ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 05)
ਛਾਡਿ
ਸਿਆਨਪ ਬਹੁ ਚਤੁਰਾਈ॥ ਗੁਰ ਪੂਰੇ ਕੀ ਟੇਕ ਟਿਕਾਈ॥ ੧॥
ਦੁਖ ਬਿਨਸੇ ਸੁਖ ਹਰਿ ਗੁਣ ਗਾਇ॥ ਗੁਰੁ ਪੂਰਾ ਭੇਟਿਆ ਲਿਵ ਲਾਇ॥ ੧॥ ਰਹਾਉ॥
ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ॥ ਮਿਟੇ ਵਿਸੂਰੇ ਉਤ੍ਰੀ ਚਿੰਤ॥ ੨॥
ਅਨਦ ਭਏ ਗੁਰ ਮਿਲਤ ਕ੍ਰਿਪਾਲ॥ ਕਰਿ ਕਿਰਪਾ ਕਾਟੇ ਜਮ ਜਾਲ॥ ੩॥
ਕਹੁ ਨਾਨਕ ਗੁਰੁ ਪੂਰਾ ਪਾਇਆ॥ ਤਾ ਤੇ ਬਹੁਰਿ ਨ ਬਿਆਪੈ ਮਾਇਆ॥ ੪॥ ੫੩॥ (੧੯੦)
॥ ਰਹਾਉ॥ ਹਰੀ, ਪਰਮਾਤਮਾ, ਕਰਤਾਰ ਦੇ ਗੁਣਾਂ ਦੀ ਵਡਿਆਈ ਕਰਨ ਨਾਲ, ਵਿਚਾਰਨ ਨਾਲ ਦੁਖ ਖਤਮ
ਹੋ ਜਾਂਦੇ ਹਨ, ਬੰਦਾ ਸੁਖੀ ਹੋ ਜਾਂਦਾ ਹੈ।
ਥੋੜ੍ਹਾ ਵਿਚਾਰ ਕਰਨਾ ਲਾਹੇਵੰਦ ਹੋਵੇ ਗਾ ਕਿ ਦੁੱਖ ਅਤੇ ਸੁਖ ਹਨ ਕੀ ਚੀਜ਼? ਗੁਰਬਾਣੀ ਸੇਧ ਦਿੰਦੀ
ਹੈ,
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (੧੪੯)
ਹੇ ਨਾਨਕ ਜੋ ਮਨੁੱਖ ਦੁੱਖ ਦੀ ਥਾਂ ਸੁਖ ਮੰਗਦੇ ਹਨ, ਉਹ ਵਿਅਰਥ ਝੱਖ ਮਾਰਦੇ ਹਨ, ਬਿਨਾ ਮਤਲਬ ਸਿਰ
ਖਪਾਈ ਕਰਦੇ ਹਨ। ਜਿਸ ਤਰ੍ਹਾਂ ਬੰਦਾ ਸਰੀਰ ਦੇ ਕਪੜੇ ਬਦਲਦਾ ਰਹਿੰਦਾ ਹੈ, ਓਸੇ ਤਰ੍ਹਾਂ ਸਰੀਰ ਲਈ
ਪਰਮਾਤਮਾ ਵਲੋਂ ਦੁੱਖ ਅਤੇ ਸੁਖ ਦੋ ਕਪੜੇ ਮਿਲੇ ਹੋਏ ਹਨ, ਜਿਨ੍ਹਾਂ ਨੂੰ ਸਰੀਰ ਕਪੜਿਆਂ ਵਾਙ
ਬਦਲ-ਬਦਲ ਕੇ ਹੰਢਾਉਂਦਾ ਰਹਿੰਦਾ ਹੈ। ਬੰਦੇ ਦੀ ਜ਼ਿੰਦਗੀ ਵਿਚ, ਸੁਖ ਅਤੇ ਦੁੱਖ ਆਉਂਦੇ ਜਾਂਦੇ
ਰਹਿੰਦੇ ਹਨ। ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੀ ਜ਼ਿੰਦਗੀ ਵਿੱਚ ਖਾਲੀ ਸੁਖ ਜਾਂ ਖਾਲੀ ਦੁੱਖ ਹੀ
ਵਾਪਰਦੇ ਹੋਣ। ਗੁਰੂ ਦੀ ਸਿਖਿਆ ਸਾਮ੍ਹਣੇ ਹੋਣ ਤੇ ਵੀ, ਸਿੱਖ ਇਸ ਪਰਾਕਿਰਤਕ ਕਿਰਿਆ ਨੂੰ ਮੰਨ ਕੇ
ਰਾਜ਼ੀ ਨਹੀਂ ਹਨ, ਅਤੇ ਹਰ ਵੇਲੇ ਪਰਮਾਤਮਾ ਕੋਲ, ਸੁਖਾਂ ਦੀਆਂ ਅਰਦਾਸਾਂ ਕਰ-ਕਰ ਕੇ ਝੱਖ ਮਾਰ ਰਹੇ
ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੀ ਝੱਖ ਮਾਰ ਕੇ ਪਰਭੂ ਵਲੋਂ ਬੇਪਰਤੀਤੇ ਹੋਣ ਦੀ ਥਾਂ ਚੁਪ
ਰਹਿਣਾ, ਉਸ ਦੀ ਰਜ਼ਾ ਵਿੱਚ ਖੁਸ਼ੀ ਨਾਲ ਚਲਣਾ ਚਾਹੀਦਾ ਹੈ।
ਇਸ ਪਰਥਾਏ ਹੀ ਗੁਰਬਾਣੀ ਵਿੱਚ ਲਿਖਿਆ ਹੈ,
ਸੁਖੁ ਮਾਂਗਤ ਦੁਖੁ ਆਗਲ ਹੋਇ॥ ਸਗਲ ਵਿਕਾਰੀ ਹਾਰੁ ਪਰੋਇ॥
ਏਕ ਬਿਨਾ ਝੂਠੇ ਮੁਕਤਿ ਨ ਹੋਇ॥ ਕਰਿ ਕਰਿ ਕਰਤਾ ਦੇਖੈ ਸੋਇ॥ (੨੨੨)
ਸੁਖ ਦੀ ਚਾਹ ਵਿੱਚ ਦੁੱਖ ਹੋਰ ਵੱਧ ਮਹਿਸੂਸ ਹੁੰਦੇ ਹਨ। ਸੁਖ ਦੀ ਚਾਹ ਵਿੱਚ ਹੀ ਬੰਦਾ, ਦੁਨਿਆਵੀ
ਪਦਾਰਥਾਂ ਪਿੱਛੇ ਭੱਜਦਾ, ਆਪਣੇ ਸਿਰ ਤੇ ਵਿਕਾਰਾਂ ਦੀ ਪੰਡ ਚੁੱਕੀ ਫਿਰਦਾ ਹੈ, ਵਿਕਾਰਾਂ ਵਿੱਚ ਹੋਰ
ਫਸਦਾ ਜਾਂਦਾ ਹੈ। ਇੱਕ ਸੱਚ, ਕਰਤਾਰ ਨਾਲ ਜੁੜੇ ਬਗੈਰ, ਦੁਨਿਆਵੀ ਝੂਠੇ ਪਦਾਰਥਾਂ ਆਸਰੇ ਬੰਦਾ ਦੁਖ
ਤੋਂ ਮੁਕਤ ਨਹੀਂ ਹੋ ਸਕਦਾ। ਕਰਤਾਰ ਆਪ ਹੀ ਇਹ ਖੇਡ ਰਚ-ਰਚ ਕੇ, ਆਪ ਹੀ ਇਸ ਦੀ ਸਾਰ ਸੰਭਾਲ ਕਰ
ਰਿਹਾ ਹੈ। ਇਸ ਬਾਰੇ ਗੁਰਬਾਣੀ ਹੋਰ ਸੇਧ ਦਿੰਦੀ ਹੈ,
ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖ ਹਮਹੁ ਨ ਮਾਂਗਿਆ ਭਾਵੈ॥ (੩੩੦)
ਮੈਨੂੰ ਉਹ ਸੁਖ ਮੰਗਿਆ ਚੰਗਾ ਨਹੀਂ ਲਗਦਾ, ਜਿਸ ਸੁਖ ਪਿਛੋਂ ਦੁਖ ਫਿਰ ਅੱਗੇ ਆ ਜਾਵੇ।
ਅਤੇ,
ਸੁਖ ਕਉ ਮਾਗੈ ਸਭੁ ਕੋ ਦੁਖ ਨ ਮਾਗੈ ਕੋਇ॥
ਸੁਖੈ ਕਉ ਦੁਖ ਅਗਲਾ ਮਨਮੁਖਿ ਬੂਝ ਨ ਹੋਇ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ॥ (੫੭)
ਸੰਸਾਰ ਵਿੱਚ ਹਰ ਕੋਈ ਸੁਖ ਹੀ ਮੰਗਦਾ ਹੈ, ਦੁੱਖ ਕੋਈ ਨਹੀਂ ਮੰਗਦਾ। ਪਰ ਮਨਮੁਖ ਲੋਕ, ਆਪਣੀ ਮੱਤ
ਪਿੱਛੇ ਚਲਣ ਵਾਲੇ ਲੋਕ ਇਹ ਨਹੀਂ ਬੁਝ ਪਾਉਂਦੇ, ਇਹ ਨਹੀਂ ਸਮਝ ਪਾਉਂਦੇ ਕਿ ਉਹ ਜਿਨ੍ਹਾਂ ਦੁਨਿਆਵੀ
ਸੁੱਖਾਂ ਦੀ ਲੋਚਾ ਕਰਦੇ ਹਨ, ਜਿਨ੍ਹਾਂ ਲਈ ਦੌੜ ਭੱਜ ਕਰਦੇ ਹਨ, ਉਨ੍ਹਾਂ ਸੁੱਖਾਂ ਨੂੰ ਤਾਂ ਦੁਖ
ਰੂਪ ਫਲ ਲਗਦੇ ਹਨ, ਕਿਉਂਕਿ ਉਨ੍ਹਾਂ ਸੁੱਖਾਂ ਦਾ ਤਾਂ ਮੂਲ ਹੀ ਤ੍ਰਿਸ਼ਨਾ ਅਤੇ ਬੇਈਮਾਨੀ ਹੈ, ਪਰਾਇਆ
ਹੱਕ ਮਾਰਨਾ ਹੈ। ਇਸ ਭੱਜ-ਦੌੜ ਪਿੱਛੇ ਪ੍ਰਭੂ ਨੂੰ ਵਿਸਾਰਨਾ ਪੈਂਦਾ ਹੈ, ਪ੍ਰਭੂ ਤੋਂ ਵਿਛੋੜਾ ਹੀ
ਅਸਲ ਦੁੱਖ ਹੈ। ਪਰਮਾਤਮਾ ਦੀ ਬਖਸ਼ਿਸ਼, ਦੁੱਖ ਅਤੇ ਸੁਖ ਇਕੋ ਜਿਹੇ ਕਰ ਕੇ ਸਮਝਣੇ ਚਾਹੀਦੇ ਹਨ। ਅਸਲ
ਸੁਖ ਤਦ ਹੀ ਮਿਲਦਾ ਹੈ, ਜਦ ਸ਼ਬਦ ਵਿਚਾਰ ਰਾਹੀਂ, ਮਨ ਨੂੰ ਸਮਝਾ ਲਿਆ ਜਾਵੇ ਕਿ ਦੁੱਖ ਅਤੇ ਸੁਖ ਹੀ
ਜ਼ਿੰਦਗੀ ਦੇ ਦੋ ਪਹਿਲੂ ਹਨ। ਜਦ ਬੰਦਾ ਇਹ ਸਮਝ ਲੈਂਦਾ ਹੈ, ਫਿਰ ਉਸ ਨੂੰ ਦੁੱਖ ਸਤਾਉਂਦਾ ਨਹੀਂ, ਹਰ
ਵੇਲੇ ਸੁਖ ਹੀ ਜਾਪਦਾ ਹੈ।
ਅਤੇ,
ਬਿਰਥਾ ਕਹਉ ਕਉਨ ਸਿਉ ਮਨ ਕੀ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥ ੧॥ ਰਹਾਉ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ ੧॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ॥ (੨੩੩)
ਰਹਾਉ ਦੀ ਤੁਕ ਵਿੱਚ ਸਵਾਲ ਖੜਾ ਕੀਤਾ ਹੈ ਕਿ, ਹੇ ਭਾਈ ਮਨੁੱਖੀ ਮਨ ਦੀ ਭੈੜੀ ਹਾਲਤ ਕਿਸ ਨੂੰ
ਦੱਸਾਂ, ਜੋ ਇਸ ਦਾ ਇਲਾਜ ਹੋ ਕੇ ਇਸ ਦੀ ਹਾਲਤ ਚੰਗੀ ਹੋ ਸਕੇ? ਲੋਭ ਵਿੱਚ ਫਸਿਆ ਇਹ ਮਨ ਹਰ ਪਾਸੇ
ਭਟਕਦਾ ਰਹਿੰਦਾ ਹੈ, ਹਰ ਵੇਲੇ ਇਸ ਨੂੰ ਧਨ ਇਕੱਠਾ ਕਰਨ ਦੀ ਤ੍ਰਿਸ਼ਨਾ ਲੱਗੀ ਰਹਿੰਦੀ ਹੈ।
ਪਹਿਲੀ ਤੁਕ ਵਿੱਚ ਭਟਕਦੇ ਮਨ ਦੀ ਹਾਲਤ ਵਿਸਤਾਰ ਨਾਲ ਦੱਸੀ ਹੈ ਕਿ, ਸੁਖ ਹਾਸਲ ਕਰਨ ਵਾਸਤੇ,
ਕਿਉਂਕਿ ਇਹ ਦੁਨਿਆਵੀ ਸੁੱਖਾਂ ਨੁੰ ਹੀ ਅਸਲੀ ਸੁਖ ਸਮਝੀ ਬੈਠਾ ਹੈ, ਸੋ ਉਨ੍ਹਾਂ ਝੂਠੇ ਸੁਖਾਂ
ਖਾਤ੍ਰ ਹਰ ਜਣੇ-ਖਣੇ ਦੀ ਹੀ ਖੁਸ਼ਾਮਦ ਕਰਦਾ ਫਿਰਦਾ ਹੈ। ਪਰ ਕਿਉਂਕਿ ਉਹ ਸੁਖ ਅਸਲੀ ਸੁਖ ਨਹੀਂ ਹਨ,
ਇਸ ਲਈ ਉਹ ਸੁਖ ਦੀ ਥਾਂ ਜਣੇ-ਖਣੇ ਦੀ ਗੁਲਾਮੀ ਕਰਨ ਦਾ ਦੁੱਖ ਸਹਾਰਦਾ ਰਹਿੰਦਾ ਹੈ। ਏਸੇ ਆਸ ਵਿੱਚ
ਇਹ ਕੁੱਤੇ ਵਾਙ ਦਰ-ਦਰ ਤੇ ਭਟਕਦਾ ਰਹਿੰਦਾ ਹੈ। ਪਰ ਸ਼ਬਦ ਗੁਰੂ ਨੂੰ ਨਾ ਮਿਲਿਆ ਹੋਣ ਕਾਰਨ, ਇਸ ਨੂੰ
ਪਰਮਾਤਮਾ ਨੂੰ ਯਾਦ ਕਰਨ ਬਾਰੇ ਸੋਝੀ ਹੀ ਨਹੀਂ ਹੈ।
ਦੂਸਰੀ ਤੁਕ ਵਿੱਚ ਵੀ ਦੱਸਿਆ ਹੈ ਕਿ, ਲੋਭ ਵੱਸ ਆਪਣਾ ਅਮੋਲਕ ਜਨਮ ਵਿਅਰਥ ਹੀ ਗਵਾ ਲੈਂਦਾ ਹੈ। ਏਨਾ
ਢੀਠ ਹੋ ਕੇ ਵਿਚਰਦਾ ਹੈ ਕਿ ਇਸ ਨੂੰ ਇਹ ਵੀ ਹੋਸ਼ ਨਹੀਂ ਰਹਿੰਦੀ ਕਿ ਮੇਰੀ ਅਜਿਹੀ ਹਾਲਤ ਨੂੰ
ਵੇਖਦਿਆਂ ਲੋਕ ਕੀ ਆਖਣ ਗੇ? ਕਿ, ਆਤਮਕ ਖਜ਼ਾਨੇ ਦੇ ਭੰਡਾਰ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ,
ਕਿਵੇਂ ਕੁਤਿਆਂ ਵਾਙ ਸਿੱਖੀ ਨੂੰ ਢਾਅ ਲਾਉਂਦੇ ਡੇਰਿਆਂ ਦੇ ਡੇਰੇਦਾਰਾਂ ਮਗਰ, ਅਖੌਤੀ ਜਥੇਦਾਰਾਂ,
ਸਿੰਘ ਸਾਹਿਬਾਂ ਮਗਰ, ਸਿੱਖੀ ਦਾ ਘਾਣ ਕਰਨ ਵਾਲੇ ਵਜ਼ੀਰਾਂ ਦੇ ਦਲਾਲਾਂ ਮਗਰ ਪੂਛ ਹਿਲਾਉਂਦਾ ਫਿਰਦਾ
ਹੈ? ਕਬਰਾਂ ਤੇ, ਪੱਥਰ ਦੀਆਂ ਮੂਰਤੀਆਂ ਅੱਗੇ ਨੱਕ ਰਗੜਦਾ ਫਿਰਦਾ ਹੈ। ਪਰ ਸਿੱਖ ਨੂੰ ਕੋਈ ਪਰਵਾਹ
ਨਹੀਂ, ਕੋਈ ਸ਼ਰਮ ਨਹੀਂ।
ਅਖੀਰ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ ਤੂੰ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਕਿਉਂ
ਨਹੀਂ ਕਰਦਾ, ਜੇ ਤੂੰ ਉਸ ਦੇ ਗੁਣਾਂ ਦੀ ਵਿਚਾਰ ਕਰੇਂ ਤਾਂ ਇਸ ਮਨ ਦੀ ਇਹ ਭੈੜੀ ਹਾਲਤ ਖਤਮ ਹੋ
ਜਾਵੇਗੀ ਅਤੇ ਤੂੰ ਸੱਚੇ ਸੁਖ ਨਾਲ ਜੁੜ ਜਾਵੇਂਗਾ।
ਗੁਰੂ ਸਾਹਿਬ ਇਸ ਨੂੰ ਇਵੇਂ ਵੀ ਸਮਝਾਉਂਦੇ ਹਨ,
ਹਉਮੈ ਕਰਤਿਆ ਨਹ ਸੁਖੁ ਹੋਇ॥ ਮਨਮਤਿ ਝੂਠੀ ਸਚਾ ਸੋਇ॥
ਸਗਲ ਬਿਗੂਤੇ ਭਾਵੈ ਦੋਇ॥ ਸੋ ਕਮਾਵੈ ਧੁਰਿ ਲਿਖਿਆ ਹੋਇ॥ (੨੨੨)
ਹਉਮੈ ਵਿੱਚ ਇਹ ਕਰਦਿਆਂ ਕਿ ਮੈਂ ਗੁਣੀ-ਗਿਆਨੀ ਹਾਂ, ਮੈਂ ਸਿਆਣਾ ਹਾਂ, ਮੈਂ ਧਰਮੀ, ਅਮੀਰ, ਦਾਨੀ,
ਮਾਲਕ ਹਾਂ, ਕਦੀ ਸੁਖ ਨਹੀਂ ਮਿਲਦਾ, ਕਿਉਂਕਿ ਜੇ ਬੰਦੇ ਵਿੱਚ ਅਸਲੀ ਗੁਣ ਹੋਣ ਤਾਂ ਉਸ ਨੂੰ ਕਿਸੇ
ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਇਹ ਪਰਚਾਰ ਉਹੀ ਕਰਦੇ ਹਨ ਜਿਨ੍ਹਾਂ ਵਿੱਚ ਗੁਣ ਨਹੀਂ ਹੁੰਦੇ। ਜਦ
ਗੁਣ ਨਾ ਹੋਣ ਅਤੇ ਲੋਕਾਂ ਨੂੰ ਵਿਖਾਵਾ ਕੀਤਾ ਜਾਵੇ ਤਾਂ ਸੁਭਾਵਕ ਹੀ ਮਨ ਵਿੱਚ ਇੱਕ ਚੋਰ ਪੈਦਾ ਹੋ
ਜਾਂਦਾ ਹੈ ਕਿ ਕਿਤੇ ਮੇਰਾ ਪਾਜ ਨਾ ਉਘੜ ਜਾਵੇ, ਕਿਤੇ ਮੇਰਾ ਝੂਠ ਨਾ ਜ਼ਾਹਰ ਹੋ ਜਾਵੇ? ਇਹ ਮਨ ਦਾ
ਚੋਰ ਬੰਦੇ ਨੂੰ ਸੁਖੀ ਨਹੀਂ ਹੋਣ ਦਿੰਦਾ, ਬਲਕਿ ਦੁਖ ਦਾ ਕਾਰਨ ਬਣਦਾ ਹੈ। ਇਹ ਸਾਰਾ ਕੁੱਝ ਤਦ ਹੀ
ਹੁੰਦਾ ਹੈ ਜਦ ਬੰਦਾ ਸ਼ਬਦ ਗੁਰੂ ਕੋਲੋਂ ਮੱਤ ਲੈਣ ਦੀ ਥਾਂ, ਆਪਣੇ ਮਨ ਦੀ ਮੱਤ ਪਿੱਛੇ ਚਲਦਾ ਹੈ। ਮਨ
ਨੂੰ ਦਿਸਦੀਆਂ ਚੀਜ਼ਾਂ ਦੀ ਚਮਕ ਪ੍ਰਭਾਵਤ ਕਰਦੀ ਹੈ, ਜੋ ਕਿ ਮਾਇਆ ਦੇ ਅਨੇਕਾਂ ਰੂਪਾਂ ਵਿਚੋਂ ਹੀ
ਇੱਕ ਹੈ। ਇਹ ਮਾਇਆ ਥੋੜ੍ਹ ਚਿਰੀ ਹੈ, ਸਿਰਫ ਤਦ ਤੱਕ ਹੈ ਜਦ ਤੱਕ ਸਰੀਰ ਹੈ। ਇਹ ਸਰੀਰਕ ਕੰਮ ਦੀ
ਚੀਜ਼ ਹੈ, ਆਤਮਕ ਵਰਤੋਂ ਦੀ ਚੀਜ਼ ਨਹੀਂ।
ਬੰਦੇ ਦਾ ਦਿਤਾ ਦਾਨ, ਬਣਾਈਆਂ ਧਰਮ ਸ਼ਾਲਾਵਾਂ, ਬਣਾਏ ਮੰਦਰ-ਗੁਰਦਵਾਰੇ, ਸਮਾਜ ਨੂੰ ਤਾਂ ਚੰਗਾ ਬਣਾ
ਸਕਦੇ ਹਨ, ਉਹ ਵੀ ਤਦ, ਜਦ ਇਨ੍ਹਾਂ ਦੀ ਵਰਤੋਂ ਠੀਕ ਢੰਗ ਨਾਲ, ਲੋੜਵੰਦਾਂ ਦੀ ਭਲਾਈ ਲਈ ਕੀਤੀ
ਜਾਵੇ, ਨਹੀਂ ਤਾਂ ਇਹ ਵੀ ਸਮਾਜ ਨੂੰ ਨਿਘਾਰਨ ਦਾ ਹੀ ਕਾਰਨ ਬਣਦੇ ਹਨ। ਪਰ ਇਨ੍ਹਾਂ ਦਾ ਆਤਮਕ ਕੰਮਾਂ
ਨਾਲ ਕੋਈ ਸਬੰਧ ਨਹੀਂ ਹੈ। ਲੰਗਰ ਲਾਉਣ ਨਾਲ, ਲੋੜ ਵੰਦਾਂ ਦਾ ਪੇਟ ਤ੍ਰਿਪਤ ਹੋ ਕੇ, ਸਮਾਜ ਵਿੱਚ
ਕੁੱਝ ਸੁਧਾਰ ਤਾਂ ਹੋ ਸਕਦਾ ਹੈ, ਪਰ ਇਸ ਦਾ ਆਤਮਾ ਦੀ ਤ੍ਰਿਪਤੀ ਨਾਲ ਕੋਈ ਸਬੰਧ ਨਹੀਂ ਹੈ। ਅਸੀਂ
ਲੱਖਾਂ ਤਰੀਂਕਿਆਂ ਨਾਲ ਮਨ ਨੂੰ ਝੂਠੀਆਂ ਤਸੱਲੀਆਂ ਦੇਈਏ ਕਿ ਅਸੀਂ ਇਹ ਕੰਮ ਗੁਰਮਤ ਅਨੁਸਾਰ ਕਰ ਰਹੇ
ਹਾਂ, ਪਰ ਅਸਲੀਅਤ ਇਹ ਹੈ ਕਿ ਅਸੀਂ ਇਹ ਸਾਰਾ ਕੁੱਝ ਬ੍ਰਾਹਮਣੀ ਪ੍ਰਭਾਵ ਹੇਠ ਕਰ ਰਹੇ ਹਾਂ। ਸਾਡੇ
ਲੰਗਰ, ਲੋੜ ਵੰਦ ਲਈ ਨਾ ਹੋ ਕੇ, ਕਿਟੀ ਪਾਰਟੀਆਂ ਹੋ ਗਈਆਂ ਹਨ। ਸਾਡੀਆਂ ਛਬੀਲਾਂ, ਲੋੜ ਵੰਦਾਂ ਲਈ
ਨਾ ਹੋ ਕੇ, ਵਿਖਾਵੇ ਵਿੱਚ ਪੈਸਾ ਰੋੜ੍ਹਨ ਦਾ ਸਾਧਨ ਬਣੇ ਹੋਏ ਹਨ। ਗੁਰਦਵਾਰੇ ਵਿੱਚ ਚੜ੍ਹਾਇਆ
ਜਾਂਦਾ ਪ੍ਰਸ਼ਾਦ, ਮੰਗਲਵਾਰ ਨੂੰ ਬੂੰਦੀ (ਹਨੂਮਾਨ ਦਾ ਪ੍ਰਸ਼ਾਦ) ਅਤੇ ਸਨਿਚਰ ਵਾਰ ਨੂੰ ਛੋਲਿਆਂ ਦੇ
ਪ੍ਰਸ਼ਾਦ ਵਿੱਚ ਬਦਲ ਚੁੱਕਾ ਹੈ। ਸਾਡੇ ਮਨ ਵਿੱਚ ਪ੍ਰਭਾਵ ਹੁੰਦਾ ਹੈ ਕਿ ਕੀਤੇ ਦਾਨ ਦਾ, ਲਾਏ ਲੰਗਰ
ਦਾ ਫੱਲ ਸਾਨੂੰ ਅਗਲੇ ਜਨਮ ਵਿੱਚ ਮਿਲੇਗਾ। ਅਸਲੀਅਤ ਇਹ ਹੈ ਕਿ ਇਹ ਸਭ ਕੁੱਝ ਦੁਨੀਆਂ ਨਾਲ ਸਬੰਧਤ,
ਦੁਨੀਆਂ ਵਿੱਚ ਵਰਤਣ ਦੀਆਂ ਚੀਜ਼ਾਂ ਹਨ। ਨਾ ਇਹ ਅੱਗੇ, ਨਾਲ ਜਾਂਦੀਆਂ ਹਨ, ਨਾ ਇਨ੍ਹਾਂ ਦਾ ਕੋਈ ਫੱਲ
ਅੱਗੇ ਜਾ ਕੇ ਮਿਲਦਾ ਹੈ।
ਜੇ ਇਨ੍ਹਾਂ ਚੀਜ਼ਾਂ ਆਸਰੇ ਅੱਗੇ ਕੋਈ ਫੱਲ ਮਿਲਦਾ ਹੁੰਦਾ ਤਾਂ ਦੁਨੀਆਂ ਵਿਚ, ਦੂਸਰੇ ਦਾ ਹੱਕ ਮਾਰ
ਕੇ, ਦਾਨ ਕਰਨ ਵਾਲੇ ਅਮੀਰ ਨੂੰ ਹੀ ਮਿਲੇ। ਗਰੀਬ ਤਾਂ ਵਿਚਾਰੇ, ਏਥੇ ਵੀ ਰੁਲਣ ਅਤੇ ਅੱਗੇ ਵੀ। ਪਰ
ਹੁੰਦਾ ਇਸ ਦੇ ਉਲਟ ਹੈ, ਅਮੀਰ ਬੰਦਾ ਪਹਿਲਾਂ ਮਾਇਆ ਇਕੱਠੀ ਕਰਨ ਦੇ ਚੱਕਰ ਵਿਚ, ਸਮਾਜ ਵਿੱਚ
ਬੁਰਾਈਆਂ ਪੈਦਾ ਕਰਦਾ ਹੈ। ਪਰਾਪਤ ਕੀਤੀ ਮਾਇਆ ਨੂੰ ਦਾਨ ਕਰਨ ਦੇ ਭਰਮ ਭੁਲੇਖੇ ਵਿਚ, ਮਨ ਵਿੱਚ
ਹਉਮੈ ਪੈਦਾ ਕਰ ਕੇ ਪਰਮਾਤਮਾ ਤੋਂ ਵਿੱਥ ਬਣਾਉਂਦਾ ਹੈ, ਜੋ ਦੁਖ ਦਾ ਮੂਲ ਕਾਰਨ ਹੈ। ਫਿਰ ਮਰਨ ਵੇਲੇ
ਮਾਇਆ ਛੱਡਦਿਆਂ ਦੁਖੀ ਹੁੰਦਾ ਹੈ। ਗੁਰੂ ਸਾਹਿਬ ਪਰਮਾਤਮਾ ਦੇ ਦਰਬਾਰ ਵਿੱਚ ਕਬੂਲ ਹੋਣ ਵਾਲੀ ਚੀਜ਼
ਬਾਰੇ ਇਵੇਂ ਸੇਧ ਦਿੰਦੇ ਹਨ,
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ (੨)
ਪਰਮਾਤਮਾ ਦੇ ਅੱਗੇ ਕੀ ਚੀਜ਼ ਭੇਂਟ ਕਰੀਏ? ਜਿਸ ਨਾਲ ਉਸ ਦੇ ਦਰਬਾਰ ਬਾਰੇ ਜਾਣਕਾਰੀ ਹੋਵੇ। ਮੂੰਹ
ਨਾਲ ਕਿਹੋ ਜਿਹੇ ਬੋਲ ਬੋਲੀਏ? ਜਿਸ ਨੂੰ ਸੁਣ ਕੇ ਉਹ ਪ੍ਰਭੂ ਸਾਡੇ ਨਾਲ ਪਿਆਰ ਕਰਨ ਲੱਗੇ। ਜਵਾਬ
ਦਿੰਦੇ ਹਨ ਕਿ,
ਉਸ ਦੇ ਅੱਗੇ ਉਹ ਵੇਲਾ ਭੇਂਟ ਕਰੀਏ, ਜ਼ਿੰਦਗੀ ਵਿੱਚ ਜਿਸ ਵੇਲੇ ਸਾਡਾ ਮਨ, ਦੁਨੀਆਂ ਦੇ ਇਕੋ ਇੱਕ
ਅੰਮ੍ਰਿਤ ਨਾਲ, ਵਾਹਿਗੁਰੂ ਨਾਲ ਜੁੜਿਆ ਹੋਵੇ। ਅਤੇ ਉਸ ਨੂੰ ਉਹ ਬੋਲੀ ਸੁਣਾਈਏ, ਜਿਸ ਬੋਲ਼ੀ ਰਾਹੀਂ
ਅਸੀਂ, ਪ੍ਰਭੂ ਦੀ ਵਡਿਆਈ, ਉਸ ਦੀ ਰਜ਼ਾ ਬਾਰੇ ਵਿਚਾਰ ਕੀਤਾ ਹੋਵੇ। ਇਹੀ ਉਸ ਦੇ ਅੱਗੇ ਭੇਂਟ ਕਰਨ
ਵਾਲੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਉਹ ਕਬੂਲ ਕਰਦਾ ਹੈ। ਦੁਨਿਆਵੀ ਚੀਜ਼ਾਂ ਤਾਂ ਉਸ ਦੀਆਂ ਹੀ
ਦਿਤੀਆਂ ਹੋਈਆਂ ਹਨ।
ਇਹ ਸੀ ਸੁਖ ਦੁਖੁ ਬਾਰੇ ਸੰਖੇਪ ਜਿਹੀ ਵਿਚਾਰ। ਮੁੜਦੇ ਹਾਂ ਅਸਲ ਵਿਸ਼ੇ ਵੱਲ।
੧੯੦ ਅੰਗ ਵਾਲੇ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਆਪਾਂ ਸੁਖ ਦੁਖੁ ਦੀ ਵਿਚਾਰ ਕੀਤੀ ਹੈ, ਪਹਿਲੀ ਤੁਕ
ਵਿੱਚ ਦਸਿਆ ਹੈ,
॥ ੧॥ ਹੇ ਭਾਈ ਤੁੰ ਵੀ ਆਪਣੀ ਸਿਆਣਪ, ਆਪਣੀਆਂ ਚਤਰਾਈਆਂ ਛੱਡ ਕੇ, ਮਨ ਦੇ ਪਿਛੇ ਲਗਣਾ ਛੱਡ ਕੇ,
ਪੂਰੇ ਗੁਰ, ਸ਼ਬਦ ਗੁਰੂ ਦਾ ਆਸਰਾ ਲੈ, ਉਸ ਦੇ ਦੱਸੇ ਰਾਹ ਤੇ ਚੱਲ।
॥ ੨॥ ਜਿਸ ਮਨੁੱਖ ਨੂੰ, ਸ਼ਬਦ ਗੁਰੂ ਨੇ, ਹਰੀ ਦੇ ਨਾਮ ਦਾ ਮੰਤ੍ਰ, ਪ੍ਰਭੂ ਦੇ ਹੁਕਮ ਬਾਰੇ ਸੋਝੀ
ਦਿੱਤੀ ਹੈ, ਉਸ ਹੁਕਮ ਅਨੁਸਾਰ ਚਲਿਆਂ, ਉਸ ਬੰਦੇ ਦੇ ਸਾਰੇ ਝੋਰੇ, ਸਾਰੀ ਚਿੰਤਾ ਖਤਮ ਹੌ ਗਈ।
॥ ੩॥ ਜਦ ਸ਼ਬਦ ਗੁਰੂ ਕਿਰਪਾ ਕਰ ਦਿੰਦਾ ਹੈ ਤਾਂ ਆਤਮਕ ਮੌਤ ਲਿਆਉਣ ਵਾਲੀਆਂ, ਮਾਇਆ ਮੋਹ ਦੀਆਂ
ਫਾਹੀਆਂ ਕੱਟੀਆਂ ਜਾਂਦੀਆਂ ਹਨ, ਆਤਮਕ ਖੁਸ਼ੀਆਂ ਪਰਾਪਤ ਹੋ ਜਾਂਦੀਆਂ ਹਨ।
॥ ੪॥ ਹੇ ਨਾਨਕ ਆਖ, ਇਸ ਤਰ੍ਹਾਂ ਸ਼ਬਦ ਗੁਰੂ ਦੇ ਕਹੇ ਅਨੁਸਾਰ ਚੱਲਣ ਨਾਲ, ਪੂਰਾ ਗੁਰੁ, ਪਰਮਾਤਮਾ
ਮਿਲ ਪੈਂਦਾ ਹੈ, ਫਿਰ ਮਾਇਆ ਦੇ ਪ੍ਰਭਾਵ ਤੋਂ ਸਦੀਵੀ ਛੁਟਕਾਰਾ ਮਿਲ ਜਾਂਦਾ ਹੈ।