.

ਅਸੀਂ ਸ਼ੇਰ ਹਾਂ ਜੇ ਬਿੱਲੀ ਰਸਤਾ ਨਾ ਕੱਟੇ ਤਾਂ

ਗੁਰਸ਼ਰਨ ਸਿੰਘ ਕਸੇਲ

ਜੇ ਅੱਜ ਦੇ ਇੱਕਵੀਂ ਸਦੀ ਦੇ ਮਨੁੱਖਾਂ ਅਤੇ ਚੌਦਵੀਂ ਜਾਂ ਪੰਦਰਵੀਂ ਸਦੀ ਦੇ ਮਨੁੱਖਾਂ ਦਾ ਵਹਿਮ ਭਰਮ ਵਿੱਚ ਫਸੇ ਹੋਣ ਵੱਲ ਧਿਆਨ ਮਾਰੀਏ ਤਾਂ ਕੋਈ ਫਰਕ ਨਹੀਂ ਲੱਗਦਾ। ਕਈ ਵਾਰ ਤਾਂ ਇੰਜ਼ ਲੱਗਦਾ ਹੈ ਕਿ ਅੱਜ ਮਨੁੱਖ ਕਰਮਕਾਂਡ ਅਤੇ ਵਹਿਮ ਭਰਮ ਵਿੱਚ ਉਸ ਸਮੇਂ ਨਾਲੋਂ ਵੀ ਜ਼ਿਆਦਾ ਫਸ ਗਿਆ ਹੈ। ਜਦੋਂ ਕਿ ਮਨੁੱਖ ਨੇ ਪੜ੍ਹਾਈ ਲਿਖਾਈ ਕਰਕੇ ਸਰੀਰਕ ਸੁਖ ਲਈ ਬਹੁਤ ਤਰਕੀ ਕੀਤੀ ਹੈ। ਜਦ ਕਿ ਅੱਜ ਇਸ ਕੋਲ ਕਿਸੇ ਗੱਲ ਨੂੰ ਇੱਕ ਦੂਜੇ ਨਾਲ ਵਿਚਾਰ ਕਰਨ ਲਈ ਵੀ ਕਈ ਸਾਧਨ ਹਨ। ਕੰਪਿਊਟਰ ਨੇ ਇੰਟਰਨੈਟ ਰਾਹੀਂ ਸਾਰੀ ਦੁਨੀਆਂ ਨੂੰ ਇੱਕ ਪਿੰਡ ਬਣਾ ਦਿੱਤਾ ਹੈ। ਅੱਜ ਅਸੀਂ ਕਪੜਿਆਂ ਦੇ ਫੈਸ਼ਨ ਜਾਂ ਹੋਰ ਕਈ ਤਰ੍ਹਾਂ ਦੇ ਫੈਸ਼ਨ ਵਿੱਚ ਤਾਂ ਬਹੁਤ ਅੱਗੇ ਵੱਧ ਗਏ ਹਾਂ। ਆਪਣੀ ਜਿੰਦਗੀ ਦੇ ਆਮ ਅਤੇ ਖ਼ਾਸ ਫੈਸਲੇ ਖ਼ੁਦ ਕਰਦੇ ਹਾਂ; ਪਰ ਆਤਮਿਕ ਤੌਰ ਤੇ ਅਜੇ ਵੀ ਅਸੀਂ ਬਹੁਤ ਕਮਜੋਰ ਲੱਗਦੇ ਹਾਂ। ਬਿਨਾਂ ਵਿਚਾਰੇ ਵਹਿਮਾ ਭਰਮਾ ਵਿੱਚ ਫਸੇ ਹੋਏ ਹਾਂ। ਅੱਜ ਵੀ ਅਸੀਂ ਪੁਰਾਣੀਆਂ ਸਦੀਆਂ ਵਾਂਗੂ ਹੀ ਵਹਿਲੜ ਪਾਖੰਡੀ ਸੰਤਾ ਸਾਧਾਂ ਦੇ ਚੁੰਗਲ ਵਿੱਚ ਫਸੇ ਹੋਏ ਹਾਂ। ਲੋਕਾਈ ਨੂੰ ਜਿੰਨਾਂ ਵਹਿਮਾ ਭਰਮਾ, ਅੰਧਵਿਸ਼ਵਾਸ ਤੇ ਕਰਮਕਾਂਡਾ ਦੇ ਘੁੱਪ ਹਨੇਰੇ ਵਿੱਚੋਂ ਬਾਹਰ ਕੱਢਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜਿੰਦਗੀ ਦੇ ਕਈ ਕੀਮਤੀ ਸਾਲ ਲਾਏ ਸਨ, ਅੱਜ ਇਸ ਤਰ੍ਹਾਂ ਲੱਗਦਾ ਹੈ ਅਸੀਂ ਇੱਕਵੀਂ ਸਦੀ ਦੇ ਅਗਾਹਵਧੂ ਆਖਣ ਵਾਲੇ ਸਗੋਂ ਉਸ ਸਮੇਂ ਨਾਲੋਂ ਵੀ ਪਿੱਛੇ ਨੂੰ ਚਲੇ ਗਏ ਹੋਈਏ। ਜੇ ਯਕੀਨ ਨਹੀਂ ਆ ਰਿਹਾ ਤਾਂ ਆਓ ਜ਼ਰਾ ਵਿਚਾਰ ਕੇ ਵੇਖ ਲੈਂਦੇ ਹਾਂ। ਕੁੱਝ ਕਰਮ ਜੋ ਮੈਂ ਵੇਖੇ ਹਨ ਉਹ ਆਪ ਨਾਲ ਸਾਂਝੇ ਕਰਦਾ ਹਾਂ।
ਇੱਕ ਦਿਨ ਟੀ ਵੀ ਵੇਖ ਰਿਹਾ ਸਾਂ ਇਹ ਪ੍ਰੋਗਰਾਮ ਭਾਰਤ ਤੋਂ ਆ ਰਿਹਾ ਸੀ। ਉਸ ਪ੍ਰੋਗਰਾਮ ਵਿੱਚ ਹੋਸਟ ਦਰਸ਼ਕਾਂ ਕੋਲੋ ਵਹਿਮ ਭਰਮ ਕਰਨ ਬਾਰੇ ਪੁੱਛ ਰਹੇ ਸਨ। ਮੈਂ ਇਹ ਪ੍ਰੋਗਰਾਮ ਵੇਖਣ ਲੱਗ ਪਿਆ। ਉਂਝ ਵੀ ਮੈਂਨੂੰ ਕੁੱਝ ਲੋਕਾਂ ਬਾਰੇ ਖਾਸ ਕਰਕੇ ਸਿੱਖਾਂ ਬਾਰੇ ਇਹ ਜਾਣਨ ਵੱਲ ਧਿਆਨ ਚਲਾ ਜਾਂਦਾ ਹੈ ਕਿ ਇਹ ਜਿਹੜਾ ਪ੍ਰੀਵਾਰ ਜਾਂ ਆਦਮੀ ਔਰਤ ਨਾਂਮ ਤੋਂ ਜਾਂ ਵੇਖਣ ਤੋਂ ਸਿੱਖ ਲੱਗਦੇ ਹਨ ਕੀ ਇਹ ਲੋਕ ਵਾਕਿਆ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਿਤੇ ਗਿਆਨ ਅਨੁਸਾਰ ਸਿਰਫ ਇੱਕ ਅਕਾਲ ਪੁਰਖ ਉਤੇ ਹੀ ਓਟ ਆਸਰਾ ਰੱਖਦੇ ਹਨ ਜਾਂ ਕਿ ਪੁਜਾਰੀਆਂ ਵੱਲੋਂ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਲੋਕਾਈ ਨੂੰ ਭਰਮਾ ਵਿੱਚ ਪਾ ਕੇ ਲੁੱਟਣ ਵਾਲਿਆਂ ਦੇ ਟੇਟੇ ਚੜ੍ਹੇ ਹੋਏ ਹਨ। ਕਿਉਂਕਿ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਸਿੱਖ ਗੁਟਾਂ ਤੇ ਲਾਲ ਰੰਗ ਜਾਂ ਕਿਸੇ ਹੋਰ ਰੰਗ ਦੇ ਧਾਗੇ ਵੀ ਬੱਧੇ ਹੁੰਦੇ ਹਨ ਅਤੇ ਹੱਥ ਦੇ ਅੰਗੂਠੇ ਨਾਲ ਦੀ ਉਂਗਲ ਤੇ ਕਿਸੇ ਜੋਤਸ਼ੀ ਜਾਂ ਅਜਿਹੇ ਹੋਰ ਭਰਮਾਂ ਵਿੱਚ ਪਾਉਣ ਵਾਲੇ ਕੋਲੋ ਪੱਥਰ ਵਾਲੀ ਮੁੰਦਰੀ ਵੀ ਪਵਾਈ ਹੁੰਦੀ ਹੈ। ਜਿਸ ਤੋਂ ਇਹ ਤਾਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਅਜਿਹੇ ਮਨੁੱਖ ਵਹਿਮ ਭਰਮ ਵਿੱਚ ਫਸੇ ਹੋਏ ਹਨ ਅਤੇ ਅੰਦਰੋਂ ਆਤਮਿਕ ਤੌਰ ਤੇ ਡਰੇ ਹੋਏ ਹਨ; ਉਂਝ ਭਾਂਵੇ ਮੁੱਛਾ ਨੂੰ ਜਿੰਨੇ ਮਰਜੀ ਵੱਟ ਦੇਈ ਜਾਣ।
ਉਸ ਦਿਨ ਟੀ ਵੀ ਤੇ ਕਾਫ਼ੀ ਦਰਸ਼ਕ ਫੋਨ ਕਰ ਰਹੇ ਸਨ। ਕੋਈ ਆਖਦਾ, ਮੇਰੇ ਮੰਮੀ ਡੈਡੀ ਸ਼ੀਸ਼ਾ ਟੁੱਟਣ ਨੂੰ ਵਹਿਮ ਭਰਮ ਮੰਨਦੇ ਹਨ ਤੇ ਕੋਈ ਆਖਦਾ, ਘਰੋ ਜਾਂਦਿਆਂ ਬਿੱਲੀ ਦਾ ਰਾਹ ਕੱਟਣ ਨਾਲ ਜਿਸ ਕੰਮ ਗਏ ਹੋਈਏ ਉਹ ਕੰਮ ਨਹੀਂ ਹੁੰਦਾ। ਕੋਈ ਆਖਦਾ, ਸਾਡੇ ਵੱਡੇ ਕੋਈ ਨਵਾਂ ਕੰਮ ਚਾਲੂ ਕਰਨ ਸਮੇਂ ਤੇਲ ਚੋਂਦੇ ਹਨ ਅਤੇ ਕੋਈ ਆਖਦਾ ਨਵੀ ਵਹੁਟੀ, ਨਵਾਂ ਜਵਾਈ ਜਾਂ ਮੰਗਣੀ ਵਿਆਹ ਸਮੇਂ ਜਦੋਂ ਸਗਨ ਲੈਕੇ ਆਉਂਦੇ ਹਨ ਤਾਂ ਉਸ ਸਮੇਂ ਦਰਵਾਜੇ ਦੀਆਂ ਦੇ ਦੋਵੇ ਪਾਸੇ ਤੇਲ ਚੋਂਦੇ ਹਨ। ਇਹ ਭਰਮ ਤਾਂ ਆਪਣੇ ਆਪਨੂੰ ਖੰਡੇ ਬਾਟੇ ਦੀ ਪਾਹੁਲ ਲਈ ਆਖਣ ਵਾਲੇ ਵੀ ਮੈਂ ਖ਼ੁਦ ਕਰਦੇ ਵੇਖੇ ਹਨ। ਇੰਜ਼ ਹੀ ਕੋਈ ਹੋਰ ਕਾਲਰ ਆਖਦਾ, ਨਿਓਲ ਦੇ ਰਾਹ ਕੱਟਣ ਨਾਲ ਸ਼ੁੱਭ ਸਗਨ ਹੁੰਦਾ ਹੈ। ਇਹ ਗੱਲ ਸੁਣਕੇ ਹੋਸਟ ਵਿੱਚੋਂ ਬੋਲ ਪਿਆ ਤੇ ਫੋਨ ਕਰਨ ਵਾਲੇ ਨੂੰ ਆਖਦਾ, “ਤੁਸੀਂ ਕਿਉਂ ਨਹੀਂ ਫਿਰ ਆਪਣੇ ਘਰ ਨਿਊਲਾ ਹੀ ਪਾਲ ਲੈਂਦੇ? ਜਦੋਂ ਕਿਤੇ ਕੰਮ ਤੇ ਜਾਣਾ ਹੋਇਆ, ਨਿਓਲੇ ਨੂੰ ਅੱਗੋਂ ਦੀ ਲੰਘਾ ਲਿਆ ਕਰੋ? ਹੋਸਟ ਦੀ ਇਹ ਟਿਚਰ ਮੈਂਨੂੰ ਵੀ ਚੰਗੀ ਲੱਗੀ ਤੇ ਮੈਂ ਹੱਸਣ ਲੱਗ ਪਿਆ। ਕਈ ਲੜਕੀਆਂ ਦਰਸ਼ਕਾਂ ਨੇ ਇਹ ਕਿਹਾ ਕਿ ਆਟਾ ਗੁਨਣ ਸਮੇਂ ਜੇ ਆਟਾ ਭੁੜਕੇ ਤਾਂ ਘਰ ਵਿੱਚ ਮਹਿਮਾਨ ਆਉਣ ਦਾ ਭਰਮ ਹੁੰਦਾ ਹੈ। ਕਈ ਛਿੱਕ ਮਾਰਨ ਤੇ ਵਹਿਮ ਕਰਨ ਨੂੰ ਆਖਦੇ ਅਤੇ ਕੋਈ ਕੁੱਤੇ ਦੇ ਕੰਨ ਝਾੜਨ ਦਾ ਭਰਮ ਮੰਨਦੇ। ਇਸ ਤਰ੍ਹਾਂ ਦੇ ਫੋਨ ਕਾਫੀ ਵਹਿਮ ਭਰਮ ਸਿੱਖ ਅਖਵਾਉਣ ਵਾਲਿਆਂ ਵੱਲੋਂ ਵੀ ਆਏ ਸਨ। ਆਪਾਂ ਦੂਸਰਿਆਂ ਨੂੰ ਕੀ ਆਖ ਸਕਦੇ ਹਾਂ ਜਿੰਨਾਂ ਦੇ ਪਹਿਲਾਂ ਹੀ ਤੇਤੀ ਕਰੋੜ ਦੇਵਤੇ ਹਨ। ਉਸ ਪ੍ਰੋਗਰਾਮ ਵਿੱਚ ਇੱਕ ਲੜਕੀ ਦੀ ਕਾਲ ਆਈ ਉਸਨੇ ਕਿਹਾ, ਅਸੀਂ ਕੋਈ ਵਹਿਮ ਭਰਮ ਨਹੀਂ ਕਰਦੇ, ਅਸੀਂ ਸਿੱਖ ਹਾਂ; ਸਿਰਫ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਪੁਰਖ ਨੂੰ ਮੰਨਦੇ ਹਾਂ। ਇਹ ਕਾਲ ਮੈਂਨੂੰ ਬਹੁਤ ਚੰਗੀ ਲੱਗੀ, ਉਸਦੇ ਦੋ ਕਾਰਨ ਸਨ ਇੱਕ ਤਾਂ ਉਹ ਪੰਜਾਬ ਤੋਂ ਬਾਹਰ ਦਿਲੀ ਰਹਿੰਦੇ ਸੀ ਜਿਥੇ ਹੋਰ ਧਰਮਾ ਦਾ ਜ਼ਿਆਦਾ ਬੋਲ ਬਾਲਾ ਹੈ ਦੂਸਰੀ ਗੱਲ “ਸ਼ਬਦ ਗੁਰੂ” ਤੋਂ ਗਿਆਨ ਲੈਕੇ ਅਕਾਲ ਪੁਰਖ ਅਗੇ ਅਰਦਾਸ ਕਰਨ ਵਾਲੇ ਵਿਰਲੇ ਹੀ ਤਾਂ ਹੈਨ। ਮੈਂਨੂੰ ਗੁਰਬਾਣੀ ਦੀਆਂ ਇਹ ਪੰਗਤੀਆਂ ਯਾਦ ਆਈਆਂ: ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥ (ਮ: 5, ਪੰਨਾ 384)
ਸਾਡੇ ਭਾਈਚਾਰੇ ਵਿੱਚ ਤਾਂ ਕਈ ਅਜਿਹੇ ਭਰਮ ਬਣੇ ਜਾਂ ਬਣਾਏ ਗਏ ਹਨ ਕਿ ਜੇ ਇੱਕ ਸਧਾਰਨ ਵਿਚਾਰ ਕਰਨ ਵਾਲਾ ਮਨੁੱਖ ਥੋੜਾ ਜਿਹਾ ਵੀ ਉਹਨਾਂ ਬਾਰੇ ਸੋਚੇ ਤਾਂ ਉਹ ਅਜਿਹੇ ਭਰਮ ਭੁਲੇਖਿਆ ਤੋਂ ਆਸਾਨੀ ਨਾਲ ਹੀ ਛੁੱਟਕਾਰਾ ਪਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਵੀਰਵਾਰ ਜਾਂ ਕਿਸੇ ਹੋਰ ਦਿਨ ਸਿਰ (ਕੇਸੀ) ਨਾ ਨਹਾਉਣ ਦਾ ਭਰਮ ਹੀ ਲੈ ਲਓ। ਇਸ ਭਰਮ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਜੇ ਇਨਸਾਨ ਇਹ ਸੋਚੇ ਕਿ ਕੀ ਅਕਾਲ ਪੁਰਖ ਇੱਕ ਤੋਂ ਵੱਧ ਹਨ? ਜੇ ਇੱਕ ਹਿੰਦੂ ਵੀਰ ਜਾਂ ਮੁਸਲਮਾਨ ਵੀਰ ਜਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਜਾਂ ਕਿਸੇ ਵੀ ਧਰਮ ਵਿੱਚ ਨਾ ਵਿਸ਼ਵਾਸ ਰੱਖਣ ਵਾਲਾ ਤਾਂ ਹਫਤੇ ਦੇ ਸੱਤਾਂ ਦਿਨਾਂ ਵਿੱਚੋਂ ਜਦੋਂ ਮਰਜੀ ਜਾਂ ਰੋਜ਼ਾਨਾ ਹੀ ਸਿਰ ਨਹਾਵੇ ਉਸਨੂੰ ਤਾਂ ਕੁੱਝ ਨਹੀਂ ਹੁੰਦਾ ਪਰ ਕੇਸਾਧਾਰੀ ਸਿੱਖਾਂ ਲਈ ਹਫਤੇ ਦੇ ਇੱਕ ਜਾਂ ਦੋ ਦਿਨ ਮਾੜੇ ਹੋ ਗਏ?
ਅੱਜ ਸਿੱਖ ਅਖਵਾਉਣ ਵਾਲਿਆਂ ਵਿੱਚੋਂ ਵੀ ਬਹੁਗਿਣਤੀ ਦਾ ਇਹ ਹਾਲ ਹੈ ਕਿ ਜੇ ਕਿਤੇ ਵਿਚਾਰੀ ਬਿੱਲੀ ਸਾਡਾ ਰਸਤਾ ਕੱਟ ਦੇਵੇ ਤਾਂ ਸਾਨੂੰ ਤਰੇਲੀਆਂ ਆ ਜਾਂਦੀਆਂ ਹਨ, ਜੇ ਕਿਤੇ ਉਹ ਕਾਲੀ ਬਿੱਲੀ ਹੋਵੇ ਫਿਰ ਤਾਂ ਗੱਲ ਹੀ ਛੱਡੋ! ਉਂਝ ਅਸੀਂ ਗੱਲਾਂ ਵਿੱਚ ਆਪਣੇ ਆਪ ਨੂੰ ਸ਼ੇਰ ਸਮਝਦੇ ਹਾਂ ਪਰ ਇੱਕ ਭਜੀ ਜਾਂਦੀ ਬਿੱਲੀ ਸਾਨੂੰ ਧੁਰ ਅੰਦਰ ਤੀਕਰ ਕੰਬਣੀ ਛੇੜ ਜਾਂਦੀ ਹੈ। ਇੱਕ ਮੇਰਾ ਜਾਣਨ ਵਾਲਾ ਵੀ ਇਹ ਗੱਲ ਸੁਣਾਉਣ ਲੱਗ ਪਿਆ। ਕਹੇ, “ਭਾਜੀ, ਅਸੀਂ ਬੜੇ ਜ਼ਰੂਰੀ ਕੰਮ ਚਲੇ ਸਾਂ, ਕੁਦਰਤੀ ਅਜੇ ਘਰੋਂ ਥੋੜੀ ਦੂਰ ਹੀ ਗਏ ਸਾਂ ਕਿ ਇੱਕ ਬਿੱਲੀ ਪਤਾ ਨਹੀਂ ਕਿਧਰੋਂ ਆ ਗਈ ਅਤੇ ਸਾਡੀ ਕਾਰ ਦੇ ਅੱਗੋਂ ਦੀ ਲੰਘ ਗਈ। ਫਿਰ ਸਾਨੂੰ ਘਰ ਮੁੜਕੇ ਆਉਣਾ ਪਿਆ।” ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ ਕਿਹਾ, ਵੀਰ ਜੀ, ਜੇ ਤੂਹਾਨੂੰ ਏਨਾ ਹੀ ਬਿੱਲੀ ਦੇ ਰਾਹ ਕੱਟਣ ਵਾਲੀ ਤਾਕਤ ਤੇ ਯਕੀਨ ਹੈ ਤਾਂ ਫਿਰ ਤੁਸੀਂ ਬਿੱਲੀ ਨੂੰ ਹੀ ਕਿਉਂ ਨਹੀਂ ਪੂਜਣ ਲੱਗ ਜਾਂਦੇ?
ਇੰਝ ਹੀ ਕਿਸੇ ਦੇ ਘਰ ਜਾਂ ਲਾਗੇ ਕੁੱਤਾ ਹੋਵੇ ਤਾਂ ਸਾਡੇ ਘਰੋਂ ਕਿਸੇ ਜ਼ਰੂਰੀ ਕੰਮ ਵਾਸਤੇ ਜਾਣ ਲੱਗੇ ਉਸ ਵਿਚਾਰੇ ਦੇ ਕੰਨਾ ਵਿੱਚ ਮੱਖੀਆਂ ਵੜ ਰਹੀਆਂ ਹੋਣ ਤਾਂ ਜੇ ਉਹ ਅਚਾਨਕ ਆਪਣੇ ਕੰਨ ਝਾੜਨ ਲੱਗ ਪਵੇ ਤਾਂ ਵੀ ਸਾਡੀ ਬਸ ਹੋ ਜਾਂਦੀ ਹੈ। ਇੰਜ ਹੀ ਛਿੱਕ ਮਾਰਨ ਅਤੇ ਪਿੱਛੋਂ ਅਵਾਜ ਮਾਰਨ ਨੂੰ ਵੀ ਮਾੜਾ ਸਗਨ ਮੰਨਿਆ ਜਾਂਦਾ ਹੈ। ਉਂਝ ਭਾਂਵੇਂ ਅਸੀਂ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਸਿੱਖ ਹੁੰਦੇ ਹਾਂ।
ਸਾਡੇ ਵਿੱਚ ਬਹੁਤ ਸਾਰੇ ਵਹਿਮ ਭਰਮ ਕਿਸੇ ਪ੍ਰਾਣੀ ਦੇ ਅਕਾਲ ਚਲਾਣਾ ਕਰ ਗਏ ਸਮੇਂ ਵੀ ਕੀਤੇ ਜਾਂਦੇ ਸੰਸਕਾਰਾਂ ਨਾਲ ਵੇਖੇ ਜਾਂਦੇ ਹਨ। ਕੋਈ ਮ੍ਰਿਤਕ ਦੇਹ ਨਾਲ ਕਾਨਾ ਰੱਖਣ ਨੂੰ ਆਖ ਰਿਹਾ ਹੁੰਦਾ ਹੈ ਤੇ ਕੋਈ ਮਿੱਟੀ ਦਾ ਭਾਂਡਾ ਭੰਨਣ ਦੀ ਨਸੀਹਤ ਕਰ ਰਿਹਾ ਹੁੰਦਾ ਹੈ। ਜਿਹੜੀ ਮ੍ਰਿਤਕ ਦੇਹ ਪਹਿਲਾਂ ਤਾਂ ਸਾਡੀ ਕੋਈ ਅਵਾਜ਼ ਨਹੀਂ ਸੁਣਦੀ, ਜਦੋਂ ਉਸਦਾ ਸਸਕਾਰ ਕਰ ਦਿਤਾ ਜਾਂਦਾ ਹੈ ਤਾਂ ਕਈ ਆਪੇ ਬਣੇ ਸਿਆਣੇ ਘਰ ਵਾਲਿਆਂ ਨੂੰ ਆਖਣਗੇ, “ਮ੍ਰਿਤਕ ਦਾ ਨਾਂਅ ਲੈਕੇ ਅਵਾਜ਼ ਮਾਰੋ, ਤੇ ਆਖੋ ਆਓ ਚਲੀਏ” ਆਦਿ। ਅਜਿਹੇ ਸੋਗ ਦੇ ਸਮੇਂ ਕਈ ਵਹਿਮੀ ਔਰਤਾਂ ਜਾਂ ਆਦਮੀਆਂ ਨੂੰ ਸਗੋਂ ਹੋਰ ਮੌਕਾ ਮਿਲਦਾ ਹੈ ਕਰਮਕਾਂਡ ਤੇ ਵਹਿਮ ਭਰਮ ਦਾ ਪ੍ਰਚਾਰ ਕਰਨ ਦਾ; ਕਿਉਂਕਿ ਉਸ ਸਮੇਂ ਉਹਨਾਂ ਨੂੰ ਕਿਸੇ ਟੋਕਣਾ ਨਹੀਂ ਹੁੰਦਾ। ਖ਼ਾਸ ਕਰਕੇ ਜਿਸ ਘਰ ਵਾਲਿਆਂ ਨੂੰ ਆਪ ਸੋਝੀ ਨਹੀਂ ਹੁੰਦੀ। ਉਂਝ ਵੀ ਸ਼ਾਇਦ ਹੀ ਕੋਈ ਐਸਾ ਹੋਵੇ ਜੋ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪੰਥਕ ਰਹਿਤ ਮਰਯਾਦਾ ਅਨੁਸਾਰ ਮਿਰਤਕ ਸੰਸਕਾਰ ਕਰਨ ਦੀ ਗੱਲ ਕਰਦਾ ਹੋਵੇ। ਉਂਝ ਵੀ ਸਾਡੇ ਸਮਾਜ ਵਿੱਚ ਅੰਧਵਿਸ਼ਾਸ ਤੇ ਕਰਮਕਾਂਡ ਕਰਨ ਵਾਲਿਆਂ ਨੂੰ ਸ਼ਰਧਾਵਾਨ ਸਮਝਿਆ ਜਾਂਦਾ ਹੈ ਅਤੇ ਦੂਸਰਿਆਂ ਨੂੰ ਨਾਸਤਿਕ।
ਇਕ ਹੋਰ ਗੱਲ ਵੀ ਵੇਖਣ ਵਿੱਚ ਆਈ ਹੈ; ਕਈ ਸਿੱਖ ਜਿਹੜੇ ਖ਼ਾਸ ਕਰਕੇ ਗੁਰਬਾਣੀ ਨੂੰ ਪੜ੍ਹਨ ਵੇਲੇ ਗਿਣਤੀ ਮਿਣਤੀ ਜਾਂ ਤੋਤਾ ਰੱਟਣ ਹੀ ਕਰਦੇ ਹਨ, ਉਹ ਗੁਰਬਾਣੀ ਤੋਂ ਹੀ ਡਰੇ ਰਹਿੰਦੇ ਹਨ। ਉਹਨਾਂ ਨੂੰ ਸਾਡੇ ਬਹੁਗਿਣਤੀ ਭਾਂਈਆਂ (ਪੁਜਾਰੀਆਂ) ਨੇ ਏਨਾ ਡਰਾਇਆ ਹੈ ਕਿ ਉਹ ਪਾਠ ਕਰਦੇ ਇਹ ਹੀ ਸੋਚਦੇ ਹਨ ਕਿ ਕਿਤੇ ਸਾਡੇ ਕੋਲੋ ਕੋਈ ਸ਼ਬਦ ਉਚਾਰਨ ਵਿੱਚ ਗਲਤੀ ਨਾ ਹੋ ਜਾਵੇ ਜਿਸ ਕਾਰਨ ਸਾਨੂੰ ਗੁਰੂ ਜੀ ਜਾਂ ਗੁਰਬਾਣੀ ਕੋਈ ਸਰਾਫ ਹੀ ਨਾ ਦੇ ਦੇਵੇ। ਜਦਕਿ ਜੇਕਰ ਗੁਰਬਾਣੀ ਨੂੰ ਸਮਝਕੇ ਉਸ ਅਨੁਸਾਰ ਅਮਲ ਕੀਤਾ ਜਾਵੇ ਤਾਂ ਮਨੁੱਖ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਤੋਂ ਨਿਜ਼ਾਤ ਪਾਉਂਦਾ ਹੈ। ਕਈ ਤਾਂ ਪੀਰਾਂ ਫਕੀਰਾਂ ਦੀਆਂ ਬਣੀਆਂ ਸਮਾਧਾਂ ਨੂੰ ਹੀ ਪੂਜੀ ਜਾਂਦੇ ਹਨ ਅਤੇ ਕਈ ਸਾਡੇ ਆਪਣੇ ਧਰਮ ਵਿੱਚ ਆਪੇ ਬਣੇ ਅਖੌਤੀ ਸੰਤਾਂ ਸਾਧਾਂ ਨੂੰ ਹੀ ਡਰਦੇ ਪੂਜਦੇ ਵੇਖੇ ਜਾਂਦੇ ਹਨ। ਇਸੇ ਕਰਕੇ ਆਏ ਦਿਨ ਉਹਨਾਂ ਦੀਆਂ ਬਰਸੀਆਂ ਮੰਨਾਉਂਦੇ ਰਹਿੰਦੇ ਹਨ। ਅਜਿਹੇ ਲੋਕ ਪਾਠ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਰਵਾਉਂਦੇ ਹਨ, ਪਰ ਮਨ ਵਿੱਚ ਸ਼ਰਧਾ ਉਸ ਸਾਧ ਦੀ ਹੁੰਦੀ ਹੈ ਕਿ ਉਹ ਸਾਡੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰੇਗਾ।
ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਪਤਾ ਨਹੀਂ ਕਿਹੜੇ-ਕਿਹੜੇ ਵਹਿਮਾ ਭਰਮਾ ਵਾਂਗੂ ਸਮਝਣ ਲੱਗ ਪਏ ਹਾਂ। ਇਸ ਬਾਰੇ ਕੁੱਝ ਸਮਾਂ ਪਹਿਲਾਂ ਸੁਣੀ ਇੱਕ ਗੱਲ ਯਾਦ ਆ ਗਈ। ਸਾਡੇ ਇੱਕ ਜਾਣਨ ਵਾਲੇ ਨੇ ਘਰ ਲਿਆ ਸੀ। ਉਹਨਾ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਕੀਰਤਨ ਕਰਵਾਇਆ। ਜਦੋਂ ਸਾਰਾ ਉਲੀਕਿਆ ਪ੍ਰੋਗਰਾਮ ਸਮਾਪਤ ਹੋ ਗਿਆ ਤਾਂ ਘਰ ਵਾਲਿਆਂ ਦੇ ਕਰੀਬੀ ਰਿਸ਼ਤੇਦਾਰਨੀਆਂ ਦੇ ਫੋਨ ਆਉਣ ਲੱਗ ਪਏ। ਉਹ ਘਰ ਵਾਲਿਆਂ ਨੂੰ ਸਮਝਾਉਣ ਲੱਗ ਪਈਆਂ, “ਵੇਖਿਓ ਕਿਤੇ ਘਰ ਵਿੱਚ ਅੱਜ ਦੀ ਰਾਤ ਬਰੂਮ ਜਾਂ ਵੈਕਊਂਮ ਨਾਂ ਕਰ ਦਿਓ ਜੇ”। ਹੈਰਾਨੀ ਹੁੰਦੀ ਹੈ ਇਸ ਤਰ੍ਹਾਂ ਦੇ ਭਰਮ ਕਰਨ ਵਾਲਿਆਂ ਤੋਂ ਜੋ ਆਪਣੇ ਆਪਨੂੰ ਪੜ੍ਹੇ ਲਿਖੇ ਅਤੇ ਗੁਰਮਤਿ ਨੂੰ ਸਮਝਣ ਵਾਲੇ ਵੀ ਆਖਣ! ਪਤਾ ਨਹੀਂ ਅਸੀਂ ਸਿੱਖ ਅਖਵਾਉਣ ਵਾਲੇ ਵੀ ਕਿੰਨਾ ਚਿਰ ਅਜਿਹੇ ਵਹਿਮਾ ਭਰਮਾ ਵਿੱਚ ਫਸੇ ਰਹਾਂਗੇ। ਕੁੱਝ ਕਰਮ ਤਾਂ ਹਨ ਜੋ ਅਸੀਂ ਗੁਰਮਤਿ ਅਨੁਸਾਰ ਨਹੀਂ ਕਰਦੇ ਪਰ ਪਤਾ ਨਹੀਂ ਅਸੀਂ ਵਹਿਮ ਭਰਮ ਵਿੱਚ ਪਾਉਣ ਵਾਲੇ ਉਹ ਕੰਮ ਕਿਉਂ ਕਰਦੇ ਹਾਂ ਜਿੰਨਾ ਤੋਂ ਸਾਨੂੰ ਗੁਰਮਤਿ ਨੇ ਮਨਾ ਕੀਤਾ ਹੈ। ਉਨ੍ਹਾਂ ਕੰਮਾ ਨਾਲ ਜਿਥੇ ਆਪਣਾ ਸਮਾਂ ਅਤੇ ਪੈਸੇ ਬਰਬਾਦ ਕਰਦੇ ਹਾਂ, ਉਥੇ ਵੇਖਣ ਵਾਲੇ ਸਾਨੂੰ ਬੇਸਮਝ, ਡਰਾਕਲ ਅਤੇ ਮਨਮੱਤ ਕਰਨ ਵਾਲਾ ਵੀ ਆਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਰਫ ਇੱਕ ਅਕਾਲ ਪੁਰਖ `ਤੇ ਨਿਸਚਾ ਰਖਣ ਅਤੇ ਕਿਸੇ ਹੋਰ ਭਰਮ ਭੁਲੇਖੇ ਵਿੱਚ ਨਾਂ ਪੈਣ ਜਾਂ ਕਿਸੇ ਦੇਵੀ ਦੇਵਤੇ ਦੇ ਅੱਗੇ ਨੱਕ ਨਾ ਰੱਗੜ ਦਾ ਉਪਦੇਸ਼ ਦੇਂਦੇ ਹਨ।
ਆਓ! ਸਿਰਫ “ਸ਼ਬਦ ਗੁਰੂ” ਤੋਂ ਗਿਆਨ ਲੈਕੇ ਇੱਕ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਜੋ ਸੱਭ ਦਾ ਮਾਲਕ ਹੈ: ਸਲੋਕ, ਆਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ॥ ਤਿਸੈ ਆਗੈ ਨਾਨਕਾ ਖਲਿਇ ਕੀਚੈ ਅਰਦਾਸਿ॥ (ਮ: 2, ਪੰਨਾ 1093)




.