.

ਸੰਪ੍ਰਦਾਈ ਕਥਾਕਾਰਾਂ ਵੱਲੋਂ ਵਾਹਿਗੁਰੂ ਸ਼ਬਦ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਣ!

ਅਵਤਾਰ ਸਿੰਘ ਮਿਸ਼ਨਰੀ (510-432-5827)

ਗੁਰਮਤਿ ਨੂੰ ਬ੍ਰਾਹਮਣੀ ਮੱਤ ਵਿੱਚ ਰਲਗਡ ਕਰਦੀ ਸੰਪ੍ਰਦਾਈ-ਡੇਰੇਦਾਰ ਕਥਾਕਾਰਾਂ ਵਲੋਂ ਵਾਹਿਗੁਰੂ ਸ਼ਬਦ ਦੀ ਕੀਤੀ ਜਾ ਰਹੀ ਗਲਤ ਵਿਆਖਿਆ ਵੱਲ ਪ੍ਰਬੰਧਕ ਅਤੇ ਗੁਰ-ਸੰਗਤਾਂ ਵਿਸ਼ੇਸ਼ ਧਿਆਨ ਦੇਣ! ਡੇਰੇਦਾਰ ਸੰਪ੍ਰਦਾਈ ਪ੍ਰਚਾਰਕ ਵਾਹਿਗੁਰੂ ਸ਼ਬਦ ਦੇ ਅਰਥ ਕਰ ਰਹੇ ਹਨ ਕਿ “ਵ” ਸਤਿਜੁਗ ਦੇ ਅਵਤਾਰ ਵਾਸਦੇਵ (ਵਿਸ਼ਨੂ) ਤੋਂ ਲਿਆ, “ਹ” ਦੁਆਪਰ ਦੇ ਅਵਤਾਰ ਹਰਿਕ੍ਰਿਸ਼ਨ ਤੋਂ, “ਰ” ਤ੍ਰੇਤੇ ਦੇ ਅਵਤਾਰ ਰਾਮ ਤੋਂ ਅਤੇ “ਗ” ਕਲਜੁਗ ਦੇ ਅਵਤਾਰ ਗੋਬਿੰਦ ਤੋਂ ਆਦਿਕ। ਜਰਾ ਧਿਆਨ ਦਿਓ! ਕੀ ਗੁਰੂ ਸਾਹਿਬ ਮੰਨੇ ਗਏ ਚਾਰ ਜੁੱਗਾਂ ਜਾਂ ਅਵਤਾਰਾਂ ਨੂੰ ਮਾਨਤਾ ਦਿੰਦੇ ਹਨ? ਉਤਰ ਹੈ ਨਹੀਂ ਜਦ ਕਿ ਇਹ ਅਵਤਾਰ ਆਪਣੇ ਆਪਣੇ ਸਮੇਂ ਦੇ ਰਾਜੇ ਹੋਏ ਹਨ ਪਰ ਲੋਕ ਇਨ੍ਹਾਂ ਨੂੰ ਪ੍ਰਮਾਤਮਾਂ ਦੇ ਅਵਤਾਰ ਦੱਸ ਕੇ ਪੂਜਾ ਕਰਦੇ ਸਨ ਤੇ ਹਨ ਕਿਉਂਕਿ ਉਸ ਵੇਲੇ ਲੋਕ ਰਾਜੇ ਦਾ ਹੁਕਮ ਹੀ ਰੱਬੀ ਫੁਰਮਾਨ ਸਮਝਦੇ ਸਨ-ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ (423) ਗੁਰੂ ਜੀ ਇਨ੍ਹਾਂ ਮੰਨੇ ਗਏ ਅਵਤਾਰਾਂ ਬਾਰੇ ਫੁਰਮਾਂਦੇ ਹਨ-ਅਵਤਾਰ ਨਾ ਜਾਨੈ ਅੰਤੁ॥ ਪ੍ਰਮੇਸਰ ਪਾਰਬ੍ਰਹਮੁ ਬਿਅੰਤ॥ (894) ਅਵਤਾਰ ਵਾਹਿਗੁਰੂ ਪ੍ਰਮੇਸ਼ਰ ਦੀ ਬੇਅੰਤਤਾ ਨੂੰ ਹੀ ਨਹੀਂ ਜਾਣਦੇ ਜੋ ਜਨਮ ਮਰਨ ਤੋਂ ਰਹਿਤ ਹੈ। ਅਵਤਾਰ ਤਾਂ ਮਾਂ ਬਾਪ ਤੋਂ ਜੰਮੇ ਅਤੇ ਸਮੇ ਨਾਲ ਸਰੀਰ ਕਰਕੇ ਮਰੇ ਵੀ ਪਰ ਲੋਕ ਭਰਮਾਂ ਵਿੱਚ ਪਏ ਹੋਏ ਕੱਚੀਆਂ ਗੱਲਾਂ ਕਰਦੇ ਹਨ-ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਿਤ ਨਾਰਾਇਣ॥ (1136) ਗੁਰੂ ਸਾਹਿਬ ਕਲਪਿਤ ਅਵਤਾਰਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਹੀ ਵਾਹਿਗੁਰੂ ਸ਼ਬਦ ਬਣਾਕੇ ਸਿੱਖਾਂ ਨੂੰ ਉਨ੍ਹਾਂ ਦੇ ਨਾਵਾਂ ਵਾਲਾ ਮੰਤ੍ਰ ਹੀ ਕਿਉਂ ਦੇਣਗੇ? ਗੁਰੂ ਜੀ ਤਾਂ ਫੁਰਮਾਂਦੇ ਹਨ-ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸ਼ਾਹੁ ਦਿਸੈ ਜਾਹਰਾ॥ (397) ਫਿਰ ਸਾਡੇ ਸਾਧਾਂ ਅਤੇ ਸੰਪ੍ਰਦਾਈ-ਡੇਰੇਦਾਰ ਪ੍ਰਚਾਰਕਾਂ ਨੂੰ ਕਿਸਨੇ ਹੱਕ ਦਿੱਤਾ ਹੈ ਕਿ ਉਹ ਆਪਣੀ ਮਨ-ਮਰਜੀ ਨਾਲ ਗੁਰਮਤਿ ਦੀ ਬ੍ਰਾਹਮਣੀ ਵਿਆਖਿਆ ਕਰੀ ਜਾਣ?

ਆਓ ਜਰਾ ਵਾਹਿਗੁਰੂ ਸ਼ਬਦ ਦੀ ਵਿਚਾਰ ਕਰੀਏ! ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਦੇ ਲਿਖੇ ਮਹਾਨ ਕੋਸ਼ ਦੇ ਪੰਨਾ 1087 ਤੇ ਵਾਹਗੁਰੂ ਸ਼ਬਦ ਦੀ ਵਿਆਖਿਆ ਇਵੇਂ ਹੈ-ਜੋ ਮਨ ਬੁੱਧਿ ਤੋਂ ਪਰੇ ਸਭ ਤੋਂ ਵੱਡਾ ਪਾਰਬ੍ਰਹਮ ਧੰਨਤਾਯੋਗ ਕਰਤਾਰ, ਜਿਸ ਨੇ ਸੰਸਾਰਕ ਖੇਲ ਦੀ ਰਚਨਾ ਕੀਤੀ “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ (1403) ਵਾਹ ਦਾ ਅਰਥ ਹੈ ਅਸਚਰਜ ਰੂਪ, ਗੁ =ਅੰਧਕਾਰ ਵਿੱਚ, ਰੂ=ਪ੍ਰਕਾਸ਼ ਕਰਨ ਵਾਲਾ-ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗਯਾਨ ਅਨਿੱਤ। ਰੂ ਪ੍ਰਕਾਸ਼ ਕੀਯੋ ਜਿਨ ਚਿੱਤ। (ਨਾ. ਪ੍ਰਕਾਸ਼) ਸਿੱਖਾਂ ਦਾ ਮੂਲਮੰਤ੍ਰ-ਸਤਿਗੁਰੁ ਪੁਰਖ ਦਿਆਲ ਹੁਇ ਵਾਹਗੁਰੂ ਸਚ ਮੰਤ੍ਰ ਸੁਣਾਇਆ (ਭਾ. ਗੁ.) ਵਾਹੁ-ਵਾਹਗੁਰੂ ਦਾ ਸੰਖੇਪ-ਵਾਹੁ ਵਾਹੁ ਗੁਰਸਿਖ ਨਿਤ ਕਰਹਿ (515) ਕਰਤਾਰ ਬੇਪਰਵਾਹ ਹੈ-ਵਾਹੁ ਵਾਹੁ ਵੇਪਰਵਾਹੁ ਹੈ (ਗੂਜਰੀ ਮ: 3) ਗੁਰੂ ਅਮਰਦਾਸ ਜੀ ਨੇ ਖਾਸ ਕਰਕੇ ਕਰਤਾਰ ਦੀ ਮਹਿਮਾ ਵਾਹੁ ਵਾਹੁ ਸ਼ਬਦ ਨਾਲ ਕੀਤੀ ਹੈ-ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧਯਾਇਯਉ (ਸਵੈਯੇ ਮ: 4 ਕੇ) “ਵਾਹ” ਦਾ ਅਰਥ ਧੰਨ ਧੰਨ ਵੀ ਹੈ-ਵਾਹੁ ਮੇਰੇ ਸਾਹਿਬਾ ਵਾਹੁ (755)

ਗੁਰੂ ਗ੍ਰੰਥ ਸੰਕੇਤ ਕੋਸ਼ ਦੇ ਲੇਖਕ ਪਿਆਰਾ ਸਿੰਘ ਪਦਮ ਅਨੁਸਾਰ-ਵਾਹਗੁਰੂ ਦੋ ਸ਼ਬਦਾਂ ਦਾ ਸਮਾਸ ਹੈ (ਵਾਹ ਤੇ ਗੁਰੂ) ਵਾਹ ਦਾ ਅਰਥ ਅਸਚਰਜ ਅਤੇ ਗੁਰੂ ਦਾ ਅਰਥ ਪ੍ਰਕਾਸ਼ਕ ਗਿਆਨ ਸਤਾ ਹੈ। ਦੂਜੇ ਸ਼ਬਦਾਂ ਵਿੱਚ ਉਹ ਪਰਮ ਸ਼ਕਤੀ ਜੋ ਅਗੰਮ ਅਗੋਚਰ ਹੋਣ ਕਰਕੇ ਅਸਚਰਜ ਤੇ ਰਹਿਨੁਮਾਈ ਦੇਣ ਵਾਲੀ ਹੈ। ਪ੍ਰਾਚੀਨ ਭਾਰਤੀ ਸਹਿਤ ਵਿੱਚ ਇਹ ਸ਼ਬਦ ਪ੍ਰਾਪਤ ਨਹੀਂ ਪਰ ਸਿੱਖ ਸਹਿਤ ਵਿੱਚ ਨਵਾਂ ਸਿਰਜਿਆ ਗਿਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਇਉਂ ਪਤਾ ਲਗਦਾ ਹੈ ਕਿ ਪਹਿਲੇ ਪਹਿਲ ਜੋ ਗੁਰੂ ਦਰਸ਼ਨ ਲਈ ਸਿੱਖ ਅਉਂਦੇ ਸਨ, ਉਹ ਗੁਰੂ ਤੋਂ ਪ੍ਰਭਾਵਿਤ ਹੋ ਕੇ ਵਾਹ-ਗੁਰੂ, ਵਾਹ-ਗੁਰੂ (ਧੰਨ ਗੁਰੂ, ਧੰਨ ਗੁਰੂ) ਸ਼ਬਦ ਦਾ ਉਚਾਰਣ ਕਰਦੇ ਸਨ। ਉਹ ਆਪਣੇ ਆਤਮਕ ਅਨੰਦ ਨੂੰ ਇਸੇ ਤਰ੍ਹਾਂ ਹੀ ਪ੍ਰਗਟ ਕਰ ਸਕਦੇ ਸਨ। ਹੌਲੀ ਹੌਲੀ ਦੋਵੇਂ ਸ਼ਬਦ ਜੁੜ ਕੇ ਸਮਾਸ ਬਣ ਗਿਆ ਤੇ ਇਹ ਪ੍ਰਮੇਸ਼ਰ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋ ਰਹੀ ਸੀ ਉਸ ਸਮੇਂ ਭੱਟਾਂ ਇਸ ਸ਼ਬਦ ਦਾ ਪ੍ਰਯੋਗ ਜਿਵੇਂ ਕੀਤਾ ਉਸ ਤੋਂ ਪ੍ਰਤੱਖ ਹੁੰਦਾ ਹੈ ਕਿ ਇਹ ਸ਼ਬਦ ਪ੍ਰਮੇਸ਼ਰ ਦਾ ਬੋਧਕ ਹੋ ਗਿਆ ਸੀ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ (1403) ਸਾਰੀ ਰਚਨਾ ਪ੍ਰਮੇਸ਼ਰ ਦੀ ਹੀ ਹੋ ਸਕਦੀ ਹੈ ਕਿਸੇ ਦੇਹਧਾਰੀ ਗੁਰੂ ਦੀ ਨਹੀਂ।

ਪ੍ਰਸਿੱਧ ਵਿਦਵਾਨ ਭਾਈ ਵੀਰ ਸਿੰਘ ਅਨੁਸਾਰ- (ਸੰਸਕ੍ਰਿਤ ਵਿੱਚ) ਵਾਹ-ਲੈ ਜਾਣਾ, ਗੁਰੂ-ਗਿਆਨ ਪ੍ਰਕਾਸ਼ਕ ਭਾਵ ਜਿਸ ਪਾਸ ਗੁਰੂ ਲੈ ਜਾਏ ਸੋ ਪਾਰਬ੍ਰਹਮ ਪ੍ਰਮੇਸ਼ਰ। ਫਾਰਸੀ ਵਿੱਚ-ਵਾਹ-ਧੰਨ ਧੰਨ। ਪਾਰਬ੍ਰਹਮ-ਵਾਹੁ ਵਾਹੁ ਤਿਸ ਨੋ ਆਖੀਐ ਜੋ ਸਭ ਮਹਿ ਰਹਿਆ ਸਮਾਇ॥ (514) ਸਿਫਤ ਸਲਾਹ-ਵਾਹੁ ਵਾਹੁ ਸਿਫਤਿ ਸਲਾਹ ਹੈ (514) ਅਤੇ ਭਾਈ ਸਾਹਿਬ ਲਿਖਦੇ ਹਨ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਹਿਲੀ ਵਾਰ ਦੀ 49 ਵੀਂ ਪਾਉੜੀ “ਭਾਈ” ਜੀ ਦੀ ਨਹੀਂ ਹੋ ਸਕਦੀ ਕਿਉਂਕਿ ਇਸ ਪਰ ਗੁਣੀ ਜਣਾਂ ਨੂੰ ਸ਼ੰਕੇ ਹਨ ਕਿ-ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ ਵਿੱਚੋਂ ਵਾਸਦੇਵ, ਰਾਮ, ਹਰਿਕ੍ਰਿਸ਼ਨ ਅਤੇ ਗੋਬਿੰਦ ਅਵਤਾਰਾਂ ਦੇ ਨਾਵਾਂ ਤੋਂ “ਵਾ, ਰਾ, ਹ, ਗੋ” ਚਾਰ ਅੱਖਰ ਲੀਤੇ ਤਾਂ “ਵਾਰਾਹਗੋ” ਬਣਿਆਂ ਪਰ ਵਾਹਿਗੁਰੂ ਨਾਂ ਬਣਿਆਂ। ਜੇ ਸਤਿਜੁਗ, ਦੁਆਪਰ, ਤ੍ਰੇਤੇ ਅਤੇ ਕਲਜੁਗ ਦਾ ਕ੍ਰਮ ਬਦਲੋ ਤਾਂ “ਵਾਹਗੋਰਾ” ਬਣਦਾ ਹੈ। ਜੇ ਇੱਕ ਮਾਤ੍ਰ ਹੀ ਲਓ ਤਾਂ “ਵਹਗਰ” ਬਣਦਾ ਹੈ। ਵਾਸਦੇਵ ਚੋਂ ‘ਵ’ ਕੰਨੇ ਵਾਲਾ ਤੇ ਹਰੀਕ੍ਰਿਸ਼ਨ ਚੋਂ ‘ਹ’ ਮੁਕਤਾ ਤੇ ਰਾਮ ਵਿੱਚੋਂ ‘ਰ’ ਤੇ ਗੋਬਿੰਦ ਵਿੱਚੋਂ ‘ਗੁ’ ਲੀਤੇ। ‘ਵ” ਤਾਂ ਕੰਨੇ ਸਮੇਤ ਲਿਆ, ‘ਰਾ’ ਦਾ ਕੰਨਾ ਉਡਾ ਦਿੱਤਾ ਅਤੇ ‘ਗੋ’ ਦਾ ਹੋੜਾ ਔਂਕੜ ਵਿੱਚ ਬਦਲ ਦਿੱਤਾ, ਇਹ ਭਿੰਨਤਾ ਕਿਉਂ? ਭਾਈ ਗੁਰਦਾਸ ਜੀ ਵੇਲੇ ਸਤਿਗੁਰੂ ‘ਹਰਿ ਗੋਬਿੰਦ’ ਜੀ ਸਨ, ਤਾਂ ਅੱਖਰ ‘ਹ’ ਲੈਣਾ ਚਾਹੀਦਾ ਸੀ, ਹਰਿ ਗੋਬਿੰਦ ਚੋਂ ‘ਗ’ ਕੀਕੂੰ ਲੀਤਾ? ਉਂਝ ਵਡਿਆਈ ਨਮਿੱਤ ਗੁਰ ਨਾਨਕ ਨਾਮ ਚੋਂ ‘ਨ’ ਅੱਖਰ ਲੈਣਾ ਚਾਹੀਦਾ ਸੀ ਕਿਉਂਕਿ ਗੁਰੂ ਨਾਨਕ ਜੀ ਜਗਤ ਗੁਰੂ ਸਨ-ਜ਼ਾਹਰ ਪੀਰ ਜਗਤਿ ਗੁਰ ਬਾਬਾ (ਭਾ. ਗੁ.) ਗੋਬਿੰਦ ਗੁਰੂ ਜਿਸ ਤੋਂ ਲੇਖਕ ਦਾ ਇਸ਼ਾਰਾ ‘ਗੁਰੂ ਬੋਬਿੰਦ ਸਿੰਘ ਜੀ’ ਵੱਲ ਹੈ, ਅਜੇ ਪ੍ਰਗਟੇ ਨਹੀਂ ਸੇ। ਭਾਈ ਗੁਰਦਾਸ ਜੀ ਨੇ ਛਟਵਾਂ ਗੁਰੂ ਪੀਰ ਭਾਰੀ ਜੋ ਪ੍ਰਤੱਖ ਸੇ, ਛੱਡ ਕੇ ਅਤੇ ਆਦਿ ਗੁਰੂ ਨਾਨਕ ਛੱਡਕੇ ਦਸਮੇਂ ਗੁਰੂ ਦਾ ਅੱਖਰ ‘ਗ’ ਕਿਸ ਤਰ੍ਹਾਂ ਲੈ ਲਿਆ? ਕ੍ਰਿਸ਼ਨ ਅਤੇ ਰਾਮ ਕੇਵਲ ਅਵਤਾਰ ਮੰਨੇ ਜਾਂਦੇ ਹਨ ਅਰ ਕ੍ਰਿਸ਼ਨ ਤੋਂ ਛੁੱਟ ਬਾਕੀ ਦੇ ਅਵਤਾਰ ਵੀ ਸੋਲਾਂ ਕਲਾਂ ਸੰਪੂਰਨ ਨਹੀਂ ਮੰਨੀਂਦੇ। ਇਨ੍ਹਾਂ ਨੂੰ ਸਤਿਗੁਰੂ ਦੀ ਪਦਵੀ ਕਦੀ ਨਹੀਂ ਮਿਲੀ। ਰਾਮ ਚੰਦਰ ਦੇ ਗੁਰੂ ਵਸ਼ਿਸ਼ਟ ਤੇ ਵਾਸਦੇਵ ਸਨ ਅਤੇ ਸੰਦੀਪਨ ਤੇ ਦੁਰਬਾਸ਼ਾ ਰਿਖੀ ਕ੍ਰਿਸ਼ਨ ਦੇ ਗੁਰੂ ਸੇ। ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਗੁਰੂ ਕਿਕੂੰ ਆਖਿਆ? ਏਹ ਤਾਂ ਕੇਵਲ ਅਵਤਾਰ ਸੇ।

ਸੋ ਹਿੰਦੂ ਮੱਤ ਅਨੁਸਾਰ ਸਤਿਜੁਗ ਵਿੱਚ ਵਾਸਦੇਵ ਯਾਂ ਵਿਸ਼ਨੂੰ ਉਸ ਨਾਮ ਦੇ ਅਵਤਾਰ ਨਹੀਂ ਹੋਏ। ਵਾਸਦੇਵ ਨਾਮ ਹੈ ਕ੍ਰਿਸ਼ਨ ਦਾ ਜੋ ਉਨ੍ਹਾਂ ਦੇ ਪਿਤਾ ਵਾਸੁਨਵ ਤੋਂ ਬਣਿਆ ਹੈ। ਵਾਸਦੇਵ ਦਾ ਦੂਸਰਾ ਅਰਥ ਹੈ ਵਿਆਪਕ ਪਰਮੇਸ਼ਰ (ਦੇਖੋ ਵਿਸ਼ਨੂੰ ਪੁਰਾਣ) ਫਿਰ ਵਿਸ਼ਨੂੰ ਕਿ ਜਿਸ ਦਾ ਭਗਤੀ ਮਾਰਗ ਵਾਲੇ ਹਿੰਦੂ ਧਿਆਨ ਧਰਦੇ ਹਨ ਉਹ ਦੇਹਧਾਰੀ ਨਹੀਂ ਪਰ ਇੱਕ ਦੇਵਤਾ ਦਾ ਨਾਮ ਭੀ ਹੈ ਜੋ ਸਭਨਾਂ ਦੇਵਤਿਆਂ ਦਾ ਸ਼੍ਰੋਮਣੀ ਹੈ। ਵੇਦ ਵਿੱਚ ਹੋਰ ਅੱਠ ਦੇਵਤੇ ਹਨ ਜੋ ਵਸੂ ਕਹੀ ਦੇ ਹਨ। ਉਨ੍ਹਾਂ ਦੀਆਂ ਗਿਣਤੀਆਂ ਵਿੱਚੋਂ ਇੱਕ ਗਿਣਤੀ ਵਿੱਚ ਵਿਸ਼ਨੂੰ ਦਾ ਨਾਮ ਆਉਂਦਾ ਹੈ ਪਰ ਇਹ ਅੱਠੇ ਵੀ ਦੇਵਤੇ ਹੀ ਮੰਨੇ ਗਏ ਹਨ। ਵਿਸ਼ਨੂੰ ਦਾ ਦੂਸਰਾ ਅਰਥ ਵੀ ਵਿਆਪਕ ਹੀ ਹੈ। ਸੋ ਇਹ ਅਰਥ ਕਰਨਾ ਕਿ ਵਾਸਦੇਵ ਜੀ ਸਤਿਜੁਗ ਦੇ ਅਵਤਾਰ ਸਨ ਇਹ ਭੀ ਨਹੀਂ ਢੁਕਦਾ ਕਿਉਂਕਿ ਵਾਸਦੇਵ ਦੇ ਸਤਿਜੁਗ ਵਿੱਚ ਸਤਿਗੁਰੂ ਹੋਣ ਦਾ ਲੇਖ ਵੇਦ ਵਿੱਚ ਨਹੀਂ ਮਿਲਦਾ। ਸਤਿਗੁਰੂ ਪਦ ਦਸ ਗੁਰੂ ਸਾਹਿਬਾਨਾਂ ਨਾਲ ਵਰਤਿਆ ਗਿਆ ਹੈ। ਪਹਿਲੇ ਤ੍ਰੇਤੇ ਤੇ ਦੁਆਪਰ ਦੇ ਅਵਤਾਰਾਂ ਰਾਮ ਕ੍ਰਿਸ਼ਨ ਨਾਲ ਵੀ ਨਹੀਂ ਲਾਇਆ ਗਿਆ, ਉਹ ਅਵਤਾਰ ਕਹਾਏ ਅਤੇ ਦੇਹਧਾਰੀ ਗੁਰੂ ਉਨਾਂ ਨੇ ਧਾਰਨ ਕੀਤੇ। ਸੋ ਇਹ ਅਰਥ ਕਰਨਾਂ ਭੀ ਨਹੀਂ ਢੁੱਕਦਾ ਕਿ ਸਤਿਜੁਗ ਵਿੱਚ ਵਾਸਦੇਵ ਸਤਿਗੁਰੂ ਸੀ। ਨਾਂ ਇਹ ਢੁੱਕਦਾ ਹੈ ਕਿ ਸਤਿਗੁਰੂ ਨੇ ਵਾਸਦੇਵ ਵਿੱਚੋਂ ਵਵਾ ਲੀਤਾ ਕਿਉਂਕਿ ਤੁਕ ਵਿੱਚ ਕੋਈ ਕ੍ਰਿਆ ਪਦ ਨਹੀਂ ਪਿਆ, ਜੋ ਲੀਤਾ ਦਾ ਅਰਥ ਦੇਵੇ ਯਾ ਕਿਸੇ ਮਾਤ੍ਰਾ ਵਿੱਚੋਂ ਸੰਭਾਵਨ ਹੋ ਸਕੇ।

ਵਾਹਿਗੁਰੂ ਸ਼ਬਦ ਜਨਮ ਸਾਖੀਆਂ ਵਿੱਚ ਵੀ ਲਿਖਿਆ ਮਿਲਦਾ ਹੈ “ਬੋਲੋ ਭਾਈ ਵਾਹਿਗੁਰੂ” ਭੱਟਾਂ ਤੋਂ ਪਹਿਲਾਂ ਸੰਖੇਪ ਵਾਹੁ ਰੂਪ ਵਿੱਚ ਗੁਰਬਾਣੀ ਵਿੱਚ ਵਰਤਿਆ ਹੈ, ਭੱਟਾਂ ਨੇ ਤਾਂ ਇਸ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ-ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਗੁਰੂ ਗ੍ਰੰਥ) ਭਾ. ਗੁਰਦਾਸ ਜੀ ਨੇ ਵੀ ਵਾਰਾਂ ਵਿੱਚ ਕਈ ਵਾਰ ਵਰਤਦਿਆਂ ਸਪੱਸ਼ਟ ਕੀਤਾ ਹੈ-ਵਾਹਿਗੁਰੂ ਗੁਰਿ ਮੰਤ੍ਰੁ ਹੈ ਜਪਿ ਹਉਮੈ ਖੋਈ। ਅਤੇ ਗੁਰੂ ਨਾਨਕ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇਣ ਵੇਲੇ ਗੁਰ ਮੰਤ੍ਰ ਤੇ ਫਤਿਹ ਦੇ ਰੂਪ ਵਿੱਚ ਦ੍ਰਿੜ ਕਰਵਾਇਆ ਹੈ। ਅੱਜ ਵੀ ਦੇਖੋ ਹਿੰਦੂ ਰਾਮ ਰਾਮ, ਮੁਸਲਿਮ ਅੱਲਾਹ ਅੱਲਾਹ ਅਤੇ ਸਿੱਖ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਹੋਰ ਵੀ ਬਹੁਤ ਸਾਰੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਵਾਹਿਗੁਰੂ ਸ਼ਬਦ ਕਿਸੇ ਜੁਗ ਦੇ ਅਵਤਾਰ ਤੋਂ ਨਹੀਂ ਲਿਆ। ਜਿਹੜੇ ਅਵਤਾਰ ਆਪ ਜਰ, ਜੋਰੂ ਅਤੇ ਜ਼ਮੀਨ ਲਈ ਲੜਦੇ ਰਹਿ ਹੋਣ ਗੁਰੂ ਜੀ ਉਨ੍ਹਾਂ ਦਾ ਨਾਮ ਕਿਉਂ ਜਪਾਉਣਗੇ? ਸਤਿਗੁਰੂ ਨਾ ਹਿੰਦੂ ਹਨ ਨਾਂ ਮੁਸਲਮਾਨ-ਨਾਂ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥ (ਗੁਰੂ ਗ੍ਰੰਥ) ਅੱਜ ਗੁਰੂ ਗ੍ਰੰਥ ਦੀ ਫਿਲਾਸਫੀ ਨੂੰ ਛੱਡ ਕੇ ਕੋਈ ਆਪਣੇ ਆਪ ਨੂੰ ਪੰਡਿਤ ਅਤੇ ਵੇਦਾਂਤੀ ਕਹਾ ਰਿਹਾ ਹੈ। ਜਰਾ ਸੋਚੋ! ਨਿਆਰੇ ਸਿੱਖ ਪੰਥ ਦਾ ਆਗੂ ਵੇਦਾਂਤੀ ਕਿਵੇਂ ਹੋ ਸਕਦਾ ਹੈ? ਡੇਰੇਦਾਰ ਸੰਪ੍ਰਦਾਈ ਆਪਣੇ ਨਾਂ ਪਿਛੇ ਸਨਾਤਨ ਮੱਤ ਵਾਲੇ ਲਫਜ਼ ਸ੍ਰੀ ਮਾਨ ਸੰਤ ਜੀ ਮਹਾਂਰਾਜ 108 ਜਾਂ 1008 ਲਿਖ ਰਹੇ ਹਨ ਅਤੇ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਹਨ। ਗੁਰਬਾਣੀ ਦੇ ਨਿਰੋਲ ਅਰਥ ਕਰਦਿਆਂ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾਉਂਦਿਆਂ ਇਨ੍ਹਾਂ ਦੀ ਜ਼ਬਾਨ ਨਹੀਂ ਚਲਦੀ ਪਰ ਊਟ ਪਟਾਂਗੀ ਸਾਖੀਆਂ, ਚੁਟਕਲੇ ਅਤੇ ਬ੍ਰਾਹਮਣੀ ਵਿਚਾਰਧਾਰਾ ਬੜੇ ਫਕਰ ਨਾਲ ਸੁਣਾ ਸੁਣਾ ਕੇ ਸਿੱਖਾਂ ਦਾ ਭਗਵਾਕਰਨ ਕਰਨ ਵਿੱਚ, ਅੱਡੀ ਚੋਟੀ ਦਾ ਜੋਰ ਲਾ ਰਹੇ ਲਾਉਂਦੇ ਹੋਏ, ਇਹ ਬ੍ਰਾਹਮਣਨੁਮਾਂ ਬਾਬੇ ਕਥਾਵਾਚਕ ਸਾਡੇ ਆਗੂ ਵੀ ਬਣੇ ਫਿਰਦੇ ਹਨ। (R.S.S.) ਇਨ੍ਹਾਂ ਦੇ ਡੇਰਿਆਂ ਵਿੱਚ 99% ਘੁਸੜ ਕੇ, ਪੰਜ ਕਕਾਰੀ ਬਾਣਾ ਧਾਰਨ ਕਰਕੇ, ਪ੍ਰਚਾਰਕ ਵੀ ਬਣ ਚੁੱਕੀ ਹੈ, ਜਿਨ੍ਹਾਂ ਦੀ ਪਛਾਣ ਸਿਰਫ ਗੁਰ-ਸਿਧਾਂਤ ਤੋਂ ਹੀ ਕੀਤੀ ਜਾ ਸਕਦੀ ਹੈ, ਨਿਰਾ ਬਾਣੇ ਤੋਂ ਨਹੀਂ ਕਿ ਇਹ ਲੋਕ ਕੌਣ ਹਨ? ਇਹ ਲੋਕ ਸਾਡੇ ਸਿੱਖੀ ਸਿਧਾਂਤ ਮਿਲਗੋਭੇ ਕਰੀ ਜਾ ਰਹੇ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ-ਨਾ ਹਮ ਹਿੰਦੂ ਨਾ ਮੁਸਲਮਾਨ॥ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਵੀ ਲਿਖਦੇ ਹਨ ਕਿ-ਹਿੰਦੂ ਤੁਰਕਨ ਤੇ ਹੈ ਨਿਆਰਾ। ਫਿਰਕਾ ਇਨਕਾ ਅਪਰ ਅਪਾਰਾ। (ਪੰਥ ਪ੍ਰਕਾਸ਼) ਸੋ ਸਾਧ ਸੰਗਤ ਜੀ! ਵਾਹਿਗੁਰੂ ਸ਼ਬਦ ਬਾਰੇ ਜੇ ਕੋਈ ਬਾਬਾ ਜਾਂ ਕਥਾਵਾਚਕ ਤਰੋੜ ਮਰੋੜ ਕੇ ਗਲਤ ਅਰਥ ਕਰਦਾ ਹੈ ਤਾਂ ਚੁਪ ਕਰਕੇ ਅੱਖਾਂ ਮੀਟੀ ਸੁਣੀ ਹੀ ਨਾਂ ਜਾਓ। ਪਹਿਲਾਂ ਆਪ ਗੁਰ-ਸਿਧਾਂਤਾਂ (ਗੁਰਮਤਿ ਫਿਲੌਸਫੀ) ਤੋਂ ਜਾਣੂ ਹੋਵੋ ਤਾਂ ਤੁਸੀਂ ਇਨ੍ਹਾਂ ਸੰਪ੍ਰਦਾਈ-ਡੇਰੇਦਾਰ ਕਥਾਕਾਰਾਂ ਨੂੰ ਨਿਧੱੜਕ ਹੋ ਕੇ ਸਵਾਲ-ਜਵਾਬ ਕਰ ਸਕਦੇ ਹੋ। ਜੇ ਤੁਸੀਂ ਸਾਰੀ ਉੱਮਰ ਇਨ੍ਹਾਂ ਕਥਾਕਾਰਾਂ ਨੂੰ ਹੀ ਸੁਣਦੇ ਰਹੇ ਪਰ ਆਪ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਤੁਸੀਂ ਵੀ ਠੱਗੇ ਜਾਓਗੇ ਭਾਵ ਤੁਹਾਡਾ ਵੀ ਬ੍ਰਾਹਮਣੀਕਰਣ ਹੋ ਜਾਵੇਗਾ। ਇਹ ਲੋਕ ਤੁਹਾਡਾ ਐਸਾ ਮਾਂਈਡਵਾਸ਼ ਕਰਨਗੇ ਕਿ ਤੁਸੀਂ ਇਨ੍ਹਾਂ ਭੱਦਰਪੁਰਸ਼ਾਂ ਨੂੰ ਸਵਾਲ-ਜਵਾਬ ਕਰਨਾਂ ਵੀ ਪਾਪ ਸਮਝਣ ਲੱਗ ਜਾਓਗੇ।

ਵਾਹਿਗੁਰੂ ਸ਼ਬਦ ਦੇ ਸਿੱਧੇ ਅਰਥ ਹਨ (ਵਾਹ) ਅਸਚਰਜ, ਅਦਭੁਤ, ਵੰਡਰਫੁਲ, ਧਂਨਤਾਯੋਗ ਅਤੇ (ਗੁਰੂ) ਅਗਿਅਨਤਾ ਦੇ ਅੰਧੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨਵਾਲਾ ਸਰਬ ਵਿਆਪਕ ਗੁਰ-ਪਰਮੇਸ਼ਰ (ਗੁਰ ਪਰਮੇਸਰੁ ਏਕੋ ਜਾਣੁ॥ ਜਾ ਮਹਿ ਭੇਦ ਰੰਚ ਪਛਾਨ॥) (964) ਸਿੱਖ ਦਾ ਗੁਰੂ ਹੈ ਸ਼ਬਦ (ਗਿਆਨ) ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗੁ ਬਉਰਾਨੰ॥ (635) ਉਹ ਸ਼ਬਦ (ਗਿਅਨ) ਹੀ ਵਾਹਿਗੁਰੂ ਹੈ। ਜਦ ਸਿੱਖ ਦਾ ਹਿਰਦਾ ਐਸੇ ਰੱਬੀ-ਗਿਆਨ (ਸ਼ਬਦ) ਨਾਲ ਭਰ ਜਾਂਦਾ ਹੈ ਜਾਂ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾਂ ਕਰਦਾ ਹੈ ਜਾਂ ਉਸ ਦੇ ਅਨੋਖੇ ਅਦਭੁਤ ਕੌਤਕ ਅਤੇ ਨਜਾਰੇ ਤੱਕਦਾ ਹੈ ਤਾਂ ਉਸ ਦਾ ਮਨ ਇਕਾਗਰ ਹੋ ਕਹਿ ਉੱਠਦਾ ਹੈ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ (1403) ਧੰਨ ਵਾਹਿਗੁਰੂ! ਧੰਨ ਵਾਹਿਗੁਰੂ! ! ਧੰਨ ਵਾਹਿਗੁਰੂ! ! ! ਤੂੰ ਹੀ ਗਿਆਨ ਦਾ ਦਾਤਾ ਹੈਂ ਨਾਂ ਕਿ ਕੋਈ “ਵ” ਵਿਸ਼ਨੂੰ.”ਹ” ਹਰਿਕ੍ਰਿਸ਼ਨ, “ਗ” ਗੋਬਿੰਦ ਅਤੇ “ਰ” ਰਾਮ ਅਵਤਾਰ। ਬਚੋ! ਐਸੇ ਕਥਾਕਾਰਾਂ ਕੋਲੋਂ ਜੋ ਵਾਹਿਗੁਰੂ ਸ਼ਬਦ ਵਿੱਚ ਵੀ ਦੇਵੀ ਦੇਵਤੇ-ਅਵਤਾਰਾਂ ਦੇ ਨਾਂ ਘਸੋੜ ਰਹੇ ਹਨ। ਗੁਰਬਾਣੀ ਜਾਂ ਗੁਰ ਸਿਧਾਂਤਾਂ ਦੀ ਵਿਆਖਿਆ ਵੇਦਾਂ, ਸਿਮਰਤੀਆਂ, ਪੁਰਾਣਾਂ ਅਤੇ ਸੰਪ੍ਰਦਾਈ-ਡੇਰੇਦਾਰ ਸੰਤਾਂ ਦੇ ਲਿਖੇ ਗ੍ਰੰਥਾਂ ਅਨੁਸਾਰ ਨਹੀਂ ਕੀਤੀ ਜਾ ਸਕਦੀ ਬਲਕਿ ਗੁਰਬਾਣੀ ਦੇ ਸਿਧਾਂਤ ਗੁਰਬਾਣੀ ਵਿੱਚੋਂ ਹੀ ਖੋਜੇ ਜਾ ਸਕਦੇ ਹਨ। ਜਿਵੇਂ ਸਮੁੰਦਰ ਵਿੱਚ ਡੂੰਗੀ ਚੁੱਭੀ ਮਾਰਨਵਾਲਾ ਹੰਸ ਮੋਤੀ ਹੀਰੇ ਲੱਭ ਲੈਂਦਾ ਹੈ ਹੀਰੇ ਰਤਨ ਲਭੰਨਿਪਰ ਬਗਲਾ ਡਡੀਆਂ ਮਛੀਆਂ ਹੀ ਭਾਲਦਾ ਰਹਿੰਦਾ ਹੈ-ਹੰਸਾਂ ਹੀਰਾ ਮੋਤੀ ਚੁਗਣਾ ਬਗ ਡਡਾਂ ਭਾਲਣ ਜਾਵੈ (960) ਜਿਵੇਂ ਭਾ. ਰਣਧੀਰ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਗੁਰਬਾਣੀ ਵਿਆਕਰਣ ਲੱਭੀ ਜਿਸ ਅਨੁਸਾਰ ਸਾਰੀ ਬਾਣੀ ਦੇ ਅਰਥ ਕੀਤੇ ਨਾਂ ਕਿ ਕਿਸੇ ਵੇਦ ਜਾਂ ਡੇਰੇ ਸੰਪ੍ਰਦਾ ਦੇ ਗ੍ਰੰਥ ਅਨੁਸਾਰ। ਵਾਹਿਗੁਰੂ ਕਿਸੇ ਦੇਵੀ ਦੇਵਤੇ ਜਾਂ ਅਵਤਾਰ ਦੇ ਅੱਖਰਾਂ ਦਾ ਮੁਥਾਜ ਨਹੀਂ ਸਗੋਂ ਸੁਤੰਤਰ ਹੈ ਕਿਸੇ ਨੂੰ ਕੋਈ ਹੱਕ ਨਹੀਂ ਇਸ ਦੀ ਵੇਦਾਂਤੀ ਵਿਆਖਿਆ ਕਰੇ। ਸਿੱਖ ਦੇਵੀਆਂ ਜਾਂ ਅਵਤਾਰਾਂ ਦੇ ਪੂਜਕ ਨਹੀਂ ਸਗੋਂ ਇੱਕ ਅਕਾਲ ਦੇ ਪੁਜਾਰੀ ਹਨ। ਸੋ ਪ੍ਰਬੰਧਕ ਸਹਿਬਾਨ ਅਤੇ ਗੁਰ-ਸੰਗਤ ਜੀ! ਇਨ੍ਹਾਂ ਲੰਬੇ ਚੋਲੇ ਵਾਲਿਆਂ ਡੇਰੇਦਾਰ-ਸੰਪ੍ਰਦਾਈਆਂ ਨੂੰ ਸਿੱਖੀ ਨੂੰ ਭਗਵਾਕਰਨ ਕਰਨ ਤੋਂ ਰੋਕੋ ਨਹੀਂ ਤਾਂ ਇਹ ਲੋਕ ਸਮੁੱਚੀ ਬਾਣੀ ਦੀ ਵੇਦਾਂਤੀ ਵਿਆਖਿਆ ਕਰ ਦੇਣਗੇ ਜੋ ਗੁਰਸਿੱਖਾਂ ਨੂੰ ਕਲਪਿਤ, ਕਰਮਕਾਂਡੀ ਵਹਿਮਾਂ-ਭਰਮਾਂ ਦੇ ਬ੍ਰਾਹਮਣਵਾਦ ਰੂਪ ਖਾਰੇ ਸਮੁੰਦਰ ਵੱਲ ਧਕੇਲ ਦੇਵੇਗੀ। ਸੋ ਗੁਰਸਿੱਖੋ! ਆਪ ਵੀ ਵਿਚਾਰਵਾਦੀ ਬਣੋ ਨਿਰਾ ਕਲਪਿਤ ਕੰਨ-ਰਸੀ ਕਥਾ ਕਹਾਣੀਆਂ ਸੁਣਨ ਦੇ ਹੀ ਆਦੀ ਹੀ ਨਾਂ ਬਣੇ ਰਹੋ। ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮੱਤਿ ਬਖਸ਼ੇ, ਬੋਲੋ ਭਾਈ ਵਾਹਿਗੁਰੂ! ! !
.