.

ਗੁਰੂ ਗੋਬਿੰਦ ਸਿੰਘ ਜੀ ਨੇ ਕੁੱਝ ਲਿਖਿਆ ਸੀ?

ਸਿੱਖੀ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿਂਦ ਸਿੰਘ ਜੀ ਇਤਹਾਸ ਦੀ ਇੱਕ ਅਦੁੱਤੀ ਸ਼ਖ਼ਸਿਅਤ ਸਨ। ਉਨਾਂ ਦੇ ਜੀਵਨ ਬਾਰੇ ਸਦੀਆਂ ਤੋਂ ਲਿਖਿਆ, ਪੜਿਆ ਅਤੇ ਬੋਲਿਆ ਜਾਂਦਾ ਰਿਹਾ ਹੈ। ਇਸ ਵਿੱਚ ਰੱਤੀ ਬਰ ਵੀ ਸ਼ੱਕ ਨਹੀਂ ਕਿ ਸਿੱਖੀ ਦੇ ਦਰਸ਼ਨ ਦੀ ਗਲ ਗੁਰੂ ਗੋਬਿਂਦ ਸਿੰਘ ਜੀ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਇਸ ਤੋਂ ਭਾਵ ਇਹ ਨਹੀਂ ਸਮਝ ਲੇਣਾਂ ਚਾਹੀਦਾ ਕਿ ੁੳਨ੍ਹਾਂ ਨੇ ਸਿੱਖੀ ਦੇ ਦਰਸ਼ਨ ਨੂੰ ਪੂਰਾ ਕੀਤਾ ਬਲਕਿ ਇਸਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕਘਰ ਦੇ ਦਰਸ਼ਨ ਦੀ ਵਿਆਖਿਆ ਦੇ, ਬਾ-ਤੋਰ ਇੱਕ ਗੁਰੂ, ਦਸਵੀਂ ਮਿਸਾਲ ਸਨ। ਉਨ੍ਹਾਂ ਦੇ ਜੀਵਨ ਵਿਵਹਾਰ ਨੇ ਗੁਰੂ ਨਾਨਕ ਜੀ ਦੇ ਸਿੱਖੀ ਦੇ ਦਰਸ਼ਨ ਦਾ ਹੀ ਖ਼ੁਲਾਸਾ ਕੀਤਾ। ਉਨ੍ਹਾਂ ਦੇ ਇਸ ਖ਼ੁਲਾਸੇ ਦਾ ਸਿੱਖੀ ਜੀਵਨ ਵਿੱਚ ਬੜਾ ਡੂੰਗਾ ਪ੍ਰਭਾਵ ਹੈ।
ਤਕਰੀਬਨ ਹਰ ਸੁਚੇਤ ਸਿੱਖ ਦਸਵੇਂ ਪਾਤਸ਼ਾਹ ਦੇ ਜੀਵਨ ਦੇ ਮਹੱਤਵ ਪੁਰਨ ਪੱਖਾਂ ਨੂੰ ਜਾਂਣਦਾ ਹੈ। ਇਸ ਲਈ ਇਸ ਚਰਚਾ ਦਾ ਵਿਸ਼ਾ ਗੁਰੂ ਗੋਬਿਂਦ ਸਿੰਘ ਜੀ ਦੇ ਜੀਵਨ ਸਬੰਧੀ ਕੁੱਝ ਅਲਗ ਨੁਕਤਿਆਂ ਦੀ ਪੜਚੋਲ ਕਰਨਾ ਹੈ ਤਾਂ ਕਿ ਮੋਜੂਦਾ ਦੋਰ ਵਿੱਚ ਇੱਕ ਦਾਇਰੇ ਵਿੱਚ ਉਠ ਰਹੇ ਉਸ ‘ਵਿਚਾਰਕ ਤੁਫਾਨ‘ਬਾਰੇ ਵਿਚਾਰ ਕਰ ਸਕੀਏ ਜਿਸਦੇ ਚਲਦੇ ਗੁਰੂ ਗੋਬਿਂਦ ਸਿੰਘ ਜੀ ਅਤੇ ਸਿੱਖੀ ਵਿਚਲੇ ਸਬੰਧਾਂ ਦਿਆਂ ਮਾਨਤਾਂਵਾਂ ਹਿੱਲ ਉਠੀਆਂ ਨੇ। ਇਸ ਵਿਚਾਰਕ ਤੁਫ਼ਾਨ ਦੇ ਕੇਂਦਰ ਵਿੱਚ ਹੈ ਇੱਕ ਐਸਾ ਗ੍ਰੰਥ ਜਿਸ ਨੂੰ ਗੁਰੂ ਗੋਬਿਂਦ ਸਿੰਘ ਜੀ ਕ੍ਰਿਤ ਕਹਿ ਕੇ ਪ੍ਰਚਾਰਿਆ ਗਿਆ।
ਪਹਿਲੀ ਗਲ ਜਿਹੜੀ ਕਿ ਸਾਨੂੰ ਸਪਸ਼ਟ ਤੋਰ ਤੇ ਮੰਨ ਲੇਂਣੀ ਚਾਹੀਦੀ ਹੈ ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਲਿਖਿਤ (ਜੇਕਰ ਉਹ ਹੈ ਤਾਂ ਵੀ) ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਦਰਜਾ ਨਹੀਂ ਰੱਖਦੀ। ਇਹ ਨਿਰਨਾ ਆਪ ਗੁਰੂ ਗੋਬਿੰਦ ਸਿੰਘ ਜੀ ਦਾ ਸੀ। ਇਸ ਲਈ ਦੁਨਿਆਂ ਦੀ ਕੋਈ ਵੀ ਰਚਨਾ ਗੁਰੂ ਗ੍ਰੰਥ ਦੇ ਮੁਕਾਬਿਲ ਸਥਾਪਤ ਨਹੀਂ ਕੀਤੀ ਜਾ ਸਕਦੀ। ਪੰਥ ਇਸ ਬਾਰੇ ਨਿਰਨੇ ਲੇ ਚੁੱਕਿਆ ਹੈ। ਅਕਾਲ ਤਖ਼ਤ ਤੋਂ ਇਸ ਬਾਬਤ ਸਪਸ਼ਟ ਫੈਸਲੇ ਹੋ ਚੁੱਕੇ ਹਨ। ਪਰ ਅਸੀਂ ਜਾਂਣਦੇ ਹਾਂ ਕਿ ਧਾਰਮਕ ਖੇਤਰ ਵਿੱਚ ਇੱਕ ਐਸੀ ‘ਆਦਰਸ਼ ਅਵਸਥਾ‘ ਦੀ ਪ੍ਰਾਪਤੀ ਨਾ ਮੁਮਕਿਨ ਜਿਹੀ ਗਲ ਹੁੰਦੀ ਹੈ ਜਿਸ ਵਿੱਚ ਇਹ ਨਿਸ਼ਚਤ ਤੋਰ ਤੇ ਮੰਨ ਲਿਆ ਜਾਵੇ ਕਿ ਉਹ ਪੂਰੀ ਤਰਾਂ ‘ਕਾਯਮ‘ ਹੋ ਚੁਕਿ ਹੈ। ਗੁਰੂਘਰ ਦੇ ਨਿਰਨੇਆਂ ਦੇ ਐਲਾਨਾਂ ਦਾ ਵਿਰੋਧ ਤਾਂ ਇਤਹਾਸ ਦੇ ਵਿੱਚ ਕਈ ਮਨਮਤਿਏ ਪਾਤਰਾਂ ਨੇ ਕੀਤਾ ਹੀ ਹੈ। ਐਸੇ ਪਾਤਰ ਹਰ ਦੋਰ ਵਿੱਚ ਹੁੰਦੇ ਹੀ ਹਨ। ਸੱਚ ਕਈਆਂ ਲਈ ਕੋੜਾ ਹੁੰਦਾ ਹੈ ਅਤੇ ਬਹੁਤੀ ਵਾਰ ਸਮਝ ਤੋਂ ਪਰੇ ਵੀ। ਇਸਦੇ ਨਾਲ-ਨਾਲ ਗੁਰੂ ਦੇ ਲੜ ਲਗੇ ਆਮ ਮਾਨਸਿਕਤਾ ਦੇ ਲੋਕ ਅਪਣੇ-ਅਪਣੇ ਮਾਨਸਕ ਸਤਰ ਅਨੁਸਾਰ ਕਈ ਪੱਖੋਂ ਗੁਰੂ ਦੇ ਫ਼ਲਸਫ਼ੇ ਦੇ ਕਰੀਬ ਵੀ ਹੁੰਦੇ ਹਨ ਅਤੇ ਦੂਰ ਵੀ। ਇਹ ਮਾਨਸਕ ਪੱਧਰਾਂ ਦਿਆਂ ਕੁਦਰਤੀ ਸੱਚਾਈਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ:-
ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ।।
ਖ਼ੈਰ ਇਥੇ ਅਸੀਂ ਗੁਰੂ ਗੋਬਿਂਦ ਸਿੰਘ ਜੀ 43 ਸਾਲਾ ਜੀਵਨ ਕਾਲ ਦੀ ਬਾਰੀਕ ਨਜ਼ਰਸਾਨੀ ਕਰੀਏ ਤਾਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲਗਭਗ 34 ਸਾਲ ਸਿੱਖੀ ਦੀ ਕਮਾਨ ਗੁਰੂ ਗੋਬਿਂਦ ਸਿੰਘ ਜੀ ਦੇ ਹੱਥ ਰਹੀ ਸੀ ਅਤੇ ਇਸ ਅਰਸੇ ਦੋਰਾਨ ਸਿੱਖੀ ਦੇ ਇਤਹਾਸ ਦਿਆਂ ਕਈ ਮਹੱਤਵ ਪੁਰਨ ਗੱਲਾਂ ਵਾਰਪਰਿਆਂ ਜਿਨ੍ਹਾਂ ਦੇ ਸਦਕੇ ਦਸਵੇਂ ਪਾਤਸ਼ਾਹ ਨੇ ਵਿਸ਼ਵ ਦੇ ਇਤਹਾਸ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰਦੇ ਹੋਏ ਅਪਣੇ ਸਿੱਖਾਂ ਨੂੰ ਵੀ ਬਾ-ਤੋਰ ਇੱਕ ‘ਵਿਲੱਖਣ ਕੋਮ‘ ਦੇ ਸਤਿਕਾਰ ਦਾ ਪਾਤਰ ਬਣਾ ਦਿੱਤਾ। 34 ਸਾਲਾਂ ਦੀ ਇਹ ਰਹਨੁਮਾਈ ਬੇ-ਮਿਸਾਲ ਸੀ। ਇਸ ਨੇ ਆਉਂਣ ਵਾਲੇ ਸਮੇਂ ਵਿੱਚ ਇਤਹਾਸ ਦੇ ਕਈ ਪੱਖਾਂ ਤੇ ਡੂੰਗਾ ਅਸਰ ਪਾਇਆ ਸੀ। ਅਸੀਂ ਇਸ ਅਸਰ ਤੋਂ ਜਾਂਣੁ ਹਾਂ।
ਲੇਕਿਨ ਇਸ ਚਰਚਾ ਵਿੱਚ ਅਸੀਂ ਇੱਕ ਵਿਸ਼ੇ ਨੂੰ ਇੱਕ ਅਲਗ ਸਵਾਲ ਰਾਹੀਂ ਵਿਚਾਰਾਂ ਗੇ। ਇਹ ਸਵਾਲ ਹੈ ਕਿ- ਇਸ 34 ਸਾਲਾ ਦੀ ਰਹਿਨੁਮਾਈ ਦੋਰਾਨ ਗੁਰੂ ਗੋਬਿਂਦ ਸਿੰਘ ਜੀ ਨੇ ਅਪਣੇ ਸਿੱਖਾਂ ਨੂੰ ਅਤੇ ਵਿਸ਼ਵ ਭਾਈ ਚਾਰੇ ਨੂੰ ਕਦੇ ਕੁੱਝ ਲਿਖ ਕੇ ਕਹਿਣ ਦੀ ਕੋਸ਼ਿਸ਼ ਨਹੀ ਸੀ ਕੀਤੀ?
ਨਿਰਸੰਦੇਹ ਕੁੱਝ ਤਾਂ ਕਿਹਾ ਹੀ ਹੋਣਾਂ ਹੈ। ਉਹ ਗੁਰੂ ਸਨ ਕੋਈ ਖਾਮੋਸ਼ ਕਿਰਦਾਰ ਜਾਂ ਦਰਸ਼ਕ ਨਹੀਂ। ਗੁਰੂ ਨਾਨਕ ਦੇ ਫ਼ਲਸਫ਼ੇ ਪ੍ਰਤੀ ਉਨ੍ਹਾਂ ਦੀ ਸੰਮਪੁਰਨ ਪ੍ਰਤੀਬੱਧਤਾ ਅਤੇ ਗੁਰੂ ਨਾਨਕ ਦੇ ਹੀ ਉਲੀਕੇ ਦਰਸ਼ਨ ਦੇ ਮਾਰਗ ਤੇ ੳੱਠੇ ਗੁਰੂ ਗੋਬਿਂਦ ਸਿੰਘ ਜੀ ਦੇ ਕਰਮ ਇਸ ਗਲ ਵੱਲ ਮਜਬੂਤ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੇ ਅਪਣੇ ਸਿੱਖਾਂ ਨੂੰ ਨਿਸ਼ਚਤ ਤੋਰ ਤੇ ਕੁੱਝ ਹਿਦਾਯਤਾਂ ਦਿੱਤੀਆਂ ਹੀ ਹੋਣਗੀਆਂ। ਪਰ ਇਸਦੇ ਨਾਲ ਹੀ ਉਸ ਅਵਸਥਾ ਵਿੱਚ ਕਿ ਜਿਸ ਵੇਲੇ ਅਸੀਂ ਮੰਨਦੇ ਹਾਂ ਕਿ ਗੁਰੂ ਗੋਬਿਂਦ ਸਿੰਘ ਜੀ ਦਾ ਕੋਈ ਵੀ ਵਿਚਾਰ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ, ਅਸੀਂ ਗੁਰੂ ਗੋਬਿਂਦ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਜਾਂਣਨ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਲਿਖੇ ਸੋਮਿਆਂ ਤੇ ਨਿਰਭਰ ਕਰਦੇ ਹਾਂ। ਮਿਸਾਲ ਦੇ ਤੋਰ ਤੇ 1699 ਦੀ ਵਸਾਖੀ ਵਾਲੀ ਘਟਨਾ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੇ ਸੋਮਿਆਂ ਨੂੰ ਮੰਨ ਕੇ ਚਲਦੇ ਹਾਂ। ਇਹ ਇੱਕ ਪ੍ਰਕਾਰ ਦੀ
Out Sourcing (ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਲਿਆ ਗਿਆ ਹਵਾਲਾ) ਹੈ ਜਿਸ ਦੀ ਮਦਦ ਨਾਲ ਅਸੀਂ ਗੁਰੂ ਗੋਬਿਂਦ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਰਵਾਣ ਕਰਦੇ ਨਤਮਸਤਕ ਹੁੰਦੇ ਰਹੇ ਹਾਂ। ਗੁਰੂ ਹਰ ਗੋਬਿਂਦ ਜੀ ਦੇ ਮੀਰੀ-ਪੀਰੀ ਦੇ ਖ਼ੁਲਾਸੇ ਦੀ ਗਲ ਵੀ ਅਸੀਂ Out Sourcing ਰਾਹੀਂ ਹੀ ਸਵੀਕਾਰ ਕਰਦੇ ਹਾਂ।
ਸਿੱਖੀ ਦੇ ਪ੍ਰਚਾਰ ਪ੍ਰਤੀ ਗੁਰੂ ਗੋਬਿਂਦ ਸਿੰਘ ਜੀ ਸੁਚੇਤ ਸਨ। ਸਾਹਿਤ ਵਿੱਚ ਉਨਾਂ ਦੀ ਡੂੰਘੀ ਰੂਚੀ ਰਹੀ ਸੀ। ਭਾਈ ਨੰਦ ਲਾਲ ਜੀ ਵਰਗੇ ਕਵੀ ਉਂਨ੍ਹਾਂ ਨਾਲ ਜੁੜੇ ਸੀ। ਨਿਰਸੰਦੇਹ ਇੱਕ ਗੁਰੂ ਅਤੇ ਨਾਨਕ ਫ਼ਲਸਫ਼ੇ ਦੇ ਮੁਖ ਪ੍ਰਚਾਰਕ ਹੋਣ ਕਰਕੇ ਉਨ੍ਹਾਂ ਨੇ ਸਮਕਾਲੀ ਪ੍ਰਚਲਤ ਕਰਮਕਾਂਡੀ ਅਤੇ ਮੋਜੂਦ ‘ਹੋਰ‘ ਕਿਸਮ ਦੇ ਸਾਹਿਤ ਦਾ ਅਧਿਅਨ ਵੀ ਕੀਤਾ ਸੀ। ਇਹ ਇੱਕ ਪ੍ਰਚਾਰਕ ਲਈ ਜਰੂਰੀ ਹੁੰਦਾ ਹੈ ਕਿ ਉਹ ਅਪਣੇ ਫ਼ਲਸਫ਼ੇ ਦੇ ਨਾਲ-ਨਾਲ ਦੂਜੇ ਪ੍ਰਚਲਤ ਵਿਸ਼ਿਆਂ ਦੀ ਪੁਖ਼ਤਾ ਜਾਨਕਾਰੀ ਰੱਖਦਾ ਹੋਵੇ। ਬਾਣੀ ਗੁਰੂ ਨਾਨਕ ਜੀ ਦੀ ਹੋਵੇ ਜਾਂ ਕਿਸੇ ਹੋਰ ਗੁਰੂ ਦੀ ਉਸ ਵਿੱਚ ਸਾਨੂੰ ਪ੍ਰਚਲਤ ਧਾਰਨਾਵਾਂ ਅਤੇ ਸਮਾਜਕ ਵਿਸ਼ਿਆਂ ਤੇ ਗੁਰੂਆਂ ਦੀ ਮਜਬੂਤ ਪਕੜ ਸਪਸ਼ਟ ਨਜ਼ਰ ਆਉਂਦੀ ਹੈ। ਗੁਰੂ ਗੋਬਿਂਦ ਸਿੰਘ ਜੀ ਸਮੇਂ ਤਾਂ ਸਾਹਿਤ ਲੇਖਨ ਅਤੇ ਪੜਨ ਦੇ ਖੇਤਰ ਵਿੱਚ ਹੋਰ ਬਦਲਾਵ ਆ ਚੁੱਕੇ ਸੀ। ਮਿਸਾਲ ਦੇ ਤੋਰ ਤੇ ਔਰੰਗਜ਼ੇਬ ਦੇ ਰਾਜ ਕਾਲ ਤੋਂ ਕੁੱਝ ਸਮਾਂ ਪਹਿਲੇ ਪੰਜਾਹ ਤੋਂ ਵੱਧ ਹਿੰਦੁ ਗ੍ਰੰਥਾਂ ਦੇ ਅਨੁਵਾਦ ਦਾਰਾ ਸ਼ਿਕੋਹ ਨੇ ਆਪ ਕਰਵਾਏ ਸੀ ਅਤੇ ਦਿੱਲੀ ਵਿੱਚ ਕਸ਼ਮੀਰੀ ਗੇਟ ਕੋਲ ਇੱਕ ਲਾਇਬਰੇਰੀ ਦੀ ਸਥਾਪਨਾ ਕੀਤੀ ਸੀ ਜੋ ਅਜ ਵੀ ਮੋਜੂਦ ਹੈ। ਗੁਰੂ ਗੋਬਿਂਦ ਸਿੰਘ ਜੀ ਨੂੰ ਚੰਗਾ ਭਾਸ਼ਾਈ ਗਿਆਨ ਸੀ। ਉਨ੍ਹਾਂ ਨੇ ਬਚਪਨ ਵਿੱਚ ਹੀ ਸੰਸਕ੍ਰਿਤ, ਪਰਸ਼ੀਅਨ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਮਹਾਰਤ ਹਾਸਲ ਕੀਤੀ ਸੀ। ਜੇਕਰ ਪੰਜਾਬੀ ਦੀ ਗਲ ਕੇਵਲ ਬਾਣੀ ਪੜਨ ਤਕ ਹੀ ਰਹਣ ਦਿੱਤੀ ਜਾਵੇ ਤਾਂ ਇਨਾਂ ਤਾਂ ਜਰੂਰ ਮੰਨਣਾ ਪਵੇਗਾ ਕਿ ਗੁਰੂ ਜੀ ਲਈ ਸੰਸਕ੍ਰਿਤ, ਪਰਸ਼ੀਅਨ, ਅਤੇ ਹਿੰਦੀ ਭਾਸ਼ਾ ਗਿਆਨ ਪ੍ਰਾਪਤ ਕਰਨ ਦਾ ਮਕਸਦ ਕਿਥੇ ਕੋਈ ਨੋਕਰੀ ਪ੍ਰਾਪਤ ਕਰਨਾ ਨਹੀਂ ਸੀ ਬਲਕਿ ਦੂਜੇ ਧਾਰਮਕ ਅਤੇ ਸਮਾਜਕ ਸੋਮਿਆਂ ਪ੍ਰਤੀ ਭਰਪੂਰ ਜਾਣਕਾਰੀ ਪ੍ਰਾਪਤ ਕਰਨਾ ਸੀ ਤਾਂ ਕਿ ਉਸ ਜਾਨਕਾਰੀ ਦੀ ਵਰਤੋਂ ਪ੍ਰਚਾਰਧਾਰਾ ਨੂੰ ਹੋਰ ਮਜ਼ਬੂਤ ਅਤੇ ਪ੍ਰਮਾਣਿਕ ਢੰਗ ਨਾਲ ਕਰਨ ਲਈ ਕੀਤੀ ਜਾ ਸਕੇ।
ਉਦਾਹਰਣ ਲਈ ਇੱਕ ਸੁਚੇਤ ਪ੍ਰਚਾਰਕ ਅੰਤਰ-ਧਰਮ ਪੜਚੋਲ ਵਾਸਤੇ ਅਪਣੇ ਨਿਜੀ ਉਪਯੋਗ ਲਈ ਅਪਣੇ ਪਾਸ ਦੂਜੇ ਧਰਮਾਂ ਅਤੇ ਹੋਰ ਵਿਸ਼ੇਆਂ ਦਿਆਂ ਪੁਸਤਕਾਂ ਵੀ ਇਕੱਠੀਆਂ ਕਰ ਅਪਣੀ ਨਿਜੀ ਲਾਇਬਰੇਰੀ ਵਿੱਚ ਰੱਖਦਾ ਹੈ ਤਾਂ ਕਿ ਉਹ ਐਸੇ ਸਾਹਿਤ ਦੀ ਵਰਤੋਂ ਬਾ-ਤੋਰ ਪ੍ਰਮਾਣ
(References) ਵਰਤ ਸਕੇ। ਇਸ ਸੰਬਧ ਵਿੱਚ ਇੱਕ ਗਲ ਹੋਰ ਵਿਸ਼ੇਸ਼ ਰੂਪ ਵਿੱਚ ਧਿਆਨ ਦੇਂਣ ਯੋਗ ਹੈ ਕਿ ਜੇਕਰ ਕਿਸੇ ਵਰਗ ਨੂੰ ਸੰਸਕ੍ਰਿਤ ਦਾ ਗਿਆਨ ਨਾ ਹੋਵੇ ਤਾਂ ਉਸ ਵਰਗ ਵਿੱਚ ਪ੍ਰਚਾਰ ਕਰਨ ਵਾਲਾ ਅਪਣੇ ਪਾਸ ਕਿਸੇ ਸੰਸਕ੍ਰਿਤ ਦੀ ਪੁਰਾਤਨ ਰਚਨਾ ਦਾ ਟੀਕਾ ਪ੍ਰਾਪਤ ਕਰ ਅਪਣੇ ਪਾਸ ਰਖਣਾ ਪੰਸਦ ਕਰੇਗਾ ਤਾਂ ਕਿ ਲੋੜਿੰਦੇ ਪੱਖਾਂ ਦਾ ਹਵਾਲਾ ਦੇ ਕੇ ਗਲ ਸਪਸ਼ਟ ਕੀਤੀ ਜਾ ਸਕੇ। ਗੁਰੂ ਗੋਬਿਂਦ ਜੀ ਸਮੇਂ ਟੀਕੇ ਬਜ਼ਾਰਾਂ ਵਿੱਚ ਨਹੀਂ ਸੀ ਮਿਲਦੇ ਬਲਕਿ ਕਰਵਾ ਕੇ ਪਾਸ ਰਖੇ ਜਾਂਦੇ ਸੀ। ਇਸ ਗਲ ਦੀ ਭਰਪੂਰ ਸੰਭਾਵਨਾ ਹੈ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਅਪਣੀ ਵਰਤੋਂ ਲਈ ਸਮਕਾਲੀ ਸਾਹਿਤ ਨੂੰ ਪ੍ਰਾਪਤ ਕੀਤਾ ਅਤੇ ਪੜੀਆ ਸੀ। ਐਸਾ ਸਾਹਿਤ ਗੁਰੂ ਜੀ ਦੀ ਨਿਜੀ ਲਾਇਬਰੇਰੀ ਦਾ ਹਿੱਸਾ ਤਾਂ ਹੋ ਸਕਦਾ ਸੀ ਪਰ ਨਿਰਸੰਦੇਹ ਇਹ ਗੁਰੂ ਜੀ ਦਿਆਂ ਅਪਣੀਆਂ ਰਚਨਾਵਾਂ ਨਹੀਂ ਸਨ। ਅਗਰ ਅੱਜ ਕੋਈ ਸਿੱਖ ਪ੍ਰਚਾਰਕ ਜਾਂ ਜਿਗਿਆਸੂ ਕੁਰਾਣ, ਰਾਮਾਇਣ, ਮੰਨੁ-ਸਮ੍ਰਿਤੀ ਜਾਂ ਹੋਰ ਸਾਹਿਤ ਦੇ ਤਰਜੁਮੇ (Translations) ਅਪਣੇ ਪਾਸ ਰੱਖਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਉਹ ਇੱਕਤਰ ਕੀਤਾ ਸਾਹਿਤ ਉਸ ਜਿਗਿਆਸੂ ਜਾਂ ਪ੍ਰਚਾਰਕ ਦਾ ਅਪਣਾਂ ਲਿਖਿਆ ਮੰਨ ਲਿਆ ਜਾਵੇ ਜਾਂ ਉਹ ਉਸ ਸਾਹਿਤ ਨਾਲ ਸਹਿਮਤ ਮੰਨਿਆ ਜਾਵੇ। ਹਾਂ ਅਸੀਂ ਕੇਵਲ ਇਨਾਂ ਕਹਿ ਸਕਦੇ ਹਾਂ ਕਿ ‘ਇਹ ਕਿਤਾਬਾਂ ਦਾ ਸੰਗ੍ਰਹ (Collections) ਉਸ ਜਿਗਿਆਸੂ ਜਾਂ ਪ੍ਰਚਾਰਕ ਦਾ ਹੈ ਜਾਂ ਸੀ।
ਇਥੇ ਇੱਕ ਗਲ ਹੋਰ ਵਿਚਾਰ ਲਈਏ ਕਿ ਇੱਕ ਐਸੀ ਅਵਸਥਾ ਜਿਸ ਵਿੱਚ ਅਨੁਵਾਦ ਜਾਂ ਉਤਾਰੇ ਬਜ਼ਾਰਾਂ ਵਿੱਚ ਨਾ ਮਿਲਦੇ ਹੋਂਣ ਤਾਂ ਜੇ ਕਰ ਇੱਕ ਵਿੱਦਵਾਨ ਆਪ ਇੱਕ ਪੁਰਾਤਨ ਰਚਨਾ ਦਾ ਕਿਸੇ ਹੋਰ ਭਾਸ਼ਾ ਵਿੱਚ ਆਪ ਅਪਣੇ ਹੱਥੀ ਅਨੁਵਾਦ
(Translation) ਜਾਂ ਉਤਰਾ ਕਰ ਲੇਂਦਾ ਹੈ ਤਾਂ ਵੀ ਉਹ ਅਨੁਵਾਦ ਜਾਂ ਉਤਾਰਾ ਕੀਤੀ ਗਈ ਰਚਨਾ ਅਨੁਵਾਦਕ ਦੀ ਅਪਣੀ ਰਚਨਾ ਨਹੀਂ ਮੰਨੀ ਜਾਏਗੀ। ਉਹ ਕੇਵਲ ਉਸ ਰਚਨਾ ਦਾ ਅਨੁਵਾਦਕ ਹੀ ਕਿਹਾ ਜਾਏਗਾ।
ਵਚਿੱਤਰ ਨਾਟਕ ਦੇ ਪਿਛੇਕੜ ਵਿੱਚ ਜਾਂਣ ਵੇਲੇ ਉੱਪਰ ਦਿੱਤੇ ਨੁਕਤਿਆਂ ਨੂੰ ਜ਼ਹਿਨ ਵਿੱਚ ਰੱਖਣ ਦੀ ਲੋੜ ਹੈ। ਇਸ ਦੀ ਜਰੂਰਤ ਵਿਚਿੱਤਰ ਨਾਟਕ ਦੇ ਵਿਰੋਧੀਆਂ ਅਤੇ ਹਿਮਾਇਤਿਆਂ ਦੋਹਾਂ ਧਿਰਾਂ ਨੂੰ ਹੈ। ਗੁਰੂ ਗੋਬਿਂਦ ਸਿੰਘ ਜੀ ਵਰਗੇ ਰਹਿਬਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਸਮਰਥਨ ਵਿੱਚ ਅਪਣਾ ਸਭ ਕੁੱਝ ਲਗਾ ਦਿੱਤਾ ਸੀ ਇਸ ਲਈ ਇਸ ਗਲ ਦੀ ਪੁਰੀ ਸੰਭਾਵਨਾ ਬੜਦੀ ਨਜ਼ਰ ਆਉਂਦੀ ਹੈ ਕਿ ਉਸ ਵਿਚਾਰਧਾਰਾ ਦੇ ਸਮਰਥਨ ਵਿੱਚ ਉਨ੍ਹਾਂ ਨੇ ਕੁੱਝ ਨਾ ਕੁੱਝ ਤਾਂ ਜਰੂਰ ਕਿਹਾ ਅਤੇ ਲਿਖਿਆ ਹੀ ਹੋਣਾਂ ਹੈ। ਜ਼ਮੀਨੀ ਹਕੀਕਤ ਤੇ ਕੁੱਝ ਤਾਂ ਹੈ ਹੀ ਸੀ ਜਿਸ ਵਿੱਚ ਮਿਲਘੋਬੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਗਲ ਦੀ ਸੰਭਾਵਨਾ ਘਟ ਹੈ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਅਪਣੇ 34 ਸਾਲਾ ਕਾਰਜ ਕਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਪ੍ਰੋੜਤਾ ਤੇ ਪ੍ਰਚਾਰ ਲਈ ਅਪਣੇ ਪਾਸੋਂ ਸਿੱਖਾਂ ਨੂੰ ਕੋਈ ਲਿਖਤੀ ਦਿਸ਼ਾ ਨਿਰਦੇਸ਼ (ਚਾਹੇ ਉਹ ਕਵਿਤਾ, ਛੰਦ ਜਾਂ ਸ਼ਬਦ ਰੂਪ ਵਿੱਚ ਹੀ ਕਿੳਂ ਨਾ ਹੋਵੇ) ਦਿੱਤਾ ਹੀ ਨਾ ਹੋਵੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਤੀ ਕੋਈ ਗਲ ਲਿਖੀ ਹੀ ਨਾ ਹੋਵੇ।
ਅਸੀਂ ਦੇਖਦੇ ਹਾਂ ਕਿ ਬਾਣੀ ਦੀ ਵਿਆਖਿਆ ਦੀ ਲੋੜ ਹੈ। ਇਸ ਮਕਸਦ ਲਈ ਕਈ ਮੰਨੇ ਹੋਏ ਪ੍ਰਚਾਰਕ ਬਾਣੀ ਦੀ ਵਿਆਖਿਆ ਲੇਕਚਰਾਂ, ਕੈਸਟਾਂ, ਪੁਸਤਕਾਂ ਆਦਿ ਰਾਹੀਂ ਕਰਦੇ ਹਨ। ਪਰ ਕੁੱਝ ਵਿਚਾਰਕ ਇਹ ਗਲ ਨਹੀਂ ਸਵੀਕਾਰ ਕਰਨਾ ਚਾਹੁੰਦੇ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਵੀ ਬਾਣੀ ਦੇ ਪ੍ਰਚਾਰ ਅਤੇ ਰਹਬਰੀ ਦੇਂਣ ਲਈ ਕੁੱਝ ਤਾਂ ਕਲਮਬੱਧ ਕੀਤਾ ਹੋਂਣਾ ਹੈ। ਲੋੜ ਤਾਂ ਕੇਵਲ ਪਛਾਂਣ ਕਰਨ ਦੀ ਹੈ।
ਇਹ ਠੀਕ ਹੈ ਕਿ ਕੁੱਝ ਹੋਰ ਗੁਰੂਆਂ ਨੇ ਵੀ ਬਾਣੀ ਵਿੱਚ ਕੁੱਝ ਨਹੀ ਲਿਖਿਆਂ ਪਰ ਜੇਕਰ ਇਸੇ ਤਰਕ ਤੇ ਗੁਰੂ ਗੋਬਿਂਦ ਸਿੰਘ ਜੀ ਦੇ ਕਾਰਜਕਾਲ ਨੂੰ ਇੱਕ ਬਿਲਕੁਲ ਖ਼ਮੋਸੀ ਵਰਗੀ ਹਾਲਤ ਵਿੱਚ ਲਿਆ ਦਿੱਤਾ ਜਾਵੇ ਤਾਂ ਆਉਂਣ ਵਾਲੀ ਪੀੜਿਆਂ ਇਹ ਸਵਾਲ ਕਰ ਸਕਦੀਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗੁਰੂ ਗੋਬਿਂਦ ਸਿੰਘ ਜੀ ਦੀ ਕਹੀ ਜਾਂਦੀ ਕਿਸੇ ਵੀ ਗਲ ਨੂੰ ਕਿਉਂ ਮੰਨਿਆਂ ਜਾਵੇ? ਸਾਡੇ ਮੋਜੂਦਾ ਕੋਮੀ ਪ੍ਰਬੰਧ ਅਤੇ ਪਛਾਂਣ ਵਿੱਚ ਗੁਰੂ ਗੋਬਿਂਦ ਸਿੰਘ ਜੀ ਦੇ ਸਪਸ਼ਟ ਦਿਸ਼ਾ ਨਿਰਦੇਸ਼ਾਂ ਦੀ ਸਪਸ਼ਟ ਝਲਕ ਹੈ ਅਤੇ ਇਸ ਦੀ ਅਤਿਅੰਤ ਲੋੜ ਹੈ। ਵਰਤਮਾਨ ਵਿੱਚ ਗੁਰੂ ਗੋਬਿਂਦ ਸਿੰਘ ਜੀ ਦਿਆਂ ਲਿਖਤਾਂ ਨੂੰ ਸਿਰੇ ਤੋਂ ਹੀ ਨਫ਼ੀ ਕਰਕੇ ਭਵਿੱਖ ਵਿੱਚ ਐਸੇ ਸਵਾਲਾਂ ਦਾ ਜਵਾਬ ਕਿਥੇਂ ਆਵੇਗਾ?
ਜਿਥੋਂ ਤਕ ਵਿੱਚਤਰ ਨਾਟਕ ਦਾ ਸਬੰਧ ਹੈ ਤਾਂ ਉਪਰ ਵਿਚਾਰੇ ਨੁਕਤਿਆਂ ਦੇ ਮੱਧੇ ਨਜ਼ਰ ਇਸ ਨੂੰ ਲੇ ਕੇ ਹੋਠ ਲਿਖਿਆਂ ਸੰਭਾਵਨਾਵਾਂ ਬੜਦੀਆਂ ਨਜ਼ਰ ਆਉਂਦਿਆਂ ਹਨ:-
1) ਗੁਰੂ ਗੋਬਿਂਦ ਸਿੰਘ ਜੀ ਨੇ ਆਪ ਕੋਈ ਵਿਚੱਤਰ ਨਾਟਕ ਵਰਗਾ ਗ੍ਰੰਥ ਨਹੀਂ ਸੀ ਲਿਖਿਆ। ਅਤੇ ਜੇ ਕਰ ਕੁੱਝ ਥੋੜਾ ਲਿਖਿਆ ਤਾਂ ਵੀ ਉਸਨੂੰ ਬਾਣੀ ਦੇ ਬਰਾਬਰ ਨਹੀ ਰਖਿਆ।
2) ਇਸ ਸਾਹਿਤ ਦਾ ਵੱਡਾ ਭਾਗ ਗੁਰੂ ਗੋਬਿਂਦ ਸਿੰਘ ਜੀ ਦਾ ਅਪਣਾਂ ਲਿਖਿਆ ਨਹੀਂ ਸੀ ਬਲਕਿ ਇਹ ਸਾਹਿਤ ਵੱਖੋ-ਵੱਖ ਰੂਪ ਵਿੱਚ ਉਨ੍ਹਾਂ ਦੀ ਨਿਜੀ ਪੁਸਤਕ ਸੰਗ੍ਰਹ ਦਾ ਹਿੱਸਾ ਸੀ ਜੋ ਬਾ-ਤੋਰ ‘ਹਵਾਲਾ ਸਾਹਿਤ‘
( collections of literature for use of reference) ਗੁਰੂ ਜੀ ਪਾਸ ਮੁੌਜੂਦ ਸੀ। ਇਸ ਗਲ ਦੀ ਭਰਪੂਰ ਸੰਭਾਵਨਾ ਹੈ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਅਪਣੀ ਨਿਜੀ ਵਰਤੋਂ ਲਈ ਸਮਕਾਲੀ ਸਾਹਿਤ ਨੂੰ ਪ੍ਰਾਪਤ ਕੀਤਾ ਸੀ। ਐਸਾ ਸਾਹਿਤ ਗੁਰੂ ਜੀ ਦੀ ਨਿਜੀ ਲਾਇਬਰੇਰੀ ਦਾ ਹਿੱਸਾ ਤਾਂ ਹੋ ਸਕਦਾ ਸੀ ਪਰ ਨਿਰਸੰਦੇਹ ਇਹ ਗੁਰੂ ਜੀ ਦਿਆਂ ਅਪਣੀਆਂ ਰਚਨਾਵਾਂ ਨਹੀਂ ਸਨ।
3) ਗੁਰੂ ਜੀ ਦੇ ਇਸ ਕੁਲ ਨਿਜੀ ਪੁਸਤਕ ਸੰਗ੍ਰਹ ਵਿੱਚ ਕੁੱਝ ਰਚਨਾਵਾਂ ਐਸੀਆਂ ਵੀ ਸਨ ਜੋ ਗੁਰੂ ਗੋਬਿਂਦ ਸਿੰਘ ਜੀ ਨੇ ਆਪ ਲਿਖਿਆਂ ਅਤੇ ਲਿਖਵਾਈਆਂ ਵੀ ਸਨ। ਇਹ ਰਚਨਾਵਾਂ ਕੇਵਲ ਗੁਰਬਾਣੀ ਦੇ ਸੰਧਰਭ ਵਿੱਚ ਗੁਰੂ ਗੋਬਿਂਦ ਸਿੰਘ ਜੀ ਦੇ ਦਿਸ਼ਾ ਨਿਰਦੇਸ਼
(Directive Principles) ਜਾਂ ਟਿੱਪਣੀਆਂ (Comenteries) ਸਨ। ਇਸ ਵਿੱਚ ਗੁਰੂ ਸਾਹਿਬ ਦੇ ਲਿਖੇ ਕੁੱਝ ਹੋਰ ਕਾਗ਼ਜਾਤ ਵੀ ਸਨ ਜਿਵੇਂ ਕਿ ਔਰੰਗਜ਼ੇਬ ਨੂੰ ਲਿਖਿਆ ਪੱਤਰ ‘ਜ਼ਫ਼ਰਨਾਮਾ‘।
(ਗੁਰੂ ਗੋਬਿਂਦ ਸਿੰਘ ਜੀ ਦੀ ਕਹੀ ਜਾਣ ਵਾਲੀ ਹਰ ਲਿਖਿਤ ਨੂੰ ਰੱਦ ਕਰਦੀ ਇੱਕ ਕਿਤਾਬ ਦੀ ਨਜ਼ਰਸਾਨੀ ਕਰਦਿਆਂ ਦਾਸ ਨੂੰ ਪਤਾ ਚਲਿਆ ਕਿ ਉਸ ਪੁਸਤਕ ਦੇ ਲੇਖਕ ਜੀ ਨੇ ਜ਼ਫ਼ਰਨਾਮੇ ਨੂੰ ਕੇਵਲ ਇਸ ਅਧਾਰ ਤੇ ਗੁਰੂ ਗੋਬਿਂਦ ਸਿੰਘ ਜੀ ਦਾ ਲਿਖਿਤ ਮੰਨਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਉਸ ਦੇ ਤਿੰਨ-ਚਾਰ ਸ਼ੇਅਰਾਂ ਵਿੱਚ ਔਰੰਗਜ਼ੇਬ ਦੀ ਪ੍ਰਸ਼ੰਸਾ ਦੇ ਸ਼ਬਦ ਹਨ। ਲੇਖਕ ਜੀ ਨੇ ਇਸ ਤੱਥ ਤੇ ਵਿਚਾਰ ਨਹੀ ਸੀ ਕੀਤਾ ਲਗਦਾ ਕਿ ਜ਼ਫ਼ਰਨਾਮਾ ਗੁਰੂ ਗੋਬਿਂਦ ਸਿੰਘ ਜੀ ਪਾਸਿਯੋਂ ਔਰੰਗਜ਼ੇਬ ਦੇ ਕਿਰਦਾਰ ਤੇ ਕੀਤਾ ਇੱਕ ਪ੍ਰਕਾਰ ਦਾ ਫੈਸਲਾ ਵੀ ਸੀ ਜਿਸ ਵਿੱਚ ਔਰੰਗਜ਼ੇਬ ਦੀ ਕਾਬਲਿਯਤ ਦੇ ਅਧਾਰਾਂ ਨੂੰ ਲੇ ਕੇ ਉਸ ਤੇ ਗੁਰੂ ਸਾਹਿਬ ਨੇ ਤਨਜ਼ ਕੱਸਦਿਆਂ ਹੋਏ ਉਸਦੀ ਤਾਣਨਾ ਕੀਤੀ ਸੀ। ਇਸ ਵਿੱਚ ਸ਼ਕ ਨਹੀਂ ਕਿ ਔਰੰਗਜ਼ੇਬ ਇੱਕ ਚੰਗਾ ਸਿਪਾਹੀ ਵੀ ਸੀ ਅਤੇ ਘੁੜਸਵਾਰ ਵੀ। ਉਹ ਇੱਕ ਵੱਡਾ ਕਹਾਉਂਣ ਵਾਲਾ ਬਾਦਸ਼ਾਹ ਵੀ ਸੀ। ਪਰ ਜ਼ਫ਼ਰਨਾਮਾ ਪੁਰਾ ਪੜੀਆਂ ਹੀ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦਾ ਔਰੰਗਜ਼ੇਬ ਨੂੰ ਕਹਿਣਾ ਕੀ ਸੀ।)
4) ਗੁਰੂ ਸਾਹਿਬ ਜੀ ਦੇ ਅਕਾਲ ਚਲਾਣੇ ਉਪਰੰਤ, ਕਾਲਾੰਤਰ ਗੁਰੂ ਜੀ ਦੇ ਨਿਜੀ ਪੁਸਤਕ ਸੰਗ੍ਰਹ ਵਿੱਚ ਮੋਜੂਦ ਰਚਨਾਵਾਂ ਨੂੰ ਇੱਕਠਾ ਕਰ ਦਿੱਤਾ ਗਿਆ ਅਤੇ ਗੁਰੂ ਸਾਹਿਬਾਨ ਜੀ ਦੇ ਲਿਖੇ ਗ੍ਰੰਥ ਦਾ ਨਾਮ ਦੇ ਦਿੱਤਾ ਗਿਆ। ਇਹ ਸਚਮੁਚ ਇੱਕ ‘ਅਜੀਬ ਡਰਮਾ‘ ਹੀ ਹੋਇਆ। ਇੱਕ ਕਲਪਿਤ ਵਚਿੱਤਰ ਨਾਟਕ। ਜਿਸ ਵਿੱਚ ਕਿਸੇ ਹੋਰ ਦੀ ਲਿਖਿਆਂ ਰਚਨਾਵਾਂ ਨੂੰ ਕਿਸੇ ਹੋਰ ਦਾ ਬਣਾ ਦਿੱਤਾ ਗਿਆ। ਅਤੇ ਫਿਰ ਜੋੜ-ਤੋੜ ਵੀ ਹੋਇਆ। ਇਥੇ ਸਾਨੂੰ ਭਾਈ ਮਨੀ ਸਿੰਘ ਜੀ ਦੀ ਉਹ ਚਿੱਠੀ ਵਿਚਾਰਣ ਦੀ ਲੋੜ ਹੈ ਜਿਸਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਚਿੱਠੀ ਦੇ ਨਾਲ ਭਾਈ ਸਾਹਿਬ ਨੇ ਮਾਤਾ ਸੁੰਦਰੀ ਜੀ ਨੂੰ ਗੁਰੂ ਗੋਬਿਂਦ ਸਿੰਘ ਜੀ ਦਿਆਂ ਪੁਸਤਕਾਂ ਭੇਜੀਆਂ ਸਨ। ਯਾਦ ਰਹੇ ਕਿ ਉਸ ਚਿੱਠੀ ਵਿੱਚ ਤ੍ਰਿਆ-ਚਰਿੱਤਰ ਦੇ ਸੰਧਰਭ ਵਿੱਚ ਭਾਈ ਸਾਹਿਬ ਨੇ ‘ਸਾਹਿਬ ਦੇ‘ ਲਿਖਿਆ ਹੋਇਆ ਹੈ ਨਾ ਕਿ ‘ਸਾਹਿਬ ਜੀ ਦੇ ਲਿਖੇ‘। ਲੇਕਿਨ ਬਾਦ ਵਿੱਚ ਇਸ ਚਿੱਠੀ ਦੇ ਭੂਲੇਖੇ ‘ਸਾਹਿਬ ਦੇ‘ ਸ਼ਬਦ ਦਾ ਅਰਥ ‘ਸਾਹਿਬ ਜੀ ਦੇ ਲਿਖੇ‘ ਮੰਨ ਕੇ ਇਸ ਪੁਸਤਕ ਸੰਗ੍ਰਹ ਨੂੰ ਸਮੁੱਚੇ ਤੋਰ ਤੇ ਗੁਰੂ ਗੋਬਿਂਦ ਸਿੰਘ ਜੀ ਰਚਿਤ ਮੰਨਣ ਦਾ ਵੱਡਾ ਭੂਲੇਖਾ ਖੜਾ ਕਰ ਲਿਆ ਗਿਆ। ਜੇਕਰ ਚਿੱਠੀ ਦੇ ਵਿਰੋਧ ਦੇ ਬਜਾਏ ਉਸ ਵਿੱਚ ਲਿਖੇ ਸ਼ਬਦ ‘ਸਾਹਿਬ ਦੇ‘ ਦੇ ਭਾਵ ਨੂੰ ਮੂਲ ਭਾਵ ਨਾਲ ਸਮਝਿਆ ਜਾਵੇ ਤਾਂ ਗੂੰਝਲ ਸੁਲੱਝਦਾ ਪ੍ਰਤੀਤ ਹੁੰਦਾ ਹੈ।
5) ਮੰਨ ਲਈਏ ਕਿ ਕਿਸੇ ਲੇਖਕ ਦੇ ਪਾਸ ਨਿਜੀ ਉਸਦੀ ਲਾਈਬਰੇਰੀ 500 ਕਿਤਾਬ ਹੋਵੇ ਤਾਂ ਉਹ ਕਿਤਾਬਾਂ ਬਾ-ਤੋਰ-ਏ ਮਲਕੀਯਤ ਉਸ ਵਿਯਕਤੀ ਦਿਆਂ ਕਹੀਆਂ ਜਾਂਣਗੀਆਂ ਪਰ ‘ਮਲਕੀਯਤ‘ ਕਹਿਣ ਦਾ ਮਤਲਬ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਉਹ ਸਾਰੀਆਂ ਕਿਤਾਬਾਂ ਉਸ ਲੇਖਕ ਦੀਆਂ ਹੀ ਲਿਖਿਆਂ ਹੋਈਆਂ ਹਨ। ਇਸਦੇ ਨਾਲ ਹੀ ਜੇਕਰ ਉਸ ਲੇਖਕ ਨੇ ਕੁੱਝ ਕਿਤਾਬਾਂ ਦਾ ਅਨੁਵਾਦ ਜਾਂ ਉਤਾਰਾ ਆਪ ਅਪਣੀ ਹੱਥੀ ਵੀ ਕਿਉਂ ਨਾ ਕੀਤਾ ਹੋਵੇ ਤਾਂ ਵੀ ਉਹ ਐਸੀਆਂ ਕਿਤਾਬਾਂ ਦਾ ਮੂਲ ਲੇਖਕ ਨਹੀਂ ਮੰਨਿਆਂ ਜਾਵੇਗਾ। ਇਸ ਸੰਧਰਭ ਵਿੱਚ ਉਹ ਕੇਵਲ ਇੱਕ ਅਨੁਵਾਦਕ ਜਾਂ ਉਤਾਰਾ ਕਰਨ ਵਾਲਾ ਕਹਿਆ ਜਾਵੇਗਾ। ਇਸ ਗਲ ਤੇ ਵੀ ਡੂੰਘੇ ਵਿਚਾਰ ਦੀ ਲੋੜ ਹੈ।
ਹੁਣ ਇੱਕ ਐਸੀ ਅਵਸਥਾ ਕਿ ਜਿਸ ਵੇਲੇ ਸਿੱਖ ਪਰੰਪਰਾ ਵਿੱਚ ਅਸੀਂ ਗੁਰੂ ਗੋਬਿਂਦ ਸਿੰਘ ਜੀ ਦੇ ਵਿਚਾਰਾਂ ਦੀ ਗਲ ਹਰ ਵੇਲੇ ਕਰਦੇ ਹਾਂ ਤਾਂ ਸਾਡੇ ਪਾਸ ਉਨ੍ਹਾਂ ਦੇ ਵਿਚਾਰਾਂ ਦਾ ਕੁੱਝ ਤਾਂ ਅਧਾਰ ਹੋਣਾਂ ਹੀ ਚਾਹੀਦਾ ਹੈ। ਅਸੀਂ ਗੁਰੂ ਗੋਬਿਂਦ ਸਿੰਘ ਜੀ ਨੂੰ ਇੱਕ ਖ਼ਾਮੋਸ਼ ਹਾਲਤ ਵਿੱਚ ਤਾਂ ਖੜਾ ਕਰਨ ਦੀ ਕੋਤਾਹੀ ਨਹੀਂ ਕਰ ਸਕਦੇ ਉਹ ਵੀ ਇੱਕ ਐਸੀ ਅਵਸਥਾ ਵਿੱਚ ਕਿ ਜਿਸ ਵੇਲੇ ਸਿੱਖ ਅਪਣੇ ਜੀਵਨ ਵਿੱਚ ਇੱਕ ਵਿਸ਼ੇਸ਼ ਪੇਹਰਾਵੇ ਅਤੇ ਮਰਿਆਦਾ ਦਾ ਪਾਲਣ ਕਰਦੇ ਹੋਏ ਉਸ ਨੂੰ ਗੁਰੂ ਗੋਬਿਂਦ ਸਿੰਘ ਜੀ ਦੇ ਨਿਰਦੇਸ਼ਾਂ ਨਾਲ ਜੋੜ ਕੇ ਦੇਖਦੇ ਹੋਣ। ਹੈਰਾਨਗੀ ਦੀ ਗਲ ਹੈ ਕਿ ਸਾਡੇ ਵਿਚੋਂ ਕੁੱਝ ਵਿਦਵਾਨ ਗੁਰੂ ਗੋਬਿਂਦ ਸਿੰਘ ਜੀ ਨੂੰ ਬਹੁਤ ਕੂਝ ਕਹਿੰਦੇ ਤਾਂ ਦਰਸਾਉਂਦੇ ਹਨ ਪਰ ਉਹ ਉਸੇ ਗੁਰੂ ਨੂੰ ਕੁੱਝ ਵੀ ਲਿਖਦੇ ਹੋਏ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ। ਇਸ ਤੇ ਵਿਚਾਰ ਦੀ ਲੋੜ ਹੈ।
ਬੇਸ਼ਕ ਸਾਨੂੰ ਸਿੱਖ ਜੀਵਨ ਸ਼ੈਲੀ ਵਿੱਚ ਗੁਰੂ ਗੋਬਿਂਦ ਸਿੰਘ ਜੀ ਦੇ ਨਿਰਦੇਸ਼ਾ ਅਤੇ ਟਿੱਪਣੀਆਂ ਦੇ ਮਹੱਤਵ ਦੇ ਕੁੱਝ ਸਬੂਤਾਂ ਨੂੰ ਤਾਂ ਮੰਨਣਾ ਪਵੇਗਾ। ਇਹ ਗਲ ਬਾਕਿ ਉਨ੍ਹਾਂ ਗੁਰੂਆਂ ਦੇ ਸੰਧਰਭ ਤੋਂ ਕੁੱਝ ਹਟ ਕੇ ਹੈ ਜਿਨ੍ਹਾਂ ਨੇ ਬਾਣੀ ਵਿੱਚ ਕੋਈ ਸ਼ਬਦ ਨਹੀਂ ਲਿਖਿਆ। ਫਿਰ ਇੱਕ ਐਸੀ ਅਵਸਥਾ ਜਿਸ ਵਿੱਚ ਕੋਮ ਇੱਕ ਵੱਡੇ ਪੱਧਰ ਤੇ ਕਾਫੀ ਲੰਭੇ ਸਮੇਂ ਤੋਂ ਅਪਣੀ ਦਿਨਚਰਿਆ ਵਿੱਚ ਕੋਮੀ ਫੈਸਲਿਆਂ ਦਾ ਪਾਲਨ ਕਰਦੇ ਹੋਏ ਕੁੱਝ ਵਿਸ਼ੇਸ਼ ਬਾਣੀਆਂ ਪੜਦੀ-ਸੁਣਦੀ ਆ ਰਹੀ ਹੋਵੇ ਤਾਂ ਇਸ ਪ੍ਰਤੀ ਨਿਰਨਾ ਸੋਚ ਵਿਚਾਰ ਕੇ ਕਿਸੇ ਸੁਚੱਜੇ ਢੰਗ ਨਾਲ ਹੀ ਹੋਣਾਂ ਚਾਹੀਦਾ ਹੈ ਤਾਂ ਕਿ ਸੱਚ ਦੀ ਪਛਾਂਣ ਕਰਦੇ ਹੋਏ ਕੁੜ-ਕਬਾੜ ਦੇ ਹਵਾਲਿਆਂ ਨੂੰ ਵੱਖਰਾ ਕੀਤਾ ਜਾ ਸਕੇ। ਇਸ ਲਈ ਸਮੇਂ ਦੀ ਲੋੜ ਹੈ ਤਾਂ ਕਿ ਸੋਚ ਵਿਚਾਰ ਹੋ ਸਕੇ।
ਬਾਕਿ ਕੁੱਝ ਲਏ ਜਾ ਚੁੱਕੇ ਨਿਰਨੇ ਐਸੇ ਵੀ ਹਨ ਜਿਨਾਂ ਪ੍ਰਤੀ ਬਿਨਾ ਸ਼ਕ ਅਸੀਂ ਸਪਸ਼ਟ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ ਅਤੇ ਕੋਈ ਵੀ ਹੋਰ ਪੁਸਤਕ ਜਾਂ ਲਿਖਤ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਿਲ ਨਹੀਂ ਰੱਖੀ ਜਾ ਸਕਦੀ। ਇੱਕਾ-ਦੁੱਕਾ ਪੁਰਾਣੇ ਅਪਵਾਦ ਛੱਡ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੈ।
ਗੁਰੂ ਗੋਬਿਂਦ ਸਿੰਘ ਜੀ ਦਿਆਂ ਲਿਖਤਾਂ ਬਾਰੇ ਵਿਚਾਰ ਕਰਣ ਲਈ ਸਮਰਥਨ ਜਾਂ ਵਿਰੋਧ ਕਰਨ ਵਾਲੇ ਸਬੰਧਿਤ ਪੱਖਾਂ ਨੂੰ ਇਨ੍ਹਾਂ ਨੁਕਤਿਆਂ ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਬਾਬਤ ਕੁੱਝ ਹੋਰ ਮਸਲਿਆਂ ਤੇ ਸੋਚ ਵਿਚਾਰ ਦੀ ਲੋੜ ਹੈ ਜਿਸਦਾ ਢੰਗ ਸੰਜੀਦਾ ਜਿੰਮੇਵਾਰੀ ਦਾ ਭਾਵ ਅਤੇ ਸੁਚੱਜਾ ਸੰਵਾਦ ਹੈ। ਇਸ ਨੂੰ ਸਮਾਂ ਵੀ ਲਗ ਸਕਦਾ ਹੈ। ਆਪਸੀ ਮਸਲੇ ਹਲ ਕਰਨ ਲਈ ਆਪਸੀ ਸਮਝ ਦੀ ਲੋੜ ਹੁੰਦੀ ਹੈ ਅਤੇ ਆਪਸੀ ਸਮਝ ਲਈ ਇੱਕ ਦੂਜੇ ਪ੍ਰਤੀ ਸਦਭਾਵਨਾ ਦੇ ਮਾਹੋਲ ਨੂੰ ਸਿਰਜਨਾ ਜਰੂਰੀ ਹੈ। ਪਹਿਲੇ ਇਸ ਲਈ ਕੁੱਝ ਪਰਹੇਜ਼ ਜਰੂਰੀ ਹਨ।
ਹਰਦੇਵ ਸਿੰਘ, ਜੰਮੂ




.