.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 03)

(ਇਹ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰਿਆ ਹੈ ਕਿ ਉਸ ਦਾ ਕੋਈ ਖਾਸ ਨਾਮ ਨਹੀਂ, ਜਿਸ ਦੇ ਰਟਣ ਨਾਲ ਸਾਡੀ ਆਤਮਕ ਅਵੱਸਥਾ ਉਚੀ ਹੋ ਜਾਵੇ, ਗੁਰੂ ਸਾਹਿਬ ਸੇਧ ਦਿੰਦੇ ਹਨ,
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨)

ਹੇ ਨਾਨਕ, ਸ਼ਬਦ ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਉਸ ਪਰਮਾਤਮਾ ਦਾ ਹੁਕਮ ਹੀ ਉਸ ਦਾ ਇਕੋ ਇੱਕ ਅਸਲੀ ਨਾਮ ਹੈ। ਇਸ ਬਾਰੇ ਸੋਝੀ ਕੇਵਲ ਸਤਸੰਗਤ ਵਿਚੋਂ ਹੁੰਦੀ ਹੈ। ਸਤਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਸਤਸੰਗਤ ਉਸ ਨੂੰ ਕਹਿਣਾ ਚਾਹੀਦਾ ਹੈ, ਜਿਥੇ ਸਿਰਫ ਪ੍ਰਭੂ ਦੇ ਨਾਮ ਦੀ, ਉਸ ਦੇ ਹੁਕਮ ਦੀ ਵਿਚਾਰ ਕੀਤੀ ਜਾਂਦੀ ਹੋਵੇ। (ਗੁਰੂ ਸਾਹਿਬ ਨੇ ਬੰਦੇ ਦੇ ਆਤਮਿਕ ਅਤੇ ਸਮਾਜਿਕ ਪੱਖ ਵਿਚੋਂ ਕੋਈ ਵਿਸ਼ਾ ਅਜਿਹਾ ਨਹੀਂ ਛੱਡਿਆ, ਜਿਸ ਬਾਰੇ ਸੇਧ ਨਾ ਦਿੱਤੀ ਹੋਵੇ। ਲੋੜ ਹੈ ਸਾਨੂੰ ਗੁਰੂ ਨੂੰ ਮਨੋ ਗੁਰੂ ਸਵੀਕਾਰ ਕਰਨ ਦੀ, ਉਸ ਦੀ ਸਰਨ ਲੈਣ ਦੀ, ਉਸ ਕੋਲੋਂ ਪੁਛਣ ਦੀ)
ਅੱਜ ਕਲ ਤਾਂ ਜਿੱਥੇ ਵੀ ਕੁੱਝ ਬੰਦੇ ਇਕੱਠੇ ਹੋਏ, ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ, ਚੋਰੀ ਕੀਤੇ ਸ਼ਬਦ, ਕੱਚੀਆਂ ਧਾਰਨਾ ਲਾ ਕੇ, ਲੋਕਾਂ ਕੋਲੋਂ ਪੈਸੇ ਠੱਗੇ, ਬਸ ਹੋ ਗਿਆ ਸਤਸੰਗ। ਗੁਰੂ ਸਾਹਿਬ ਇਸ ਬਾਰੇ ਸੇਧ ਦਿੰਦੇ ਕਹਿੰਦੇ ਹਨ,
ਲ਼ੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (੩੩੫)
ਲ਼ੋਕ ਸਮਝਦੇ ਹਨ ਕਿ ਗੁਰਬਾਣੀ ਤਾਂ ਗੀਤ ਹੀ ਹੈ, ਜਿਸ ਨੂੰ ਗਾਉਣ ਭਰ ਨਾਲ ਕੰਮ ਪੂਰਾ ਹੋ ਜਾਂਦਾ ਹੈ, ਪਰ ਐਸਾ ਨਹੀਂ ਹੈ, ਇਹ ਤਾਂ ਬ੍ਰਹਮ ਦੀ, ਕਰਤਾਰ ਦੇ ਗੁਣਾਂ ਦੀ ਵਿਚਾਰ ਹੈ। ਇਸ ਨੂੰ ਸਮਝੇ ਬਗੈਰ, ਉਸ ਤੇ ਅਮਲ ਕੀਤੇ ਬਗੈਰ, ਕੁੱਝ ਨਹੀਂ ਹੋਣ ਵਾਲਾ। ਇਸ ਨੂੰ ਹੀ ਸਮਝਾਉਂਦੇ ਗੁਰੂ ਸਾਹਿਬ ਕਹਿੰਦੇ ਹਨ,
ਕਿਵ ਸਚਿਆਰਾ ਹੋਈਐ ਕਿ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥

ਬੰਦੇ ਦੇ ਮਨ ਵਿਚੋਂ ਕੂੜ ਦਾ, ਮਾਇਆ ਦਾ ਪਰਦਾ ਕਿਵੇਂ ਦੂਰ ਹੋਵੇ, ਅਤੇ ਉਹ ਅਕਾਲ ਦੇ ਹਜ਼ੂਰ ਕਿਵੇਂ ਪਰਵਾਨ ਹੋਵੇ? ਹੇ ਨਾਨਕ, ਧੁਰ ਤੋਂ, ਸ੍ਰਿਸ਼ਟੀ ਰਚਨਾ ਵੇਲੇ ਤੋਂ ਹੀ, ਇਹ ਗੱਲ ਮਿਥੀ ਹੋਈ ਹੈ ਕਿ ਬੰਦਾ ਰਜ਼ਾ ਦੇ ਮਾਲਿਕ, ਪ੍ਰਭੂ ਦੇ ਹੁਕਮ ਅਨੁਸਾਰ, ਸ੍ਰਿਸ਼ਟੀ ਨੂੰ ਠੀਕ ਢੰਗ ਨਾਲ ਚਲਦਾ ਰੱਖਣ ਲਈ ਬਣਾਏ ਨਿਯਮਾਂ ਦੀ ਪਾਲਣਾ ਕਰੇ। ਅਤੇ,
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (੯੯੨)
ਭਾਵੇਂ ਕੋਈ ਬ੍ਰਹਮਾ ਹੈ ਜਾਂ ਵਿਸ਼ਨੂ ਹੈ, ਕੋਈ ਰਿਸ਼ੀ ਹੈ ਜਾਂ ਮੁਨੀ ਹੈ, ਕੋਈ ਸ਼ੰਕਰ, ਸ਼ਿਵਜੀ ਹੈ ਜਾਂ ਦੇਵਤਿਆਂ ਦਾ ਰਾਜਾ ਇੰਦਰ ਕਹਾਉਂਦਾ ਹੈ, ਭਾਵੇਂ ਕੋਈ ਤਪ ਕਰਨ ਵਾਲਾ ਹੈ ਜਾਂ ਕੋਈ ਭਿਖਾਰੀ ਹੈ, ਉਸ ਦੇ ਦਰਬਾਰ ਵਿੱਚ ਕੋਈ ਫਰਕ ਨਹੀਂ ਪੈਂਦਾ। ਜੋ ਵੀ ਉਸ ਦਾ ਹੁਕਮ ਮੰਨਦਾ ਹੈ, ਉਸ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ, ਉਹ ਪ੍ਰਭੂ ਦੇ ਦਰਬਾਰ ਵਿੱਚ ਸੋਭਾ ਪਾਉਂਦਾ ਹੈ। ਅਪਣੀ ਮਨ ਮਰਜ਼ੀ ਕਰਨ ਵਾਲੇ ਹੰਕਾਰੀ, ਖੁਆਰ ਹੋ ਕੇ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਭੋਗਦੇ ਹਨ। ਅਤੇ,
ਇਤੁ ਸੰਗਤਿ ਨਾਹੀ ਮਰਣਾ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ॥ ੧॥ ਰਹਾਉ॥ (੯੨)
ਸਤਸੰਗਤ ਵਿੱਚ ਜੁੜ ਕੇ, ਕਰਤਾਰ ਨਾਲ ਚਿੱਤ ਜੋੜਿਆਂ, ਆਤਮਕ ਮੌਤ ਨਹੀਂ ਹੁੰਦੀ ਪਰ ਖਸਮ ਨਾਲ, ਕਰਤਾਰ ਨਾਲ ਮਿਲਣ ਲਈ ਜ਼ਰੂਰੀ ਹੈ ਕਿ ਸਤਸੰਗਤ ਵਿੱਚ ਜੁੜ ਕੇ, ਉਸ ਦੇ ਹੁਕਮ ਨੂੰ ਪਛਾਣੇ, ਸਮਝੇ ਅਤੇ ਉਸ ਦੀ ਪਾਲਣਾ ਕਰੇ। ਅਤੇ,
ਤੇਰਾ ਤਾਣੁ ਤੂਹੈ ਦੀਬਾਣੁ॥ ਗੁਰ ਕਾ ਸਬਦੁ ਸਚੁ ਨੀਸਾਣੁ॥
ਮੰਨੇ ਹੁਕਮੁ ਸੁ ਪਰਗਟੁ ਜਾਇ॥ ਸਚੁ ਨੀਸਾਣੈ ਠਾਕ ਨ ਪਾਇ॥ (੩੫੫)
ਹੇ ਪ੍ਰਭੂ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਣ ਵਾਲੇ ਕੋਲ ਤੇਰੀ ਹੀ ਤਾਕਤ ਹੈ, ਉਸ ਨੂੰ ਤੇਰਾ ਹੀ ਆਸਰਾ ਹੈ। ਗੁਰ ਸ਼ਬਦ ਹੀ ਉਸ ਕੋਲ, ਸੱਚ ਤਕ, ਤੇਰੇ ਤਕ ਅਪੜਨ ਦਾ ਨਿਸ਼ਾਨ, ਪਰਵਾਨਾ, ਰਾਹਦਾਰੀ ਹੈ। ਜੋ ਸ਼ਬਦ ਦੀ ਵਿਚਾਰ ਅਨੁਸਾਰ, ਤੇਰੇ ਹੁਕਮ ਨੂੰ ਮੰਨਦਾ, ਤੇਰੇ ਹੁਕਮ ਵਿੱਚ ਚਲਦਾ ਹੈ, ਉਹ ਜਗਤ ਵਿਚੋਂ ਸੋਭਾ ਖੱਟ ਕੇ ਜਾਂਦਾ ਹੈ। ਗੁਰ ਸ਼ਬਦ, ਜੋ ਸਚ ਤਕ ਅਪੜਨ ਦੀ ਰਾਹਦਾਰੀ ਹੈ, ਉਸ ਦੇ ਹੁੰਦਿਆਂ, ਪ੍ਰਭੂ ਦੇ ਮਿਲਾਪ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਅਤੇ,
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ॥ ਸਚਾ ਸਬਦੁ ਵਿਚਾਰਿ ਸਚਿ ਸਮਾਣਿਆ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ॥ ਵਿਸ਼ਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ॥ ਨਾਨਕ ਪਾਰਖੁ ਆਪਿ ਜਿਨ ਖੋਟਾ ਖਰਾ ਪਛਾਣਿਆ॥ (੧੪੪)
ਹੇ ਪ੍ਰਭੂ ਤੇਰਾ ਹੁਕਮ ਸਦਾ ਥਿਰ ਰਹਿਣ ਵਾਲਾ, ਅਟੱਲ ਹੈ। ਗੁਰ ਸ਼ਬਦ ਦੇ ਗਿਆਨ ਆਸਰੇ ਉਸ ਦੀ ਸੋਝੀ ਹੁੰਦੀ ਹੈ। ਜਿਸ ਨੇ ਗੁਰੂ ਦੀ ਮੱਤ ਅਨੁਸਾਰ ਚਲਦਿਆਂ ਆਪਾ ਭਾਵ, ਤੇਰੇ ਤੋਂ ਅਲੱਗ ਹਸਤੀ ਦੀ ਸੋਚ ਤਿਆਗ ਦਿਤੀ ਹੈ, ਉਸ ਨੇ ਤੈਨੂੰ ਸਦਾ ਥਿਰ ਰਹਿਣ ਵਾਲੇ ਨੂੰ ਪਛਾਣ ਲਿਆ ਹੈ।
ਹੇ ਪ੍ਰਭੂ ਤੇਰਾ ਦਰਬਾਰ ਦੁਨਿਆਵੀ ਦਰਬਾਰਾਂ ਵਾਂਙ ਥੋੜ੍ਹ ਚਿਰਾ ਨਹੀਂ ਹੈ, ਬਲਕਿ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਜਿਸ ਦੀ ਰਾਹਦਾਰੀ, ਜਿਸਦਾ ਪਾਸ ਕੇਵਲ ਤੇ ਕੇਵਲ ਸ਼ਬਦ ਹੈ। ਜੋ ਸੱਚ, ਸ਼ਬਦ ਨੂੰ ਵਿਚਾਰਦੇ ਹਨ ਉਹ ਸੱਚ ਵਿੱਚ ਲੀਨ ਹੋ ਜਾਂਦੇ ਹਨ। ਮਨ ਦੀ ਮਤ ਪਿਛੇ ਚਲਣ ਵਾਲੇ ਕੂੜ (ਜੋ ਚੀਜ਼ਾਂ ਨਾਸਵਾਨ ਹਨ) ਹੀ ਇਕੱਠਾ ਕਰਦੇ ਹਨ, ਅਤੇ ਭਰਮ ਭੁਲੇਖਿਆਂ ਵਿੱਚ ਹੀ ਫਸੇ ਰਹਿੰਦੇ ਹਨ। ਉਨ੍ਹਾਂ ਦਾ ਵਾਸਾ ਗੰਦ ਵਿੱਚ ਹੀ ਹੁੰਦਾ ਹੈ, ਉਹ ਸ਼ਬਦ ਦੇ ਗਿਆਨ ਬਾਰੇ ਕੁੱਝ ਨਹੀਂ ਜਾਣ ਪਾਉਂਦੇ। ਹਰੀ ਦੇ ਹੁਕਮ ਅਨੁਸਾਰ ਚਲਣ ਤੋਂ ਖੁੰਝੇ ਉਹ ਜੰਮਦੇ ਮਰਦੇ ਦੁਖ ਪਾਉਂਦੇ ਰਹਿੰਦੇ ਹਨ।
ਹੇ ਨਾਨਕ ਪਰਖਣ ਵਾਲਾ ਉਹ ਪ੍ਰਭੂ ਆਪ ਹੀ ਹੈ, ਜੋ ਸਭ ਦੀ ਅਸਲੀਅਤ ਜਾਣਦਾ ਹੈ। ਉਸ ਨੂੰ ਧੋਖਾ ਨਹੀਂ ਦਿਤਾ ਜਾ ਸਕਦਾ।
(ਇਹ ਹੈ ਉਸਦਾ ਨਾਮ। ਜੋ ਪੁਜਾਰੀ ਭੋਲੇ ਭਾਲੇ ਲੋਕਾਂ ਨੂੰ ਕੰਨਾਂ ਵਿੱਚ ਗੁਪਤ ਕਰ ਕੇ ਦਿੰਦੇ ਹਨ। ਲਾਊਡ ਸਪੀਕਰਾਂ ਤੇ ਰੌਲਾ ਪਾ ਕੇ ਨਾਮ ਜਪਦੇ ਹਨ ਜਾਂ ਹਨੇਰਾ ਘੁੱਪ ਕਰ ਕੇ, ਉਪਰ ਕੰਬਲ ਖੇਸੀਆਂ ਲੈ ਕੇ, ਕੈਸਟਾਂ ਦੀ ਤਾਨ ਤੇ ਨਾਮ ਜਪਣ ਦਾ ਵਿਖਾਵਾ ਕਰਦੇ ਹਨ। ਉਹ ਕਿੰਨਾ ਕੁ ਠੀਕ ਕਰਦੇ ਹਨ? ਇਹ ਉਪਰਲੀ ਵਿਚਾਰ ਤੋਂ ਤੁਸੀਂ ਭਲੀ ਭਾਂਤ ਸਮਝ ਸਕਦੇ ਹੋ। ਮੁੜਦੇ ਹਾਂ ਗੁਰ ਵੱਲ।)
ਜਿਸ ਅੰਦਰਿ ਰੰਗੁ ਸੋਈ ਗੁਣ ਗਾਵੈ॥ ਗੁਰ ਕੈ ਸਬਦ ਸਹਿਜੇ ਸੁਖਿ ਸਮਾਵੈ॥
ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ॥ ੬॥
ਸਦਾ ਸਚੋ ਸਚਿ ਪਤੀਜੈ॥ ਗੁਰ ਪਰਸਾਦੀ ਅੰਦਰੁ ਭੀਜੈ॥
ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ॥ ੭॥
ਜਿਸ ਨੋ ਨਦਰਿ ਕਰੇ ਸੋ ਪਾਏ॥ ਗੁਰ ਪਰਸਾਦੀ ਹਉਮੈ ਜਾਏ॥
ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ॥ ੮॥ (੧੧੪)
ਜਿਸ ਮਨੁਖ ਦਾ ਮਨ ਪ੍ਰਭੂ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਉਹ ਪ੍ਰਭੂ ਦੇ ਗੁਣ ਗਾਉਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਗੁਰ ਸ਼ਬਦ ਦੀ ਵਿਚਾਰ ਰਾਹੀਂ ਸਹਿਜ ਅਵਸਥਾ ਵਿੱਚ ਟਿਕ ਕੇ ਸਦੀਵੀ ਸੁਖ ਮਾਣਦਾ ਰਹਿੰਦਾ ਹੈ। ਮੈਂ ਹਮੇਸ਼ਾ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਗੁਰੂ ਦੀ ਸੇਵਾ ਵਿੱਚ ਚਿਤ ਜੋੜਦੇ ਹਨ।
ਗੁਰੂ ਦੀ ਸੇਵਾ ਕੀ ਹੈ? ਗੁਰੂ ਸਾਹਿਬ ਸੇਧ ਦਿੰਦੇ ਹਨ
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)
ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨੀ ਹੀ ਹੈ, ਜਿਸ ਆਸਰੇ ਬੰਦੇ ਦੇ ਮਨ ਵਿਚੋਂ ਹਉਮੈ ਮਰ ਜਾਂਦੀ ਹੈ, ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ। ਕਿੳਂਕਿ ਮਨ ਵਿੱਚ ਹਉਮੈ ਹੁੰਦਿਆਂ ਵਾਹਿਗੁਰੂ ਮਨ ਵਿੱਚ ਨਹੀਂ ਟਿਕ ਸਕਦਾ। ਯਥਾ
ਹਉਮੈ ਨਾਵੈ ਨਾਲ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥
ਹਉਮੈ ਵਿੱਚ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ॥ (੫੬੦)
ਹਉਮੈ ਅਤੇ ਹੁਕਮ ਮੰਨਣ ਵਿੱਚ ਆਪਸੀ ਵਿਰੋਧ ਹੈ, ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਜੇ ਮਨ ਵਿੱਚ ਹਉਮੈ ਹੈ ਤਾਂ ਕਿਸੇ ਦਾ ਹੁਕਮ ਮੰਨਣ ਦੀ ਗਲ ਕਿਥੇ? ਜੇ ਮਨ ਹੁਕਮ ਮੰਨਣ ਵਿੱਚ ਲਗਾ ਹੈ ਤਾਂ ਉਸ ਵਿੱਚ ਹਉਮੈ ਕਿਥੇ? ਹਉਮੈ ਵਿੱਚ ਸੇਵਾ ਸੰਭਵ ਨਹੀਂ ਹੈ, ਜੋ ਕੋਈ ਮਨ ਵਿੱਚ ਹਉਮੈ ਹੁੰਦਿਆਂ, ਸੇਵਾ ਕਰਦਾ ਦਿਸਦਾ ਹੈ ਤਾਂ ਉਹ ਸਿਰਫ਼ ਵਿਖਾਵਾ ਕਰ ਰਿਹਾ ਹੈ, ਜਿਸ ਕਾਰਨ ਉਸ ਦੀ ਕੀਤੀ ਸੇਵਾ ਅਜਾਂਈ ਜਾਂਦੀ ਹੈ। ਸ਼ਬਦ ਵਿਚਾਰ ਤੋਂ ਬਿਨਾ ਹਰ ਤਰਾਂ ਨਾਲ ਕੀਤੀ ਗੁਰੂ ਦੀ ਸੇਵਾ, ਜਿਵੇਂ ਲੱਖਾਂ ਰੁਪਏ ਦੇ ਚੰਦੋਏ ਤਾਣ ਦੇਣੇ, ਹਜ਼ਾਰਾਂ ਰੁਪਏ ਦੇ ਰੁਮਾਲੇ ਚੜ੍ਹਾ ਦੇਣੇ, ਸੰਗ ਮਰਮਰ ਦੀਆਂ ਬਿਲਡਿੰਗਾਂ ਖੜੀਆਂ ਕਰ ਦੇਣੀਆਂ, ਸੋਨੇ ਦੇ ਪਤਰੇ, ਕਲਸ਼, ਖੰਡੇ, ਛੱਬੇ ਚੜ੍ਹਆਉਣੇ, ਏ. ਸੀ. ਆਦਿ ਲਾਉਣੇ, ਡੰਦੌਤ ਆਦਿ ਕਰਨੇ ਸਭ ਵਿਖਾਵੇ ਦੇ ਕੰਮ ਹਨ, ਜਿਨ੍ਹਾਂ ਦੇ ਕੀਤਿਆਂ ਮਨ ਵਿੱਚ ਹਉਮੈ ਵਧਦੀ ਹੈ, ਘਟਦੀ ਨਹੀਂ।
ਗੁਰੂ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਣ ਦੀ ਗਲ ਕਰਦੇ ਹਨ ਜੋ ਸ਼ਬਦ ਦੀ ਵਿਚਾਰ ਕਰਦੇ ਹਨ। ਬਾਕੀ ਵਿਖਾਵੇ ਦੇ ਕਰਮ ਕਰਨ ਵਾਲਿਆਂ ਤੋਂ ਨਹੀਂ। ਸੱਚਾ, ਸਦਾ ਥਿਰ ਵਾਹਿਗੁਰੂ ਸਚੇ ਮਨੋਂ, ਸੱਚ ਨਾਲ ਜੁੜਨ ਵਾਲਿਆਂ ਤੇ ਹੀ ਖੁਸ਼ ਹੁੰਦਾ ਹੈ। ਅਜਿਹੇ ਬੰਦਿਆਂ ਦਾ ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ ਅੰਦਰ ਭਿਜਿਆ ਰਹਿੰਦਾ ਹੈ, ਸਰਸਾ, ਰਸ ਭਰਪੂਰ ਰਹਿੰਦਾ ਹੈ। ਉਹ ਚੰਗੇ ਥਾਂ (ਸਤਸੰਗ ਵਿਚ) ਬੈਠ ਕੇ ਪ੍ਰਭੂ ਦੀ ਸਿਫ਼ਤ ਸਲਾਹ ਕਰਦੇ ਰਹਿੰਦੇ ਹਨ। ਕਰਤਾਰ ਆਪ ਹੀ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਜੋ ਕਾਰ ਉਹ ਕਰ ਰਹੇ ਹਨ ਉਹੀ ਸਹੀ ਕਾਰ ਹੈ।
ਜਿਸ ਬੰਦੇ ਤੇ ਪਰਮਾਤਮਾ ਮਿਹਰ ਕਰੇ ਉਹੀ ਬੰਦਾ ਇਸ ਰਸਤੇ ਤੇ ਚਲਦਾ ਹੈ, ਗੁਰੁ ਦੀ ਬਖਸ਼ਿਸ਼ ਸਦਕਾ ਸ਼ਬਦ ਦੀ ਵਿਚਾਰ ਕਰ ਸਕਦਾ ਹੈ। ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਹੇ ਨਾਨਕ, ਵਾਹਿਗੁਰੂ ਦਾ ਨਾਮ ਉਸ ਦੇ ਅੰਦਰ ਵਸ ਜਾਂਦਾ ਹੈ, ਉਸ ਨੂੰ ਕਰਤਾਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ ਅਤੇ ਉਹ ਅਕਾਲ ਦੇ ਦਰ ਤੇ ਸੋਭਾ ਪਾਉਂਦਾ ਹੈ। ਅਤੇ
ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤ ਦਿਸਾਵਰ ਪੰਧਾ॥
ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲ ਸਜਣੁ ਮੈ ਲਧਾ॥ (੯੬੩) ਅਰਥਾਤ
ਹੇ ਨਾਨਕ ਮੈਂ ਕਰਤਾਰ ਦੀ ਭਾਲ ਵਿੱਚ ਬਹੁਤ ਦੇਸ਼ਾਂ ਦੇ ਪੈਂਡੇ ਝਾਗਦੀ, ਭਟਕਦੀ ਫਿਰਦੀ, ਕਮਲੀ ਪਾਗਲ ਹੋ ਰਹੀ ਸਾਂ, ਪਰ ਜਦ ਮੈਨੂੰ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਿਆਂ, ਸੱਜਣ ਪ੍ਰਭੂ, ਪਰਮਾਤਮਾ ਬਾਰੇ ਸੋਝੀ ਹੋ ਗਈ ਤਾਂ ਮੈਂ ਸੁਖਾਲੀ ਹੋ ਕੇ ਸੌਂ ਗਈ, ਮੇਰੀ ਭਟਕਣਾ ਮੁਕ ਗਈ, ਖਤਮ ਹੋ ਗਈ। ਅਤੇ
ਅੰਮ੍ਰਿਤ ਫਲੁ ਨਾਮ ਜਿਨ ਗੁਰ ਤੇ ਪਾਇਆ॥
ਨਾਨਕ ਦਾਸ ਤਰੀ ਤਿਨ ਮਾਇਆ॥ (੩੮੫)
ਹੇ ਨਾਨਕ ਦਾਸ ਆਖ, ਜਿਸ ਮਨੁਖ ਨੇ ਸ਼ਬਦ ਵਿਚਾਰ ਰਾਹੀਂ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ ਫਲ ਪਰਾਪਤ ਕਰ ਲਿਆ, ਉਸ ਨੇ ਮਾਇਆ ਰੂਪੀ ਭਵਜਲ ਸੰਸਾਰ ਪਾਰ ਕਰ ਲਿਆ। ਅਤੇ
ਅਗਮ ਰੂਪ ਜਾ ਕਾ ਮਨ ਮਹਿ ਥਾਨਾ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ॥ (੧੮੬)
ਅਪਹੁੰਚ ਸਰੂਪ ਵਾਲੇ ਕਰਤਾਰ ਦੀ ਕਚਹਿਰੀ ਤਾਂ ਬੰਦੇ ਦੇ ਮਨ ਵਿੱਚ ਹੀ ਹੈ, ਪਰ ਇਹ ਭੇਦ, ਕਿਸੇ ਵਿਰਲੇ ਨੇ ਹੀ, ਜਿਸ ਤੇ ਸ਼ਬਦ ਗੁਰੂ ਦੀ ਬਖਸ਼ਿਸ਼ ਹੋ ਗਈ ਹੋਵੇ, ਜਾਣਿਆ ਹੈ, ਨਹੀਂ ਤਾਂ ਸਾਰੀ ਦੁਨੀਆਂ ਉਸ ਨੂੰ ਮੰਦਰਾਂ, ਮਸਜਿਦਾਂ, ਗੁਰਦਵਾਰਿਆਂ, ਤੀਰਥਾਂ, ਜੰਗਲਾਂ, ਪਹਾੜਾਂ, ਬੀਆ ਬਾਨਾਂ ਵਿੱਚ ਲਭਦੀ ਫਿਰਦੀ ਹੈ। ਅਤੇ
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥
ਸਬਦੈ ਹੀ ਤੇ ਸਹਜੁ ਉਪਜੈ ਹਰਿ ਪਾਇਆ ਸਚੁ ਸੋਇ॥ (੬੮)
ਹੇ ਭਾਈ ਸ਼ਬਦ ਗੁਰੂ ਤੋਂ ਬਗੈਰ ਆਤਮਕ ਅਡੋਲਤਾ ਪਰਾਪਤ ਨਹੀਂ ਹੁੰਦੀ। ਸ਼ਬਦ ਵਿਚਾਰ ਨਾਲ ਹੀ ਆਤਮਕ ਅਡੋਲਤਾ ਹਾਸਲ ਹੁੰਦੀ ਹੈ ਅਤੇ ਸਚੇ, ਸਦਾ ਕਾਇਮ ਰਹਿਣ ਵਾਲੇ ਹਰੀ ਦਾ ਮਿਲਾਪ ਹਾਸਲ ਹੁੰਦਾ ਹੈ। ਅਤੇ
ਸਬਦਿ ਮਰੈ ਸੋਈ ਜਨੁ ਸਿਝੇ ਬਿਨੁ ਸਬਦੈ ਮੁਕਤਿ ਨ ਹੋਈ॥
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ॥
ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸੌ ਲੋਚੈ ਕੋਈ॥ ੩੨॥ (੧੪੧੬)
ਜੋ ਮਨੁੱਖ ਸ਼ਬਦ ਵਿਚਾਰ ਨਾਲ, ਵਿਕਾਰਾਂ ਵਲੋਂ ਮਰਦਾ ਹੈ, ਉਹ ਮਨੁੱਖ ਹੀ ਜੀਵਨ ਦੀ ਬਾਜ਼ੀ ਜਿੱਤਦਾ ਹੈ। ਗੁਰ ਸ਼ਬਦ ਤੋਂ ਬਗੈਰ ਵਿਕਾਰਾਂ ਤੋਂ ਮੁਕਤੀ ਨਹੀਂ ਹੁੰਦੀ। ਜਿਹੜੇ ਮਨੁੱਖ ਭੇਖ ਨੂੰ ਹੀ ਧਰਮ ਕਰਮ ਮੰਨ ਕੇ ਖਾਸ ਕਿਸਮ ਦਾ ਪਹਿਰਾਵਾ ਪਹਿਨਦੇ ਹਨ, ਅਤੇ ਵਿਖਾਵੇ ਦੇ ਹੀ ਧਰਮ ਕਰਮ ਕਰਦੇ ਹਨ, ਉਹ ਖੁਆਰ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਦੁਨੀਆ ਮਾਇਆ ਮੋਹ ਵਿੱਚ ਫਸੀ ਖੁਆਰ ਹੁੰਦੀ ਪਈ ਹੈ।
(ਇਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ,
ਜਹ ਜਹ ਦੇਖਾ ਤਹ ਤਹ ਸੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥
ਹਿਰਦੈ ਸਚੁ ਇਹ ਕਰਣੀ ਸਾਰੁ॥ ਹ+ਰੁ ਸਭੁ ਪਾਖੰਡ ਪੂਜ ਖੁਆਰੁ॥ (੧੩੪੩)
ਸ਼ਬਦ ਗੁਰੂ ਨੂੰ ਮਿਲੇ ਬਗੈਰ, ਉਸ ਨੂੰ ਵਿਚਾਰੇ ਬਗੈਰ, ਵਿਕਾਰਾਂ ਤੋਂ ਮੁਕਤੀ ਨਹੀ ਮਿਲਦੀ। ਸ਼ਬਦ ਗੁਰੂ ਦੀ ਬਖਸ਼ਿਸ਼ ਆਸਰੇ ਹੁਣ ਮੈਂ ਜਿੱਧਰ ਵੀ ਵੇਖਦਾ ਹਾਂ, ਮੈਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸੋਝੀ ਹੋ ਗਈ ਹੈ ਕਿ ਸ੍ਰਿਸ਼ਟੀ ਦੀ ਹਰ ਚੀਜ਼ ਕਰਤਾ ਪੁਰਖ ਦਾ ਅਪਣਾ ਹੀ ਆਕਾਰ ਹੈ।
ਬੰਦੇ ਲਈ ਸਭ ਤੋਂ ਸ੍ਰੇਸ਼ਟ ਕੰਮ ਇਹ ਹੈ ਕਿ ਉਸਦੇ ਹਿਰਦੇ ਵਿੱਚ ਸਚ, ਕਰਤਾਰ ਹੋਵੇ ਉਹ ਹਮੇਸ਼ਾ ਪ੍ਰਭੂ ਨੂੰ ਯਾਦ ਰੱਖੇ। ਇਸ ਤੋਂ ਇਲਾਵਾ ਪੂਜਾ ਲਈ ਕੀਤੇ ਜਾਂਦੇ ਵਿਖਾਵੇ ਦੇ ਸਾਰੇ ਕਰਮ ਪਖੰਡ ਤੋਂ ਵੱਧ ਕੁੱਝ ਵੀ ਨਹੀਂ ਹਨ, ਜੋ ਅੰਤ ਵੇਲੇ ਬੰਦੇ ਦੀ ਖੁਆਰੀ ਦਾ ਕਾਰਨ ਬਣਦੇ ਹਨ।)
ਹੇ ਨਾਨਕ ਗੁਰੂ (ਸ਼ਬਦ) ਦੀ ਸ਼ਰਨ ਲੈਣ ਤੋਂ ਬਗੈਰ, ਹਰੀ ਦਾ ਨਾਮ ਨਹੀਂ ਮਿਲਦਾ, ਉਸ ਦੇ ਹੁਕਮ ਦੀ ਸੋਝੀ ਨਹੀਂ ਹੁੰਦੀ, ਕੋਈ ਭਾਂਵੇਂ ਕਿੰਨਾ ਵੀ ਲੋਚਦਾ, ਚਾਹੁੰਦਾ ਹੋਵੇ।




.