.

ੴ ਸਤਿ ਗੁਰ ਪ੍ਰਸਾਦਿ
ਜਾਗਰੂਕ ਪੰਥਿਕ ਧਿਰ ਕਿਹੜੀ?

ਸਿੱਖੀ ਵਿੱਚ ਅੱਜ ਜਿਥੇ, ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਦੇ ਵਾਰਸਾਂ ਦੇ ਹੰਭਲੇ ਨਾਲ ਜਾਗ੍ਰਿਤੀ ਆਈ ਹੈ, ਆ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ, ਸਿੱਖੀ ਦੀ ਖੁਸ਼ਬੂ, ਰੌਸ਼ਨੀ ਚਾਰੇ ਪਾਸੇ ਫੈਲ ਰਹੀ ਹੈ, ਉਸ ਨਾਲ ਆਸ ਬੱਝ ਰਹੀ ਹੈ ਕਿ, ਬਹੁਤ ਲੰਮੇ ਸਮੇ ਮਗਰੋਂ ਸਿੱਖ, ਗੁਰਬਾਣੀ ਦੇ ਸਿਧਾਂਤ ਦੇ ਰੂ-ਬ-ਰੂ ਹੋ ਕੇ, ਉਸ ਅਨੁਸਾਰ ਅਪਣਾ ਜੀਵਨ ਢਾਲ ਕੇ, ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰ ਕੇ, ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਗੇ। ਜਿਸ ਵਿੱਚ ਆਦਮੀ ਨੂੰ ਹਰ ਵੇਲੇ ਦੀ ਭੱਜ ਦੌੜ, ਅਸ਼ਾਨਤੀ, ਚਿੰਤਾਵਾਂ ਤੋਂ ਮੁਕਤੀ ਮਿਲ ਕੇ, ਸ਼ਾਂਤੀ ਦਾ ਜੀਵਨ ਬਿਤਾਉਣ ਦਾ ਮੌਕਾ ਮਿਲੇਗਾ। ਦੂਸਰੇ ਪਾਸੇ ਸੰਸਾਰ ਨੂੰ ਵੀ ਗੁਰਮਤ ਸਿਧਾਂਤਾਂ ਦੀ ਸੋਝੀ ਹੋਵੇਗੀ, ਜੋ ਸੰਸਾਰ ਵਿਚਲੀ ਅਸਥਿਰਤਾ ਦੂਰ ਕਰਨ ਦਾ ਇਕੋ ਇੱਕ ਵਸੀਲਾ ਹੈ।
ਪਰ ਇੱਕ ਗੱਲ ਜਿਸ ਵਲ ਸਿੱਖਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ, ਉਹ ਇਹ ਹੈ ਕਿ ਕੁੱਝ ਸਮੇ ਵਿੱਚ ਹੀ (ਤਕਰੀਬਨ ੨੦ ਸਾਲ ਵਿਚ) ਬਹੁਤ ਸਾਰੀਆਂ ਜਾਗਰੂਕ ਮੰਨੀਆਂ ਜਾਂਦੀਆਂ, ਪੰਥਿਕ ਧਿਰਾਂ ਦਾ ਵੀ ਜਨਮ ਹੋਇਆ ਹੈ। ਹਾਲਾਂਕਿ ਇਸ ਨੂੰ ਖੁਸ਼ੀ ਦੀ ਗੱਲ ਹੀ ਮੰਨਿਆ ਜਾਣਾ ਚਾਹੀਦਾ ਹੈ, ਪਰ ਹਾਲਾਤ ਅਜਿਹਾ ਮੰਨਣ ਦੀ ਇਜਾਜ਼ਤ ਨਹੀਂ ਦੇ ਰਹੇ। ਇਹਨਾ ਹਾਲਾਤ ਦਾ ਵਿਸਲੇਸ਼ਨ ਵੀ ਕਰ ਹੀ ਲੈਣਾ ਬਣਦਾ ਹੈ, ਤਾਂ ਜੋ ਕਿਸੇ ਸਹੀ ਨਿਰਣੇ ਤੇ ਪਹੁੰਚਿਆ ਜਾ ਸਕੇ।
ਪਿਛਲੇ ਵੀਹ ਸਾਲਾਂ ਵਿੱਚ ਬਹੁਤ ਜ਼ਿਆਦਾ ਜਾਗ੍ਰਿਤੀ ਆਉਣ ਮਗਰੋਂ ਵੀ, ਸਿੱਖਾਂ ਦੀ ਕਿਸੇ ਅੜਚਨ ਦਾ ਹੱਲ ਹੋਣਾ ਤਾਂ ਇੱਕ ਪਾਸੇ, ਅੜਚਨਾ ਵਿੱਚ ਲਗਾਤਾਰ ਹੋ ਰਿਹਾ ਵਾਧਾ ਇਹ ਸੰਦੇਸ਼ ਦੇ ਰਿਹਾ ਹੈ ਕਿ “ਸਭ ਕੁੱਝ ਠੀਕ ਨਹੀਂ ਹੈ, ਕਿਤੇ ਕੁੱਝ ਗੜਬੜ ਹੈ” ਇਹੀ ਚਿੰਤਾ ਦਾ ਅਸਲ ਵਿਸ਼ਾ ਹੈ।
ਅੱਜ ਦੇ ਮਾਹੌਲ ਵਿੱਚ ਸਿੱਖਾਂ ਦੀ ਇਹ ਹਾਲਤ ਹੈ ਕਿ ਇੱਕ ਸਿੱਖ ਦੂਸਰੇ ਸਿੱਖ ਤੇ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈ। ਕਿਉਂ? ਉਸ ਵਿਚਾਰੇ ਨਾਲ ਲਗਾਤਾਰ ਵਰਤਾਰਾ ਹੀ ਐਸਾ ਹੋ ਰਿਹਾ ਹੈ, ਜਿਸ ਆਸਰੇ ਉਸ ਨਾਲ ਧੋਖਾ ਹੋਇਆ ਹੈ ਅਤੇ ਹੋ ਰਿਹਾ ਹੈ। ਇਹ ਵਿਸ਼ਵਾਸ ਸਥਾਪਤ ਕੀਤੇ ਬਗੈਰ, ਸਿੱਖੀ ਦਾ ਕੁੱਝ ਭਲਾ ਹੋਣ ਵਾਲਾ ਨਹੀਂ। ਇਹ ਵਿਸ਼ਵਾਸ ਸਥਾਪਤ ਕਰਨ ਲਈ, ਇਸ ਦੇ ਕਾਰਣਾ ਤੇ ਵਿਚਾਰ ਕਰਨਾ ਉਹਨਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ।
ਗੱਲ ਤਾਂ ਸਦੀਆਂ ਪਹਿਲਾਂ ਸ਼ੁਰੂ ਹੋਈ ਸੀ ਅਤੇ ਲਗਾਤਾਰ ਚੱਲ ਰਹੀ ਹੈ, ਇਸ ਤੇ ਵਿਚਾਰ ਕਰਨ ਲਈ ਵੀ, ਜੇ ਮਹੀਨਾ-ਦੋ ਮਹੀਨੇ ਨਹੀਂ ਤਾਂ ਘੱਟੋ-ਘੱਟ ਹਫਤਾ ਦਸ ਦਿਨ ਤਾਂ ਲਗਣੇ ਹੀ ਹਨ, ਪਰ ਚਤਰ ਲੋਕਾਂ ਨੇ ਐਸਾ ਵਿਧੀ ਵਿਧਾਨ ਬਣਾ ਦਿੱਤਾ ਹੋਇਆ ਹੈ ਕਿ ਇਕੱਠ ਵਿੱਚ ਆਉ, ਲੈਕਚਰ ਸੁਣੋ ਅਤੇ ਘਰਾਂ ਨੂੰ ਚਲੇ ਜਾਵੋ। ਬਾਕੀ ਸਾਰਾ ਕੰਮ ਅਸੀਂ ਅੰਦਰ ਬੈਠੇ ਆਪੇ ਕਰਦੇ ਰਹਾਂਗੇ। ਇਸ ਢੰਗ ਨਾਲ ਵੀ ਆਮ ਆਦਮੀ ਨਾਲ ਧੋਖਾ ਹੀ ਹੋ ਰਿਹਾ ਹੈ। ਪਰ ਆਮ ਆਦਮੀ ਨੂੰ ਨਾ ਤਾਂ ਏਨੀ ਸੋਝੀ ਹੀ ਹੈ, ਨਾ ਹੀ ਉਸ ਨੂੰ ਅਪਣੀਆਂ ਉਲਝਣਾ ਵਿਚੋਂ ਵੇਹਲ ਹੀ ਹੈ।
ਨਾਨਕ ਸਿਧਾਂਤ ਨਾਲ ਜੋ ਧੋਖਾ, ਸਦੀਆਂ ਤੋਂ ਹੋ ਰਿਹਾ ਹੈ, ਉਸ ਨੂੰ ਖਤਮ ਕਰਨ ਲਈ ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਇੱਕ ਸਦੀ ਦੀ ਪਲੈਨਿੰਗ ਤਾਂ ਕਰਨੀ ਹੀ ਪਵੇਗੀ, ਪਰ ਇਸ ਸਭ ਕਾਸੇ ਦੇ ਸਾਧਨ ਵੀ ਉਹਨਾਂ ਲੋਕਾਂ ਕੋਲ ਹੀ ਹਨ, ਜੋ ਨਾਨਕ ਸਿਧਾਂਤ ਨਾਲ ਲਗਾਤਾਰ ਧੋਖਾ ਕਰ ਰਹੇ ਹਨ। ਉਹਨਾਂ ਕੋਲ ਇਸ ਸਮੱਸਿਆ ਤੇ ਵਿਚਾਰ ਕਰਨ ਲਈ ਸਮਾ ਨਹੀਂ ਹੈ। ਪਹਿਲਾਂ ਇਸ ਬਾਰੇ ਸਮਝ ਲਈਏ ਕਿ ਨਾਨਕ ਸਿਧਾਂਤ ਨਾਲ ਧੋਖਾ ਕੀ ਹੋ ਰਿਹਾ ਹੈ, ਜਿਸ ਆਸਰੇ ਸਿੱਖਾਂ ਵਿੱਚ ਅਵਿਸ਼ਵਾਸ ਵੱਧ ਰਿਹਾ ਹੈ?
ਗੱਲ ਚਲਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ, ਜਿਸ ਨੂੰ ਖਾਲਸਾ ਰਾਜ ਕਰ ਕੇ ਪਰਚਾਰਿਆਂ ਗਿਆ ਹੈ, ਜਿਸ ਦੇ ਏਨੇ ਗੁਣ ਗਾਣ ਹੋਏ ਅਤੇ ਹੋ ਰਹੇ ਹਨ ਕਿ ਉਸ ਬਾਰੇ ਕੁੱਝ ਕਹਿਣਾ ਵੀ ਸਿੱਖਾਂ ਨੂੰ, ਖਾਸ ਕਰ ਕੇ ਜਗੀਰ ਦਾਰਾਂ ਨੂੰ ਅਪਣੇ ਬਰਖਿਲਾਫ ਲਾਮ ਬੰਦ ਕਰ ਲੈਣ ਬਰਾਬਰ ਹੋ ਜਾਂਦਾ ਹੈ। ਪਰ ਮਜਬੂਰੀ ਹੈ, ਜੇ ਬਿਮਾਰੀ ਦੀ ਪਛਾਣ ਨਹੀਂ ਕਰਾਂਗੇ ਤਾਂ ਇਲਾਜ ਹੋਣਾ ਸੰਭਵ ਨਹੀਂ ਹੈ। ਉਹਨਾਂ ਬੰਦਿਆਂ ਨਾਲ ਇੰਨਸਾਫ ਹੋਣਾ ਸੰਭਵ ਨਹੀਂ ਹੈ, ਜੋ ਪੂਰੀ ਤਰ੍ਹਾਂ ਸਿੱਖੀ ਨੂੰ ਸਮੱਰਪਿਤ ਹੀ ਨਹੀਂ ਬਲਕਿ ਜੇ ਇਹ ਕਿਹਾ ਜਾਵੇ ਕਿ ਸਿੱਖੀ ਟਿਕੀ ਹੀ ਉਹਨਾਂ ਦੇ ਮੋਢਿਆਂ ਤੇ ਸੀ, ਤਾਂ ਇਸ ਵਿੱਚ ਵੀ ਕੁੱਝ ਗਲਤ ਨਹੀਂ ਹੈ। ਬਾਬਾ ਨਾਨਕ ਜੀ ਫਰਮਾਉਂਦੇ ਹਨ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥ (੧੫)
ਨਾਨਕ ਦੀ ਤਾਂਘ ਹੈ ਕਿ ਉਹਨਾਂ ਬੰਦਿਆਂ ਨਾਲ ਸਾਂਝ ਬਣਾਏ, ਜੋ ਨੀਵੀਂ ਤੋਂ ਵੀ ਨੀਵੀਂ ਜਾਤਿ ਦੇ ਹਨ, ਜੋ ਨੀਵਿਆਂ ਤੋ ਵੀ ਅਤਿ ਨੀਵੇਂ ਕਹੇ ਜਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਬਖਸ਼ਿਸ਼ ਦੀ ਨਜ਼ਰ ਓਥੇ ਹੀ ਹੁੰਦੀ ਹੈ, ਜਿੱਥੇ ਗਰੀਬਾਂ ਦੀ ਸਾਰ ਸੰਭਾਲ ਕੀਤੀ ਜਾਂਦੀ ਹੈ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਤਾਂਘ ਨੂੰ ਪੂਰਾ ਕਰਦਿਆਂ ਫੁਰਮਾਨ ਜਾਰੀ ਕਰਦੇ ਹਨ ਕਿ, ਅੱਜ ਤੋਂ ਜ਼ਿਮੀਦਾਰੀ ਪ੍ਰਥਾ ਖਤਮ, ਜੋ ਬੰਦਾ ਜਿਸ ਜ਼ਮੀਨ ਵਿੱਚ ਹਲ ਵਾਹ ਕੇ ਰੋਜ਼ੀ-ਰੋਟੀ ਕਮਾਉਂਦਾ ਹੈ, ਓਹੀ ਉਸ ਦਾ ਮਾਲਕ ਹੈ, ਉਸ ਦਾ ਧਰਮ, ਜਾਤ, ਗੋਤ, ਨਸਲ ਜੋ ਮਰਜ਼ੀ ਹੋਵੇ, ਆਉ ਅਤੇ ਖਾਲਸਾ ਰਾਜ ਕੋਲੋਂ ਅਪਣੀ ਜ਼ਮੀਨ ਦੇ ਅਪਣੇ ਨਾਮ ਦੇ ਪਟੇ ਲੈ ਜਾਵੋ। (ਇਹੀ ਕਾਰਨ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ ਕਰਨ ਦਾ। ਵੇਹਲੀਆਂ ਖਾਣ ਵਾਲੇ, ਕਦੇ ਵੀ ਨਾਨਕ ਜੋਤ ਦੇ ਸਿੱਖ ਨਹੀਂ ਬਣ ਸਕੇ, ਬਲਕਿ ਦਸਵੇਂ ਨਾਨਕ ਅੱਗੇ ਤਾਂ ਸਾਫ ਸ਼ਰਤ ਰੱਖੀ ਸੀ ਕਿ ਅਸੀਂ ਇਹਨਾ ਨੀਵੀਂ ਜਾਤੀ ਵਾਲਿਆ ਨਾਲ ਬੈਠ ਕੇ ਪਾਹੁਲ ਨਹੀਂ ਲੈ ਸਕਦੇ, ਸਾਡੇ ਲਈ ਅਲੱਗ ਪਾਹੁਲ ਤਿਆਰ ਕਰੋ।
ਦਸਵੇਂ ਨਾਨਕ ਦੇ ਮਨ੍ਹਾ ਕਰਨ ਤੇ ਇਹੀ ਲੋਕ ਦਸਵੇਂ ਨਾਨਕ ਜੀ ਦੇ ਵੈਰੀ ਹੋ ਗਏ ਸਨ, ਦਸਵੇਂ ਨਾਨਕ ਦੇ ਦੁੱਖਾਂ, ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ, ਬੇਗਿਣਤ ਸਿੱਖਾਂ ਦੀਆਂ ਸ਼ਹੀਦੀਆਂ ਦਾ ਕਾਰਨ ਇਹੀ ਦੁਸ਼ਮਣੀ ਹੀ ਸੀ।)
ਮਿਸਲਾਂ ਵੇਲੇ ਤੱਕ ਸਿੱਖ ਇਸ ਸਿਧਾਂਤ ਤੇ ਅਡੋਲ ਪਹਿਰਾ ਦਿੰਦੇ ਰਹੇ, ਜਿਸ ਲਈ ਉਸ ਵੇਲੇ “ਰਾਖੀ” ਲਫਜ਼ ਪ੍ਰਚਲਤ ਸੀ। ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਹੁੰਦਿਆਂ ਹੀ ਗਰੀਬ ਲੋਕ ਫਿਰ ਮਜ਼ਾਰੇ ਹੋ ਗਏ ਅਤੇ ਮਹਾਰਾਜੇ ਦੇ ਚਮਚੇ, ਰਾਜੇ, ਰਜਵਾੜੇ, ਜਗੀਰਦਾਰ ਸਥਾਪਤ ਹੋ ਗਏ, ਇਹੀ ਬਾਬੇ ਨਾਨਕ ਦੇ ਸਿਧਾਂਤ ਤੋਂ ਅੱਖਾਂ ਫੇਰ ਕੇ, ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਕਾਰਨ ਬਣਿਆ, ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮਾਪਤ ਹੋ ਗਿਆ।
ਮਸਾਲਾਂ ਤਾਂ ਸੈਂਕੜੇ ਨਹੀਂ ਹਜ਼ਾਰਾਂ ਵਿਚਾਰਨ ਵਾਲੀਆਂ ਹਨ, ਜਿਨਾਂ ਬਾਰੇ ਬਹੁਤ ਲੰਮੀ ਵਿਚਾਰ ਕਰਨ ਦੀ ਗੱਲ ਕਹੀ ਹੈ। ਪਰ ਇਸ ਲੇਖ ਵਿੱਚ ਤਾਂ ਏਨਾ ਹੀ ਕਿਹਾ ਜਾ ਸਕਦਾ ਹੈ ਕਿ, ਇਹ ਵੰਡੀ, ਇਹ ਜ਼ਿਮੀਦਾਰ ਅਤੇ ਮੁਜ਼ਾਰੇ ਵਾਲੀ ਹਾਲਤ ਅੱਜ ਤਕ ਲਗਾਤਾਰ ਚੱਲ ਰਹੀ ਹੈ। ਇਸ ਨੂੰ ਖਤਮ ਕੀਤੇ ਬਗੈਰ, ਨਾ ਤਾਂ ਨਾਨਕ ਦੇ ਸੰਗੀ ਸਾਥੀਆਂ ਨਾਲ ਇੰਨਸਾਫ ਹੀ ਹੋ ਸਕਦਾ ਹੈ ਅਤੇ ਨਾ ਹੀ ਸਿੱਖਾਂ ਵਿੱਚ ਆਪਸੀ ਵਿਸ਼ਵਾਸ ਪੈਦਾ ਹੋ ਸਕਦਾ ਹੈ। ਏਥੇ ਆ ਕੇ ਇਕੋ ਗੱਲ ਸੁਝਦੀ ਹੈ ਕਿ ਅਸੀਂ ਬਾਬਾ ਨਾਨਕ ਜੀ ਦੇ ਸੰਗੀ-ਸਾਥੀਆਂ ਨੂੰ ਨਾਲ ਲੈ ਕੇ, ਪਰਮਾਤਮਾ ਦੀ ਬਖਸ਼ਿਸ਼ ਦੇ ਭਾਗੀ ਹੋ ਜਾਈਏ। ਇਹਨਾ ਜ਼ਿਮੀਦਾਰ ਰੂਪੀ ਸਮਾਜ ਦੇ ਕੋੜ੍ਹ ਤੋਂ ਖਹਿੜਾ ਛੁਡਾ ਲਈਏ।
ਗੱਲ ਚਲ ਰਹੀ ਸੀ ਜਾਗਰੂਕ, ਪੰਥਿਕ ਧਿਰਾਂ ਦੀ,
ਇਸ ਵਿੱਚ ਦੋ ਲਫਜ਼ ਨੇ, “ਜਾਗਰੂਕ” ਅਤੇ “ਪੰਥਿਕ ਧਿਰ”
“ਜਾਗਰੂਕ” ਉਹ ਨਹੀਂ ਜੋ ਬਹੁਤ ਚੰਟ ਹੈ, ਹੇਰਾ ਫੇਰੀਆਂ ਆਸਰੇ ਦੁਨੀਆ ਨੂੰ ਬੇਵਕੂਫ ਬਣਾ ਕੇ, ਉਹਨਾਂ ਦਾ ਹੱਕ ਮਾਰ ਸਕਦਾ ਹੈ, ਅਪਣਾ ਸਵਾਰਥ ਸਿੱਧ ਕਰ ਸਕਦਾ ਹੈ। ਹਾਲਾਂਕਿ ਅੱਜ ਦੇ ਸਮਾਜ ਵਿੱਚ ਉਸ ਨੂੰ ਹੀ ਜਾਗਰੂਕ, ਅਕਲਮੰਦ ਕਿਹਾ ਜਾਂਦਾ ਹੈ ਜੋ ਦੂਸਰਿਆਂ ਦਾ ਹੱਕ ਮਾਰ ਕੇ, ਕਾਨੂੰਨ ਨੂੰ ਅਪਣੇ ਹਿਸਾਬ ਨਾਲ ਤੋੜ-ਮਰੋੜ ਕੇ, ਅਪਣਾ ਘਰ ਭਰਦਾ, ਲਗਾਤਾਰ ਅਮੀਰ ਤੋਂ ਅਮੀਰ ਬਣਦਾ ਜਾ ਰਿਹਾ ਹੈ। ਪੰਥਿਕ ਲਫਜ਼ ਜੁੜਨ ਨਾਲ ਇਸ ਦਾ ਮਤਲਬ ਬਹੁਤ ਬਦਲ ਜਾਂਦਾ ਹੈ, ਇਸ ਦਾ ਮਤਲਬ ਹੋ ਜਾਂਦਾ ਹੈ, ਜੋ ਬੰਦਾ ਏਨਾ ਜਾਗਰੂਕ, ਸੁਚੇਤ ਹੋਵੇ ਕਿ ਆਮ ਬੰਦੇ ਦੇ ਹੱਕਾਂ ਪ੍ਰਤੀ ਉਸ ਨੂੰ ਸੋਝੀ ਹੋਵੇ, ਅਪਣੇ ਹੱਕਾਂ ਦੀ ਰਾਖੀ ਪ੍ਰਤੀ ਸਜੱਗ ਹੋਵੇ, ਨਾਲ ਹੀ ਦੂਸਰਿਆਂ ਦੇ ਹੱਕਾਂ ਦੀ ਕਦਰ ਕਰਨ ਵਾਲਾ ਹੋਵੇ।
“ਪੰਥਿਕ ਧਿਰ” ਦਾ ਮਤਲਬ ਹੈ ਉਹ ਬੰਦਾ ਜਾਂ ਉਹ ਸੰਸਥਾ, ਜੋ ਪੰਥਿਕ ਟੀਚਿਆਂ ਦੀ ਧਾਰਨੀ ਹੋਵੇ। ਪੰਥ ਕੋਈ ਕੌਮ, ਨਸਲ, ਧਰਮ ਜਾਂ ਫਿਰਕਾ ਨਹੀਂ ਹੈ, ਇਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ, ਅੱਜ ਤਕ ਸਿੱਖ ਵਿਦਵਾਨਾਂ ਨੇ ਇਸ ਨੂੰ ਹਿੰਦੂ, ਮੁਸਲਿਮ, ਈਸਾਈ ਆਦਿ ਧਰਮਾਂ ਦੇ ਮੁਕਾਬਲੇ ਤੇ ਰਖਿਆ ਹੈ। ਦੂਸਰੇ ਪਾਸੇ ਇਸ ਨੂੰ ਕੌਮਾਂ ਦੇ ਮੁਕਾਬਲੇ ਤੇ ਰਖਦੇ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖੀ ਵੀ ਇੱਕ ਸੰਪੂਰਨ ਕੌਮ ਹੈ, ਜਿਸ ਦਾ ਅਪਣਾ ਇਸ਼ਟ ਹੈ, ਅਪਣਾ ਧਰਮ ਗ੍ਰੰਥ ਹੈ, ਅਪਣਾ ਕੇਂਦਰ ਹੈ, ਅਪਣੀ ਅਲੱਗ ਪਛਾਣ ਹੈ, ਆਦਿ ਆਦਿ।
(ਇਹੀ ਇਸ ਨੂੰ ਢਾਅ ਲਾਉਣ, ਇਸ ਨੂੰ ਸੁੰਗੇੜਨ ਦਾ ਮੂਲ ਕਾਰਨ ਬਣਿਆ ਹੈ)
ਸਿੱਖੀ, ਹਿੰਦੂਆਂ, ਮੁਸਲਮਾਨਾਂ, ਈਸਾਈਆਂ ਵਾਙ ਕੋਈ ਧਰਮ ਨਹੀਂ ਹੈ, ਬਲਕਿ ਪਰਮਾਤਮਾ ਵਲੋਂ ਸਿਰਜੇ ਇਕੋ ਇੱਕ ਧਰਮ (ਜਿਸ ਵਿੱਚ ਇਹ ਸਾਰੇ ਧਰਮ ਵੰਡੀਆਂ ਪਾਉਣ ਵਾਲੇ ਹਨ) ਬਾਰੇ ਸੋਝੀ ਹਾਸਲ ਕਰਨ ਦੇ ਵਾਹਵਾਨਾਂ ਦਾ ਇਕੱਠ ਹੈ। ਪਰਮਾਤਮਾ ਵਲੋਂ ਸਿਰਜੇ ਇਸ ਧਰਮ ਬਾਰੇ ਗੁਰੂ ਕੀ ਸੋਝੀ ਦਿੰਦਾ ਹੈ ਇਸ ਨੂੰ ਸਮਝਣ ਅਤੇ ਸੰਗਤ ਵਿੱਚ ਜੁੜ ਕੇ ਉਸ ਅਨੁਸਾਰ ਜੀਵਨ ਢਾਲਣ ਦੇ ਚਾਹਵਾਨਾਂ ਦਾ ਸਮੂਹ ਹੈ। ਆਖਰ ਨੂੰ ਸਭ ਅਖੌਤੀ ਧਰਮਾਂ ਨੇ ਇਸ ਇਕੋ ਇੱਕ ਅਸਲੀ ਧਰਮ ਨਾਲ ਜੁੜਨਾ ਹੈ।
ਇਵੇਂ ਹੀ ਸਿੱਖੀ, ਦੂਸਰੀਆਂ ਕੌਮਾਂ ਵਾਙ, ਇੰਨਸਾਨੀਅਤ ਵਿੱਚ ਵੰਡੀਆਂ ਪਾਉਣ ਵਾਲੀ ਕੋਈ ਅਧੂਰੀ ਕੌਮ ਨਹੀਂ, ਬਲਕਿ ਦੁਨੀਆਂ ਦੀ ਇਕੋ ਇੱਕ ਸੰਪੂਰਨ ਕੌਮ ਹੈ, ਇਸ ਦਾ ਇਸ਼ਟ ਕੋਈ ਫਰਜ਼ੀ, ਆਪਸ ਵਿੱਚ ਵੰਡੀਆਂ ਪਾਉਣ ਵਾਲਾ ਨਹੀਂ, ਬਲਕਿ ਇਸ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲੀ, ਪਾਲਣ ਵਾਲੀ ਅਤੇ ਖਤਮ ਕਰਨ ਵਾਲੀ ਇਕੋ ਇੱਕ ਸਮਰੱਥ ਹਸਤੀ ਹੈ। ਇਸ ਦਾ ਧਰਮ ਗ੍ਰੰਥ ਵੀ ਦੂਸਰੇ ਧਰਮ ਗ੍ਰੰਥਾਂ ਵਾਙ, ਅਪਣੀ-ਅਪਣੀ ਡਫਲੀ ਵਜਾਉਣ ਵਾਲਿਆਂ ਵਿਚੋਂ ਨਹੀਂ, ਬਲਕਿ ਹਰ ਇੰਨਸਾਨ ਨੂੰ ਉਸ ਹਸਤੀ ਬਾਰੇ, ਜਿਸ ਦੇ ਹੁਕਮ ਵਿੱਚ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਸੋਝੀ ਦੇਣ ਦੇ ਸਮਰੱਥ ਹੈ।
ਇਸ ਦਾ ਕੇਂਦਰ ਵੀ ਕੋਈ ਇੱਕ ਸਥਾਨ ਨਹੀਂ (ਭਾਵੇਂ ਅੱਜ ਉਸ ਨੂੰ ਹਰਿਮੰਦਰ ਕਹਿ ਕੇ ਸਿੱਖਾਂ ਨੂੰ ਹੀ ਕੁਰਾਹੇ ਪਾਇਆ ਜਾ ਰਿਹਾ ਹੈ) ਬਲਕਿ ਉਸ ਸਾਹਿਬ ਦਾ ਦਰਬਾਰ ਹੈ, ਜੋ ਹਰ ਕਣ ਵਿੱਚ ਮੌਜੂਦ ਹੈ। ਇਸ ਦਾ ਤਖਤ ਵੀ ਆਪਸ ਵਿੱਚ ਲੜਾਈਆਂ ਖੜੀਆਂ ਕਰਨ ਵਾਲਾ ਨਹੀਂ (ਭਾਂਵੇਂ ਅੱਜ ਪੰਜ ਤਖਤ ਖੜੇ ਕਰ ਕੇ ਉਸ ਸਿਧਾਂਤ ਨੂੰ ਰੋਲਦਿਆਂ, ਤਖਤਾਂ ਦੀ ਆਪਸੀ ਲੜਾਈ ਨੂੰ ਪ੍ਰਤੱਖ ਵੇਖਿਆ ਜਾ ਸਕਦਾ ਹੈ) ਬਲਕਿ ਉਸ ਅਕਾਲ ਦਾ ਤਖਤ ਹੈ, ਜਿਸ ਦੇ ਹੁਕਮ ਵਿੱਚ ਇਹ ਸਾਰਾ ਬ੍ਰਹਮੰਡ ਚਲ ਰਿਹਾ ਹੈ, ਜਿਸ ਦੀ ਨਿਗਾਹ ਵਿੱਚ ਸ੍ਰਿਸ਼ਟੀ ਦਾ ਹਰ ਬੰਦਾ ਬਰਾਬਰ ਹੈ।
ਇਸ ਦੀ ਅਲੱਗ ਪਛਾਣ ਵੀ, ਕੋਈ ਸਰੀਰਕ ਭੱਨ-ਤੋੜ ਕਰ ਕੇ ਨਹੀਂ ਬਣਾਈ ਗਈ, ਬਲਕਿ ਉਹ ਪਛਾਣ ਹੈ, ਜੋ ਸ੍ਰਿਸ਼ਟੀ ਦੇ ਹਰ ਬੰਦੇ ਦੀ ਹੋਵੇ, ਜੇ ਉਹ ਪਰਮਾਤਮਾ ਵਲੋਂ ਬਖਸ਼ੇ ਸਰੂਪ ਦੀ ਭੰਨ-ਤੋੜ ਨਾ ਕਰੇ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਹ ਉਹ ਕੌਮ ਹੈ, ਜਿਸ ਵਿੱਚ ਅੰਤ ਨੂੰ ਸਭ ਕੌਮਾਂ ਨੇ ਸਮਾਉਣਾ ਹੈ। ਇਵੇਂ ਪੰਥਿਕ ਧਿਰ ਉਹੀ ਧਿਰ ਹੈ, ਜੋ ਹਰ ਸਿੱਖ ਨੂੰ ਹੀ ਨਹੀਂ, ਦੁਨੀਆਂ ਦੇ ਹਰ ਬੰਦੇ ਨੂੰ ਇੱਕ ਸਮਾਨ ਸਮਝੇ।
ਏਨੇ ਨਾਲ ਹੁਣ ਇਹ ਸਾਫ ਹੋ ਜਾਣਾ ਚਾਹੀਦਾ ਹੈ ਕਿ ਜਾਗਰੂਕ ਪੰਥਿਕ ਧਿਰ, ਕੀ ਚੀਜ਼ ਹੈ? ਹਰ ਉਹ ਬੰਦਾ, ਹਰ ਉਹ ਸੰਸਥਾ ਜੋ ਅਪਣੇ ਹੱਕਾਂ ਦੇ ਨਾਲ-ਨਾਲ ਦੂਸਰਿਆਂ ਦੇ ਹੱਕਾਂ ਪ੍ਰਤੀ ਵੀ ਜਾਗਰੂਕ ਹੋਵੇ। ਜੋ ਅਪਣਾ ਟੀਚਾ, ਅਪਣੇ ਨਿੱਜ ਨੂੰ ਕੇਂਦਰ ਮੰਨ ਕੇ, ਅਪਣੀ ਮਨਮੱਤ ਆਸਰੇ ਨਹੀਂ, ਬਲਕਿ ਪਰਮਾਤਮਾ ਨੂੰ ਕੇਂਦਰ ਮੰਨ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਮਿਥੇ। ਇਹੀ ਉਹ ਤਰੀਕਾ ਹੈ, ਜਿਸ ਨਾਲ ਸਾਨੂੰ ਇੱਕ ਦੂਸਰੇ ਤੇ, ਫਿਰ ਤੋਂ ਭਰੋਸਾ, ਵਿਸ਼ਵਾਸ ਕਾਇਮ ਹੋ ਸਕਦਾ ਹੈ।
ਅੱਜ ਦੀਆਂ “ਜਾਗਰੂਕ ਪੰਥਿਕ ਧਿਰਾਂ” ਬਾਰੇ ਜਾਨਣ ਦਾ, ਉਹਨਾਂ ਨੂੰ ਪਰਖਣ ਦਾ ਵੀ ਇਹ ਇਕੋ ਇੱਕ ਢੰਗ ਹੈ, ਇਸ ਤੇ ਪੂਰਾ ਅਮਲ ਕਰਨ ਨਾਲ ਹੀ ਅਸੀਂ ਜਾਗ੍ਰਤੀ ਦਾ ਪੂਰਾ ਲਾਭ ਲੈ ਸਕਾਂਗੇ, ਨਹੀਂ ਤਾਂ ਸਵਾਰਥੀ ਲੋਕ, ਇਸ ਦਾ ਵੀ ੧੯੨੦ ਵਾਙ ਭੋਗ ਪਾ ਦੇਣਗੇ।
ਜੋ ਬੰਦਾ, ਜੋ ਸੰਸਥਾ, ਅਪਣੇ ਨਿੱਜ ਨੂੰ ਕੇਂਦਰ ਮੰਨ ਕੇ, ਅਪਣੀ ਮਨਮੱਤ ਅਨੁਸਾਰ, ਅਪਣਾ ਹੀ ਪਰਚਾਰ ਕਰ ਰਹੀ ਹੈ, ਯਕੀਨ ਜਾਣੋ ਉਹ ਜਾਗਰੂਕ ਪੰਥਿਕ ਧਿਰ ਨਹੀਂ ਹੋ ਸਕਦੀ, ਉਸ ਦੇ ਮਗਰ ਲਗਿਆਂ, ਉਹ ਕਿਤੇ ਨਾ ਕਿਤੇ, ਤੁਹਾਨੂੰ ਧੋਖਾ ਦੇ ਕੇ ਅਪਣਾ ਸਵਾਰਥ ਸਿੱਧ ਕਰੇਗੀ।
ਜੋ ਧਿਰ ਵੀ ਅਕਾਲ ਪੁਰਖ ਨੂੰ ਕੇਂਦਰ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ, ਸਭ ਨੂੰ ਬਰਾਬਰ ਸਮਝਦੀ, ਸਭ ਦੇ ਹੱਕਾਂ ਤੇ ਪਹਿਰਾ ਦੇਵੇਗੀ, ਉਹੀ ਅਸਲੀ ਜਾਗਰੂਕ ਪੰਥਿਕ ਧਿਰ ਹੈ, ਉਸ ਦੇ ਨਾਲ ਚਲਿਆਂ ਹੀ ਅਸੀਂ ਇਸ ਸਮਾਜ ਵਿਚੋਂ ਬੁਰਾਈਆਂ ਦੂਰ ਕਰਨ ਦਾ ਟੀਚਾ ਹੱਲ ਕਰ ਸਕਾਂਗੇ। ਇਹਨਾ ਪੈਦਾ ਹੋਈਆਂ ਜਾਗਰੂਕ ਪੰਥਿਕ ਧਿਰਾਂ ਵਿਚੋਂ ਅਸਲੀ ਜਾਗਰੂਕ ਪੰਥਿਕ ਧਿਰ ਦੀ ਤੁਸੀਂ ਅਪਣੀ ਅਕਲ ਅਨੁਸਾਰ ਪਛਾਣ ਕਰਨੀ
ਹੈ। ਫਿਰ ਸਿੱਖੀ ਵਿੱਚ ਨਵੀਆਂ ਅੜਚਣਾ ਖੜੀਆਂ ਹੋਣੀਆਂ ਤਾਂ ਕੀ? ਪੁਰਾਣੀ ਕੋਈ ਅੜਚਣ ਵੀ ਨਹੀਂ ਬਚੇਗੀ, ਸਭ, ਸਹਜ ਹੀ ਹੱਲ ਹੋ ਜਾਣਗੀਆਂ।
ਸੰਪਾਦਕੀ ਬੋਰਡ




.