ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਅੱਜ ਦੇ ਸੰਦਰਭ ਵਿਚ
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ
ਹੋਈ, ਤਤੀਆਂ ਤਵੀਆਂ, ਤੱਤੀਆਂ ਰੇਤਾ, ਸੜਦਾ ਸਰੀਰ, ਢਲ-ਢਲ ਡਿੱਗਦੀ ਚਰਬੀ, ਕੇਵਲ ਰਹਿ ਗਿਆ ਪਿੰਜਰ!
ਇਹ ਬੜਾ ਭਿਆਨਕ ਦ੍ਰਿਸ਼ ਸੀ ਜਿਹੜਾ ਨਾ ਲਫਜਾਂ ਵਿੱਚ ਕੈਦ ਹੋ ਸਕਦਾ ਨਾ ਚਿਤ੍ਰਕਾਰ ਦੇ ਬੁਰਸ਼ਾਂ ਵਿਚ।
ਬੁਰਸ ਤਾਂ ਉਸ ਸ਼ਹਾਦਤ ਨੂੰ ਹੋਰ ਵੀ ਹਾਸੋਹੀਣਾ ਕਰ ਦਿੰਦੇ ਹਨ ਜਦ ਉਹ ਤੱਤੀ ਤਵੀ ਤੇ ਗੁਰੂ ਨੂੰ ਇੰਝ
ਬੈਠਾ ਦਰਸਾ ਰਹੇ ਹੁੰਦੇ ਹਨ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਚੰਦੂ ਜਿਵੇਂ ਸੁਆਗਤ ਵਿੱਚ ਖੜਾ
ਹੋਵੇ। ਹੋਰਨਾ ਕਈ ਇੰਝ ਦੀਆਂ ਭਾਵਨਾਵਾਂ ਵਾਂਗ ਸਾਡੀ ਇਹ ਵੀ ਭਾਵਨਾ ਹੈ ਕਿ ਅਸੀਂ ਸ਼ਬੀਲ ਲਾ ਲਈ,
ਗੁਰਦੁਆਰਿਆਂ ਵਿੱਚ ਪਾਠਾਂ ਦੇ ਭੋਗ ਪੈ ਗਏ, ਲੰਗਰ ਲੱਗ ਗਏ, ਗੋਲਕਾਂ ਵਿਚੋਂ ਪੈਸੇ ਖਰਚ ਕੇ ਪਹਿਲਾਂ
ਪ੍ਰੋਗਰਾਮਾ ਦੇ ਇਸ਼ਤਿਹਾਰ ਛੱਪ ਗਏ ਫੇਰ ਸੰਗਤਾਂ ਦੇ ਹੋਏ ਇਕੱਠ ਦੇ, ਪਰ ਕੀ ਗੱਲ ਨਿਬੜ ਗਈ?
ਹਰੇਕ ਸਾਲ ਉਹੀ ਕਹਾਣੀ, ਉਹੀ ਚੰਦੂ, ਉਸਦੀ ਕੁੜੀ ਦਾ ਸਾਕ, ਕੀਤੀ ਹੋਈ ਨਾਂਹ ਤੇ ਚੰਦੂ ਵਲੋਂ ਬਦਲਾ!
ਇਸ ਲਾਸਾਨੀ ਸ਼ਹਾਦਤ ਦੇ ਮੁਕਾਬਲੇ ਇਹ ਕਹਾਣੀ ਇੰਨੀ ਬੌਣੀ ਹੈ ਕਿ ਅਸਲੀਅਤ ਦੀ ਜਾਨ ਕੱਢ ਲੈਂਦੀ ਹੈ।
ਹਾਂ! ਇਹ ਇੱਕ ਛੋਟਾ ਜਿਹਾ ਕਾਰਨ ਤਾਂ ਕਿਹਾ ਜਾ ਸਕਦਾ ਪਰ ਬੇਸ ਨਹੀ। ਜਾਂ ਦੂਜਾ ਕਾਰਨ ਜਹਾਂਗੀਰ
ਵਲੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ! ਬਸ! ਗੱਲ ਖਤਮ? ਸਾਡੇ ਸੋਚਣ ਵਾਲੀ ਗੱਲ ਇਹ ਹੈ ਕਿ
ਜਹਾਂਗੀਰ ਨੂੰ ਗੁਰੂ ਕਿਉਂ ਰੜਕਦਾ ਸੀ? ਗੁਰੂ ਸਾਹਿਬ ਕੋਲੇ ਕੋਈ ਹਥਿਆਰ ਸਨ? ਕੋਈ ਫੌਜ ਸੀ? ਕੋਈ
ਬਗਾਵਤ ਖੜੀ ਹੋ ਗਈ ਸੀ? ਯਾਦ ਰਹੇ ਕਿ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸਭ ਤੋਂ
ਜਿਆਦਾ ਬਾਣੀ ਹੈ ਤੇ ਗੁਰੂ ਗਰੰਥ ਸਾਹਿਬ ਨੂੰ ਪੱਕੇ ਤੌਰ ਤੇ ਲਾਕਅੱਪ ਕਰਕੇ ਯਾਨੀ ਬੀੜ ਬੰਨਕੇ ਸਦਾ
ਲਈ ਲੁਕਾਈਂ ਨੂੰ ਗੁਰੂ ਦੇ ਸੱਚ ਦੇ ਸਨਮੁੱਖ ਕਰ ਦੇਣਾ ਉਦੋਂ ਦੇ ਪੰਡਤਾਂ, ਮੁਲਾਣਿਆਂ ਅਤੇ
ਰਾਜਨੀਤਕਾਂ ਲਈ ਸਭ ਤੋਂ ਵੱਡ੍ਹੀ ਚਣੌਤੀ ਸੀ। ਇਹ ਸੱਚ ਵਿਹਲੜਾਂ, ਜਾਬਰਾਂ, ਪਖੰਡੀਆਂ, ਭੇਖੀਆਂ ਤੇ
ਧਰਮ ਦੇ ਨਾਂ ਤੇ ਲੁੱਟਾਂ ਕਰਨ ਵਾਲਿਆਂ ਲਈ ਉਦੋਂ ਵੀ ਸਿਰਦਰਦੀ ਬਣਿਆਂ ਤੇ ਹੁਣ ਵੀ ਬਣ ਰਿਹਾ ਹੈ
ਜਿਹੜਾ ਹਰੇਕ ਭੇਖੀ, ਪਾਖੰਡੀ ਤੇ ਵਿਹਲੜ ਨੂੰ ਆੜੇ ਹੱਥੀਂ ਲੈਂਦਾ ਹੈ।
ਸੱਚ ਜਾਣਨਾ ਜੇ ਅੱਜ ਗੁਰੂ ਇਹੀ ਸੱਚ ਖੁਦ ਸਰੀਰਕ ਰੂਪ ਵਿੱਚ ਆ ਕੇ ਸਾਡੇ ਵਿੱਚ ਬੋਲੇ ਤਾਂ ਯਕੀਨ
ਜਾਣਿਉ ਜਿਆਦਾ ਸ਼ਬੀਲਾਂ ਲਾਉਂਣ ਵਾਲੇ ਸਾਡੇ ਅਪਣੇ ਹੀ ਡੇਰੇਦਾਰਾਂ ਗੁਰੂ ਨੂੰ ਸਭ ਤੋਂ ਪਹਿਲਾਂ ਤੱਤੀ
ਲੋਹ ਤੇ ਬੈਠਾਉਂਣਾ ਹੈ। ਗੁਰੂ ਅੱਜ ਜੇ ਉਹੀ ਕੁੱਝ ਬੋਲ ਪਵੇ ਜੋ ਉਸ ਗੁਰੂ ਗਰੰਥ ਸਾਹਿਬ ਵਿੱਚ
ਲਿਖਿਆ ਹੈ ਤਾਂ ਸਾਡੇ ਗੁਰਦੁਆਰਿਆਂ ਦੇ ‘ਧਾਰਮਿਕ’ ਚੌਧਰੀ ਸਭ ਤੋਂ ਅੱਗੇ ਹੋਣਗੇ ਰੇਤ ਦੇ ਕੜਛੇ ਲੈ
ਕੇ। ਜਿਹੜੇ ਕਬਜਿਆਂ ਖਾਤਰ ਗੁਰਦੁਆਰਿਆਂ ਉਪਰ ਬੁਲਡੋਜਰ ਫੇਰਨ ਦੀਆਂ ਗੱਲਾਂ ਕਰ ਸਕਦੇ ਉਹ ਗੁਰੂ ਨੂੰ
ਤੱਤੀ ਲੋਹ ਤੇ ਕਿਉਂ ਨਹੀ ਬੈਠਾ ਸਕਦੇ! ਇਹੀ ਕਾਰਨ ਹੈ ਕਿ ਗੁਰੂ ਦੇ ਮਹਾਨ ਸੱਚ ਨੂੰ ਮਹਿੰਗਿਆਂ ਤੇ
ਗੋਟਿਆਂ ਵਾਲੇ ਰੁਮਾਲਿਆਂ ਜਾਂ ਡੇਰੇਦਾਰਾਂ ਸੇਵਾ ਦੇ ਨਾਂ ਤੇ ਮੱਖਮਲੀ ਰਜਾਈਆਂ ਵਿੱਚ ਲੁਕਾ ਦਿੱਤਾ
ਹੈ। ਅਖੰਡ ਪਾਠਾਂ ਦੀਆਂ ਕੋਤਰੀਆਂ ਜਾਂ ਸੰਪਟ ਜਾਂ ਮਹਾਂਸੰਪਟ ਪਾਠਾਂ ਵਿੱਚ ਇਸ ਨੂੰ ਢੱਕ ਦਿੱਤਾ ਹੈ
ਨਹੀ ਤਾਂ ਇਹ ਕਦੇ ਵੀ ਏਸ ਸੱਚ ਨੂੰ ਅਪਣੇ ਡੇਰਿਆਂ ਵਿੱਚ ਨਾ ਰੱਖਦੇ! ਦਾਨਸ਼ਮੰਦਾਂ ਦਾ ਕਿਹਾ ਸੱਚ ਹੈ
ਕਿ ਜਿਸ ਪੈਗਬੰਰ ਦੀ ਸੋਚ ਨੂੰ ਖਤਮ ਕਰਨਾ ਹੋਵੇ ਉਸਦੀ ਪੂਜਾ ਕਰਨ ਲਾ ਦਿਉ। ਗੁਰੂ ਗਰੰਥ ਸਾਹਿਬ ਨਾਲ
ਵੀ ਇਹੀ ਕੁੱਝ ਹੋ ਰਿਹਾ ਹੈ। ਟੱਲੀਆਂ ਖੜਕਾਉਂਣੀਆਂ, ਭੋਗ ਲਵਾਉਂਣੇ, ਮੱਖਮਲੀ ਰਜਾਈਆਂ ਦੇਣੀਆਂ,
ਜੋਤਾਂ ਜਾਗਾਉਂਣੀਆਂ, ਕੁੰਭਾਂ ਨਾਰੀਅਲਾਂ ਦੇ ਪਖੰਡ ਰੱਚਣੇ ਕਿੰਨੇ ਸੌਖੇ ਹਨ ਪਰ ਗੁਰੂ ਦੇ ਕਹੇ ਹੋਏ
ਸੱਚ ਨੂੰ ਕਮਾੳਂਣਾ ਕਿੰਨਾ ਕਠਨ ਹੈ। ਗੁਰੂ ਕਹਿੰਦਾ, “ਬੋਲ ਵੇ ਧਰਮੜੀਆ ਮੋਨ ਕਤ ਧਾਰੀ ਰਾਮ॥ ਪਰ
ਪੰਜਾਬ ਦਾ ਘਾਣ ਹੁੰਦਾ ਦੇਖ ਪੁਜਾਰੀ ਜਾਂ ਮੱਖਮਲੀ ਰਜਾਈਆਂ ਦੇਣ ਵਾਲਾ ਡੇਰੇਦਾਰ ਕਹਿੰਦਾ ਨਹੀ ਜੀ!
ਇਹ ਤਾਂ ਰਾਜਨੀਤੀ ਹੈ ਸਾਡਾ ਇਸ ਨਾਲ ਕੋਈ ਸਬੰਧ ਨਹੀ. . ? ਪੰਜਾਬ ਨੇ ਛੇਵਾਂ ਦਰਿਆ ਲਹੂ ਦਾ ਪਾਰ
ਕੀਤਾ ਪਰ ਗੁਰੂ ਗਰੰਥ ਸਾਹਿਬ ਨੂੰ ਏਅਰਕੰਡੀਸ਼ਨਾਂ ਵਿੱਚ ਰੱਖਣ ਵਾਲੇ ਡੇਰੇਦਾਰਾਂ ਜੁਬਾਨ ਤੱਕ ਨਹੀ
ਖ੍ਹੋਲੀ! ਪੰਜਾਬ ਦੀ ਜਵਾਨੀ ਦੀਆਂ ਲਾਸ਼ਾਂ ਦਾ ਭਾਰ ਸਾਡੇ ਬੁੱਢੇ ਬਾਪੂਆਂ ਇਕੱਲ਼ਿਆਂ ਹੀ ਅਪਣੇ
ਮੋਢਿਆਂ ਤੇ ਢੋਹਿਆ ਪਰ ਕਿਸੇ ਸਾਧ ਸੰਤ ਤੇ ਮੋਢਾ ਤੱਕ ਨਹੀ ਦਿੱਤਾ! ਅਸੀਂ ਇਕੱਲਿਆਂ ਹੀ ਸਿਵਿਆਂ ਦੀ
ਅੱਗ ਸੇਕੀ ਪਰ ਕੋਈ ਡੇਰੇਦਾਰ ਸ਼ਬੀਲ ਦਾ ਠੰਡਾ ਪਾਣੀ ਲੈ ਕੇ ਸਾਡੇ ਤੱਕ ਨਹੀ ਪਹੁੰਚਿਆ! ਮਾਵਾਂ
ਸਾਡੀਆਂ ਦੇ ਪੱਟ ਨੀਲੇ ਹੋ ਗਏ ਦੁਹਥੱੜਾਂ ਮਾਰ-ਮਾਰ ਪਰ ਗੁਰੂ ਗਰੰਥ ਸਾਹਿਬ ਦੇ ਵੱਡੇ ‘ਸੇਵਾਦਾਰ’
ਸਭ ਬਾਬੇ ਕੱਬਰਾਂ ਵਿੱਚ ਜਾ ਸੁੱਤੇ! ਯਕੀਨਨ ਜੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਅੱਜ ਹੋਵੇ ਤਾਂ ਇਹ
ਅੱਜ ਵੀ ਇਸ ਨੂੰ ਰਾਜਨੀਤੀ ਕਹਿਕੇ ਚੁੱਪਾਂ ਵੱਟ ਜਾਣ! ਬਾਬਰ ਦਾ ਜੁੱਲਮ ਦੇਖ ਬਾਬਾ ਤੱੜਪ ਉੱਠਿਆ ਤੇ
ਉਸਨੂੰ ਵੰਗਾਰਦਾ ਕਹਿਣ ਲੱਗਾ ਕਿ,
“ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨ ਆਇਆ॥ ਪਰ ਉਸੇ ਗੁਰੂ ਦੀਆਂ ਆਦਮ ਕੱਦ ਮੂਰਤਾਂ ਸਜਾਉਂਣ
ਵਾਲੇ ਸਾਧ-ਸੰਤ ਅੱਖਾਂ ਸਾਹਵੇਂ ਉਸੇ ਗੁਰੂ ਨਾਨਕ ਦੀ ਉਮਤ ਨੂੰ ਸਿਵਿਆਂ ਵੱਲ ਜਾਂਦੇ ਦੇਖਦੇ ਰਹੇ ਪਰ
ਇਹਨਾ ਦੇ ਭਜਨ ਬੰਦਗੀਆਂ ਵਿੱਚ ਇੰਨ੍ਹੀ ਜੁਅਰਤ ਵੀ ਨਾ ਪਈ ਕਿ ਆਹ ਦਾ ਨਾਹਰਾ ਹੀ ਮਾਰ ਜਾਂਦੇ। ਜਿਸ
ਗੁਰੂ ਗਰੰਥ ਸਾਹਿਬ ਦੇ ‘ਅਦਬ’ ਦੇ ਇਹ ਦਾਅਵੇ ਕਰਦੇ ਰਹੇ ਉਹੀ ਗੁਰੂ ਗਰੰਥ ਸਾਹਿਬ ਗੋਲੀਆਂ ਨਾਲ
ਵਿੰਨਿਆ ਗਿਆ ਪਰ ਡੇਰੇਦਾਰਾਂ ਦੀ ਜੁਬਾਨ ਠਾਕੀ ਗਈ! ਉਹੀ ਗੁਰੂ ਗਰੰਥ ਸਾਹਿਬ ਭੰਨਿਆਰੇ ਕਿਆਂ ਸੜਕਾਂ
ਤੇ ਰੱਖ-ਰੱਖ ਅੱਗਾਂ ਲਾਈਆਂ ਪਰ ਡੇਰੇਦਾਰ ਜਾਂ ਪੁਜਾਰੀ ਦੜਾਂ ਵੱਟ ਗਏ। ਨਾਨਕਸਰੀਆਂ ਦਾ ਸਾਧ ਗੁਰੂ
ਗਰੰਥ ਸਾਹਿਬ ਦੇ ਅਖੰਡ ਪਾਠਾਂ ਦੀਆਂ ਲੜੀਆਂ ਰੇਲ ਗੱਡੀਆਂ ਵਿੱਚ ਰੱਖ ਕੇ ਕਰਾਉਂਣ ਦੇ ਅਡੰਬਰ ਰਚਦਾ
ਰਿਹਾ ਪਰ ਜਦ ਫਾਸ਼ੀ ਹਿੰਦੂਆਂ ਸਮੇਤ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਦੇ ਗੱਡੀ ਨੂੰ ਹੀ ਅੱਗ ਲਾ
ਦਿੱਤੀ ਤਾਂ ਗੁਰੂ ਨੂੰ ਉਥੇ ਹੀ ਛੱਡ ਜਾਨ ਬਚਾ ਕੇ ਦੌੜ ਆਇਆ ਤੇ ਬਾਅਦ ਵਿੱਚ ਵੀ ਜੁਬਾਨ ਤੱਕ ਨਹੀ
ਖ੍ਹੋਲੀ!
ਹੁਣ ਤੁਸੀਂ ਦਸੋਂ ਗੁਰੂ ਦੇ ਕਹੇ ਸੱਚ ਤੇ ਚਲ ਕੇ ਖਾਲੜੇ, ਕਾਉਂਕੇ ਵਾਂਗ ਥਾਣਿਆਂ ਵਿੱਚ ਲੱਤਾਂ
ਪੜਵਾਉਂਣੀਆਂ ਸੌਖੀਆਂ ਕਿ ਗੁਰੂ ਗਰੰਥ ਸਾਹਿਬ ਨੂੰ ਮੱਖਮਲੀ ਰਜਾਈਆਂ ਵਿੱਚ ਵਲੇਟਣਾ ਸੌਖਾ? ਯਾਦ ਰਹੇ
ਕਿ ਗੁਰਬਾਣੀ ਦਾ ਸਤਿਕਾਰ ਅਦਬ ਇੱਕ ਅਲਹਿਦਾ ਵਿਸ਼ਾ ਹੈ ਤੇ ਉਹ ਕਰਨਾ ਜਰੂਰੀ ਹੈ ਪਰ ਉਸ ਨੂੰ ਕੇਵਲ
ਗੋਟੇ ਵਾਲੇ ਰੁਮਾਲਿਆਂ ਵਿੱਚ ਸਾਂਭ ਦੇਣਾ ਦੂਸਰੀ ਗੱਲ ਹੈ। ਫੇਰ ਵਾਪਸ ਆਈਏ। ਜੋਗੀਆਂ ਵਾਂਗ ਕੰਨ
ਪੜਵਾ ਕੇ ਜੰਗਲਾਂ `ਚ ਲੁੱਕਣਾ ਸੌਖਾ ਕਿ ਬਾਬਰ ਨੂੰ ਜਾਬਰ ਕਹਿਕੇ ਚੱਕੀਆਂ ਪੀਹਣੀਆਂ? ਹਕੂਮਤ ਅੱਗੇ
ਸਿਰ ਨਿਵਾ ਕੇ ਮੰਦਰਾਂ `ਚ ਟਲ ਖੜਕਾਉਂਣੇ ਆਰਤੀਆਂ ਕਰਨੀਆਂ ਸੌਖੀਆਂ ਕਿ ਹਕੂਮਤ ਦੇ ਜੁੱਲਮ ਨੂੰ
ਸ਼ੀਂਹ ਮੁਕੱਦਮ ਕੁੱਤੇ ਵਰਗਾ ਸੱਚ ਕਹਿਕੇ ਤਤੀਆਂ ਲੋਹਾਂ ਤੇ ਸੜਨਾ ਸੌਖਾ।
ਅਸੀਂ ਜਦ ਵੀ ਵਰਤਮਾਨ ਜੁੱਗ ਵਿੱਚ ਰਹਿਕੇ ਇਤਿਹਾਸ ਨੂੰ ਵਾਚਾਂਗੇ ਤਾਂ ਗੱਲ ਸਾਡੇ ਸੌਖਿਆਂ ਸਮਝ ਆ
ਸਕਦੀ ਹੈ ਕਿਉਂਕਿ ਇਹ ਅਸੀਂ ਖੁਦ ਵਰਤਦਾ ਦੇਖ ਰਹੇ ਹਾਂ। ਬਾਬਾ ਜਰਨੈਲ ਸਿੰਘ ਉਪਰ ਤੋਪ ਤੇ ਟੈਂਕ
ਚ੍ਹਾੜ ਦਿੱਤੇ ਜਾਂਦੇ ਹਨ, ਪੰਜਾਬ ਦੇ ਆਹੂ ਲਾਹ ਦਿੱਤੇ ਜਾਂਦੇ ਹਨ ਪਰ ਉਸੇ ਸੰਸਥਾ ਦੇ
‘ਬ੍ਰਹਮਗਿਆਨੀ’ ਨੂੰ 22 ਸਾਲ ਤਤੀ ਵਾਅ ਨਹੀ ਲੱਗਦੀ। ਕੋਈ ਰੋਹੀ ਤੇ ਨਹਿਰ ਨਹੀ ਬੱਚਦੀ ਜਿਥੇ ਪੰਜਾਬ
ਦੀ ਜਵਾਨੀ ਦੀਆਂ ਲਾਸ਼ਾਂ ਨਾ ਵਿਸ਼ਾਈਆਂ ਗਈਆਂ ਹੋਣ ਪਰ ਵੱਡੇ-ਵੱਡੇ ਠਾਠ ਜਾਂ ਡੇਰਿਆਂ ਨੂੰ ਖਰੋਚ ਨਹੀ
ਆਉਂਦੀ!
ਗੁਰੂ ਅਰਜਨ ਸਾਹਿਬ ਜੀ ਦਾ ਸੱਚ ਜੇ ਉਦੋਂ ਦੀ ਹਕੂਮਤ ਜਾਂ ‘ਧਰਮੀ’ ਲੋਕਾਂ ਨੂੰ ਹਜਮ ਨਹੀ ਸੀ ਹੋਇਆ
ਤਾਂ ਹੋ ਅੱਜ ਵੀ ਨਹੀ ਰਿਹਾ! ਤੁਸੀਂ ਸੋਚ ਸਕਦੇ ਹੋਂ ਕਿ,
“ਨਿਮਖ ਕਾਮੁ ਸੁਆਦ ਕਾਰਨ ਕੋਟਿ ਦਿਵਸ ਦੁਖ ਪਾਵੈ॥ ਜਾਂ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ॥
ਜੈਸੋ ਸੰਗ ਬਿਸੀਅਰ ਸਿਉਂ ਹੈ ਰੇ ਤੇਸੋ ਹੀ ਇਹੁ ਪਰ ਗ੍ਰਿਹੁ॥”
ਕਹਿਣ ਵਾਲੇ ਗੁਰੂ ਨੂੰ, ਭੰਗ ਤੇ ਅਫੀਮ ਖਾ ਕੇ ਤਰ੍ਹਾਂ ਤਰ੍ਹਾਂ ਦੇ ਆਸਣ ਸਿਖਾਉਣ ਵਾਲੇ ਦਸਮ ਗਰੰਥ
ਦੇ ਪੁਜਾਰੀ, ਡੇਰੇਦਾਰ ਜਾਂ ਸੰਪਰਦਾਇਕ ਛੱਡ ਦੇਣਗੇ? ਮੁਰਦਾ ਪੱਥਰ ਕੁੱਝ ਬੋਲਦਾ ਨਹੀ, ਨਾ ਕਿਸੇ
ਨੂੰ ਕੁੱਝ ਦੇ ਸਕਦਾ, ਕਹਿਣ ਵਾਲੇ ਗੁਰੂ ਨੂੰ ਡੇਰੇਦਾਰ ਕਿਵੇਂ ਹਜਮ ਕਰਨਗੇ ਜੀਹਨਾ ਬੋਲਦੇ ਗੁਰੂ ਦੇ
ਸਿਰ੍ਹਾਣੇ ਨਿਰਜੰਦ ਬੁੱਤ ਖੜੇ ਕਰ ਰੱਖੇ ਹਨ? ਗੁਰੂ ਕਹਿ ਰਿਹਾ ਕਿ ਪੱਥਰਾਂ ਨੂੰ ਮੁਗਧ ਤੇ ਗਵਾਰ
ਪੂਜਦੇ ਹਨ, ਪਰ ਇਸ ਤੋਂ ਵੱਡਾ ਮਜਾਕ ਗੁਰੂ ਨਾਲ ਕੀ ਹੈ ਕਿ ਉਸੇ ਗੁਰੂ ਦੇ ਬੁੱਤ ਉਸੇ ਸਬਦ ਦੀ
ਹਜੂਰੀ ਵਿਚ? ਕੀ ਗੁਰੂ ਵੇਲੇ ਬੁੱਤ ਘਾੜੇ ਨਹੀ ਸਨ? ਗੁਰੂ ਕਾਲ ਸਮੇ ਮੁਰਤੀਆਂ ਬਣਾਉਂਣ ਵਾਲੇ ਕੀ
ਪੈਦਾ ਨਹੀ ਸਨ ਹੋਏ ਕਿ ਗੁਰੂ ਆਪ ਹੀ ਅਪਣਾ ਬੁੱਤ ਘੜਵਾ ਕੇ ਜਾਂ ਚਾਰ ਬੁਰਸ਼ ਮਰਵਾ ਕੇ ਮੂਰਤੀ ਸਜਵਾ
ਕੇ ਦੇ ਜਾਂਦਾ ਕਿ ਲਉ ਸਿੱਖੋ ਇਸ ਤੋਂ ਬਿਨਾ ਮੈ ਤੁਹਾਨੂੰ ਯਾਦ ਨਹੀ ਆਉਂਣਾ! ਪਰ ਨਹੀ! ਬਾਬਿਆਂ
ਮੁਤਾਬਕ ਗੁਰੂ ਭੁੱਲ ਗਿਆ ਤੇ ਗੁਰੂ ਜੀ ਨੂੰ ਸਦੀਆਂ ਬਾਅਦ ਚੇਤਾ ਆਉਂਦਾ ਹੈ ਕਿ ਸਿੱਖ ਮੇਰੇ ਤਾਂ
ਮੈਨੂੰ ਭੁੱਲਦੇ ਜਾ ਰਹੇ ਹਨ ਤੇ ਉਹ ਨਾਨਕਸਰੀਆਂ ਦੇ ਬਾਬਾ ਜੀ ਨੂੰ ਦਰਸ਼ਨ ਦੇ ਕੇ ਅਪਣੀ ਮੂਰਤੀ ਖੁਦ
ਬੜੇ ਚਾਅ ਨਾਲ ਬਣਵਾ ਰਹੇ ਹਨ…? ਜਾਂ ਗੁਰੂ ਸੋਭਾ ਸਿੰਘ ਨੂੰ ਜਾ ਮਿਲੇ! ਪਰ 1430 ਪੰਨੇ ਗੁਰੂ ਗਰੰਥ
ਸਾਹਿਬ ਦਾ ਫਿਰ ਕੀ ਅਰਥ ਹੋਇਆ ਜੇ ਗੁਰੂ ਨੇ ਇੱਕ ਮੂਰਤੀ ਦੇ ਗਲੋਂ ਲਾਹ ਕੇ ਦੂਜੀ ਮੂਰਤੀ ਦੇ ਗਲ ਪਾ
ਦੇਣੇ ਸਨ? ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਇਹੀ ਤਾਂ ਕਾਰਨ ਸਨ ਜਿਹੜੇ ਅਸੀਂ ਖੁਦ ਪੈਦਾ ਕਰ
ਦਿੱਤੇ ਹਨ! ਅਸੀਂ ਫਿਰ ਕੌਣ ਹਾਂ? ਜੇ ਉਦੋਂ ਦੀ ਹਕੂਮਤ ਨੇ ਗੁਰੂ ਦਾ ਸਰੀਰ ਸ਼ਹੀਦ ਕੀਤਾ ਤਾਂ ਅਸੀਂ
ਗੁਰੂ ਦੀ ਵਿਚਾਰਧਾਰਾ ਦਾ ਹੀ ਕਤਲ ਕਰੀ ਜਾ ਰਹੇ ਹਾਂ ਫਰਕ ਕੀ ਹੋਇਆ?
ਕੀਰਨੇ ਪਾਉਂਣੇ ਕਿੰਨੇ ਕੁ ਔਖੇ ਹਨ ਕਿ ਬਾਪੂ ਤੇਰੇ ਤੇ ਬਹੁਤ ਜੁਲਮ ਹੋਇਆ, ਤੈਨੂੰ ਤਤੀਆਂ ਲੋਹਾਂ
ਨੇ ਸਾੜ ਸੁੱਟਿਆ, ਤਤੀਆਂ ਰੇਤਾਂ ਨਾਲ ਤੈਨੂੰ ਭੁੰਨ ਦਿੱਤਾ, ਅੱਤ ਦੀ ਗਰਮੀ ਸੀ, ਤੇਰਾ ਸੋਹਲ ਸਰੀਰ!
ਛਾਲਿਉ ਛਾਲੀ ਹੋ ਗਿਆ, ਤੂੰ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆ, ਤੁੰ ਡੋਲਿਆ ਨਾ, ਸਾਂਈਂ ਮੀਆਂ
ਮੀਰ ਨੂੰ ਵੀ ਕਰਾਮਾਤ ਵਖਾਉਂਣੋਂ ਵਰਜ ਦਿਤਾ!
ਸਾਲ ਬਾਅਦ ਇੰਨੀਆਂ ਕੁ ਉਹੀ ਗੱਲਾਂ ਕਰ ਲੈਣੀਆਂ ਕਿੰਨੀਆਂ ਕੁ ਔਖੀਆਂ ਹਨ? ਪਰ ਅਮਲ ਕੀ? ਗੁਰੂ ਦਾ
ਅਮਲ ਤਾਂ ਸੀ ਗੁਰੂ ਗਰੰਥ ਸਾਹਿਬ ਵਿਚਲਾ ਸੱਚ। ਪਰ ਉਸ ਸੱਚ ਨੂੰ ਦਸਮ ਗਰੰਥ ਰਾਂਹੀ ਕੀ ਚੈਲਿੰਜ ਨਹੀ
ਕੀਤਾ ਜਾ ਰਿਹਾ? ਇਥੋਂ ਸਾਬਤ ਹੁੰਦਾ ਕਿ ਗੁਰੂ ਦੇ ਨਾਂ ਤੇ ਠੰਡੇ ਜਲ ਵਰਤਾਂਉਣੇ ਆਮ ਸਿੱਖ ਲਈ ਤਾਂ
ਗੁਰੂ ਪ੍ਰਤੀ ਕੋਈ ਈਮਾਨਦਾਰੀ ਹੋ ਸਕਦੀ ਪਰ ਇਹਨਾ ‘ਧਾਰਮਿਕ’ ਚੌਧਰੀਆਂ ਲਈ ਕੋਈ ਅਰਥ ਨਹੀ ਰੱਖਦੀਆਂ
ਇਹ ਗੱਲਾਂ ਸਿਵਾਏ ਆਮ ਸਿੱਖ ਦੀ ਸ਼ਰਧਾ ਦਾ ਸ਼ੋਸ਼ਣ ਕਰਨ ਦੇ। ਜੇ ਰੱਖਦੀਆਂ ਹੁੰਦੀਆਂ ਤਾਂ ਅੱਜ ਦੀ ਇਸ
ਹਨੇਰ ਗਰਦੀ ਵਿੱਚ ਇਹ ਬੋਲਣ ਨਾ? ਜਦ ਕਿ ਇਹਨਾ ਨੂੰ ਸਭ ਕਹਾਣੀ ਦਾ ਪਤਾ ਹੈ। ਇਥੋਂ ਸਿੱਖ ਨੂੰ ਸਮਝ
ਆ ਜਾਣੀ ਚਾਹੀਦੀ ਹੈ ਕਿ ਸਾਡੇ ਧਾਰਮਿਕ ਅਸਥਾਨ ਵਪਾਰੀਆਂ ਦੇ ਹੱਥਾਂ ਵਿੱਚ ਆ ਚੁੱਕੇ ਹਨ ਜੋ ਧਰਮ ਦੇ
ਨਾਂ ਹੇਠ ਕੇਵਲ ਤੇ ਕੇਵਲ ਵਪਾਰ ਕਰ ਰਹੇ ਹਨ ਜਿਸ ਕਰਕੇ ਆਮ ਸਿੱਖ ਨੌਜਵਾਨ ਸਿੱਖੀ ਤੋਂ ਉਪਰਾਮ ਹੋ
ਕੇ ਪਤਤ ਹੁੰਦਾ ਜਾ ਰਿਹਾ ਹੈ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਗੁਰੂ ਦੇ ਕਹੇ ਬੱਚਨਾ ਦੇ ਸੰਦਰਭ ਵਿੱਚ ਮਨਾਈ ਹੀ ਸਾਰਥਿਕ ਹੋ
ਸਕਦੀ ਹੈ ਜੇ ਗੁਰੂ ਦਾ ਸੱਚ ਹੀ ਪੱਲੇ ਨਾ ਪਿਆ, ਜੇ ਗੁਰੂ ਦੇ ਕਹੇ ਦੀ ਸਮਝ ਹੀ ਨਾ ਆਈ ਤਾਂ ਗੁਰੂ
ਸਬਦ ਨਾਲੋਂ ਦੂਰੀ ਇੰਝ ਹੀ ਬਣੀ ਰਹੇਗੀ ਤੇ ਸਾਡੀ ਇਸ ਦੂਰੀ ਵਿਚੋਂ ਹੀ ਸਾਰੀਆਂ ਲੁੱਟਾਂ ਜਨਮ ਲੈ
ਰਹੀਆਂ ਹਨ, ਚਾਹੇ ਉਹ ਧਾਰਮਿਕ ਅਸਥਾਨਾ ਉਪਰ ਹੋਣ ਚਾਹੇ ਡੇਰੇਦਾਰਾਂ ਵਲੋਂ ਚਾਹੇ ਜੋਤਸ਼ੀਆਂ, ਪੀਰਾਂ,
ਸਯਦਾਂ ਜਾਂ ਹੋਰ ਬੂਬਨਿਆਂ ਵਲੋਂ ਹੋਣ! ਇਹੀ ਲੁੱਟ ਗੁਰੂ ਨੂੰ ਪਸੰਦ ਨਹੀ ਸੀ ਤੇ ਗੁਰੂ ਨੇ ਸਭ
ਲੁਟੇਰੇ ਨਿਜਾਮ ਵਿਰੁਧ ਬੜੀ ਜੋਰਦਾਰ ਅਵਾਜ ਬੁਲੰਦ ਕੀਤੀ ਉਹੀ ਅਵਾਜ ਹੀ ਗੁਰੂ ਦੀ ਸ਼ਹਾਦਤ ਦਾ ਕਾਰਨ
ਬਣੀ। ਹੈਰਾਨਗੀ ਇਸ ਗੱਲ ਦੀ ਕਿ ਜਿਸ ਲੁਟੇਰਾ ਨਿਜਾਮ ਨੂੰ ਵੰਗਾਰਦਿਆਂ ਗੁਰੂ ਨੇ ਸ਼ਹਾਦਤ ਦਿੱਤੀ,
ਉਸੇ ਗੁਰੂ ਦੀ ਉਮਤ ਅੱਜ ਫਿਰ ਉਸੇ ਲੁਟੇਰੇ ਨਿਜਾਮ ਦੇ ਪੈਰਾਂ ਵਿੱਚ ਹੈ!
ਗੁਰਦੇਵ ਸਿੰਘ ਸੱਧੇਵਾਲੀਆ