.

ਪੰਜਾਬੀ ਬੋਲੀ ਦਾ ਤ੍ਰਿਸਕਾਰ

ਅੱਜ ਮੈਂ ਗੱਲ ਕਰਨ ਲੱਗਿਆ ਹਾਂ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ, ਦਾਸੀਆਂ ਵਰਗੀ ਜੂਨ ਹੰਢਾ ਰਹੀ ਪੰਜਾਬ ਦੀ ਰਾਣੀ, ਪੰਜਾਬੀ ਬੋਲੀ ਦੀ। ਗੁਰੂ ਸਾਹਿਬਾਨ ਦੀ ਬਖ਼ਸਿਸ਼ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਸਕੂਲਾਂ, ਪੰਜਾਬ ਦੀਆਂ ਸੜਕਾਂ, ਦਫਤਰਾਂ ਅਤੇ ਇਥੋਂ ਤੱਕ ਕਿ ਪੰਜਾਬ ਦੇ ਰਹਿਣ ਵਾਲਿਆਂ ਦੇ ਮਨਾਂ ‘ਤੋਂ ਵੀ ਦੂਰ ਹੁੰਦੀ ਜਾ ਰਹੀ ਹੈ…
ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ…?
ਕਿਤੇ ਆਪਣੇ-ਆਪ ਨੂੰ ਪੜ੍ਹੇ ਲਿਖੇ ਦਿਖਾਉਣ ਲਈ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਦਾ ਤ੍ਰਿਸਕਾਰ ਤਾਂ ਨਹੀਂ ਕਰ ਰਹੇ…?
ਕਿਤੇ ਅਸੀਂ ਆਪਣੀ ਪੰਜਾਬੀ ਜੁਬਾਨ ਤੋਂ ਬੇ-ਮੁਖ ਤਾਂ ਨਹੀਂ ਹੋ ਰਹੇ…?
ਪੰਜਾਬੀ ਵਿਰਸਾ ਅਤੇ ਸੱਭਿਆਚਾਰ ਤਾਂ ਪਹਿਲਾਂ ਹੀ ਕੁਰਾਹੇ ਪੈ ਚੁੱਕਿਆ ਹੈ, ਪੰਜਾਬੀਆਂ ਕੋਲ ਇੱਕ ਪੰਜਾਬੀ ਤੋਂ ਬਿਨਾਂ ਕੁਝ ਨਹੀਂ ਬਚਿਆ… ਪੰਜਾਬੀ ਸੂਬੇ ਦੇ ਨਾਂ ‘ਤੇ ਪਹਿਲਾਂ ਹੀ ਇੱਕ ਸੂਬੀ ਮਿਲੀ ਹੈ… ਪੰਜਾਬੀ ਸੂਬਾ ਨਾ ਮਿਲਣ ਪਿੱਛੇ ਵੀ ਇਹਨਾਂ ਬੋਲੀਆਂ ਦਾ ਹੀ ਹੇਰ-ਫੇਰ ਕੀਤਾ ਗਿਆ, ਸੂਬੇ ਦੀ ਵੰਡ ਬੋਲੀਆਂ ਦੇ ਅਧਾਰ ‘ਤੇ ਰੱਖੀ ਗਈ, ‘ਤੇ ਉਸ ਸਮੇਂ ਪੰਜਾਬ ਦੀ ਆਬੋ-ਹਵਾ ਵਿਚ ਸਾਹ ਲੈਣ ਵਾਲੇ, ਬੇਫਿਕਰ ‘ਤੇ ਸੁਖ ਦੀ ਜਿੰਦਗੀ ਬਤੀਤ ਕਰਨ ਵਾਲੇ ‘ਭਾਰਤਵਾਸੀਆਂ’ ਦਾ ਆਪਣੀ ‘ਰਾਸ਼ਟਰ’ ਭਾਸ਼ਾ ਪ੍ਰਤੀ ਮੋਹ ਜਾਗ ਪਿਆ ‘ਤੇ ਉਹਨਾਂ ਨੇ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾ ਦਿੱਤੀ…’ਤੇ ਬਸ ਪੰਜਾਬ ਸੂਬੇ ਤੋਂ ਸੂਬੀ ਦਾ ਰੂਪ ਧਾਰਨ ਕਰ ਗਿਆ,ਫਿਰ ਪੰਜਾਬ ਦੇ ਬਣਦੇ ਹੱਕ ਪਾਣੀ, ਬਿਜਲੀ ਆਦਿ ਵੀ ਇੱਕ ਤਰ੍ਹਾਂ ਨਾਲ ਖੋਹ ਲਏ ਗਏ । ਚਲੋ ਜੋ ਬੀਤ ਗਿਆ, ਸੋ ਬੀਤ ਗਿਆ… ਆਪਣੀ ਭਾਸ਼ਾ ਹਿੰਦੀ ਲਿਖਵਾਉਣ ਵਾਲਿਆ ਨੇ, ਆਪਣੀ ਭਾਸ਼ਾ ਪ੍ਰਤੀ ਜ਼ਿਮੇਵਰੀ ਅਤੇ ਫਰਜ਼ ਨਿਭਾਇਆ,ਪਰ ਕੀ ਅੱਜ ਆਪਣੇ-ਆਪ ਨੂੰ ਪੰਜਾਬੀ ਅਖਵਾਉਣ ਵਾਲੇ ਪੰਜਾਬੀ ਪ੍ਰਤੀ ਆਪਣਾ ਫਰਜ ਨਿਭਾ ਰਹੇ ਹਨ…?
ਕੀ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਉਸਦਾ ਬਣਦਾ ਸਤਿਕਾਰ ਦੇ ਰਹੇ ਹਾਂ...?
ਜੇਕਰ ਚੰਗੀ ਤਰ੍ਹਾਂ ਘੋਖ ਕੀਤੀ ਜਾਵੇ ਤਾਂ ਜਵਾਬ ਹੋਵੇਗਾ... ਨਹੀਂ।
ਅੱਜ-ਕੱਲ੍ਹ ਹਰ ਪੰਜਾਬੀ ਪਰਿਵਾਰ ਆਪਣੇ ਬੱਚਿਆਂ, ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਨੂੰ ਤਰਜੀਹ ਦੇ ਰਿਹਾ ਹੈ, ਪੰਜਾਬੀ ਪਰਿਵਾਰਾਂ ਵਿੱਚ ਹਿੰਦੀ ਘਰ ਕਰਦੀ ਜਾ ਰਹੀ ਹੈ…ਕੁਝ ਸਮਾਂ ਪਹਿਲਾਂ ਸੁਣਨ ਵਿੱਚ ਆਇਆ ਕਿ ਇੱਕ ਟੀਮ ਵੱਲੋਂ ਅੰਮ੍ਰਿਤਸਰ ਸਾਹਿਬ ਦੇ 400 ਪੰਜਾਬੀ ਪਰਿਵਾਰਾਂ ਦੇ ਘਰਾਂ ਦਾ ਜਦ ਦਰਵਾਜ਼ਾ ਖੜਕਾਇਆ ਗਿਆ ਤਾਂ 288 ਪਰਿਵਾਰਾਂ ਨੇ ਹਿੰਦੀ ਵਿੱਚ ਜਵਾਬ ਦਿੱਤਾ ਕਿ,”ਆਪਕੋ ਕਿਸ ਸੇ ਮਿਲਨਾ ਹੈ” ਉਸਤੋਂ ਬਾਅਦ ਜਲੰਧਰ ਸ਼ਹਿਰ ਵਿੱਚ 100 ਵਿੱਚੋਂ 64 ਪਰਿਵਾਰਾਂ ਨੇ ਹਿੰਦੀ ਵਿੱਚ ਜਵਾਬ ਦਿੱਤਾ।ਇਸਤੋਂ ਪੰਜਾਬ ਵਿੱਚ ਪੰਜਾਬੀ ਦੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁਣ ਪੰਜਾਬੀ ਸੜਕਾਂ ‘ਤੇ ਲੱਗੇ ਬੋਰਡਾਂ ਉਪਰੋਂ ਵੀ ਗਾਇਬ ਹੋਣ ਲੱਗ ਪਈ ਹੈ…ਪੰਜਾਬ ਦੇ ਸਕੂਲ ਪੰਜਾਬੀ ਪੜ੍ਹਾਉਣ ਤੋਂ ਕਤਰਉਣ ਲੱਗੇ ਹਨ, ਇਹਨਾਂ ਸਕੂਲਾਂ ਵਿੱਚ ਹਿੰਦੀ ਨੂੰ ਪਹਿਲੀ ਭਾਸ਼ਾ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਰਜਾ ਦਿੱਤਾ ਜਾ ਰਿਹਾ ਹੈ, ਪੰਜਾਬ ਬੋਰਡ ਨਾਲ ਸੰਬੰਧਿਤ ਸਕੂਲਾਂ ਦੀ ਹਾਲਤ ਐਸੀ ਹੈ ਕਿ ਦੂਸਰੇ ਸਕੂਲਾਂ ਦੀ ਤਰਜ਼ ‘ਤੇ ਪੰਜਾਬੀ ਨੂੰ ਹੌਲੀ-ਹੌਲੀ ਬਾਹਰ ਕਰ ਰਹੇ ਹਨ, ਬੋਰਡਾਂ ਉਪਰ ਅਖ਼ਬਾਰ ਦੀਆਂ ਮੁੱਖ-ਸੁਰਖੀਆਂ, ਵਿਚਾਰ ਆਦਿ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖੇ ਮਿਲਦੇ ਹਨ। ਪੰਜਾਬੀ ਵਿਸ਼ਾ ਪੜ੍ਹਾਉਣ ਲਈ ਅਧਿਆਪਕ ਦੀ ਚੋਣ ਉਸਦੇ ਅੰਗਰੇਜ਼ੀ ਬੋਲਣ ਦੀ ਮੁਹਾਰਤ ਦੇ ਅਧਾਰ ‘ਤੇ ਕੀਤੀ ਜਾਣ ਲੱਗੀ ਹੈ।
ਮੈਂ ਹਿੰਦੀ ਜਾਂ ਕੋਈ ਹੋਰ ਭਾਸ਼ਾ ਦਾ ਵਿਰੋਧ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਭਾਸ਼ਾ ਨੂੰ ਸਿੱਖਣ ਤੇ ਕੋਈ ਇਤਰਾਜ ਉਠਾ ਰਿਹਾ ਹਾਂ…ਮੈਂ ਤਾਂ ਸਿਰਫ ਪੰਜਾਬੀ ਬੋਲੀ ਦੇ ਖਤਮ ਹੋਣ ਦੇ ਖਤਰੇ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਤਾਂ ਜੋ ਇਸਦੀ ਹੋਂਦ ਬਚਾਉਣ ਲਈ ਆਪਣੇ ਤੌਰ ‘ਤੇ ਕੁਝ ਕਰ ਸਕੀਏ…ਕਿਉਂਕਿ ਸਰਕਾਰਾਂ ਨੂੰ ਤਾਂ ਸਿਰਫ ਵੋਟਾਂ ਅਤੇ ਨੋਟਾਂ ਦੀ ਫਿਕਰ ਹੈ, ਪੰਜਾਬੀ ਬੋਲੀ ਦੇ ਹੱਕ ਵਿੱਚ ਕਨੂੰਨ ਬਣਦੇ ਤਾਂ ਜਰੂਰ ਹਨ, ਪਰ ਬਣ ਕੇ ਫਾਇਲਾਂ ਵਿੱਚ ਹੀ ਆਪਣੀ ਹੋਂਦ ਗੁਆ ਬੈਠਦੇ ਹਨ, ‘ਤੇ ਸਮਾਂ ਪੈਣ ਨਾਲ ਹੌਲੀ-2 ਫਇਲਾਂ ਵਿਚ ਹੀ ਦਮ ਤੋੜ ਦਿਦੇ ਹਨ।ਪੰਜਾਬੀ ਨੂੰ ਪੰਜਾਬ ਦੇ ਦਫ਼ਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਦਮਗਜ਼ੇ ਮਾਰਨ ਵਾਲੇ ਜਦ ਆਪ ਅੰਗਰੇਜ਼ੀ ਭਾਸ਼ਾ ਵਿੱਚ ਭਾਸ਼ਣ ਦੇ ਰਹੇ ਹਨ ,ਉਹਨਾਂ ਦਾ ਪੰਜਾਬੀ ਪ੍ਰਤੀ ‘ਮੋਹ’ ਇਸ ਗੱਲ ਤੋਂ ਹੀ ਦਿਸ ਪੈਂਦਾ ਹੈ। ਯੂ.ਐੱਨ.ਓ. ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਪੰਜਾਬੀ ਭਾਰਤ ਵਿੱਚੋਂ ਤਾਂ ਕੀ ਪੰਜਾਬ ਵਿੱਚੋਂ ਵੀ ਖਤਮ ਹੋ ਜਾਵੇਗੀ, ਕੁਝ ਸਮਾਂ ਪਹਿਲਾਂ ਹੀ ਯੁਨੈਸਕੋ ਵੱਲੋਂ ਵੀ ਪੰਜਾਬੀ ਭਾਸ਼ਾ ਦੇ ਅਲੋਪ ਹੋ ਜਾਣ ਦੇ ਖਤਰੇ ਦੀ ਚਿਤਾਵਨੀ ਦਿੱਤੀ ਗਈ, ਭਾਵੇਂ ਕਿ ਇਸ ਗੱਲ ਦਾ ਕੁਝ ਕੁ ‘ਸਖ਼ਸ਼ੀਅਤਾਂ’ ਨੇ ਖੰਡਨ ਵੀ ਕੀਤਾ ਪਰ ਫਿਰ ਵੀ ਅਜੋਕੇ ਹਾਲਾਤ ਨੂੰ ਦੇਖਦੇ ਹੋਏ ਇਸ ਗੱਲ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਜੇ ਅਜੇ ਵੀ ਅਸੀਂ ਨਾ ਜਾਗੇ, ਫਿਰ ਬਾਅਦ ਵਿੱਚ ਜਾਗਣ ਦਾ ਕੀ ਫਾਇਦਾ ਜਦ ਸਭ ਕੁਝ ਲੁਟਾ ਚੁੱਕੇ ਹੋਵਾਂਗੇ…?
ਅੱਜ ਦੇ ਤਰੱਕੀ ਦੇ ਯੁੱਗ ਵਿੱਚ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ…ਸਮੇਂ ਦੀ ਲੋੜ ਅਨੁਸਾਰ ਦੂਸਰੀਆਂ ਭਾਸ਼ਾਵਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ, ਪਰ ਗਲਤ ਹੈ ਪੰਜਾਬੀ ਜੁਬਾਨ ਦਾ ਮਤਲਬ ਭੁੱਲ ਜਾਣਾ… ਭੁੱਲ ਜਾਣਾ ਪੰਜਾਬੀ ਦੀ ਮੁਹਾਰਨੀ ਨੂੰ, ‘ਸਤ ਸ਼੍ਰੀ ਅਕਾਲ’ ਭੁੱਲ ਜਾਣਾ… ਰਸ਼ੀਆ ਦੀ ਇੱਕ ਕਹਾਵਤ ਹੈ ਕਿ “ਜੇਕਰ ਕਿਸੇ ਨੂੰ ਬਦ-ਦੁਆ ਦੇਣੀ ਹੋਵੇ ਤਾਂ, ਉਸਨੂੰ ਕਹੋ, ਜਾ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ”... ‘ਤੇ ਅੱਜ ਅਸੀਂ ਖੁਦ ਇਸ ਬਦ-ਦੁਆ ਦੇ ਸ਼ਿਕਾਰ ਹੋ ਰਹੇ ਹਾਂ...।
ਆਓ ਕੁਝ ਹੋਸ਼ ਕਰੀਏ ‘ਤੇ ਆਪਣੀ ਬੋਲੀ,ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਸੰਭਾਲ ਲਈ ਉਦਮ ਕਰੀਏ...ਬੰਗਾਲੀਆਂ ਨੇ ਆਪਣੀ ਮਤਾ-ਭਾਸ਼ਾ ‘ਬੰਗਾਲੀ’ ਬਚਾਉਣ ਲਈ ਜੋ ਉਦਮ ਕੀਤੇ ਹਨ, ਉਹਨਾਂ ‘ਤੋਂ ਕੁਝ ਸਿੱਖੀਏ ਅਤੇ ਆਪਣੀ ਮਾਤ-ਭਾਸ਼ਾ ‘ਪੰਜਾਬੀ’ ਨੂੰ ਹਰ ਘਰ, ਹਰ ਦਿਲ, ਹਰ ਰੂਹ ਵਿੱਚ ਪਹੁੰਚਾਉਣ ਦਾ ਯਤਨ ਕਰੀਏ, ਜੇਕਰ ਸਰਕਾਰਾਂ ‘ਤੇ ਉਮੀਦ ਕਰਕੇ ਬੈਠੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਸੂਬੇ, ਪਾਣੀ, ਬਿਜਲੀ ਵਾਂਗ ਇਹ ਬੋਲੀ ਵੀ ਸਾਥੋਂ ਖੋਹ ਲਈ ਜਾਵੇਗੀ।
ਆਓ ਸਾਰੇ ਪ੍ਰਣ ਕਰੀਏ ਕਿ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਾਂਗੇ, ਪੰਜਾਬੀ ਪੜ੍ਹਨ, ਸੁਣਨ,ਬੋਲਣ,ਲਿਖਣ ਅਤੇ ਅਖਵਾਉਣ ‘ਤੇ ਮਾਣ ਮਹਿਸੂਸ ਕਰੀਏ, ਆਓ ਸਾਰੇ ਪੰਜਾਬੀ ਬੋਲੀ ਦੀ ਹੋਂਦ ਬਚਾਉਣ ਦਾ ਪ੍ਰਣ ਕਰੀਏ।
“ਜੋ ਵੀ ਭੁੱਲਣਾ ਭੁੱਲੋ, ਪਰ ਮਾਂ-ਬੋਲੀ ਯਾਦ ਰਹੇ,
ਰਹਿੰਦੀ ਦੁਨੀਆਂ ਤੱਕ ਪੰਜਾਬੀ ਆਬਾਦ ਰਹੇ…”
ਸਤਿੰਦਰਜੀਤ ਸਿੰਘ ਗਿੱਲ
ਚੰਡੀਗੜ੍ਹ




.