.

ਜੋਰੀ ਮੰਗੈ ਦਾਨੁ ਵੇ ਲਾਲੋ

ਇਹ ਸ਼ਬਦ ਗੁਰੂ ਸਾਹਿਬ ਨੇ ਬਾਬਰ ਦੇ ਹਿੰਦੋਸਤਾਨ ਤੇ ਹਮਲੇ ਸਮੇਂ ਭਾਈ ਲਾਲੋ ਜੀ ਨੂੰ ਸੰਬੋਧਨ ਹੁੰਦੇ ਕਹੇ ਸਨ। ਗੁਰੂ ਸਾਹਿਬ ਨੇ ਬਾਬਰ ਵਲੋਂ ਬੇਕਸੂਰ ਅਤੇ ਮਾਸੂਮਾਂ ਦੀ ਮਾਰ ਧਾੜ ਅਤੇ ਹਰ ਤਰ੍ਹਾਂ ਦੀ ਸਾੜ ਫੂਕ ਦੇਖ ਕੇ ਕਰੁਣਾ ਦੇ ਰੂਪ ਵਿੱਚ ਕਿਹਾ ਸੀ ਕਿ “ਬਾਬਰ ਆਪਣੇ ਮੁਲਕ ਖੁਰਾਸਾਨ ਦੀ ਰਾਖੀ ਦਾ ਪੂਰਾ ਪੂਰਾ ਪ੍ਰਬੰਧ ਕਰਕੇ ਆਇਆ ਸੀ” (ਅੰਗ. 360) ਪਰ ਪਹਿਲਾਂ ਹੀ ਸਹਿਮੇ ਹੋਏ ਹਿੰਦੋਸਤਾਨ ਨੂੰ ਮਾਰ ਧਾੜ ਆਦਿ ਰਾਹੀਂ ਡਰਾ ਕੇ ਜ਼ੋਰ ਤੇ ਧੱਕੇ ਨਾਲ ਆਪਣੇ ਅਧੀਨ ਕਰਕੇ ਉਸ ਦੇ ਹਰ ਤਰ੍ਹਾਂ ਦੇ ਹੱਕਾਂ ਤੇ ਭੀ ਕਾਬਜ਼ ਹੋਣਾ ਚਾਹੁੰਦਾ ਹੈ। ਇਹ ਹੀ ਨਹੀਂ ਗੁਰੂ ਸਾਹਿਬ ਨੂੰ ਜਾਬਰ ਵਲੋਂ ਮਾੜੇ ਉਪਰ ਇਸ ਤਰ੍ਹਾਂ ਜ਼ੋਰ ਜ਼ੁਲਮ ਆਦਿ ਹੋਣ ਤੇ ਰੱਬ ਜੀ ਅੱਗੇ ਭੀ ਫਰਿਆਦ ਕਰਨੀ ਪਈ।

ਦਾਸ ਦੇ ਆਪਣੇ ਲੇਖ “ਦਹਿਸ਼ਤਗਰਦ ਕੌਣ” ਅਨੁਸਾਰ “ਹੁਸ਼ਿਆਰ ਬੰਦੇ ਪਹਿਲਾਂ ਤੋਂ ਹੀ ਆਪਣੇ ਸਾਥੀਆਂ ਅਤੇ ਹੋਰ ਮਨੁੱਖੀ ਗੁੱਟਾਂ ਤੇ ਸ੍ਰਦਾਰੀ ਕਾਇਮ ਕਰਕੇ ਆਪਣਾ ਹੁਕਮ ਚਲਾਉਂਦੇ ਰਹੇ ਹਨ। ਇਸ ਤਰ੍ਹਾਂ ਹੌਲੀਂ ਹੌਲੀਂ, ਇੱਕ ਰਿਆਸਤ ਨੇ ਦੂਜੀ ਤੇ, ਫਿਰ ਇੱਕ ਮੁਲਕ ਨੇ ਦੂਜੇ ਮੁਲਕ ਤੇ, ਭਾਵੇਂ ਕਾਫੀ ਮਾਰ ਧਾੜ ਤੇ ਸਾੜ ਫੂਕ ਕਰਨੀ ਪਈ, ਕਬਜ਼ਾ ਕੀਤਾ”। ਭਾਵ ਇਸ ਤਰ੍ਹਾਂ ਜ਼ੋਰ ਜ਼ਰਬੀ ਅਤੇ ਧੱਕੇ ਨਾਲ ਲੋਕਾਂ ਨੂੰ ਅਧੀਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹਰ ਤਰ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਕੇ ਆਪ ਹਰ ਤਰ੍ਹਾਂ ਦਾ ਲਾਭ ਉਠਾਇਆ। ਇਹ ਜ਼ੋਰਾ ਜ਼ਰਬੀ ਕਈ ਤਰ੍ਹਾਂ ਹੁੰਦੀ ਆ ਰਹੀ ਹੈ। ਹੋਰਨਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦੀ ਲੱਗ ਪੱਗ ਮੁਫਤ ਮਜ਼ਦੂਰੀ ਰਾਹੀਂ ਕੰਮ ਤੋਂ ਕੀਤੀ ਕਮਾਈ ਦਾ ਲਾਭ ਆਪ ਵਰਤਣਾ, ਜਿਵੇਂ ਹਿੰਦੋਸਤਾਨ ਵਿੱਚ ਸਦੀਆਂ ਤੋਂ ਅਖੌਤੀ ਸ਼ੂਦਰਾਂ ਤੋਂ ਅਤੇ ਅਫਰੀਕਾ ਵਿੱਚੋਂ ਉਥੋਂ ਦੇ ਲੋਕਾਂ ਨਂੂ ਫੜ ਕੇ ਸੰਗਲਾਂ ਵਿੱਚ ਬੰਨ੍ਹ ਕੇ ਅਮਰੀਕਾ ਆਦਿ ਥਾਵਾਂ ਤੇ ਲਿਜਾ ਕੇ ਜ਼ੋਰਾ ਜ਼ਰਬੀ ਕੰਮ ਆਦਿ। ਦੂਸਰੇ ਮੁਲਕ ਤੇ ਹਮਲਾ ਕਰਕੇ ਖੂਬ ਲੁੱਟ ਮਾਰ ਕਰਕੇ ਅਪਣੇ ਦੇਸ਼ ਨੂੰ ਲਿਜਾਣਾ, ਜਿਵੇਂ ਤੈਮੂਰ ਲਿੰਗ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਆਦਿ ਅਤੇ ਹਿੰਦ ਤੇ ਹਮਲਿਆਂ ਰਾਹੀਂ ਹੋਇਆ। ਇਸ ਤੋਂ ਬਾਅਦ ਤੁਗਲਕ, ਲੋਧੀ ਅਤੇ ਮੁਗਲਾਂ ਨੇ ਇਸ ਦੇਸ਼ ਤੇ ਆਪਣੇ ਆਪਣੇ ਕਬਜ਼ੇ ਜਮਾ ਕੇ ਲੋਕਾਂ ਲਈ ਘੱਟ, ਪਰ ਜ਼ੋਰ ਨਾਲ ਦੇਸ਼ ਦੀ ਦੌਲਤ ਨੂੰ ਆਪਣੇ ਲਈ ਖੂਬ ਵਰਤਿਆ ਅਤੇ ਜੰਤਾ ਦੇ ਸਿਰ ਤੇ ਖੂਬ ਐਸ਼ ਕੀਤੀ, ਭਾਵੇਂ ਲੋਕਾਂ ਨੂੰ ਹਰ ਤਰ੍ਹਾਂ ਤੰਗ ਰਹਿਣਾ ਪਿਆ ਤੇ ਤੰਗ ਕੀਤਾ ਗਿਆ।

ਫਿਰ ਬਹੁਤ ਚਲਾਕ ਤੇ ਮੱਕਾਰ ਅੰਗ੍ਰੇਜ਼ ਕੌਮ ਨੇ ਹਿੰਦੋਸਤਾਨ ਤੇ ਹੀ ਨਹੀਂ ਹੋਰ ਬਹੁਤ ਸਾਰੇ ਮੁਲਕਾਂ ਤੇ ਬੜੀ ਚਲਾਕੀ ਨਾਲ ਕਬਜ਼ਾ ਕੀਤਾ ਅਤੇ “ਜ਼ੋਰੀ ਮੰਗੈ ਦਾਨੁ” ਵਾਲਾ ਕੰਮ ਸ਼ੁਰੂ ਕੀਤਾ। ਜਿੱਥੇ ਕਿਤੇ ਭੀ ਕਬਜ਼ਾ ਕੀਤਾ, ਉਥੇ ਦੀਆਂ ਖਾਸ ਤੇ ਬਹੁਤ ਕੀਮਤੀ ਵਸਤੂਆਂ ਡਾਕੇ ਦੀ ਸ਼ਕਲ ਵਿੱਚ ਕਾਬੂ ਕਰਕੇ ਇੰਗਲੈਂਡ ਲਿਜਾ ਹੋਣ ਲੱਗੀਆਂ। ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੂੰ ਬਾਅਦ ਵਿੱਚ ਨਿਲਾਮੀ ਵਿੱਚ ਕਰੋੜਾਂ ਦੇ ਭਾਅ ਵੇਚਿਆ ਗਿਆ ਤੇ ਵੇਚਿਆ ਜਾ ਰਿਹਾ ਹੈ। ਇਹ ਹੀ ਨਹੀਂ, ਉਥੇ ਦਾ ਕੱਚਾ ਮਾਲ (Raw Material) ਮੁਫਤ ਜਾ ਬਹੁਤ ਥੋੜੀ ਕੀਮਤ ਤੇ ਇੰਗਲੈਂਡ ਨੂੰ ਲਿਜਾ ਕੇ ਉਥੇ ਦੇ ਕਾਰਖਾਨਿਆਂ ਵਿੱਚ ਇੱਕ ਤਾਂ ਆਪਣੇ ਮੁਲਕ ਦੇ ਬੰਦਿਆਂ ਨੂੰ ਕੰਮ ਕਾਰ ਦਿੱਤਾ ਗਿਆ, ਦੂਸਰੇ ਉੱਥੇ ਪੱਕਾ ਮਾਲ ਬਣਾ ਕੇ ਮੁੜ ਹਿੰਦੋਸਤਾਨ ਅਤੇ ਹੋਰ ਮੁਲਕਾਂ ਵਿੱਚ ਮਹਿੰਗੇ ਭਾਅ ਵਿੱਚ ਵੇਚ ਕੇ ਖੂਬ ਹੱਥ ਰੰਗੇ। ਇਸ ਸੱਭ ਕੁੱਛ ਦੇ ਖਿਲਾਫ ਜੇ ਗੁਰੂ ਸਾਹਿਬਾਨ ਦੀ ਸਿੱਖਿਆ ਕਿ “ਨਾ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ” ਅਨੁਸਾਰ ਅਵਾਜ਼ ਉਠਾਈ ਜਾਵੇ ਤਾਂ ਕੁੱਛ ਲਾਲਚੀ ਬੰਦਿਆਂ ਨੂੰ ਖਰੀਦ ਕੇ ਉਨ੍ਹਾਂ ਰਾਹੀਂ ਅਤੇ “ਜਿਸ ਕੀ ਸਰਕਾਰ ਹੈ ਤਿਸ ਹੀ ਕਾ ਸਭੁ ਕਿਛੁ ਹੋਇ” (ਅੰਗ. 27), “ਅਸੰਖ ਅਮਰ ਕਰ ਜਾਹੇ ਜੋਰ” (ਅੰਗ. 4) ਅਤੇ “ਜਿਸ ਕੀ ਲਾਠੀ ਉਸ ਕੀ ਭੈਂਸ” ਅਨੁਸਾਰ ਆਪਣੀ ਤਾਕਤ ਦੇ ਜ਼ੋਰ ਨਾਲ ਉਨ੍ਹਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਢਾਏ ਗਏ ਤੇ ਆਮ ਢਾਏ ਜਾਂਦੇ ਹਨ। ਭਾਵ ਆਪਣੇ ਹੀ ਦੇਸ ਵਿੱਚ ਰਹਿੰਦੇ ਆਪਣੇ ਖੋਏ ਗਏ ਹੱਕਾਂ ਨੂੰ ਜੇ ਕੋਈ ਮੰਗਣ ਦੀ ਜੁਰਅਤ ਕਰਦਾ ਹੈ ਤਾਂ ਉਸ ਨੂੰ “ਲਾਠੀ ਵਾਲਾ” ਗੱਦਾਰੀ ਸਮਝਦਾ ਹੈ। ਲਾਠੀ ਦੀ ਭੈਂਸ ਦਾ ਅਸਰ ਹੋਰ ਵੀ ਡੂੰਘਾ ਜਾਂਦਾ ਹੈ। ਉਹ ਇਹ ਕਿ ਹਾਕਮ ਅਧੀਨ ਬੰਦਿਆਂ ਨੂੰ ਆਪਣੀ ਬੋਲੀ ਭੀ ਬੋਲਣ ਲਈ ਤਿਆਰ ਕਰ ਲੈਂਦਾ ਹੈ ਅਤੇ ਬਹੁਤ ਸਾਰੇ ਲਾਲਚ ਵੱਸ ਹੋ ਕੇ ਗਰੂ ਸਾਹਿਬ ਦੇ ਮੁਖਵਾਕ “ਬੋਲੀ ਅਵਰ ਤੁਮਾਰੀ” (ਅੰਗ. 1191) ਅਨੁਸਾਰ ਇੱਕ ਤਾਂ ਹਾਕਮ ਦੀ ਬੋਲੀ ਆਪ ਅਪਨਾਉਣਾ ਬੜਾ ਫਖਰ ਤੇ ਮਾਣ ਸਮਝਦੇ ਹਨ, ਦੂਸਰੇ ਆਪਣਿਆਂ ਨੂੰ ਸਿੱਖੇ ਬਾਜ ਅਤੇ ਹਿਰਨ ਵਾਂਗ, ਹਾਕਮ ਕੋਲ ਫੜਾਉਣ ਵਾਲਾ ਗੱਦਾਰੀ ਦਾ ਕੰਮ ਕਰਦੇ ਹਨ।

ਹਿੰਦੋਸਤਾਨ ਵਿੱਚ ਇਸ ਤਰ੍ਹਾਂ ਦੀ ਦੇਰ ਤੋਂ ਹੋ ਰਹੀ ਤੰਗੀ ਅਤੇ ਲੁੱਟ ਖਸੁੱਟ ਦੇ ਖਿਲਾਫ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇਸ ਦੇ ਕਿਸੇ ਭੀ ਧਾਰਮਿਕ ਆਗੂ ਨੇ ਕਿਸੇ ਤਰ੍ਹਾਂ ਦਾ ਕੋਈ ਹੀਲਾ ਕਰਨਾ ਜਾ ਵੰਗਾਰ ਪਾਉਣੀ ਤਾਂ ਇੱਕ ਪਾਸੇ, ਅੱਗੇ ਹੋ ਕੇ ਕਦੇ ਪੁਕਾਰ ਤੱਕ ਨਹੀਂ ਕੀਤੀ ਸੀ। ਪਰ ਗੁਰੂ ਸਾਹਿਬ ਨੇ ਸਿਰਫ ਹਿੰਦੋਸਤਾਨ ਲਈ ਹੀ ਨਹੀਂ (ਇਹ “ਜੋਰੀ ਮੰਗੈ ਦਾਨੁ ਵੇ ਲਾਲੋ”, ਭਾਵੇਂ ਹਿੰਦੋਸਤਾਨ ਦੀ ਵੇਲੇ ਦੀ ਹਾਲਤ ਦੇਖ ਕੇ ਕੀਤੀ ਸੀ, ਜੋ ਇਸ ਤਰ੍ਹਾਂ ਦੀ ਹਾਲਤ ਸਮੇਂ ਕਿਤੇ ਵੀ ਲਾਗੂ ਹੋ ਸਕਦੀ ਹੈ) ਸਾਰੇ ਜਗਤ ਨੂੰ ਜ਼ੁਲਮ, ਬੇਇਨਸਾਫੀ ਆਦਿ ਦੀ ਭੱਠੀ ਵਿੱਚ ਜਲਦਾ ਦੇਖ ਕੇ ਰੱਬ ਜੀ ਨੂੰ ਕਿਰਪਾ ਧਾਰ ਕੇ ਸਮੁੱਚੇ ਜਗਤ ਦੀ ਰੱਖਿਆ ਕਰਨ ਲਈ ਪੁਕਾਰ ਕੀਤੀ ਸੀ। ਇਹ ਇੱਕ ਅਦੁੱਤੀ ਪੁਕਾਰ ਸੀ, ਕਿਉਂਕਿ ਐਸੀ ਪੁਕਾਰ ਬਾਰੇ ਦੁਨੀਆਂ ਨੇ ਕਦੇ ਦੁਨੀਆਂ ਦੇ ਕਿਸੇ ਅਵਤਾਰ, ਪੈਗੰਬਰ, ਰਿਸ਼ੀ, ਮੁਨੀ ਆਦਿ ਵਲੋਂ ਨਹੀਂ ਸੁਣਿਆ ਸੀ। ਗੁਰੂ ਸਾਹਿਬ ਨੂੰ ਐਸੀ ਪੁਕਾਰ ਕਰਨ ਤੇ ਬਾਬਰ ਦੀ ਕੈਦ ਵਿੱਚ ਪੈਣਾ ਪਿਆ। ਪਰ ਗੁਰੂ ਸਾਹਿਬ ਨੂੰ ਬੰਦੀ ਕੌਣ ਬਣਾ ਸਕਦਾ ਸੀ, ਉਹ ਤਾਂ ਆਪ ਬੰਦੀਖਾਨੇ ਵਿੱਚ ਗਏ ਸਨ ਤਾਕਿ ਬੰਦੀਖਾਨੇ ਵਿੱਚੋਂ ਬੰਦੀਆਂ ਨੂੰ ਛੁਡਾਉਣ ਦੀ ਇੱਕ ਪਿਰਤ ਪਾਈ ਜਾਵੇ। ਜੇ ਗੁਰੂ ਸਾਹਿਬ ਨੇ ਬਾਬਰ ਦੀ ਕੈਦ ਵਿੱਚੋਂ ਸਾਰੇ ਬੇਕਸੂਰ ਬੰਦਿਆਂ ਨੂੰ ਰਿਹਾ ਕਰਵਾਇਆ ਤਾਂ ਇਸ ਨੂੰ ਅੱਗੇ ਤੋਰਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਹਿੰਦੋਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਫੜ ਕੇ ਕੈਦ ਕੀਤੇ 52 ਹਿੰਦੂ ਰਾਜਿਆਂ ਨੂੰ ਕੈਦ ਵਿੱਚੋਂ ਰਿਹਾ ਕਰਵਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਮਰਹੱਟੇ ਰਾਜਿਆਂ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਔਰੰਗਜ਼ੇਬ ਦੀ ਕੈਦ ਵਿੱਚੋਂ ਰਿਹਾ ਕਰਵਾਇਆ। ਇਸ ਹੀ ਲੀਹ ਨੂੰ ਅਗਾਂਹ ਚਾਲੂ ਰੱਖਦਿਆਂ ਗੁਰੂ ਸਾਹਿਬ ਦੇ ਖਾਲਸੇ ਨੇ ਦੇਸ ਦੀ ਲੁੱਟੀ ਜਾਂਦੀ ਇੱਜ਼ਤ, ਭਾਵ ਦੁਰਾਨੀ ਤੇ ਅਬਦਾਲੀ ਹਮਲਾ ਆਵਰਾਂ ਰਾਹੀਂ ਬੰਦੀ ਬਣਾਈਆਂ ਹਿੰਦੋਸਤਾਨ ਦੀਆਂ ਬਹੂ ਬੇਟੀਆਂ ਨੂੰ ਆਪਣੀਆਂ ਧੀਆਂ, ਭੈਣਾਂ ਸਮਝ ਕੇ ਜਾਬਰਾਂ ਪਾਸੋਂ ਛੁਡਾ ਕੇ ਘਰੋ ਘਰੀ ਪੁਜਾਇਆ। ਇਹ ਹੀ ਨਹੀਂ ਪੰਜਾਬ ਜੋ ਲੱਗ ਪੱਗ ਅਫਗਾਨਿਸਤਾਨ ਦਾ ਇੱਕ ਪ੍ਰਾਂਤ ਬਣ ਚੁੱਕਿਆ ਸੀ, ਪਠਾਣਾਂ ਪਾਸੋਂ ਅਜ਼ਾਦ ਕਰਵਾ ਕੇ ਹਿੰਦੋਸਤਾਨ ਵਿੱਚ ਇੱਕ ਤੋਹਫੇ ਦੀ ਸ਼ਕਲ ਵਿੱਚ ਸ਼ਾਮਿਲ ਕਰਕੇ ਹਿੰਦੋਸਤਾਨ ਦਾ ਸਦੀਵੀ ਹਿੱਸਾ ਬਣਾ ਦਿੱਤਾ। ਇੱਥੇ ਹੀ ਬੱਸ ਨਹੀਂ ਮੁਗਲਾਂ ਪਾਸੋਂ ਪੰਜਾਬ ਨੂੰ ਆਜ਼ਾਦ ਕਰਾ ਕੇ ਅਪਣਾ ਰਾਜ, ਜਿੱਸ ਵਿੱਚ ਕਿਸੇ ਧਰਮ, ਜਾਤ ਆਦਿ ਦੇ ਵਿਤਕਰੇ ਤੋਂ ਬਿਨਾਂ ਸਭ ਨੂੰ ਸਾਂਝੀਵਾਲ ਬਣਾਇਆ, ਕਾਇਮ ਕਰ ਲਿਆ, ਤੇ ਜ਼ੋਰਾ ਜ਼ਰਬੀ ਨਾ ਕਰਨ ਦਾ ਸਬਕ ਦਿੱਤਾ। ਰਾਜ ਦੇ ਬਹੁਤ ਅਨਸੁਖਾਵੇਂ ਤੇ ਦਿਲ-ਕੰਬਾਊ ਢੰਗ ਨਾਲ ਚਲੇ ਜਾਣ ਤੋਂ ਬਾਅਦ, ਰਾਣੀ ਝਾਂਸੀ ਆਦਿ ਵਾਂਗ, ਸਿਰਫ ਆਪਣੇ ਖੁੱਸੇ ਪੰਜਾਬ ਦੇ ਰਾਜ ਨੂੰ ਹੀ ਨਹੀਂ, ਸਾਰੇ ਹਿੰਦੋਸਤਾਨ ਨੂੰ ਆਪਣਾ ਦੇਸ ਸਮਝ ਕੇ ਬਦੇਸੀ ਅੰਗ੍ਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਲਈ ਦੇਸ ਤੇ ਪ੍ਰਦੇਸ ਵਿੱਚੋਂ ਪੰਜਾਬੀ ਬੋਲਦੇ ਪੰਜਾਬੀਆਂ, ਤੇ ਖਾਸ ਕਰਕੇ ਜੋ ਸਿੱਖਾਂ ਨੇ ਹਿੱਸਾ ਪਾਇਆ, ਉਸ ਨੂੰ ਪੰਜਾਬੀ ਹੀ ਨਹੀਂ, ਸਾਰਾ ਹਿੰਦੋਸਤਾਨ ਤਾਂ ਕੀ, ਸਾਰਾ ਜਹਾਨ ਜਾਣਦਾ ਹੈ, ਜੋ ਸੁਨਹਿਰੀ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ। ਇਨ੍ਹਾਂ ਸਾਰਿਆਂ ਸਮਿਆਂ ਦੌਰਾਨ ਹਿੰਦੋਸਤਾਨ ਦੀ ਸਭਿਅਤਾ ਬਚਾਉਣ ਤੇ ਰੱਖਿਆ ਕਰਦਿਆਂ ਗੁਰੂ ਸਾਹਿਬਾਨ ਤੇ ਗੁਰੂ ਦੇ ਖਾਲਸੇ ਨੂੰ ਵੇਲੇ ਦੇ ਹੁਕਮਰਾਨਾਂ ਨੇ ਦਹਿਸ਼ਤਗਰਦ ਆਦਿ ਕਹਿ ਕੇ ਹੀ ਪੁਕਾਰਿਆ ਤੇ ਭੰਡਿਆ। ਬਦੇਸੀ ਹੁਕਮਰਾਨਾਂ ਨੇ ਤਾਂ ਇਸ ਤਰ੍ਹਾਂ ਕਹਿਣਾ ਤੇ ਕਰਨਾ ਹੀ ਸੀ ਪਰ 1947 ਦੀ ਅਜ਼ਾਦੀ ਜਾ ਬਰਬਾਦੀ (ਬਰਬਾਦੀ ਸਿੱਖਾਂ ਲਈ ਹੀ ਨਹੀਂ ਦੇਸ ਦੀ ਆਮ ਕਿਰਤੀ ਜੰਤਾ ਲਈ) ਦੇ ਝੱਟ ਹੀ ਬਾਅਦ ਦੇਸੀ ਹੁਕਮਰਾਨਾਂ ਨੇ ਪੁਰਾਣੇ ਹੁਕਮਰਾਨਾਂ ਦੀ ਲੀਹ ਤੇ ਚਲਦਿਆਂ ਸਿੱਖਾਂ ਨੂੰ ਜਰਾਇਮ-ਪੇਸ਼ਾ ਅਤੇ ਦਹਿਸ਼ਤਗਰਦ ਕਰਕੇ ਭੰਡਣਾ ਸ਼ੁਰੂ ਕਰ ਦਿੱਤਾ।

ਇਹ ਹੈ ਇਵਜ਼ (ਬਦਲੇ) ਵਿੱਚ ਇਨਾਮ ਜੋ ਦੇਸ ਦੀ ਅਜ਼ਾਦੀ ਵਿੱਚ ਵਿਤੋਂ ਵੱਧ ਹਿਸਾ ਪਾਉਣ ਦਾ ਮਿਲਿਆ। ਪਰ ਇਹ ਕਿਉਂ? ਕਿਉਂਕਿ ਸਿੱਖ, ਮਨ ਹੋਰ ਮੁਖੋਂ ਹੋਰ ਮੰਨੇ ਪ੍ਰਮੰਨੇ ਕਾਂਗਰਸੀ ਲੀਡਰਾਂ ਦੇ ਠੱਗੀ ਭਰੇ ਲਾਰਿਆਂ ਅਤੇ ਕਸਮਾਂ ਤੇ ਵਿਸ਼ਵਾਸ ਕਰਕੇ, ਹਿੰਦੋਸਤਾਨ ਦਾ ਅੰਗ ਬਣਨ ਲਈ ਮੰਨ ਕੇ ਹਰ ਪੱਖੋਂ ਨਿਹੱਤੇ ਬਣ ਬੈਠੇ। ਇਹ ਬਿਲਕੁਲ ਭੁਲਾ ਕੇ ਕਿ ਜਿਸਦੇ ਹੱਥ ਵਿੱਚ ਤਾਕਤ ਹੋਵੇਗੀ, ਉਹ ਵੀ ਖਾਸ ਕਰਕੇ ਉਸ ਬਹੁ-ਗਿਣਤੀ ਲੋਕਤੰਤਰੀ ਢਾਂਚੇ ਵਿੱਚ ਜੋ ਆਪਣੇ ਮੰਨੇ ਪ੍ਰਮੰਨੇ ਸ਼ਾਸਤਰਾਂ ਦੀ ਸਿਖਿਆ ਅਨੁਸਾਰ ਸਿਰਫ ਸਵਾਰਥੀ ਸੋਚ ਦੇ ਮੁਦਈ ਹਨ, ਤੇ ਜੋ ਦਿਨ ਨੂੰ ਰਾਤ, ਸ਼ੇਰ ਨੂੰ ਬੱਕਰੀ ਆਦਿ ਕਹਿ ਕਹਾ ਸਕਦੇ ਹਨ, ਪਾਸੋਂ ਕੋਈ ਇਨਸਾਫ ਨਹੀਂ ਮਿਲੇਗਾ। ਇਹ ਹੈ ਜੋ ਪੰਜਾਬ ਤੇ ਖਾਸ ਕਰਕੇ ਸਿੱਖਾਂ ਨਾਲ ਹੋ ਰਿਹਾ ਹੈ। ਪਿੱਛੇ ਲਿਖਿਆ ਸੀ ਕਿ ਕੁੱਛ ਲਾਲਚੀ ਲੋਕ ਆਪਣੇ ਸਵਾਰਥ ਲਈ ਆਪਣੀ ਜ਼ਬਾਨ (ਮਾਂ-ਬੋਲੀ) ਭੀ ਹਾਕਮ ਵਾਲੀ ਜ਼ਬਾਨ ਸਮਝਣ ਲੱਗ ਪੈਂਦੇ ਹਨ। ਹਿੰਦੋਸਤਾਨ ਦੀ ਰਾਸ਼ਟਰੀ ਅਤੇ ਹਾਕਮਾਂ ਦੀ ਜ਼ਬਾਨ ਹਿੰਦੀ ਹੈ ਅਤੇ ਪੰਜਾਬੀਆਂ ਦੀ ਜ਼ਬਾਨ ਪੰਜਾਬੀ। ਪਰ ਕੁੱਛ ਪੰਜਾਬੀ ਬੋਲਦੇ ਸਵਾਰਥੀ ਲੋਕਾਂ ਨੇ ਆਪਣੀ ਜ਼ਬਾਨ ਪੰਜਾਬੀ ਦੀ ਥਾਂ “ਬੋਲੀ ਅਵਰ ਤੁਮਾਰੀ” (ਅੰਗ. 1191) ਅਨੁਸਾਰ ਪੰਜਾਬੀ ਬੋਲਦਿਆਂ ਭੀ ਲਿਖਤਾਂ ਵਿੱਚ ਮਾਂ-ਬੋਲੀ ਹਿੰਦੀ ਲਿਖਵਾਈ ਹੋਈ ਹੈ। ਕਿੱਡੀ ਵੱਡੀ ਗੱਦਾਰੀ ਤੇ ਕਿੱਡਾ ਵੱਡਾ ਝੂਠ! ਜਦ ਕਿ ਹਿੰਦੋਸਤਾਨ ਦੇ ਹੋਰ ਪ੍ਰਾਂਤਾਂ ਵਿੱਚ ਪ੍ਰਾਂਤ ਦੇ ਸਾਰੇ ਲੋਕ ਆਪਣੇ ਪ੍ਰਾਂਤ ਦੀ ਬੋਲੀ ਨੂੰ ਮਾਂ-ਬੋਲੀ ਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿੰਦੇ ਹਨ।

ਪੰਜਾਬ ਲਈ ਇਹ ਜ਼ਬਾਨ ਦਾ ਮਸਲਾ ਵੀ ਹੈ, ਪਰ ਜੋ ਮਸਲਾ ਖਾਸ ਤੇ ਬੜਾ ਖਤਰਨਾਕ ਹੈ ਉਸਨੂੰ ਇਸ ਲੇਖ ਰਾਹੀਂ ਉਜਾਗਰ ਕਰਨ ਦਾ ਖਾਸ ਉਦੇਸ਼ ਹੈ। ਇੱਥੇ ਗੁਰੂ ਸਾਹਿਬ ਦੇ ਕ੍ਰਾਂਤੀਕਾਰੀ ਬੋਲ,” ਜੋਰੀ ਮੰਗੈ ਦਾਨੁ ਵੇ ਲਾਲੋ” ਇੱਕ ਦਮ ਮੂੰਹ ਤੇ ਆ ਜਾਂਦੇ ਹਨ। ਬਾਹਰੋਂ ਆਏ ਹਮਲਾ ਆਵਰ ਇੱਕ ਤਾਂ ਮਾਰ ਧਾੜ, ਸਾੜ ਫੂਕ ਤੇ ਲੁੱਟ ਮਾਰ ਕਰਕੇ ਬੜਾ ਕੁੱਛ ਲੁੱਟ ਕੇ ਲੈ ਜਾਂਦੇ ਹਨ, ਦੂਸਰੇ ਕਬਜ਼ਾ ਜਮਾ ਕੇ ਲੁੱਟ ਮਾਰ ਕਰਨ ਦੇ ਨਾਲ ਨਾਲ ਹਰ ਤਰ੍ਹਾਂ ਦੇ ਹੱਕਾਂ ਤੇ ਭੀ ਛਾਪਾ ਮਾਰਦੇ ਹਨ ਅਤੇ ਜੀਵਨ ਦਾ ਰਸ ਹੀ ਖੋਹ ਲੈਂਦੇ ਹਨ। ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈਂਦਾ ਹੈ ਤੇ ਸੰਘਰਸ਼ ਕਰਨ ਵਾਲਿਆਂ ਨੂੰ ਦਹਿਸ਼ਤਗਰਦ ਸਮਝਿਆ ਜਾਂਦਾ ਹੈ। ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਇਹ ਸੰਘਰਸ਼ 1947 ਤੋਂ ਛੇਤੀਂ ਬਾਅਦ ਹੀ ਸ਼ੁਰੂ ਕਰਨਾ ਪਿਆ। ਕਿਉਂਕਿ ਸਿੱਖਾਂ ਨੂੰ 1947 ਤੋਂ ਪਹਿਲਾਂ ਇੱਕ ਠੱਗੀ ਭਰਾ ਲਾਰਾ ਲਾਇਆ ਗਿਆ ਸੀ ਕਿ ਸਿੱਖਾਂ ਨੂੰ ਅਜ਼ਾਦੀ ਦਾ ਨਿੱਘ ਮਾਨਣ ਲਈ ਇੱਕ ਖਾਸ ਖਿੱਤਾ (ਥਾਂ) ਦਿੱਤਾ ਜਾਵੇਗਾ, ਜੇ ਉੇਹ ਹਿੰਦੋਸਤਾਨ ਨਾਲ ਰਹਿਣ। ਖਾਸ ਖਿੱਤਾ ਦੇਣਾ ਤਾਂ ਇੱਕ ਪਾਸੇ, ਬਣਦੀਆਂ ਯੋਗ ਪਦਵੀਆਂ ਤੇ ਵੀ ਸਿੱਖਾਂ ਦੀ ਥਾਂ ਸ੍ਰਕਾਰ ਦੀ ਸ਼ਹਿ ਤੇ ਚੱਲ ਰਹੇ ਗੁਰੂਡਮਾਂ ਵਲੋਂ ਸਿੱਖੀ ਸ਼ਕਲ ਵਿੱਚ ਪਲ ਰਹੇ ਬੰਦਿਆਂ ਨੂੰ ਲਾਇਆ ਗਿਆ ਅਤੇ ਛੋਟੀਆਂ ਛੋਟੀਆਂ ਨੌਕਰੀਆਂ ਤੇ ਵੀ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਗਈ ਜੋ ਇਨ੍ਹਾਂ ਗੁਰੂਡਮਾਂ ਦੇ ਚੇਲੇ ਹੋਣ। ਇਸ ਨਾਲ ਕਈ ਭੋਲੇ ਭਾਲੇ ਇਨ੍ਹਾਂ ਗੁਰੂਡਮਾਂ ਵਲ ਖਿੱਚੇ ਗਏ। ਕੰਮ ਕਾਰ ਪੱਖੋਂ ਇਹ ਸਿੱਖਾਂ ਲਈ ਬਹੁਤ ਬੜਾ ਹੱਕਾਂ ਤੇ ਛਾਪਾ ਚਲਿਆ ਆ ਰਿਹਾ ਹੈ। “ਜੋਰੀ ਮੰਗੈ ਦਾਨੁ” ਵਾਲੀ ਜੋ ਲੁੱਟ ਮਾਰ ਹੈ ਉਹ ਬਦੇਸੀ ਹੁਕਮਰਾਨਾਂ ਨੂੰ ਭੀ ਮਾਤ ਪਾ ਰਹੀ ਹੈ।

ਆਪਣੇ ਪੱਕੇ ਕਬਜ਼ੇ ਵਿੱਚ ਸਮਝ ਕੇ ਸਿੱਖਾਂ ਭਾਵ ਦਾਤਿਆਂ ਨੂੰ ਹਰ ਪੱਖੋਂ (ਧਾਰਮਿਕ, ਸਮਾਜਿਕ, ਆਰਥਿਕ, ਇਤਿਹਾਸਕ, ਸਭਿਅਕ ਆਦਿ) ਭਿਖਾਰੀ ਅਤੇ ਮੰਗਤਿਆਂ ਦੇ ਭੀ ਮੰਗਤੇ ਬਨਾਉਣ ਲਈ ਪੰਜਾਬ ਨੂੰ ਅਪਣੀ ਬਸਤੀ (Colony) ਵਜੋਂ ਵਰਤਣ ਦਾ ਪੱਕਾ ਮਨ ਬਣਾ ਲਿਆ ਅਤੇ “ਜੋਰੀ ਮੰਗੈ ਦਾਨੁ” ਮੁਖਵਾਕ ਨੂੰ ਪੰਜਾਬ ਤੇ ਖਾਸ ਕਰਕੇ ਸਿੱਖਾਂ ਤੇ ਵਰਤਣਾ ਸ਼ੁਰੂ ਕਰ ਦਿੱਤਾ। ਇਹ ਸੱਭ ਕੁੱਛ ਕਿਉਂ? ਕਿਉਂਕਿ ਬਾਹਰਲੇ ਹਮਲਾ ਆਵਰਾਂ ਨੂੰ ਦੇਸ ਵਾਸੀਆਂ ਬਾਰੇ ਹਰ ਤਰ੍ਹਾਂ ਦੀ ਸੋਝੀ ਨਹੀਂ ਹੁੰਦੀ, ਉਹ ਸੱਭ ਕੁੱਛ ਹੌਲੀਂ ਹੌਲੀਂ ਕਰਦੇ ਹਨ, ਜਦ ਤੱਕ ਕਿ ਦੇਸ ਵਾਸੀ ਚੌਕੰਨੇ ਹੋ ਕੇ ਉਨ੍ਹਾਂ ਨੂੰ ਦੇਸ ਵਿੱਚੋਂ ਕੱਢਣ ਤੱਕ ਦਾ ਉਪਾਉ ਵੀ ਕਰ ਲੈਂਦੇ ਹਨ, ਪਰ ਦੇਸੀ ਹੁਕਮਰਾਨਾਂ ਨੂੰ ਦੇਸ ਵਾਸੀਆਂ ਬਾਰੇ ਹਰ ਤਰ੍ਹਾਂ ਦੀ ਸੋਝੀ ਹੁੰਦੀ ਹੈ, ਜਿੱਸ ਕਰਕੇ ਹਰ ਤਰ੍ਹਾਂ ਦੀ ਲੁੱਟ ਖਸੁੱਟ ਤਾਂ ਇੱਕ ਪਾਸੇ, ਹਰ ਪੱਖੋਂ ਨਰੋਏ ਘੱਟ-ਗਿਣਤੀ ਕੌਮਾਂ (ਇੱਥੇ ਸਿੱਖ ਕੌਮ) ਨੂੰ ਖਤਮ ਕਰਨ ਤੱਕ ਦੇ ਕਦਮ ਭੀ ਬਿਨਾਂ ਝਿਜਕ ਦੇ ਉਠਾ ਸਕਦੇ ਹਨ। ਦੇਸੀ ਹੁਕਮਰਾਨਾਂ ਨੂੰ ਸਿੱਖਾਂ ਦਾ ਅਣਖੀ ਜੀਵਨ ਜੋ, “ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ” ਸ਼ਬਦਾਂ ਰਾਹੀਂ ਦਰਸਾਇਆ ਗਿਆ ਸੀ, ਖਾਸ ਕਰਕੇ ਰੜਕਦਾ ਸੀ। ਇਹ ਰੜਕ ਕੱਢਣ ਲਈ ਹੀ 1947 ਦੀ ਵੰਡ ਸਮੇਂ ਸਿੱਖਾਂ ਨੂੰ ਆਪਣੇ ਨਾਲ ਰਹਿਣ ਲਈ ਮਨਾਇਆ ਸੀ। ਇਸ ਸੰਬੰਧੀ ਜਸਵੰਤ ਸਿੰਘ ਕੰਵਲ ਲਿਖਦੇ ਹਨ, “ਅਸੀਂ ਕਾਹਦੇ ਆਜ਼ਾਦ ਹੋਏ ਆਂ? ਆਪਣੀਆਂ ਕੁਰਬਾਨੀਆਂ ਨਾਲ ਹੀ ਜ਼ੰਜੀਰਬੱਧ ਹੋ ਕੇ ਰਹਿ ਗਏ ਆਂ।” ਅਗਲਿਆਂ ਨੇ ਜ਼ੰਜੀਰਾਂ ਵਿੱਚ ਕਿਉਂ ਬੰਨ੍ਹਿਆ? ਤਾਕਿ ਸ਼ੇਰਾਂ ਨੂੰ ਪਿੰਜਰੇ ਵਿੱਚ ਪਾ ਕੇ ਜਿਵੇਂ ਮਰਜ਼ੀ ਇਨ੍ਹਾਂ ਨੂੰ ਵਰਤਿਆ ਜਾਵੇ ਤੇ ਵਰਤਾਉ ਕੀਤਾ ਜਾਵੇ।

ਸੋ ਸੱਭ ਤੋਂ ਪਹਿਲਾਂ ਪੰਜਾਬ ਵਾਸੀਆਂ, ਖਾਸ ਕਰਕੇ ਸਿੱਖਾਂ, ਨੂੰ ਪੰਜਾਬ ਦੇ ਹੱਕੀ ਵਸੀਲਿਆਂ ਤੋਂ ਵਾਂਝੇ ਕਰਨਾ ਸ਼ੁਰੂ ਕਰ ਦਿੱਤਾ ਤਾਕਿ ਇਨ੍ਹਾਂ ਦਾ ਹਰ ਤਰ੍ਹਾਂ ਦੀਵਾਲਾ ਕੱਢਕੇ ਚੰਗੀ ਤਰ੍ਹਾਂ ਨਿੱਸਲ ਕਰ ਦਿੱਤਾ ਜਾਵੇ। ਸੋ ਐਸੇ ਹੀ ਕੀਤਾ ਗਿਆ। ਹਰ ਤਰ੍ਹਾਂ ਦੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਬਿਜਲੀ ਅਤੇ ਦਰਿਆਈ ਪਾਣੀ ਦੇ ਵਸੀਲੇ ਦਿੱਲੀ ਭਾਵ ਕੇਂਦਰ ਨੇ ਆਪਣੇ ਅਧੀਨ ਕਰਕੇ ਅਤੇ ਹਰ ਤਰ੍ਹਾਂ ਦੀ ਖੇਤੀ ਦੀ ਉਪਜ ਦਾ ਮੁੱਲ ਨੀਯਤ ਕਰਨ ਆਦਿ ਆਪਣੇ ਅਧੀਨ ਕਰਕੇ ਜੋ ਪੰਜਾਬ ਦਾ ਹਾਲ ਕੀਤਾ ਹੋਇਆ ਹੈ ਉਹ ਪੰਜਾਬ ਨੂੰ ਰੇਗਿਸਤਾਨ ਬਣਾ ਕੇ ਰੱਖ ਦੇਵੇਗਾ। ਸੜਕਾਂ ਚੌੜੀਆਂ ਕਰਨ ਦੇ ਬਹਾਨੇ ਵੱਡਮੁੱਲੇ ਟਾਹਲੀ, ਨਿੰਮ, ਪਿੱਪਲ ਤੇ ਬੋਹੜ ਵਰਗੇ ਦਰਖਤਾਂ ਦੀ ਕਟਾਈ ਅਤੇ ਸ਼ਵਾਲਿਕ ਪਹਾੜੀਆਂ ਦੇ ਕੰਢੀ ਦੇ ਪਹਾੜੀ ਇਲਾਕੇ ਨੂੰ ਕੇਂਦਰ ਵਲੋਂ ਜੰਗਲਾਤ ਦੀ ਵਲਗਣ ਵਿੱਚੋਂ ਬਾਹਰ ਕਰਨਾ ਵੀ ਇੱਕ ਹੋਰ ਚੋਟ ਹੈ। ਇਨ੍ਹਾਂ ਸੱਭ ਵਿਰੁੱਧ ਕਈ ਮੁਜ਼ਾਹਰੇ ਹੋਏ, ਮੋਰਚੇ ਲੱਗੇ ਪਰ ਕੋਈ ਸੁਣਵਾਈ ਨਹੀਂ। 1947 ਦੀ ਵੰਡ ਨੇ ਸਿੱਖਾਂ ਨੂੰ ਪਹਿਲਾਂ ਹੀ ਬੇਹਾਲ ਕੀਤਾ ਹੋਇਆ ਸੀ। 1966 ਦੀ ਪੰਜਾਬ ਵੰਡ ਨੇ ਤਾਂ ਕੇਂਦਰ ਦੀ ਅਕਲ ਦਾ ਚੰਗਾ ਜਨਾਜ਼ਾ ਕੱਢਿਆ, ਜਦ ਕਿ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਅਸਲੀ ਪੰਜਾਬ ਤੋਂ ਬਾਹਰ ਰੱਖ ਕੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਦਾ ਉਹ ਹਾਲ ਕੀਤਾ ਜੋ ਇਸਰਾਈਲ ਨੇ 1967 ਦੀ ਅਰਬ ਦੇਸਾਂ ਨਾਲ ਜੰਗ ਤੋਂ ਬਾਅਦ ਫਲਸਤੀਨ ਲੋਕਾਂ ਦਾ ਬਹੁਤ ਸਾਰਾ ਇਲਾਕਾ ਕਬਜ਼ੇ ਵਿੱਚ ਕਰਕੇ (ਜੰਗ ਤੋਂ ਬਾਅਦ ਇਲਾਕਾ ਵਾਪਸ ਕੀਤਾ ਜਾਂਦਾ ਹੁੰਦਾ ਹੈ) ਉੱਥੇ ਰਿਹਾਇਸ਼ੀ ਮਕਾਨ (Settlements) ਬਣਾ ਕੇ ਕੀਤਾ ਹੈ। ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਲਈ ਬਣਾਈ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ ਵੀ ਕੇਂਦਰ ਨੇ ਆਪਣੇ ਅਧੀਨ ਰੱਖ ਲਿਆ ਹੈ। ਪੰਜਾਬ, ਖਾਸ ਕਰਕੇ ਸਿੱਖਾਂ ਕੋਲ ਛੱਡਿਆ ਹੀ ਕੀ? 1982 ਦਾ ਧਰਮ ਯੁੱਧ ਮੋਰਚਾ, ਇਨ੍ਹਾਂ ਸੱਭ ਖੋਹੇ ਗਏ ਹੱਕਾਂ ਵਿਰੁੱਧ ਹੀ ਤਾਂ ਸੀ। ਪਰ ਚਾਤਰ (ਦੇਸੀ ਹੁਕਮਰਾਨ ਉੱਪਰ ਲਿਖੇ ਵਾਂਗ ਵੱਧ ਚਾਤਰ ਹਨ) ਹੁਕਮਰਾਨਾਂ ਨੇ ‘ਜਿਸ ਕੀ ਲਾਠੀ ਉਸ ਦੀ ਭੈਂਸ’ ਅਨੁਸਾਰ ਹੱਥ ਵਿੱਚ ਹਰ ਤਰ੍ਹਾਂ ਦੀ ਤਾਕਤ ਹੋਣ ਕਰਕੇ ਵਿਧਾਨਿਕ ਢੰਗ ਨਾਲ ਚਲਾਏ ਮੋਰਚੇ ਨੂੰ ਠੁੱਸ ਕਰਨ ਲਈ ਐਸਾ ਚੰਡਾਲ ਰੂਪ ਕਦਮ ਚੁੱਕਿਆ, ਜਿੱਸ ਨੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਔਰੰਗਜ਼ੇਬ ਤੱਕ ਹਰ ਹਮਲਾ ਆਵਰ ਤੇ ਹੁਕਮਰਾਨ ਦੀ ਯਾਦ ਤਾਜ਼ਾ ਕਰਾ ਦਿੱਤੀ। 1984 ਦੇ ਨੀਲਾ ਤਾਰਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਜਾਣ ਬੁੱਝ ਕੇ ਦਰਬਾਰ ਸਾਹਿਬ ਸਮੂਹ ਅਤੇ ਹੋਰ ਚਾਲੀ ਇਤਿਹਾਸਕ ਗੁਰਦੁਆਰਿਆਂ ਤੇ ਪੂਰੀ ਯੋਜਨਾ ਵੱਧ ਫੌਜੀ ਤਾਕਤ, ਜੋ ਬਾਹਰਲੇ ਮੁਲਕਾਂ ਵਿਰੁੱਧ ਵਰਤੀ ਜਾਂਦੀ ਹੈ, ਨਾਲ ਹਮਲਾ ਕਰਕੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਨਿਹੱਥੇ ਸਿੱਖਾਂ (ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ) ਦੀ ਜਾਨ ਦੀ ਬੜੇ ਨਿਰਦਈ ਢੰਗਾਂ ਨਾਲ ਹੋਲੀ ਖੇਲੀ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਸ਼ਾਖਾਨਾ ਤੋਂ ਕੀਮਤੀ ਵਸਤੂਆਂ ਅਤੇ ਸਿੱਖ ਰੈਫਰੈਂਸ ਲਾਇਬਰੇਰੀ ਤੋਂ ਗੁਰੂ ਸਾਹਿਬਾਨ ਦੀਆਂ ਕੀਮਤੀ ਹੱਥ ਲਿਖਤਾਂ ਆਦਿ ਡਕੈਤੀ ਦੀ ਸ਼ਕਲ ਵਿੱਚ ਚੁਰਾ ਕੇ ਲੈ ਜਾਂਦੀਆਂ ਗਈਆਂ ਅਤੇ ਕਾਫੀ ਜਲਾ ਦਿੱਤੀਆਂ ਗਈਆਂ। ਇਹ ਸੱਭ ਕੁੱਛ ਹੀ ਸਿੱਧ ਕਰ ਦਿੰਦਾ ਹੈ ਕਿ ਪੰਜਾਬ ਨੂੰ ਹਿੰਦੋਸਤਾਨ ਨਾਲੋਂ ਜੁਦਾ ਦੇਸ ਸਮਝਿਆ ਜਾਂਦਾ ਹੈ।

ਪਿੱਛੇ ਲਿਖਿਆ ਸੀ ਕਿ ਦਾਤਿਆਂ ਨੂੰ ਹਰ ਪੱਖੋਂ (ਧਾਰਮਿਕ, ਸਮਾਜਿਕ, ਆਰਥਿਕ, ਇਤਿਹਾਸਿਕ, ਸੱਭਿਅਕ ਆਦਿ) ਭਿਖਾਰੀ ਅਤੇ ਮੰਗਤਿਆਂ ਦੇ ਮੰਗਤੇ ਬਨਾਉਣ ਲਈ ਪੰਜਾਬ ਨੂੰ ਬਸਤੀ ਬਣਾਇਆ ਸੀ। ਇੱਥੇ ਸਿਰਫ ਦੋ ਖਾਸ ਪੱਖ ਧਾਰਮਿਕ ਦਾ ਜ਼ਿਕਰ ‘ਨੀਲਾ ਤਾਰਾ’ ਦੇ ਸੰਬੰਧ ਵਿੱਚ ਜ਼ਰੂਰੀ ਹੈ ਜੋ ਦਿੱਲੀ ਦੇ ਹੁਕਮਰਾਨਾਂ ਦੇ ਚਿਹਰੇ ਨੰਗੇ ਕਰਨ ਲਈ ਖਾਸ ਮਹੱਤਵ ਰੱਖਦਾ ਹੈ। Joyce J.M. Pettigrew ਆਪਣੀ ਪੁਸਤਕ ‘The Sikhs of the Punjab, Unheard voices of State and Guerilla violence, Page 8 ਤੇ ਲਿਖਦੀ ਹੈ ਕਿ “ਫੌਜ ਦਰਬਾਰ ਸਾਹਿਬ ਵਿੱਚ ਇੱਕ ਸਿਆਸੀ ਬੰਦੇ ਜਾ ਸਿਆਸੀ ਲਹਿਰ ਨੂੰ ਖਤਮ ਕਰਨ ਲਈ ਨਹੀਂ ਗਈ ਸੀ, ਪਰ ਕੌਮ ਦੀ ਸਭਿਅਤਾ ਨੂੰ ਕੁਚਲਣ, ਹਿਰਦੇ (ਭਾਵ ਅਣਖ) ਢਾਉਣ ਅਤੇ ਉਨ੍ਹਾਂ ਦੇ ਭਾਵਾਂ ਤੇ ਸਵੈ ਵਿਸ਼ਵਾਸ ਤੇ ਕਰਾਰੀ ਸੱਟ ਲਾਉਣ ਲਈ ਗਈ ਸੀ।’ The Guardian of London (13 & 14 June) ਕਈ ਹੋਰ ਦਿਲ ਕੰਬਾਊ ਟਿੱਪਣੀਆਂ ਦੇ ਨਾਲ ਨਾਲ ਲਿਖਦਾ ਹੈ, “ਇਹ ਅਸਲ ਵਿੱਚ ਕਤਲੇ ਆਮ ਸੀ। ਬਹੁਤ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ ਤੇ ਯਾਤਰੀ ਗੋਲੀ ਨਾਲ ਭੁੰਨ ਦਿੱਤੇ ਗਏ।” ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਬਾਰੇ ਅਤੇ ਸਿੱਖਾਂ ਤੇ ਅਗਲੇ ਦਿਹਾਕੇ (1984-1994) ਵਿੱਚ ਜੋ ਜ਼ੁਲਮ ਢਾਏ ਗਏ, ਬਹੁਤ ਕੁੱਛ ਲਿਖਿਆ ਗਿਆ ਹੈ ਪਰ ‘ਲਾਠੀ ਦੀ ਭੈਂਸ’ ਵਾਲਿਆਂ ਤੇ ਕੋਈ ਅਸਰ ਨਹੀਂ ਤੇ ਨਾ ਹੀ ਕਦੇ ਹੋਵੇਗਾ। ਐਸਾ ਵਰਤਾਰਾ ਕਿਉਂ? ਸੰਖੇਪ ਵਿੱਚ, ਪੰਜਾਬ ਨੂੰ ਕੇਂਦਰ ਨੇ ਅਪਣੀ ਬਸਤੀ ਬਣਾ ਕੇ ਹਰ ਤਰ੍ਹਾਂ ਇਸ ਦੇ ਵਸੀਲਿਆਂ ਤੇ ਪੂਰਾ ਹੱਕ (ਜੋਰੀ ਮੰਗੈ ਦਾਨੁ ਵਾਲਾ) ਤਾਂ ਜਮਾ ਹੀ ਲਿਆ ਸੀ, ਪਰ ਜੋ ਬਹੁਤ ਕੀਮਤੀ ਵਸਤੂ ਸਿੱਖਾਂ ਨੂੰ ਅਪਣੇ ਪਿਆਰੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਵਜੋਂ ਮਿਲੀ ਸੀ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ. 142) “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਅੰਗ. 1427) ਤੇ ਜਿਸਦੀ ਗਵਾਹੀ ਬੀਬੀ ਪੈਟੀਗਰੀਊ (Pettigrew) ਦੇ ਉਪਰ ਦਿੱਤੇ ਬਿਆਨ ਭਰਦੇ ਹਨ। ਇਨ੍ਹਾਂ ਅਣਖ ਭਰਿਆਂ ਭਾਵਾਂ, ਸਵੈ ਵਿਸ਼ਵਾਸ ਆਦਿ ਨੂੰ ਸਿੱਖਾਂ ਪਾਸੋਂ ਖੋਹ ਕੇ ਭਾਵ ਸਿੱਖਾਂ ਵਿੱਚੋਂ ਕੱਢ ਕੇ ਸਿੱਖਾਂ ਦੇ ਸਿਰ ਫੇਂਹ ਕੇ ਉਨ੍ਹਾਂ ਨੂੰ ਅਪਣੇ ਵਰਗੇ ਗੈਰਤ-ਹੀਣ, ਬੇਸ਼ਰਮ, ਵਿਸ਼ਵਾਸ ਘਾਤੀ, ਸਵਾਰਥੀ ਆਦਿ ਬਣਾ ਕੇ ਰੱਖ ਦੇਣਾ ਚਾਹੁੰਦੇ ਹਨ। ਇਸ ਕਰਕੇ ਹੀ ਹਮਲਾ (ਨੀਲਾ ਤਾਰਾ) ਅਤੇ ਹੋਰ ਅਸੱਭਿਅਕ ਕਦਮ ਤੱਕ ਉਠਾਏ ਗਏ।

ਇਸ ਨਿਡਰਤਾ, ਗੈਰਤ ਅਤੇ ਅਣਖ ਭਰੇ ਜਜ਼ਬੇ ਨੂੰ ਸਿੱਖਾਂ ਵਿੱਚੋਂ ਕੱਢਣ ਲਈ ਜਾਣੇ ਅਨਜਾਣੇ, ਗੁਰਦੁਆਰਿਆਂ ਵਿੱਚ ਚਿਰਾਂ ਤੋਂ ਸਨਾਤਨੀ ਕਿਸਮ ਦੇ ਨਿਰਮਲੇ ਤੇ ਉਦਾਸੀਆਂ ਦੇ ਪ੍ਰਚਾਰ ਨੇ ਆਮ ਲੋਕਾਂ ਨੂੰ ਬਾਣੀ ਆਪ ਪੜ੍ਹਨ ਦੀ ਥਾਂ ਬਿਨਾਂ ਸਿਰ ਪੈਰ ਕਥਾ ਕਹਾਣੀਆਂ ਸੁਣਨ ਦੇ ਆਦੀ ਤਾਂ ਪਹਿਲਾਂ ਬਣਾ ਦਿੱਤਾ ਸੀ। ਇਸ ਤੋਂ ਲਾਭ ਉਠਾਉਂਦੇ ਕੁੱਛ ਹੁਸ਼ਿਆਰ ਬੰਦਿਆਂ ਨੇ ਆਪਣੇ ਪਹਿਲਾਂ ਹੋਏ ਕਮਾਈ ਵਾਲੇ ਬੰਦੇ ਦੇ ਨਾਂ ਤੇ ਡੇਰੇ ਬਣਾ ਕੇ ਜਿੱਥੇ ਧਾਰਨਾਂ ਵਾਲਾ ਆਪਣੀਆਂ ਘੜੀਆਂ ਤੁਕਾਂ ਨਾਲ ਕੀਰਤਨ ਸਮੇਤ ਮਿਥਿਹਾਸਿਕ ਕਹਾਣੀਆਂ ਦੇ ਕਰਨ, ਅਤੇ ਉਥੇ ਮੂੰਹ ਤੇ ਕੱਪੜਾ ਬੰਨ੍ਹ ਕੇ ਕਿਸੇ ਨੂੰ ਸੁਣਾਏ ਬਿਨਾਂ ਵਿਕਾਊ ਅਖੰਡ ਪਾਠ ਆਦਿ ਕਰਨੇ ਸ਼ੁਰੂ ਕਰ ਦਿੱਤੇ ਜਿੱਸ ਨਾਲ ਲੋਕਾਂ ਨੂੰ ਬਾਣੀ ਅਤੇ ਬਾਣੀ ਦੀ ਸਿੱਖਿਆ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਗੁਰੂ ਜੀ ਵਲੋਂ ਬਾਣੀ ਪੜ੍ਹ, ਸੁਣ ਤੇ ਵਿਚਾਰ ਕੇ ਜੀਵਨ ਵਿੱਚ ਅਪਨਾਉਣ ਦਾ ਵਿਧਾਨ ਹੈ। ਪਰ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ। ਸ੍ਰਕਾਰੀ ਸ਼ਹਿ ਤੇ ਚੱਲ ਰਹੇ ਸਿੱਖੀ ਸਰੂਪ ਵਿੱਚ ਗੁਰੂਡਮ (ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ ਆਦਿ) ਇਸ ਸਿੱਖੀ ਦੇ ਜਜ਼ਬੇ (ਜੋ ਇੱਕੋ ਇੱਕ ਖਾਸ ਸਿੱਖੀ ਸਰਮਾਇਆ ਹੈ) ਸਿੱਖਾਂ ਵਿੱਚੋਂ ਕੱਢਣ ਲਈ ਸ੍ਰਕਾਰ ਨੂੰ ਹੋਰ ਭੀ ਸਹਾਇਕ ਜਾਪੇ। ਉਹ ਕਿਵੇਂ?

ਸ੍ਰਕਾਰ ਦੀਆਂ ਉੱਪਰ ਲਿਖੀਆਂ ਗਤੀਵਿਧੀਆਂ ਅਤੇ ਵਤੀਰੇ ਨੇ ਸਿੱਖਾਂ ਨੂੰ ਨਿੱਸਲ ਕਰਕੇ ਚੰਗੀ ਤਰ੍ਹਾਂ ਜ਼ਖਮੀ ਕੀਤਾ ਹੋਇਆ ਸੀ। ਹੁਣ ਜ਼ਖਮਾਂ ਵਿੱਚੋਂ ਨਿੱਚੜ ਰਹੇ ਖੂਨ ਨੂੰ ਚੱਟਣ ਲਈ ਵੱਡਮੁੱਲੀ ਗੁਰਬਾਣੀ ਦੇ ਅਧਾਰ ਤੇ ਗੁਰੂ ਬਣ ਕੇ ਤੇ ਗੁਰਬਾਣੀ ਦੀ ਚੋਰੀ ਕਰਕੇ ਗੁਰਬਾਣੀ ਦੇ ਅਰਥ ਤ੍ਰੋੜ ਮ੍ਰੋੜ ਕੇ “ਰਤੁ ਪਿਤੁ ਕੁਤਿਉ ਚਟੁ ਜਾਉ॥” (ਅੰਗ. 1288) ਮੁਖਵਾਕ ਅਨੁਸਾਰ ਸਿੱਖੀ ਦੀ ਅਸਲੀਅਤ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਦੂਰ ਕਰਨ ਦਾ ਕੰਮ ਜ਼ੋਰ ਸ਼ੋਰ ਨਾਲ ਕਰ ਹੋਣ ਲੱਗਾ। ਕਿੱਡੀ ਵੱਡੀ ਡਕੈਤੀ? ਇਸ ਵਿੱਚ ਸਹਾਇਕ ਤਾਂ ਇਸ ਸਮੇਂ ਸਿੱਖਾਂ ਦੀ ਸਿਰਮੋਰ ਸੰਸਥਾ ਭੀ ਜਾਪਦੀ ਹੈ, ਕਿਉਂਕਿ ਇਨ੍ਹਾਂ ਸਾਰਿਆਂ (ਡੇਰਿਆਂ, ਗੁਰੂਡਮਾਂ ਆਦਿ) ਦੇ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਕਦਮ ਤਾਂ ਕੀ ਚੁੱਕਣਾ ਕਦੇ ਅਵਾਜ਼ ਵੀ ਬਲੰਦ ਨਹੀਂ ਕੀਤੀ ਅਤੇ ਨਾ ਆਪ ਵੀ ਸਿੱਖੀ ਵਸੋਂ ਵਿੱਚ ਢੁੱਕਵਾਂ ਗੁਰਮਤਿ ਦਾ ਪ੍ਰਚਾਰ ਕੀਤਾ। ਫਿਰ ਵੀ ਗੁਰੂ ਸਾਹਿਬਾਨ ਵਲੋਂ ਭਰਿਆ ਸਿੱਖੀ ਜਜ਼ਬਾ, “ਕੋਈ ਹਰਿਆ ਬੂਟ ਰਹਿਉ ਰੀ॥” ਅਨੁਸਾਰ ਅਣਖੀ ਸਿੱਖਾਂ ਵਿੱਚ ਲਬਾ ਲਬ ਭਰਿਆ ਪਿਆ ਹੈ ਪਰ ਜਿਸ ਨੂੰ ਕੱਢਣ ਲਈ ਇਨ੍ਹਾਂ ਸੱਭ, ਖਾਸ ਕਰਕੇ ਸ੍ਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਅਣਖ, ਨਿਡਰਤਾ ਤੇ ਗੈਰਤ ਦਾ ਅਰਥ ਅਸਲ ਵਿੱਚ ਹੈ ਅਜ਼ਾਦੀ ਦਾ ਜਜ਼ਬਾ ਜੋ ਗੁਰੂ ਸਾਹਿਬਾਨ ਨੇ ਸਿੱਖਾਂ ਵਿੱਚ ਭਰਿਆ ਤੇ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਸਿੱਖ ਰਾਜ ਸਿੱਖੀ ਸਿੱਕਾ (ਗੁਰੂ ਨਾਨਕ ਗੁਰੂ ਗੋਬਿੰਦ ਬਸਿੰਘ ਜੀ ਦੇ ਨਾਂ ਤੇ) ਚਲਾ ਕੇ ਸਾਕਾਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੇ ਨਾਲ ਉਹ ਸਿੱਖ ਰਾਜ ਚਲੇ ਜਾਣ ਬਾਅਦ ਭੀ ਇਹ ਜਜ਼ਬਾ ਸਿੱਖਾਂ ਵਿੱਚ ਜੰਗਲਾਂ ਤੇ ਰੇਗਿਸਤਾਨਾਂ ਵਿੱਚ ਰਹਿੰਦਿਆਂ ਭੀ ਕਾਇਮ ਰਿਹਾ ਜੋ ਦੁਬਾਰਾ ਇੱਕ ਵਿਸ਼ਾਲ ਸਿੱਖ ਰਾਜ ਵਿੱਚ ਸਾਕਾਰ ਹੋਇਆ। ਪਰ ਮਾਹਾਰਜਾ ਰਣਜੀਤ ਸਿੰਘ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸਿੱਖੀ ਜਜ਼ਬਾ ਨਾ ਹੋਣ ਕਰਕੇ ਸਿੱਖੀ ਸਿਧਾਂਤ ਤੇ ਲੋੜੀਂਦੇ ਪਹਿਰੇ ਦੀ ਘਾਟ ਕਾਰਨ ਇਸ ਰਾਜ ਦੇ ਚਲੇ ਜਾਣ ਬਾਅਦ ਸਿੱਖਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਵਾਲਾ ਜਜ਼ਬਾ ਕਾਫੀ ਘੱਟ ਗਿਆ। ਜਿਸ ਨੂੰ ਸਿਰਫ ਸਿੰਘ ਸਭਾ ਲਹਿਰ ਨੇ ਬਹੁਤ ਘੱਟ ਸਾਧਨਾਂ ਦੇ ਬਾਵਜੂਦ ਤਾਜ਼ਾ ਕੀਤਾ। ਪਰ ਅੱਜ ਕੱਲ ਦੇ ਖੁੱਦ ਗਰਜ਼ ਤੇ ਅਯੋਗ ਸਿੱਖ ਲੀਡਰਾਂ ਦੀ ਦੂਰ ਅੰਦੇਸ਼ੀ ਦੀ ਘਾਟ ਅਤੇ ਵਿਕਾਊ ਮਾਲ ਹੋਣ ਕਰਕੇ, ਜੋ ਇਸ ਤੱਥ ਤੋਂ ਜ਼ਾਹਰ ਹੈ ਕਿ ਉਹ ਸਿੱਖ-ਵਿਰੋਧੀ ਪਾਰਟੀ ਨਾਲ, ਨਿਗੂਣੇ ਸਿਆਸੀ ਲਾਭ ਖਾਤਰ, ਭਾਈਵਾਲੀ ਪਾਈ ਬੈਠੇ ਹਨ, ਅਤੇ ਸਨਾਤਨੀ ਤੇ ਬਿੱਪਰਵਾਦੀ ਸੋਚ ਦੇ ਮਾਲਕ ‘ਸੰਤ ਸਮਾਜ’ ਨੂੰ ਸਿੱਖ ਕਾਰਜਾਂ ਲਈ ਅੱਗੇ ਕਰੀ ਬੈਠੇ ਹਨ, ਜੋ ਸਿੱਖੀ ਸਿਧਾਂਤ ਲਈ ਵੱਧ ਤੋਂ ਵੱਧ ਨੁਕਸਾਨ ਦੇਹ ਹੈ, ਮਿਸਾਲ ਵਜੋਂ ‘ਨਾਨਕ ਸ਼ਾਹੀ ਕੈਲੰਡਰ’ ਦਾ ਕਤਲ ਆਦਿ। ਇੱਥੇ ਹੀ ਬੱਸ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਿਸਾਨਾਂ ਨੂੰ ਦਿੱਤੀ ਜ਼ਮੀਨ ਕਿਸਾਨਾਂ (ਜੋ ਖਾਸ ਕਰਕੇ ਸਿੱਖ ਹਨ) ਪਾਸੋਂ ਖੋਹ ਕੇ ਬੜੀਆਂ ਬੜੀਆਂ ਕੰਪਨੀਆਂ ਨੂੰ ਸ਼ਾਪਿੰਗ ਸੈਂਟਰ ਆਦਿ ਬਨਾਉਣ ਲਈ ਦੇ ਰਹੇ ਹਨ, ਸਿੱਖੀ ਜਜ਼ਬਾ ਕਿੱਥੇ ਗਿਆ? ਉਨ੍ਹਾਂ ਦੇ ਇਸ ਵਤੀਰੇ ਕਾਰਨ, ਕੁੱਛ ਕੁ ਅਣਖੀ ਤੇ ਗੈਰਤਮੰਦ ਸਿੱਖਾਂ ਨੂੰ ਛੱਡ ਕੇ ਆਮ ਸਿੱਖਾਂ ਵਿੱਚ ਵੀ ਇਸ ਜਜ਼ਬੇ ਦੀ ਘਾਟ ਨਜ਼ਰ ਆ ਰਹੀ ਹੈ। ਹਿੰਦ ਸ੍ਰਕਾਰ ਇਹ ਜਜ਼ਬਾ ਉਨ੍ਹਾਂ ਕੁੱਛ ਕੁ ਸਿੱਖੀ ਪ੍ਰੇਮੀਆਂ ਵਿੱਚੋਂ ਭੀ ਕੱਢ ਕੇ ਆਖਰੀ “ਜੋਰੀ ਮੰਗੈ ਦਾਨੁ” ਦੀ ਪ੍ਰਪਤੀ ਕਰ ਲੈਣਾ ਚਾਹੁੰਦੀ ਹੈ।

ਹੈ ਕਿਸੇ ਦੇਸ ਨੇ ਆਪਣੇ ਹੀ ਦੇਸ ਦੇ ਕਿਸੇ ਹਿੱਸੇ ਤੇ, ਅੱਜ ਤੱਕ, ਇਸ ਤਰ੍ਹਾਂ ਦੀਆਂ ਘਟਨਾਵਾਂ ਘਟਨਾਈਆ ਹੋਣ? ਪਰ ਮਹਾਂਭਾਰਤ ਵਰਗਾ ਯੁੱਧ ਰਚਾਉਣ ਵਾਲੇ ਤਾਂ ਕਰ ਹੀ ਸਕਦੇ ਹਨ। ਸੋ ਇੱਥੇ ਪੰਜਾਬ ਅਤੇ ਸਿੱਖਾਂ ਦੇ ਸੰਬੰਧ ਵਿੱਚ ਸਿਰਫ “ਜੋਰੀ ਮੰਗੈ ਦਾਨੁ” ਵਾਲੀ ਨੀਤੀ ਸੀ ਤੇ ਹੈ ਅਤੇ ਇੱਥੇ ਸਿੱਖਾਂ ਦੇ ਹੋਣ ਕਰਕੇ ਪੰਜਾਬ ਦੇ ਸਾਧਨਾਂ ਤੇ ਦਿਨੋ ਦਿਨ ਡਾਕਾ ਮਾਰਿਆ ਜਾ ਰਿਹਾ ਹੈ, ਜਿੱਸ ਦੀ ਕਿਸੇ ਤਰ੍ਹਾਂ ਦੀ ਸੁਣਵਾਈ ਭੀ ਨਹੀਂ, ਭਾਵੇਂ ਹਿੰਦੋਸਤਾਨੀ ਵਿਧਾਨ ਇਸ ਤਰ੍ਹਾਂ ਦੇ ਡਾਕੇ ਦੀ ਆਗਿਆ ਨਹੀਂ ਦਿੰਦਾ। ਇਹ ਹੈ ਹਿੰਦੋਸਤਾਨੀ ਹੁਕਮਰਾਨਾਂ ਦਾ ਚੰਡਾਲ ਰੂਪ ਵਿੱਚ ਪੰਜਾਬ ਨਾਲ ਵਿਉਹਾਰ, ਦੁਨੀਆਂ ਵਿੱਚ ਆਪਣੇ ਆਪ ਨੂੰ ਸ਼ਾਂਤੀ ਦੇ ਪੁਜਾਰੀ ਕਹਿਣ ਵਾਲੇ ਹੁਕਮਰਾਨਾਂ ਦਾ! ਕਿਉਂਕਿ ਇਨ੍ਹਾਂ ਨੇ ਪੰਜਾਬ ਨੂੰ ਹਿੰਦੋਸਤਾਨ ਦਾ ਹਿੱਸਾ ਨਹੀਂ, ਇੱਕ ਬਸਤੀ (Colony) ਹੀ ਸਮਝਿਆ ਤੇ ਬਣਾ ਕੇ ਰੱਖਿਆ ਹੋਇਆ ਹੈ! ਖਾਸ ਕਰਕੇ ਇਸ ਲਈ ਕਿ ਪੰਜਾਬ ਦੇ ਪੰਜਾਬੀ, ਮਾਂ-ਬੋਲੀ ਨੂੰ ਆਪਣੀ ਮਾਂ-ਬੋਲੀ ਨਾਂ ਮੰਨਣ ਵਾਲੇ, ਕਪੂਤਾਂ ਨੇ ਕਦੇ ਪੰਜਾਬ ਦੇ ਜਾਇਜ਼ ਹੱਕਾਂ, ਜਿਨ੍ਹਾਂ ਦਾ ਸਾਰੇ ਪੰਜਾਬੀਆਂ ਨੂੰ ਲਾਭ ਹੈ, ਲਈ ਕਦੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ।

ਕੀ ਹਿੰਦੋਸਤਾਨੀ ਹੁਕਮਰਾਨਾਂ ਦੇ ਸਿਖਾਂ ਪ੍ਰਤਿ ਵਤੀਰੇ ਅਤੇ ਪੰਜਾਬ ਦੀ ਹਰ ਤਰ੍ਹਾਂ ਦੀ ਲੁੱਟ ਖਸੁੱਟ ਨੇ ਸਿੱਖ (ਖਰੀਦੇ ਹੋਏ ਅਤੇ ਬਹਿਰੂਪੀਏ ਸਿੱਖਾਂ ਨੂੰ ਛੱਡ ਕੇ) ਮਾਨਸਿਕਤਾ ਨੂੰ, ਨਾ ਚਾਹੁੰਦੇ ਹੋਏ, ਹਾਂ ਜੀ ਨਾ ਚਾਹੁੰਦੇ ਹੋਏ, ਜੁਦਾ ਮੁਲਕ ਲੈਣ ਲਈ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕੀਤਾ ਹੋਇਆ? ਇਸ ਵਿੱਚ ਸਿੱਖਾਂ ਦਾ ਕੋਈ ਕਸੂਰ ਜਾ ਗਲਤੀ ਨਹੀਂ। ਸੋ ਸਿੱਖਾਂ ਨੂੰ ਵਿਧਾਨਿਕ ਅਤੇ ਅੰਤਰ-ਰਾਸ਼ਟਰੀ ਕਾਨੂੰਨਾਂ ਅਨੁਸਾਰ ਸੰਘਰਸ਼ (ਗੁਰੂ ਜੀ ਵਲੋਂ ਦੱਸੀ ਏਕਤਾ ਨਾਲ) ਕਰਕੇ ਆਪਣੇ ਦੇਸ ਦੀ ਪ੍ਰਾਪਤੀ ਕਰਨ ਵਿੱਚ ਕੋਈ ਹਰਜ ਨਜ਼ਰ ਨਹੀਂ ਆਉਂਦਾ, ਤਾਕਿ ਇਹ “ਜੋਰੀ ਮੰਗੈ ਦਾਨੁ” ਵਾਲੀ ਬਲਾ ਸਦਾ ਲਈ ਸਿਰੋਂ ਲੱਥ ਜਾਵੇ!

ਇਹ ਹੈ ਭੀ ਬਹੁਤ ਜ਼ਰੂਰੀ ਹੁਣ, ਜਿਵੇਂ ਇੱਕ ਸਮੇਂ ਭਾਵ 1992 ਵਿੱਚ ਜਸਵੰਤ ਸਿੰਘ ਕੰਵਲ ਨੇ ਇੱਕ ਲੇਖ ਵਿੱਚ ਲਿਖਿਆ ਸੀ, “ਬ੍ਰਾਹਮਣਵਾਦ ਨਾਲ ਰਹਿਣਾ, ਸਾਡੇ ਲਈ ‘ਕੇਲੇ ਨਿਕਟ ਜਿਉ ਬੇਰ’ ਹੈ। ਸੋ ਪ੍ਰਤਿਗਿਆ ਲੈ ਕੇ ਉੱਠੋ, ਅਸਾਂ ਜਿੱਲਤਾਂ ਤੇ ਲਾਹਣਤਾਂ ਦਾ ਜੀਵਨ ਸੁਤੰਤਰਤਾ ਵਿੱਚ ਬਦਲੇ ਬਿਨਾਂ ਦਮ ਨਹੀਂ ਲੈਣਾ, ਅਸਾਂ ਅੱਜ ਪੰਜਾਬੀਆਂ, ਸਿੱਖਾਂ ਤੇ ਘੱਟ-ਗਿਣਤੀਆਂ, ਫੈਸਲਾਕੁਨ ਪਰਨ ਲੈਣਾ ਹੈ, ਬ੍ਰਾਹਮਣ ਬਾਣੀਏ ਦੀ ਸਰਮਾਏ ਦਾਰ ਸਰਕਾਰ ਤੋਂ ਪੂਰਨ ਅਜ਼ਾਦੀ (ਜੁਦਾ ਮੁਲਕ ਲੈ ਕੇ) ਹਾਸਲ ਕਰਨੀ ਹੈ।” ਅਤੇ ਉਹ ਰਾਜ ਕੈਸਾ ਹੋਵੇਗਾ? ਉਸ ਬਾਰੇ ਵੀ ਉਹ ਲਿਖਦੇ ਹਨ, “ਅਸੀਂ ਅਪਣੀ ਧਾਰਮਿਕ ਮਰਯਾਦਾ ਦੇ ਪਾਬੰਦ ਹਾਂ, ਉਸ ਤੋਂ ਬਾਹਰ ਨਹੀਂ ਜਾ ਸਕਦੇ। ਅਸੀਂ ਸਰਬੱਤ ਦੇ ਭਲੇ ਦਾ ਰਾਜ ਸਥਾਪਤ ਕਰਨਾ ਚਾਹੁੰਦੇ ਹਾਂ, ਜਿੱਸ ਵਿੱਚ ਕੌਮੀ ਪੱਧਰ ਤੇ ਸੱਭ ਅਜ਼ਾਦ ਹੋਣ। ਆਪਣੇ ਧਰਮ ਕਰਮ ਦੀ ਸੰਭਾਲ ਕਰਨ। ਕਿਉਂਕਿ ਬ੍ਰਾਮਣਵਾਦੀ ਸਰਕਾਰ ਨੇ ਮੁਗਲਾਂ ਤੇ ਪਠਾਣਾਂ ਦੇ ਜ਼ੁਲਮਾਂ ਨੂੰ ਮਾਤ ਕਰ ਦਿੱਤਾ ਹੈ। ਅਸੀਂ ਉਸ ਨਾਲ ਕਿਸੇ ਕੀਮਤ ਉੱਤੇ ਭੀ ਨਹੀਂ ਰਹਿ ਸਕਦੇ। ਕਿਉਂਕਿ ਇੱਕ ਫਿਰਕੂ ਤੇ ਦੂਜੇ ਅੰਧ-ਵਿਸ਼ਵਾਸੀ ਦੇ ਗੁਲਾਮ ਰਹਿਣਾ ਲਾਹਨਤ ਹੀ ਲਾਹਨਤ”। ਕਿਸੇ ਵੇਲੇ ਸਵਰਗੀਆ ਆਚਾਰੀਆ ਰਜਨੀਸ਼ ਜੀ ਨੇ ਭੀ ਇਸ ਸੰਬੰਧੀ ਬੜੇ ਸਹੀ ਤੇ ਢੁੱਕਵੀਂ ਦਲੀਲ ਦਿੱਤੀ ਸੀ, “ਸਿੱਖਾਂ ਦੀ ਆਪਣੀ ਇੱਕ ਸ਼ਖਸੀਅਤ ਹੈ। ਆਪਣਾ ਇਮਾਨ ਹੈ ਜੋ ਇਸ ਦੇਸ ਵਿੱਚ ਹੋਰ ਕਿਸੇ ਦਾ ਨਹੀਂ ਹੈ। ਤੁਸੀਂ ਸਿੱਖਾਂ ਉੱਤੇ ਜਿੰਨਾ ਭਰੋਸਾ ਕਰ ਸਕਦੇ ਹੋ ਕਿਸੇ ਹੋਰ ਤੇ ਨਹੀਂ ਕਰ ਸਕਦੇ। ਸਿੱਖ ਜੋ ਜੁਦਾ ਹੋਣਾ ਚਾਹੁੰਦੇ ਹਨ ਤਾਂ ਕਿਉਂ ਨਾ ਪ੍ਰੇਮ ਨਾਲ ਅਲੱਗ ਕਰ ਦਿਉ। ਦੁਸ਼ਮਣੀ ਦੀ ਥਾਂ ਦੋਸਤੀ ਨਾਲ ਅਲੱਗ ਕਰਨਾ ਹਰ ਤਰ੍ਹਾਂ ਲਾਭਦਾਇਕ ਰਹੇਗਾ।” ਸੋ ਆਪਣੇ ਜੁਦੇ ਆਜ਼ਾਦ ਮੁਲਕ ਵਿੱਚ ਅੱਧੀ ਖਾ ਕੇ ਗੁਜ਼ਾਰਾ ਕਰਨਾ ਸਵਰਗ ਵਰਗੇ ਹਲੇਮੀ ਰਾਜ ਦੇ ਬਰਾਬਰ ਹੋਵੇਗਾ। ਕਿਉਂਕਿ ਆਜ਼ਾਦੀ ਨੇ ਪੰਜਾਬ ਲਈ ਬਰਬਾਦੀ ਦੇ ਹੱਦਾਂ ਬੰਨੇ ਹੀ ਤੋੜ ਦਿੱਤੇ ਹਨ, ਜਿਸ ਲਈ ਲੁਟੇਰੇ ਰਾਜਸੀ ਪਾਰਟੀਆਂ ਵਾਲੇ ਜ਼ੁੰਮੇਵਾਰ ਹਨ। ਸੋ ਜਸਵੰਤ ਸਿੰਘ ਕੰਵਲ ਅਨੁਸਾਰ “ਹੁਣ ਨਰੋਆ ਹੰਭਲਾ ਮਾਰੇ ਬਿਨਾਂ ਆਰਥਿਕ ਜ਼ੰਜੀਰਾਂ ਨਹੀਂ ਟੁੱਟਣੀਆਂ ਅਤੇ ਗੰਦਾ ਕੀਤਾ ਸੱਭਿਆਚਾਰ ਪਾਕ ਪਵਿੱਤਰ ਨਹੀਂ ਹੋਣਾ। ਸਮੁੱਚੀ ਕੌਮ ਨੂੰ ਪਰਤਿੱਗਿਆ ਕਰਕੇ ਉੱਠੇ ਬਿਨਾਂ ਨਹੀਂ ਸਰਨਾ।” ਗੁਰੂ ਜੀ ਇਸ ਵਿੱਚ ਸਹਾਇਕ ਹੋਣ, ਪਰ ਜਿਸ ਲਈ ਦਿਲੋਂ ਲਾ ਕੇ ਏਕਤਾ ਜ਼ਰੂਰੀ ਹੈ!

ਨੋਟ:- ਇਹ ਲੇਖ ਗਲਤੀਆਂ ਠੀਕ ਕਰਕੇ ਅਤੇ ਸੋਧ ਕੇ ਦੁਬਾਰਾ ਲਿਖਿਆ ਗਿਆ ਹੈ।
.