.

ਗੁਰੂ/ਸਤਿਗੁਰੂ

ਗੁਰਬਾਣੀ ਉਪਦੇਸ਼ਾ ਅਨੁਸਾਰ

ਗੁਰਮਤਿ ਵਿੱਚ ਅੱਖਰ, ਗੁਰੂ ਜਾਂ ਸਤਿਗੁਰੂ, ‘ਨਾਮ ਧਰਮ’ ਦੀ ਸਿਖਿਆ ਦੇਨ ਵਾਲੇ ਉਸਤਾਦ ਲਈ ਵਰਤਿਆ ਗਿਆ ਹੈ। ਗੁਰੂ ਗ੍ਰ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਜੀ ਨੇ ਅੱਖਰ ਗੁਰੂ ਜਾਂ ਸਤਿਗੁਰੂ ਦੇ ਅਰਥ ਭਾਵ ਸਮਝਾਏ ਹਨ।

ਗੁਰਬਾਣੀ ਨਾਮੁ ਧਰਮ ਦਾ ਉਪਦੇਸ਼ ਦਿੰਦੀ ਹੈ। ਨਾਮ, ਜੋਤਿ ਰੂਪ ਹੈ ਪਰਮ ਚੇਤਨਾਂ ਹੈ। ਗੁਰਬਾਣੀ ਵਿੱਚ ਨਾਮ, ਹਰਿਨਾਮ, ਜਾਂ ਹਰਿ ਇੱਕ ਹੀ ਹਨ।

ਗਰੂ ਨਾਨਕ ਸਾਹਿਬ ਨੇਂ ਨਾਮ ਧਰਮ ਦਾ ਉਪਦੇਸ਼ ਦਿੱਤਾ

ਬਲਿਓ ਚਰਾਗੁ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ॥

ਪਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ॥ ਪਨਾ ੧੩੮੭

(ਸੰਸਾਰ ਵਿੱਚ ਪਾਰਬ੍ਰਹਮ ਰੂਪ ਗੁਰੂ ਨਾਨਕ ਸਾਹਿਬ ਪਰਗਟ ਹੋਏ। ਉਹਨਾਂ ਨੇਂ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦੀ ਰੌਸ਼ਨੀਂ ਬਖਸ਼ੀ ਤੇ ਸਭ ਲੋਕਾਈ ਨਾਮ ਧਰਮ ਤੇ ਅਮਲ ਕਰ ਕੇ ਸੰਸਾਰ ਸਾਗਰ ਤੋਂ ਪਾਰ ਹੋਣ ਲੱਗੀ।

ਨਾਮ ਦੀ ਗੁਰਮਤਿ ਵਿਆਖਿਆ ਤੇ ਅਰਥ ਵਿਚਾਰ

ਗੁਰਬਾਣੀ ਅਨੁਸਾਰ ਨਾਮੁ, ਇੱਕੌ ਇੱਕ ਸਦਾ ਕਾਇਮ ਰਹਿਨ ਵਾਲੀ ਹਸਤੀ ਹੈ, ਗੁਰਬਾਣੀ ਉਸ ਨੂੰ “ਏਕੰਕਾਰ” ਕਹਿੰਦੀ ਹੈ। ਨਾਮੁ, ਇੱਕੋ ਇੱਕ ਅਬਿਨਾਸੀ ਸਦ ਜੀਵਤ ਅਕਾਲ ਪੁਰਖ, ਹੋਸ਼ ਵਾਲੀ, ਰੂਪ, ਰੇਖ ਰੰਗ ਤੋਂ ਨਿਆਰੀ ਹਸਤੀ ਹੈ। ਗੁਰਬਾਣੀ ਵਿੱਚ ਵਰਤੇ ਅੱਖਰ, ਨਾਮ ਤੇ ਨਾਮ ਜੋਤਿ ਇੱਕ ਹੀ ਹਨ। ਨਾਮ ਜੋਤਿ ਦਾ ਅਰਥ ਹੈ ਪਰਮ ਚੇਤਨਾਂ Supreme Consciousness[ ਨਾਮ, ‘ਏਕੰਕਾਰ’ ਹੈ, ਵਾਹਿਗੁਰੂ ਹੈ, ਸਾਰੇ ਸੰਸਾਰ ਦਾ ਇੱਕੋ ਇੱਕ ਰੱਬ, ਅੱਲਾ, ਭਗਵਾਨ, ਗੌਡ, ਹੈ।

ਨਾਮ ਰੂਪ ਏਕੰਕਾਰ ਅਕਾਲ ਪੁਰਖ ਗਿਆਨ ਸਰੂਪ ਹੈ ਆਦਿ ਗੁਰੂ ਹੈ।

ਜੋਤਿ ਰੂਪ ਨਾਮੁ ਨੇ ਅਪਨੇ ਆਪ ਨੂੰ ਗੁਰੂ ਨਾਨਕ ਕਹਾਇਆ। ॥

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਇਉ॥

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ੧੪੦੮

(ਜੋਤਿ ਰੂਪ ਹਰਿ ਅਕਾਲ ਪੁਰਖ ਨੇ ਅਪਨੇਂ ਆਪ ਨੂੰ ਗੁਰੂ ਨਾਨਕ ਕਹਾਇਆ, ਉਸ ਤੋਂ ਅੱਗੇ ਗੁਰੂ ਅੰਗਦ ਹੋਇ। ਗੁਰੂ ਨਾਨਕ ਨੇਂ ਗੁਰੂ ਅੰਗਦ ਸਾਹਿਬ ਦੇ ਮਨ ਤੇ ਦੇਹ ਵਿੱਚ ਨਾਮ ਤਤ ਜਾ ਨਾਮ ਪਰਮ ਚੇਤਨਾਂ ਵਸਾ ਦਿੱਤੀ, ਤਾਂ ਉਹ ਦੂਜੇ ਸਿੱਖ ਗੁਰੂ ਹੋਏ। ਸਿਖ ਗੁਰੂਆਂ ਦੇ ਮਨ ਤੇ ਦੇਹ ਵਿੱਚ ਨਾਮ ਜੋਤਿ ਪਰਮ ਚੇਤਨਾਂ ਪਰਤੱਖ ਵਸਦੀ ਹੈ, ਉਹਨਾਂ ਦਾ ਨਿਜ ਸਰੂਪ ਨਾਮ ਜੋਤਿ ਹੈ।)

ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ॥ ਅਨਿਕ ਬਾਰ ਗੁਰ ਕਉ ਬਲਿ ਜਾਉ॥

ਸਰਬ ਨਿਧਾਨ ਜੀਅ ਕਾ ਦਾਤਾ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ॥ ੨੮੭

(ਸਤਿਗੁਰ ਉਹ ਹੈ ਜਿਸ ਦੇ ਹਿਰਦੇ ਘਰ ਵਿੱਚ ਨਾਮ ਦਾ ਵਾਸਾ ਹੈ, ਉਹ ਅੱਠੇ ਪਹਰ ਅਕਾਲ ਪੁਰਖ ਪਾਰਬ੍ਰਹਮ ਦੇ ਰੰਗਿ ਵਿੱਚ ਰਤਿਆ ਹੈ, ਉਸ ਵਿੱਚ ਲੀਨ ਹੈ)

ਗੁਰੂ ਤੇ ਨਾਮ ਰੂਪ ਅਕਾਲ ਪੁਰਖ ਪਾਰਬ੍ਰਹਮ ਪਰਮੇਸਰ ਇੱਕ ਹੀ ਹੈ। ਅਕਾਲ ਪੁਰਖ ਪਰਮੇਸਰ ਸਭ ਸੰਸਾਰ ਵਿੱਚ ਸਮਾਇਆ ਹੈ, ਗੁਰੂ ਵੀ ਸਾਰੇ ਸੰਸਾਰ ਵਿੱਚ ਸਮਾਇਆ ਹੈ। ॥

ਗੁਰ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ॥

ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ॥ ੫੩

ਸਤਿ ਪੁਰਖੁ ਜਿਨਿ ਜਾਨਿਆਂ ਸਤਿਗੁਰੁ ਤਿਸ ਕਾ ਨਾਉ॥ ੨੮੬

(ਸਤਿਗੁਰੂ ਉਹ ਹੈ ਜਿਸ ਨੇਂ ਨਾਮ ਰੂਪ ਸਤਿ ਪੁਰਖ, ਅਕਾਲ ਪੁਰਖ ਨੂੰ ਜਾਨਿਆਂ ਹੈ)

ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਦਸ ਗੁਰੂ ਸਾਹਿਬਾਨ ਪਾਰਬ੍ਰਹਮ ਆਪ ਹਨ।

ਸਤਿਗੁਰੂ ਦੇ ਮਨ ਤੇ ਦੇਹ ਵਿੱਚ ਨਾਮ ਜੋਤਿ ਰੂਪ ਅਕਾਲ ਪੁਰਖ ਪਰਤੱਖ ਵਸਦਾ ਹੈ। ਸਤਿਗੁਰੂ ਦੀ ਜੀਵਨ ਜੋਤਿ/ਜਿੰਦ ਵਿੱਚ ਭੈ ਤੇ ਭਰਮ ਦੀ ਮੈਲ ਨਹੀਂ।

ਪੂਰੇ ਗੁਰੂ ਦੀ ਪਛਾਣ ਗੁਰਬਾਣੀ ਰਾਹੀਂ ਇਸਤਰਾਂ ਹੈ:

ਸਲੋਕ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥

ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ॥

ਗੁਰਦੇਵਿ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ

(ਗੁਰਦੇਵ ਨਾਮੁ ਦਾ ਦਾਤਾ ਹੈ ਤੇ ਨਾਮ ਸਿਮਰਨ ਦਾ ਉਪਦੇਸ਼ ਦਿੰਦਾ ਹੈ। ਮੰਤ ਨਿਰੋਧਰਾ=ਉਹ ਮੰਤ੍ਰ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਉਸ ਤੌਂ ਵਡਾ ਕੋਈ ਮੰਤ੍ਰ ਨਹੀਂ, ਗੁਰਮੰਤ੍ਰ ਨਾਮੁ ਵਾਹਿਗੁਰੂ)

ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸਪਰਾ॥

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥

ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥

ਗਰਦੇਵ ਅਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ॥

(ਗੁਰਦੇਵ ਮੰਤੁ=ਗੁਰਮੰਤ੍ਰ ਨਾਮੁ ਵਾਹਿਗ੍ਰੁਰੂ ਨੂੰ ਜਪ/ਸਿਮਰ ਕੇ ਜੀਵ ਸੰਸਾਰ ਸਾਗਰ ਤੋਂ ਪਾਰ ਹੋਏ।)

ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ॥

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ ੨੫੦

(ਗੁਰੂ ਸਤਿਗੁਰੂ ਪਾਰਬ੍ਰਹਮ ਪਰਮੇਸਰੁ ਹੈ ਗੁਰੂ ਨਾਨਕ ਸਹਿਬ ਕਹਿੰਦੇ ਹਨ ਮੈਂ ਹਰਿ ਗੁਰਦੇਵ ਨੂੰ ਨਮਸਕਾਰ ਕਰਦਾ ਹਾਂ)

ਸਤਿਗੁਰੂ ਦੇ ਨਿਜ ਸਰੂਪ ਦੀ ਪਛਾਣ ਤੇ ਨਾਮ ਰੂਪ ਅਕਾਲ ਪੁਰਖ ਦੀ ਪਛਾਣ, ਗੁਰਸਬਦੁ/ਗੁਰਮੰਤ੍ਰ ਨਾਮੁ ਦੇ ਜਪ/ਸਿਮਰਨ/ਪੂਜਾ ਕਰਨ ਨਾਲ ਹੁੰਦੀ ਹੈ।

॥ ਗੁਰੁ ਸਤਿਗੁਰੁ ਪਾਰਬ੍ਰਹਮੁ ਕਰ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ॥ ੮੦੦

ਗੁਰ ਕੀ ਮੂਰਤਿ ਮਨ ਮਹਿ ਧਿਆਨੁ॥

ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥

ਗੁਰ ਕੇ ਚਰਨ ਰਿਦੈ ਲੈ ਧਾਰਉ॥

ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥ ੮੬੪

(ਗੁਰ ਕੇ ਸਬਦੁ/ਗੁਰਮੰਤ੍ਰ ਨਾਮ ਦੇ ਜਪ/ਸਿਮਰਨ ਤੋਂ ਹਿਰਦੇ ਵਿੱਚ ਉਪਜੀ ਧੁੰਨ ਵਿੱਚ ਧਿਆਨ ਹੀ ਗੁਰ ਕੀ ਮੂਰਤਿ ਤੇ ਗੁਰ ਕੇ ਚਰਨ ਵਿੱਚ ਧਿਆਨ ਹੈ। ਨਾਮੁ ਜੋਤਿ ਰੂਪ ਹੈ ਗੁਰੂ ਦਾ ਨਿਜ ਸਰੂਪ ਵੀ ਨਾਮ ਜੋਤਿ ਹੈ)

ਇਸਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ॥

ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧਿਆਨ ਧਰੰ॥ ੧੪੦੨

ਭਟ ਗੁਰੂ ਰਾਮਦਾਸ ਜੀ ਦੀ ਉਸਤਤ ਤੇ ਅਕਾਲ ਪੁਰਖ ਦੀ ਉਸਤਤਿ ਤੇ ਸਿਫ਼ਤ ਸਾਲਾਹ ਵਾਹਿਗੁਰੂ ਅੱਖਰ ਉਚਾਰ ਕੇ ਕਰਦਾ ਹੈ। ਵਾਹਿਗੁਰੂ, ‘ਗੁਰਮੰਤ੍ਰ ਨਾਮ’ ਹੈ, ਗੁਰਸਬਦੁ ਹੈ ਸਬਦੁ ਗੁਰੂ ਹੈ।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ ੧੪੦੨

ਪਹਿਲਾਂ ਸਤਿਗੁਰੂ ਦੀ ਪਛਾਣ ਹੋਵੇਗੀ ਫਿਰ ਅਕਾਲ ਪੁਰਖ ਪਾਰਬ੍ਰਹਮ ਦੀ ਪਛਾਣ ਹੋਵੇਗੀ। ਸਤਿਗੁਰੂ ਤੇ ਪ੍ਰਾਬ੍ਰਹਮ ਵਿੱਚ ਕੋਈ ਭੇਦ ਨਹੀਂ।

ਜਿਨਿ ਸਤਿਗੁਰੁ ਜਾਤਾ ਤਿਨਿ ਏਕ ਪਛਾਤਾ॥ ੧੦੭੦

ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ॥ ੧੧੬

ਜਿਨ ਕਉ ਆਦਿ ਮਿਲੀ ਵਡਿਆਈ ਸਤਿਗੁਰੁ ਮਨਿ ਵਸਿਆ ਲਿਵ ਲਾਈ॥

ਆਪਿ ਮਿਲਿਆ ਜਗਜੀਵਨ ਦਾਤਾ ਨਾਨਕ ਅੰਕ ਸਮਾਈ ਹੇ॥ ੧੦੭੦

ਗੁਰਬਾਣੀ ਗੁਰੂ ਹੈ

ਗੁਰੂ ਗ੍ਰੰਥ ਸਾਹਿਬ ਵਿੱਚ ੬ ਗੁਰੂ ਸਾਹਿਬਾਨ ਤੇ 29 ਹੋਰ ਭੱਟਾਂ, ਭਗਤਾਂ ਦੀ ਬਾਣੀ ਸ਼ਾਮਲ ਹੈ। ਇਹਨਾਂ ਉੱਚੀ, ਨੀਵੀਂ ਜਾਤੀਆਂ ਵਾਲੇ ਭਗਤਾਂ ਨੇਂ ਪੂਰੇ ਗੁਰੂ ਤੋਂ ਗੁਰ ਉਪਦੇਸ਼, ਗੁਰਮੰਤ੍ਰ ਨਾਮ ਲੈ ਕੇ ਨਾਮ ਜਪ/ਸਿਮਰਨ ਭਗਤੀ ਕੀਤੀ ਸੀ ਤੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਸੀ, ਇਹਨਾਂ ਭਗਤਾਂ ਦੀ ਬਾਣੀ ਵੀ ਗੁਰੂ ਪਾਤਸ਼ਾਹੀਆਂ ਦੀ ਬਾਣੀ ਤੁਲ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੯੮੨

(ਗੁਰਬਾਣੀ ਗੁਰੂ ਹੈ ਤੇ ਨਾਮ ਅੰਮ੍ਰਿਤ ਰੂਪ ਹੈ ਜੋ ਸਿੱਖ/ਸੇਵਕ ਗੁਰਬਾਣੀ ਉਪਦੇਸ਼ ਉਤੇ ਅਮਲ ਕਰਦੇ ਹਨ ਉਨ੍ਹਾਂ ਨੂੰ ਗੁਰੂ ਜੀ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦੇ ਹਨ)

ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ॥ ੭੬੯

(ਸਤਿਗੁਰੂ ਸਚਾ ਹੈ ਗੁਰਬਾਣੀ ਵੀ ਸਚੀ ਹੈ, ਉਹ ਸਿਖ ਸੇਵਕ ਨੂੰ ਸਚੇ ਨਾਮੁ ਰੂਪ ਅਕਾਲ ਪੁਰਖ ਦੇ ਦਰਸ਼ਨ ਕਰਾ ਦਿੰਦੇ ਹਨ।

ਅੰਮ੍ਰਿਤ ਬਾਣੀ ਤਤੁ ਵਖਾਣੀਂ ਗਿਆਨ ਧਿਆਨ ਵਿਚਿ ਆਈ॥ ੧੨੪੩

(ਗੁਰਬਾਣੀ ਅੰਮ੍ਰਿਤ ਰੂਪ ਹੈ, ਨਾਮਤਤੁ/ਨਾਮੁ ਜੋਤਿ ਦੀ ਵਚਾਰ ਕਰਦੀ ਹੈ ਗੁਰੂ ਜੀ ਨੂੰ ਗਿਆਨ ਧਿਆਨ ਵਿੱਚ ਆਈ। ਗੁਰੂ ਜੀ ਨੇ ਗੁਰਬਾਣੀ ਮਨੁਖ ਵਾਲੀ ਮਨ ਬੁਧੀ ਦੀ ਵਿਚਾਰ ਤੋਂ ਨਹੀਂ ਲਿਖੀ)

ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗਰਮੁਖਿ ਵਿਰਲੈ ਕਿਨੈ ਚਖ ਡੀਠੀ॥ ੧੧੩

(ਗੁਰਬਾਣੀ ਅੰਮ੍ਰਿਤ ਹੈ, ਰਸਦਾਇਕ ਹੈ, ਪੜਨ ਸੁਨਨ ਵਾਲੇ ਨੂੰ ਮਿੱਠੀ ਲਗਦੀ ਹੈ ਮਨ ਨਿਰਮਲ ਹੁੰਦਾ ਹੈ, ਸੁਖ ਤੇ ਸ਼ਾਤੀ ਮਨ ਵਿੱਚ ਵਸਦੀ ਹੈ ਕਿਸੇ ਵਿਰਲੇ ਨੇਂ ਇਸ ਦਾ ਸਵਾਦ ਮਾਣਿਆਂ ਹੈ।)

ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ੯੨੨/੧੮

(ਸਚੀ ਗੁਰਬਾਣੀ ਸੁਣਨ ਨਾਲ ਦੁਖ ਰੋਗ ਤੇ ਅੰਦਰ ਦੇ ਦੁਖ ਦੂਰ ਹੁੰਦੇ ਹਨ)

ਗੁਰਬਾਣੀ ਇਸੁ ਜਗ ਮਹਿ ਚਾਨਣਿ ਕਰਮਿ ਵਸੈ ਮਨਿ ਆਏ॥ ੬੭

(ਗੁਰਬਾਣੀ ਗਿਆਨ ਦਾ ਚਾਨਣਿ ਬਖਸ਼ਦੀ ਹੈ ਜਿਸ ਉਤੇ ਕਿਰਪਾ ਹੋਇ ਉਸ ਦੇ ਮਨ ਵਿੱਚ ਵਸਦੀ ਹੈ)

ਆਇਓ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰ ਲਗੇ ਅਨ ਲਾਲਚਿ ਬਿਰਥਾ ਜਨਮ ਪ੍ਰਾਣੀ॥ ੧੨੧੯

(ਮਨੁਖ ਗੁਰਬਾਣੀ ਸੁਨਨ ਪੜਨ ਲਈ ਸੰਸਾਰ ਵਿੱਚ ਆਇਆ ਹੈ। ਜੋ ਮਨੁਖ ਨਾਮ ਨੂੰ ਵਿਸਾਰ ਦਿੰਦੇ ਹਨ ਉਹਨਾਂ ਦਾ ਜਨਮ ਵਿਅਰਥ ਹੈ)

ਧਿਆਨ ਲਗਾ ਕੇ ਗੁਰਬਾਣੀ ਦਾ ਪਾਠ ਕਰਨ ਤੇ ਸੁਨਨ ਨਾਲ ਗੁਰਬਾਣੀ ਅਪਨੇਂ ਆਪ ਹੀ ਮਨੁਖ ਦੀ ਚੇਤਨਾਂ ਵਿੱਚ ਵਸ ਜਾਂਦੀ ਹੈ। ਨਿਤ ਨੇਮ ਨਾਲ ਗੁਰਬਾਣੀ ਦਾ ਪਾਠ ਕਰਨ ਤੇ ਸੁਨਨ, ਗੁਰਬਾਣੀ ਦਾ ਕੀਰਤਨ ਸੁਨਨ ਨਾਲ ਦੁਖ ਰੋਗ ਹਟਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਨਾਲ ਬਾਣੀ ਸਮਝ ਵਿੱਚ ਆਓਨ ਲਗਦੀ ਹੈ ਤੇ ਮਨ ਨਿਰਮਲ ਤੇ ਸ਼ਾਤ ਹੁੰਦਾ ਹੈ। ਗੁਰਬਾਣੀ ਦਾ ਪਾਠ ਤੇ ਕੀਰਤਨ ਗੁਰਸਿਖ ਦੀ ਭਗਤੀ ਦੇ ਅੰਗ ਹਨ ਤੇ ਅੰਮ੍ਰਿਤਿ ਰੂਪ ਹਨ। ਇਸ ਦਾ ਗੁਰਬਾਣੀ ਦੇ ਅਰਥ ਵਿਚਾਰ ਕਰਨ ਨਾਲ ਕੋਈ ਸੰਬੰਧ ਨਹੀਂ।

ਸਾਡੇ ਬੁਧੀ ਜੀਵੇ ਗੁਰਬਾਣੀ ਵਿਚਾਰ ਕਰਦਿਆਂ ਅਪਨੀ ਪੜਾਈ ਤੇ ਹਉਂਬੁਧ ਨੂੰ ਵਡਾ ਸਮਝਦੇ ਹਨ, ਅਤੇ ਜਿਥੇ ਗੁਰਬਾਣੀ ਦੀ ਵਿਚਾਰ ਉਨ੍ਹਾ ਦੀ ਸੰਸਾਰੀ ਪੜਾਈ ਤੇ ਬੁਧੀ ਦੇ ਤਲ ਤੇ ਸਹੀ ਨਹੀਂ ਉਤਰਦੀ ਉੱਥੇ ਉਹ ਗੁਰਬਾਣੀ ਦੀ ਅਰਥ ਵਿਚਾਰ ਅਪਨੀਂ ਚਤੁਰਾਈ ਨਾਲ ਬਦਲ ਦਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਵਿਚਾਰ ਆਤਮਾਂ ਪਰਮਾਤਮਾਂ ਦੀ ਸੋਝੀ ਵਾਲੀ ਵਿਚਾਰ ਤੋਂ ਸੱਖਣੀ ਹੁੰਦੀ ਹੈ। ਉਹਨਾਂ ਦੀ ਇਹ ਧਾਰਨਾਂ ਕਿ ਪਾਠ ਕਰਦਿਆਂ, ਕੀਰਤਨ ਸੁਣਦਿਆਂ, ਗੁਰਬਾਣੀ ਵਿਚਾਰ ਨਾਲ ਚਲਨੀਂ ਚਾਹੀਦੀ ਹੈ ਨਿਰਮੂਲ ਹੈ। ਅਜ ਦੀ ਵਿਗਿਆਨਕ ਖੋਜ ਮੁਤਾਬਕ ਕੋਈ ਬੋਲੀ ਵੀ ਸੁਨਨ ਨਾਲ ਸੁਨਨ ਵਾਲੇ ਨੂੰ ਉਸਦੀ ਸਮਝ ਆ ਜਾਂਦੀ ਹੈ ਤੇ ਜਿਥੋਂ ਬੋਲੀ ਆਈ ਹੈ ਉਸ ਦੀ ਸੰਸਕ੍ਰਿਤੀ ਅਪਨੇ ਆਪ ਮਨ ਵਿੱਚ ਵਸ ਜਾਂਦੀ ਹੈ। ਉਦ੍ਹਾਰਨ ਲਈ ਬੱਚੇ ਮਾਂ ਬਾਪ ਦੀ ਬੋਲੀ ਸਮਝ ਸੁਨ ਕੇ ਸਮਝ ਲੈਂਦੇ ਹਨ ਅਤੇ ਉਸੇ ਸੰਸਕ੍ਰਿਤੀ ਨੂੰ ਵੀ ਅਪਨਾ ਲੈਂਦੇ ਹਨ। ਜਿਸ ਘਰ ਵਿੱਚ ਦੋ ਬੋਲੀਆਂ, ਬੋਲੀਆਂ ਜਾਦੀਆਂ ਹਨ ਬੱਚੇ ਦੋਨੋਂ ਬੋਲੀਆਂ ਸਮਝਦੇ ਹਨ ਤੇ ਦੋਨਾਂ ਦੀ ਰਲੀ ਮਿਲੀ ਸੰਸਕ੍ਰਿਤੀ ਅਪਨਾ ਲੈਂਦੇ ਹਨ।

ਗੁਰਸਬਦੁ, ਗੁਰਮੰਤ੍ਰ ਨਾਮ ਗੁਰੂ ਹੈ।

ਨਾਮੁ ਰੂਪ ਏਕੰਕਾਰ ਪਾਰਬ੍ਰਹਮ ਦੀ ਆਰਧਨਾਂ /ਜਪ/ਸਿਮਰਨ ਗੁਰਮੰਤ੍ਰ ਨਾਮ/ਗੁਰਸਬਦ ਨੂੰ ਜਪ/ਸਿਮਰ ਕੇ ਕਤਿੀ ਜਾਂਦੀ ਹੈ। ॥

ਮਨਿ ਰਾਮ ਨਾਮੁ ਆਰਾਧਿਆ ਗੁਰ ਦਬਦਿ ਗੁਰੂ ਗੁਰ ਕੇ॥ ੭੩੧

ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ॥

ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ॥

ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ॥

(ਗੁਰਮੰਤ੍ਰ ਨਾਮ ਵਿੱਚ ਰਤਿਆਂ, ਲਿਵ ਲਾਇਆਂ ਨਾਮੁ ਰੂਪ ਅਕਾਲ ਪੁਰਖ ਨੂੰ ਪਾਈਦਾ ਹੈ, ਤੇ ਇਸਤਰ੍ਹਾਂ ਨਾਮ ਦੇ ਗੁਣ ਗਾਏ ਜਾਂਦੇ ਹਨ)

ਗੁਰ ਕੈ ਸਬਦਿ ਸਲਾਹੀਐ ਹਰਿ ਨਾਮ ਸਮਾਵੈ॥

(ਗੁਰੂ ਦੇ ਸਬਦ ਗੁਰਮੰਤ੍ਰ ਨਾਮ ਨਾਲ ਸਲਾਹਨ ਨਾਲ ਨਾਮ ਵਿੱਚ ਸਮਾਈ ਹੁੰਦੀ ਹੈ)

ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ॥ ੭੯੧

ਤਿਨਾ ਮਿਲਿਆ ਗੁਰ ਆਏ ਜਿਨ ਕਉ ਲੀਖਿਆ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥ ੭੨੯

(ਗੁਰਸਬਦਿ ਗੁਰਮੰਤ੍ਰ ਨਾਮ ਵਾਹਿਗੁਰੂ, ਗੁਰੂ ਜੀ ਸਿਖੀ ਵਿੱਚ ਪਰਵੇਸ਼ ਸਮੇਂ ਦਿੰਦੇ ਹਨ ਤੇ ਨਾਮ ਜਪ ਸਿਮਰਨ ਦਾ ਉਪਦੇਸ਼ ਦਿੰਦੇ ਹਨ।)

ਗੁਰਮੰਤ੍ਰ ਨਾਮ ਦਾ ਜਪ/ਸਿਮਰਨ ਕਰਦਿਆਂ ਹਿਰਦੇ ਵਿੱਚ ਧਿਆਨ ਰਖਨ ਦਾ ਹੁਕਮ ਹੈ। ਹਿਰਦੇ ਵਿੱਚ ਜਪਨ/ਸਿਮਰਨ ਤੋਂ ਉਪਜੀ ਧੁੰਨ ਵਿੱਚ ਧਿਆਨ ਰੱਖ ਕੇ ਸਿਮਰਨ ਕਰਨ ਨਾਲ ਸਾਧ ਗੁਰੂ ਦੀ ਸੰਗਤ ਹੁੰਦੀ ਹੈ ਤੇ ਹਿਰਦੇ ਵਿੱਚ ਗੁਰਬਾਣੀ ਦੀ ਸੋਝੀ ਤੇ ਪਰਮਾਤਮਾਂ ਦਾ ਗਿਆਨ ਉਪਜਦਾ ਹੈ।

ਗੁਰਸਿਖ ਗੁਰਦੁਆਰੇ ਜਾਂਦੇ ਹਨ, ਉਥੇ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਹੁੰਦਾ ਹੈ ਤੇ ਸਿਖ ਸੰਗਤਿ ਜੁੜਦੀ ਹੈ। ਉਥੇ ਗੁਰਸਿਖ ਸਤ ਸੰਗਤਿ ਵਿੱਚ ਨਾਮ ਜਪਦੇ ਹਨ, ਗੁਰਬਾਣੀ ਦਾ ਪਾਠ ਕਰਦੇ ਹਨ ਤੇ ਗੁਰਬਾਣੀ ਦੀ ਕਥਾ ਸੁਣਦੇ ਹਨ, ਗੁਰਬਾਣੀ ਦਾ ਕੀਰਤਨ ਕਰਦੇ ਤੇ ਸੁਨਦੇ ਹਨ।

ਗੁਰਬਾਣੀ ਦਸਦੀ ਹੈ ਗੁਰਦੁਆਰਾ ਮਨੁਖ ਦੇ ਹਿਰਦੇ ਵਿੱਚ ਵੀ ਹੈ।

ਜਦੋਂ ਨਾਮ ਅਭਿਆਸੀ ਗੁਰਮਤਿ ਨਾਮ ਜਪਦਾ ਹੈ ਤੇ ਸੁਨਦਾ ਹੈ ਉਹ ਹਿਰਦੇ ਅੰਦਰ ਦੇ ਗੁਰਦੁਆਰੇ ਵਿੱਚ ਪਹੁੰਚ ਜਾਂਦਾ ਹੈ॥

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤਰ ਹੋਵਹੁ ਸਾਚੈ ਸੁਨਣੈ ਨੋ ਪਠਾਏ॥

(ਹੇ ਮੇਰੇ ਸ੍ਰਵਣਹੁ ਤੁਸੀਂ ਸੱਚ ਪਾਰਬ੍ਰਹਮ ਦੇ ਨਾਮ ਨੂੰ ਸੁਨਣ ਆਏ ਹੋ ਤੁਸੀਂ ਸਚੀ ਬਾਣੀ ਤੇ ਅੰਮ੍ਰਿਤ ਨਾਮ ਸੁਣੋ ਤੇ ਪਵਿਤਰ ਹੋਵੋ)

ਹਰਿ ਜੀਉ ਗੁਫਾ ਅੰਦਰਿ ਰਖ ਕੈ ਵਾਜਾ ਪਵਣੁ ਵਜਾਇਆ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥ ਗੁਰਦੁਆਰੈ ਲਾਏ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖ ਕੈ ਵਾਜਾ ਪਵਣੁ ਵਜਾਇਆ॥ ੯੨੨

(ਹਰਿ ਜੀ ਨੇਂ ਅਪਨਾਂ ਆਪਾ ਸਰੀਰ ਗੁਫਾ ਅੰਦਰ ਰੱਖ ਕੇ ਅਨਹਦ ਸਬਦੁ ਦਾ ਨਾਦ ਵਜਾਇਆ ਇਸਤੋਂ ਮਨੁਖ ਦੀ ਭੈ ਭਰਮ ਵਾਲੀ ਜੀਵਆਤਮਾਂ ਉਪਜੀ। ਹਰਿ ਜੀ ਨੇਂ ਸਰੀਰ ਦੇ ਨੌਂ ਦੁਆਰੇ ਦੋ ਕੰਨ ਦੋ ਅੱਖਾਂ, ਮੂੰਹ, ਦੋ ਨਾਸਾਂ, ਗੁਦਾ ਤੇ ਲਿੰਗ ਪਰਗਟ ਕੀਤੇ। ਦਸਵੇਂ ਦੁਆਰ ਵਿੱਚ ਗੁਪਤ ਨਾਮੁ ਜੋਤਿ ਰੂਪ ਧੁਨਾਂ ਵਿੱਚ ਉਹ ਆਪ ਹੈ। ਜੋ ਗੁਰਸਿਖ ਨਾਮ ਸਿਮਰਦਿਆਂ ਚੌਥੇ ਪਦ ਦੀ ਅਵਸਥਾ ਤਕ ਅਪੜਦੇ ਹਨ ਉਹ ਗੁਰਦੁਆਰੇ ਵਿੱਚ ਪਹੁੰਚੇ ਹਨ ਜਿਥੇ ਨਾਮੁ ਰੂਪ ਅਕਾਲ ਪੁਰਖ ਵਸਦਾ ਹੈ ਤੇ ਉਸ ਦੀ ਅਨੁਭਵਤਾ ਹੁੰਦੀ ਹੈ। ਉਥੇ ਅਨੇਕਾਂ ਰੂਪ ਤੇ ਨਵ ਨਿਧਾਂ ਹਨ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ।

ਡਾ. ਗੁਰਮੁਖ ਸਿੰਘ




.