥਿਹਾਸ ਤੇ ਆਧਾਰਤ, ਹਿਮ ਕੁੰਡ ਨੂੰ ਹੇਮ ਕੁੰਡ ਸਾਹਿਬ ਬਣਾ ਕੇ, ਸਜਾ ਕੇ, ਸਵਾਰ ਕੇ ਸਥਾਪਤ ਕਰ ਦਿੱਤਾ।
ਜੇ ਹਿਮ ਕੁੰਡ ਨੂੰ ਇੱਕ ਗੁਰਦਵਾਰਾ ਮਨਿਆ ਜਾਵੇ ਤਾਂ ਉਸ ਵਿੱਚ ਕੋਈ ਹਰਜ ਨਹੀਂ ਹੈ, ਗੁਰਦਵਾਰਾ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਹੋ ਸਕਦਾ ਹੈ, ਜਿੱਥੇ ਸਿੱਖਾਂ ਦੀ ਵਸੋਂ ਹੋਵੇ। ਪਰ ਏਥੇ ਤਾਂ ਉਹ ਵੀ ਨਹੀਂ ਹੈ, ਕਿਉਂਕਿ ਇਸ ਥਾਂ ਸਿੱਖਾਂ ਦੀ ਵਸੋਂ ਬਿਲਕੁਲ ਵੀ ਨਹੀਂ ਹੈ।
ਪਰ ਵਿਡੰਬਣਾ ਇਹ ਹੈ ਕਿ ਇਸ ਅਸਥਾਨ ਨੂੰ ਦਸਵੇਂ ਨਾਨਕ ਜੀ ਦਾ ਤਪ ਅਸਥਾਨ ਮੰਨਿਆ ਜਾਂਦਾ ਹੈ, ਜਦ ਕਿ ਦਸਵੇਂ ਨਾਨਕ ਜੀ ਇਸ ਅਸਥਾਨ ਤੇ ਕਦੇ ਵੀ ਨਹੀਂ ਆਏ, ਨਾ ਹੀ ਗੁਰਬਾਣੀ ਕਿਸੇ ਤਪ ਰੂਪੀ ਪਖੰਡ ਕਰਮ ਨੂੰ ਮੰਨਦੀ ਹੈ, ਫਿਰ ਤਪ ਅਸਥਾਨ ਦਾ ਕੀ ਮਤਲਬ? ਜੇ ਪਿਛਲੇ ਜਨਮ ਦੀ ਘਟਨਾ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ, ਯਕੀਨਨ ਹੀ ਸਵਰਗ ਨੂੰ ਮਾਨਤਾ ਦੇਣੀ ਹੀ ਪਵੇਗੀ। (ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਇਸ ਨੂੰ ਮੰਨਣ ਜਾਂ ਰੱਦ ਕਰਨ) ਕਿਉਂਕਿ ਰੱਬ ਨਾਲ ਇਕ-ਮਿਕ ਹੋਇਆ ਬੰਦਾ ਸਵਰਗ ਵਿੱਚ ਨਹੀਂ ਰਹੇਗਾ, ਤਾਂ ਕਿੱਥੇ ਰਹੇਗਾ? ਵੈਸੇ ਭਾਈ ਵੀਰ ਸਿੰਘ ਜੀ ਦੀ ਚੋਣ ਦੀ ਦਾਦ ਦੇਣੀ ਪਵੇਗੀ। (ਸ਼ਇਦ ਇਸ ਲਈ ਹੀ ਉਨ੍ਹਾਂ ਨੇ ਹਿਮ ਕੁੰਡ ਵਾਲੀ ਪਹਿਲੀ ਥਾਂ ਰੱਦ ਕਰ ਕੇ, ਅਜਿਹੀ ਨਵੀੰ ਥਾਂ ਲੱਭੀ ਜਿਸ ਦੇ ਕੋਲ, ਸਵਰਗ ਨੂੰ ਜਾਂਦਿਆਂ ਪਾਂਡਵਾਂ ਦੇ, (ਕਰਨ ਸਮੇਤ) ਰਾਸਤੇ ਵਿੱਚ ਹੀ ਮਰਨ ਦੀ ਨਿਸ਼ਾਨੀ ਸਰੂਪ ਅਸਥਾਨ ਬਣੇ ਹੋਏ ਹਨ। ਤਾਂ ਜੋ ਸਵਰਗ ਦੇ ਰਾਸਤੇ ਦੀ ਪ੍ਰੋੜ੍ਹਤਾ, ਪੱਕੇ ਰੂਪ ਵਿੱਚ ਹੋ ਸਕੇ, ਕਿਸੇ ਨੂੰ ਇਸ ਬਾਰੇ ਰੱਤੀ ਭਰ ਵੀ ਸ਼ੱਕ ਨਾ ਰਹਿ ਜਾਏ।
ਜਦ ਸਵਰਗ ਨੂੰ ਮੰਨਿਆ ਜਾਵੇਗਾ ਤਾਂ ਫਿਰ ਉਸ ਸਵਰਗ ਤਕ ਅਪੜਨ ਦੇ ਸਾਧਨਾਂ ਨੂੰ ਵੀ ਮਾਨਤਾ ਦੇਣੀ ਹੀ ਪਵੇਗੀ। ਉਨ੍ਹਾਂ ਮਾਨਤਾਵਾਂ ਵਿਚਂ ਜੋ ਕੁੱਝ ਅਜ ਕੱਲ ਹਿਮ ਕੁੰਡ ਨਾਲ ਸਬੰਧਤ ਹੋ ਰਿਹਾ ਹੈ, ਉਸ ਦੀ ਜਾਣਕਾਰੀ ਸਿੱਖਾਂ ਨੂੰ ਹੋਣੀ ਜ਼ਰੂਰੀ ਹੈ, ਜੇਕਰ ਕਿਸੇ ਨੂੰ ਆਪਣੇ ਪੂਰਵਜ ਦੇ ਰੂਪ ਵਿਚ, ਬ੍ਰਾਹਮਣ ਦੇ ਦਰਸ਼ਣ ਹੋ ਜਾਣ ਤਾਂ ਉਸ ਨੂੰ ਇਹ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ, ਹਿਮ ਕੁੰਡ ਵਾਲਾ ਸਵਰਗ ਦੀ ਪੌੜੀ ਦਾ ਪਹਿਲਾ ਡੰਡਾ ਚੜ੍ਹਨ ਲਈ ਕੀ ਕੁੱਝ ਕਰਨਾ ਜ਼ਰੂਰੀ ਹੈ?
ਬਹੁਤ ਸਾਰੇ ਸਿੱਖ, ਜਥਿਆਂ ਦੇ ਰੂਪ ਵਿਚ, ਪੈਦਲ ਹਿਮ ਕੁੰਡ ਜਾਂਦੇ ਹਨ, ਜਿਸ ਦੀ ਜਾਣਕਾਰੀ ਉਹ ਰਾਸਤੇ ਵਿੱਚ ਪੈਂਦੇ ਗੁਰਦਵਾਰਿਆਂ ਨੂੰ ਪਹਿਲਾਂ, ਦੇ ਦਿੰਦੇ ਹਨ। ਰਾਸਤੇ ਵਿੱਚ ਪੈਂਦੇ ਗੁਰਦਵਾਰਿਆਂ ਦੇ ਸਿੱਖਾਂ ਦਾ ਇਹ ਫਰਜ਼ ਹੈ ਕਿ ਉਹ, ੪- ੫ ਕਿਲੋਮੀਟਰ ਬਾਹਰ ਜਾ ਕੇ ਉਨ੍ਹਾਂ ਦਾ ਸਵਾਗਤ ਕਰਨ, ਉਨ੍ਹਾਂ ਦੀ ਸੇਵਾ ਕਰਨ ਅਤੇ ਢੋਲ ਨਗਾਰਿਆਂ ਨਾਲ ਉਨ੍ਹਾਂ ਨੂੰ ਗੁਰਦਵਾਰੇ ਲਿਆਉਣ। ਰਾਤ ਸੌਣ ਦਾ ਲੰਗਰ ਪਾਣੀ ਦਾ ਖਾਸ ਪ੍ਰਬੰਧ ਕਰਨ, ਸਵੇਰੇ ਨਾਸ਼ਤਾ ਵਗੈਰਾ ਕਰਾ ਕੇ, ਰਾਸਤੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਕਰ ਕੇ, ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਵਿਦਾ ਕਰ ਕੇ ਆਉਣ। ਪੈਦਲ ਯਾਤ੍ਰਾ ਕਰਨ ਵਾਲਿਆਂ ਤੋਂ ਦੂਸਰੇ ਨੰਬਰ ਤੇ, ਇਨ੍ਹਾਂ ਗੁਰਦਵਾਰੇ ਵਾਲਿਆਂ ਨੂੰ ਪੁੰਨ ਲਗਦਾ ਹੈ।
ਪਰ ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਹਾਂ ਜੋ ਆਪਣੇ ਮੋਟਰਸਾਈਕਲਾਂ, ਕਾਰਾਂ ਜਾਂ ਟ੍ਰੱਕਾਂ-ਬੱਸਾਂ ਤੇ ਜਾਂਦੇ ਹਨ।
ਹਿਮ ਕੁੰਡ ਤੋਂ ੧੯ ਕਿਲੋਮੀਟਰ ਪਹਿਲਾਂ ਇੱਕ ਪੜਾਅ ਹੈ, ਜਿਸ ਦਾ ਨਾਮ ਗੋਬਿੰਦ ਘਾਟ ਰੱਖਿਆ ਹੋਇਆ ਹੈ।
(ਰੱਖਿਆ ਹੋਇਆ ਇਸ ਕਰ ਕੇ ਕਿ, ਇਹ ਸਾਰਾ ਕੁੱਝ ਵੀ ਹਿਮ ਕੁੰਡ ਦੀ ਸਥਾਪਤੀ ਦੇ ਨਾਲ ਹੀ ਹੋਇਆ, ਤਾਂ ਜੋ ਪੱਕਾ ਕੀਤਾ ਜਾ ਸਕੇ ਕਿ ਇਹ ਅਸਥਾਨ ਦਸਵੇਂ ਨਾਨਕ ਜੀ ਨਾਲ ਸਬੰਧਤ ਹੈ।) ਏਥੇ ਤੁਸੀਂ ਆਪਣੀ ਕਾਰ ਜਾਂ ਮੋਟਰ ਸਾਈਕਲ ਖੜੀ ਕਰ ਸਕਦੇ ਹੋ। ਕਹਣ ਨੂੰ ਤਾਂ ਇਸ ਸਟੈਂਡ ਦਾ ਪ੍ਰਬੰਧ ਗੁਰਦਵਾਰਾ ਕਮੇਟੀ ਕੋਲ ਹੈ, ਪਰ ਏਥੇ ਦੋ ਦਿਨ ਲਈ ਮੋਟਰ ਸਾਈਕਲ ਖੜੀ ਕਰਨ ਦੇ ੧੫੦ ਰੁਪਏ ਅਤੇ ਕਾਰ ਖੜੀ ਕਰਨ ਦੇ ੫੦੦ ਰੁਪਏ ਲਗਦੇ ਹਨ।
ਏਥੋਂ ੧੯ ਕਿਲੋਮੀਟਰ ਪੈਦਲ ਚਲ ਕੇ ਯਾਤਰੂਆਂ ਨੂੰ ਹਿਮ ਕੁੰਡ ਜਾਣਾ ਪੈਂਦਾ ਹੈ। ਜੋ ਪੈਦਲ ਚਲ ਕੇ ਨਾ ਜਾ ਸਕੇ, ਉਸ ਲਈ ਦੋ ਸਾਧਨ ਹਨ। ਇੱਕ ਘੋੜੇ, ਘੋੜੇ ਵਾਲਿਆਂ ਦੀ ਯੂਨੀਅਨ ਨੇ ੧੬ ਕਿਲੋਮੀਟਰ ਜਾਣ ਦਾ ਕਰਾਇਆ ੪੩੫ ਰੁਪਏ ਬੋਰਡ ਤੇ ਲਿਖਿਆ ਹੋਇਆ ਹੈ, ਪਰ ਗੁਰੂ ਦੇ ਸਿੱਖ ਬੜੇ ਦਿਆਲੂ ਹੁੰਦੇ ਹਨ, ਜਿਸ ਕਰ ਕੇ ਇਸ ਬੋਰਡ ਦੀ ਕੋਈ ਵੀ ਯਾਤਰੂ ਪਰਵਾਹ ਨਹੀਂ ਕਰਦਾ, ਆਮ ਕਰ ਕੇ ਖੁਸ਼ੀ ਨਾਲ ਹੀ ੫੦੦ ਜਾਂ ੬੦੦ ਰੁਪਏ ਦੇ ਦਿਤੇ ਜਾਂਦੇ ਹਨ। ੧੬ ਕਿਲੋਮੀਟਰ ਮਗਰੋਂ ਹਰ ਯਾਤਰੂ ਨੂੰ ੩ ਕਿਲੋਮੀਟਰ ਪੈਦਲ ਜਾਣਾ ਪੈਂਦਾ ਹੈ। (ਏਥੇ ਇੱਕ ਚੀਜ਼ ਹੋਰ ਵੇਖਣ ਵਾਲੀ ਹੈ, ਯਾਤਰੂਆਂ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਹੇਮ ਕੁੰਡ ਸਾਹਿਬ ਦੇ ਦਰਸ਼ਨ ਕਰ-ਕਰ ਕੇ ਇਨ੍ਹਾਂ ਘੋੜਿਆਂ ਦੀ ਚੌਰਾਸੀ ਕੱਟੀ ਗਈ ਹੋਈ ਹੈ। ਹੁਣ ਇਹ ਸਵਰਗ ਦੇ ਪਾਂਧੂਆਂ ਦੀ ਸੇਵਾ ਕਰਦੇ ਹਨ। ਇਹ ਗੱਲ ਸਵਰਗ ਦੇ ਪਾਂਧੂਆਂ ਦੇ ਮੂਹੋਂ ਆਮ ਸੁਣੀ ਜਾ ਸਕਦੀ ਹੈ। ਸ਼ਾਇਦ ਇਸ ਲਈ ਕਿ ਕਿਤੇ ਉਨ੍ਹਾਂ ਦਾ ਮਨ, ਹਿਮ ਕੁੰਡ ਦੇ ਦਰਸ਼ਨ ਕਰਨ ਨਾਲ, ਚੌਰਾਸੀ ਕੱਟੇ ਜਾਣ ਤੋਂ ਮੁਨਕਰ ਨਾ ਹੋ ਜਾਵੇ। ਅਤੇ ਉਨ੍ਹਾਂ ਨੂੰ ਆਪਣਾ ਹਿਮ ਕੁੰਡ ਆਉਣਾ ਵਿਅਰਥ ਨਾ ਜਾਪੇ ਅਤੇ ਉਹ ਮੁੜ-ਮੁੜ ਕੇ ਹਿਮ ਕੁੰਡ ਆਉਂਦੇ ਰਹਣ।
ਦੂਸਰਾ ਸਾਧਨ ਹੈ ਡੋਂਗੀ, ਜਿਸ ਨੂੰ ਪੰਜਾਬੀ ਵਿੱਚ ਡੋਲੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਬੰਦਾ ਬਿਠਾ ਕੇ, ਚਾਰ ਬੰਦੇ ਉਸ ਨੂੰ ਚੁਕ ਕੇ ਲਿਜਾਂਦੇ ਹਨ। ਇਸ ਦਾ ਦੋਵਾਂ ਪਾਸਿਆਂ ਦਾ ਕਰਾਇਆ ਹੈ ੫੦੦੦ (ਪੰਜ ਹਜ਼ਾਰ) ਰੁਪਏ। ਇਸ ਦੇ ਨਾਲ ਇੱਕ ਗੱਲ ਹੋਰ ਬਹੁਤ ਮਜ਼ੇਦਾਰ ਹੈ ਕਿ, ਡੋਲੀ ਚੁਕਣ ਵਾਲੇ ਸਵਾਰੀ ਕੋਲੋਂ ਆਮ ਹੀ ਚਾਹ ਪਿਲਾਉਣ ਦੀ ਮੰਗ ਕਰ ਲੈਂਦੇ ਹਨ, ਜਿਸ ਨੂੰ ਮੰਨਣਾ ਇੱਕ ਸਿੱਖ ਲਈ ਮਾਮੂਲੀ ਗੱਲ ਹੈ। ਜੇ ਦੋ ਵਾਰ ਜਾਂਦਿਆਂ ਅਤੇ ਦੋ ਵਾਰ ਆਉਂਦਿਆਂ ਖਾਲੀ ਚਾਹ ਹੀ ਹੋ ਗਈ ਤਾਂ ੪੦੦ ਰੁਪਏ ਹੋਰ ਹੋ ਗਏ, ਜੇ ਨਾਲ ਕੁੱਝ ਖੁਆ ਵੀ ਦਿੱਤਾ ਤਾਂ ਰੱਬ ਹੀ ਰਾਖਾ ਹੈ। ਇਸ ੧੬ ਕਿਲੋਮੀਟਰ ਮਗਰੋਂ ਤਿੰਨ ਕਿਲੋਮੀਟਰ ਪੈਦਲ ਹੀ ਜਾਣਾ ਪੈਂਦਾ ਹੈ, ਜੋ ਦਸਵੇਂ ਨਾਨਕ ਜੀ ਆਪ ਆਪਣੀ ਤਾਕਤ ਆਸਰੇ ਲੈ ਕੇ ਜਾਂਦੇ ਹਨ। (ਜਿਸ ਦਾ ਕਰਾਇਆ ਗੁਰਦਵਾਰੇ ਵਾਲੇ ਵਸੂਲ ਲੈਂਦੇ ਹਨ)
ਗੋਬਿੰਦ ਘਾਟ ਤੋਂ ੧੩ ਕਿਲੋਮੀਟਰ ਤੇ ਪੜਾਅ ਹੈ, ਜਿੱਥੇ ਹਰ ਹਾਲਤ ਵਿੱਚ ਪੜਾਅ ਕਰਨਾ ਪੈਂਦਾ ਹੈ, ਓਥੋਂ ੬ ਕਿਲੋਮੀਟਰ ਹਿਮ ਕੁੰਡ ਤੱਕ ਹਰ ਹਾਲਤ ਵਿੱਚ ਸਵੇਰੇ ਜਾ ਕੇ ਸ਼ਾਮ ਤੱਕ ਵਾਪਸ ਆਉਣਾ ਹੁੰਦਾ ਹੈ। ਮੌਸਮ ਬਰਫਾਨੀ ਹੋਣ ਕਰ ਕੇ, ਆਕਸੀਜ਼ਨ ਦੀ ਘਾਟ ਹੋਣ ਕਾਰਨ ਉਸ ਥਾਂ ਰੁਕਿਆ ਨਹੀਂ ਜਾ ਸਕਦਾ। ਇਸ ਥਾਂ ਨੂੰ ਗੋਬਿੰਦ ਧਾਮ ਕਿਹਾ ਜਾਂਦਾ ਹੈ। ਇਸ ਪੜਾਅ ਤੇ ਵੀ ਯਾਤਰੂਆਂ ਦੇ ਪ੍ਰਬੰਧ ਦਾ ਇੰਤਜ਼ਾਮ ਕਮੇਟੀ ਦੇ ਹੱਥ ਵਿੱਚ ਹੈ। ਏਥੇ ਕਮਰੇ ਬਨਾਉਣ ਵਾਸਤੇ ਦੇਸ਼ ਵਿਚੋਂ ਅਤੇ ਵਦੇਸ਼ਾਂ ਵਿਚੋਂ ਸਿੱਖ ਬਹੁਤ ਮਾਇਆ ਘੱਲਦੇ ਰਹਿੰਦੇ ਹਨ। ਪਰ ਪੈਦਲ ਜਥਿਆਂ ਤੋਂ ਇਲਾਵਾ (ਜੋ ਹਿਮ ਕੁੰਡ ਦੀ ਯਾਤਰਾ ਦੀ ਐਡ ਵਜੋਂ ਕੰਮ ਕਰਦੇ ਹਨ) ਸ਼ਾਇਦ ਕਿਸੇ ਕਮੇਟੀ ਮੈਂਬਰ ਦੇ ਰਿਸ਼ਤੇਦਾਰ ਨੂੰ ਹੀ ਕੋਈ ਕਮਰਾ ਮਿਲਦਾ ਹੋਵੇ। ਆਮ ਬੰਦੇ ਨੂੰ ਸਥਾਨਕ ਲੋਕਾਂ ਕੋਲੋਂ ਹੀ ਕਮਰੇ ਲੈਣੇ ਪੈਂਦੇ ਹਨ, ਜਿਸ ਦਾ ਕਰਾਇਆ, ਇੱਕ ਰਾਤ ਦਾ ੧੨੦੦ ਰੁਪਏ ਹੈ, ਜੇ ਕਿਤੇ ਮੌਸਮ ਖਰਾਬ ਹੋ ਜਾਵੇ ਤਾਂ ਇਹ ਕਰਾਇਆ ੪੦੦੦ ਤੋਂ ਵੀ ਉਪਰ ਟੱਪ ਜਾਂਦਾ ਹੈ।
ਸੂਝਵਾਨ ਯਾਤਰੂਆਂ ਦਾ ਵਿਚਾਰ ਹੈ ਕਿ ੧੩ ਕਿਲੋਮੀਟਰ ਦੀ ਇਹ ਸੜਕ, ਬੜੀ ਆਸਾਨੀ ਨਾਲ ਬਣਾਈ ਜਾ ਸਕਦੀ ਹੈ, ਪਰ ਹਜ਼ੂਰ ਸਾਹਿਬ ਵਾਙ ਏਥੇ ਵੀ ਗੁਰਦਵਾਰਾ ਕਮੇਟੀ ਅਤੇ ਲੋਕਲ ਲੋਕਾਂ ਵਿੱਚ ਗੂੜ੍ਹਾ ਆਪਸੀ ਪਿਆਰ ਹੋਣ ਕਾਰਨ, ਕਮੇਟੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਉਤ੍ਰਾਖੰਡ ਸਰਕਾਰ ਦੀ ਸੋਚ ਵੀ ਅੱਗੇ ਚਲ ਕੇ ਵੇਖਦੇ ਹਾਂ।
ਪੈਸੇ ਵਾਲੇ ਤਾਂ ਦੋ ਨੰਬਰ ਦੀ ਕਮਾਈ ਆਸਰੇ ਕਮਰੇ ਲੈ ਲੈਂਦੇ ਹਨ, ਪਰ ਮੇਰੇ ਵਰਗੇ ਨੰਗ, ਸਵਰਗ ਵਿੱਚ ਜਾਣ ਦੇ ਚਾਹਵਾਨਾਂ ਨੂੰ ਖੁਲ੍ਹੇ ਵਿੱਚ ਹੀ ਸੌਣਾ ਪੈਂਦਾ ਹੈ। ਵੈਸੇ ਲੋਕਲ ਲੋਕ ਬੜੇ ਦਿਆਲੂ ਹਨ, ਉਨ੍ਹਾਂ ਨੇ ਮੇਰੇ ਵਰਗਿਆਂ ਨੂੰ ਬਚਾਉਣ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕੋਲ ਕੰਬਲ ਅਤੇ ਜੈਕਟਾਂ ਹਨ, ਜੋ ਪ੍ਰਤੀ ਨਗ ੫੦ ਰੁਪਏ ਦੇ ਹਿਸਾਬ, ਰਾਤ ਲਈ ਕਰਾਏ ਤੇ ਮਿਲ ਜਾਂਦੇ ਹਨ।
ਇਸ ਤੋਂ ਇਲਾਵਾ ਕੁੱਝ ਲੋੜੀਂਦੀਆਂ ਚੀਜ਼ਾਂ ਦੇ ਰੇਟ ਵੀ ਦੱਸ ਦਿਆਂ, ਕੋਈ ਵੀਰ ਇਹ ਗਿਲ੍ਹਾ ਨਾ ਕਰੇ ਕਿ ਅਧੂਰੀ ਹੀ ਜਾਣਕਾਰੀ ਦਿੱਤੀ ਹੈ। ਲੰਗਰ ਤਾਂ ਕਿਸੇ ਐਸੇ ਭਾਗਸ਼ਾਲੀ ਨੂੰ ਹੀ ਮਿਲਦਾ ਹੈ, ਜਿਸ ਦੀ ਸਵਰਗ ਦੀ ਪੱਕੀ ਹੀ ਟਿਕਟ ਕਟ ਗਈ ਹੋਵੇ। ਆਮ ਆਦਮੀ ਬਾਜ਼ਾਰ ਚੋਂ ਹੀ ਰੋਟੀ ਖਾਣ ਲਈ ਮਜਬੂਰ ਹੁੰਦਾ ਹੈ।
(ਇਸ ਵਾਰ ਉਤ੍ਰਾਖੰਡ ਸਰਕਾਰ ਨੇ ਹੋਰ ਕਿਰਪਾ ਕੀਤੀ ਹੈ, ਸਿੱਖਾਂ ਵਲੋਂ ਰਾਸਤੇ ਵਿੱਚ ਲਗਾਏ ਜਾਂਦੇ, ਲੰਗਰਾਂ ਤੇ ਪਾਬੰਦੀ ਲਗਾ ਦਿੱਤੀ ਹੈ, ਤਾਂ ਜੋ ਲੋਕਲ ਲੋਕ ਸਿੱਖਾਂ ਦੀ ਪੂਰੀ ਲੁੱਟ ਕਰ ਸਕਣ।)
ਖੈਰ ਗੱਲ ਚਲ ਰਹੀ ਸੀ ਰੇਟਾਂ ਦੀ। ਉਸ ਥਾਂ ਤੁਹਾਨੂੰ ਬੜੀ ਆਸਾਨੀ ਨਾਲ, ੮ ਰੁਪਏ ਦੀ ਇੱਕ ਰੋਟੀ, ੩੫ ਰੁਪਏ ਦੀ ਇੱਕ ਦਾਲ, ੩੫ ਰੁਪਏ ਦੀ ਪਾਣੀ ਦੀ ਬੋਤਲ, ੨੫ ਰੁਪਏ ਦੀ ਚਾਹ, ੬੦ ਰੁਪਏ ਦੀ ੨੦੦ ਮਿਲੀ ਲਿਟਰ ਦੀ ਕੋਲਡ ਡਰਿੰਕ, ੧੦ ਲਿਟਰ ਪਾਣੀ ਵਿੱਚ ਇੱਕ ਕਿਲੋ ਸੁੱਕਾ ਦੁਧ ਪਾ ਕੇ, ਉਹ ਦੁਧ ੨੦ ਰੁਪਏ ਦਾ ੧੫੦ ਮਿ, ਲਿਟਰ ਦਾ ਗਲਾਸ ਮਿਲ ਜਾਂਦਾ ਹੈ। ਕਿਉਂਕਿ ਉਸ ਥਾਂ ਮੋਬਾਇਲ ਦੇ ਟਾਵਰ ਨਹੀਂ ਹਨ ਇਸ ਲਈ ਯਾਤਰੂਆਂ ਦੀ ਸੁਵਿਧਾ ਲਈ ਪੀ. ਸੀ. ਓ, ਵੀ ਹਨ, ਜਿਨ੍ਹਾਂ ਦਾ ਰੇਟ ੨੦ ਰੁਪਏ ਪ੍ਰਤੀ ਮਿੰਟ ਹੈ। ਇਹ ਤੁਹਾਡੀ ਕਿਸਮਤ ਹੈ ਕਿ ਤੁਹਾਡੀ ਗੱਲ, ਤੁਹਾਦੇ ਮਿਤ੍ਰ ਜਾਂ ਸਬੰਧੀ ਨਾਲ ਹੋ ਜਾਂਦੀ ਹੈ ਜਾਂ ਨਹੀਂ।
ਇਸ ਆਸ ਨਾਲ ਜਾਣਕਾਰੀ ਬੰਦ ਕਰਦਾ ਹਾਂ ਕਿ ਅਗਲੇ ਸਾਲ ਇਸ ਥਾਂ ਪਹੁੰਚਣ ਲਈ ਸਰਕਾਰ ਵਲੋਂ ਹੈਲੀ ਕਾਪਟਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਅਤੇ ਰੇਟਾਂ ਵਿਚ ੧੦ % ਤੋਂ ੨੫ % ਤਕ ਦਾ ਮਹਿੰਗਾਈ ਭੱਤਾ, ਪ੍ਰਤੀ ਸਾਲ ਜੋੜ ਲੈਣਾ ਯਾਤਰੂਆਂ ਲਈ ਲਾਹੇਵੰਦ ਹੋਵੇਗਾ।

ਪ੍ਰਤਪਾਲ ਸਿੰਘ
“ਦ ਖਾਲਸਾ”
ਫੋਨ: +੯੧੯੯੨੭੧੪੫੫੨੨
.