.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 04)

(ਏਥੇ ਦੋ ਚੀਜ਼ਾਂ ਤੇ ਵਿਚਾਰ ਕਰ ਲੈਣਾ ਲਾਹੇਵੰਦ ਹੋਵੇ ਗਾ.
੧. ਗੁਰਬਾਣੀ ਸਪਸ਼ਟ ਕਰਦੀ ਹੈ ਕਿ ਗੁਰ (ਸ਼ਬਦ) ਦੀ ਸ਼ਰਨ ਲੈਣ ਤੋਂ ਬਗੈਰ ਪਰਮਾਤਮਾ ਦੇ ਹੁਕਮ ਬਾਰੇ ਸੋਝੀ ਨਹੀਂ ਹੁੰਦੀ, ਅਤੇ ਹੁਕਮ ਮੰਨੇ ਬਗੈਰ, ਰਜ਼ਾ ਅਨੁਸਾਰ ਚਲੇ ਬਗੈਰ, ਜਨਮ ਮਰਨ ਦੇ ਗੇੜ ਤੋਂ ਮੁਕਤੀ ਨਹੀਂ ਮਿਲਦੀ। ਫਿਰ ਵੀ ਅਜ ਕਲ ਦੇ ਆਪੂੰ ਬਣੇ ਸੰਤ, ਮਹਾਂ ਪੁਰਸ਼, ਬ੍ਰਹਮ ਗਿਆਨੀ ਭੋਲੀ ਭਾਲੀ ਸੰਗਤ ਨੂੰ ਕਦੀ ਸ਼ਬਦ ਨੂੰ ਵਿਚਾਰਨ ਦੀ ਗੱਲ ਨਹੀਂ ਦਸਦੇ, ਸਿਰਫ਼ ਸ਼ਰਧਾ ਦੀ ਹੀ ਗੱਲ ਕਰਦੇ ਹਨ, ਅਤੇ ਉਨ੍ਹਾਂ ਪਿੱਛੇ ਲਗ ਕੇ ਕੁਰਾਹੇ ਪਏ ਲੋਕ ਆਮ ਕਰ ਕੇ ਇਹੀ ਕਹਿੰਦੇ ਸੁਣੇ ਜਾ ਸਕਦੇ ਹਨ, ਅਜੀ ਛੱਡੋ ਸਾਰੀਆਂ ਗੱਲਾਂ, ਸ਼ਰਧਾ ਹੋਣੀ ਚਾਹੀਦੀ ਹੈ, ਧੰਨੇ ਨੂੰ ਪੱਥਰ ਵਿਚੋਂ ਰੱਬ ਮਿਲ ਪਇਆ ਸੀ। ਕਿਉਂ?
੨. ਸ਼ਬਦ ਅਤੇ ਗੁਰਬਾਣੀ ਵੱਖ ਵੱਖ ਚੀਜ਼ਾਂ ਨਹੀਂ ਹਨ। ਜਿਵੇਂ
ਆਪੇ ਕਰਤਾ ਕਰੇ ਕਰਾਏ॥ ਆਪੇ ਸਬਦੁ ਗੁਰ ਮੰਨਿ ਵਸਾਏ॥
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (੧੨੫)
ਕਰਤਾਪੁਰਖ ਆਪ ਹੀ ਸਭ ਕੁੱਝ ਕਰ ਰਿਹਾ ਹੈ, ਅਤੇ ਜੀਵਾਂ ਕੋਲੋਂ ਵੀ ਆਪ ਹੀ ਕਰਵਾ ਰਿਹਾ ਹੈ। (ਜੀਵ, ਅੰਦਰ ਵਿਆਪ ਰਹੀ, ਪ੍ਰਭੂ ਦੀ ਸੱਤਾ ਆਸਰੇ ਹੀ ਸਭ ਕੁੱਝ ਕਰਦੇ ਹਨ) ਆਪੇ ਸ਼ਬਦ ਗੁਰੂ ਨੂੰ ਮਨ ਵਿੱਚ ਵਸਾ ਕੇ ਉਸ ਨੂੰ ਮੰਨਣ ਦੀ ਪ੍ਰੇਰਨਾ ਦਿੰਦਾ ਹੈ, ਜਿਸ ਤੋਂ ਅੰਮ੍ਰਿਤ, ਅਕਾਲ ਪੁਰਖ ਦੀ ਰਚਨਾ ਦੀ ਸੋਝੀ ਪੈਦਾ ਹੁੰਦੀ ਹੈ, ਅਤੇ ਸ਼ਬਦ ਵਿਚਾਰ ਅਨੁਸਾਰ ਚਲਣ ਵਾਲੇ ਉਸ ਦੀ ਸੋਝੀ ਦੂਸਰਿਆਂ ਨੂੰ ਵੀ ਦਿੰਦੇ ਹਨ।) ਅਤੇ
ਸਤਿਗੁਰ ਹਮਰਾ ਭਰਮੁ ਗਵਾਇਆ॥
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ॥
ਸ਼ਬਦੁ ਚੀਨਿ ਸਦਾ ਸੁਖੁ ਪਾਇਆ॥ ੧॥
ਸ਼ੁਣਿ ਮਨ ਮੇਰੇ ਤਤੁ ਗਿਆਨੁ॥
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ॥ ੧॥ ਰਹਾਉ॥
ਸਤਿਗੁਰ ਭੇਟੇ ਕੀ ਵਡਿਆਈ॥ ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਆਈ॥
ਸਹਿਜੇ ਮਾਤਾ ਹਰਿ ਗੁਣ ਗਾਈ॥ ੨॥
ਵਿਣੁ ਗੁਰ ਪੂਰੇ ਕੋਇ ਨ ਜਾਣੀ॥ ਮਾਇਆ ਮੋਹਿ ਦੂਜੈ ਲੋਭਾਣੀ॥
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ॥ ੩॥
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ॥ ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰ॥
ਦਰਿ ਸਾਚੈ ਦੀਸੈ ਸਚਿਆਰ॥ ੪॥
ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ॥ ਆਪੁ ਪਛਾਣਿ ਹਰਿ ਪਾਵੈ ਸੋਇ॥
ਸਾਚੀ ਬਾਣੀ ਮਹਲੁ ਪਰਾਪਤਿ ਹੋਇ॥ ੫॥
ਗੁਰ ਸੇਵਾ ਤੇ ਸਭ ਕੁਲ ਉਧਾਰੇ॥ ਨਿਰਮਲ ਨਾਮੁ ਰਖੈ ਉਰਿ ਧਾਰੇ॥
ਸਾਚੀ ਸੋਭਾ ਸਾਚਿ ਦੁਆਰੇ॥ ੬॥
ਸੇ ਵਡਭਾਗੀ ਜਿ ਗੇਰ ਸੇਵਾ ਲਾਏ॥ ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ॥
ਨਾਮੇ ਉਧਰੇ ਕੁਲ ਸਬਾਏ॥ ੭॥
ਨਾਨਕੁ ਸਾਚੁ ਕਹੈ ਵੀਚਾਰੁ॥ ਹਰਿ ਕਾ ਨਾਮੁ ਰਖਹੁ ਉਰਿ ਧਾਰਿ॥
ਹਰਿ ਭਗਤੀ ਰਾਤੇ ਮੋਖ ਦੁਆਰੁ॥ ੮॥ (੪੨੩)
ਰਹਾਉ ਦੀ ਤੁਕ ਵਿੱਚ ਮਨ ਨੂੰ ਸਮਝਾਉਂਦਿਆਂ ਕਿਹਾ ਹੈ ਕਿ ਹੇ ਮੇਰੇ ਮਨ ਤੂੰ ਤੱਤ ਗਿਆਨ ਦੀ ਗੱਲ ਸੁਣ, ਇਸ ਸ੍ਰਿਸ਼ਟੀ ਰਚਨਾ ਅਤੇ ਬ੍ਰਹਮ ਗਿਆਨ ਦੀ ਗੱਲ ਸੁਣ। ਜਿਸ ਅਕਾਲ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ, ਜੋ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਇਸ ਸ੍ਰਿਸ਼ਟੀ ਨੂੰ ਰਚਣ, ਉਸ ਨੂੰ ਚਲਦਾ ਰੱਖਣ ਅਤੇ ਉਸ ਨੂੰ ਸਮਾਪਤ ਕਰਨ ਦੀਆਂ ਸਾਰੀਆਂ ਵਿਧੀਆਂ, ਸਾਰੇ ਤਰੀਕੇ ਜਾਣਦਾ ਹੈ। ਉਸ ਨਾਮ ਦੇ ਖਜ਼ਾਨੇ, ਹੁਕਮ ਦੇ ਮਾਲਕ, ਕਰਤਾਰ ਨੂੰ ਗੁਰਮੁਖ ਹੋ ਕੇ, ਗੁਰ (ਸ਼ਬਦ) ਦੀ ਸਿਖਿਆ ਅਨੁਸਾਰ, ਵਾਹਿਗੁਰੂ ਦੇ ਹੁਕਮ ਵਿੱਚ ਚਲਿਆਂ, ਹੀ ਪਾਇਆ ਜਾ ਸਕਦਾ ਹੈ।
ਪਹਿਲੀ ਤੁਕ ਵਿੱਚ ਦਸਿਆ ਹੈ ਕਿ ਸਤਿਗੁਰ, ਸ਼ਬਦ ਗੁਰੂ ਨੇ ਮੇਰੇ ਭਰਮ ਭੁਲੇਖੇ ਦੂਰ ਕਰ ਦਿਤੇ ਹਨ। ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿੱਚ ਵਸਾ ਦਿਤਾ ਹੈ। ਮੇਰੇ ਮਨ ਨੂੰ ਉਸ ਰਜ਼ਾ ਦੇ ਮਾਲਕ, ਕਰਤਾਰ ਦੇ ਹੁਕਮ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਹੁਣ ਮੈਂ ਸ਼ਬਦ ਗਿਆਨ ਨੂੰ ਸਮਝ ਕੇ ਸਦੀਵੀ ਸੁਖ ਮਾਣਦਾ ਹਾਂ। ਉਸ ਅਨੁਸਾਰ ਹੀ ਚਲਦਾ ਹਾਂ।
ਦੂਸਰੀ ਤੁਕ ਵਿੱਚ ਦੱਸਿਆ ਹੈ ਕਿ ਹੇ ਮੇਰੇ ਮਨ, ਤੂੰ ਸ਼ਬਦ ਗੁਰੁ ਨੂੰ ਮਿਲਣ ਦੀ ਵਡਿਆਈ ਸਮਝ। ਉਸ ਨੂੰ ਮਿਲਿਆਂ ਕੀ ਹਾਸਲ ਹੁਂਦਾ ਹੈ? ਇਹ ਜਾਣ। ਸ਼ਬਦ ਗੁਰੁ ਨੇ ਜਿਸ ਮਨੁੱਖ ਦੀ ਮਾਇਆ ਮੋਹ ਦੀ ਮਮਤਾ ਅਤੇ ਤ੍ਰਿਸ਼ਨਾ ਦੀ ਅੱਗ ਖਤਮ ਕਰ ਦਿਤੀ, ਉਹ ਮਨੁੱਖ ਸਹਿਜ ਵਿੱਚ ਮਸਤ ਹੋ ਕੇ ਹਰੀ ਦੇ ਗੁਣਾਂ ਦੀ ਵਡਿਆਈ ਕਰਦਾ ਰਹਿੰਦਾ ਹੈ। ਉਨ੍ਹਾਂ ਗੁਣਾਂ ਨੂੰ ਅਪਣੇ ਮਨ ਵਿੱਚ ਧਾਰਨ ਕਰਨ ਦਾ ਉਪਰਾਲਾ ਕਰਦਾ ਹੈ।
ਤੀਸਰੀ ਤੁਕ ਵਿੱਚ ਸਮਝਾਇਆ ਹੈ ਕਿ ਸ਼ਬਦ ਗੁਰੁ ਨੂੰ ਮਿਲਣ ਤੋਂ ਬਗੈਰ, ਉਸ ਨੂੰ ਵਿਚਾਰਨ, ਉਸ ਅਨੁਸਾਰ ਜੀਵਨ ਢਾਜਣ ਤੋਂ ਬਗੈਰ, ਕਰਤਾਰ ਬਾਰੇ ਕੁੱਝ ਵੀ ਜਾਣਿਆ ਨਹੀਂ ਜਾ ਸਕਦਾ। ਕਿਉਂਕਿ ਸ਼ਬਦ ਦੀ ਸਰਨ ਲੈਣ ਤੋਂ ਬਗੈਰ, ਮਨ ਦੀ ਮਤ ਪਿਛੇ ਚਲਦਾ ਬੰਦਾ, ਮਾਇਆ ਮੋਹ ਵਿਚ, ਪਰਮਾਤਮਾ ਤੋ ਦਵੈਤ ਭਾਵ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰਮੁਖ ਹੋ ਕੇ ਹੀ, ਸ਼ਬਦ ਵਿਚਾਰ ਆਸਰੇ ਹੀ ਨਾਮ ਮਿਲਦਾ ਹੈ। ਕਰਤਾਰ ਦੇ ਧੁਰੋਂ ਲਿਖੇ ਹੁਕਮ ਬਾਰੇ ਸੋਝੀ ਹੁੰਦੀ ਹੈ। ਹਰੀ ਵਲੋਂ ਰਚੀ ਇਸ ਜਗਤ ਖੇਡ ਬਾਰੇ ਜਾਣਕਾਰੀ ਹੁੰਦੀ ਹੈ।
ਚੌਥੀ ਤੁਕ ਵਿੱਚ ਸਮਝਾਇਆ ਹੈ ਕਿ ਸ਼ਬਦ ਗੁਰੂ ਦੀ ਦੱਸੀ ਸੇਵਾ (ਗੁਰ ਕੀ ਸੇਵਾ ਸਬਦੁ ਵਿਚਾਰੁ॥ (੨੨੩) ) ਹੀ ਤਪਾਂ ਦਾ ਵੱਡਾ ਤਪ ਹੈ। ਜਿਸ ਨਾਲ ਸਭ ਦੁਖਾਂ ਨੂੰ ਦੂਰ ਕਰਨ ਵਾਲਾ ਹਰੀ ਮਨ ਵਿੱਚ ਵਸ ਜਾਂਦਾ ਹੈ। ਸਦੀਵੀ ਸੁਖ ਪਰਾਪਤ ਹੋ ਜਾਂਦਾ ਹੈ। ਗੁਰੂ ਦੀ ਸੇਵਾ ਕਰਨ ਵਾਲਾ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਸਚਿਆਰ, ਸਚੇ ਕੰਮ ਕਰਨ ਵਾਲਾ ਜ਼ਾਹਰ ਹੋ ਜਾਂਦਾ ਹੈ।
ਪੰਜਵੀਂ ਤੁਕ ਵਿੱਚ ਦਸਿਆ ਹੈ ਕਿ ਗੁਰੂ ਦੀ ਦਸੀ ਸੇਵਾ ਨਾਲ, ਬੰਦੇ ਨੂੰ ਤਿੰਨਾਂ ਭਵਨਾਂ (ਧਰਤੀ, ਇਸ ਦੇ ਹੇਠਲੀ ਸ੍ਰਿਸ਼ਟੀ, ਇਸ ਤੋਂ ਉਪਰਲੀ ਸ੍ਰਿਸ਼ਟੀ) ਸਾਰੀ ਸ੍ਰਿਸ਼ਟੀ ਬਾਰੇ ਗਿਆਨ ਹੋ ਜਾਂਦਾ ਹੈ। ਇਸ ਆਸਰੇ, ਜੋ ਵੀ ਅਪਣੇ ਆਪ ਨੂੰ ਪਛਾਣ ਲੈਂਦਾ ਹੈ। ਜਿਸ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਪਰਮਾਤਮਾ ਦੀ ਹੀ ਅੰਸ ਹਾਂ ਅਤੇ ਪਮਾਤਮਾ ਹੀ ਮੇਰਾ ਮੂਲ ਹੈ, ਮੈਂ ਕਿਉਂ ਉਸ ਤੋਂ ਦੂਰ ਹਾਂ? ਉਹ ਰੱਬ ਨੂੰ ਮਿਲ ਪੈਂਦਾ ਹੈ। ਇਸ ਤਰ੍ਹਾਂ ਅੰਮ੍ਰਿਤ ਬਾਣੀ ਆਸਰੇ ਉਸ ਨੂੰ ਕਰਤਾਰ ਦੇ ਮਹਲ, ਅਪਣੇ ਨਿੱਜੀ ਘਰ ਵਿੱਚ ਵਾਸਾ ਮਿਲ ਜਾਂਦਾ ਹੈ।
ਛੇਵੀਂ ਤੁਕ ਵਿੱਚ ਸੋਝੀ ਦਿਤੀ ਹੈ ਕਿ ਗੁਰੁ ਦੀ ਸੇਵਾ, ਸ਼ਬਦ ਵਿਚਾਰ ਅਨੁਸਾਰ ਚਲ ਕੇ ਬੰਦਾ ਅਪਣੀ ਕੁਲ ਦਾ ਉਧਾਰ ਕਰ ਲੈਂਦਾ ਹੈ। (ਏਥੇ ਕੁਲ ਬਾਰੇ ਵਿਚਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਟੀਕਿਆਂ ਵਿੱਚ ਵੀ ਤੇ ਸਟੇਜਾਂ ਤੋਂ ਵੀ ਜੋ ਕੁੱਝ ਸਮਝ ਪੈਂਦੀ ਹੈ, ਉਸ ਅਨੁਸਾਰ ਕੁਲ ਦਾ ਅਰਥ ਬਣਦਾ ਹੈ ਪੀੜ੍ਹੀ। ਸਟੇਜਾਂ ਤੋਂ ਆਮ ਕਰ ਕੇ ਇਕੀ ਕੁਲਾਂ ਦਾ ਜ਼ਿਕਰ ਹੁੰਦਾ ਹੈ। ਜਿਸ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ, ਬੇਟੇ ਦਾ ਬੇਟਾ, ਉਸਦਾ ਬੇਟਾ। ਇਵੇਂ ਅਰਥ ਬਣ ਜਾਂਦਾ ਹੈ ਕਿ ਗੁਰੁ ਦੀ ਸੇਵਾ ਕਰਨ ਨਾਲ ਇਕੀ ਪੀੜ੍ਹੀਆਂ ਤਰ ਜਾਂਦੀਆਂ ਹਨ। ਜੋ ਕਿ ਗੁਰਮਤ ਸਿਧਾਂਤ ਦੇ ਬਿਲਕੁਲ ਉਲਟ ਹੈ। ਗੁਰਮਤ ਅਨੁਸਾਰ
ਜੈਸਾ ਕਰੇ ਸੁ ਤੈਸਾ ਪਾਵੈ॥ ਆਪਿ ਬੀਜਿ ਆਪੇ ਹੀ ਖਾਵੈ॥ (੬੬੨)
ਮਨੁੱਖ ਜੈਸਾ ਕਰਮ ਕਰਦਾ ਹੈ, ਵੈਸਾ ਹੀ ਉਸਦਾ ਫਲ ਪਾਉਂਦਾ ਹੈ। ਹਰ ਕੋਈ ਆਪਣੇ ਬੀਜੇ ਦਾ ਫਲ ਆਪ ਹੀ ਖਾਂਦਾ ਹੈ। ਅਤੇ
ਈਠ ਮੀਤ ਕੋਊ ਸਖਾ ਨਾਹਿ॥ ਆਪਿ ਬੀਜਿ ਆਪੇ ਹੀ ਖਾਂਹਿ॥ (੧੧੯੨)
ਹੇ ਭਾਈ ਇਸ ਦੁਨੀਆ ਵਿੱਚ ਕੋਈ ਵੀ ਪੱਕਾ ਦੋਸਤ ਨਹੀਂ ਹੈ; ਜੋ ਤੋੜ ਤਕ ਸਾਥ ਨਿਭਾਵੇ। ਸਾਰੇ ਜੀਵ ਆਪ ਹੀ ਕਰਮ ਕਰ ਕੇ, ਆਂਪ ਹੀ ਉਸਦਾ ਫਲ ਭੋਗਦੇ ਹਨ। ਸੋ ਇਹ ਤਾਂ ਸਪਸ਼ਟ ਹੈ ਕਿਸੇ ਇੱਕ ਦੇ, ਗੁਰੂ ਦੀ ਸੇਵਾ ਕੀਤਿਆਂ ਕੋਈ ਦੋ ਪੀੜਅਿਾਂ ਵੀ ਨਹੀ ਤਰ ਸਕਦੀਆਂ। ਫਿਰ ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਗੁਰੂ ਦੀ ਸੇਵਾ ਕਰਨ ਵਾਲਾ, ਸ਼ਬਦ ਦੀ ਵਿਚਾਰ ਕਰਨ ਵਾਲਾ, ਸਤਸੰਗੀਆਂ ਨੂੰ ਸਿਧੇ ਰਸਤੇ ਪਾ ਕੇ, ਜੇ ਉਹ ਸਤਸੰਗ ਦਾ ਲਾਹਾ ਲੈਣ ਵਾਲੇ ਹੋਣ ਤਾਂ ਕੁਲ ਦਾ ਉਧਾਰ ਕਰ ਲੈਂਦਾ ਹੈ। ਸਾਰਿਆਂ ਨੂੰ ਤਾਰ ਲੈਂਦਾ ਹੈ। ਇਸ ਵਿੱਚ ਕਿਸੇ ਰਿਸ਼ਤੇ ਦਾਰ ਦੀ ਕੋਈ ਗੱਲ ਨਹੀਂ।)
ਗੁਰੂ ਦੀ ਸੇਵਾ ਨਾਲ ਹੀ ਬੰਦਾ, ਪਰਮਾਤਮਾ ਦੇ ਨਿਰਮਲ ਨਾਮ ਨੂੰ ਅਪਣੇ ਹਿਰਦੇ ਵਿੱਚ ਟਿਕਾਈ ਰਖਦਾ ਹੈ, ਉਸਦੇ ਹੁਕਮ ਅਨੁਸਾਰ ਚਲਦਾ ਹੈ। ਉਸ ਨੂੰ ਸਚੇ ਦੁਆਰੇ, ਪ੍ਰਭੂ ਦੇ ਦਰਬਾਰ ਵਿਚ, ਹਮੇਸ਼ਾ ਕਾਇਮ ਰਹਿਣ ਵਾਲੀ ਵਡਿਆਈ ਮਿਲਦੀ ਹੈ।
ਸਤਵੀਂ ਤੁਕ ਵਿੱਚ ਸਮਝਾਇਆ ਹੈ ਕਿ, ਉਹ ਮਨੁੱਖ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪਰਭੂ ਨੇ ਗੁਰੂ ਦੀ ਸੇਵਾ ਨਾਲ ਜੋੜਿਆ ਹੈ। (ਗੁਰੂ ਦੀ ਸੇਵਾ ਬਾਰੇ ਆਪਾਂ ਪਹਿਲਾਂ ਵਿਚਾਰ ਚੁਕੇ ਹਾਂ) ਉਨ੍ਹਾਂ ਨੂੰ ਗੁਰੂ ਨੇ ਹਰ ਵੇਲੇ ਦੀ ਭਗਤੀ ਅਤੇ ਸਚੇ ਨਾਮ, ਉਸ ਪ੍ਰਭੂ ਦੇ ਹੁਕਮ ਨੂੰ ਪੱਕੀ ਤਰ੍ਹਾਂ ਯਾਦ ਕਰਵਾ ਦਿਤਾ ਹੈ। ਸਚੇ ਨਾਮ ਦੀ ਬਰਕਤ ਨਾਲ, ਵਾਹਿਗੁਰੂ ਦਾ ਹੁਕਮ ਮੰਨਣ ਨਾਲ ਉਨ੍ਹਾਂ ਦੇ ਸਤਸੰਗੀ, ਸਾਰੇ ਸੰਗੀ ਸਾਥੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਵਿਕਾਰਾਂ ਤੋਂ ਬਚ ਜਾਂਦੇ ਹਨ।
ਅਠਵੀਂ ਤੁਕ ਵਿੱਚ ਸੋਝੀ ਦਿਤੀ ਹੈ ਕਿ, ਹੇ ਭਾਈ, ਨਾਨਕ ਤੈਨੂੰ ਅਟੱਲ ਨਿਯਮ ਦੀ ਵਿਚਾਰ ਦਸਦਾ ਹੈ ਕਿ ਪਰਮਾਤਮਾ ਦਾ ਨਾਮ ਸਦਾ ਮਨ ਵਿੱਚ ਟਿਕਾਈ ਰੱਖ। ਜੋ ਮਨੁੱਖ ਹਰੀ ਦੇ ਭਗਤੀ ਰੰਗ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਨੂੰ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ, ਕਰਤਾਰ ਨਾਲ ਮਿਲਾਪ ਹੋ ਜਾਂਦਾ ਹੈ। ਅਤੇ
ਹਰਿ ਕਾ ਨਾਉ ਅਤਿ ਵਡਾ ਊਚਾ ਊਚੀ ਹੂ ਊਚਾ ਹੋਈ॥
ਅਪੜਿ ਕੋਇ ਨਾ ਸਕਈ ਜੇ ਸੌ ਲੋਚੈ ਕੋਈ॥
ਮੁਖਿ ਸੰਜਮ ਹਛਾ ਨਾ ਹੋਵਈ ਕਰਿ ਭੇਖ ਭਵੈ ਸਭ ਕੋਈ॥
ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ॥
ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ॥
ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ॥ ੩੩॥ (੧੪੧੬)
ਹਰੀ ਦਾ ਨਾਮ, ਹਰੀ ਦਾ ਹੁਕਮ ਬਹੁਤ ਵਡਾ ਹੈ, ਉਚਾ ਹੈ, ਉਚੇ ਤੋਂ ਵੀ ਉਚਾ ਹੈ। ਜੇ ਕੋਈ ਉਸ ਦੀ ਬਰਾਬਰੀ ਕਰਨਾ ਚਾਹੇ ਤਾਂ ਸੈਂਕੜੇ ਯਤਨ ਕਰਨ ਤੇ ਵੀ, ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਕੋਈ ਵੀ ਮਨੁੱਖ ਮੂੰਹੋਂ ਫੋਕੀਆਂ ਗੱਲਾਂ ਕਰਨ ਨਾਲ, ਆਪੂੰ ਮਿਥੇ ਪਹਿਰਾਵੇ ਪਹਿਨਣ ਨਾਲ, ਉਚੇ ਆਤਮਕ ਜੀਵਨ ਵਾਲਾ ਨਹੀਂ ਹੋ ਸਕਦਾ। ਉਸਦਾ ਇਕੋ ਇੱਕ ਢੰਗ ਹੈ, ਬੰਦਾ ਗੁਰ ਸ਼ਬਦ ਦੀ ਪਉੜੀ ਤੇ ਜਾ ਚੜ੍ਹੇ। ਗੁਰ ਦੇ ਦਸੇ ਅਨੁਸਾਰ ਚਲਣਾ ਸ਼ੁਰੂ ਕਰ ਦੇਵੇ। ਗੁਰ ਦੀ ਪਉੜੀ, ਸਿਖਿਆ ਕੀ ਹੈ? ਹੇ ਨਾਨਕ ਸ਼ਬਦ ਨੂੰ ਵਿਚਾਰ ਕੇ, ਵਿਕਾਰਾਂ ਵਲੋਂ ਮਰ ਜਾਵੇ ਅਤੇ ਮਨਵਿਚ ਇਹ ਪਕੀ ਤਰ੍ਹਾਂ ਮੰਨ ਲਵੇ ਕਿ ਸਚੇ, ਸਦਾ ਥਿਰ ਪ੍ਰਭੂ ਦੀ ਸੋਭਾ ਵੀ ਸਦਾ ਥਿਰ ਸਚੀ ਹੈ। ਅਜਿਹਾ ਕੋਈ ਬੰਦਾ ਜੋ ਗੁਰ ਸ਼ਬਦ ਨੂੰ ਵਿਚਾਰਦਾ ਹੈ, ਉਸ ਅੰਦਰ, ਪ੍ਰਭੂ ਆਪ ਆ ਵਸਦਾ ਹੈ। ਫਿਰ ਉਸ ਦੇ ਹੁਕਮ ਦੀ ਬਰਾਬਰੀ ਕਰਨ ਲਈ, ਬਸ ਇੱਕ ਚੀਜ਼ ਦੀ ਲੋੜ ਰਹਿ ਜਾਂਦੀ ਹੈ, ਪਰਮਾਤਮਾ ਦੇ ਕਰਮ ਦੀ, ਕਰਤਾਰ ਦੀ ਬਖਸ਼ਿਸ਼ ਦੀ, ਜੋ ਕਿਸੇ ਦੇ ਵੀ ਅਪਣੇ ਵਸ ਦੀ ਗਲ ਨਹੀਂ। ਜੇ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਤਾਂ ਮਨੁੱਖ ਉਸ ਨਾਲ ਇੱਕ ਮਿਕ ਹੋ ਜਾਂਦਾ ਹੈ। ਦੋਵਾਂ ਦੀ ਹਸਤੀ ਇੱਕ ਹੋ ਜਾਂਦੀ ਹੈ, ਦੋਵਾਂ ਦਾ ਹੁਕਮ ਇੱਕ ਹੋ ਜਾਂਦਾ ਹੈ।
ਇਹ ਸਨ ਗੁਰ, ਸ਼ਬਦ ਨਾਲ ਸਬੰਧਤ ਕੁੱਝ ਤੁਕਾਂ, ਸ਼ਬਦ। ਹੁਣ ਉਨ੍ਹਾਂ ਤੁਕਾਂ ਦੀ ਵਿਚਾਰ ਕਰਦੇ ਹਾਂ, ਜਿਨ੍ਹਾਂ ਵਿੱਚ ਗੁਰੁ, ਅਕਾਲ ਦੀ ਗੱਲ ਹੈ।
‘ਗੁਰੁ ਗੋਪਾਲੁ ਗੁਰੁ ਗੋਵਿੰਦਾ॥ ਗੁਰੁ ਦਇਆਲੁ ਸਦ ਬਖਸਿੰਦਾ॥
ਗੁਰੁ ਸਾਸਤ ਸਿੰਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰ ਅਸਥਾਨਾ ਹੇ॥
ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ॥ ਗੁਰੁ ਸਿਮਰਤ ਜਮ ਸੰਗਿ ਨ ਫਾਸਹਿ॥
ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੈ ਅਪਮਾਨਾ ਹੇ॥ (੧੦੭੪)
ਹੇ ਭਾਈ ਗੁਰੁ (ਨਿਰੰਕਾਰ, ਕਰਤਾਰ) ਹੀ ਸਾਕਾਰ ਰੂਪ ਵਿੱਚ ਗੋਪਾਲ ਹੈ, ਸਰਿਸ਼ਟੀ ਦਾ ਪਾਲਣ ਵਾਲਾ ਹੈ, ਜੀਵਾਂ ਵਿੱਚ ਵਰਤਦਾ, ਘਟ ਘਟ ਦੀ ਜਾਨਣ ਵਾਲਾ ਹੈ। ਗੁਰੁ, ਵਾਹਿਗੁਰੂ, ਸਦਾ ਦਿਆਲ ਹੈ, ਕਿਸੇ ਤੇ ਕਦੇ ਵੀ ਕਰੋਪ ਨਹੀਂ ਹੁੰਦਾ। ਏਨਾ ਬਖਸ਼ਿੰਦ ਹੈ ਕਿ ਹਰ ਬੰਦੈ ਨੂੰ, ਹਰ ਜੀਵ ਨੂੰ, ਉਸ ਦੇ ਗੁਣ, ਅਵਗੁਣ ਵਿਚਾਰੇ ਬਗੈਰ, ਉਨ੍ਹਾਂ ਬੰਦਿਆਂ ਨੂੰ ਵੀ ਜੋ ਉਸ ਦੀ ਹੋਂਦ ਤੋਂ ਵੀ ਮੁਨਕਰ ਹਨ, ਜੀਵਨ ਲਈ ਲੋੜੀਂਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ। ਉਸ ਨੇ ਸਰਿਸ਼ਟੀ ਦਾ ਵਿਧਾਨ ਹੀ ਅਜਿਹਾ ਬਣਾਇਆ ਹੋਇਆ ਹੈ, ਜਿਸ ਅਨੁਸਾਰ ਬ੍ਰਹਮੰਡ ਦੇ ਕਿਸੇ ਵੀ ਜੀਵ ਨਾਲ ਕੋਈ ਵਿਤਕਰਾ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਜੇ ਬੰਦੇ ਦਾ ਵੱਸ ਚਲੇ ਤਾਂ ਉਹ ਹਵਾ, ਸੂਰਜ ਦੀ ਤਪਸ਼, ਚੰਦਰਮਾ ਦੀ ਠੰਡਕ, ਬਾਰਿਸ਼ ਆਦਿ ਦਾ ਵੀ ਭੰਡਾਰਣ ਕਰ ਲਵੇ। ਪਰ ਬੰਦੇ ਨੂੰ ਦੂਸਰੇ ਦਾ ਹੱਕ ਮਾਰਦੇ ਹੋਏ, ਕੀਤੇ ਵਿਤਕਰਿਆਂ ਦਾ ਹਿਸਾਬ ਜ਼ਰੂਰ ਦੇਣਾ ਪੈਂਦਾ ਹੈ। ਜੇ ਕੋਈ ਬੰਦਾ ਅਪਣੀਆਂ ਕੀਤੀਆਂ ਗਲਤੀਆਂ ਤੇ ਪਛਤਾਵਾ ਕਰ ਕੇ, ਉਨ੍ਹਾਂ ਨੂੰ ਸੁਧਾਰ ਲਵੇ, ਉਨ੍ਹਾਂ ਤੋਂ ਤੋਬਾ ਕਰ ਲਵੇ ਤਾਂ ਕਰਤਾਰ ਪਿਛਲੀਆਂ ਭੁਲਾਂ ਨਾ ਚਿਤਾਰਦੇ ਹੋਏ ਉਸ ਨੂੰ ਬਖਸ਼ ਦਿੰਦਾ ਹੈ।
ਗੁਰੁ ਕਰਤਾਰ ਹੀ ਸਾਕਾਰ, ਸ਼ਬਦ ਰੂਪ ਵਿਚ, ਅਪਣੇ ਨਾਲ ਜੋੜਨ ਲਈ ਧਾਰਮਿਕ ਗ੍ਰੰਥ ਹੈ, ਛੇ ਕਰਮ ਕਰਨ (ਦਾਨ ਦੇਣਾ-ਦਾਨ ਲੈਣਾ, ਵਿਦਿਆ ਪੜ੍ਹਨੀ-ਵਿਦਿਆ ਪੜ੍ਹਾਉਣੀ, ਧਾਰਮਿਕ ਕਰਮ ਕਰਨੇ) ਵਾਲਾ, ਕਰਮ ਕਾਂਡ ਕਰਨ ਵਾਲਾ ਵੀ ਉਹ ਆਪ ਹੀ ਹੈ, ਕਿਉਂਕਿ ਅਜਿਹੇ ਕਰਮ ਕਰਨ ਵਾਲਿਆਂ ਦੇ ਅੰਦਰ ਵੀ ਉਹ ਆਪ ਹੀ ਬੈਟੲ ਹੈ। ਕਹੇ ਜਾਂਦੇ ਪਵਿਤ੍ਰ ਅਸਥਾਨ (ਅਸਥਾਨਾਂ ਤੇ ਨਹੀਂ, ਕਿਉਂਕਿ ਇਸ ਰੂਪ ਵਿੱਚ ਉਸ ਦਾ ਕੋਈ ਆਕਾਰ ਮਿਥਣਾ ਪਵੇਗਾ) ਮੰਦਰ, ਮਸਜਿਦ, ਗਿਰਜੇ, ਗੁਰਦਵਾਰੇ ਵੀ ਉਹ ਆਪ ਹੀ ਹੈ।
ਗੁਰੁ ਪ੍ਰਭੂ ਨੂੰ ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਏਥੇ ਇਸ ਬਾਰੇ ਕੁੱਝ ਵਿਚਾਰ ਕਰਨਾ ਵੀ ਜ਼ਰੂਰੀ ਹੈ, ਸਿੱਖਾਂ ਵਿੱਚ ਪਾਪਾਂ ਦਾ ਸਾਰਾ ਵਿਸਲੇਸ਼ਨ, ਆਪੂੰ ਬਣੇ ਪੁਜਾਰੀਆਂ ਨੇ, ਬ੍ਰਾਹਮਣ ਚਲੋਂ ਘੜੇ ਸਾਰੇ ਨਿਯਮ ਹੀ ਸਥਾਪਤ ਕਰ ਦਿਤੇ ਹਨ। ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਮਤ ਅਨੁਸਾਰ ਪੁੰਨ ਪਾਪ ਹੈ ਕੀ ਚੀਜ਼? ਗੁਰਮਤ ਅਨੁਸਾਰ ਪ੍ਰਚਲਤ ਪੁੰਨ ਪਾਪ ਕੋਈ ਖਾਸ ਮਹੱਤਵ ਨਹੀਂ ਰਖਦੇ।
ਗੁਰ ਫੁਰਮਾਨ ਹੈ;
ਪਾਪ ਪੁੰਨ ਦੁਇ ਏਕ ਸਮਾਨ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ॥ (੩੨੫)
ਹੇ ਭਾਈ ਪਾਪ ਅਤੇ ਪੁੰਨ ਦੋਵੇਂ ਇਕੋ ਜਿਹੇ ਹਨ, ਇਨ੍ਹਾਂ ਦੋਵਾਂ ਵਿੱਚ ਕੋਈ ਫਰਕ ਨਹੀਂ ਹੈ। ਦੋਵੇਂ ਜੀਵ ਨੂੰ ਭਟਕਣਾ ਵਿੱਚ ਪਾਉਂਦੇ ਹਨ। ਇੱਕ ਦੇ ਵਿਚਾਰ ਨਾਲ ਬੰਦਾ ਪਛਤਾਵੇ ਅਤੇ ਉਸ ਕੰਮ ਲਈ ਮਿਥੇ ਨਰਕ ਦੀ ਸੋਚ ਵਿੱਚ ਡੁਬਿਆ ਭਟਕਦਾ ਹੈ, ਤਾਂ ਦੂਸਰੇ ਦੇ ਵਿਚਾਰ ਨਾਲ ਆਪਣੇ ਆਪ ਨੂੰ ਮਹਾਨ ਸਮਝਦਾ, ਮਨ ਵਿਚ, ਹੰਕਾਰ ਪਾਲਦਾ ਹੈ। ਇਹ ਦੋਵੇਂ ਮਾਇਆ ਦੇ ਹੀ ਗੁਣ ਹਨ। ਜੋ ਚਿਰ ਸਥਾਈ ਨਹੀਂ ਹਨ ਅਤੇ ਮਾਇਆ ਦਾ ਕੰਮ ਹੈ ਬੰਦੇ ਨੂੰ ਭਰਮਾ ਕੇ ਕਰਤਾਰ ਤੋਂ ਦੂਰ ਕਰਨਾ, ਇਸ ਲਈ ਉਹ ਸੁਖ ਦੀ ਅਨਭੂਤੀੇ ਵਰਤੇ ਜਾਂ ਦੁਖ ਦਾ ਡਰ। ਇਸ ਹਿਸਾਬ ਦੋਵੇਂ ਇੱਕ ਸਮਾਨ ਹਨ। ਦੋਵਾਂ ਬਾਰੇ ਵਿਚਾਰ ਵੱਖਰੋ ਵਖਰੇ ਹੋਣ ਤੇ ਵੀ ਦੋਵਾਂ ਦਾ ਕੰਮ ਇਕੋ ਹੈ। ਪਰ ਭਾਈ ਤੇਰੇ ਅੰਦਰ ਤਾਂ ਉਹ ਪਾਰਸ ਹੈ ਜਿਸ ਦਾ ਕੋਈ ਸਾਨੀ ਨਹੀਂ। ਦੁਨੀਆਂ ਦੇ ਅਖੌਤੀ ਪਾਰਸ ਤੋਂ ਤਾਂ ਲੋਹਾ ਸੋਨਾ ਬਣਦਾ ਦਸੀਦਾ ਹੈ, (ਇਹ ਇੱਕ ਮਿਥ ਤੋਂ ਵਧ ਕੁੱਝ ਵੀ ਨਹੀਂ। ਸਾਇੰਸ ਅਜਿਹੀ ਕਿਸੇ ਪਰਕਿਰਿਆ ਨੂੰ ਮਾਨਤਾ ਨਹੀਂ ਦਿੰਦੀ) ਪਰ ਇਸ ਪਾਰਸ ਨਾਲ ਜੁੜ ਕੇ ਤਾਂ ਬੰਦਾ ਆਪ ਪਾਰਸ ਹੋ ਜਾਂਦਾ ਹੈ।
ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਭਾਈ ਤੂੰ ਪਾਪ ਪੁੰਨ ਦੇ ਗੁਣਾਂ ਦੀ ਗਲ ਛਡ ਕੇ ਉਸ ਪਾਰਸ ਦੇ ਗੁਣਾਂ ਨਾਲ ਜੁੜ, ਫਿਰ ਤੇਰੇ ਲਈ ਕਿਸੇ ਪਾਪ ਪੁੰਨ ਦੇ ਵਿਚਾਰ ਦੀ ਗਲ ਹੀ ਮੁਕ ਜਾਵੇਗੀ, ਕਿੳਂ ਜੋ,
ਮਾਇਆ ਮੋਹ ਬਹੁ ਭਰਮਿਆ॥ ਕਿਰਤ ਰੇਖ ਕਰਿ ਕਰਮਿਆ॥
ਕਰਣੈ ਹਾਰੁ ਅਲਿਪਤੁ ਆਪਿ॥ ਨਹੀ ਲੇਪੁ ਪ੍ਰਭ ਪੁੰਨ ਪਾਪਿ॥ (੧੧੯੩)
ਕਰਤਾਰ ਨੂੰ ਭੁੱਲ ਕੇ ਬੰਦਾ, ਮਾਇਆ ਮੋਹ ਤੋਂ ਉਪਜੇ ਭਰਮ ਭੁਲੇਖਿਆਂ ਵਿੱਚ ਬਹੁਤ ਭਟਕਦਾ ਹੈ। (ਪੁੰਨ ਪਾਪ ਵੀ ਅਜਿਹੇ ਦੋ ਭਰਮ ਹਨ) ਅਤੇ ਇਸ ਅਨੁਸਾਰ ਬਣੀ ਆਦਤ ਅਧੀਨ, ਲਗਾਤਾਰ ਅਜਿਹੇ ਹੋਰ ਕਰਮ ਕਰਦਾ ਰਹਿੰਦਾ ਹੈ। ਸਭ ਕੁੱਝ ਕਰਨ ਦੇ ਸਮਰੱਥ ਅਕਾਲ ਆਪ ਇਨ੍ਹਾਂ ਸਭ ਚੀਜ਼ਾਂ ਤੋਂ ਨਿਰਲੇਪ ਹੈ, ਵਾਹਿਗੁਰੂ ਉਤੇ ਨਾ ਤਾਂ ਪੁੰਨ ਕਰਮਾਂ ਦੇ ਕਰਨ ਤੋਂ ਪੈਦਾ ਹੋਣ ਵਾਲੇ ਹੰਕਾਰ ਦਾ ਕੋਈ ਅਸਰ ਪੈਂਦਾ ਹੈ, ਨਾ ਹੀ ਪਾਪ ਕਰਮ ਤੋਂ ਪੇਦਾ ਹੁੰਦੇ ਕਿਸੇ ਵਿਕਾਰ ਦਾ ਹੀ ਅਸਰ ਪੈਂਦਾ ਹੈ। ਸੋ ਤੂੰ ਵੀ ਪਾਪ ਪੁੰਨ ਦੇ ਚੱਕਰ ਵਿੱਚ ਪੈਣ ਨਾਲੋਂ, ਪ੍ਰਭੂ ਨਾਲ ਜੁੜਨ ਦਾ ਰਾਹ ਫੜ। ਅਤੇ
ਜਹ ਆਪਿ ਰਚਿਓ ਪਰਪੰਚੁ ੳਕਾਰੁ॥ ਤਿਹੁ ਗੁਣ ਮਹਿ ਕੀਨੋ ਵਿਸਥਾਰੁ॥
ਪਾਪ ਪੁੰਨੁ ਤਹਿ ਭਈ ਕਹਾਵਤ॥ ਕੋਊ ਨਰਕ ਕੋਊ ਸੁਰਗ ਬੰਛਾਵਤ॥
ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥
ਦੂਖ ਸੂਖ ਮਾਨ ਅਪਮਾਨ॥ ਅਨਿਕ ਪ੍ਰਕਾਰ ਕੀਓ ਬਖ੍ਹਾਨ॥
ਆਪਨ ਖੇਲੁ ਆਪਿ ਕਰਿ ਦੇਖੈ। ਖੇਲੁ ਸੰਕੋਚੈ ਤਉ ਨਾਨਕ ਏਕੈ॥ (੨੯੨)
ਹੇ ਭਾਈ ਜਦੋਂ ਪ੍ਰਭੂ ਨੇ ਇਹ ਦਿਸਦਾ ਸੰਸਾਰ ਰਚਿਆ, ਅਤੇ ਤਿੰਨਾਂ ਗੁਣਾਂ ਦੇ ਅਧਾਰ ਤੇ ਰਚੀ ਇਸ ਮਾਇਆ ਦਾ ਵਿਸਤਾਰ ਕਰ ਦਿਤਾ, ਖਿਲਾਰਾ ਖਿਲਾਰ ਦਿਤਾ ਤਾਂ ਉਨ੍ਹਾਂ ਗੁਣਾਂ ਵਿਚੋਂ ਹੀ ਇਹ ਗਲ ਚਲ ਪਈ ਕਿ ਇਹ ਪਾਪ ਹੈ, ਇਹ ਪੁੰਨ ਹੈ। ਇਨ੍ਹਾਂ ਦੇ ਅਧਾਰ ਤੇ ਹੀ ਕਿਸੇ ਮਨੁੱਖ ਨੂੰ ਨਰਕਾਂ ਦਾ ਅਧਿਕਾਰੀ ਮੰਨਿਆ ਜਾਣ ਲਗ ਪਇਆ, ਅਤੇ ਪੁੰਨ ਦੇ ਭੁਲੇਖੇ ਵਿੱਚ ਕੋਈ ਅਪਣੇ ਆਪ ਨੂੰ ਸਵਰਗਾਂ ਦਾ ਅਧਿਕਾਰੀ ਮੰਨਣ ਲਗ ਪਾਿੲਆ। ਇਨ੍ਹਾਂ ਪਾਪ ਪੁੰਨ ਦੇ ਭਰਮ ਭੁਲੇਖਿਆਂ ਦੀ ਉਪਜ ਹੀ ਨਰਕ ਸੁਰਗ ਹਨ।
ਮਾਇਆ ਦੇ ਇਨ੍ਹਾਂ ਗੁਣਾਂ ਵਿਚੋਂ ਹੀ, ਮਾਇਆ ਦੇ ਬੰਧਨ, ਅਹੰਕਾਰ, ਮੋਹ, ਭੁਲੇਖੇ, ਡਰ, ਦੁਖ-ਸੁਖ, ਆਦਰ ਨਿਰਾਦਰ ਆਦਿ ਚੀਜ਼ਾਂ ਪੈਦਾ ਹੋ ਗਈਆਂ। ਮੂਲ ਰੂਪ ਵਿੱਚ ਇਹ ਹੈ ਸਭ ਮਾਇਆ ਹੀ।
ਹੇ ਨਾਨਕ, ਵਾਹਿਗੁਰੂ ਅਪਣਾ ਰਚਿਆ ਤਮਾਸ਼ਾ, ਆਪ ਹੀ ਵੇਖ ਰਿਹਾ ਹੈ। ਜਦ ਉਹ ਆਪਣੇ ਰਚੇ ਤਮਾਸ਼ੇ ਨੂੰ ਸੰਕੋਚ ਲੈਂਦਾ ਹੈ, ਸਮੇਟ ਲੈਂਦਾ ਹੈ, ਤਾਂ ਉਹ ਆਪ ਹੀ ਆਪ ਰਹਿ ਜਾਂਦਾ ਹੈ। ਮਾਇਆ ਦੇ ਗੁਣਾਂ ਦੇ ਅਧਾਰ ਤੇ ਪੈਦਾ ਹੋਈਆਂ ਚੀਜ਼ਾਂ, ਮਾਇਆ ਦੇ ਨਾਲ ਹੀ ਸਮੇਟੀਆਂ ਜਾੰਦੀਆਂ ਹਨ। ਰਹਿ ਜਾਂਦਾ ਹੈ ਤੱਤ, ਸਚ। ਜੇ ਬੰਦਾ ਤੱਤ ਸਚ ਨਾਲ ਜੁੜੇ ਤਾਂ ਉਸ ਦਾ ਇਨ੍ਹਾਂ ਭਰਮ ਭੁਲੇਖਆਂ ਵਿੱਚ ਗਵਾਇਆ ਸਮਾ, ਕਿਸੇ ਲੇਖੇ ਵਿੱਚ ਲਗ ਸਕਦਾ ਹੈ, ਦੁਰਲੱਭ ਜਨਮ ਦਾ ਕੀਮਤੀ ਸਮਾ ਵਿਅਰਥ ਨਹੀਂ ਜਾਂਦਾ।
ਇਸ ਨੂੰ ਥੋੜਾ ਵਿਸਤਾਰ ਨਾਲ ਇਵੇਂ ਸਮਝਿਆ ਜਾ ਸਕਦਾ ਹੈ। ਹਰ ਉਸ ਬੰਦੇ ਦੇ, ਜੋ ਅਪਣੀ ਪੂਜਾ ਦਾ ਚਾਹਵਾਨ ਹੈ, ਅਪਣੇ ਡੇਰੇ ਦੀ ਸੰਗਤ ਨੂੰ ਦੱਸਣ ਲਈ ਕੁੱਝ ਘੜੀਆਂ ਘੜਾਈਆਂ ਗੱਲਾਂ ਹੁੰਦੀਆਂ ਹਨ, ਜਿਵੇਂ ਪਾਪ ਨਹੀਂ ਕਰਨਾ, ਝੂਠ ਨਹੀਂ ਬੋਲਣਾ ਆਦਿ। ਮੰਨ ਲਵੋ ਇੱਕ ਬੰਦੇ ਮਗਰ, ਉਸ ਨੂੰ ਮਾਰਨ ਲਈ ਕੁੱਝ ਬੰਦੇ ਲਗੇ ਹੋਏ ਹਨ, ਜਾਂ ਇੱਕ ਬੀਬੀ ਵਿਛੇ, ਕੁੱਝ ਬੰਦੇ, ਉਸ ਦੀ ਪੱਤ ਰੋਲਣ ਲਈ ਲੱਗੇ ਹੋਏ ਹਨ, ਉਹ ਬੰਦਾ ਜਾਂ ਉਹ ਬੀਬੀ ਵੇਲਾ ਤਾੜ ਕੇ ਕਿਤੇ ਲੁਕ ਜਾਂਦੇ ਹਨ, ਕੋਈ ਬੰਦਾ ਉਨ੍ਹਾਂ ਨੂੰ ਵੇਖ ਰਿਹਾ ਸੀ, ਪਿਛੇ ਘੁੰਮਣ ਵਾਲੇ ਬੰਦੇ ਉਸ ਬੰਦੇ ਨੂੰ, ਉਸ ਬੰਦੇ ਜਾਂ ਉਸ ਬੀਬੀ ਬਾਰੇ ਪੁਛਦੇ ਹਨ। ਉਸ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ? ਜ਼ਰਾ ਸੋਚੋ, ਉਸ ਨੂੰ ਸਚ ਬੋਲਣਾ ਚਾਹੀਦਾ ਹੈ, ਜਾਂ ਝੂਠ? ਸਚ ਬੋਲਣ ਨਾਲ ਪਾਪ ਹੋਵੇਗਾ ਜਾਂ ਝੂਠ ਬੋਲਣ ਨਾਲ? ਜ਼ਰਾ ਵਿਚਾਰੋ ਗੇ ਤਾਂ ਸਾਫ਼ ਦਿਸ ਆਵੇਗਾ ਕਿ ਇਹ ਚੀਜ਼ਾਂ ਭਰਮ ਜਾਲ ਦਾ ਇੱਕ ਹਿਸਾ ਹੀ ਹਨ, ਜੋ ਲੋਕਾਂ ਨੂੰ ਬੁਧੂ ਬਨਾਉਣ ਲਈ ਹੀ ਘੜੀਆਂ ਗਈਆਂ ਹਨ।
ਇਸੇ ਲਈ ਗੁਰੁ ਸਾਹਿਬ ਨੇ ਸਿੱਖ ਲਈ ਹਰ ਕੰਮ ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨ ਦਾ ਵਿਧਾਨ ਬਣਾਇਆ ਹੈ। ਗੁਰਮਤ ਤਾਂ ਸਮਝਾਂੳਂਦੀ ਹੈ,
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥
ਪਾਪ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥ (੬੩੫)
ਵਿਖਾਵੇ ਦੇ ਧਾਰਮਿਕ ਕਰਮ ਕਰਦਿਆਂ, ਮਾਇਆ ਵਾਲੀਆਂ, ਆਸਾਂ ਅਤੇ ਫੁਰਨੇ ਉਪਜਦੇ ਰਹਿੰਦੇ ਹਨ। ਇਹ ਆਸਾ-ਮਨਸਾ ਹੀ ਮਾਇਆ ਦੇ ਮੋਹ ਵਿੱਚ ਬੰਨ੍ਹਣ ਵਾਲੇ ਹਨ। ਇਹ ਰਸਮੀ ਜਾਂ ਵਿਖਾਵੇ ਲਈ ਕੀਤੇ ਧਰਮ ਦੇ ਕੰਮ ਹੀ ਮਾਇਆ ਦੇ ਮੋਹ ਵਿੱਚ ਬੰਨ੍ਹਣ ਵਾਲੇ, ਆਸਾਂ ਤਰਿਸ਼ਨਾਵਾਂ ਪੈਦਾ ਕਰਨ ਦਾ ਵਸੀਲਾ ਹਨ। ਆਪੂੰ ਸਥਾਪਤ ਕੀਤੇ ਪਾਪ ਅਤੇ ਪੁੰਨ ਕਾਰਨ, ਚੰਗਿਆਈ ਅਤੇ ਬੁਰਿਆਈ ਵਿਚਾਰਦਿਆਂ ਬੰਦਾ ਰੱਬ ਤੋਂ ਦੂਰ ਰਹਿ ਕੇ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਪ੍ਰਭੂ ਦਾ ਹੁਕਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ। ਇਹ ਮਾਇਆ ਜਗਤ ਦੇ ਜੀਵਾਂ ਨੂੰ ਮੋਂਹਦੀ ਰਹਿੰਦੀ ਹੈ ਅਤੇ ਪੁਜਾਰੀ ਲਾਣੇ ਵਲੋਂ ਮਿਥੇ ਸਾਰੇ ਧਰਮ-ਕਰਮ ਵਿਅਰਥ ਹੀ ਸਾਬਤ ਹੁੰਦੇ ਹਨ। ਅਤੇ
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥
ਦੋਵੈ ਮਾਰ ਜਾਇ ਇਕਤੁ ਘਰਿ ਆਵੈ ਗੁਰਮਤ ਸਹਿਜ ਸਮਾਵਣਿਆ॥ (੧੨੬)
ਪ੍ਰਭੂ ਨੂੰ ਵਿਸਰੇ, ਮਾਇਆ ਨਾਲ ਜੁੜੇ ਮਨੁੱਖ ਦੇ ਸ੍ਰੀਰ ਵਿੱਚ ਹੀ ਮਾਇਆ ਤੋਂ ਪੈਦਾ ਹੋਏ ਪਾਪ ਅਤੇ ਪੁੰਨ ਰਹਿੰਦੇ ਹਨ। ਇਨ੍ਹਾਂ ਦੋਵਾਂ ਨੇ ਹੀ ਅਪਣੇ ਵਿਚੋਂ ਪੈਦਾ ਹੋਏ ਨਰਕ-ਸਵਰਗ, ਦੁੱਖ-ਸੁਖ ਆਦਿ ਭਰਮ ਭੁਲੇਖਿਆਂ ੳਾਸਰੇ ਸ੍ਰਿਸ਼ਟੀ ਦਾ ਜਨਮ ਮਰਨ ਦਾ ਗੇੜ ਚਲਾਇਆ ਹੋਇਆ ਹੈ। ਜੋ ਬੰਦਾ, ਗੁਰੂ ਦੀ ਸਿਖਿਆ ਆਸਰੇ ਇਨ੍ਹਾਂ ਦੋਵਾਂ ਦੇ ਪ੍ਰਭਾਵ ਨੂੰ ਖਤਮ ਕਰ ਕੇ, ਮਾਇਆ ਮੋਹ ਵਿਚੋਂ ਨਿਕਲ ਕੇ, ਇਕੋ ਇੱਕ ਘਰ, ਗੁਰੂ ਤੇ ਭਰੋਸਾ ਕਰ ਲਵੇ, ਉਹ ਸਹਿਜ, ਪ੍ਰਭੂ ਵਿੱਚ ਟਿਕ ਜਾਂਦਾ ਹੈ।
ਅਸਾਂ ਵਿਚਾਰਿਆ ਹੈ ਕਿ ਗੁਰਮਤ ਅਨੁਸਾਰ ਪਾਪ ਅਤੇ ਪੁੰਨ, ਮਾਇਆ ਦੇ ਦੋ ਹਥਿਆਰ ਹਨ। ਇਨ੍ਹਾਂ ਦੀਆਂ ਵਿਦਾਰਾਂ (ਪਾਪ ਕਰਨ ਦੀ ਸਜ਼ਾ ਅਤੇ ਪੁੰਨ ਕਰਨ ਦੀ ਸ਼ਾਬਾਸ਼ੀ) ਤੋਂ, ਉਹੀ ਬਚ ਸਕਦਾ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ, ਮਾਇਆ ਦੇ ਪ੍ਰਭਾਵ ਵਿਚੋਂ ਨਿਕਲ ਕੇ ਪ੍ਰਭੂ ਨਾਲ ਜੁੜੇ। ਪਾਪ ਪੁੰਨ ਦੇ ਵਿਚਾਰ ਸਾਨੂੰ ਮਾਇਆ ਦੀ ਘੁੰਮਣ ਘੇਰੀ ਵਿੱਚ ਫਸਾਈ ਰਖਦੇ ਹਨ। ਇਨ੍ਹਾਂ ਦੇ ਵਿਚਾਰਾਂ ਨਾਲ ਸਾਨੂੰ ਕੋਈ ਆਤਮਕ ਲਾਭ ਨਹੀਂ ਹੋ ਸਕਦਾ। ਕਿਉਂਕਿ ਸਾਨੂੰ ਇਹ ਸੋਝੀ ਹੀ ਨਹੀਂ ਹੈ ਕਿ ਪਾਪ ਕੀ ਹੈ? ਅਤੇ ਪੁੰਨ ਕੀ ਹੈ? ਗੁਰੁ ਸਾਹਿਬ ਇਨ੍ਹਾਂ ਲਫ਼ਜ਼ਾਂ ਵਿੱਚ ਇਸ ਦਾ ਨਬੇੜਾ ਕਰਦੇ ਹਨ,
ਪਾਪ ਪੁੰਨ ਕੀ ਸਾਰ ਨ ਜਾਣੀ॥ ਦੂਜੈ ਲਾਗੀ ਭਰਮ ਭੁਲਾਣੀ॥
ਅਗਿਆਨੀ ਅੰਧਾ ਮਗ ਨ ਜਾਣੈ ਫਿਰ ਫਿਰ ਆਵਣ ਜਾਵਣਿਆ॥ (੧੧੦)
ਦੁਨੀਆਂ ਨੇ ਪਾਪ ਪੁੰਨ ਦੀ ਸਾਰ ਨਹੀਂ ਜਾਣੀ, ਉਸ ਨੂੰ ਇਹ ਨਹੀਂ ਪਤਾ ਕਿ ਪਾਪ-ਪੁੰਨ ਕੀ ਹਨ? ਦੁਨੀਆਂ ਤਾਂ ਇਨ੍ਹਾਂ ਨੂੰ ਵਿਚਾਰਦੀ, ਦੂਜੇ ਵਿੱਚ ਲਗੀ, ਮਾਇਆ ਨਾਲ ਜੁੜੀ, ਭਰਮ ਭੁਲੇਖਿਆਂ ਵਿੱਚ ਭੁਲੀ ਫਿਰਦੀ ਹੈ। ਗਿਆਨ ਹੀਣ ਅੰਨ੍ਹਾ, ਜੋ ਸ਼ਬਦ ਗੁਰੂ ਦੀ ਵਿਚਾਰ ਨਹੀਂ ਕਰਦਾ, ਉਸ ਨੂੰ ਇਨ੍ਹਾਂ ਦੇ ਚਕਰਾਂ ਵਿਚੋਂ ਨਿਕਲਣ ਦਾ ਰਾਹ ਨਹੀਂ ਲਭਦਾ, ਅਤੇ ਉਹ ਮੁੜ ਮੁੜ ਕੇ ਜੰਮਦਾ ਅਤੇ ਮਰਦਾ ਰਹਿੰਦਾ ਹੈ। ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਇਹ ਹੈ, ਪਾਪ ਪੁੰਨ ਦੀ ਅਸਲੀਅਤ।
ਚਲਦੇ ਸ਼ਬਦ ਵਿੱਚ ਦਸਿਆ ਹੈ ਕਿ ਗੁਰੁ, ਪ੍ਰਭੂ ਦਾ ਸਿਮਰਣ ਕਰਨ ਨਾਲ, (ਸਿਮਰਣ, ਸਮਰਣ ਤੋਂ ਬਣਿਆ ਹੈ, ਅਰਥ ਹੈ, ਯਾਦ ਕਰਨਾ।) ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣ ਨਾਲ, ਬੰਦਾ ਜਮ ਦੀ, ਮੌਤ ਦੀ, ਸਮੇ ਦੀ, ਫਾਹੀ ਵਿੱਚ ਨਹੀਂ ਫਸਦਾ। ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
ਜੇ ਗੁਰੁ, ਪ੍ਰਭੂ ਨੂੰ ਹਰ ਵੇਲੇ ਯਾਦ ਰਖਿਆ ਜਾਵੇ ਤਾਂ ਮਨ ਪਵਿਤ੍ਰ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਤਰ੍ਹਾਂ ਪਰਮਾਤਮਾ ਮਨੁੱਖ ਨੂੰ ਵਿਕਾਰਾਂ ਤੋਂ ਬਚਾ ਕੇ, ਲੋਕ ਪਰਲੋਕ ਵਿੱਚ ਹਰ ਤਰ੍ਹਾਂ ਦੇ ਅਪਮਾਨ ਤੋਂ ਬਚਾ ਲੈਂਦਾ ਹੈ। ਅਤੇ
ਗੁਰੁ ਪਉੜੀ ਬੇੜੀ ਗੁਰੁ ਗੁਰੁ ਤੁਲਹਾ ਹਰਿ ਨਾਉ॥
ਗੁਰੁ ਸਰ ਸਾਗਰੁ ਬੋਹਿਥੋ ਗੁਰੁ ਤੀਰਥੁ ਦਰਿਆਉ॥
ਜੇ ਤਿਸ ਭਾਵੈ ਉਜਲੀ ਸਤਸਰਿ ਨਾਵਣ ਜਾਉ॥ (੧੭)
ਹਰੀ ਪ੍ਰਭੂ ਦਾ ਨਿਵਾਸ ਅਸਥਾਨ ਬੜਾ ਸੋਹਣਾ ਹੈ, ਮਾਣਕ ਲਾਲਾਂ ਨਾਲ ਜੜੇ ਸੋਨੇ ਦੇ ਕਿਲ੍ਹੇ ਹਨ, ਜੋ ਆਨੰਦ ਦਾਇਕ ਵਿਚਾਰ ਰੂਪੀ ਹੀਰੇ ਮੋਤੀਆਂ ਨਾਲ ਭਰਪੂਰ ਹਨ। ਉਸ ਕਿਲ੍ਹੇ ਵਿੱਚ ਜਾਣ ਲਈ ਕਰਤਾਰ ਹੀ ਪਉੜੀ ਹੈ, ਭਵਜਲ ਸੰਸਾਰ ਨੂੰ ਪਾਰ ਕਰਨ ਲਈ, ਪਰਮਾਤਮਾ ਹੀ ਬੇੜੀ ਹੈ, ਜਿਾਸ ਦੇ ਚੱਪੂ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ ਹੀ ਹਨ। ਗੁਰੁ, ਭਗਵਾਨ ਆਪ ਹੀ ਸਰੋਵਰ ਹੈ, ਆਪ ਹੀ ਸਮੁੰਦਰ ਹੈ, ਆਪ ਹੀ ਉਸ ਤੋਂ ਪਾਰ ਲੰਘਾਉਣ ਵਾਲਾ ਜਹਾਜ਼ ਹੈ, ਆਪ ਹੀ ਦਰਿਆ ਹੈ ਅਤੇ ਆਪ ਹੈ ਉਸ ਦੇ ਕਿਨਾਰੇ ਵਾਲਾ ਤੀਰਥ ਹੈ,
ਜੇ ਹਰੀ ਨੂੰ ਆਪ ਨੂੰ ਭਾਵੇ ਤਾਂ ਬੰਦੇ ਦੀ ਮੱਤ ਨਿਰਮਲ ਹੋ ਜਾਂਦੀ ਹੈ, ਉਸ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਅਤੇ ਉਹ ਸਤਸਰਿ, ਸੱਚੇ ਸਰੋਵਰ, ਸਤਸੰਗ ਵਿੱਚ ਜੁੜ ਕੇ, ਤੀਰਥ ਇਸ਼ਨਾਨ ਕਰਨ ਲਗ ਜਾਂਦਾ ਹੈ।
ਤੀਰਥ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
ਤੀਰਥਿ ਨਾਵਣ ਜਾਉ ਤੀਰਥੁ ਨਾਮ ਹੈ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (੬੮੭)
ਜਿਥੇ ਇੱਕ ਬੰਨੇ ਗੁਰੂ ਸਾਹਿਬ ਕਹਿੰਦੇ ਹਨ,
ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ (੮੯੦)
ਤੀਰਥ ਇਸ਼ਨਾਨ ਆਤਮਕ ਪੱਖੋਂ ਬੇਕਾਰ ਹੈ, ਕਿੳਂਕਿ ਦਰਿਆਵਾਂ ਵਿੱਚ ਜਾਂ ਗੁਰਦਵਾਰਿਆਂ ਵਿੱਚ ਬਣੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ, ਮਨ ਦੀ ਮੈਲ, ਹਉਮੈ, ਦੂਰ ਨਹੀਂ ਹੁਂਦੀ, ਬਲਕਿ ਉਨ੍ਹਾਂ ਤੀਰਥਾਂ ਤੇ ਮਿਥੇ ਧਰਮ ਦੇ ਕੰਮ, ਹਉਮੈ ਦਾ ਹੀ ਪਸਾਰਾ ਹਨ। ਜਿਥੇ ਗੁਰੁ ਸਾਹਿਬ ਤੀਰਥ ਤੇ ਨਹਾਉਣ ਨੂੰ ਆਤਮਕ ਪੱਖੋਂ ਨਿਰਅਰਥਕ ਦਸਦੇ ਹਨ, ਓਥੇ ਦੂਸਰੇ ਪਾਸੇ ਜਿਸ ਤੀਰਥ ਤੇ ਨਹਾਉਣ ਜਾਣ ਲਈ ਪ੍ਰੇਰਦੇ ਹਨ, ਉਸ ਤੀਰਥ ਦੀ ਹੀ ਸੋਝੀ ਦਿਤੀ ਹੈ, ਗੁਰੁ ਸਾਹਿਬ ਕਹਿੰਦੇ ਹਨ ਕਿ ਤੀਰਥ ਨਹਾਉਣ ਜਾਂਦਾ ਹਾਂ, ਪਰ ਉਹ ਤੈਰਥ ਨਾਮ ਦਾ, ਅਕਾਲ ਦੇ ਹੁਕਮ ਦਾ ਹੈ, ਮੈਂ ਉਸ ਦਾ ਹੁਕਮ ਮੰਨਦਾ ਹਾਂ। ਉਹ ਤੀਰਥ, ਸ਼ਬਦ ਦੀ ਵਿਚਾਰ ਦਾ ਹੈ, ਮੈਂ ਸ਼ਬਦ ਦੀ ਵਿਚਾਰ ਕਰਦਾ ਹਾਂ। ਜਿਸ ਨਾਲ ਅਕਾਲ ਦੇ ਹੁਕਮ ਬਾਰੇ ਸੋਝੀ ਹੁੰਦੀ ਹੈ, ਹਿਰਦੇ ਵਿੱਚ ਗਿਆਨ ਦਾ ਚਾਨਣ ਹੁੰਦਾ ਹੈ। ਤੁਸੀਂ ਵੀ ਉਸ ਤੀਰਥ ਤੇ ਇਸ਼ਨਾਨ ਕਰੋ।
ਪ੍ਰਚਲਤ ਤੀਰਥਾਂ ਤੇ ਇਸ਼ਨਾਨ ਤੋਂ ਰੋਕਣ ਦਾ ਕਾਰਨ ਦਸਦੇ, ਸਮਝਾਉਂਦੇ ਹਨ,
ਤੀਰਥਿ ਨਾਇ ਕਹਾ ਸੁਚਿ ਸੈਲੁ॥ ਮਨ ਕਉ ਵਿਆਪੈ ਹਉਮੈ ਮੈਲੁ॥
ਕੋਟਿ ਕਰਮ ਬੰਧਨ ਕਾ ਮੂਲੁ॥ ਹਰਿ ਕੇ ਭਜਨ ਬਿਨੁ ਬਿਰਥਾ ਪੂਲੁ॥ (੧੧੪੯)
ਤੀਰਥ ਨਹਾਵਣ ਨਾਲ ਆਤਮਕ ਜੀਵਨ ਕਿਵੇਂ ਨਿਰਮਲ ਹੋ ਸਕਦਾ ਹੈ? ਜਦ ਕਿ ਤੀਥ ਨਹਾਉਣ ਵਾਲੇ ਦੇ ਮਨ ਵਿੱਚ ਤਾਂ ਇਹ ਹਉਮੈ ਹੁੰਦੀ ਹੈ ਕਿ ਮੈਂ ਤੀਰਥ ਇਸ਼ਨਾਨ ਕਰ ਕੇ ਆਇਆ ਹਾਂ। ਤੀਰਥ ਯਾਤਰਾ ਆਦਿ ਮਿਥੇ ਹੋਏ ਬੇਅੰਤ ਧਾਰਮਕ ਕਰਮ, ਹਉਮੈ ਦੀਆਂ ਫਾਹੀਆਂ ਦਾ ਮੂਲ ਕਾਰਨ ਬਣਦੇ ਹਨ। ਵਾਹਿਗੁਰੂ ਦਾ ਨਾਮ ਸਿਮਰਨ ਤੋਂ ਬਿਨਾ, ਪ੍ਰਭੂ ਦੀ ਰਜ਼ਾ, ਕਰਤਾਰ ਦੇ ਹੁਕਮ ਵਿੱਚ ਚਲਣ ਤੋਂ ਬਿਨਾ, ਇਹ ਵਿਖਾਵੇ ਦੇ ਧਾਰਮਕ ਕਰਮ, ਬੰਦੇ ਦੇ ਸਿਰ ਤੇ, ਵਿਅਰਥ ਦੇ ਭਾਰ ਦੀਆਂ ਪੰਡਾਂ ਹੀ ਹਨ। ਪਰ ਸਦਕੇ ਜਾਈਏ ਉਨ੍ਹਾਂ ਸਿੱਖਾਂ ਦੇ ਜੋ ਜ਼ਾਹਰਾ ਤਾਂ, ਗੁਰਸਿਖੀ ਦੇ ਠੇਕੇਦਾਰ ਬਣੇ ਬੈਠੇ ਹਨ, ਪਰ ਗੁਰ ਸਿਧਾਂਤ ਨੂੰ ਵਿਗਾੜ ਕੇ, ਆਪ ਹੀ ਕਲਪਿਤ ਥਾਵਾਂ ਤੇ ਤੀਰਥ ਬਣਾ ਕੇ, ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ।
ਗੁਰੂ ਸਾਹਿਬ ਤੀਰਥ ਇਸ਼ਨਾਨ ਦਾ ਚਿਤ੍ਰ ਇਸ ਤਰ੍ਹਾਂ ਖਿਚਦੇ ਹਨ,
ਅੰਤਰਿ ਗਿਆਨੁ ਮਹਾ ਰਸੁ ਸਾਰਾ॥ ਤੀਰਥ ਮਜਨ ਗੁਰ ਵੀਚਾਰਾ॥
ਅੰਤਰਿ ਪੂਜਾ ਥਾਨੁ ਮੁਰਾਰਾ॥ ਜੋਤੀ ਜੋਤਿ ਮਿਲਾਵਣ ਹਾਰਾ॥ (੪੧੧)
ਜਿਸ ਬੰਦੇ ਨੇ ਗੁਰ, ਸ਼ਬਦ ਦੀ ਵਿਚਾਰ ਦਾ ਤੀਰਥ ਇਸ਼ਨਾਨ ਕੀਤਾ ਹੈ, ਉਸ ਵਿਚਾਰ ਆਸਰੇ, ਉਸ ਨੇ ਅਪਣੇ ਹਿਰਦੇ ਨੂੰ ਹੀ ਰੱਬ ਦੀ ਪੂਜਾ ਦਾ ਅਸਥਾਨ ਬਣਾ ਲਿਆ ਹੈ, ਉਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਗਿਆ ਹੈ। ਉਹ ਪ੍ਰਭੂ ਦਾ ਹੁਕਮ ਮੰਨਣ ਦਾ ਸ੍ਰੇਸ਼ਟ ਰਸ ਪੀ ਰਿਹਾ ਹੈ। ਉਹ ਅਪਣੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਮਿਲਾ ਲੈਂਦਾ ਹੈ। ਹਰੀ ਨਾਲ ਇੱਕ ਮਿਕ ਹੋ ਜਾਂਦਾ ਹੈ।
ਇਹ ਹੈ ਗੁਰਮਤ ਵਿੱਚ ਤੀਰਥਾਂ ਦਾ ਸੰਕਲਪ। ਜੇ ਅਸੀਂ ਸਿੱਖ ਅਖਵਾਉਣਾ ਹੈ ਤਾਂ ਸਾਨੂੰ, ਗੁਰੁ, ਗੁਰੂ ਗ੍ਰੰਥ ਸਾਹਿਬ ਜੀ ਦੇ ਆਖੇ ਲਗਣਾ ਹੀ ਪੈਣਾ ਹੈ।
ਮੁੜਦੇ ਹਾਂ ਗੁਰੁ, ਪਰਮਾਤਮਾ ਦੇ ਵਿਚਾਰ ਵਲ,
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ॥ (੫੨)
ਗੁਰੂ ਪਰਮਾਤਮਾ ਨੂੰ ਮਨੋ ਤਨੋ ਪਿਆਰ ਨਾਲ ਪੂਜਣਾ ਚਾਹੀਦਾ ਹੈ। ਕਰਤਾਰ ਹੀ ਜੀਅ, ਹਿਰਦੇ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ, ਸਰਿਸ਼ਟੀ ਦੀ ਹਰ ਚੀਜ਼ ਨੂੰ ਆਸਰਾ ਦੇਣ ਵਾਲਾ ਹੈ।
ਏਥੇ ਜੀਅ ਬਾਰੇ ਸਮਝਣ ਦੀ ਬਹੁਤ ਜ਼ਰੂਰੀ ਲੋੜ ਹੈ। ਕਿਉਂਕਿ ਇਸ ਨੂੰ ਗਲਤ ਪੇਸ਼ ਕਰਦਿਆਂ ਪੁਜਾਰੀ ਜਮਾਤ ਨੇ, ਗੁਰਮਤ ਵਲੋਂ ਰੱਦ ਕੀਤੇ ਜੈਨ ਮਤ ਦੇ ਸਿਧਾਂਤ ‘ਅਹਿੰਸਾ ਪਰਮੋ ਧਰਮਾ’ ਨੂੰ ਗੁਰਦਵਾਰਿਆਂ ਦਾ ਸ਼ੰਗਾਰ ਬਣਾ ਕੇ, ਗੁਰਮਤ ਦੇ ਸਿਧਾਂਤ ‘ਸੰਤ ਸਿਪਾਹੀ’ ਨੂੰ ਬਹੁਤ ਹਦ ਤਕ ਰੱਦ ਕੀਤਾ ਹੈ। ਜੀਅ ਲਫ਼ਜ਼ ਗੁਰਬਾਣੀ ਵਿੱਚ ਜੀਵ ਅਤੇ ਮਨ, ਹਿਰਦੇ ਲਈ ਵਰਤਿਆ ਹੈ। ਜਿਥੇ ਜੀਅ, ਜੀਵਾਂ ਲਈ ਵਰਤਿਆ ਹੈ, ਓਥੇ ਇਸ ਦਾ ਰੂਪ ਹੈ,
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ॥ (੫੮)
ਜੋ ਸਭ ਜੀਵਾਂ ਦਾ ਆਸਰਾ ਹੈ, ਉਸ ਨੂੰ ਕਦੇ ਵੀ ਮਨ ਤੋਂ ਨਹੀਂ ਭੁਲਣਾ ਚਾਹੀਦਾ। ਅਤੇ
ਜੀਅ ਜੰਤ ਸਭਿ ਤੁਧੁ ਉਪਾਇ॥ (੧੦੩)
ਜਗਤ ਦੇ ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹਨ। ਅਤੇ
ਜੀਅ ਜੰਤ੍ਰ ਸਭਿ ਤੇਰੇ ਥਾਪੇ॥ (੧੦੭)
ਸਭ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਅਤੇ
ਅਪੁਨੇ ਜੀਅ ਜੰਤ ਪ੍ਰਤਿਪਾਰੇ॥ (੧੦੫)
ਪਰਮਾਤਮਾ ਅਪਣੇ ਪੈਦਾ ਕੀਤੇ ਸਾਰੇ ਜੀਅ ਜੰਤਾਂ ਦੀ ਆਪ ਹੀ ਪਾਲਣਾ ਕਰਦਾ ਹੈ। ਅਤੇ
ਜੀਅ ਜੰਤ ਸਭਿ ਤਾ ਕੈ ਹਾਥਿ॥ ਰਵਿ ਰਹਿਆ ਪ੍ਰਭੁ ਸਭ ਕੈ ਸਾਥਿ॥ (੩੭੬)
ਜਗਤ ਦੇ ਸਾਰੇ ਜੀਵ ਜੰਤੂ, ਕਰਤਾਰ ਦੇ ਹੀ ਹੱਥ ਵਿੱਚ ਹਨ, ਅਤੇ ਉਹ ਪਰਮਾਤਮਾ, ਹਰ ਥਾਂ, ਹਰ ਜੀਵ ਦੇ ਅੰਗ ਸੰਗ ਵਸ ਰਿਹਾ ਹੈ। ਅਤੇ
ਅਗਮ ਅਗੋਚਰੁ ਸਾਹਿਬ ਮੇਰਾ॥ ਘਟ ਘਟ ਅੰਤਰਿ ਵਰਤੇ ਨੇਰਾ॥
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ॥ (੧੦੬)
ਹੇ ਭਾਈ ਮੇਰੇ ਮਾਲਕ ਪ੍ਰਭੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹ ਗਿਆਨ ਇੰਦ੍ਰੀਆਂ ਦੀ ਪਹੁੰਚ ਤੋਂ ਬਾਹਰ ਹੈ। ਵੈਸੇ ਉਹ ਹਰ ਜੀਵ ਦੇ ਨੇੜੇ, ਸ੍ਰੀਰ ਵਿੱਚ ਹੀ ਵੱਸ ਰਿਹਾ ਹੈ। ਉਹ ਆਪ ਮਾਇਆ ਦੇ ਪ੍ਰਭਾਵ ਤੋਂ ਹਮੇਸ਼ਾ ਬਾਹਰ ਰਹਿੰਦਾ ਹੋਇਆ ਵੀ, ਸਭ ਜੀਵਾਂ ਨੂੰ ਦਾਤਾਂ ਦਿੰਦਾ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਪਰ ਏਨਾ ਕੁੱਝ ਹੋਣ ਤੇ ਵੀ, ਅਪਣੇ ਅੰਦਰ ਬੈਠੇ ਪ੍ਰਭੂ ਬਾਰੇ ਕੋਈ ਵਿਰਲਾ ਬੰਦਾ, ਅਪਣੇ ਆਪ ਨੂੰ ਪਛਾਣ ਕੇ ਹੀ ਜਾਣ ਸਕਦਾ ਹੈ।
ਏਹ ਸੀ ਜੀਅ, ਜੀਵ ਦੀ ਗੱਲ। ਹੁਣ ਵਿਚਾਰਦੇ ਹਾਂ ਜੀਅ ਮਨ, ਹਿਰਦੇ ਦੀ ਗੱਲ,
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ॥ ਭਗਤਿ ਜੀਵਹਿ ਗੁਣ ਗਾਇ ਅਪਾਰਾ॥ (੧੦੯)
ਪਰਮਾਤਮਾ, ਜਿੰਦ ਦਾ, ਪ੍ਰਾਣਾਂ ਦਾ, ਮਨ ਦਾ ਆਸਰਾ ਹੈ। ਬੇਅੰਤ ਪ੍ਰਭੂ ਦੇ ਗੁਣ ਯਾਦ ਕਰ ਕਰ ਕੇ ਉਸ ਦੇ ਭਗਤ, ਆਤਮਕ ਜ਼ਿੰਦਗੀ ਹਾਸਲ ਕਰਦੇ ਹਨ। ਅਤੇ
ਜੀਅ ਕੀ ਲੋਚਾ ਪੂਰੀਐ ਮਿਲੇ ਸੁਆਮੀ ਕੰਤੁ॥ (੧੩੭)
ਜਿਸ ਨੂੰ ਕੰਤ, ਖਸਮ, ਮਾਲਕ, ਪ੍ਰਭੂ ਮਿਲ ਜਾਂਦਾ ਹੈ, ਉਸ ਦੇ ਹਿਰਦੇ ਦੀਆਂ ਸਾਰੀਆਂ ਲੋਚਾਂ, ਸਾਰੀਆਂ ਇਛਿਆਵਾਂ ਪੂਰੀਆਂ ਹੋ ਜਾਂਦੀਆਂ ਹਨ। ਅਤੇ,
ਭਜੁ ਮਨ ਮੇਰੇ ਏਕੋ ਨਾਮ॥ ਜੀਅ ਤੇਰੇ ਕੈ ਆਵੈ ਕਾਮ॥ ੧॥ ਰਹਾਉ॥
ਹੇ ਮੇਰੇ ਮਨ ਇੱਕ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹੂ। ਇਹ ਨਾਮ ਹੀ ਤੇਰੀ ਜਿੰਦ ਦੇ ਨਾਲ ਨਿਭੇ ਗਾ। ਤੇਰੇ ਕੰਮ ਆਵੇਗਾ। ਅਤੇ,
ਤੂੰ ਸਾਜਨ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ॥ (੩੭੮)
ਹੇ ਪ੍ਰਭੂ, ਜਦ ਤੂੰ ਮੇਰੇ ਨਾਲ ਹੈਂ, ਮੇਰਾ ਸਾਜਨ, ਮਿਤ੍ਰ, ਬੇਲੀ ਹੈਂ ਤਾਂ ਫਿਰ ਮੇਰਾ ਮਨ ਕਿਉਂ ਡਰਦਾ ਹੈ? ਭਾਵ ਨਹੀਂ
ਡਰਦਾ। ਗੁਰੂ ਸਾਹਿਬ ਤਾਂ ਜੈਨ ਮਤ ਦਾ ਸਿਧਾਂਤ ਰੱਦ ਕਰਦੇ ਕਹਿੰਦੇ ਹਨ,
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ (੧੫੦)
ਇਹ ਵਿਚਾਰੇ ਜੈਨੀ, ਇਹ ਨਹੀਂ ਸਮਝਦੇ ਕਿ ਜੀਵਾਂ ਨੂੰ ਮਾਰਨ ਅਤੇ ਜੀਵਾਲਣ ਵਾਲਾ, ਉਹ ਪਰਮਾਤਮਾ ਆਪ ਹੀ ਹੈ, ਕਰਤਾਰ ਤੋਂ ਬਗੈਰ, ਹੋਰ ਕੋਈ ਇਨ੍ਹਾਂ ਨੂੰ ਬਚਾਉਣ ਵਾਲਾ ਨਹੀਂ ਹੈ। ਪਰ ਅੱਜ ਇੱਕ ਪਾਸੇ ਤਾਂ (ਸਿੱਖੀ ਸਿਧਾਂਤਾਂ ਵਿਰੁੱਧ) ਗੁਰਦਵਾਰਿਆਂ ਵਿਚੋਂ ਹੀ ਉਸੇ ਜੈਨ ਮਤ ਦੀ ਪ੍ਰੋੜ੍ਹਤਾ (ਅਹਿੰਸਾ ਪਰਮੋ ਧਰਮਾ) ਸਰੂਪ, ਅਤੇ ਦੂਸਰੇ ਪਾਸੇ, ਮਾਸ ਖਾਣ ਜਾਂ ਨਾ ਖਾਣ ਦਾ ਬਖੈੜਾ ਖੜਾ ਕਰ ਕੇ, ਪੰਥ ਨੂੰ ਦੋਫਾੜ ਕਰਦਿਆਂ ਬੜੇ ਜ਼ੋਰ-ਸ਼ੋਰ ਨਾਲ ਪਰਚਾਰ ਹੁੰਦਾ ਹੈ,
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ॥ (੧੩੬)
ਅਰਥ ਕੀਤਾ ਜਾਂਦਾ ਹੈ ਕਿ ਜੀਵਾਂ ਤੇ ਦਇਆ ਕਰਨ ਨਾਲ ਉਹ ਸਾਰੇ ਪੁੰਨ ਹਾਸਲ ਹੋ ਜਾਂਦੇ ਹਨ, ਜੋ ਅਠਾਹਟ ਤੀਰਥਾਂ ਤੇ ਇਸ਼ਨਾਨ ਅਤੇ ਦਾਨ ਕਰਨ ਨਾਲ ਹਾਸਿਲ ਹੋ ਸਕਦੇ ਹਨ। (ਲੁਕਵੇਂ ਢੰਗ ਨਾਲ ਤੀਰਥ ਇਸ਼ਨਾਨ ਦੇ ਬ੍ਰਾਹਮਣੀ ਸਿਧਾਂਤ ਦਾ ਵੀ ਪਰਚਾਰ ਹੋ ਰਿਹਾ ਹੈ) ਜਦ ਕਿ ਇਸ ਸ਼ਬਦ ਦਾ ਅਜਿਹਾ ਕੋਈ ਵਿਸ਼ਾ ਹੀ ਨਹੀਂ ਹੈ, ਅਤੇ ਜੀਅ ਦਾ ਅਰਥ ਕਿਸੇ ਹਾਲਤ ਵਿੱਚ ਵੀ ਜੀਵ ਨਹੀਂ ਬਣਦਾ। ਅਗਲੀ ਤੁਕ ਮਿਲਾ ਜੇ ਪੜ੍ਹਿਆਂ ਵੈਸੇ ਹੀ ਗੱਲ ਸਾਫ ਹੈ,
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ॥
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖ ਸੁਜਾਨੁ॥
ਅਰਥ ਬਣਦੇ ਹਨ, ਹੇ ਬੰਦੇ ਜੇ ਤੂੰ ਅਪਣੇ ਮਨ ਤੇ ਦਇਆ ਕਰ ਲਵੇਂ, ਉਸ ਨੂੰ ਸ਼ਬਦ ਵਿਚਾਰ ਨਾਲ, ਮਾਇਆ ਮੋਹ ਤੋਂ, ਤ੍ਰਿਸ਼ਨਾਵਾਂ ਤੋਂ ਬਚਾ ਲਵੇਂ, ਤਾਂ ਇਹ ਪ੍ਰਭੂ ਦੀ ਦਰਗਾਹ ਵਿਚ, ਅਖੌਤੀ ਅਠਾਹਟ ਤੀਰਥਾਂ ਤੇ ਇਸ਼ਨਾਨ ਦੇ ਫੱਲਾਂ ਨਾਲੋਂ (ਜੋ ਬ੍ਰਾਹਮਣ ਨੇ ਮਿਥੇ ਹੋਏ ਹਨ) ਜ਼ਿਆਦਾ ਪਰਵਾਨ ਹੋਵੇ ਗਾ। ਤੁੰ ਤੀਰਥਾਂ ਤੇ ਨਾ ਭਟਕਦਾ ਫਿਰ, ਕਿਰਤ ਕਮਾਈ ਕਰਦਿਆਂ, ਪਰਵਾਰ ਪਾਲਦਿਆਂ, ਸ਼ਬਦ ਵਿਚਾਰ ਰਾਹੀਂ ਮਨ ਦੀ ਭਟਕਣਾ ਨੂੰ ਰੋਕ। ਪਰ ਇਹ ਵੀ ਬੰਦੇ ਦੇ ਅਪਣੇ ਵੱਸ ਦੀ ਗੱਲ ਨਹੀਂ ਹੈ, ਜਿਸ ਤੇ ਦਿਆਲ ਹੋ ਕੇ, ਪਰਮਾਤਮਾ ਆਪ ਬਖਸ਼ਿਸ਼ ਕਰ ਦੇਵੇ ਉਹ ਹੀ ਸਿਆਣਾ ਬਣ ਜਾਂਦਾ ਹੈ, ਉਹ ਹੀ ਅਪਣੇ ਮਨ ਨੂੰ ਵਿਕਾਰਾਂ ਵਲੋਂ ਬਚਾ ਲੈਂਦਾ ਹੈ। ਸ਼ਬਦ ਦਾ ਕੇਂਦਰੀ ਭਾਵ ਹੈ,
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
ਆਉ ਪਰਤਦੇ ਹਾਂ ਵਿਸ਼ੇ ਵੱਲ਼,
ਗੁਰੁ ਕਰਤਾ ਗੁਰੁ ਕਰਣੈ ਜੋਗੁ॥ ਗੁਰੁ ਪਰਮੇਸੁਰੁ ਹੈ ਭੀ ਹੋਗੁ॥ (੮੬੪)
ਗੁਰੁ, ਕਰਤਾ ਪੁਰਖ ਹੀ ਸਭ ਕੁੱਝ ਕਰਨ ਵਾਲਾ ਹੈ, ਗੁਰੁ ਵਾਹਿਗੁਰੂ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ। ਗੁਰੁ ਪਰਮੇਸ਼ਰ ਹੀ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ। ਉਹ ਭੂਤ ਕਾਲ (ਬੀਤੇ ਸਮੇ) ਵਿੱਚ ਵੀ ਸੀ, ਅੱਜ ਵੀ ਕਾਇਮ ਦਾਇਮ ਹੈ ਅਤੇ ਭਵਿੱਖ (ਆਉਣ ਵਾਲੇ ਸਮੇ) ਵਿੱਚ ਵੀ ਉਸ ਦੀ ਹਸਤੀ ਕਾਇਮ ਰਹੇ ਗੀ। ਅਤੇ,
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ॥
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ॥ ੧॥ ਰਹਾਉ॥ (੮੨੭)
ਹੇ ਭਾਈ ਮੈਂ ਹਰੀ ਦੇ ਚਰਨਾਂ ਦਾ ਧਿਆਨ ਧਰ ਕੇ, ਉਸ ਤੋਂ ਸਦਕੇ ਜਾਂਦਾ ਹਾਂ। (ਇਹ ਸਭਿਅਤਾ ਹੈ ਕਿ ਅਪਣੇ ਤੋਂ ਵੱਡੇ ਦੇ ਪੈਰਾਂ ਵਲ ਹੀ ਵੇਖਿਆ ਜਾਂਦਾ ਹੈ, ਮੂੰਹ ਵਲ ਨਹੀਂ। ਇਸੇ ਲਈ ਪ੍ਰਭੂ ਦੇ, ਕਰਤਾਰ ਦੇ ਚਰਨਾਂ ਦੀ ਗਲ ਹੁੰਦੀ ਹੈ। ਵੈਸੇ ਨਿਰਾਕਾਰ ਹੋਣ ਨਾਤੇ ਉਸ ਦੇ ਚਰਨ (ਪੈਰ) ਨਹੀਂ ਹੁੰਦੇ। ਗੁਰਮਤ ਸਿਧਾਂਤਾਂ ਤੋਂ ਅਣਜਾਣ ਲੋਗ, ਉਨ੍ਹਾਂ ਵਿਚੋਂ ਹੀ, ਰੱਬ ਨੂੰ ਲਭਦੇ ਫਿਰਦੇ ਹਨ, ਜਿਨ੍ਹਾਂ ਦੇ ਪੈਰ ਹੋਣ।) ਹੇ ਮੇਰੇ ਮਨ, ਮੇਰਾ ਗੁਰੂ ਸਿਰਫ ਪਾਰਬ੍ਰਹਮ ਪਰਮੇਸ਼ਰ ਹੀ ਹੈ, ਤੂੰ ਉਸ ਦਾ ਹੀ ਧਿਆਨ, ਉਸ ਦੀ ਯਾਦ ਹਿਰਦੇ ਵਿੱਚ ਵਸਾਈ ਰੱਖ। ਅਤੇ,
ਗੁਰੁ ਪਰਮੇਸੁਰੁ ਏਕੁ ਹੈ ਸਭ ਮਹਿ ਰਹਿਆ ਸਮਾਇ॥ (੫੩)
ਗੁਰੁ ਪਰਮੇਸ਼ਰ ਇਕੋ ਹੀ ਅਜਿਹੀ ਹਸਤੀ ਹੈ, ਜੋ ਸੰਸਾਰ ਦੀ ਹਰ ਚੀਜ਼ ਵਿੱਚ ਸਮਾਈ ਹੋਈ ਹੈ। ਇਸ ਨੂੰ ਸਾਰੇ ਜਾਣਦੇ ਹਨ ਕਿ ਸ੍ਰਿਸ਼ਟੀ ਦਾ ਮੂਲ ਅਕਾਲ ਪੁਰਖ ਹੀ ਉਹ ਹਸਤੀ ਹੈ, ਜੋ ਸ੍ਰਿਸ਼ਟੀ ਦੇ ਕਣ ਕਣ ਵਿੱਚ ਸਮਾਈ ਹੋਈ ਹੈ। ਉਹੀ ਹੈ ਜੋ, ਜੰਗਲ ਵਿੱਚ ਜੰਮੇ ਨਵੇਂ ਬੱਚੇ ਨੂੰ ਖੜੇ ਹੋਣਾ ਸਿਖਾਉਂਦਾ ਹੈ, ਫਿਰ ਇਹ ਵੀ ਦੱਸਦਾ ਹੈ ਕਿ ਤੇਰਾ ਜੀਵਨ, ਤੇਰੀ ਖੁਰਾਕ ਕਿੱਥੇ ਹੈ? ਉਹੀ ਸਮੁੰਦਰ ਕਿਨਾਰੇ, ਰੇਤ ਵਿੱਚ ਦੱਬੇ ਕੱਛੂ ਦੇ ਆਂਡਿਆਂ ਵਿਚੋਂ ਨਿਕਲਦੇ ਬੱਚਿਆਂ ਨੂੰ, ਭੱਜ ਕੇ ਸਮੁੰਦਰ ਵਿੱਚ ਵੜ ਕੇ ਜਾਨ ਬਚਾਉਣ ਦਾ ਢੰਗ ਦੱਸਦਾ ਹੈ। ਹਰ ਕਿਸੇ ਜਾਨਵਰ ਨੂੰ ਅਪਣੀ ਨਸਲ ਵਧਾਉਣ ਦਾ ਢੰਗ ਦੱਸਦਾ ਹੈ। ਸ਼ਬਦ ਗੁਰੂ ਸਿਰਫ ਬੰਦੇ ਲਈ ਹੈ, ਉਹ ਬੰਦੇ ਨੂੰ ਪਰਮਾਤਮਾ ਨਾਲ, ਮਿਲਾਪ ਦਾ, ਉਸ ਨਾਲ ਪਿਆਰ ਪਾਉਣ ਦਾ ਢੰਗ ਦਸਦਾ ਹੈ। ਕਿਉਂਕਿ ਬੰਦੇ ਦੀ ਜੂਨ ਹੀ, ਜੀਅ ਦਾ ਅਪਣੇ ਮੂਲ ਨਾਲ ਮਿਲਾਪ ਦਾ ਸਮਾ ਹੈ, ਜਿਸ ਤੋਂ ਥਿੜਕਿਆ ਜੀਅ ਫਿਰ, ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਅਤੇ,
ਗੁਰੁ ਪਰਮੇਸਰੁ ਗੁਰੁ ਗੋਬਿੰਦੁ॥ ਗੁਰੁ ਕਰਤਾ ਗੁਰੁ ਸਦ ਬਖਸੰਦ॥ (੧੦੮੦)
ਪਰਮੇਸ਼ਰ ਹੀ ਗੁਰੂ ਹੈ, ਗੋਬਿੰਦ ਹੀ ਗੁਰੂ ਹੈ। ਉਸ ਦੇ ਜੋ ਵੀ ਨਾਮ ਰੱਖ ਲਏ ਜਾਣ, ਸਦਾ ਸੱਚ ਸਦਾ ਥਿਰ ਰਹਿਣ ਵਾਲਾ ਅਕਾਲ ਹੀ ਗੁਰੂ ਹੈ। ਜੀਵਾਂ ਦੇ ਅਬੋਧ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਕੋਈ ਸਕੂਲ ਨਹੀਂ ਖੋਲ੍ਹੇ ਜਾਂਦੇ, ਅਪਣੀ ਜਾਤੀ ਨੂੰ ਚਲਦਾ ਰੱਖਣਾ ਸਿਖਾਉਣ ਲਈ ਕੋਈ ਟ੍ਰੇਨਿੰਗ ਸੈਂਟਰ ਨਹੀਂ ਖੋਲ੍ਹੇ ਜਾਂਦੇ, ਉਹ ਸਭ ਦੇ ਅੰਦਰ ਬੈਠਾ, ਸਭ ਕੁੱਝ ਸਿਖਾ ਰਿਹਾ ਹੈ। ਅਸਲੀ ਗੁਰੂ ਉਹ ਆਪ ਹੀ ਹੈ। ਗੁਰੁ ਕਰਤਾਰ ਹੀ ਸਭ ਚੀਜ਼ਾਂ ਦਾ ਕਰਤਾ ਹੈ। ਸਭ ਚੀਜ਼ਾਂ ਉਸ ਦੀਆਂ ਹੀ ਬਣਾਈਆਂ ਹੋਈਆਂ ਹਨ। ਗੁਰੁ ਕਰਤਾਰ ਹੀ ਜੀਵਾਂ ਦੀਆਂ ਕੀਤੀਆਂ ਭੁਲਾਂ ਬਖਸ਼ਣ ਵਾਲਾ ਹੈ, ਇਹ ਸਮਰਥਾ ਹੋਰ ਕਿਸੇ ਵਿੱਚ ਨਹੀਂ।
ਇਹ ਸਨ ਗੁਰੁ, ਅਕਾਲ ਨਾਲ ਸਬੰਧਤ ਕੁੱਝ ਤੁਕਾਂ, ਆਪਾਂ ਹੁਣ ਉਨ੍ਹਾਂ ਸ਼ਬਦਾਂ ਨੂੰ ਵਿਚਾਰਦੇ ਹਾਂ ਜਿਨ੍ਹਾਂ ਵਿਚ, ਗੁਰੁ ਅਤੇ ਸ਼ਬਦ ਗੁਰ, ਦੋਵਾਂ ਦੀ ਵਰਤੋਂ ਕੀਤੀ ਹੋਈ ਹੈ,
ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ॥
ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ॥
ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ॥
ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ॥
ਸਚਾ ਸਾਹਿਬ ਸਚੀ ਨਾਈ ਵੇਖੈ ਨਦਰਿ ਨਿਹਾਲੇ॥
ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੈ॥ ੧॥ (੫੮੪)
ਪਤੀ ਪਰਮਾਤਮਾ ਤੋਂ ਵਿਛੜੀਆਂ ਜੀਵ ਇਸਤ੍ਰੀਆਂ, ਸਦਾ ਰੋਂਦੀਆਂ ਹਨ। ਪਰ ਉਨ੍ਹਾਂ ਨੂੰ ਏਨੀ ਸੋਝੀ ਨਹੀਂ ਹੈ ਕਿ ਮੇਰਾ ਸੱਚਾ, ਸਦਾ ਕਾਇਮ ਰਹਣ ਵਾਲਾ ਪਤੀ ਪਰਮਾਤਮਾ ਤਾਂ ਹਰ ਵੇਲੇ ਮੇਰੇ ਨਾਲ, ਮੇਰੇ ਅੰਦਰ ਹੀ ਹੈ। ਜਿਨ੍ਹਾਂ ਨੇ ਇਹ ਮੰਨ ਲਿਆ ਕਿ ਅਸੀਂ ਇਸ ਦੁਨੀਆਂ ਤੋਂ ਹਰ ਹਾਲਤ ਵਿੱਚ ਚਲੇ ਜਾਣਾ ਹੈ, ਉਹ ਸਤਿਗੁਰੁ, ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦੀਆਂ, ਉਸ ਦੇ ਹੁਕਮ ਵਿੱਚ ਚਲਦੀਆਂ, ਪ੍ਰਭੂ ਨੂੰ ਹਮੇਸ਼ਾ ਸੇਂਵਦੀਆਂ ਹਨ, ਉਸ ਦੀ ਸੇਵਾ ਕਰਦੀਆਂ ਹਨ। ਪ੍ਰਭੂ ਦੀ ਸੇਵਾ ਵੀ ਉਸ ਦਾ ਹੁਕਮ ਮੰਨਣਾ ਹੀ ਹੈ।
ਉਹ ਇਹ ਜਾਣਦੀਆਂ ਹਨ ਕਿ ਸਤਿਗੁਰੁ, ਕਰਤਾਰ ਹਮੇਸ਼ਾ ਨਾਲ ਹੈ, ਉਸ ਦਾ ਨਾਮ ਸੰਭਾਲ ਕੇ, ਉਸ ਦੇ ਹੁਕਮ ਵਿੱਚ ਚਲਦਿਆਂ, ਉਹ ਸਦਾ ਸੁਖ ਪਾਉਂਦੀਆਂ ਹਨ। ਉਨ੍ਹਾਂ ਨੇ ਸ਼ਬਦ ਵਿਚਾਰ ਦੀ ਬਰਕਤ ਨਾਲ, ਮੌਤ ਦਾ ਡਰ ਦੂਰ ਕਰ ਕੇ ਸੱਚ ਨੂੰ, ਕਰਤਾਰ ਨੂੰ ਅਪਣੇ ਅੰਦਰ ਵਸਾਅ ਲਿਆ ਹੈ, ਉਨ੍ਹਾਂ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ।
ਉਹ ਕਰਤਾਰ ਸੱਚਾ, ਸਦਾ ਕਾਇਮ ਰਹਣ ਵਾਲਾ ਹੈ, ਉਸ ਦੀ ਵਡਿਆਈ ਵੀ ਸੱਚੀ ਹੈ, ਉਹ ਸਭ ਜੀਵਾਂ ਦੀ ਸੰਭਾਲ, ਬਖਸ਼ਿਸ਼ ਦੀ ਨਿਗਾਹ ਨਾਲ ਕਰਦਾ ਹੈ, ਉਹ ਕਿਸੇ ਤੇ ਕਰੋਪ ਨਹੀਂ ਹੁੰਦਾ। ਪਰ ਜੋ ਜੀਵ ਇਸਤ੍ਰੀਆਂ, ਸ਼ਬਦ ਗੁਰੂ ਦੀ ਵਿਚਾਰ ਨਹੀਂ ਕਰਦੀਆਂ, ਉਹ ਪ੍ਰਭੂ ਤੋਂ ਵਿਛੜੀਆਂ, ਹਮੇਸ਼ਾ ਦੁਖੀ ਹੁੰਦੀਆਂ ਹਨ, ਉਨ੍ਹਾਂ ਨੂੰ ਸੋਝੀ ਨਹੀਂ ਹੁੰਦੀ ਕਿ, ਸਦਾ ਥਿਰ ਪ੍ਰਭੂ ਤਾਂ ਹਮੇਸ਼ਾ ਸਾਡੇ ਨਾਲ ਹੈ। ਏਸੇ ਅਗਿਆਨਤਾ ਕਾਰਨ ਉਹ ਰੋਂਦੀਆਂ ਹਨ, ਦੁਖੀ ਹੁੰਦੀਆਂ ਹਨ।
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ॥
ਸਤਿਗੁਰਿ ਮੇਲੀ ਤਾਂ ਸਜਜਿ ਮਿਲੀ ਪਿਰੁ ਰਾਖਿਆ ਉਰ ਧਾਰੇ॥
ਸਦਾ ਉਰ ਧਾਰੇ ਨੇਹੁ ਨਾਲ ਪਿਆਰੇ ਸਤਿਗੁਰ ਤੇ ਪਿਰੁ ਦਿਸੈ॥
ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ॥
ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ॥
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ॥ ੨॥ (੫੮੪)
ਮੇਰਾ ਸਾਹਿਬ, ਮੇਰਾ ਮਾਲਕ ਪ੍ਰਭੂ ਸਾਰਿਆਂ ਨਾਲੋਂ ਉਚੀ ਹਸਤੀ ਵਾਲਾ ਹੈ, ਮੈਂ ਉਸ ਪ੍ਰੀਤਮ ਪਿਆਰੇ ਨੂੰ ਕਿਵੇਂ ਮਿਲਾਂ?
ਉਸ ਦੇ ਮੁਕਾਬਲੇ ਤੇ ਮੈਂ ਤਾਂ ਬਹੁਤ ਨਿਮਾਣੀ ਹਾਂ। ਪਰ ਜੇ ਕਰ ਜੀਵ ਇਸਤ੍ਰੀ ਨੂੰ, ਸਤਿਗੁਰ, ਸ਼ਬਦ ਗੁਰੂ ਨੇ ਉਸ ਸਤਿਗੁਰੁ ਨਾਲ, ਪ੍ਰਭੂ ਨਾਲ ਮਿਲਾਇਆ ਤਾਂ ਉਹ ਬੜੇ ਸਹਿਜ ਨਾਲ ਹੀ ਪ੍ਰਭੂ ਨਾਲ ਜੁੜ ਗਈ, ਉਸ ਨੇ ਪਿਆਰੇ ਪ੍ਰੀਤਮ ਨੂੰ ਅਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਟਿਕਾਅ ਲਿਆ।
ਅਜਿਹੀ ਜੀਵ ਇਸਤ੍ਰੀ ਅਪਣੇ ਪਿਆਰੇ ਪ੍ਰੀਤਮ, ਪ੍ਰਭੂ, ਨਾਲ ਪਿਆਰ ਪਾਈ ਰਖਦੀ ਹੈ, ਉਸ ਨੂੰ ਅਪਣੇ ਹਿਰਦੇ ਵਿੱਚ ਵਸਾਈ ਰਖਦੀ ਹੈ, ਕਿਉਂਕਿ ਸਤਿਗੁਰ, ਸ਼ਬਦ ਗੁਰੂ ਦੇ ਗਿਆਨ ਅਨੁਸਾਰ, ਉਸ ਨੂੰ ਹਰ ਵੇਲੇ, ਹਰ ਥਾਂ ਅਪਣਾ ਪਿਆਰਾ ਪ੍ਰੀਤਮ ਦਿਸ ਆਉਂਦਾ ਹੈ। ਇਸ ਨੂੰ ਹੀ ਗੁਰਬਾਣੀ ‘ਓ ‘ਜਾਂ ਨਿਰੰਕਾਰ ਦਾ ਸਾਕਾਰ ਰੂਪ ਦਸਦੀ ਹੈ। ਜਿਸ ਵਿਚੋਂ ਜਗਿਆਸੂ ਜੀਵ ਇਸਤ੍ਰੀ ਨੂੰ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ, ਕੁਦਰਤ ਵਿਚੋਂ ਹੀ ਕਾਦਰ, ਲਿਸ਼ਕਾਰੇ ਮਾਰਦਾ ਨਜ਼ਰ ਆ ਜਾਂਦਾ ਹੈ। ਜੋ ਜੀਵ ਇਸਤ੍ਰੀ ਮਾਇਆ ਮੋਹ ਵਾਲਾ ਕੱਚਾ ਚੋਲਾ ਪਾਈ ਰਖਦੀ ਹੈ, ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ, ਉਹ ਪ੍ਰਭੂ ਦੇ ਮਾਰਗ ਤੇ ਅਡੋਲ ਨਹੀਂ ਚੱਲ ਪਾਉਂਦੀ, ਉਸ ਦਾ ਮਨ ਹਮੇਸ਼ਾਡੋਲਦਾ ਰਹਿੰਦਾ ਹੈ।
ਜੋ ਜੀਵ ਇਸਤ੍ਰੀ, ਪ੍ਰਭੂ ਪਿਆਰੇ ਦੇ ਰੰਗ ਵਿੱਚ ਰੰਗਿਆ ਸੱਚਾ ਚੋਲਾ ਪਾਉਂਦੀ ਹੈ, ਕਰਤਾਰ ਨਾਲ ਪਿਆਰ ਪਾਉਂਦੀ ਹੈ, ਹਮੇਸ਼ਾ ਕਰਤਾਰ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ, ਉਹ ਅਪਣੇ ਪਤੀ ਪਰਮਾਤਮਾ ਨਾਲ ਮਿਲ ਕੇ ਅਪਣੀ ਤਿਖਾ, ਅਪਣੀ ਪਿਆਸ ਬੁਝਾ ਲੈਂਦੀ ਹੈ, ਅਪਣੀ ਤ੍ਰਿਸ਼ਨਾ ਖਤਮ ਕਰ ਲੈਂਦੀ ਹੈ।
ਮੇਰਾ ਮਾਲਕ, ਮੇਰਾ ਵਾਹਿਗੁਰੂ ਸਭ ਤੋਂ ਉਚੀ ਹਸਤੀ ਵਾਲਾ ਹੈ, ਮੈਂ ਉਸ ਨੂੰ ਕਿਵੇਂ ਮਿਲਾਂ? (ਏਸੇ ਨੂੰ ਹੀ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ, ਇਹ ਤਦ ਹੀ ਸੰਭਵ ਹੈ, ਜੇਕਰ ਬੰਦਾ ਸਤਿਗੁਰ, ਸ਼ਬਦ ਗੁਰੂ ਦੀ ਸਰਨ ਵਿੱਚ ਜਾਵੇ। ਉਸ ਦੀ ਸਿਖਿਆ ਅਨੁਸਾਰ, ਪਰਮਾਤਮਾ ਨਾਲ ਪਿਆਰ ਪਾਵੇ, ਉਸ ਨੂੰ ਮਨ ਵਿੱਚ ਵਸਾਵੇ।)
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ॥
ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ॥
ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ॥
ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ॥
ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ॥
ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਅਿਾਰੇ॥ ੩॥ (੫੮੪)
ਸ਼ਬਦ ਗੁਰੂ ਨੇ, ਗਿਆਨ ਗੁਰੂ ਨੇ ਮਿਹਰ ਕੀਤੀ, ਸ਼ਬਦ ਵਿਚਾਰ ਆਸਰੇ ਮੈਨੂੰ ਉਸ ਸੱਚੇ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਬਾਰੇ ਸੋਝੀ ਹੋ ਗਈ, ਮੈਂ ਅਪਣੇ ਮਾਲਕ ਨੂੰ ਪਛਾਣ ਲਿਆ, ਮੈਂ ਉਸ ਦੇ ਪਿਆਰ ਨੂੰ, ਹਰ ਵੇਲੇ ਮਾਣਦੀ ਹਾਂ। ਜਿਸ ਜੀਵ ਇਸਤ੍ਰੀ ਨੇ, ਗਿਆਨ ਗੁਰੂ ਦੀ ਸਰਨ ਨਾ ਲਈ, ਉਸ ਨੂੰ ਕਰਤਾਪੁਰਖ ਬਾਰੇ ਸੋਝੀ ਨਾ ਹੋਈ, ਉਹ ਅਗਿਆਨਤਾ ਵੱਸ, ਔਗਣਾ ਵਿੱਚ ਹੀ ਭੁਲੀ ਰਹੀ, ਪਰਚੀ ਰਹੀ।
ਹੁਣ ਸ਼ਬਦ ਦੀ ਵਿਚਾਰ ਆਸਰੇ, ਮੈਂ ਸਦੀਵੀ ਸੱਚ ਨਾਲ ਜੁੜ ਗਈ ਹਾਂ, ਅਤੇ ਉਹ ਸੱਚ, ਉਹ ਪ੍ਰਭੂ ਹਮੇਸ਼ਾ ਮੈਨੂੰ ਅਪਣੇ ਨਾਲ ਜੋੜੀ ਰੱਖਦਾ ਹੈ। ਜਿਹੜੀ ਜੀਵ ਇਸਤ੍ਰੀ, ਸ਼ਬਦ ਵਿਚਾਰ ਆਸਰੇ ਸੱਚੇ, ਕਰਤਾਰ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਉਸ ਦੀ ਯਾਦ ਅਪਣੇ ਹਿਰਦੇ ਵਿੱਚ ਵਸਾਈ ਰਖਦੀ ਹੈ, ਉਹ ਸ਼ਬਦ ਗੁਰੂ ਨੁੰ ਮਿਲ ਕੇ ਅਪਣੇ ਪ੍ਰੀਤਮ, ਅਪਣੇ ਪਿਆਰੇ ਨੂੰ ਲੱਭ ਲੈਂਦੀ ਹੈ। ਅੰਤਰ ਆਤਮੇ ਵਾਹਿਗੁਰੂ ਦੀ ਯਾਦ ਦੇ ਰੰਗ ਵਿੱਚ ਰੰਗੀ ਉਹ ਸਹਿਜ ਵਿਚ, ਅਡੋਲਤਾ ਵਿੱਚ ਮਸਤ ਰਹਿੰਦੀ ਹੈ। ਉਸ ਦੇ ਸਾਰੇ ਦੁਸ਼ਮਣ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਖਤਮ ਹੋ ਜਾਂਦੇ ਹਨ, ਪ੍ਰਭੂ ਨਾਲ ਜੁੜਨ ਕਰ ਕੇ ਉਸ ਦੇ ਸਾਰੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਕਿਉਂਕਿ,
ਦੁਖੁ ਤਦੇ ਜਾ ਵਿਸਰਿ ਜਾਵੈ॥ (੯੮)
ਅਪਣੇ ਗੁਰੂ ਨੂੰ ਤਨ ਅਤੇ ਮਨ ਸੌਂਪ ਦੇਣਾ ਚਾਹੀਦਾ ਹੈ।
(ਗੁਰੂ ਨੂੰ ਤਨ ਅਤੇ ਮਨ ਸੌਂਪਣਾ ਕੀ ਚੀਜ਼ ਹੈ? ਇਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੀਆਂ ਭੁੱਲ-ਭੁਲਈਆਂ ਵਿੱਚ ਬਹੁਤ ਸਾਰੇ, ਅਪਣੇ ਆਪ ਨੂੰ ਸੰਤ ਅਖਵਾਉਂਦੇ ਵਿਭਚਾਰੀ, ਬੀਬੀਆਂ ਦੀ ਪੱਤ ਰੋਲਦੇ ਪਏ ਹਨ। ਹਾਲਾਂਕਿ ਜ਼ਾਹਰਾ ਤੌਰ ਤੇ ਇਨ੍ਹਾਂ ਵਿਚੋਂ ਬਹੁਤ ਘੱਟ ਹੀ ਇਹ ਮੰਨਦੇ ਹਨ ਕਿ ਉਹ ਔਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਪਰ ਉਨ੍ਹਾਂ ਦੀ ਗੁਰੂ ਅਖਵਾਉਣ ਦੀ ਲਾਲਸਾ ਹੇਠ ਦਿੱਤੀ ਘਟਨਾ ਚੋਂ ਫੁੱਟ-ਫੱਟ ਕੇ ਸ਼ਾਮ੍ਹਣੇ ਆ ਰਹੀ ਹੈ। ਇਹ ਸੱਚੀ ਘਟਨਾ ਇਵੇਂ ਹੈ ਕਿ ‘ਇੱਕ ਬੱਚੀ ਦੇ ਮਨ ਵਿਚ, ਪ੍ਰਭੂ ਨੂੰ ਮਿਲਣ ਦਾ ਉਮਾਹ ਜਾਗਿਆ। ਗੁਰਬਾਣੀ ਪੜ੍ਹਦੀ ਸੀ, ਜਾਣਦੀ ਸੀ ਕਿ ਪਰਮਾਤਮਾ ਨੂੰ ਮਿਲਣ ਦਾ ਰਾਹ ਗੁਰੂ ਕੋਲੋਂ ਜਾਣਿਆ ਜਾ ਸਕਦਾ ਹੈ। ਗੁਰੂ ਬਾਰੇ ਸੋਝੀ ਨਾ ਹੋਣ ਕਾਰਨ
(ਕਿਉਂਕਿ, ਕੁੱਝ ਥੋੜ੍ਹੇ ਜਿਹੇ ਵਿਦਵਾਨਾਂ ਨੂੰ ਛੱਡ ਕੇ, ਲੱਖਾਂ ਦੀ ਗਿਣਤੀ ਵਿੱਚ ਪੁਜਾਰੀ, ਸੰਤ, ਬ੍ਰਹਮਗਿਆਨੀ, ਮਹਾਂਪੁਰਸ਼, ਡੇਰੇਦਾਰ, ਟਕਸਾਲੀ, ਇਸ ਲਫਜ਼ ਬਾਰੇ ਲੋਕਾਂ ਨੂੰ ਸੋਝੀ ਦੇਣ ਤੋਂ ਅਸਮਰੱਥ ਹਨ) ਮਾਂ-ਬਾਪ ਨਾਲ ਗੱਲ ਹੋਈ, ਗੁਰੂ ਦੀ ਭਾਲ ਸ਼ੁਰੂ ਹੋਈ।
ਅੰਤ ਇੱਕ ‘ਗੋਲ ਪੱਗੀਏ ‘ਸੰਤ ਜੀ ਨੂੰ ਬ੍ਰਹਮਗਿਆਨੀ, ਮਹਾਂ ਪੁਰਸ਼ ਸਮਝ ਕੇ, ਉਸ ਦੇ ਡੇਰੇ ਜਾ ਸ਼ਰਨ ਲਈ। ਸੰਤ ਜੀ ਨੇ ਕਿਹਾ, ਠੀਕ ਹੈ, ਡੇਰੇ ਛੱਡ ਜਾਵੋ, ਮੈਂ ਪ੍ਰਭੂ ਨਾਲ ਮਿਲਾ ਦੇਵਾਂਗਾ। ਅਕਲ ਦੇ ਰੱਜੇ ਮਾਂ-ਬਾਪ ਨੇ ਅਪਣੀ ਲਾਡਲੀ ਨੂੰ ਡੇਰੇ ਛੱਡ ਦਿੱਤਾ।
ਸੰਤ ਜੀ ਦਾ ਪਹਿਲਾ ਪ੍ਰਵਚਨ ਸੀ ਕਿ ‘ਜੇ ਪਰਮਾਤਮਾ ਨੂੰ ਪਾਉਣਾ ਹੋਵੇ ਤਾਂ, ਤਨ, ਮਨ ਗੁਰੂ ਨੂੰ ਸੌਂਪਣਾ ਪੈਂਦਾ ਹੈ। ਬੱਚੀ ਦਾ ਸਰਲ ਜਿਹਾ ਉਤਰ ਸੀ ‘ਠੀਕ ਹੈ, ਮੈਂ ਅਪਣਾ ਤਨ-ਮਨ ਤੁਹਾਨੂੰ ਸੌਂਪਦੀ ਹਾਂ।’ ‘ਗੋਲ ਪੱਗੇ’ ਨੇ ਉਸ ਨੂੰ ਨਾਮ ਰੂਪੀ ਮੰਤ੍ਰ ਦੇ ਕੇ ਰਟਣ ਦੀ ਤਾਕੀਦ ਕੀਤੀ। ਬੱਚੀ ਡੇਰੇ ਵਿੱਚ ਰਹਿ ਕੇ ਪਾਖੰਡ ਨਾਮ ਜਪਣ ਲੱਗੀ। ਖਾਣ ਪੀਣ, ਰਹਿਣ ਦਾ ਸੁਖ, ਅਤੇ ਰਟਣ ਨੂੰ ਨਾਮ, ਬੱਚੀ ਤਾਂ ਢਕੌਂਜੀ ਸੰਤ ਨੂੰ ਰੱਬ ਹੀ ਸਮਝ ਕੇ, ਉਸ ਤੇ ਮੋਹਤ ਹੁੰਦੀ ਗਈ।
ਇੱਕ ਦਿਨ ਸੰਤ ਵਲੋਂ ਅਪਣੇ ਭੋਰੇ ਵਿੱਚ ਬੁਲਾਵਾ ਆਇਆ, ਬੱਚੀ ਬੜੇ ਚਾਅ, ਉਮਾਹ ਨਾਲ ਭੋਰੇ ਵਿੱਚ ਪੁੱਜੀ। ਅੱਗੇ ਸੰਤ, ਬ੍ਰਹਮ ਗਿਆਨੀ ਜੀ ਮਹਾਰਾਜ, ਅਪਣੇ ਅਸਲੀ ਰੂਪ ਵਿਚ, ਸ਼ਰਾਬ ਦੈ ਨਸ਼ੇ ਵਿੱਚ ਮਸਤ, ਟੀ ਵੀ ਤੇ ਬਲਿਊ ਫਿਲਮ ਵੇਖ ਰਹੇ ਸਨ। ਪਲੰਘ ਦੇ ਸਰ੍ਹਾਣੇ ਪਸਤੌਲ ਪਿਆ ਸੀ। ਸੰਤ ਨੇ ਉਸ ਨੂੰ ਪਲ਼ੰਘ ਤੇ ਅਪਣੇ ਕੋਲ ਬੈਠਣ ਲਈ ਕਿਹਾ, ਪਰ ਉਹ ਸੰਕੋਚ ਵੱਸ ਭੁੰਝੇ ਹੀ ਬੈਠ ਗਈ। ਸੰਤ ਨੂੰ ਉਸ ਨੂੰ ਸਮਝਾ ਬੁਝਾ ਕੇ, ਅਪਣੇ ਕੋਲ ਬਿਠਾ ਕੇ, ਅਪਣੀ ਇੱਛਾ ਜ਼ਾਹਰ ਕਰ ਦਿੱਤੀ। ਬੱਚੀ ਦੇ ਮਨ੍ਹਾ ਕਰਨ ਤੇ ਉਸ ਦਾ ਤਰਕ ਸੀ ਕਿ ‘ਤੂੰ ਸਾਨੂੰ ਅਪਣਾ ਤਨ-ਮਨ ਤਾਂ ਸੌਂਪ ਹੀ ਚੁੱਕੀ ਹੈਂ, ਇਹ ਤਾਂ ਹੁਣ ਸਾਡਾ ਹੈ। ਪਰ ਬੱਚੀ ਤਾਂ ਪ੍ਰਭੂ ਦੀ ਭਾਲ ਵਿੱਚ ਆਈ ਸੀ, ਉਹ ਇਸ ਵਿਭਚਾਰ ਲਈ ਰਾਜ਼ੀ ਨਾ ਹੋਈ।
ਸੰਤ ਨੇ ਪਾਸਾ ਪਲਟਿਆ, ਅਤੇ ਪਸਤੌਲ ਚੁਕਦਿਆਂ ਕਿਹਾ, ‘ਜੇ ਰਾਜ਼ੀ ਨਾਲ ਨਹੀਂ ਤਾਂ ਇਵੇਂ ਸਹੀ, ਤੂੰ ਚੰਗੀ ਤਰ੍ਹਾਂ ਜਾਣਦੀ ਹੈਂ ਕਿ, ਅਸੀਂ ਤੈਨੂੰ ਗੋਲੀ ਵੀ ਮਾਰ ਦੇਈਏ, ਤਾਂ ਸਾਨੂੰ ਕੋਈ ਕੁੱਝ ਕਹਿਣ ਵਾਲਾ ਨਹੀਂ। ਬੱਚੀ ਕੰਬ ਗਈ, ਪਸਤੌਲ ਦੀ ਨੋਕ ਤੇ ਉਸ ਦੀ ਪੱਤ ਰੋਲੀ ਗਈ। ਉਹ ਅਗਿਆਨਤਾ ਦੀ ਸ਼ਿਕਾਰ ਹੋਈ।
(ਇਹ ਗੱਲ ਵੱਖਰੀ ਹੈ ਕਿ ਕੁੱਝ ਦਿਨ ਆਤਮ ਦਵੰਧ ਵਿੱਚ ਰਹਿਣ ਮਗਰੋਂ, ਉਸ ਨੇ ਕਾਨੂਨ ਦਾ ਸਹਾਰਾ ਲਿਆ ਅਤੇ ਅੱਜ ਕਲ, ਬ੍ਰਹਮਗਿਆਨੀ ਜੀ ਕਚਹਰੀ ਦੇ ਚੱਕਰ ਲਗਾ ਰਹੇ ਹਨ।
ਗੱਲ ਚਲ ਰਹੀ ਸੀ ਤਨ ਅਤੇ ਮਨ ਸੌਂਪਣ ਦੀ। ਜੇ ਉਸ ਨੂੰ ਜਾਂ ਉਸ ਦੇ ਮਾਂ-ਬਾਪ ਨੂੰ ਗਿਆਨ ਹੁੰਦਾ ਕਿ ਗੁਰਬਾਣੀ ਅਨੁਸਾਰ, ਹਰ ਕੰਮ ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨਾ ਚਾਹੀਦਾ ਹੈ। ਜੇ ਉਹ ਅਕਲ ਦੀ ਕਸਵੱਟੀ ਤੇ ਪਰਖ ਕੇ ਚਲਦੀ ਤਾਂ ਉਸ ਨੂੰ ਸਮਝ ਆ ਜਾਂਦੀ ਕਿ ਜੋ ਗੁਰੂ ਪਰਮਾਤਮਾ ਬਾਰੇ ਸੋਝੀ ਦੇਣ ਦੇ ਸਮਰੱਥ ਹੈ, ਉਹ ਕੋਈ ਸਰੀਰ ਨਹੀਂ ਹੈ। ਅਤੇ ਪਰਮਾਤਮਾ ਬਾਰੇ ਸੋਝੀ ਲੈਣ ਦੇ ਸਮਰੱਥ ਵੀ ਉਸ ਦਾ ਸਰੀਰ ਨਹੀਂ ਹੈ। ਗੁਰਬਾਣੀ ਸਪੱਸ਼ਟ ਕਰਦੀ ਹੈ:-
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩)
ਬੰਦੇ ਦੀ ਹਸਤੀ ਦਾ ਮੁੱਢ, ਸਵਾਸ ਹਨ, ਇਹ ਮਨੁੱਖਾ ਜੂਨੀ ਹੀ ਸਬਦ ਗੁਰੂ ਤੋਂ ਮੱਤ ਲੈਣ ਦਾ ਸਮਾ ਹੈ। ਸ਼ਬਦ ਗੁਰੂ ਹੈ ਅਤੇ ਉਸ ਸ਼ਬਦ ਵਿੱਚ ਜੁੜੀ ਬੰਦੇ ਦੀ ਸੁਰਤ, ਮਨ ਦਾ ਟਿਕਾਉ ਹੀ ਉਸ ਸ਼ਬਦ ਗੁਰੂ ਦਾ ਚੇਲਾ ਹੈ। (ਕੋਈ ਸਰੀਰ ਨਹੀਂ)
ਜੇ ਉਸ ਨੂੰ ਇਹ ਸੋਝੀ ਹੁੰਦੀ ਤਾਂ ਉਹ ਇਸ ਚੱਕਰ ਵਿੱਚ ਨਾ ਪੈਂਦੀ।
ਮਨ ਸਉਂਪਣ ਦੀ ਗੱਲ ਤਾਂ ਅਸੀਂ ਕਰ ਲਈ, ਕਿ ਪਰਮਾਤਮਾ ਬਾਰੇ ਸੋਝੀ ਹਾਸਲ ਕਰਨ ਲਈ ਮਨ ਦਾ ਸ਼ਬਦ ਵਿਚਾਰ ਵਿੱਚ ਜੁੜਨਾ ਜ਼ਰੂਰੀ ਹੈ, ਇਹ ਹੈ ਮਨ ਸਉਂਪਣਾ। ਰਹੀ ਗੱਲ ਤਨ ਸਉਂਪਣ ਦੀ, ਮਨ ਵਲੋਂ ਹਾਸਲ ਕੀਤੀ ਪਰਮਾਤਮਾ ਦੇ ਹੁਕਮ ਬਾਰੇ ਸੋਝੀ (ਇਹੀ ਨਾਮ ਹੈ, ਇਸ ਤੋਂ ਬਗੈਰ ਹੋਰ ਕੋਈ ਨਾਮ ਨਹੀਂ ਹੈ) ਅਨੁਸਾਰ ਜੀਵਨ ਢਾਲ ਕੇ, ਉਸ ਅਨੁਸਾਰ ਕਾਰਜ ਕਰਨਾ, ਸਰੀਰ ਦਾ ਕੰਮ ਹੈ। ਇਹ ਹੈ ਤਨ ਸਉਂਪਣਾ। ਏਸੇ ਬਾਰੇ ਗੁਰਬਾਣੀ ਸੋਝੀ ਦਿੰਦੀ ਹੈ ਕਿ, ਸ਼ਬਦ ਗੁਰੂ ਨੂੰ ਤਨ ਅਤੇ ਮਨ ਸਉਂਪ ਦੇਣਾ ਚਾਹੀਦਾ ਹੈ। ਤਦ ਹੀ ਮਨ ਪ੍ਰਭੂ ਦੇ ਰੰਗ ਵਿੱਚ ਰੰਗ ਹੋ ਕੇ ਨਾਮ ਰਸ ਨਾਲ, ਰਸ ਭਰਪੂਰ ਹੋ ਜਾਂਦਾ ਹੈ। ਇਸ ਨੂੰ ਗੁਰਬਾਣੀ ਸਰਸਾ ਵੀ ਕਹਿੰਦੀ ਹੈ। ਜੀਵ ਇਸਤ੍ਰੀ ਦਅਿਾਂ ਤ੍ਰਿਸ਼ਨਾਵਾਂ ਆਦਿ ਦੂਰ ਹੋ ਕੇ ਦੁੱਖ ਦੂਰ ਹੋ ਜਾਂਦੇ ਹਨ।
ਇਵੇਂ ਮੈਨੂੰ ਸੱਚ ਰੂਪੀ ਪਤੀ ਪਰਮਾਤਮਾ ਬਾਰੇ ਸੋਝੀ ਹੋ ਗਈ ਹੈ, ਪਰ ਜੋ ਜੀਵ ਇਸਤ੍ਰੀਆਂ ਸ਼ਬਦ ਨਾਲ ਨਹੀਂ ਜੁੜੀਆਂ, ਉਸ ਨੂੰ ਤਨ ਅਤੇ ਮਨ ਅਰਪਣ ਨਹੀਂ ਕੀਤਾ, ਉਹ ਔਗਣਾਂ ਵਿੱਚ ਫਸੀਆਂ, ਪ੍ਰਭੂ ਤੋਂ ਦੂਰ ਹੀ ਰਹੀਆਂ।
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ॥
ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ॥
ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ॥
ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਦਾਚੈ ਸਚਿਆਰੋ॥
ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ॥
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ॥ ੪॥ ੩॥ (੫੮੪)
ਉਸ ਸੱਚੇ, ਸਦਾ ਥਿਰ ਪ੍ਰਭੂ, ਅਕਾਲ ਪੁਰਖ ਨੇ ਆਪ ਹੀ ਅਪਣੇ ਵਿਚੋਂ ਇਹ ਸੰਸਾਰ ਪੈਦਾ ਕੀਤਾ ਹੈ। ਇਸ ਕੰਮ ਵਿੱਚ ਉਸ ਦਾ ਕੋਈ ਸਹਿਯੋਗੀ, ਕੋਈ ਪ੍ਰਤੀਨਿਧੀ ਜਾਂ ਕਾਰਿੰਦਾ ਸ਼ਾਮਲ ਨਹੀਂ ਹੈ। ਪਰ ਗੁਰ, ਸ਼ਬਦ ਦੇ ਗਿਆਨ ਉਜਿਆਰੇ ਤੋਂ ਬਗੈਰ, ਇਸ ਸੰਸਾਰ ਵਿੱਚ ਮਾਇਆ ਦਾ ਘੁੱਪ ਹਨੇਰਾ ਹੀ ਹਨੇਰਾ ਹੈ। ਜਿਸ ਵਿੱਚ ਜੀਵ ਆਤਮਾ ਔਗਣਾਂ ਦੀ ਘੁੱਮਣ ਘੇਰੀ ਵਿੱਚ ਭਟਕ ਜਾਂਦੀ ਹੈ।
ਗੁਰ ਸ਼ਬਦ ਨਾਲ ਜੋੜ ਕੇ, ਕਰਤਾਰ ਅਪਣੇ ਨਾਲ ਜੁੜਨ ਦਾ ਰਾਹ ਦਰਸਾਉਂਦਾ ਹੈ। ਜੇ ਕਰ ਜੀਵ ਇਸਤ੍ਰੀ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚੱਲੇ, ਤਾਂ ਫਿਰ ਆਪ ਹੀ ਮਿਹਰ ਕਰ ਕੇ ਉਸ ਨੂੰ ਮਿਲਦਾ ਹੈ, ਆਪ ਹੀ ਉਸ ਤੇ ਰਹਿਮਤ ਕਰ ਕੇ, ਉਸ ਨੂੰ ਅਪਣਾ ਪਿਆਰ ਬਖਸ਼ਦਾ ਹੈ।
ਆਪ ਹੀ ਕਰਤਾਰ ਜੀਵ ਇਸਤ੍ਰੀ ਨੂੰ ਅਪਣੇ ਪਿਆਰ ਆਸਰੇ, ਸਹਿਜ ਵਿਚ, ਆਤਮਕ ਅਡੋਲਤਾ ਵਿੱਚ ਟਿਕਾਅ ਕੇ ਅਪਣੇ ਨਾਮ ਦਾ ਵਪਾਰ ਕਰਾਉਂਦਾ ਹੈ, ਅਪਣੇ ਹੁਕਮ ਵਿੱਚ ਚਲਾਉਂਦਾ ਹੈ। ਇਵੇਂ ਗੁਰ ਸ਼ਬਦ ਦੀ ਵਿਚਾਰ ਆਸਰੇ, ਗੁਰੂ ਦੇ ਕਹੇ ਚੱਲਣ ਵਾਲੀ ਜੀਵ ਇਸਤ੍ਰੀ, ਅਪਣਾ ਜਨਮ ਸਵਾਰ ਲੈਂਦੀ ਹੈ।
ਉਸ ਦਾ ਹੀ ਜਗਤ ਵਿੱਚ ਆਉਣਾ ਧੰਨ ਹੈ, ਸਫਲ ਹੈ ਜਿਸ ਨੇ ਸ਼ਬਦ ਗੁਰੂ ਦੀ ਵਿਚਾਰ ਆਸਰੇ, ਅਪਣੇ ਮਨ ਵਿਚੋਂ ਆਪਾ ਭਾਵ, ਹਉਮੈ ਖਤਮ ਕਰ ਲਈ। ਅਜਿਹਾ ਬੰਦਾ ਹੀ ਅਕਾਲ ਦੇ ਦਰ ਤੇ, ਸਚਿਆਰ ਬਣ ਕੇ ਪਰਵਾਨ ਹੋ ਜਾਂਦਾ ਹੈ।
ਹੇ ਨਾਨਕ ਸ਼ਬਦ ਗੁਰੂ ਦੇ ਗਿਆਨ ਆਸਰੇ, ਜਿਸ ਬੰਦੇ ਦੇ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ, ਉਸ ਨੂੰ ਅਕਾਲ ਅਤੇ ਉਸ ਦੀ ਰਚਨਾ ਬਾਰੇ ਸੋਝੀ ਹੌ ਜਾਂਦੀ ਹੈ। ਉਸ ਨੂੰ ਨਾਮ ਰੂਪੀ ਪ੍ਰਭੂ ਦੇ ਹੁਕਮ ਨਾਲ ਪਿਆਰ ਹੋ ਜਾਂਦਾ ਹੈ। ਉਹ ਚਾਉ, ਖੁਸ਼ੀ ਨਾਲ ਕਰਤਾਰ ਦਾ ਹੁਕਮ, ਬਿਨਾ ਕਿਸੇ ਹੀਲ-ਹੁੱਜਤ ਦੇ ਮੰਨਣ ਲੱਗ ਜਾਂਦਾ ਹੈ।
ਹਮੇਸ਼ਾ ਕਾਇਮ ਰਹਣ ਵਾਲੇ ਵਾਹਿਗੁਰੂ ਨੇ ਆਪ ਹੀ ਇਹ ਜਗਤ ਪੈਦਾ ਕੀਤਾ ਹੈ, ਉਸ ਦੇ ਹੁਕਮ ਅਨੁਸਾਰ ਹੀ, ਇਸ ਵਿੱਚ ਮਾਇਆ ਦਾ ਘੁੱਪ ਹਨੇਰਾ ਪਸਰਿਆ ਹੋਇਆ ਹੈ। ਇਸ ਹਨੇਰੇ ਵਿਚੋਂ ਪ੍ਰਭੂ ਨੂੰ ਮਿਲਣ ਦਾ ਰਾਹ ਸਿਰਫ ਤੇ ਸਿਰਫ ਸ਼ਬਦ ਗੁਰੂ ਦੇ ਗਿਆਨ ਦੇ ਚਾਨਣ ਆਸਰੇ ਹੀ ਲਭਦਾ ਹੈ।
ਹੁਣ ਦੂਸਰਾ ਸ਼ਬਦ ਵਿਚਾਰਦੇ ਹਾਂ,
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ॥
ਧਨ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ॥
ਜਨੁ ਨਾਨਕੁ ਗੁਰੁ ਤਿਨੀੑ ਪਾਇਆ ਜਿਨ ਧੁਰਿ ਲਿਖਤੁ ਲਲਾਟਿ ਲਿਖਾਸੇ॥ ੧॥ (੪੪੯)
ਗੁਰ, ਸਤਿਗੁਰ, ਸ਼ਬਦ ਗੁਰੂ ਕੋਲ, ਸਰਿਸ਼ਟੀ ਦੇ ਇਕੋ ਇੱਕ ਅੰਮ੍ਰਿਤ, ਆਤਮਕ ਜੀਵਨ ਦੇਣ ਦੇ ਸਮਰੱਥ, ਹਰੀ, ਵਾਹਿਗੁਰੂ ਦੀ ਭਗਤੀ ਦਾ ਭੰਡਾਰ ਹੇ। ਉਸ ਨੂੰ ਹੀ ਪਤਾ ਹੈ ਕਿ ਭਗਵਾਨ ਦੀ ਭਗਤੀ ਕੀ ਹੈ? ਇਹ ਭਗਤੀ ਕਿਵੇਂ ਕੀਤੀ ਸਾਰਥਿਕ ਹੈ? ਉਸ ਤੋਂ ਗਿਆਨ ਪਰਾਪਤ ਕੀਤੇ ਬਗੈਰ, ਕੀਤੀ ਭਗਤੀ, ਭਗਤੀ ਨਹੀਂ, ਸਿਰਫ ਤੇ ਸਿਰਫ ਵਿਖਾਵੇ ਦੇ ਕਰਮ ਕਾਂਡ ਹਨ।
ਉਸ ਭਗਤੀ ਦਾ ਸੱਚਾ ਸਾਹੂਕਾਰ, ਸਿਰਫ ਤੇ ਸਿਰਫ ਗੁਰੁ, ਸਤਿਗੁਰੁ, ਪਰਮਾਤਮਾ ਆਪ ਹੀ ਹੈ, ਹੋਰ ਕੋਈ ਨਹੀਂ। ਉਹ ਉਨ੍ਹਾਂ ਸਿੱਖਾਂ ਨੂੰ, ਜੋ ਸ਼ਬਦ ਗੁਰੂ ਦੀ ਦੱਸੀ ਜੁਗਤ ਅਨੁਸਾਰ ਭਗਤੀ ਕਰਨ ਦੇ ਚਾਹਵਾਨ ਹੁੰਦੇ ਹਨ, ਉਨ੍ਹਾਂ ਨੂੰ ਹੀ ਅਪਣੀ ਭਗਤੀ ਦੀ ਰਾਸ, ਪੂੰਜੀ ਦਿੰਦਾ ਹੈ। ਅਪਣੇ ਹੁਕਮ, ਅਪਣੀ ਰਜ਼ਾ ਵਿੱਚ ਚੱਲਣ, ਅਪਣੇ ਨਿਯਮਾਂ ਨੂੰ ਪ੍ਰਸੰਤਾ। ਪੂਰਨ ਮੰਨਣ ਦੀ ਸਮਰੱਥਾ ਦਿੰਦਾ ਹੈ।
ਉਹ ਜੀਵ ਜੋ ਇਸ ਧਨ, ਇਸ ਰਾਸ-ਪੂੰਜੀ ਆਸਰੇ ਵਪਾਰ ਕਰਦੇ ਹਨ, ਉਹ ਧੰਨ ਹਨ, ਭਾਗਾਂ ਵਾਲੇ ਹਨ। ਗੁਰੁ ਕਰਤਾਰ, ਜੋ ਇਸ ਪੂੰਜੀ ਦਾ ਸ਼ਾਹ ਹੈ, ਉਨ੍ਹਾਂ ਨੂੰ ਸ਼ਾਬਾਸ਼, ਮਾਣ-ਇਜ਼ਤ ਦਿੰਦਾ ਹੈ।
ਜਨ, ਦਾਸ, ਨਾਨਕ ਆਖਦਾ ਹੈ ਕਿ ਗੁਰੁ ਪਰਮਾਤਮਾ ਨੂੰ ਉਹੀ ਮਿਲਦੇ ਹਨ, ਉਹੀ ਉਸ ਨਾਲ ਇੱਕ ਮਿਕ ਹੁੰਦੇ ਹਨ, ਜਿਨ੍ਹਾਂ ਦੇ ਪੂਰਬਲੇ ਕਰਮਾਂ ਦੇ ਲੇਖੇ ਵਜੋਂ, ਕਰਤਾ ਪੁਰਖ ਨੇ ਆਪ ਹੀ ਉਨ੍ਹਾਂ ਦੇ ਮੱਥੇ ਤੇ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ।
ਇਹ ਗੱਲ ਚੰਗੀ ਤਰ੍ਹਾਂ ਸਮਝਣ ਵਾਲੀ ਹੈ ਕਿ ਗੁਰਮਤ ਅਨੁਸਾਰ ਕਿਸੇ ਕੀਤੀ ਭਗਤੀ ਆਸਰੇ, ਬੰਦਾ ਕਿਸੇ ਕਲਪਿਤ ਫੱਲ ਦਾ ਅਧਿਕਾਰੀ ਨਹੀਂ ਬਣ ਜਾਂਦਾ। ਪੂਰਬਲੇ ਕਰਮਾਂ ਦੇ ਭਲੇ ਲੇਖੇ ਅਨੁਸਾਰ, ਪਰਮਾਤਮਾ ਬੰਦੇ ਨੂੰ ਸ਼ਬਦ ਗੁਰੂ ਨਾਲ ਜੋੜਦਾ ਹੈ। ਸ਼ਬਦ ਰਾਹੀਂ ਉਸ ਨੂੰ ਅਕਾਲ ਦੀ ਭਗਤੀ ਦੇ ਭੇਦ ਪਤਾ ਲਗਦੇ ਹਨ। ਸਿੱਖ ਉਸ ਗਿਆਨ ਅਨੁਸਾਰ ਪ੍ਰਭੂ ਦੀ ਭਗਤੀ ਕਰਦਾ
ਹੈ। ਉਸ ਦੀ ਰਜ਼ਾ ਵਿੱਚ ਚਲਦਾ ਹੈ।
ਦੂਸਰੇ ਧਰਮ ਤਾਂ ਅਲੱਗ ਅਲੱਗ ਢੰਗਾਂ ਦੀ ਭਗਤੀ ਦੇ ਅਲੱਗ ਅਲੱਗ ਫੱਲ ਮਿਥਦੇ ਹਨ। ਜਿਹੜਾ ਬੰਦਾ ਉਨ੍ਹਾਂ ਵਿਚੋਂ ਜਿਸ ਢੰਗ ਦੀ ਭਗਤੀ ਕਰਦਾ ਹੈ, ਉਸ ਅਨੁਸਾਰ ਫੱਲ ਦਾ ਅਧਿਕਾਰੀ ਬਣਦਾ ਹੈ। ਪਰ ਗੁਰਮਤ ਅਨੁਸਾਰ ਕਰਤਾਰ ਅਪਣੀ ਰਚੀ ਸਰਿਸ਼ਟੀ ਦੀ ਹਰ ਚੀਜ਼, ਹਰ ਜੀਵ ਦੀ ਦੁਨਿਆਵੀ ਲੋੜ, ਬਿਨਾ ਕਿਸੇ ਵਿਤਕਰੇ ਦੇ, ਬਿਨਾ ਕਿਸੇ ਦਾ ਗੁਣ ਅਵਗੁਣ ਵਿਚਾਰੇ ਆਪ ਪੂਰੀ ਕਰਦਾ ਹੈ। (ਕਿਰਤ ਕਰਨੀ ਹਰ ਜੀਵ ਦਾ ਫਰਜ਼ ਹੈ) ਦੁਨਿਆਵੀ ਚੀਜ਼ਾਂ ਦੇ ਲਾਲਚ ਵਿੱਚ ਭਗਤੀ ਕਰਨੀ, ਤ੍ਰਿਸ਼ਨਾਵਾਂ ਵਿੱਚ ਫਸਣਾ ਹੈ।
ਚੌਰਾਸੀ ਲੱਖ (ਬੇਅੰਤ) ਜੂਨਾਂ ਵਿਚੋਂ, ਬੰਦੇ ਦੀ ਹੀ ਅਜਿਹੀ ਜੂਨ ਹੈ, ਜਿਸ ਵਿੱਚ ਸ਼ਬਦ ਗੁਰੂ ਤੋਂ ਗਿਆਨ ਲੈ ਕੇ, ਵਾਹਿਗੁਰੂ ਨੂੰ ਮਿਲਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਹ ਉਪ੍ਰਾਲਾ ਬੰਦੇ ਨੇ ਆਪ ਕਰਨਾ ਹੈ। ਦੂਸਰਿਆ ਨੂੰ ਪੈਸੇ ਦੇ ਕੇ ਧਾਰਮਿਕ ਕੰਮ ਕਰਵਾਉਣੇ, ਇਸ ਵਿੱਚ ਇੱਕ ਕੌਡੀ ਦੀ ਮਦਦ ਨਹੀਂ ਕਰਦੇ। ਬੰਦੇ ਨੂੰ ਪ੍ਰਭੂ ਨਾਲ ਆਪ ਪਿਆਰ ਪਾਉਣਾ ਪੈਂਦਾ ਹੈ। ਬੰਦੇ ਵਲੋਂ ਪਰਮਾਤਮਾ ਨਾਲ ਪਿਆਰ ਪਾਉਣ ਦਾ ਇਹ ਮਤਲਬ ਨਹੀਂ ਕਿ ਬੰਦਾ ਰੱਬ ਦੇ ਪਿਆਰ ਦਾ ਅਧਿਕਾਰੀ ਬਣ ਗਿਆ। ਦੁਨੀਆ ਵਿੱਚ ਵੀ ਤੁਸੀਂ ਕਿਸੇ ਨਾਲ ਪਿਆਰ ਕਰੋ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ਵੀ ਤੁਹਾਨੂੰ ਪਿਆਰ ਕਰੇ।
ਏਥੇ ਪਿਆਰ ਦੀ ਪ੍ਰਿਭਾਸ਼ਾ ਵੀ ਜਾਣ ਲੈਣੀ ਜ਼ਰੂਰੀ ਹੈ,
ਜੇ ਪਿਆਰ ਕਰਨ ਵਾਲਾ, ਅਪਣੇ ਫਰਜ਼ਾਂ, ਅਪਣੇ ਪਿਆਰੇ ਦੇ ਅਧਿਕਾਰਾਂ ਪ੍ਰਤੀ ਸਜੱਗ ਹੈ, ਤਾਂ ਯਕੀਨਨ ਉਹ ਪਿਆਰ ਕਰਦਾ ਹੈ। ਜੇ ਪਿਆਰ ਕਰਨ ਵਾਲਾ ਅਪਣੇ ਫਰਜ਼ਾਂ, ਅਪਣੇ ਅਧਿਕਾਰਾਂ ਦੇ ਨਾਲ ਨਾਲ ਅਪਣੇ ਪਿਆਰੇ ਦੇ ਫਰਜ਼ਾਂ, ਉਸ ਦੇ ਅਧਿਕਾਰਾਂ ਦੀ ਵੀ ਗੱਲ ਕਰਦਾ ਹੈ, ਤਾਂ ਯਕੀਨਨ ਉਹ ਪਿਆਰ ਨਹੀਂ, ਵਪਾਰ ਕਰਦਾ ਹੈ। ਜੇ ਪਿਆਰ ਕਰਨ ਵਾਲਾ ਅਪਣੇ ਅਧਿਕਾਰਾਂ ਅਤੇ ਪਿਆਰੇ ਦੇ ਫਰਜ਼ਾਂ ਦੀ ਗੱਲ ਕਰਦਾ ਹੈ, ਤਾਂ ਯਕੀਨਨ ਉਹ ਪਿਆਰ ਨਹੀਂ ਕਰਦਾ, ਠੱਗੀ ਮਾਰਦਾ ਹੈ।
ਇਵੇਂ ਹੀ ਜੇ ਬੰਦਾ ਅਪਣੇ ਫਰਜ਼ਾਂ ਅਤੇ ਰੱਬ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ, ਤਾਂ ਯਕੀਨਨ ਉਹ ਪਿਆਰ ਕਰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਪਰਮਾਤਮਾ ਵੀ ਉਸ ਨੂੰ ਪਿਆਰ ਕਰੇ। ਜੇ ਪ੍ਰਭੂ ਵੀ ਉਸ ਨੂੰ ਪਿਆਰ ਕਰਦਾ ਹੈ ਤਾਂ ਯਕੀਨਨ ਇਹ ਪ੍ਰਭੀ ਦੀ ਰਹਿਮਤ ਹੈ, ਜਿਸ ਆਸਰੇ ਬੰਦਾ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ, ਇਹੀ ਗੁਰਮਤ ਹੈ।
ਸਚੁ ਸਾਹੁ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ॥
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ॥
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ॥
ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ॥ ੨॥
ਹੇ ਪਰਮਾਤਮਾ ਤੂੰ ਹੀ ਸਾਡਾ ਮਾਲਕ ਹੈਂ। ਤੂੰ ਹੀ ਸਾਡਾ ਸੱਚਾ, ਹਮੇਸ਼ਾ ਕਾਇਮ ਰਹਣ ਵਾਲਾ ਸ਼ਾਹ ਹੈਂ। ਇਹ ਸਾਰਾ ਜਗਤ, ਸੰਸਾਰ ਤੇਰੇ ਵਲੋਂ ਬਖਸ਼ੀ ਭਗਤੀ ਦੀ ਰਾਸ, ਪੂਂਜੀ ਆਸਰੇ, ਤੇਰੇ ਨਾਮ, ਤੇਰੇਹੁਕਮ ਨੂੰ ਮੰਨਣ ਦਾ ਵਪਾਰ ਕਰਨ, ਇਸ ਕਰਮ ਭੂਮੀ ਵਿੱਚ ਆਇਆ ਹੋਇਆ ਹੈ।
ਹੇ ਪ੍ਰਭੂ ਇਹ ਸਾਰੇ ਜੀਵ ਜੰਤੂ ਤੁੰ ਹੀ ਪੈਦਾ ਕੀਤੇ ਹਨ। ਇਨਹਾਂ ਦੇ ਅੰਦਰ ਵੀ ਤੇਰੀ ਹੀ ਪਾਈ ਹੋਈ ਹਰ ਵਸਤ, ਹਰ ਚੀਜ਼ ਹੈ। ਤੂੰ ਜੋ ਵੀ ਚੀਜ਼ ਕਿਸੇ ਭਾਂਡੇ ਵਿੱਚ ਪਾਉSਦਾ ਹੈਂ, ਉਸ ਵਿਚੋਂ ਉਹ ਹੀ ਨਿਕਲਦੀ ਹੈ। ਇਸ ਵਿੱਚ ਵਿਚਾਰੇ ਜੀਵ ਦੇ ਅਪਣੇ ਵਸ ਦਾ ਕੁੱਝ ਨਹੀਂ ਹੁੰਦਾ। ਹੇ ਪ੍ਰਭੂ ਅਪਣੇ ਦਾਸ ਨਾਨਕ ਨੂੰ ਵੀ ਤੂੰ ਅਪਣੀ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ, ਮੈਂ ਵੀ ਉਸ ਨਾਲ ਹੀ ਤੇਰੇ ਨਾਮ ਦਾ, ਤੇਰੀ ਰਜ਼ਾ ਵਿੱਚ ਚੱਲਣ ਦਾ ਵਪਾਰ ਕਰਦਾ ਹਾਂ।
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ॥
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ॥
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ॥
ਜਨ ਨਾਨਕ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ॥ ੩॥ (੪੫੦)
ਹੇ ਮਾਲਕ ਪ੍ਰਭੂ, ਅਸੀਂ ਤੇਰੇ ਕਿਹੜੇ ਕਿਹੜੇ ਗੁਣ, ਗਿਣ ਕੇ ਦੱਸ ਸਕਦੇ ਹਾਂ? ਤੂੰ ਤੇ ਪਰੇ ਤੋਂ ਪਰੇ, ਅਥਾਹ, ੳਪਹੁੰਚ ਹੈਂ। ਅਸੀਂ ਤਾਂ ਦਿਨ ਰਾਤ, ਤੇਰੇ ਨਾਮ ਦੀ, ਹੇਰੇ ਹੁਕਮ ਦੀ ਹੀ ਵਡਿਆਈ ਕਰਦੇ ਹਾਂ, ਉਸ ਅਨੁਸਾਰ ਹੀ ਚੱਲਣ ਦਾ ਉਪ੍ਰਾਲਾ ਕਰਦੇ ਹਾਂ। ਇਹੀ ਸਾਡੇ ਜੀਵਨ ਦਾ ਆਧਾਰ ਹੈ, ਆਸਰਾ ਹੈ। ਅਸੀਂ ਮੂਰਖ ਜੀਵ ਹਾਂ, ਅਸੀਂ ਤਾਂ ਕੁੱਝ ਵੀ ਨਹੀਂ ਜਾਣਦੇ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਇਸ ਭਵਜਲ ਤੋਂ ਕਿਵੇਂ ਪਾਰ ਕਰ ਸਕਦੇ ਹਾਂ? ਪਰਮਾਤਮਾ ਤੂੰ ਹੀ ਬਖਸ਼ਿਸ਼ ਕਰ, ਦਾਸ ਨਾਨਕ ਤਾਂ, ਹਰੀ ਦਾ ਹੀ ਦਾਸ ਨਹੀਂ, ਹਰੀ ਦਟ ਦਾਸਾਂ ਦਾ ਵੀ ਦਾਸ ਹੈ।
ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ॥
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ॥
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥
ਜਨੁ ਨਾਨਕ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ॥ ੪॥ ੧੦॥
ਹੇ ਪ੍ਰਭੂ ਅਸੀਂ ਤਾਂ ਤੇਰੀ ਸਰਨ ਵਿੱਚ ਆ ਗਏ ਹਾਂ, ਹੁਣ ਤਾਂ ਤੇਰੀ ਮਰਜ਼ੀ ਹੈ, ਜਿਵੇਂ ਤੈਨੂੰ ਭਾਉਂਦਾ ਹੈ, ਤਿਵੇਂ ਹੀ ਸਾਨੂੰ ਬਚਾ ਲੈ। ਸਾਨੂੰ ਅਪਣੀ ਰਜ਼ਾ ਅਨੁਸਾਰ ਚੱਲਣ ਦੀ ਸੋਝੀ ਬਖਸ਼। ਅਸੀਂ ਤਾਂ ਦਿਨ ਰਾਤ ਭੂੱਲਾਂ ਕਰ ਕਰ ਕੇ, ਅਪਣਾ ਆਤਮਕ ਜੀਵਨ ਵਿਗਾੜਦੇ ਰਹਿੰਦੇ ਹਾਂ, ਹੇ ਕਰਤਾਰ ਤੂੰ ਹੀ ਸਾਡੀ ਲਾਜ, ਸਾਡੀ ਇਜ਼ਤ ਰਖ।
ਹੇ ਵਾਹਿਗੁਰੂ ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਪ੍ਰਭੂ ਪਿਤਾ ਹੈਂ, ਤੂੰ ਸਾਨੂੰ ਸਮਝਾ ਕੇ ਅਪਣੇ ਹੁਕਮ ਅਨੁਸਾਰ ਚੱਲਣ ਦੀ ਸੁਮੱਤ ਬਖਸ਼। ਹੇ ਹਰੀ ਸਾਰੀ ਦੁਨੀਆਂ, ਦਾਸ ਨਾਨਕ ਨੂੰ, ਤੇਰਾ ਦਾਸ ਕਰ ਕੇ ਜਾਣਦੀ ਹੈ, ਤੂੰ ਹੀ ਉਸ ਦੀ ਪੈਜ, ਲਾਜ ਰੱਖ ਲੈ। ਅਤੇ,
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ॥
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ॥
ਮਨਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਇ॥ ੧॥ (੩੩)
ਸ਼ਬਦ ਗੁਰੂ ਤੋਂ ਬਗੈਰ ਕਿਸੇ ਵੀ ਮਨੁੱਖ ਨੇ ਪਰਮਾਤਮਾ ਨੂੰ ਨਹੀਂ ਪਾਇਆ। ਜੋ ਬੰਦਾ ਸ਼ਬਦ ਗੁਰੂ ਦੀ ਸਰਨ ਵਿੱਚ ਨਹੀਂ ਆਉਂਦਾ, ਉਹ ਅਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ ਜਾਂਦਾ ਹੈ। ਜੇ ਗੁਰੁ, ਪਰਮਾਤਮਾ ਕਿਰਪਾ ਕਰੇ ਤਾਂ, ਗੁਰ, ਸ਼ਬਦ ਗੁਰੂ ਮਿਲਂਦਾ ਹੈ, ਜੋ ਬੰਦੇ ਦੇ ਮਨ ਵਿੱਚ ਹਰੀ ਦਾ ਨਾਮ, ਪੱਕੀ ਤਰ੍ਹਾਂ ਦ੍ਰਿੜ੍ਹ ਕਰਵਾ ਦਿੰਦਾ ਹੈ। ਗੁਰ ਸ਼ਬਦ ਕੋਲੋਂ ਸਿਖਿਆ ਲਏ ਬਗੈਰ, ਅਪਣੇ ਮਨ ਦੇ ਕਹੇ ਚੱਲਣ ਵਾਲੇ ਮਨਮਨੁੱਖਾਂ ਨੂੰ, ਪ੍ਰਭੂ ਦੀ ਦਰਗਾਹ ਵਿੱਚ ਸਜ਼ਾ ਹੀ ਮਿਲਦੀ ਹੈ।
ਮਨ ਰੇ ਦੂਜਾ ਭਾਉ ਚੁਕਾਇ॥
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ॥ ਰਹਾਉ॥
ਹੇ ਮੇਰੇ ਮਨ, ਤੂੰ ਅਪਣੇ ਅੰਦਰੋਂ ਦੂਜਾ ਭਾਉ, ਮਾਇਆ ਦਾ ਪਿਆਰ ਦੂਰ ਕਰ। ਪਰਮਾਤਮਾ ਤਾਂ ਤੇਰੇ ਅੰਦਰ ਹੀ ਵਸਦਾ ਹੈ, ਸ਼ਬਦ ਗੁਰ ਦੀ ਸੇਵਾ ਕੀਤਿਆਂ ਹੀ ਸੁਖ ਮਿਲਦਾ ਹੈ। ਸੁੱਖ ਕੀ ਹੈ?
ਦੁਖੁ ਤਦੇ ਜਾ ਵਿਸਰਿ ਜਾਵੈ॥ (੯੮)
ਬੰਦੇ ਨੂੰ ਦੁੱਖ ਤਦ ਹੀ ਹੁੰਦਾ ਹੈ ਜਦ ਉਹ ਵਾਹਿਗੁਰੂ ਨੂੰ ਵਿਸਾਰ ਦਿੰਦਾ, ਭੁਲਾਅ ਦਿੰਦਾ ਹੈ। ਹਰੀ ਨੂੰ ਯਾਦ ਰੱਖਣ ਨਾਲ ਹੀ ਬੰਦੇ ਨੂੰ ਸੁਖ ਮਿਲਦਾ ਹੈ। ਗੁਰ ਸੇਵਾ ਕੀ ਹੈ?
ਗੁਰ ਕੀ ਸੇਵਾ ਸਬਦੁ ਬੀਚਾਰੁ॥ (੨੨੩)
ਹਉਮੈ ਮਾਰੇ ਕਰਣੀ ਸਾਰੁ॥ ੭॥
ਸ਼ਬਦ ਗੁਰੂ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਜਿਸ ਦਾ ਸ੍ਰੇਸ਼ਟ ਫੱਲ ਬੰਦੇ ਨੂੰ ਇਹ ਮਿਲਦਾ ਹੈ ਕਿ ਉਸ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ।
ਅਰਥਾਤ, ਸ਼ਬਦ ਦੀ ਵਿਚਾਰ ਕੀਤਿਆਂ ਹੀ, ਅੰਦਰ ਵਸਦੇ ਪ੍ਰਭੂ ਬਾਰੇ ਸੋਝੀ ਹੁੰਦੀ ਹੈ, ਉਸ ਨੂੰ ਯਾਦ ਰੱਖੀਦਾ ਹੈ। ਯਾਦ ਰੱਖਿਆਂ ਹੀ, ਅਕਾਲ ਪੁਰਖ ਨਾਲ ਸਾਂਝ ਪੈਂਦੀ ਹੈ, ਸੁਖ ਮਿਲਦਾ ਹੈ।
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ॥
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰ॥
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ॥ ੨॥ (੩੩)
ਮਨੁੱਖ ਲਈ ਬਾਣੀ, ਸ਼ਬਦ, ਉਸ ਵੇਲੇ ਹੀ ਸੱਚ ਬਣਦਾ ਹੈ ਜਦ ਉਹ, ਇਨ੍ਹਾਂ ਆਸਰੇ, ਸੱਚ ਨਾਲ, ਕਰਤਾਰ ਨਾਲ ਪਿਆਰ ਪਾਵੇ। (ਕਿੰਨੀ ਸਪੱਸ਼ਟ ਸੇਧ ਹੈ ਕਿ ਬਾਣੀ ਨੂੰ ਗਿਣਤੀਆਂ ਮਿਣਤੀਆਂ ਵਿੱਚ ਪੜ੍ਹਨ ਜਾਂ ਰੱਟੇ ਲਾਉਣ ਨਾਲ ਕੁੱਝ ਨ੍ਹੀਂ ਹੁੰਦਾ। ਬਾਣੀ ਪੜ੍ਹੀ ਤਦ ਹੀ ਸਾਰਥਿਕ ਹੈ ਜੇ ਉਸ ਕੋਲੋਂ ਸੇਧ ਲੈ ਕੇ, ਉਸ ਅਨੁਸਾਰ ਵਾਹਿਗੁਰੂ ਨਾਲ ਪਿਆਰ ਪਾਵੇ।
ਹਰੀ ਦਾ ਨਾਮ ਤਦ ਹੀ ਮਨ ਵਿੱਚ ਵਸਦਾ ਹੈ, ਜਦ ਮਨ ਵਿਚੋਂ ਹਉਮੈ, ਕ੍ਰੋਧ ਖਤਮ ਹੋ ਜਾਵੇ। ਇਹ ਆਪਾਂ ਉਪਰ ਵਿਚਾਰਿਆ ਹੈ ਕਿ ਮਨ ਵਿਚੋਂ ਹਉਮੈ ਆਦਿ ਵਿਕਾਰ, ਸ਼ਬਦ ਵਿਚਾਰ ਆਸਰੇ ਹੀ ਮੂੱਕਦੇ ਹਨ।
ਇਸ ਤਰ੍ਹਾਂ, ਵਿਕਾਰਾਂ ਵਲੋਂ ਨਿਰਮਲ ਹੋਏ ਮਨ ਨਾਲ ਪ੍ਰਭੂ ਨੂੰ ਧਿਆਇਆਂ, ਪ੍ਰਭੂ ਦੇ ਹੁਕਮ ਵਿੱਚ ਚਲਿਆਂ ਹੀ ਮੁਕਤੀ ਦਾ ਦਵਾਰ, ਮੁਕਤੀ ਮਿਲਦੀ ਹੈ।
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ॥
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ॥
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾੲ॥ ੩॥ (੩੩)
ਹਉਮੈ ਵਿਚ, ਅਗਿਆਨਤਾ ਵੱਸ ਅਪਣੀ ਹਸਤੀ ਪਰਮਾਤਮਾ ਨਾਲੋਂ ਵੱਖਰੀ ਸਮਝਣ ਕਾਰਨ, ਜਗਤ ਆਤਮਕ ਮੌਤੇ ਮਰਦਾ ਰਹਿੰਦਾ ਹੈ, ਅਤੇ ਮਰ ਕੇ ਜੰਮਦਾ, ਅਤੇ ਜੰਮ ਕੇ ਮਰਦਾ ਰਹਿੰਦਾ ਹੈ। ਏਥੇ ਇਹ ਗੱਲ ਧਿਆਨ ਮੰਗਦੀ ਹੈ ਕਿ, ਆਤਮਕ ਮੌਤੇ ਮਰਿਆ ਬੰਦਾ, ਸਰੀਰਕ ਤੌਰ ਤੇ ਮਰ ਕੇ ਫਿਰ ਸੰਸਾਰ ਦੇ ਪਸਾਰੇ, ਦੁਨੀਆਂ ਵਿੱਚ ਜਨਮ ਲੈਂਦਾ ਹੈ। ਜਿਸ ਨੇ ਜਨਮ ਲਿਆ ਹੈ ਉਸ ਨੇ ਤਾਂ ਮਰਨਾ ਹੀ ਹੈ, ਇਹ ਅਟੱਲ ਸਚਾਈ ਹੈ। ਜਨਮ ਮਰਨ ਤੋਂ ਛੁਟਕਾਰਾ ਤਾਂ ਜਿਉਂਦਿਆਂ ਹੀ ਹੋਣਾ ਹੈ। ਤਾਂ ਜੋ ਬੰਦਾ ਸਰੀਰਕ ਰੂਪ ਵਿੱਚ ਮਰ ਕੇ ਫਿਰ ਜਨਮ ਹੀ ਨਾ ਲਵੇ। ਇਹੀ ਮੁਕਤੀ, ਜੀਵਨ ਮੁਕਤੀ ਹੈ। ਪਰ ਦੁਨੀਆਂ ਦੇ ਸਾਰੇ ਧਰਮ ਹੀ ਇਸ ਤੋਂ ਉਲਟ ਫਲਸਫਾ ਰੱਖਦੇ ਹਨ, ਉਹ ਮਰਨ ਮਗਰੋਂ ਵੀ ਇਸ ਸਰੀਰ ਵਿੱਚ ਹੀ ਮੁਕਤੀ ਦੀ ਗੱਲ ਕਰਦੇ ਹਨ।
ਜਿਵੇਂ ਈਸਾਈਆਂ ਦਾ ਵਿਸ਼ਵਾਸ ਹੈ ਕਿ ਜਦ ਕੋਈ ਈਸਾਈ ਮਰ ਕੇ ਰੱਬ ਦੀ ਦਰਗਾਹ ਵਿੱਚ ਜਾਂਦਾ ਹੈ ਤਾਂ, ਉਸ ਦਰਗਾਹ ਵਿੱਚ ਈਸਾ ਜੀ ਵੀ ਹਨ, ਉਹ ਅਪਣੀਆਂ ਭੇਡਾਂ ਨੂੰ ਪਛਾਣ ਕੇ, ਗਾਡ ਅੱਗੇ ਉਸ ਦੀ ਸਿਫਾਰਸ਼ ਕਰਦੇ ਹਨ ਕਿ ਇਸ ਨੇ ਸਾਰੀ ਉਮਰ ਮੇਰੇ ਤੇ ਈਮਾਨ ਰੱਖਿਆ ਹੈ। ਗਾਡ ਇਸ ਸਿਫਾਰਸ਼ ਆਸਰੇ ਉਸ ਨੂੰ ਹੈਵਨ ਵਿੱਚ ਭੇਜ ਦਿੰਦਾ ਹੈ। ਇਹੀ ਉਨ੍ਹਾਂ ਲਈ ਮੁਕਤੀ ਹੈ।
ਇਵੇਂ ਹੀ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ, ਕਿਆਮਤ ਦੇ ਦਿਨ, ਕਬਰਾਂ ਵਿੱਚ ਦੱਬੇ, ਸਾਰੇ ਮੁਸਲਮਾਨ ਫਿਰ ਉਠ ਖਲੋਣਗੇ। ਅਲ੍ਹਾ ਦੀ ਦਰਗਾਹ ਵਿੱਚ ਹਜ਼ਰਤ ਮੁਹੰਮਦ ਸਾਹਿਬ, ਉਨ੍ਹਾਂ ਦੀ ਜਿਸਮਾਨੀ ਕੱਟ-ਵੱਢ ਤੋਂ ਉਨ੍ਹਾਂ ਨੂੰ ਪਛਾਣ ਕੇ, ਉਨ੍ਹਾਂ ਸਭ ਦੀ ਸਿਫਾਰਸ਼ ਕਰਨਗੇ ਕਿ ਇਹ ਸਾਰੇ, ਮੇਰੇ ਤੇ ਈਮਾਨ ਰੱਖਣ ਵਾਲੇ ਮੁਸਲਮਾਨ (ਮੁਸੱਲਮ-ਈਮਾਨ, ਜਿਨ੍ਹਾਂ ਨੂੰ ਪੂਰਾ, ਵੀਹ ਵਿਸਵੇ, ੧੦੦ % ਈਮਾਨ ਹੋਵੇ) ਹਨ, ਤਾਂ ਅਲ੍ਹਾ ਓਨ੍ਹਾਂ ਨੂੰ ਜੰਨਤ, ਸਵਰਗ ਵਿੱਚ ਭੇਜ ਦੇਵੇਗਾ, ਜਿੱਥੇ ਉਨ੍ਹਾਂ ਨੂੰ ਬਹੁਤ ਸੋਹਣੀਆਂ ਹੂਰਾਂ, ਸੋਹਣੇ ਮੁੰਡੇ ਮਿਲਣਗੇ। ਉਸ ਜੰਨਤ ਵਿੱਚ ਬਹੁਤ ਵਧੀਆ ਖਜੂਰਾਂ ਦੇ ਬਾਗ, ਸ਼ਹਿਦ ਦੀਆਂ ਨਹਿਰਾਂ ਵਗਦੀਆਂ ਹਨ। ਇਹ ਹੈ ਉਨ੍ਹਾਂ ਲਈ ਮੁਕਤੀ। ਮੁਸਲਮਾਨ, ਸੜਨ ਨੂੰ ਏਸੇ ਲਈ ਨਾਪਾਕ ਹੋਣਾ ਮੰਨਦੇ ਹਨ, ਕਿਉਂਕਿ ਉਸ ਨਾਲ ਸਰੀਰ ਖਤਮ ਹੋ ਜਾਂਦਾ ਹੈ, ਮੁਕਤੀ ਦੀ ਆਸ ਮੁੱਕ ਜਾਂਦੀ ਹੈ।
ਇਵੇਂ ਹੀ ਹਿੰਦੂਆਂ ਵਿੱਚ ਵੀ ਮੁਰਦਿਆਂ ਨੂੰ ਸਰੀਹਣ ਸਾੜਨ ਮਗਰੋਂ ਵੀ, ਇਹ ਭਾਵਨਾ ਹੈ ਕਿ ਸਾਰੇ ਮਰ ਚੁੱਕੇ ਲੋਕ, ਅਜੇ ਵੀ ਕਾਇਮ ਹਨ। (ਹਾਲਾਂਕਿ ਇਹ ਭਾਵਨਾ ਬ੍ਰਾਹਮਣ ਨੇ ਅਪਣੇ ਲੁੱਟ ਜਾਲ ਵਜੋਂ ਵਿਕੱਸਤ ਕੀਤੀ ਹੈ) ਜਿਨ੍ਹਾਂ ਨੂੰ ਉਹ ਪੂਜਦੇ ਹਨ ਉਨ੍ਹਾਂ ਬਾਰੇ ਧਾਰਨਾ ਹੈ ਕਿ ਉਹ ਏਨੇ ਸਮਰੱਥ ਹਨ ਕਿ ਮਰ ਹੀ ਨਹੀਂ ਸਕਦੇ। (ਜਦ ਕਿ ਉਹ ਮਰੇ ਵੀ ਅਤੇ ਸਾੜੇ ਵੀ ਗਏ) ਉਨ੍ਹਾਂ ਦਾ ਪੂਜਣ ਯੋਗ ਹੋ ਜਾਣਾ ਹੀ ਉਨ੍ਹਾਂ ਦੇ ਮੁਕਤ ਹੋ ਜਾਣ ਦਾ ਪਰਮਾਣ ਪੱਤ੍ਰ ਹੈ।
ਏਸੇ ਭਰਮ ਅਧੀਨ ਹਿੰਦੂ ਉਨ੍ਹਾਂ ਨੂੰ, ਮੂਰਤੀਆਂ ਦੇ ਰੂਪ ਵਿੱਚ ਪੂਜ ਕੇ, ਬ੍ਰਾਹਮਣ ਦੀ ਐਸ਼ ਦੈ ਸਾਰੇ ਸਾਧਨ ਉਪਲਭਦ ਕਰਵਾਉਂਦੇ ਹਨ। ਸਭ ਮਰ ਚੁੱਕੇ, ਸੜ ਚੁੱਕੇ ਲੋਕਾਂ ਨੂੰ ਜਿਉਂਦਿਆਂ ਵਾਙ ਵਸਤਾਂ ਪਹੁੰਚਾਉਣ ਦੀ ਆੜ ਵਿਚ, ਖਾਸ-ਖਾਸ ਦਿਨਾਂ ਤੇ, ਬ੍ਰਾਹਮਣ ਉਂਨ੍ਹਾਂ ਦੇ ਵੰਸ਼ਜਾਂ ਕੋਲੋਂ ਮੰਜੇ, ਬਿਸਤਰੇ, ਕਪੜੇ, ਭਾਂਡੇ, ਜੁੱਤੀਆਂ ਸਮੇਤ ਬਹੁਤ ਸਾਰੀਆਂ ਚੀਜ਼ਾਂ, ਅਤੇ ਸਰਾਧਾਂ ਦੇ ਨਾਮ ਤੇ ਵਧੀਆ ਪਕਵਾਨ ਹਰ ਸਾਲ ਵਸੂਲ਼ਦੇ ਰਹਿੰਦੇ ਹਨ। ਵੈਸੇ ਇਹ ਤਿੰਨੋ ਧਰਮ ਅੱਜ ਵੀ ਸਰੀਰ ਨੂੰ ਕਾਇਮ ਰੱਖਣ ਲਈ (ਮੁਕਤੀ) ਲਈ, ਕਿਸੇ ਕਲਪਿਤ ਅੰਮਿਰਤ, ਆਬੇ ਹਿਆਤ ਦੇ ਭਰੰ ਭੁਲੇਖੇ ਵਿੱਚ ਫਸੇ ਹੋਏ ਹਨ।
ਇਹੀ ਵਿਚਾਰ ਸਿੱਖਾਂ ਵਿਚ, ਪੁਜਾਰੀਆਂ ਨੇ ਵੀ ਪੂਰੀ ਤਰ੍ਹਾਂ ਪੱਕਾ ਕਰ ਦਿੱਤਾ ਹੈ ਕਿ ਸਰੀਰ ਹੀ ਸਭ ਤੋਂ ਉਤਮ ਚੀਜ਼ ਹੈ, ਇਸ ਲਈ ਹੀ ਬਾਬਾ ਨਾਨਕ ਜੀ ਸਣਦੇਹ (ਸਰੀਰ ਸਮੇਤ) ਹੀ ਸਚ-ਖੰਡ ਚਲੇ ਗਏ। ਦਸਵੇਂ ਨਾਨਕ ਜੀ ਤਾਂ, ਔਣਾ ਘੋੜਾ ਅਤੇ ਬਾਜ ਵੀ ਨਾਲ ਹੀ ਲੈ ਗਏ। ਸਿੱਖ ਕਦੋਂ ਪੁਜਾਰੀਆਂ ਤੋਂ ਜਾਨ ਛੁਡਾ ਕੇ, ਬਾਣੀ ਦੀ, ਸ਼ਬਦ ਦੀ ਵਿਚਾਰ ਆਸਰੇ, ਅਪਣੇ ਅੰਦਰੋਂ ਹਉਮੈ ਮਾਰ ਕੇ, ਮਨ ਵਿਚ, ਪਰਭੂ ਲਈ ਥਾਂ ਵੇਹਲੀ ਕਰਨਗੇ?)
ਜਦ ਕਿ ਗੁਰਬਾਣੀ ਢੰਡੋਰਾ ਦੇ ਰਹੀ ਹੈ,
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ॥ (੩੧੯)
ਹੇ ਨਾਨਕ ਅਸਲੀ ਜੀਵਨ ਉਸ ਦਾ ਹੀ ਹੈ, ਜਿਸ ਨੇ ਇੱਕ ਨੂੰ ਪਛਾਣ ਲਿਆ ਹੈ।
ਇਹ ਇੱਕ ਕੌਣ ਹੈ?
ਏਕੁ ਨਿਰੰਜਨੁ ਗੁਰਮੁਖਿ ਜਾਤਾ॥ ਦੂਜਾ ਮਾਰਿ ਸਬਦਿ ਪਛਾਤਾ॥ ੬॥
ਏਕੋ ਹੁਕਮੁ ਵਰਤੈ ਸਭ ਲੋਈ॥ ਏਕਸੁ ਤੇ ਸਭ ਓਪਤਿ ਹੋਈ॥ ੭॥ (੨੨੩)
ਜਿਹੜਾ ਮਨੂੱਖ, ਗੁਰਮੁਖ ਹੁੰਦਾ ਹੈ, ਗੁਰੂ ਦੀ ਮੱਤ ਅਨੁਸਾਰ ਚਲਦਾ ਹੈ, ਉਹ ਗੁਰ-ਸ਼ਬਦ ਦੀ ਮਿਹਰ ਨਾਲ, ਅਪਣੇ ਅੰਦਰੋਂ ਦਵੈਤ ਭਾਵ, ਦੂਰ ਕਰ ਕੇ ਪਰਮਾਤਮਾ ਦੀ ਹੋਂਦ ਨੂੰ ਪਛਾਨ ਲੈਂਦਾ ਹੈ। ਉਹ ਜਾਣ ਲੈਂਦਾ ਹੈ ਕਿ ਇਹ ਇੱਕ ਉਹੀ ਹੈ, ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਜਿਸ ਦਾ ਹੁਕਮ, ਜਿਸ ਦਾ ਕਾਨੂਨ ਸਾਰੇ ਸੰਸਾਰ ਵਿੱਚ ਚਲ ਰਿਹਾ ਹੈ।
ਇਹ ਇਕੋ ਕਿਹੋ ਜਿਹਾ ਹੈ?
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ॥
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥ ੨॥ (੮੧੬)
ਹੇ ਭਾਈ, ਪ੍ਰਭੂ ਦਾ ਦਰਸ਼ਨ ਕਰਨ ਲਈ, ਮੈਂ ਚਹੁਆਂ ਵਰਨਾਂ ਅਤੇ ਚਹੁਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਪਰ ਦਰਸ਼ਨ ਦੀ ਲਾਲਸਾ ਬਣੀ ਰਹਿੰਦੀ ਹੈ। (ਯਾਨੀ ਦਰਸ਼ਨ ਨਹੀਂ ਹੁੰਦਾ) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਕੋਈ ਚਿਹਨ ਚੱਕਰ ਹੈ, ਨਾ ਹੀ ਉਹ ਸ੍ਰਿਸ਼ਟੀ ਦੇ ਜੀਵਾਂ ਵਾਙ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ। ਉਹ ਅਬਿਨਾਸੀ, ਵਿਨਾਸ਼ ਰਹਿਤ ਵੀ ਹੈ। ਸ੍ਰਿਸ਼ਟੀ ਤੇ ਜਿੰਨੇ ਵੀ ਲੋਗ ਆਏ, ਉਹ ਸਭ ਕਾਲ ਦੇ, ਸਮੇ ਦੇ ਅਧੀਨ ਸਨ। ਸਿਰਫ ਤੇ ਸਿਰਫ ਉਹ ਇਕ, ਸਮੇ ਦੇ ਗੇੜ ਤੋਂ ਬਾਹਰ, ਅਕਾਲ ਪੁਰਖ ਹੈ।
ਕਾਲ, ਸਮਾ ਤਦ ਤੋਂ ਸ਼ੁਰੂ ਹੋਇਆ ਜਦ ਇਹ ਸ੍ਰਿਸ਼ਟੀ ਪੈਦਾ ਹੋਈ, ਅਤੇ ਸ੍ਰਿਸ਼ਟੀ ਖਤਮ ਹੋਣ ਦੇ ਨਾਲ ਹੀ ਖਤਮ ਹੋ ਜਾਵੇਗਾ। ਕਰਤਾਪੁਰਖ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਸੀ, ਸ੍ਰਿਸ਼ਟੀ ਬਣਨ ਵੇਲੇ ਵੀ ਸੀ, ਅੱਜ ਵੀ ਹੈ, ਅਤੇ ਸ੍ਰਿਸ਼ਟੀ ਦੇ ਖਤਮ ਹੋਣ ਮਗਰੋਂ ਵੀ ਹੋਵੇਗਾ। ਅਰਥਾਤ ਹਮੇਸ਼ਾ ਰਹੇਗਾ। ਏਸੇ ਨੂੰ ਹੀ ਗੁਰਬਾਣੀ ਵਿੱਚ ਇਵੇਂ ਕਿਹਾ ਹੈ,
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਸ਼ਪੱਸ਼ਟ ਮਤਲਬ ਹੈ ਕਿ ਜੋ ਧਰਤੀ ਤੇ ਪਦਾ ਹੋਇਆ, ਵਿਚਰਿਆ ਅਤੇ ਮਰ ਗਿਆ, ਉਹ ਹੋਰ ਕੁੱਝ ਵੀ ਹੋ ਸਕਦਾ ਹੈ, ਪਰ ਪ੍ਰਭੂ, ਪਰਮਾਤਮਾ ਨਹੀਂ ਹੋ ਸਕਦਾ।
ਆਉ ਉਸ ਪਰਭੂ ਦੀ ਵਡਿਆਈ ਬਾਰੇ ਵੀ ਕੁੱਝ ਜਾਣ ਲਈਏ,
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ॥
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ॥ ੧॥
ਬਾਬਾ ਅਲਹੁ ਅਗਮ ਅਪਾਰੁ॥
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ॥ ੧॥ ਰਹਾਉ॥
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ॥
ਜੇ ਸੌ ਸਾਇਰ ਮੇਲੀਅਹਿ ਤਿਲ ਨ ਪੁਜਾਵਹਿ ਰੋਇ॥
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ॥ ੨॥
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ॥
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ॥ ੩॥
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥
ਅਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ॥ ੪॥
ਥਾਵਾ ਨਾਵ ਨ ਜਾਣੀਅਹਿ ਨਾਵਾ ਜੇਵਡੁ ਨਾਉ॥
ਜਿਥੈ ਵਸੈ ਮੇਰਾ ਪਾਤਸਾਹੁ ਸੋ ਕੇਵਡੁ ਹੈ ਥਾਉ॥
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ॥ ੫॥
ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ॥
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ॥
ਹੁਕਮਿ ਸਵਾਰੇ ਅਪਣੈ ਚਸਾ ਨ ਢਿਲ ਕਰੇਇ॥ ੬॥
ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ॥
ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ॥
ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ॥ ੭॥ ੧॥ (੫੩)
॥ ਰਹਾਉ॥ ਹੇ ਭਾਈ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ, ਉਸ ਦੇ ਗੁਣਾਂ ਦਾ ਪਾਰਲਾ ਬੰਨਾ, ਅੰਤ ਨਹੀਂ ਲੱਭ ਸਕਦਾ। ਉਸ ਦੇ ਨਾਮ ਵਿਚ, ਉਸ ਦੇ ਹੁਕਮ ਵਿਚ, ਉਸ ਦੇ ਕਾਨੂਨ ਵਿੱਚ ਕੋਈਗਲਤੀ ਨਹੀਂ ਹੈ, ਨਿਆਂ ਪੂਰਨ ਹੈ, ਪਾਕ-ਪਵਿਤ੍ਰ ਹੈ। ਇਵੇਂ ਹੀ ਉਸ ਦਾ ਸਥਾਨ ਵੀ ਪਾਕ-ਪਵਿਤ੍ਰ ਹੈ। ਉਹ ਹਮੇਸ਼ਾ ਕਾਇਮ ਰਹਣ ਵਾਲਾ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ।
॥ ੧॥ ਜਿਵੇਂ ਜਿਵੇਂ ਕਿਸੇ ਨੂੰ ਪ੍ਰਭੂ ਦੇ ਗੁਣਾਂ ਦੀ ਸੋਝੀ ਹੁੰਦੀ ਹੈ, ਉਸ ਦੇ ਸਮਝ ਆ ਜਾਂਦਾ ਹੈ ਕਿ ਭਗਵਾਨ ਦੇ ਗੁਣਾਂ ਦੀਆਂ ਗਿਣਤੀਆਂ-ਮਿਣਤੀਆਂ ਕਰਨੀਆਂ ਅਪਣਾ ਮਨ ਖਪਾਉਣ ਤੋਂ ਵੱਧ ਕੁੱਝ ਵੀ ਨਹੀਂ। ਜਿਸ ਨੂੰ ਆਖ ਕੇ, ਗਾ ਕੇ ਉਸ ਦੇ ਗੁਣ ਸੁਣਾਈਦੇ ਹਨ, ਸੁਨਾਉਣ ਵਾਲਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਕਰਤਾਰ ਕਿਡਾ ਕੁ ਵੱਡਾ ਹੈ? ਅਤੇ ਕਿਸ ਥਾਂ ਰਹਿੰਦਾ ਹੈ? ਜਿੰਨੇ ਵੀ ਉਸ ਬਾਰੇ ਦੱਸਣ ਵਾਲੇ ਹਨ, ਉਹ ਉਸ ਵਿੱਚ ਸੁਰਤ ਜੋੜ ਕੇ ਵੀ, ਉਸ ਦੇ ਗੁਣਾਂ ਬਾਰੇ ਆਖ ਆਖ ਕੇ ਥੱਕ ਜਾਂਦੇ ਹਨ।
॥ ੨॥ ਹੇ ਪ੍ਰਭੂ ਕਿਸੇ ਨੂੰ ਵੀ ਇਹ ਸਮਝ ਨਹੀਂ ਪਈ ਕਿ ਤੇਰਾ ਹੁਕਮ ਕਿੰਨਾ ਅਟੱਲ ਹੈ? ਨਾ ਹੀ ਕੋਈ ਤੇਰੇ ਹੁਕਮ ਨੂੰ ਬਿਆਨ ਕਰ ਸਕਦਾ ਹੈ। ਜੇ ਸੌ ਕਵੀਆਂ ਨੂੰ ਵੀ ਇਕੱਠਾ ਕਰ ਲਈਏ, ਤਾਂ ਵੀ ਉਹ ਅਪਣਾ ਪੂਰਾ ਜੋਰ ਲਗਾ ਕੇ, ਖਪ-ਖਪ ਕੇ, ਤੇਰੇ ਹੁਕਮ ਬਾਰੇ ਇੱਕ ਤਿਲ ਜਿੰਨੀ ਵੀ ਸੋਝੀ ਨਹੀਂ ਦੇ ਸਕਦੇ। ਤੇਰੇ ਅਟੱਲ ਹੁਕਮ ਨੂੰ ਬਦਲ ਕੇ ਅਪਣੇ ਹੱਕ ਵਿੱਚ ਕਰਨ ਲਈ, ਦੁਨੀਆ ਦੇ ਲੋਕ, ਆਪੂੰ ਘੜੀਆਂ ਮੂਰਤੀਆਂ ਅਤੇ ‘ਮਾਟੀ ਕੇ ਪੁਤਲਿਆਂ’ ਦੇ ਮਗਰ ਲੱਗ ਕੇ, ਅਪਣਾ ਆਤਮਕ ਜੀਵਨ, ਅਪਣਾ ਸਮਾ ਅਤੇ ਅਪਣੀ ਦੌਲਤ ਵੀ ਬਰਬਾਦ ਕਰ ਰਹੇ ਹਨ। ਕਿਸੇ ਜੀਵ ਨੇ ਤੇਰੇ ਹੁਕਮ ਦੀ ਕੰਿਤ ਨਹੀਂ ਪਾਈ, ਉਸ ਬਾਰੇ ਨਹੀਂ ਜਾਣਿਆ, ਬਸ ਇੱਕ ਦੂਸਰੇ ਕੋਲੋਂ ਸੁਣ ਸੁਣ ਕੇ ਹੀ ਆਖੀ ਜਾਂਦੇ ਹਨ। ਜਦ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਉਸ ਦੇ ਹੁਕਮ ਬਾਰੇ ਸੋਝੀ ਹੀ ਨਹੀਂ ਹੈ ਤਾਂ, ਉਸ ਬੰਦੇ ਵਚ, ਕਰਤਾਰ ਦੇ ਹੁਕਮ ਨੂੰ ਬਦਲ ਦੇਣ ਦੀ ਸਮਰਥਾ ਕਿਥੋਂ?
ਖਾਲਸਾ ਜੀ ਵਿਚਾਰੋ, ਹੋਸ਼ ਵਿੱਚ ਆਉ।
॥ ੩॥ ਪੀਰ = ਉਹ ਬੰਦੇ ਜੋ ਧਰਮ ਗੁਰੂ ਕਹੇ ਜਾਣ। ਪੈਕਾਮਰ = ਉਹ ਬੰਦੇ ਜੋ ਈਸ਼ਵਰ ਦਾ ਸੁਨੇਹਾ, ਲੋਕਾਂ ਤੱਕ ਪਹੁੰਚਾਉਣ। ਸਾਲਕ = ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲਾ, ਸਿੱਖ। ਸਾਦਕ = ਸਿਦਕ ਰੱਖਣ ਵਾਲਾ,
ਸ਼ਰਧਾਵਾਨ। ਸੁਹਦੇ = ਧਰਮ ਦੀ ਸ਼ਾਹਦੀ ਦੇਣ ਵਾਲੇ। ਸ਼ਹੀਦ = ਧਰਮ ਦੀ ਰਾਖੀ ਲਈ ਜਾਨ ਵਾਰਨ ਵਾਲੇ। ਸੇਖ = ਸਿਆਣੇ ਚਿਦਵਾਨ। ਮਸਾਇਕ = ਸਾਧਨਾ (ਮਸ਼ਕ, ਪ੍ਰੈਕਟਿਸ) ਕਰਨ ਵਾਲੇ, ਜਗਿਆਸੂ। ਕਾਜੀ = ਫੈਸਲਾ ਕਰਨ ਵਾਲੇ, ਝਗੜਾ ਨਬੇੜਨ ਵਾਲੇ, ਜੱਜ। ਮੁਲਾ = ਪੜ੍ਹਾਈ ਵਿੱਚ ਪਰਬੀਨ, ਆਲਮ, ਵਿਦਵਾਨ, ਪੰਡਿਤ, ਵਿਦਵਾਨ, ਮਾਸਟਰ। ਦਰਵੇਸ = ਭਗਤ, ਸਾਧੂ, ਪ੍ਰਭੂ ਦੇ ਦਰ ਦੇ ਜਾਚਕ।
ਇਨ੍ਹਾਂ ਸਭ ਲੋਕਾਂ ਕੋਲ, ਪਰਮਾਤਮਾ ਦੀ ਰਹਿਮਤ ਦੀ ਹੀ ਬਰਕਤ ਹੈ, ਇਹ ਹਮੇਸ਼ਾ ਕਰਤਾਰ ਅੱਗੇ ਦੁਆ, ਬੇਨਤੀ, ਅਰਦਾਸ ਕਰਦੇ ਰਹਿੰਦੇ ਹਨ। ਸਾਫ ਹੈ ਕਿ ਉਪਰ ਦੱਸੇ ਸਾਰੇ, ਕਹੇ ਜਾਂਦੇ ਵੱਡੇ ਬੰਦੇ ਵੀ ਕਰਤਾਰ ਦੀ ਰਹਿਮਤ ਆਸਰੇ ਹੀ ਹਨ ਅਤੇ ਉਹ ਪਰਭੂ ਦੇ ਦਰ ਤੇ ਦੁਆ, ਬੇਨਤੀ, ਅਰਦਾਸ ਕਰਦੇ ਰਹਿੰਦੇ ਹਨ, ਅਜਿਹੇ ਬੰਦੇ, ਕਰਤਾਪੁਰਖ ਦੇ ਸ੍ਰੀਕ, ਜਾਂ ਉਸ ਵਲੋਂ ਮਿਥੇ ਸਿਧਾਂਤਾਂ ਵਿੱਚ ਅਦਲਾ ਬਦਲੀ ਕਰਨ ਦੇ ਸਮਰੱਥ ਕਿਵੇਂ ਹੋ ਸਕਦੇ ਹਨ?
॥ ੪॥ ਕਰਤਾ ਪੁਰਖ ਨਾ ਤਾਂ ਕਿਸੇ ਨੂੰ ਪੁੱਛ ਕੇ, ਜਗਤ ਦੀ ਰਚਨਾ ਕਰਦਾ ਹੈ, ਨਾ ਹੀ ਕਿਸੇ ਨੂੰ ਪੁੱਛ ਕੇ ਇਸ ਦਾ ਵਿਨਾਸ਼ ਕਰਦਾ ਹੈ। ਨਾ ਹੀ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ, ਨਾ ਹੀ ਕਿਸੇ ਕੋਲੋਂ ਕੋਈ ਚੀਜ਼ ਵਾਪਸ ਲੈ ਲੈਂਦਾ ਹੈ। ਉਹ ਆਪਣੀ ਕੁਦਰਤ ਬਾਰੇ ਆਪ ਹੀ ਜਾਣਦਾ ਹੈ, ਆਪ ਹੀ ਇਸ ਜਗਤ ਰਚਨਾ ਦੇ ਸਾਰੇ ਕੰਮ ਕਰਦਾ ਹੈ। ਸਭ ਸ੍ਰਿਸ਼ਟੀ ਨੂੰ ਅਪਣੀ ਬਖਸ਼ਿਸ਼ ਦੀ ਨਿਗਾਹ ਥੱਲੇ ਪਾਲਦਾ ਹੈ, ਅਪਣੀ ਇੱਛਾ ਅਨੁਸਾਰ ਹੀ ਸਭ ਨੂੰ ਲੋੜੀਂਦੀਆਂ ਵਸਤਾਂ ਦਿੰਦਾ
ਹੈ। ਗੁਰਮਤ ਦੇ ਏਨੇ ਸਪੱਸ਼ਟ ਸਿਧਾਂਤਾਂ ਦੇ ਹੁੰਦਿਆਂ ਵੀ, ਜੇ ਕੋਈ ਸਿੱਖ, ਬੰਦਿਆਂ ਨੂੰ ਹੀ ਰੱਬ ਬਣਾ ਕੇ, ਉਨ੍ਹਾਂ ਦੀ ਪੂਜਾ ਕਰੇ, ਦੁਨੀਆਂ ਨੂੰ ਵੀ ਉਨ੍ਹਾਂ ਦੀ ਪੂਜਾ ਕਰਨ ਲਈ ਪਰੇਰੇ, ਤਾਂ ਉਸ ਨੂੰ ਬ੍ਰਹਮਗਿਆਨੀ, ਮਹਾਂਪੁਰਸ਼ ਤਾਂ ਕੀ, ਉਸ ਨੂੰ ਤਾਂ ਸਿੱਖ ਵੀ ਨਹੀਂ ਕਿਹਾ ਜਾ ਸਕਦਾ। ਉਹ ਤਾਂ ਸਿੱਖੀ ਤੋਂ ਭਟਕਿਆ, ਭੇਖਧਾਰੀ ਸਿੱਖ ਹੈ।
॥ ੫॥ ਸਭ ਥਾਂਵਾਂ, ਅਸੰਖ ਲੋਆਂ, ਅਸੰਖ ਧਰਤੀਆਂ ਅਤੇ ਹੋਰ ਵਸਤਾਂ ਦੇ ਨਾਮ ਜਾਨਣੈ ਹੀ ਸੰਭਵ ਨਹੀਂ ਹਨ, ਉਨ੍ਹਾਂ ਵਿਚੋਂ ਕਿਹੜਾ ਨਾਮ ਏਨਾ ਵੱਡਾ ਹੋ ਸਕਦਾ ਹੈ, ਜੋ ਵਾਹਿਗੁਰੂ ਦੇ ਅਸਲੀ ਵਡੱਪਣ ਨੂੰ ਬਿਆਨ ਕਰ ਸਕੇ? ਇਸ ਬਾਰੇ ਕੋਈ ਨਹੀਂ ਦੱਸ ਸਕਦਾ। ਉਸ ਪਾਤਸ਼ਾਹ ਦਾ ਨਿਵਾਸ ਅਸਥਾਨ ਕਿੰਨਾ ਕੁ ਵੱਡਾ ਹੈ? ਕੋਈ ਮਨੁੱਖ ਇਹ ਨਹੀਂ ਦੱਸ ਸਕਦਾ, ਕਿਉਂਕਿ ਕੋਈ ਵੀ ਮਨੁੱਖ ਇਸ ਅਵੱਸਥਾ ਤਕ ਪਹੁੰਚ ਹੀ ਨਹੀਂ ਸਕਦਾ। ਜੋ ਮਨੁੱਖ ਇਸ ਅਵੱਸਥਾ ਤੱਕ ਪਹੁੰਚ ਜਾਂਦਾ ਹੈ, ਉਹ ਤਾਂ ਕਰਤਾਰ ਵਿੱਚ ਹੀ ਲੀਨ ਹੋ ਜਾਂਦਾ ਹੈ, ਇਹ ਦੱਸਣ ਜੋਗੀ, ਉਸ ਦੀ ਅਲੱਗ ਹਸਤੀ ਰਹਿ ਹੀ ਨਹੀਂ ਜਾਂਦੀ। ਫਿਰ ਇਹ ਗੱਲਾਂ ਮੈਂ ਕਿਸ ਨੂੰ ਪੁੱਛਣ ਜਾਵਾਂ?
ਜਦ ਕੋਈ ਬੰਦਾ ਇਨ੍ਹਾਂ ਚੀਜ਼ਾਂ ਬਾਰੇ ਜਾਣਦਾ ਹੀ ਨਹੀਂ ਤਾਂ ਭੋਲੇ-ਭਾਲੇ, ਕੁਰਾਹੇ ਪਏ ਸਿੱਖ, ਅਪਣੇ ਵਰਗੇ ਬੰਦਿਆਂ ਦੀ ਬਖਸ਼ਿਸ਼ ਆਸਰੇ, ਕਿਸ ਪ੍ਰਭੂ ਤੱਕ ਪਹੁੰਚਣ ਦੇ ਚਾਹਵਾਨ ਹਨ?
॥ ੬॥ ਕਿਸੇ ਬੰਦੇ ਨੂੰ ਵੱਡਾ ਕਰਨ ਲਈ, ਵਡਿਆਈ ਦੇਣ ਲਈ, ਉਸ ਦੀ ਯੋਗਤਾ ਦਾ ਆਧਾਰ ਵਰਨ ਵੰਡ ਨਹੀਂ ਹੋ ਸਕਦਾ, ਕਿਉਂਕਿ ਉਸ ਪ੍ਰਭੂ ਨੂੰ ਇੰਸਾਨਾਂ ਵਿਚਲੀਆ ਇਹ ਵੰਡੀਆਂ, ਭਾਉਂਦੀਆਂ ਨਹੀਂ ਹਨ, ਚੰਗੀਆਂ ਨਹੀਂ ਲਗਦੀਆਂ। ਉਸ ਇੱਕ ਦੇ, ਜੋ ਵੱਡਾ ਹੈ, ਜਿਸ ਨੂੰ ਅਸਲੀਅਤ ਵਿੱਚ ਵੱਡਾ ਕਿਹਾ ਜਾ ਸਕਦਾ ਹੈ, ਉਸ ਦੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਹਨ। ਜਿਸ ਨੂੰ ਉਹ ਚੰਗਾ ਸਮਝੇ, ਜੋ ਉਸ ਨੂੰ ਭਾਅ ਜਾਵੇ, ਉਸ ਨੂੰ ਹੀ ਉਹ ਵਡਿਆਈ ਦਿੰਦਾ ਹੈ, ਵੱਡਾ ਕਰਦਾ ਹੈ।
ਅਪਣੇ ਹੁਕਮ ਅਨੁਸਾਰ ਬੰਦੇ ਨੂੰ ਚਲਾ ਕੇ, ਉਸ ਦਾ ਆਤਮਕ ਜੀਵਨ ਸਵਾਰਨ ਲੱਗਿਆਂ, ਉਹ ਭੋਰਾ ਢਿੱਲ ਨਹੀਂ ਲਾਉਂਦਾ। ਅਰਥਾਤ ਦੁਨੀਆਂ ਦੇ ਸਾਰੇ ਜੀਵ ਉਸ ਦੇ ਖੇਡ ਖਿਡਾਉਣੇ ਹਨ, ਜਿਵੇਂ ਪ੍ਰਭੂ ਉਨ੍ਹਾਂ ਨੂੰ ਚਲਾਉਂਦਾ ਹੈ, ਤਿਵੇਂ ਹੀ ੳੇਹ ਚਲਦੇ ਹਨ। ਉਨ੍ਹਾਂ ਦੇ ਹੱਥ ਵਿੱਚ ਤਾਂ ਅਪਣਾ ਆਪ ਸਵਾਰਨਾ ਵੀ ਨਹੀਂ ਹੈ, ਫਿਰ ਉਹ ਦੂਜਿਆਂ ਦੇ ਜੀਵਨ ਸੁਧਾਰਨਦਾ ਪਖੰਡ ਕਿਸ ਅਧਾਰ ਤੇ ਰਚ ਰਹੇ ਹਨ?
॥ ੭॥ ਪਰਮਾਤਮਾ ਤੋਂ ਦਾਤਾਂ ਲੈਣ ਦੇ ਚਾਹਵਾਨ, ਉਸ ਤੋਂ ਹਮੇਸ਼ਾ ਬਹੁਤ-ਬਹੁਤ, ਹੋਰ-ਹੋਰ ਦਾਤਾਂ ਦੀ ਮੰਗ ਕਰਦੇ ਹਨ। (ਕ੍ਰੋੜਾਂ ਵਿਚੋਂ ਕੋਈ ਇਕ, ਉਹ ਵੀ ਕਿਰਤੀ, ਅਜਿਹਾ ਹੈ, ਜੋ ਉਸ ਕੋਲੋਂ ਉਸ ਦੀ ਰਜ਼ਾ ਵਿੱਚ ਖੁਸ਼ ਰਹਣ ਦੀ ਮੰਗ ਮੰਗਦਾ ਹੈ।)
ਉਹ ਪ੍ਰਭੂ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇ ਰਿਹਾ ਹੈ, ਉਨ੍ਹਾਂ ਦੀ ਗਿਣਤੀ ਵੀ ਨਹੀਂ ਕਰਦਾ, ਉਨ੍ਹਾਂ ਦਾ ਲੇਖਾ ਜੋਖਾ ਵੀ ਨਹੀਂ ਰੱਖਦਾ। ਅਜਿਹੇ ਦਾਤੇ ਨੂੰ ਕਿਡਾ ਵੱਡਾ ਦਾਤਾ ਕਿਹਾ ਜਾ ਸਕਦਾ ਹੈ? ਇਹ ਵੀ ਕੋਈ ਨਹੀਂ ਦੱਸ ਸਕਦਾ।
ਹੇ ਨਾਨਕ ਆਖ, ਹੇ ਪ੍ਰਭੂ, ਤੇਰੇ ਇਹ ਲੋਕਾਂ ਨੂੰ ਦਾਤਾਂ ਦੇਣ ਵਾਲੇ ਭੰਡਾਰੇ, ਜੁਗਾਂ-ਜੁਗਾਂ ਤੋਂ ਚੱਲ ਰਹੇ ਹਨ, ਪਰ ਇਨ੍ਹਾਂ ਵਿੱਚ ਕਦੀ ਕੋਈ ਘਾਟ ਨਹੀਂ ਆਉਂਦੀ, ਕਦੀ ਕੋਈ ਚੀਜ਼ ਨਹੀਂ ਮੁਕਦੀ।
ਇਹ ਹੈ ਸਿੱਖੀ ਅਨੁਸਾਰ ਬੰਦੇ ਅਤੇ ਪਰਮਾਤਮਾ ਦਾ ਆਪਸੀ ਸਬੰਧ। ਜੇ ਕੋਈ ਬੰਦਾ ਇਸ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲੇ, ਤਾਂ ਉਸ ਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ, ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਸ ਵਿੱਚ ਹੀ ਵਿਲੀਨ ਹੋ ਜਾਂਦਾ ਹੈ। ਪਰ ਇਹ ਤਦ ਹੀ ਸੰਭਵ ਹੈ, ਜੇ ਕਰ ਉਹ ਗੁਰਬਾਣੀ ਦੀ ਬ੍ਰਹਮ ਵਿਚਾਰ ਨੂੰ ਵਿਚਾਰ ਕੇ ਉਸ ਬਾਰੇ ਸੋਝੀ ਹਾਸਲ
ਕਰੇ। ਗਿਣਤੀਆਂ ਮਿਣਤੀਆਂ ਨਾਲ ਅਜਿਹਾ ਕੁੱਝ ਵੀ ਸੰਭਵ ਨਹੀਂ ਹੈ।
ਜਦ ਬੰਦਾ ਉਸ ਦੇ ਹੁਕਮ ਬਾਰੇ ਵਿਚਾਰਦਾ ਨਹੀਂ, ਗਿਣੇ-ਮਿਥੇ ਕਰਮ-ਕਾਂਡਾਂ ਆਸਰੇ, ਜਦ ਲੋਕ ਉਸ ਨੂੰ ਹਉਮੈ ਦੇ ਹੋਰ ਪੱਠੇ ਪਾਉਂਦੇ ਹਨ, ਤਾਂ ਉਹ ਹਉਮੈ ਵਿੱਚ ਫਸਿਆ, ਅਪਣੀ ਹਸਤੀ ਕਰਤਾਰ ਨਾਲੋਂ ਅਲੱਗ ਹੀ ਨਹੀਂ ਸਮਝਦਾ ਬਲਕਿ ਅਪਣੀ
ਹਸਤੀ ਪਰਮਾਤਮਾ ਤੋਂ ਵੀ ਉਪਰ ਸਮਝਣ ਲਗ ਪੈਂਦਾ ਹੈ। ਜਿਸ ਆਸਰੇ ਉਹ ੮੪ ਲੱਖ (ਬੇਅੰਤ) ਜੂਨਾਂ ਦੇ ਗੇੜ ਵਿੱਚ ਪੈ ਜਾਂਦਾ ਹੈ। ਇਸ ਤੋਂ ਬਚਾਉ ਦਾ ਇੱਕ ਹੀ ਸਾਧਨ ਹੈ, ਗੁਰ (ਸ਼ਬਦ) ਦੀ ਸੇਵਾ, ਸ਼ਬਦ ਦੀ ਵਿਚਾਰ।
ਅਤੇ,
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ॥ ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ॥
ਕੋਈ ਸਜਣੁ ਸੰਤੁ ਮਿਲੈ ਵਢਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ॥ ੧॥
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤ ਹਰ ਪ੍ਰਭੁ ਵਸੈ ਜੀਉ॥ ੨॥
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ॥
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ॥ ੩॥
ਮੈ ਬਿਨੁ ਗੁਰ ਦੇਖੇ ਨੀਦ ਨ ਆਵੈ॥ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ॥
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ॥ ੪॥ ੨॥ (੯੪)
॥ ੧॥ ਪਰਮਾਤਮਾ ਹੀ ਮੇਰੇ ਮਨ, ਤਨ ਅਤੇ ਪਰਾਣਾਂ ਦਾ ਆਧਾਰ, ਆਸਰਾ ਹੈ। ਜਿਸ ਮਨ ਨੇ ਕਰਤਾਰ ਦੇ ਹੁਕਮ ਦੀ ਪਾਲਣਾ ਕਰ ਕੇ ਕਰਤਾਰ ਨਾਲ ਇੱਕ ਮਿਕ ਹੋਣਾ ਹੈ, ਉਸ ਨੂੰ ਵੀ ਕਰਤਾਰ ਦਾ ਹੀ ਆਸਰਾ ਹੈ, ਕਰਤਾਰ ਹੀ ਉਸ ਨੂੰ ਵਿਸ਼ੇ ਵਿਕਾਰਾਂ ਵੱਲ ਭਟਕਣ ਤੋਂ ਰੋਕਣ ਦੇ ਸਮਰੱਥ ਹੈ। ਪਰਮਾਤਮਾ ਹੀ ਮਨ ਦੇ ਨਿਵਾਸ ਅਸਥਾਨ ਤਨ, ਜਿਸ ਵਿਚਲੀਆਂ ਗਿਆਨ ਇੰਦਰੀਆਂ ਦੀ ਵਰਤੋਂ ਕਰ ਕੇ, ਮਨ ਨੇ ਅਪਣੀ ਜਵਿਨ ਖੇਡ ਖੇਡਣੀ ਹੈ, ਉਸ ਦਾ ਆਧਾਰ ਹੈ। ਅਤੇ ਪ੍ਰਾਣ ਦੇ ਰੂਪ ਵਿੱਚ ਤਾਂ ਪ੍ਰਭੂ ਆਪ ਹੀ ਮੇਰੇ ਅੰਦਰ ਬੈਠਾ ਹੈ, ਜਿਸ ਨੂੰ ਖੋਜ ਕੇ ਮਨ ਨੇ ਉਸ ਨਾਲ ਇੱਕ ਸੁਰ ਹੋਣਾ ਹੈ।
ਵਾਹਿਗੁਰੂ ਤੋਂ ਬਗੈਰ ਮੈਨੂੰ ਹੋਰ ਕੋਈ ਅਜਿਹਾ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਮੈ ਅਪਣਾ ਆਸਰਾ ਸਮਝ ਸਕਾਂ।
ਜੇ ਮੈਨੂੰ ਮੇਰੇ ਵੱਡੇ ਭਾਗਾਂ ਆਸਰੇ ਸੱਜਣ ਸੰਤੁ,
(ਏਥੇ ਵਿਚਾਰਨ ਵਾਲੀ ਗੱਲ ਹੈ ਕਿ ਸੰਤੁ ਦੇ ਥੱਲੇ ਲੱਗੀ ਔਂਕੜ ਹੋਣ ਕਰ ਕੇ ਇਹ ਇੱਕ ਵਚਨ ਹੈ। ਇਹ ਲਫਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਜਾਂ ਗੁਰੂ ਲਈ ਵਰਤਿਆ ਗਿਆ ਹੈ। ਏਥੇ ਇਹ ਗੁਰੂ ਲਈ ਵਰਤਿਆ ਗਿਆ ਹੈ, ਪਰਮਾਤਮਾ ਤੋਂ ਬਗੈਰ ਇਕੋ ਇੱਕ ਗੁਰੂ, ਸ਼ਭਦ ਗੁਰੂ ਹੀ ਹੈ। ਔਂਕੜ ਰਹਿਤ ਸੰਤ ਬਹੁ ਵਚਨ ਹੈ, ਜੋ ਸੰਗਤ ਲਈ ਵਰਤ ਹੋਅਿਾ ਹੈ। ਇਸ ਤੋਂ ਇਲਾਵਾ, ਹੋਰ ਕੋਈ ਸੰਤੁ ਗੁਰਮਤ ਵਿੱਚ ਨਹੀਂ ਹੈ।)
ਮਿਤ੍ਰ ਸ਼ਬਦ ਗੁਰੂ ਮਿਲ ਜਾਵੇ, ਤੇ ਮੈਨੂੰ ਹਰੀ ਬਾਰੇ ਸੋਝੀ ਦੇ ਦੇਵੇ। ਗੁਰਮਤ ਵਿੱਚ ਹਰੀ ਬਾਰੇ ਸੋਝੀ ਦੇਣ ਦੇ ਸਮਰੱਥ, ਕੇਵਲ ਤੇ ਕੇਵਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
ਇਹੀ ਕਾਰਨ ਹੈ ਕਿ ਹਰ ਕਿਸੇ ਪਖੰਡੀ ਨੂੰ ਅਪਣਾ ਨੰਗੇਜ਼ ਢਕਣ ਲਈ, ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਣ ਦੀ ਲੋੜ ਪੈਂਦੀ ਹੈ, ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਚਾਰ ਕਰਨਾ ਪਰਚਾਰ ਕੇ ਸਿੱਖਾਂ ਨੂੰ ਬੁਧੂ ਬਣਾ ਰਹੇ ਹਨ। ਸਿੱਖਾਂ ਦੇ ਸਮਝਣ ਦੀ ਗੱਲ ਹੈ ਕਿ ਇਹ ਉਨ੍ਹਾਂ ਦਾ ਗੁਰਮਤ ਪਰਚਾਰ ਨਹੀਂ, ਬਲਕਿ ਸਿੱਖਾਂ ਨੂੰ ਫਸਾਉਣ ਲਈ ਜਾਲ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ, ਉਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲਏ ਬਗੈਰ ਉਨ੍ਹਾਂ ਦੀ ਦੁਕਾਨਦਾਰੀ ਚਲ ਹੀ ਨਹੀਂ ਸਕਦੀ।
॥ ੨॥ ਹੇ ਮੇਰੀ ਮਾਂ, ਏਸੇ ਭਾਲ ਵਿੱਚ ਕਿ ਮੈਨੂੰ ਮੇਰਾ ਪਿਆਰਾ ਪ੍ਰੀਤਮ, ਵਾਹਿਗੁਰੂ ਕਿਵੇਂ ਮਿਲੇ? ਮੈਂ ਅਪਣਾ ਮਨ ਖੋਜਦਾ ਹਾਂ, ਤਨ ਦੀਆਂ ਗਿਆਨ ਇੰਦਰੀਆਂ ਖੋਜਦਾ ਹਾਂ। ਫਿਰ ਸਤਸੰਗਤ ਵਿੱਚ ਜੁੜ ਕੇ ਆਪ ਵੀ ਉਸ ਦੀ ਭਾਲ ਕਰਦਾ ਹਾਂ ਅਤੇ ਸਤ ਸੰਗੀਆਂ ਕੋਲੋਂ ਵੀ ਉਸ ਦੀ ਭਾਲ ਕਰਵਾਉਂਦਾ ਹਾਂ, ਕਿਉਂਕਿ ਉਹ ਪ੍ਰਭੂ ਸੰਗਤ ਵਿੱਚ ਹੀ ਵਸਦਾ ਹੈ।
॥ ੩॥ ਸਤਿਗੁਰੁ, ਪਰਮਾਤਮਾ ਹੀ ਮੇਰਾ ਪਿਆਰਾ ਪ੍ਰੀਤਮ ਹੈ, ਮੇਰਾ ਰਖਵਾਲਾ ਹੈ। ਹੇ ਪ੍ਰਭੂ ਅਸੀਂ ਤੇਰੇ ਅਣਜਾਣ ਬੱਚੇ ਹਾਂ, ਤੂੰ ਹੀ ਸਾਡੀ ਮਦਦ ਕਰ। ਪੂਰਾ ਗੁਰੁ, ਸਤਿਗੁਰੁ ਪਰਮਾਤਮਾ ਹੀ ਮੇਰਾ ਮਾਤਾ ਪਿਤਾ ਹੈ, ਸਭ ਕੁੱਝ ਹੈ। ਜੇ ਮੈਨੂੰ ਗੁਰ, ਸ਼ਬਦ ਗੁਰੂ ਮਿਲ ਜਾਵੇ, ਤਾਂ ਮੇਰਾ ਮਨ ਵੀ ਇਸ ਤਰ੍ਹਾਂ ਖਿੜ ਜਾਵੇਗਾ, ਜਿਵੇਂ ਜਲ ਨੂੰ ਮਿਲ ਕੇ ਕੰਵਲ ਫੁੱਲ ਖਿੜਦਾ ਹੈ।
॥ ੪॥ ਮੈਨੂੰ ਸ਼ਬਦ ਗੁਰੂ ਨੂੰ ਵੇਖੇ ਬਗੈਰ, ਸ਼ਬਦ ਦੀ ਵਿਚਾਰ ਕੀਤੇ ਬਗੈਰ, ਚੈਨ ਨਹੀਂ ਆਉਂਦੀ। ਪ੍ਰਭੂ ਵਿਛੋੜੇ ਤੋਂ ਪੈਦਾ ਹੋਈ, ਮਨ ਅਤੇ ਤਨ ਵਿਚਲੀ ਵੇਦਨਾ, ਪੀੜਾ ਗੁਰ ਸ਼ਬਦ ਦੇ ਵਿਛੋੜੇ ਨਾਲ ਹੋਰ ਵੱਧ ਜਾਂਦੀ ਹੈ।
ਹੇ ਹਰੀ ਮਿਹਰ ਕਰ, ਹੇ ਪ੍ਰਭੂ ਪਰਮਾਤਮਾ ਮੈਨੂੰ ਅਪਣੇ ਨਾਲ ਮੇਲ ਲੈ। ਹੇ ਦਾਸ ਨਾਨਕ ਆਖ, ਗੁਰ ਸ਼ਬਦ ਨੂੰ ਮਿਲ ਕੇ ਮੇਰਾ ਮਨ ਖਿੜ ਜਾਂਦਾ ਹੈ, ਕਿਉਂਕਿ ਸ਼ਬਦ ਗੁਰੂ ਦਇਆ ਕਰ ਕੇ, ਪਰਭੂ ਨੂੰ ਮਿਲਣ ਦਾ ਢੰਗ ਦੱਸ ਦਿੰਦਾ ਹੈ।
ਅਤੇ,
ਨਾਨਕ ਹਰਿ ਨਾਮ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ॥
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ॥
ਪੂਰੈ ਪੁਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ॥
ਗੁਰ ਪ੍ਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ॥
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ॥
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ॥
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ॥ ੨॥ (੯੦)
ਹੇ ਨਾਨਕ ਜਿਨ੍ਹਾਂ ਨੇ ਹਰ ਰੋਜ਼, ਲਗਾਤਾਰ ਪ੍ਰਭੂ ਵਿੱਚ ਲਿਵ ਜੋੜ ਕੇ ਉਸ ਦਾ ਨਾਮ ਅਰਾਧਿਆ ਹੈ, ਉਸ ਦਾ ਹੁਕਮ ਮੰਨਿਆ ਹੈ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹੇ ਹਨ, ਮਾਇਆ ਜੋ ਕਿ ਸਾਰੀ ਦੁਨੀਆਂ ਨੂੰ ਪ੍ਰਭੂ ਵਲੋਂ ਭਟਕਾ ਰਹੀ ਹੈ, ਅਸਲ ਵਿੱਚ ਉਹ ਵੀ ਅਪਣੇ ਖਸਮ, ਮਾਲਕ, ਪ੍ਰਭੂ ਦੀ ਬੰਦੀ, ਗੁਲਾਮ ਹੈ, ਉਹ ਅਜਿਹੇ ਪੁਰਸ਼ਾਂ ਅੱਗੇ ਕੇਰ ਕਮਾਉਂਦੀ ਹੈ, ਉਨ੍ਹਾਂ ਦੀ ਅਧੀਨਗੀ ਵਿੱਚ ਚਲਦੀ ਹੈ। ਕਿਉਂਕਿ ਪੂਰੇ ਪ੍ਰਭੂ ਨੈ ਉਨ੍ਹਾਂ ਨੂੰ ਅਪਣੇ ਹੁਕਮ ਵਿੱਚ ਸਵਾਰ ਕੇ, ਅਪਣੇ ਵਾਙ ਪੂਰਾ ਕਰ ਦਿੱਤਾ ਹੈ।
ਜਿਨ੍ਹਾਂ ਨੇ ਉਸ ਪੂਰਨ ਪ੍ਰਭੂ ਨੂੰ, ਗੁਰ ਸ਼ਬਦ ਦੀ ਬਖਸ਼ਿਸ਼ ਆਸਰੇ, ਸ਼ਬਦ ਵਿਚਾਰ ਨਾਲ ਬੁਝ ਲਿਆ ਹੈ, ਸਮਝ ਲਿਆ ਹੈ, ਉਨ੍ਹਾਂ ਨੇ ਮਾਇਆ ਤੋਂ ਮੁਕਤੀ, ਛੁਟਕਾਰੇ ਦਾ ਦਰ, ਪ੍ਰਭੂ ਦਾ ਦੁਆਰਾ ਪਾ ਲਿਆ ਹੈ, ਉਸ ਤੱਕ ਪਹੁੰਚ ਗਏ ਹਨ। ਪਰ ਮਨਮੁਖ, ਅਪਣੇ ਮਨ ਦੀਆਂ ਚਤਰਾਈਆਂ ਆਸਰੇ ਚਲਣ ਵਾਲੇ, ਪ੍ਰਭੂ ਦਾ ਹੁਕਮ ਨਹੀਂ ਪਛਾਣਦੇ, ਉਨ੍ਹਾਂ ਨੂੰ ਜ਼ਾਲਮ ਜਮ ਮਾਰਦਾ ਹੈ, ਉਨ੍ਹਾਂ ਨੂੰ ਅਪਣੇ ਕੀਤੇ ਦਾ ਲੇਖਾ ਭੁਗਤਣਾ ਪੈਂਦਾ ਹੈ।
ਜਿਨ੍ਹਾਂ ਨੇ ਗੁਰੂ ਸ਼ਬਦ ਦੇ ਗਿਆਨ ਆਸਰੇ, ਉਸ ਦੀ ਦਿਤੀ ਸੋਝੀ ਅਨੁਸਾਰ ਚਲ ਕੇ ਪ੍ਰਭੂ ਨੂੰ ਅਰਾਧਿਆ ਹੈ, ਉਸ ਦੇ ਹੁਕਮ ਵਿੱਚ ਚਲੇ ਹਨ, ਉਹ ਦੁਨੀਆਂ ਦੀ ਘੁੰਮਣ ਘੇਰੀ ਤੋਂ ਪਾਰ ਹੋ ਗਏ ਹਨ, ਪ੍ਰਭੂ ਨੂੰ ਮਿਲ ਗਏ ਹਨ। ਬਖਸ਼ਣਹਾਰ ਗੁਰੁ, ਪਰਮਾਤਮਾ ਨੇ ਅਜਿਹੇ ਬੰਦਿਆਂ ਦੇ ਸਾਰੇ ਅਉਗਣ ਮਿਟਾ ਕੇ, ਖਤਮ ਕਰ ਕੇ ਉਨ੍ਹਾਂ ਨੂੰ ਗੁਣ ਵਾਲੇ ਕਰ ਦਿੱਤਾ ਹੈ। ਹੁਣ ਉਨਹਾਂ ਦੇ ਸਾਰੇ ਲੇਖੇ ਜੋਖੇ ਮੁੱਕ ਗਏ ਹਨ, ਉਨ੍ਹਾਂ ਕੋਲੋਂ ਲੇਖਾ ਲੈਣ ਵਾਲਾ ਕੋਈ ਨਹੀਂ ਹੈ।
ਅਤੇ,
ਗੁਰ ਪਰਸਾਦਿ ਨਾਮਿ ਮਨੁ ਲਾਗਾ॥ ਜਨਮ ਜਨਮ ਕਾ ਸੋਇਆ ਜਾਗਾ॥
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ॥ ਪੂਰੇ ਗੁਰ ਕੀ ਸੁਮਤਿ ਪਰਾਣੀ॥ ੧॥
ਪ੍ਰਭ ਸਿਮਰਤ ਕੁਸਲ ਸਭਿ ਪਾਏ॥ ਘਰਿ ਬਾਹਰਿ ਸੁਖ ਸਹਿਜ ਸੁਬਾਏ॥ ੧॥ ਰਹਾਉ॥ (੧੮੪)
ਸੋਈ ਪਛਾਤਾ ਜਿਨਹਿ ਉਪਾਇਆ॥ ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ॥
ਬਾਹ ਪਕਰਿ ਲੀਨੋ ਕਰਿ ਅਪਨਾ॥ ਹਰਿ ਹਰਿ ਕਥਾ ਸਦਾ ਜਪੁ ਜਪਨਾ॥ ੨॥
ਮੰਤ੍ਰ ਤੰਤ੍ਰ ਅਉਖਦੁ ਪੁਨਹਚਾਰੁ॥ ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ॥
ਸਾਚਾ ਧਨੁ ਪਾਇਓ ਹਰਿ ਰੰਗਿ॥ ਦੁਤਰੁ ਤਰੇ ਸਾਧ ਕੈ ਸੰਗਿ॥ ੩॥
ਸੁਖਿ ਬੈਸਹੁ ਸੰਤ ਸਜਨ ਪਰਵਾਰੁ॥ ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ॥
ਜਿਸਹਿ ਪਰਾਪਤਿ ਤਿਸੁ ਗੁਰੁ ਦੇਇ॥ ਨਾਨਕ ਬਿਰਥਾ ਕੋਇ ਨ ਹੇਇ॥ ੪॥ ੨੭॥ (੧੮੫)
॥ ਰਹਾਉ॥ ਗੁਰੂ ਸਾਹਿਬ ਸੇਧ ਦਿੰਦੇ ਹਨ ਕਿ ਜਿਸ ਬੰਦੇ ਨੇ ਪ੍ਰਭੂ ਦਾ ਸਿਮਰਨ ਕੀਤਾ, ਉਸ ਦੇ ਹੁਕਮ ਵਿੱਚ ਚਲਿਆ, ਉਸ ਨੇ ਸਾਰੇ ਸੁਖਾਂ ਨੂੰ ਪਰਾਪਤ ਕਰ ਲਿਆ। ਉਸ ਲਈ ਇਸ ਸੰਸਾਰ ਵਿੱਚ ਵੀ ਸਹਿਜ ਅਡੋਲਤਾ ਹੋ ਗਈ ਅਤੇ ਇਸ ਜੀਵਨ ਮਗਰੋਂ ਵੀ ਪ੍ਰਭੂ ਦੇ ਮਿਲਾਪ ਦਾ ਅਨੰਦ ਬਣ ਗਿਆ।
॥ ੧॥ ਜਿਸ ਮਨੁੱਖ ਦਾ ਮਨ ਗੁਰ (ਸ਼ਭਦ) ਦੀ ਕਿਰਪਾ ਨਾਲ, ਪ੍ਰਭੂ ਦੇ ਨਾਮ, ਹਰੀ ਦੇ ਹੁਕਮ ਵਿੱਚ ਗਿੱਝ ਜਾਂਦਾ ਹੈ, ਉਸ ਦਾ ਜਨਮ ਜਨਮਾਂਤਰਾਂ ਤੋਂ ਸੁੱਤਾ ਹੋਇਆ, ਅਗਿਆਨਤਾ ਵਿੱਚ ਭਟਕਿਆ ਹੋਇਆ ਮਨ, ਸੁਚੇਤ ਹੋ ਕੇ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ। ਜਿਸ ਪ੍ਰਾਣੀ ਨੂੰ ਪੂਰੇ ਗੁਰ, ਸ਼ਬਦ ਗੁਰੂ ਦੀ ਚੰਗੀ ਮੱਤ ਹਾਸਲ ਹੋ ਜਾਂਦੀ ਹੈ, ਉਹ ਅੰਮ੍ਰਿਤ, ਸਦੀਵੀ ਪ੍ਰਭੂ ਦੇ ਗੁਣਾਂ ਦੀ ਸਿਫਤ ਸਾਲਾਹ ਕਰਦਾ ਰਹਿੰਦਾ ਹੈ।
॥ ੨॥ ਪਰਮਾਤਮਾ ਨੇ ਜਿਸ ਮਨੁੱਖ ਤੇ ਮਿਹਰ ਕਰ ਕੇ, ਉਸ ਨੂੰ ਅਪਣੇ ਨਾਲ ਜੋੜ ਲਿਆ, ਉਸ ਨੂੰ ਅਪਣੇ ਹੁਕਮ ਦੀ ਸੋਝੀ ਦੇ ਦਿੱਤੀ, ਉਸ ਬੰਦੇ ਨੇ ਉਸ ਸ਼ਕਤੀ ਨੂੰ ਪਛਾਣ ਲਿਆ, ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ। ਜਿਸ ਕਰਤਾਰ ਨੇ ਅਣਜਾਣ ਬੰਦੇ ਨੂੰ, ਆਪ ਉਂਗਲੀ ਫੜਾ ਕੇ ਅਪਣੇ ਮਾਰਗ ਤੇ ਤੋਰ ਲਿਆ, ਉਹ ਹਮੇਸ਼ਾ ਵਾਹਿਗੁਰੂ ਦੀ ਵਡਿਆਈ ਦੀਆਂ ਹੀ ਗੱਲਾਂ ਕਰਦਾ ਅਤੇ ਵਿਚਾਰਦਾ ਰੰਿਦਾ ਹੈ।
॥ ੩॥ ਜਿਹੜਾ ਮਨੁੱਖ ਹਮੇਸ਼ਾ ਕਰਤਾਰ ਦੀ ਵਡਿਆਈ ਨਾਲ ਜੁੜਿਆ ਰਹਿੰਦਾ ਹੈ, ਉਸ ਦੇ ਪ੍ਰਾਣਾਂ ਦਾ ਆਸਰਾ, ਹਰੀ ਦਾ ਨਾਮ, ਹਰੀ ਦਾ ਹੁਕਮ ਹੀ ਬਣ ਜਾਂਦਾ ਹੈ। ਉਸ ਦਾ, ਆਤਮ ਉਨਤੀ ਹਾਸਲ ਕਰਨ ਲਈ, ਪਰਮਾਤਮਾ ਦੀ ਰਜ਼ਾ ਵਿੱਚ ਚਲਣਾ ਹੀ, ਮੰਤ੍ਰ ਜਾਪ ਹੈ, ਜਾਦੂ-ਟੂਣਾ ਹੈ, ਪ੍ਰਾਇਸਚਿਤ ਕਰਮ ਹੈ। ਉਸ ਨੂੰ ਪ੍ਰਭੂ ਦੀ ਚਾਹਤ ਦਾ ਸੱਚਾ ਰੰਗ ਚੜ੍ਹ ਜਾਂਦਾ ਹੈ, ਉਹ ਸਾਧ ਸੰਗਤ, ਸਤਸੰਗਤ ਵਿੱਚ ਜੁੜ ਕੇ, ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ, ਘੁਮਣਘੇਰੀ ਵਿਚੋਂ ਪਾਰ ਲੰਘ ਜਾਂਦਾ ਹੈ।
॥ ੪॥ ਹੇ ਸੰਤ ਜਨੋ, ਸਤਸੰਗੀਉ ਆਪਸੀ ਮੇਰ ਤੇਰ ਤਿਆਗ ਕੇ, ਇੱਕ ਪਰਵਾਰ ਵਾਙ ਆਨੰਦ ਪੂਰਵਕ ਜੁੜ ਬੈਠੋ। ਜੋ ਇਸ ਤਰ੍ਹਾਂ ਜੁੜ ਬੈਠਦਾ ਹੈ, ਉਹ ਹਰੀ ਨਾਮ ਦਾ ਉਹ ਧਨ ਖੱਟ ਲੈਂਦਾ ਹੈ, ਹਰੀ ਦੀ ਰਜ਼ਾ ਵਿੱਚ ਚੱਲਣ ਦੀ ਉਹ ਕਮਾਈ ਕਰ ਲੈਂਦਾ ਹੈ, ਜਿਸ ਬਾਰੇ ਕੋਈ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ ਹੈ।
ਹੇ ਨਾਨਕ, ਜਿਸ ਦੇ ਭਾਗਾਂ ਵਿੱਚ (ਪੂਰਬਲੇ ਕਰਮਾਂ ਅਨੁਸਾਰ) ਇਹ ਧਨ ਲਿਖਿਆ ਹੁੰਦਾ ਹੈ, ਗੁਰੁ, ਪਰਮਾਤਮਾ ਉਸ ਨੂੰ ਇਸ ਧਨ ਦੀ ਆਪ ਬਖਸ਼ਿਸ਼ ਕਰਦਾ ਹੈ। ਕੋਈ ਵੀ ਮਨੁੱਖ ਇਸ ਬਖਸ਼ਿਸ਼ ਤੋਂ ਵਾਂਝਾ ਨਹੀਂ ਰਹਿੰਦਾ।
ਇਸ ਵਿੱਚ ਆਪਾਂ ਵੇਖਿਆ ਹੈ ਕਿ, ਜਿਸ ਮਨੂਖ ਦੇ ਭਾਗਾਂ ਵਿੱਚ ਨਾਮ ਧਨ ਲਿਖਿਆ ਹੁੰਦਾ ਹੈ, ਉਸ ਤੇ ਮਿਹਰ ਕਰ ਕੇ ਅਪਣੇ ਨਾਮ ਨਾਲ ਜੋੜਦਾ ਹੈ, ਨਾਮ ਬਾਰੇ, ਹੁਕਮ ਬਾਰੇ ਸੋਝੀ ਦੇਣ ਵਾਲੇ, ਸ਼ਬਦ ਗੁਰੂ ਨਾਲ ਜੋੜਦਾ ਹੈ। ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ, ਸ਼ਬਦ ਵਿਚਾਰ ਨਾਲ ਹਾਸਲ ਕੀਤੇ ਗਿਆਨ ਆਸਰੇ, ਉਸ ਬੰਦੇ ਦਾ ਜਨਮਾਂ ਜਨਮਾਂ ਤੋਂ ਸੁੱਤਾ ਮਨ, ਗਫਲਤ ਵਿੱਚ ਪਿਆ ਮਨ, ਸੁਚੇਤ ਹੋ ਕੇ, ਪਰਭੂ ਦੇ ਨਾਮ ਨਾਲ ਜੁੜਦਾ ਹੈ, ਉਸ ਦੀ ਰਜ਼ਾ ਵਿੱਚ ਚਲਦਾ ਹੈ। ਜਿਸ ਆਸਰੇ ਕਰਤਾਰ, ਉਸ ਤੇ ਬਖਸ਼ਿਸ਼ ਕਰ ਕੇ ਅਪਣੇ ਨਾਲ ਇੱਕ ਮਿਕ ਕਰ ਲੈਂਦਾ ਹੈ, ਭਵਜਲ ਵਿਚੋਂ, ਜਨਮ ਮਰਨ ਦੇ ਗੇੜ ਵਿਚੋਂ ਬਾਹਰ ਕੱਢ ਲੈਂਦਾ ਹੈ। ਇਹੀ ਜ਼ਿੰਦਗੀ ਦੀ ਬਾਜ਼ੀ ਜਿੱਤਣ ਦਾ ਇੱਕ ਮਾਤ੍ਰ ਸਹੀ ਰਸਤਾ ਹੈ। ਨਾਨਕ ਜੋਤ ਅਤੇ ਭਗਤਾਂ ਨੇ, ਅਪਣੇ ਆਪ ਨੂੰ ਵੀ ਕਦੀ ਸਿੱਖ ਅਤੇ ਵਾਹਿਗੁਰੂ ਦੇ ਵਿਚਾਲੇ ਨਹੀਂ ਰੱਖਿਆ, ਫਿਰ ਸਿ ੱਖਾਂ ਅਤੇ ਵਾਹਿਗੁਰੂ ਦੇ ਵਿਚਾਲੇ, ਇਹ ਹਜ਼ਾਰਾਂ ਅਖੌਤੀ ਸੰਤ, ਬ੍ਰਹਮਗਿਆਨੀਆਂ ਦੀ ਭੀੜ, ਕਿਵੇਂ, ਕਿਸ ਸਿਧਾਂਤ ਦੇ ਆਧਾਰ ਤੇ ਆ ਖੜੀ ਹੋਈ ਹੈ? ਸਿੱਖਾਂ ਨੂੰ ਇਸ ਬਾਰੇ ਸੋਚਣ ਅਤੇ ਇਨ੍ਹਾਂ ਨੂੰ ਨਕਾਰਨ ਦੀ ਲੋੜ ਹੈ।
ਅਤੇ,
ਛਾਡਿ ਸਿਆਨਪ ਬਹੁ ਚਤੁਰਾਈ॥ ਗੁਰ ਪੂਰੇ ਕੀ ਟੇਕ ਟਿਕਾਈ॥ ੧॥
ਦੁਖ ਬਿਨਸੇ ਸੁਖ ਹਰਿ ਗੁਣ ਗਾਇ॥ ਗੁਰੁ ਪੂਰਾ ਭੇਟਿਆ ਲਿਵ ਲਾਇ॥ ੧॥ ਰਹਾਉ॥
ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ॥ ਮਿਟੇ ਵਿਸੂਰੇ ਉਤ੍ਰੀ ਚਿੰਤ॥ ੨॥
ਅਨਦ ਭਏ ਗੁਰ ਮਿਲਤ ਕ੍ਰਿਪਾਲ॥ ਕਰਿ ਕਿਰਪਾ ਕਾਟੇ ਜਮ ਜਾਲ॥ ੩॥
ਕਹੁ ਨਾਨਕ ਗੁਰੁ ਪੂਰਾ ਪਾਇਆ॥ ਤਾ ਤੇ ਬਹੁਰਿ ਨ ਬਿਆਪੈ ਮਾਇਆ॥ ੪॥ ੫੩॥ (੧੯੦)
॥ ਰਹਾਉ॥ ਹਰੀ, ਪਰਮਾਤਮਾ, ਕਰਤਾਰ ਦੇ ਗੁਣਾਂ ਦੀ ਵਡਿਆਈ ਕਰਨ ਨਾਲ, ਵਿਚਾਰਨ ਨਾਲ ਦੁਖ ਖਤਮ ਹੋ ਜਾਂਦੇ ਹਨ, ਬੰਦਾ ਸੁਖੀ ਹੋ ਜਾਂਦਾ ਹੈ।
ਥੋੜ੍ਹਾ ਵਿਚਾਰ ਕਰਨਾ ਲਾਹੇ ਵੰਦ ਹੋਵੇਗਾ ਕਿ ਦੁਖ ਅਤੇ ਸੁਖ ਹਨ ਕੀ ਚੀਜ਼? ਗੁਰਬਾਣੀ ਸੇਧ ਦਿੰਦੀ ਹੈ,
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥
ਸੁਖੁ ਦੁਖੁ ਦੁਇ ਦਰ ਕਪੜੇ ਪਹਿਰਹਿ ਜਾਇ ਮਨੁਖ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ ੨॥ (੧੪੯)
ਹੇ ਨਾਨਕ ਜੋ ਮਨੁੱਖ ਦੁਖ ਦੀ ਥਾਂ, ਸੁਖ ਮੰਗਦੇ ਹਨ, ਉਹ ਵਿਅਰਥ ਝੱਖ ਮਾਰਦੇ ਹਨ, ਬਿਨਾ ਮਤਲਬ ਸਿਰ ਖਪਾਈ ਕਰ ਰਹੇ ਹਨ। ਜਿਸ ਤਰ੍ਹਾਂ ਬੰਦਾ ਸਰੀਰ ਤੇ ਕਪੜੇ ਪਾਉSਦਾ ਹੈ, ਅਤੇ ਉਨ੍ਹਾਂ ਨੂੰ ਬਦਲਦਾ ਰਹਿੰਦਾ ਹੈ, ਇਹ ਵੀ ਰੱਬ ਦੇ ਦਰ ਤੋਂ ਸਰੀਰ ਦੇ ਹੰਢਾਉਣ ਲਈ ਦੁਖ ਅਤੇ ਸੁਖ ਦੋ ਕਪੜੇ ਮਿਲੇ ਹੋਏ ਹਨ, ਜਿਨ੍ਹਾਂ ਨੂੰ ਬੰਦਾ ਸਾਰੀ ਉਮਰ ਬਦਲ ਬਦਲ ਕੇ ਹੰਢਾਉਂਦਾ ਰਹਿੰਸਾ ਹੈ। ਬੰਦੇ ਦੀ ਜ਼ਿੰਦਗੀ ਵਿੱਚ ਸੁਖ ਅਤੇ ਦੁਖ ਆਉਂਦੇ ਜਾਂਦੇ ਰਹਿੰਦੇ ਹਨ। ਕੋਈ ਬੰਦਾ ਅਜਿਹਾ ਨਹੀਂ ਹੈ, ਜਿਸ ਦੀ ਜ਼ਿੰਦਗੀ ਵਿੱਚ ਸਿਰਫ ਸੁਖ ਜਾਂ ਸਿਰਫ ਦੁਖ ਵਾਪਰਦੇ ਹੋਣ।
ਗੁਰੂ ਦੀ ਸਿਖਿਆ ਸਾਮ੍ਹਣੇ ਹੋਣ ਤੇ ਵੀ, ਸਿੱਖ ਇਸ ਪਰਾਕਿਰਤਕ ਕਿਰਿਆ ਨੂੰ ਮੰਨ ਕੇ ਰਾਜ਼ੀ ਨਹੀਂ ਹਨ, ਹਰ ਵੇਲੇ ਪਰਮਾਤਮਾ ਅੱਗੇ ਸੁਖ ਦੀਆਂ ਅਰਦਾਸਾਂ ਕਰ ਕਰ ਕੇ ਝੱਖ ਮਾਰਦੇ ਰਹਿੰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੀ ਝੱਖ ਮਾਰ ਕੇ, ਪ੍ਰਭੂ ਵਲੋਂ ਬੇਪਰਤੀਤੇ ਹੋਣ ਨਾਲੋਂ, ਚੁਪ ਰਹਿਣਾ, ਉਸ ਦੀ ਰਜ਼ਾ ਵਿੱਚ ਖੁਸ਼ੀ ਨਾਲ ਚਲਣਾ ਚਾਹੀਦਾ ਹੈ।
ਇਸ ਪ੍ਰਥਾਏ ਹੀ ਗੁਰਬਾਜ਼ੀ ਵਿੱਚ ਲਿਖਿਆ ਹੈ,
ਸੁਖੁ ਮਾਂਗਤ ਦੁਖੁ ਆਗਲ ਹੋਇ॥ ਸਗਲ ਵਿਕਾਰੀ ਹਾਰੁ ਪਰੋਇ॥
ਏਕ ਬਿਨਾ ਝੂਠੇ ਮੁਕਤ ਨਾ ਹੋਇ॥ ਕਰਿ ਕਰਿ ਕਰਤਾ ਦੇਖੈ ਸੋਇ॥ ੩॥ (੨੨੨)
ਸੁਖ ਦੀ ਚਾਹ ਵਿੱਚ ਦੁਖ ਹੋਰ ਵੱਧ ਮਹਿਸੂਸ ਹੁੰਦੇ ਹਨ। ਸੁਖ ਦੀ ਚਾਹ ਵਿੱਚ ਹੀ ਬੰਦਾ ਦੁਨਿਆਵੀ ਪਦਾਰਥਾਂ ਪਿੱਛੇ ਭੱਜਦਾ, ਅਪਣੇ ਸਿਰ ਤੇ ਵਿਕਾਰਾਂ ਦੀ ਪੰਡ ਚੁਕੀ ਫਿਰਦਾ ਹੈ, ਵਿਕਾਰਾਂ ਵਿੱਚ ਹੋਰ-ਹੋਰ ਫਸਦਾ ਜਾਂਦਾ ਹੈ। ਇੱਕ ਸੱਚ ਨਾਲ ਜੁੜੇ ਬਗੈਰ, ਦੁਨੀਆਵੀ ਝੂਠੇ ਪਦਾਰਥਾਂ ਆਸਰੇ, ਬੰਦਾ ਦੁਖ ਤੋਂ ਮੁਕਤ ਨਹੀਂ ਹੋ ਸਕਦਾ। ਉਹ ਕਰਤਾਰ ਆਪ ਹੀ, ਇਹ ਖੇਡ ਰਚ-ਰਚ ਕੇ, ਆਪ ਹੀ ਇਸ ਦੀ ਸਾਰ ਸੰਭਾਲ ਕਰ ਰਿਹਾ ਹੈ।
ਇਸ ਬਾਰੇ ਹੀ ਗੁਰਬਾਣੀ ਇਵੇਂ ਵੀ ਸੇਧ ਦਿੰਦੀ ਹੈ,
ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ॥ (੩੩੦)
ਮੈਨੂੰ ਉਹ ਸੁਖ ਮੰਗਣਾ ਚੰਗਾ ਨਹੀਂ ਲਗਦਾ, ਜਿਸ ਸੁਖ ਪਿਛੋਂ ਫਿਰ ਦੁਖ ਅਗੇ ਆ ਜਾਵੇ। ਅਤੇ,
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ॥ ੫॥ (੫੭)
ਸੰਸਾਰ ਵਿੱਚ ਹਰ ਜੀਵ ਸੁਖ ਹੀ ਮੰਗਦਾ ਹੈ, ਦੁਖ ਕੋਈ ਨਹੀਂ ਮਮਗਦਾ। ਪਰ ਮਨਮੁਖ ਲੋਕ, ਅਪਣੀ ਹੀ ਮੱਤ ਪਿਛੇ ਚਲਣ ਵਾਲੇ ਲੋਕ ਇਹ ਨਹੀਂ ਬੁਝ ਪਾਉਂਦੇ, ਨਹੀਂ ਸਮਝ ਪਾਉਂਦੇ ਕਿ ਉਹ ਜਿਨ੍ਹਾਂ ਦੁਨਿਆਵੀ ਸੁਖਾਂ ਦੀ ਲੋਚਾ ਕਰਦੇ ਹਨ, ਜਿਨ੍ਹਾਂ ਲਈ ਦੌੜ-ਭੱਜ ਕਰਦੇ ਹਨ, ਉਨ੍ਹਾਂ ਸੁਖਾਂ ਨੂੰ ਤਾਂ ਦੁਖ ਰੂਪ ਫੱਲ ਬਹੁਤ ਲਗਦੇ ਹਨ, ਕਿਉਂਕਿ ਉਨ੍ਹਾਂ ਸੁਖਾਂ ਦਾ ਤਾਂ ਮੂਲ ਹੀ, ਤ੍ਰਿਸ਼ਨਾ ਅਤੇ ਬੇਈਮਾਨੀ ਹੈ। ਪਰਾਇਆ ਹੱਕ ਮਾਰਨਾ ਹੈ, ਜਿਨ੍ਹਾਂ ਦਾ ਫੱਲ ਹੀ ਦੁਖ ਹੈ। ਇਸ ਭੱਜ ਦੌੜ ਪਿਛੇ, ਪ੍ਰਭੂ ਨੂੰ ਵਿਸਾਰਨਾ ਪੈਂਦਾ ਹੈ। ਪ੍ਰਭੂ ਨੂੰ ਵਿਸਾਰਨਾ ਹੀ ਸਦੀਵੀ ਦੁਖ ਹੈ। ਪਰਮਾਤਮਾ ਦੀ ਬਖਸ਼ਿਸ਼, ਦੁਖ ਅਤੇ ਸੁਖ, ਇੱਕ ਸਮਾਨ ਕਰ ਕੇ ਜਾਨਣੇ ਚਾਹੀਦੇ ਹਨ। ਅਸਲੀ ਸੁਖ ਤਦ ਹੀ ਮਿਲਦਾ ਹੈ ਜਦ ਸ਼ਬਦ ਵਿਚਾਰ ਰਾਹੀਂ, ਮਨ ਨੂੰ ਸਮਝਾ ਲਿਆ ਜਾਵੇ ਕਿ ਦੁਖ ਅਤੇ ਸੁਖ ਹੀ ਜਿੰਦਗੀ ਦੇ ਦੋ ਪਹਿਲੂ ਹਨ। ਜਦ ਬੰਦਾ ਇਹ ਸਮਝ ਲੈਂਦਾ ਹੈ, ਫਿਰ ਉਸ ਨੂੰ ਦੁਖ ਸਤਾਉਂਦਾ ਨਹੀਂ, ਜਰ ਵੇਲੇ ਸੁਖ ਹੀ ਜਾਪਦਾ ਹੈ। ਗੁਰਬਾਣੀ ਫੁਰਮਾਨ ਹੈ,
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ॥
ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ॥ ੧॥ ਰਹਾਉ॥ (੮੧੩)
ਮਨੁੱਖ ਨੂੰ ਤਦ ਹੀ ਦੁਖ ਵਾਪਰਦਾ ਹੈ, ਜਦ ਉਹ ਪ੍ਰਭੂ ਨੂੰ ਭੁੱਲ ਜਾਂਦਾ ਹੈ, ਓਸੇ ਬੰਦੇ ਨੂੰ ਪ੍ਰਭੂ ਚੇਤੇ ਆਉਣ ਨਾਲ ਸੁਖ ਮਿਲਦਾ ਹੈ। ਸੰਤ, ਸਤਸੰਗੀ ਹਮੇਸ਼ਾ ਪਰਮਾਤਮਾ ਦੀ ਵਡਿਆਈ ਦੇ ਗੁਣ ਗਾਉਂਦੇ ਹਨ, ਇਸ ਨਾਲ ਹੀ ਉਨ੍ਹਾਂ ਦੇ ਹਿਰਦੇ ਵਿੱਚ ਸਦੀਵੀ ਆਨੰਦ ਬਣਿਆ ਰਹਿੰਦਾ ਹੈ।
ਅਤੇ,
ਬਿਰਥਾ ਕਹਉ ਕਉਨ ਸਿਉ ਮਨ ਕੀ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਉ ਧਨ ਕੀ॥ ੧॥ ਰਹਾਉ॥
ਸੁਖ ਕੈ ਹੇਤ ਬਹੁਤ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ॥ ੨॥ ੧॥ (੪੧੧)
॥ ਰਹਾਉ॥ ਹੇ ਭਾਈ ਮੈਂ ਮਨ ਦੀ ਹਾਲਤ ਕਿਸ ਨੂੰ ਦੱਸਾਂ? ਜੋ ਇਸ ਦੀ ਹਾਲਤ ਚੰਗੀ ਹੋ ਸਕੇ, ਇਹ ਸੁਧਰ ਸਕੇ। ਲੋਭ ਵਿੱਚ ਫਸਿਆ ਇਹ ਮਨ, ਦਸੀਂ ਪਾਸੀਂ, ਹਰ ਪਾਸੇ ਭਟਕਦਾ ਰਹਿੰਦਾ ਹੈ। ਹਰ ਵੇਲੇ ਇਸ ਨੂੰ ਧਨ ਇਕੱਠਾ ਕਰਨ ਦੀ ਤ੍ਰਿਸ਼ਨਾ ਲੱਗੀ ਰਹਿੰਦੀ ਹੈ।
॥ ੧॥ ਸੁਖ ਦੀ ਚਾਹ ਵਿਚ, (ਕਿਉਂਕਿ ਇਹ ਦੁਨਿਆਵੀ ਸੁਖਾਂ ਨੂੰ ਹੀ ਅਸਲੀ ਸੁਖ ਸਮਝੀ ਬੈਠਾ ਹੈ) ਇਹ ਜਣੇ-ਖਣੇ ਦੀ ਸੇਵਾ, ਖੁਸ਼ਾਮਦ ਕਰਦਾ ਰਹਿੰਦਾ ਹੈ। ਪਰ ਦੁਨਿਆਵੀ ਸੁਖ ਅਸਲੀ ਸੁਖ ਨਾ ਹੋਣ ਕਾਰਨ




.