.

ਹੇਮਕੁੰਟ `ਤੇ ਦਸਮ ਪਾਤਸ਼ਾਹ

ਅਜਕਲ ਗੁਰਦੁਆਰਿਆਂ ਚ ਇਸ਼ਤਹਾਰਾਂ ਰਾਹੀਂ ਹੇਮਕੁੰਟ ਤੀਰਥ ਸਥਾਨ ਦੇ ਦਰਸ਼ਨਾਂ ਨੂੰ ਜਾਣ ਲਈ ਬੜਾ ਪ੍ਰਚਾਰ ਦੇਖਣ ਹੋਰ ਸੁਣਨ ਨੂੰ ਮਿਲ ਰਿਹਾ ਹੈ। ਕਿਸੇ ਵੀ ਸਿੱਖ ਦੇ ਮਨ ਚ ਇਹ ਖਿਆਲ ਸਹਿਜਸੁਭਾਏ ਆ ਜਾਂਦਾ ਹੈ ਕਿ ਮੈਂ ਵੀ ਦਸਮ ਪਾਤਸ਼ਾਹ ਦੇ ਉਸ ਅਸਥਾਨ ਦੇ ਦਰਸ਼ਨ ਕਰਨ ਲਈ ਜਾਵਾਂ ਜਿੱਥੇ ਮੇਰੇ ਗੁਰੂ ਨੇ ਕਈ ਸਾਲਾਂ ਤੱਪ ਕੀਤਾ ਤੇ ਰੱਬ ਨੂੰ ਪਾ ਕੇ ਓਹਦੇ ਨਾਲ ਇੱਕ ਜੋਤ ਹੋ ਗਏ। 1000 ਜਾਂ 1500 ਰੁਪੇ ਦੇਕੇ ਕੋਈ ਵੀ ਇਸ ਤੀਰਥ ਯਾਤਰਾ ਚ ਸ਼ਾਮਿਲ ਹੋ ਜਾਂਦਾ ਹੈ। ਤੇ ਆਪਣੀ ਅਥਾਹ ਸ਼ਰਧਾ ਇਸ ਯਾਤਰਾ ਲਈ ਦਿਖਾਂਦਾ ਹੈ।
ਇਸੇ ਹੀ ਸੁਭਾਅ ਵੱਸ ਅੱਜ ਤੋਂ 7 ਕੁ ਸਾਲ ਪਹਿਲਾਂ ਦਾਸ ਦਾ ਵੀ ਬਹੁਤ ਮਨ ਕੀਤਾ ਕਿ ਮੈਂ ਵੀ ਉਸ ਅਸਥਾਨ ਦੇ ਦਰਸ਼ਨ ਕਰਾਂ ਜਿੱਥੇ ਮੇਰੇ ਪਾਤਸ਼ਾਹ ਨੇ ਆਪਣੇ ਪੂਰਬਲੇ ਜਨਮ ਚ ਤੱਪ ਕੀਤਾ ਤੇ ਰਬ ਨੂੰ ਪਾਇਆ। ਸੋ ਅਸੀਂ ਕੁੱਝ ਕੁ ਵੀਰਾਂ ਨੇ ਵੀਚਾਰ ਕੇ ‘ਹੇਮਕੁੰਟ’ ਦੇ ਉਸ ਮਨੋਰਥ ਸਥਾਨ ਤੇ ਜਾਣ ਦਾ ਮਨ ਬਣਾ ਲਿਆ। ਅਸੀਂ ਛੇਤੀ ਹੀ ਬਸ ਦੀਆਂ ਆਪਣੀਆਂ ਸੀਟਾਂ ਬੁਕ ਕਰਾ ਲਈਆਂ ਤੇ ਕੁੱਝ ਕੁ ਦਿਨਾਂ ਚ ਹੀ ਹੇਮਕੁੰਟ ਦੀ ਯਾਤਰਾ ਤੇ ਨਿਕਲ ਗਏ। ਅਸੀਂ ਸਾਰੇ ਵੀਰ ਅਮ੍ਰਿੰਤਧਾਰੀ ਸੀ, ਸਾਡੇ ਮਨਾਂ ਚ ਗੁਰੂ ਪ੍ਰਤੀ ਅਥਾਹ ਸ਼ਰਧਾ ਹੁੰਦਿਆਂ ਉਸ ਅਸਥਾਨ ਤੇ ਗੁਰੂ ਦੀ ਹੋਂਦ ਦੇ ਬਾਰੇ ਸੁਣਨ ਤੇ ਜਾਣਨ ਦਾ ਬੜਾ ਹੀ ਚਾ ਸੀ। ਅਸੀਂ ਸਾਰੇ ਵੀਰ ਰਸਤੇ ਵਿੱਚ ਗੁਰਬਾਣੀ ਪੜਦਿਆਂ ਸਮਾਂ ਬਿਤਾਇਆ ਅਤੇ ਹਰ ਉਸ ਗੁਰਦੁਆਰੇ ਜਿੱਥੇ ਅਸੀਂ ਠਹਿਰੇ, ਸਮਾਂ ਲੈ ਕੇ ਉਥੇ ਕੀਰਤਨ ਦੀਵਾਨ ਲਗਾਇਆ ਅਤੇ ਰਸਤੇ ਭਰ ਅਸੀਂ ਦਸਮ ਪਾਤਸ਼ਾਹ ਦੀਆਂ ਬਾਣੀਆਂ ਪੜ੍ਹੀਆਂ। ਅਸੀਂ ਸਭ ਤੋਂ ਪਹਿਲਾਂ ਦੇਹਰਾਦੂਨ ਫਿਰ ਰਿਸ਼ੀਕੇਸ਼, ਸ਼੍ਰੀ ਨਗਰ, ਗੋਬਿੰਦਘਾਟ, ਗੋਬਿੰਦਧਾਮ ਅਤੇ ਆਖੀਰ ਚ ਹੇਮਕੁੰਟ ਦੇ ਗੁਰਦੁਆਰੇ ਚ ਕੀਰਤਨ ਕੀਤਾ। ਅਸੀਂ ਕੁੱਝ ਕੁ ਸਮਾਂ ਮਿਲਦਿਆਂ ਉਥੇ ਸ਼ਸਤ੍ਰ (ਗਤਕਾ) ਅਭਿਆਸ ਵੀ ਕੀਤਾ। ਸਮਾਂ ਬਹੁਤ ਹੀ ਥੋੜਾ ਹੋਣ ਕਰਕੇ ਅਸੀਂ ਸਾਰੇ ਵੀਰਾਂ ਨੇ ਇਹ ਵਿਚਾਰ ਕੀਤੀ ਕਿ ਅਸੀਂ ਇਥੇ ਗੁਰਦੁਆਰੇ ਦੀ ਹਦ (ਸੀਮਾ) ਤੋਂ ਥੋੜਾ ਅਲਗ ਏਕਾਂਤ ਚ ਜਾ ਕੇ ਇਸ ਜਗ੍ਹਾ ਦਾ ਨਜ਼ਾਰਾ ਲਈਏ ਤੇ ਇਹ ਇਹਸਾਸ ਕਰਨ ਦੀ ਕੋਸ਼ਿਸ਼ ਕਰੀਏ ਕਿ ਓਹ ਕਿਸ ਤਰ੍ਹਾਂ ਦਾ ਮਾਹੌਲ ਜਾਂ ਸਮਾਂ ਹੋਵੇਗਾ ਜਿਥੇ ਉਸ ਸਮੇਂ ਦਸਮ ਪਾਤਸ਼ਾਹ ਨੇ ਇਥੇ ਤੱਪ ਕੀਤਾ ਹੋਵੇਗਾ। ਸੋ ਅਸੀਂ ਉਸ ਮਾਹੌਲ ਤੋਂ ਥੋੜਾ ਅਲਗ ਉਪਰ ਪਹਾੜਾਂ ਵਲ ਚੜਣ ਲਗ ਪਏ। ਥੋੜਾ ਉਪੱਰ ਜਾ ਕੇ ਏਕਾਂਤ ਚ ਅਸੀਂ ਸਾਰੇ ਵੀਰਾਂ ਨੇ ਬੈਠ ਕੇ ਉਸ ਅਸਥਾਨ ਨੂੰ ਬੜੇ ਹੀ ਧਿਆਨ ਨਾਲ ਦੇਖਿਆ। ਅਸੀਂ ਦਸਮ ਪਾਤਸ਼ਾਹ ਦੀ ਇੱਕ ਫੋਟੋ ਜਿਸਦੇ ਵਿੱਚ ਦਸਮ ਪਾਤਸ਼ਾਹ ਨੂੰ ਬਰਫ ਵਾਲੀਆਂ ਪਹਾੜੀਆਂ ਚ ਬੈਠੇ ਤੱਪ ਕਰਦੇ ਨੂੰ ਦੇਖਿਆ, ਉਸ ਅਸਥਾਨ ਨਾਲ ਜੋੜ ਕੇ ਦੇਖਣ ਦਾ ਜਤਨ ਕੀਤਾ ਪਰ ਸਾਡੇ ਸਾਰੇ ਵੀਰਾਂ ਦੇ ਮਨਾਂ ਚ ਉਸ ਅਸਥਾਨ ਦੇ ਬਾਰੇ ਕੋਈ ਇੱਕ ਵੀ ਰਾਏ ਪੱਕੀ ਨ ਹੋ ਸਕੀ। ਸੋ ਕੁੱਝ ਕੁ ਸਮਾਂ ਬੀਤ ਜਾਣ ਦੇ ਬਾਅਦ ਅਸੀਂ ਥੱਲੇ ਨੂੰ ਆ ਗਏ ਅਤੇ ਵੀਚਾਰ ਕੀਤੀ ਕਿ ਇਸ ਅਸਥਾਨ ਦੇ ਇਤਹਾਸ ਬਾਰੇ ਪਤਾ ਕਰੀਏ ਸੋ ਅਸੀਂ ਇੱਕ ਸਿਆਣੇ ਜਿਹੇ ਸਿੱਖ ਤੋਂ ਹੇਮਕੁੰਟ ਦੇ ਅਸਥਾਨ ਦੇ ਇਤਹਾਸ ਬਾਰੇ ਜਾਣਨ ਦਾ ਯਤਨ ਕੀਤਾ। ਅਸੀਂ ਉਸ ਸਿੱਖ ਕੋਲੋਂ ਹੇਮਕੁੰਟ ਦੇ ਅਸਥਾਨ ਬਾਰੇ ਬੜੇ ਹੀ ਚਾ ਨਾਲ ਸਾਰੀਆਂ ਗਲਾਂ ਪੁਛੀਆਂ ਪਰ ਸਾਡੇ ਸਬਰ ਦੀ ਹਦ ਉਦੋਂ ਨ ਰਹੀ ਜਦੋਂ ਉਸ ਵਲੋਂ ਇਹ ਕਹਿਆ ਗਿਆ ਕਿ “ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਚ ਇਸ ਅਸਥਾਨ ਤੇ ਦੇਵੀ ਕਾਲਕਾ ਦੀ ਅਰਾਧਨਾ ਕੀਤੀ ਸੀ ਤੇ ਦੇਵੀ ਨੇ ਖੁਸ਼ ਹੋ ਕੇ ਓਹਨਾਂ ਨੂੰ ਰਬ ਨਾਲ ਮਿਲਾ ਤਾ ਸੀ” ਇਹਨਾਂ ਸੁਣਨ ਤੋਂ ਬਾਅਦ ਸਾਡੇ ਸਾਰੇ ਵੀਰਾਂ ਦੇ ਮਨਾਂ ਚ ਜਿਵੇਂ ਉਸ ਸਿੱਖ ਨੇ ਖੰਜਰ ਚੋਭ ਦਿੱਤਾ ਹੋਵੇ, ਅਸੀਂ ਉਸ ਦੀ ਇਸ ਗਲ ਦਾ ਥੋੜਾ ਨਾਲ ਇਤਰਾਜ ਕਰਦਿਆਂ ਉਸ ਨੂੰ ਗੁਰਮਤਿ ਦੇ ਸਿਧਾਂਤ ਰਾਹੀ ਸਮਝਾਓਣ ਦਾ ਯਤਨ ਕੀਤਾ, ਪਰ ਉਸ ਦੁਆਰਾ ਇਕੋ ਹੀ ਗਲ ਆਖੀ ਗਈ ਕਿ ਇਹ ਬਚਨ ਤੇ ਆਪ ਦਸਮ ਪਾਤਸ਼ਾਹ ਦੇ ਨੇ। ਸਾਡੇ ਕੁੱਝ ਕੁ ਵੀਰਾਂ ਨੇ ਉਸ ਦੀ ਇਸ ਗਲ ਦਾ ਵਿਰੋਧ ਕਰਦਿਆਂ ਝਗੜਾ ਵੀ ਪਾ ਲਿਆ। ਪਰ ਅਸੀਂ ਕੁੱਝ ਵੀਰਾਂ ਨੇ ਓਹਨਾਂ ਨੂੰ ਸਮਝਾ ਕੇ ਇਸ ਗਲ ਨੂੰ ਖਤਮ ਕਰਾਇਆ ਤੇ ਅਸੀਂ ਸੋਚਿਆ ਕਿ ਅਸੀਂ ਦਸਮ ਪਾਤਸ਼ਾਹ ਦੇ ਇਤਹਾਸਿਕ ਅਸਥਾਨ ਦੇ ਦਰਸ਼ਨ ਲਈ ਆਏ ਹਾਂ ਸੋ ਇਸ ਅਸਥਾਨ ਤੇ ਝਗੜਨਾ ਨਹੀਂ ਚਾਹੀਦਾ, ਸੋ ਅਸੀਂ ਓਹ ਕੁੱਝ ਗਲੱਾਂ ਆਪਣੇ ਮਨਾਂ ਚ ਬਾਰ ਬਾਰ ਵੀਚਾਰਦੇ ਆਪਣੀ ਯਾਤਰਾ ਪੂਰੀ ਕੀਤੀ।
ਫਿਰ ਕੁੱਝ ਸਮਾਂ ਬੀਤ ਜਾਣ ਦੇ ਬਾਅਦ ਦਾਸ ਦੇ ਮਨ ਚ ਇੱਕ ਖਿਆਲ ਆਇਆ ਕਿ “ਮੇਰਾ ਗੁਰੂ ਦੇਵੀ ਪੂਜਕ! ! ! “ਐਸਾ ਨਹੀ ਹੋ ਸਕਦਾ, ਸੋ ਮੈਂ ਇਸ ਖਿਆਲ ਨਾਲ਼ ਇਹ ਵੀਚਾਰ ਕੀਤੀ ਕਿ ਥੋੜਾ ਜਿਹਾ ਇਸ ਹੇਮਕੁੰਟ ਦੇ ਇਤਹਾਸ ਤੋਂ ਹੋਰ ਜਾਣੂ ਹੋਵਾਂ ਸੋ ਮੈਂ ਕੁੱਝ ਕੁ ਸਿੱਖ ਇਤਹਾਸ ਦੀਆਂ ਕਿਤਾਬਾਂ ਖਰੀਦ ਲਈਆਂ ਪਰ ਬਹੁਤ ਕੁੱਝ ਪੜ੍ਹਦਿਆਂ ਮੈਂਨੂੰ ਕਿਧਰੇ ਵੀ ਹੇਮਕੁੰਟ ਦੇ ਇਤਹਾਸ ਬਾਰੇ ਪੜਨ ਨੂੰ ਨਾ ਮਿਲਿਆ, ਫਿਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਇਸਦੇ ਇਤਹਾਸ ਬਾਰੇ ਪੜਨ ਨੂੰ ਮਿਲ ਹੀ ਗਿਆ ਪਰ ਪੜ ਕੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਅਸੀਂ ਉਸ ਸਿੱਖ ਨਾਲ ਕਿਓਂ ਉਲਝ ਗਏ ਸੀ, ਉਸ ਨੇ ਜੋ ਕਹਿਆ ਸੀ ਓਹ ਬਿਲਕੁਲ ਹੀ ਠੀਕ ਸੀ। ਸਾਨੂੰ ਉਸ ਦਾ ਬੁਰਾ ਨਹੀਂ ਸੀ ਮਨਾਉਣਾ ਚਾਹੀਦਾ ਕਿਓਂਕਿ ਉਸਨੇ ਵੀ ਓਹੀ ਇਤਹਾਸ ਦਸਿਆ ਸੀ ਜੋ ਮੈਂ ਆਪਣੀਆਂ ਕਿਤਾਂਬਾਂ ਚ ਪੜ ਰਿਹਾ ਸੀ। ਚਲੋ ਸ਼ਾਇਦ ਇਹ ਉਸ ਦਾ ਹੀ ਭਲਾ ਸੀ ਕਿ ਮੈਨੂੰ ਵੀ ਸਿੱਖ ਇਤਹਾਸ ਪੜਨ ਦਾ ਅਵਸਰ ਪ੍ਰਾਪਤ ਹੋਇਆ ਸੀ। ਕਾਫੀ ਇਤਹਾਸ ਪੜਨ ਮਗਰੋਂ ਸਮਾਂ ਬੀਤਦੇ-ਬੀਤਦੇ ਓਹ ਇਤਹਾਸ ਹੀ ਚੰਗੀ ਤਰ੍ਹਾਂ ਯਾਦ ਹੋ ਗਿਆ ਤੇ ਓਹ ਗਲੱਾਂ ਵੀ ਅਦਰੋਂ-ਅੰਦਰ ਸਮਝ ਆਉਣ ਲੱਗ ਪਈਆਂ ਕਿ ਜੇ ਅਸੀਂ ਅੱਜ ਹੇਮਕੁੰਟ ਦੇ ਅਸਥਾਨ ਨੂੰ ਦਸਮ ਪਾਤਸ਼ਾਹ ਨਾਲ ਜੋੜ ਕੇ ਦੇਖੀਏ ਤਾਂ ਕੁੱਝ ਹੋਰ ਗਲੱਾਂ ਵੀ ਸਾਨੂੰ ਆਪਣੇ ਆਪ ਮਨਣੀਆਂ ਪੈਣਗੀਆਂ। ਓਹ ਗੱਲਾਂ ਜਿਸਦਾ ਸਾਡੇ ਗੁਰੂ ਨਾਲ ਕੋਈ ਸੰਬਧ ਨਹੀ ਜਾਣੇ-ਅਣਜਾਣੇ ਮਨਣੀਆਂ ਹੀ ਪੈਣਗੀਆਂ ਤੇ ਕੁੱਝ ਇਨ੍ਹਾਂ ਸਵਾਲਾਂ ਨੂੰ ਵੀਚਾਰਨਾ ਹੀ ਪਵੇਗਾ -
1- ਕਿ ਦਸਮ ਪਿਤਾ ਦੇਵੀ ਕਾਲਕਾ ਦੇ ਉਪਾਸਕ ਸੀ, ਜਾ ਨਹੀਂ? ਜਦੋਂ ਗੁਰੂ ਨੇ ਹੀ ਆਪ ਆਖਿਆ ਹੋਵੇ ਤਹ ਹਮ ਅਧਿਕ ਤੱਪਸਿਆ ਸਾਧੀ, ਮਹਾਂਕਾਲ ਕਾਲਿਕਾ ਆਰਾਧੀ।
2- ਕਿ ਦਸਮ ਪਿਤਾ ਨੇ ਅਪਣੇ ਪੂਰਬਲੇ ਜਨਮ ਚ ਦੇਵੀ ਕਾਲਕਾ ਦਾ ਤੱਪ ਕਰਦੇਆਂ ਰੱਬ ਨੂੰ ਪਾਇਆ ਸੀ? ਜਦੋਂ ਗੁਰੂ ਨੇ ਆਪ ਹੀ ਉਚਾਰਿਆ ਹੋਵੇ; ਸਤਿਗੁਰੁ ਮੇਰਾ ਸਦਾ ਸਦਾ, ਨ ਆਵੈ ਨ ਜਾਇ। ਓਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਏ॥
ਜੇ ਰਬ ਨਾਲ ਇੱਕ ਹੋ ਗਏ ਸੀ ਫਿਰ ਜਨਮ ਕਿਸ ਤਰ੍ਹਾਂ ਹੋ ਸਕਦਾ ਹੈ?
3- ਕਿ ਦਸਮ ਪਾਤਸ਼ਾਹ ਨੇ ਇਹ ਉਚਾਰਿਆ “ਹੇਮਕੁੰਟ ਤੇ ਤੱਪ ਕਰਦਿਆਂ ਅਕਾਲਪੁਰਖ ਨੇ ਮੈਨੂੰ ਮਾਤਲੋਕ (ਧਰਤੀ) ਚ ਭੇਜਿਆ”। ਸਾਧ ਸੰਗਤ ਜੀ ਜੇ ਹੇਮਕੁੰਟ ਤੋਂ ਦਸਮ ਪਾਤਸ਼ਾਹ ਮਾਤਲੋਕ (ਇਸ ਧਰਤੀ) ਤੇ ਆਏ, ਤੇ ਇਥੇ ਉਤਰਾਖੰਡ ਦੀ ਪਹਾੜੀਆਂ ਚ ਬਣਾਇਆ ਗਿਆ ਹੇਮਕੁੰਟ ਦਸਮ ਪਾਤਸ਼ਾਹ ਨਾਲ ਕਿਵੇਂ ਜੁੜ ਸਕਦਾ ਹੈ?
4- ਕਿ ਦਸਮ ਪਾਤਸ਼ਾਹ ਨੇ ਇਸ ਬਚਿੱਤਰ ਰੂਪੀ ਨਾਟਕ ਚ ਜੋ ਲਿਖਿਆ ਹੈ ਜੇ ਉਹ ਸੱਚ ਮਨ ਲਈਏ ਤਾਂ ਦਸਮ ਪਾਤਸ਼ਾਹ ਨੇ ਆਪਣੇ ਸਮੇਂ ਰਹਿਦਿਆਂ ਇਸ ਪਵਿੱਤਰ ਤੀਰਥ ਅਸਥਾਨ ਦੀ ਖੋਜ ਕਿਓਂ ਨਹੀ ਕਰਵਾਈ, ਜਾਂ ਗੁਰੂ ਦੇ ਸਮੇਂ ਤੋਂ ਬਾਅਦ ਦੇ ਸਿੰਘਾਂ ਨੇ ਇਸ ਅਸਥਾਨ ਦੀ ਭਾਲ ਕਿਓਂ ਨਹੀ ਕੀਤੀ?
5- ਕਿ ਦਸਮ ਪਾਤਸ਼ਾਹ ਨੇ ਹੇਮਕੁੰਟ ਦੇ ਅਸਥਾਨ ਤੇ ਆਪਣੇ ਕੀਤੇ ਤੱਪ ਦਾ ਜਿਕਰ ਕੀਤਾ, ਜੇ ਓਹ ਅਸਥਾਨ ਨੂੰ ਮੰਨ ਲਈਏ ਤੇ ਗੋਬਿੰਦਘਾਟ ਤੇ ਗੇਬਿੰਦਧਾਮ ਦਾ ਕੀ ਇਤਹਾਸ ਹੈ?
6- ਜੇ ਦਸਮ ਪਾਤਸ਼ਾਹ ਦੇ ਇਹ ਵਾਕ: ਹੇਮਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਬਿਤ ਹੈ ਤਹਾਂ॥ ਨੂੰ ਸੱਚ ਮਨ ਲਈਏ ਤੇ ਓਹ ਜਗ੍ਹਾ ਜਿੱਥੇ ਹੇਮਕੁੰਟ ਅਸਥਾਨ ਹੈ ਤੋਂ ਸਪਤ ਸ੍ਰਿੰਗ (ਸੱਤ ਪਹਾੜੀਆਂ) ਨਜਰ ਆਉਂਦੀਆਂ ਨੇ? ਜੇ ਨਹੀਂ ਤਾਂ ਕਿਸ ਹੋਰ ਪ੍ਰਮਾਣ ਨਾਲ ਉਸ ਜਗ੍ਹਾ ਤੇ ਹੇਮਕੁੰਟ ਅਸਥਾਨ ਬਣਾ ਲਿਆ ਗਿਆ ਜਾਂ ਕਿਸ ਭੂਗਰਭ ਸ਼ਾਸਤ੍ਰੀ ਵਲੋਂ ਇਹ ਜਗ੍ਹਾ ਪ੍ਰਮਾਣਿਤ ਕਰਵਾਈ ਗਈ?
7- ਕਿ ਦਸਮ ਪਾਤਸ਼ਾਹ ਆਪਣੇ ਪੂਰਬਲੇ ਜਨਮ ਦਾ ਨਾਟਕ ਲਿਖਦਿਆਂ ਸਾਨੂੰ ਕੀ ਦਿਸ਼ਾ ਨਿਰਦੇਸ਼ ਦੇਣਾ ਚਾਹਂਦੇ ਸੀ?
8- ਕਿ ਦਸਮ ਪਾਤਸ਼ਾਹ ਦੇ ਕਹੇ ਜਾਣ ਵਾਲੇ ਇਸ ਹੇਮਕੁੰਟ ਅਸਥਾਨ ਨੂੰ ਸਾਰੀ ਸਿੱਖ ਕੋਮ ਜਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਿਤ ਕਰ ਲਿਆ ਗਿਆ ਹੈ?
ਸਾਧ ਸੰਗਤ ਜੀ ਐਸੇ ਹੀ ਕਈ ਹੋਰ ਸਵਾਲ ਪੈਦਾ ਹੁੰਦੇ ਰਹਿਣਗੇ ਜਦ ਤਕ ਅਸੀਂ ਆਪ ਇਸ ਹੇਮਕੁੰਟ ਦੇ ਇਤਹਾਸ ਤੋਂ ਜਾਣੂ ਨਹੀ ਹੋਵਾਂਗੇ। ਸਾਡੀ ਕਈ ਸਿੱਖ ਜੱਥੇਬੰਦੀਆਂ ਜਾਣੇ ਜਾ ਅਣਜਾਣੇ ਚ ਇਸ ਨੂੰ ਤੀਰਥ ਯਾਤਰਾ ਕਹਿ ਕੇ ਇਸ ਅਸਥਾਨ ਨੂੰ ਵੈਸ਼ਨੋ ਦੇਵੀ ਅਤੇ ਅਮਰਨਾਥ ਵਰਗੇ ਤੀਰਥਾਂ ਵਾਂਗ ਦਿਨ-ਬ-ਦਿਨ ਕੂੜ ਪ੍ਰਚਾਰ ਕਰੀ ਜਾ ਰਹੀਆਂ ਹਨ ਜਦਕਿ ਗੁਰੁ ਦਾ ਸਾਨੂੰ ਇਨ੍ਹਾਂ ਤੀਰਥਾਂ ਬਾਰੇ ਫੁਰਮਾਨ ਹੈ: ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵੀਚਾਰ ਅੰਤਰਿ ਗਿਆਨ ਹੈ॥
ਇਸ ਲਈ ਨ ਤਾਂ ਹੇਮਕੁੰਟ ਸਾਡੇ ਲਈ ਤੀਰਥ ਅਸਥਾਨ ਹੈ ਤੇ ਨ ਹੀ ਇਹਦੇ ਇਤਹਾਸਿਕ ਪੱਖ ਦਾ ਕੋਈ ਠੋਸ ਸਬੂਤ ਹੈ। ਇਹ ਸਿੱਖ ਕੋਮ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਚ ਡੋਬਣ ਦੀ ਸਿੱਖ ਵਿਰੋਧੀਆਂ ਦੀ ਹੀ ਇੱਕ ਚਾਲ ਸੀ। ਇਸ ਲਈ ਇਸ ਅਸਥਾਨ ਦੀ ਤੀਰਥ ਯਾਤਰਾ ਕਰਕੇ ਅਸੀਂ ਇੱਕ ਪਾਸੇ ਗੁਰੂ ਦੀ ਕਹੀ ਗਲ ਨ ਮਨ ਕੇ ਬ੍ਰਾਹਮਣਵਾਦ ਨਾਲ ਜੁੜਾਂਗੇ ਦੂਜਾ ਅਸੀਂ ਇਸ ਅਸਥਾਨ ਨੂੰ ਮਾਨਤਾ ਦੇ ਕੇ ਅਪਣੇ ਗੁਰੂ ਦਸਮ ਪਾਤਸ਼ਾਹ ਦਾ ਅਪਮਾਨ ਕਰਦੇਆਂ ਗੁਰੂ ਤੋਂ ਬੇਮੁਖ ਹੋ ਜਾਵਾਂਗੇ।
ਗੁਰੂ ਗ੍ਰੰਥ ਦੇ ਦਰ ਦਾ ਛੋਟਾ ਜਿਹਾ ਕੂਕਰ
ਖੁਸ਼ਵੰਤ ਸਿੰਘ
.