.

“…. . ਸੁਇਨਾ ਰੁਪਾ ਖਾਕੁ॥”

ਕੁੱਝ ਵਰ੍ਹੇ ਹੋਏ ਅਸੀਂ ਤਰਨਤਾਰਨ ਦੇ ਪ੍ਰਸਿੱਧ ਗੁਰੂਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਗਏ। ਬੜਾ ਵਸੀਹ ਧਰਮ-ਸਥਾਨ ਹੈ! ਰੰਗਾ-ਰੰਗ ਦੇ ਲੋਕਾਂ ਦੀ ਗਹਿਮਾ-ਗਹਿਮੀ ਵੀ ਬਿਆਨ ਤੋਂ ਬਾਹਰ! ਕਹਿੰਦੇ ਹਨ ਕਿ ਸਿੱਖਾਂ ਦੇ ਤੀਰਥ-ਸਥਾਨਾਂ ਵਿੱਚੋਂ ਸੱਭ ਤੋਂ ਵੱਡਾ ਸਰੋਵਰ ਇਸ ਗੁਰੂਦਵਾਰੇ ਦਾ ਹੈ। ਹਫ਼ਤੇ ਦਾ ਆਮ ਦਿਨ ਹੋਣ ਦੇ ਬਾਵਜੂਦ ਵੀ ਇਸ਼ਨਾਨ ਕਰ ਕੇ ਮੁਕਤੀ ਪਾਉਣ ਵਾਲਿਆਂ ਦੀ ਵੱਡੀ ਭੀੜ ਲੱਗੀ ਹੋਈ ਸੀ। (ਗੁਰੂਆਂ ਦੇ ਹੁਕਮ ਅਨੁਸਾਰ ਤੀਰਥ ਅਤੇ ਤੀਰਥ-ਇਸ਼ਨਾਨ ਦੋਵੇਂ ਪੁਜਾਰੀਆਂ ਦੀ ਕਾਢ ਹਨ ਅਤੇ ਲੋਕਾਂ ਨੂੰ ਠੱਗਨ ਦਾ ਚੱਤੁਰ ਤਰੀਕਾ ਹਨ। ਗੁਰਬਾਣੀ ਵਿੱਚ ਦੋਹਾਂ ਦੀ ਮਨਾਹੀ ਹੈ)।

ਜਦ ਅਸੀਂ ਪਰਕਰਮਾ ਕਰਕੇ ਮੱਥਾ ਟੇਕਣ ਲਈ ਗੁਰੂਦਵਾਰਾ ਸਾਹਿਬ ਦੇ ਅੰਦਰ ਜਾ ਰਹੇ ਸਾਂ ਤਾਂ ਇੱਕ ਕੋਝੇ, ਅਧਾਰਮਿਕ ਤੇ ਮਨ ਨੂੰ ਨਾਂ ਭਾਵਨ ਵਾਲੇ ਦ੍ਰਿਸ਼ ਨੇਂ ਸਾਡਾ ਧਿਆਨ ਖਿੱਚ ਲਿਆ। ਦਰਬਾਰ ਸਾਹਿਬ ਦੇ ਦਰ ਦੇ ਬਾਹਰ ਇੱਕ ਖੁਲ੍ਹੇ ਸਥਾਨ ਉੱਤੇ ਸ਼ੀਸ਼ੇ ਦਾ ਇੱਕ ਗੋਲਕਨੁਮਾ ਸ਼ੋਅ-ਕੇਸ ਪਿਆ ਸੀ। ਸਾਡੇ ਅਨੁਮਾਨ ਅਨੁਸਾਰ ਇਸ ਤਾਲਾ-ਬੰਦ ਸ਼ੋਅ-ਕੇਸ ਤੇ ਕਿਸੇ ਸੇਵਾਦਾਰ ਦੀ ਤਾੜਵੀਂ ਨਿਗਾਹ ਵੀ ਜ਼ਰੂਰ ਹੋਵੇਗੀ, ਕਿਉਂਕਿ ਇਸ ਵਿੱਚ ਮਾਇਆ ਦੇ ਨੋਟ ਨਹੀਂ ਸਗੋਂ ਸੋਨੇ ਦੇ ਗਹਿਣੇ ਸਨ। ਧਰਮ ਦਾ ਵਾਸਤਾ ਪਾਕੇ, ਉਸ ਗੋਲਕ ਉੱਤੇ ਬੜੇ ਪ੍ਰਭਾਵਸ਼ਾਲੀ ਅੱਖਰਾਂ ਵਿੱਚ ਗੁਰੂਦਵਾਰੇ ਦੇ ਵੱਖ ਵੱਖ ਸਥਾਨਾਂ ਨੂੰ ਸੋਨੇਂ ਨਾਲ ਸ਼ਿੰਗਾਰਨ ਦੀ ਕਾਰ ਸੇਵਾ ਲਈ ਸੋਨਾ-ਦਾਨ ਕਰਨ ਲਈ ਲਿਖਿਆ ਸੀ। ਇਸ ਸੁਨਹਿਰੀ ਕਾਰਸੇਵਾ ਦੀ ਸੇਵਾ ਕਿਸੇ ਬਾਬੇ ਦੀ ਨਿਗਰਾਨੀਂ ਤੇ ਅਧਿਕਾਰਾਧੀਨ ਸੀ।

ਕੁੱਝ ਯਾਤ੍ਰੀ ਬੀਬੀਆਂ ਉਸ ਸ਼ੋਅ-ਕੇਸ ਕੋਲਦੀ ਲੰਘੀਆਂ। ਇੱਕ ਬੀਬੀ ਸੋਨੇ ਦੇ ਦਾਨ ਲਈ ਰੱਖੀ ਉਸ ਗੋਲਕ ਕੋਲ ਰੁਕ ਗਈ। ਚਿਹਰੇ ਦੇ ਹਾਵਾਂ ਭਾਵਾਂ ਤੋਂ ਉਹ ਨਿਮਾਨੀ ਜਿਹੀ ਬੀਬੀ ਕੋਈ ਦੀਨ ਦੁੱਖੀਆ ਲੱਗਦੀ ਸੀ। ਉਸ ਨੇ ਆਪਣੇ ਗਲ ਤੇ ਹੱਥਾਂ ਵਿੱਚ ਜੋ ਵੀ ਥੋੜੇ ਬਹੁਤ ਗਹਿਣੇ ਪਾਏ ਸਨ ਉਹ ਲਾਹ ਕੇ ਗੋਲਕ ਵਿੱਚ ਪਾ ਦਿੱਤੇ। ਇਸ ਸੋਨ-ਦਾਨ ਕਰਨ ਤੋਂ ਬਾਅਦ ਉਸ ਦਾ ਦੁਖੀ ਚਿਹਰਾ ਵਧੇਰੇ ਦੁਖੀ ਹੋ ਗਿਆ ਲੱਗਦਾ ਸੀ। ਉਸ ਦੀਆਂ ਅੱਖਾਂ ਵਿੱਚ ਗ਼ਮੀ ਦੇ ਅਥਰੂ ਵੀ ਦਿਖਾਈ ਦੇ ਰਹੇ ਸਨ। ਅਸੀਂ ਸੋਚਣ ਤੇ ਮਜਬੂਰ ਹੋ ਗਏ ਕਿ ਹੋ ਸਕਦਾ ਹੈ ਕਿ ਦਾਨ ਕੀਤੇ ਗਹਿਣੇ ਉਸ ਦੁਖਿਆਰੀ ਦੇ ਮਾਪਿਆਂ, ਭੈਣ ਭਰਾਵਾਂ, ਸਨਬੰਧੀਆਂ ਦੇ ਲਾਡ ਅਤੇ ਜਾਂ ਫ਼ਿਰ ਪਤੀ ਦੇ ਪਿਆਰ ਦੀ ਵਡਮੁੱਲੀ ਨਿਸ਼ਾਨੀਂ ਹੋਣ, ਅਤੇ ਇਨ੍ਹਾਂ ਨਾਲ ਉਸ ਬੀਬੀ ਦੇ ਅਨਮੋਲ ਜਜ਼ਬਾਤਾਂ ਦੀ ਨਿੱਘੀ ਸਾਂਝ ਹੋਵੇ! ਅਤੇ, ਪੁਜਾਰੀਆਂ ਦੇ ਪ੍ਰਭਾਵ ਹੇਠ ਕਿਸੇ ਦੁੱਖ ਤੋਂ ਛੁਟਕਾਰਾ ਪਾ ਕੇ ਸੁੱਖ ਦੀ ਮਨੋਕਾਮਨਾਂ ਦੀ ਪੂਰਤੀ ਖ਼ਾਤਿਰ ਇਹ ਸੱਭ ਕੁੱਝ ਕਰ ਬੈਠੀ ਹੋਵੇ! ਸਾਡੀ ਘੁਸਰ ਮੁਸਰ ਸੁਣ ਕੇ ਇੱਕ ਸੱਚੇ ਗੁਰਸਿੱਖ ਬਜ਼ੁਰਗ ਨੇ ਪੀੜਿਤ ਹਿਰਦੇ ਨਾਲ ਸਾਨੂੰ ਦੱਸਿਆ ਕਿ ਸਿਰਫ਼ ਏਥੇ ਹੀ ਨਹੀਂ ਸਗੋਂ ਅਗਿਆਨ ਲੋਕਾਂ ਦੇ ਜਜ਼ਬਾਤਾਂ ਨਾਲ ਇਹ ਮਨਮਤੀ ਖਲਵਾਰ ਬੜੇ ਗੁਰੂਦਵਾਰਿਆਂ ਵਿੱਚ ਕੀਤਾ ਜਾਂਦਾ ਹੈ। ਇਹ ਸੱਭ ਕੁੱਝ ਗੁਰੂਦਵਾਰਿਆਂ ਦੇ ਮਾਇਆਧਾਰੀ ਪ੍ਰਬੰਧਕਾਂ ਤੇ ਪੁਜਾਰੀਆਂ ਦੀ ਮਿਲਵੀਂ ਸਾਜ਼ਿਸ਼ ਹੈ। ਸਾਡੇ ਇੱਕ ਸਾਥੀ ਨੇ ਬਜ਼ੁਰਗ ਦੀ ਕਹਿਣੀ ਦੀ ਪ੍ਰੋਢਤਾ ਕਰ ਦਿੱਤੀ।

ਅਸੀਂ ਕਈ ਹੋਰ ਸ਼ਰਧਾਲੂਆਂ ਵਾਂਗ ਆਤਮਿਕ ਸ਼ਾਂਤੀ ਦੀ ਭਾਲ ਵਿੱਚ ਗਏ ਸੀ ਪ੍ਰੰਤੂ ਮਨ ਦੀ ਸ਼ਾਂਤੀ ਗਵਾ ਕੇ ਆ ਗਏ। ਉਸ ਦੁਖਿਆਰੀ ਦੇ ਦਾਨ ਦਾ ਦੁਖਾਂਤਕ ਦ੍ਰਿਸ਼ ਸਮੇ ਸਮੇ ਸਨੂੰ ਸਤਾਉਂਦਾ ਰਿਹਾ। ਵਕਤ ਨਾਲ ਇਸ ਕੌੜੀ ਯਾਦ ਨੂੰ ਭੁੱਲ ਚੱਲੇ ਸੀ ਕਿ ਇੱਕ ਤਾਜ਼ਾ ਖ਼ਬਰ ਨੇ ਮਨ ਦੇ ਪੁਰਾਣੇ ਜ਼ਖ਼ਮ ਹਰੇ ਕਰ ਦਿੱਤੇ। ਖ਼ਬਰ ਦਾ ਵੇਰਵਾ ਹੇਠਾਂ ਲਿਖੇ ਮੁਤਾਬਕ ਹੈ:

‘ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਨੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਬੰਗਲਾ ਸਾਹਿਬ ਗੁਰਦਵਾਰੇ ਨੂੰ ਹਰਿਮੰਦਰ ਸਾਹਿਬ ਦੀ ਤਰ੍ਹਾਂ ਅੰਦਾਜ਼ਨ 125 (ਇੱਕ ਸੌ ਪੰਝੀ) ਕਿੱਲੋ ਸੋਨੇ ਨਾਲ ਸ਼ਿੰਗਾਰਿਆ ਜਾਵੇ ਗਾ। 25 ਕਿੱਲੋ ਸੋਨਾ ਕਮੇਟੀ ਦੇਵੇਗੀ (? ? ?), ਅਤੇ ਬਾਕੀ 100 (ਸੌ) ਕਿੱਲੋ ਸੰਗਤਾਂ ਤੋਂ ਦਾਨ ਦੇ ਤੌਰ ਤੇ ਲਿਆ ਜਾਵੇਗਾ। (ਸੋਨੇ ਦੇ ਵਾਪਾਰੀਆਂ ਦੇ ਕਥਨ ਮੁਤਾਬਿਕ ਇਤਨੇ ਸੋਨੇ ਦੇ ਮੁੱਲ ਦਾ ਅਨੁਮਾਨ 25-30 ਕ੍ਰੋੜ ਰੁਪਏ ਬਣਦਾ ਹੈ)। ਸੋਨੇ ਦੀ ਕਾਰ ਸੇਵਾ ਦੇ ਹੱਕ ਕਿਸੇ ਹਰਬੰਸ ਸਿੰਘ ਨਾਮ ਦੇ ਬਾਬੇ ਨੂੰ ਦਿੱਤੇ ਜਾਣੇ ਹਨ’।

ਇਹ ਖ਼ਬਰ ਪੜ੍ਹ ਕੇ ਤਰਨਤਾਰਨ ਵਾਲੀ ਸੋਨੇ ਦੀ ਦਾਨੀ ਦੁਖਿਆਰੀ ਬੀਬੀ ਦੀ ਯਾਦ ਤਾਜ਼ਾ ਹੋ ਗਈ ਅਤੇ ਉਸ ਜਿਹੀਆਂ ਹੋਰ ਹਜ਼ਾਰਾਂ ਬੀਬੀਆਂ ਜੋ ਦੁੱਖਾਂ ਤੋਂ ਮੁਕਤੀ ਪਾ ਕੇ ਸੁੱਖ ਦੀ ਆਸ ਵਿੱਚ ਆਪਣੇ ਸਕੇ ਸਨਬੰਧੀਆਂ ਦਾ ਜ਼ੇਵਰਾਂ ਦੀ ਸੂਰਤ ਵਿੱਚ ਦਿੱਤਾ ਪਿਆਰ ਤੇ ਆਸ਼ੀਰਵਾਦ ਇਨ੍ਹਾਂ ਪਦਾਰਥਵਾਦੀਆਂ ਦੀ ਕੁੜਿਕੀ ਵਿੱਚ ਫਸ ਕੇ ਲੁਟਾ ਦੇਣਗੀਆਂ, ਦੀ ਕਲਪਣਾਂ ਕਰਕੇ ਮਨ ਅਤਿਅੰਤ ਪੀੜਤ ਹੋਇਆ।। ਇਸ ਦਾਨ ਬਦਲੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ, ਖਵਾਰੀ, ਗ਼ਰੀਬੀ ਤੇ ਵਧੇਰੇ ਦੁੱਖਾਂ ਦੇ ਸਿਵਾ ਹੋਰ ਕੁੱਝ ਨਹੀਂ ਲੱਭਣਾਂ। ਇਹ ਸੱਭ ਸੋਚ ਕੇ ਲਗ ਪਗ ਭਰ ਚੁੱਕੇ ਪੁਰਾਣੇ ਜ਼ਖ਼ਮਾ ਵਿੱਚ ਫਿਰ ਤੋਂ ਚੀਸਾਂ ਪੈਣ ਲਗ ਪਈਆਂ। ਅਤੇ, ਮਨ ਦਾ ਬੋਝ ਹਲਕਾ ਕਰਨ ਲਈ ਅਸੀਂ ਇਹ ਸਤਰਾਂ ਲਿੱਖਣ ਤੇ ਮਜਬੂਰ ਹੋ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਭਰੋਸਾ ਰੱਖਣ ਵਾਲੇ ਸਜਨੋ ਆਓ! ਗੁਰਬਾਣੀ ਅਨੁਸਾਰ ਉਪਰ ਲਿਖੇ ਤੱਥ ਨੂੰ ਵਿਚਾਰੀਏ:

ਗੁਰਬਾਣੀ ਵਿੱਚ ਸੋਨੇ ਨੂੰ ਮਿੱਟੀ ਕਿਹਾ ਗਿਆ ਹੈ। ਇਹ ਵੀ ਦ੍ਰਿੜ ਕਰਵਾਇਆ ਗਿਆ ਹੈ ਕਿ ਜਿੱਥੇ ਸੋਨੇ ਚਾਂਦੀ ਦੇ ਦਰਸ਼ਨ ਹੋ ਜਾਣ, ਓਥੇ ਰੱਬ ਭੁੱਲ ਜਾਂਦਾ ਹੈ। ਸਿੱਖ ਵੀ ਓਹੀ ਵਿਅਕਤੀ ਕਿਹਾ ਜਾ ਸਕਦਾ ਹੈ ਜੋ ਇਸ ਤਰ੍ਹਾਂ ਦੀ ਪਵਿੱਤਰ ਵਿਚਾਰ ਦਾ ਧਾਰਨੀ ਹੈ। “ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ॥” ਮਾਰੂ ਮ: ੧ (ਪੰਨਾ 1092), “ਬਿਨੁ ਹਰਿ ਸਗਲ ਨਿਰਾਰਥ ਕਾਮ॥ ਸੁਇਨਾ ਰੁਪਾ ਮਾਟੀ ਦਾਮ॥” ਰਾਮਕਲੀ ਮ: ੫ (ਪੰਨਾ 889) ਅਤੇ, “……ਕੰਚਨ ਮਾਟੀ ਮਾਨੈ॥” ਮ: ੯। ਤਾਂ ਕੀ ਫ਼ਿਰ ਨਾਨਕ ਪੰਥ ਦੇ ਰਾਖੇ ਅਖਵਾਉਣ ਵਾਲੇ ਇਹ ਅਕਾਲੀ ਦਲ, ਹੁਕਮ ਚਲਾਉਣ ਵਾਲੇ ਅਤੇ ਸਿੱਖੀ ਤੇ ਪੰਥ ਨੂੰ ਬਚਾਉਣ ਦੇ ਨਾਅਰਿਆਂ ਦੀਆਂ ਟਾਹਰਾਂ ਮਾਰਨ ਵਾਲੇ ਜਥੇਦਾਰ, ਕਮੇਟੀਆਂ ਦੇ ਪ੍ਰਧਾਨ ਤੇ ਹੋਰ ਕਰਮਚਾਰੀ ਅਤੇ ਪੁਜਾਰੀ ਵਗ਼ੈਰਾ ਗੁਰੂ ਘਰਾਂ ਉੱਤੇ ਮਿੱਟੀ ਥੱਪ ਰਹੇ ਹਨ? ਗੁਰਬਾਣੀ ਦਾ ਸੁਨੇਹਾ ਹੈ, “ਮੋਤੀ ਤ ਮੰਦਰ ਊਸਰਹਿ, ਰਤਨੀ ਤ ਹੋਇ ਜੜਾਉ॥ ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥” ਇੱਥੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ਇਹ ਸਾਰੇ ਦੇ ਸਾਰੇ ਚੌਧਰੀ ਸਿੱਖ ਨਹੀਂ, ਸਗੋਂ ਸਿੱਖੀ ਨੂੰ ਡੋਬਣ ਤੇ ਤੁਲੇ ਹੋਏ ਮਨਮੁੱਖ ਹਨ। ਇਹ ਲੋਕ ਮਾਇਆ ਦੀ ਖ਼ਾਤਿਰ ਮਨੁਖਤਾ ਨਾਲ ਤਾਂ ਧੋਖਾ ਕਰਦੇ ਹੀ ਹਨ, ਨਾਲ ਹੀ ਰੱਬ ਅਤੇ ਉਸ ਦੇ ਘੱਲੇ ਗੁਰੂ, ਤੇ ਪੀਰਾਂ ਫ਼ਕੀਰਾਂ ਦੇ ਨਾਵਾਂ ਨੂੰ ਬਦਨਾਮ ਕਰ ਰਹੇ ਹਨ। ਇਹ ਅਧਰਮ ਅੰਮ੍ਰਿਤਸਰ, ਦਿੱਲੀ ਅਤੇ ਬਾਕੀ ਦੇ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ, ਇਨ੍ਹਾਂ ਤੋਂ ਸਿੱਖਿਆ ਲੈ ਕੇ, ਸਾਰੇ ਸੰਸਾਰ ਦੇ ਗੁਰੂਦਵਾਰਿਆਂ ਵਿੱਚ ਹੋ ਰਿਹਾ ਹੈ।

ਗੁਰੂ ਸਾਹਿਬਾਨ ਤਾਂ ਹਮੇਸ਼ਾ ਦੁਖੀਆਂ ਦਰਦੀਆਂ ਦੀ ਮਦਦ ਕਰਕੇ ਉਨ੍ਹਾਂ ਦੇ ਜ਼ਖ਼ਮਾ ਉੱਤੇ ਦਯਾ ਦੀ ਮਰਹਮ ਲਾਂਦੇ ਰਹੇ, ਪਰ, ਇਹ ਮਾਇਆ-ਡੱਸੇ ਨਿਰਦਈ ਮਨਮੁੱਖ ਉਨ੍ਹਾਂ ਗੁਰੂਆਂ ਦੇ ਨਾਂ ਤੇ ਹੀ ਦੁਖੀਆਂ ਨੂੰ ਠੱਗ ਕੇ ਉਨ੍ਹਾਂ ਨੂੰ ਜ਼ਖ਼ਮ ਦੇ ਰਹੇ ਹਨ।

ਗੁਰੂ ਨਾਨਕ ਦੇ ਮਾਰਗ ਦੇ ਫ਼ਰੇਬੀ ਰਖਵਾਲਿਆਂ ਦੀਆਂ ਇਹੋ ਜਿਹੀਆਂ ਕਾਲੀਆਂ ਕਰਤੂਤਾਂ ਤੋਂ ਤਾਂ ਇਉਂ ਲਗਦਾ ਹੈ ਕਿ ਇਹ ਸਾਰੇ ਦੇ ਸਾਰੇ ਮਲਿਕ ਭਾਗੋ ਦੀ ਵੰਸ਼ ਵਿੱਚੋਂ ਹਨ। ਮਲਿਕ ਭਾਗੋ ਲੋਕਾਂ ਦਾ ਖ਼ੂਨ ਚੂਸ ਕੇ ਯਗ ਕਰਕੇ ਨਾਮਨਾ ਖੱਟਦਾ ਸੀ; ਅਤੇ ਉਸੇ ਮਲਿਕ ਭਾਗੋ ਦੇ ਇਹ ਜਾਨਸ਼ੀਨ ਰੱਬ ਅਤੇ ਗੁਰੂਆਂ, ਪੀਰਾਂ ਫ਼ਕੀਰਾਂ ਦੇ ਨਾਂ ਦੀ ਆੜ ਵਿੱਚ ਮਨੁੱਖਤਾ ਦਾ ਲਹੂ ਨਿਚੋੜ ਕੇ ਗੁਰੂਦਵਾਰਿਆਂ ਤੇ ਸੋਨਾ ਚੜ੍ਹਵਾ ਕੇ ਵਾਹ! ਵਾਹ! ! ਕਰਵਾਉਣ ਦਾ ਯਤਨ ਕਰਦੇ ਹਨ।

ਜਿੱਥੇ ਕ੍ਰੋੜਾਂ ਦੀ ਕਾਰ ਸੇਵਾ ਹੁੰਦੀ ਹੈ ਉਥੇ ਕ੍ਰੋੜਾਂ ਦੇ ਘਾਲੇ ਮਾਲੇ ਦੀਆਂ ਖ਼ਬਰਾਂ ਵੀ ਆਮ ਛਪਦੀਆਂ ਤੇ ਸੁਣੀਆਂ ਜਾਂਦੀਆਂ ਹਨ।

ਗੁਰਮਤ ਉੱਤੇ ਆਧਾਰਿਤ ਵਿਚਾਰ ਮੁਤਾਬਿਕ ਸੋਨੇ ਚਾਂਦੀ (ਮਾਇਆ) ਵਿੱਚ ਖੇਡਦੇ ਕਾਰ ਸੇਵਾ ਵਾਲਿਆਂ ਨੂੰ ਬਾਬੇ ਕਹਿਣਾ ਬਾਬਾ ਨਾਨਕ ਤੇ ਬਾਬਾ ਫ਼ਰੀਦ ਜਿਹੇ ਰੱਬ ਦੇ ਸੱਚੇ ਸੁੱਚੇ ਤੇ ਮਾਇਆ ਤੋਂ ਨਿਰਲੇਪ, ਨਿਰਾਲਮ ਤੇ ਪਵਿੱਤ੍ਰ ਬੰਦਿਆਂ ਦੀ ਬੇਅਦਬੀ ਹੈ।

ਇਹ ਜਿਹੜੇ ਕਰੋੜਾਂ/ਅਰਬਾਂ ਰੁਪਏ ਗੁਰਮਤਿ ਤੋਂ ਉਲਟ ਸਿਰਫ ਆਪਣੀ ਹਉਮੇ ਨੂੰ ਪੱਠੇ ਪਉਣ ਲਈ ਖਰਚੇ ਜਾ ਰਹੇ ਹਨ ਇਹਨਾ ਨਾਲ ਤਾਂ ਅਨੇਕਾਂ ਹੀ ਦੁਖਿਆਰੀਆਂ ਦਿੱਲੀ ਕਤਲੇਆਮ ਦੀਆਂ ਰੁਲਦੀਆਂ ਵਿਧਵਾਵਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ ਦੇ ਕੇ ਚੰਗੇ ਸਿੱਖ ਅਤੇ ਚੰਗੇ ਸ਼ਹਿਰੀ ਬਣਾਇਆ ਜਾ ਸਕਦਾ ਹੈ ਅਤੇ ਜਾਂ ਫਿਰ ਸਿਕਲੀਗਰ ਗਰੀਬ ਸਿੱਖਾਂ ਦੀ ਸਾਰ ਲਈ ਜਾ ਸਕਦੀ ਹੈ। ਪਰ ਨਹੀਂ, ਇਹ ਤਾਂ ਸਾਰੇ ਸਿੱਖ ਚੌਧਰੀਆਂ ਨੇ ਸਹੁੰ ਖਾਧੀ ਲਗਦੀ ਹੈ ਕਿ ਜੇ ਕਰ ਅਸੀਂ ਕੋਈ ਇੱਕ ਕੰਮ ਚੰਗਾ ਵੀ ਕਰ ਲਿਆ ਤਾਂ ਦਸ ਪੁੱਠੇ ਵੀ ਕਰਨੇ ਹਨ ਤਾਂ ਕਿ ਸਿੱਖੀ ਦਾ ਸਤਿਆਨਾਸ ਛੇਤੀਂ ਤੋਂ ਛੇਤੀਂ ਹੋ ਸਕੇ।

ਸੰਪਾਦਕੀ ਬੋਰਡ




.