.

ਤ੍ਰਿਲੋਕ /ਤ੍ਰਿਭਵਨ

ਗੁਰਬਾਣੀ ਵਿੱਚ ਪੁਰਾਣਿਕ ਸ਼ਬਦਾਵਲੀ ਦੀ ਕਈ ਥਾਂਈਂ ਵਰਤੋਂ ਹੋਈ ਹੈ, ਪਰੰਤੂ ਇਸ ਸ਼ਬਦਾਵਲੀ ਨੂੰ ਪੁਰਾਣ ਸਾਹਿਤ ਵਿਚਲੇ ਭਾਵਾਰਥ ਦੇ ਰੂਪ ਵਿੱਚ ਨਹੀਂ ਵਰਤਿਆ ਹੋਇਆ ਹੈ। ਇਸ ਸ਼ਬਦਾਵਲੀ ਦੇ ਭਾਵਾਰਥ ਵਿੱਚ ਪੂਰਨ ਰੂਪ ਵਿੱਚ ਨਵੀਨਤਾ ਹੈ। ਜੇਕਰ ਕਿਧਰੇ ਪੁਰਾਣਿਕ ਸ਼ਬਦਾਵਲੀ ਦੀ ਪ੍ਰਚਲਤ ਭਾਵਾਰਥ ਵਿੱਚ ਵਰਤੋਂ ਹੋਈ ਹੋਈ ਹੈ ਤਾਂ ਉੱਥੇ ਵੀ ਪ੍ਰਚਲਤ ਧਾਰਨਾ ਦੀ ਸਵੀਕ੍ਰਿਤੀ ਦੇ ਰੂਪ ਵਿੱਚ ਨਹੀਂ ਸਗੋਂ ਪ੍ਰਚਲਤ ਧਾਰਨਾ ਦੇ ਖੰਡਨ ਦੇ ਰੂਪ ਵਿੱਚ ਹੀ ਹੋਈ ਹੈ ਜਾਂ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਪ੍ਰਚਲਤ ਧਾਰਨਾ ਦੇ ਦ੍ਰਿਸ਼ਟਾਂਤ ਦੇ ਰੂਪ ਵਿਚ। ਉਦਾਰਹਣ ਵਜੋਂ ਸੁਰਗ, ਨਰਕ, ਧਰਮਰਾਜ ਆਦਿ ਸ਼ਬਦਾਂ ਦੀ ਵਰਤੋਂ ਤੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਦਾ ਸੱਚ ਸਮਝਣ ਲਈ ਅਜਿਹੇ ਸ਼ਬਦਾਂ ਦੇ ਅਰਥ ਪੁਰਾਣ ਸਾਹਿਤ ਵਿਚਲੇ ਨਹੀਂ ਸਗੋਂ ਗੁਰਬਾਣੀ ਵਿਚਲੇ ਹੀ ਲੈਣੇ ਹਨ। ਇਸ ਤਰ੍ਹਾਂ ਹੀ ਅਸੀਂ ਗੁਰਬਾਣੀ ਦੇ ਸੱਚ ਨੂੰ ਸਮਝਣ ਵਿੱਚ ਸਫਲ ਹੋ ਸਕਦੇ ਹਾਂ।
ਪੁਰਾਣਾਂ ਦੀ ਸ਼ਬਦਾਵਲੀ ਦੇ ਆਏ ਅਨੇਕਾਂ ਸ਼ਬਦਾਂ ਵਿਚੋਂ ਹੀ ਇੱਕ ਸ਼ਬਦ ਹੈ ‘ਤ੍ਰਿਲੋਕ’/‘ਤ੍ਰਿਭਵਨ’। ਗੁਰੂ ਗ੍ਰੰਥ ਸਾਹਿਬ ਵਿੱਚ ਤ੍ਰਿਲੋਕ/ਤ੍ਰਿਭਵਨ/ਤ੍ਰਿਭਵਣ, ਤੀਨਿ ਲੋਕ, ਤਿਹੁ ਲੋਕ, ਤਿਹੁੰ ਲੋਕ, ਤ੍ਰੈ ਲੋਕ, ਤ੍ਰਿਅ ਅਸਥਾਨ ਸ਼ਬਦ ਸਮਾਨਾਰਥ ਸ਼ਬਦ ਹਨ, ਅਤੇ ਇਨ੍ਹਾਂ ਦਾ ਅਰਥ ਹੈ ਤਿੰਨ ਲੋਕ। ਪੁਰਾਣਿਕ ਵਿਸ਼ਵਾਸ ਅਨੁਸਾਰ ਤਿੰਨ ਲੋਕ ਇਹ ਹਨ: ਸਵਰਗ, ਪ੍ਰਿਥਵੀ ਅਤੇ ਪਾਤਾਲ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਤ੍ਰਿਲੋਕ ਸ਼ਬਦ ਦਾ ਅਰਥ ਕੀਤਾ ਹੈ: ਤਿੰਨ ਲੋਕ, ਸੁਰਗ ਪ੍ਰਿਥਵੀ ਪਾਤਾਲ। 2, ਉੱਤਮ, ਮੱਧਮ ਅਤੇ ਨੀਚ ਲੋਕ। 3, ਗੋਰੇ, ਕਣਕ ਵੰਨੇ ਅਤੇ ਕਾਲੇ ਲੋਗ।
ਗੁਰਬਾਣੀ ਵਿੱਚ ਆਏ ਤਿੰਨ ਲੋਕ ਦਾ ਭਾਵਾਰਥ ਦੇਖਣ ਤੋਂ ਪਹਿਲਾਂ ਇਨ੍ਹਾਂ ਬਾਰੇ ਜੋ ਪੁਰਾਣ ਸਾਹਿਤ ਵਿੱਚ ਕਿਹਾ ਗਿਆ ਹੈ, ਉਸ ਦੀ ਸੰਖੇਪ `ਚ ਚਰਚਾ ਕਰਨੀ ਅਢੁੱਕਵੀਂ ਨਹੀਂ ਹੋਵੇਗੀ। ਪੁਰਾਣ ਸਾਹਿਤ ਵਿੱਚ ਇਨ੍ਹਾਂ ਤਿਨ੍ਹਾਂ ਲੋਕਾਂ ਬਾਰੇ ਇਹ ਧਾਰਨਾ ਹੈ ਕਿ ਸੁਰਗ ਲੋਕ, ਉਹ ਲੋਕ ਹੈ ਜਿੱਥੇ ਦੇਵਤੇ ਰਹਿੰਦੇ ਹਨ; ਮਰਤ ਲੋਕ /ਨਰ ਲੋਕ/ਉਹ ਲੋਕ ਹੈ ਜਿੱਥੇ ਉਹ ਲੋਕ ਉਹ ਰਹਿੰਦੇ ਹਨ ਜੇਹੜੇ ਮਰ ਜਾਂਦੇ ਹਨ ਭਾਵ ਮਨੁੱਖ, ਅਤੇ ਨਾਗ ਲੋਕ ਉਹ ਲੋਕ ਹੈ ਜਿੱਥੇ ਨਾਗ ਜਾਤੀ ਦੇ ਲੋਕ ਰਹਿੰਦੇ ਹਨ।
ਪੁਰਾਣ ਸਾਹਿਤ ਵਿੱਚ ਸੁਰਗ ਲੋਕ ਨੂੰ ਹੀ ਸੁਰ ਲੋਕ, ਦੇਵ ਲੋਕ, ਦੇਵਪੁਰੀ, ਇੰਦ੍ਰਪੁਰੀ, ਅਮਰਪੁਰੀ/ਅਮਰਾਪੁਰ/ ਅਮਰਾਪੁਰੀ, ਸੁਰਪੁਰ /ਸੁਰਪੁਰੀ ਆਖਿਆ ਗਿਆ ਹੈ। ਅਮਰਾਵਤੀ ਨੂੰ ਸੁਰਗ ਲੋਕ ਦੀ ਰਾਜਧਾਨੀ ਮੰਨਿਆ ਜਾਂਦਾ ਹੈ।
ਪਾਤਾਲ ਸ਼ਬਦ ਦੇ ਹਿੰਦੀ ਸ਼ਬਦ ਕੋਸ਼ ਵਿੱਚ ਦੋ ਅਰਥ ਕੀਤੇ ਹਨ: ਇੱਕ ਹੈ “ਬਹੁਤ ਗਹਿਰਾ ਅਤੇ ਡੂੰਘਾ ਸਥਾਨ”, ਦੂਜਾ ਅਰਥ ਕੀਤਾ ਹੈ “ਧਰਤੀ ਦੇ ਹੇਠਾਂ ਕਲਪਿਤ ਲੋਕ; ਨਾਗ ਲੋਕ। ਹੇਠਲੇ ਲੋਕਾਂ ਵਿਚੋਂ ਸਤਵਾਂ ਲੋਕ।” (ਨੋਟ: ਪਾਤਾਲ ਵਿੱਚ ਵਾਸੁਕੀ (ਸਰਪਰਾਜ) ਦਾ ਰਾਜ ਮੰਨਿਆ ਗਿਆ ਹੈ। ਪੁਰਾਣਿਕ ਕਥਾ ਅਨੁਸਾਰ ਵਾਸੁਕੀ /ਵਾਸੁਕਿ ਦਾ ਹੀ ਨੇਤ੍ਰਾ ਬਣਾ ਕੇ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਸੀ।) ਪੁਰਾਣਾਂ ਵਿੱਚ ਇੱਕ ਪਾਤਾਲ ਹੀ ਨਹੀਂ ਬਲਕਿ ਸੱਤ ਪਾਤਾਲ ਮੰਨੇ ਗਏ ਹਨ। ਇਨ੍ਹਾਂ ਪਾਤਾਲਾਂ ਦੇ ਨਾਵਾਂ ਅਤੇ ਇਨ੍ਹਾਂ ਦੀ ਗਿਣਤੀ ਬਾਰੇ ਪੁਰਾਣਾਂ ਦਾ ਇੱਕ ਮੱਤ ਨਹੀਂ ਹੈ। ਵਿਸ਼ਨੂੰ ਪੁਰਾਣ ਅਨੁਸਾਰ ਸੱਤ ਪਾਤਾਲ ਹਨ। ਪਰੰਤੂ ਸ਼ਿਵ ਪੁਰਾਣ ਵਿੱਚ ਇਨ੍ਹਾਂ ਦੀ ਗਿਣਤੀ ਅੱਠ ਦਰਸਾਈ ਹੈ। ਪਦਮ ਪੁਰਾਣ ਅਨੁਸਾਰ ਪਾਤਾਲਾਂ ਦੀ ਗਿਣਤੀ ਤਾਂ ਸੱਤ ਹੀ ਹੈ ਪਰ ਇਸ ਵਿੱਚ ਦਰਸਾਏ ਪਾਤਾਲਾਂ ਦੇ ਨਾਵਾਂ ਵਿੱਚ ਵਿਸ਼ਨੂੰ ਪੁਰਾਣ `ਚ ਅੰਕਤ ਨਾਵਾਂ ਨਾਲੋਂ ਦੋ ਨਾਵਾਂ ਵਿੱਚ ਭਿੰਨਤਾ ਹੈ।
ਪੁਰਾਣ ਸਾਹਿਤ ਵਿੱਚ ਵਰਣਨ ਤਿੰਨ ਲੋਕਾਂ ਬਾਰੇ ਸੰਖੇਪ ਜੇਹੀ ਚਰਚਾ ਕਰਨ ਮਗਰੋਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਬਾਰੇ ਜੋ ਦ੍ਰਿਸ਼ਟੀਕੋਣ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਕੁਦਰਤ ਦੇ ਪਾਸਾਰੇ ਦਾ ਵਰਣਨ ਕਰਦਿਆਂ ਨੇਤ ਨੇਤ/ਬੇਅੰਤ ਬੇਅੰਤ ਸ਼ਬਦ ਹੀ ਵਰਤਿਆ ਗਿਆ ਹੈ। ਜਿਸ ਤਰ੍ਹਾਂ ਉਸ ਪ੍ਰਭੂ ਦਾ ਕੋਈ ਅੰਤ ਨਹੀਂ, ਉਸੇ ਤਰ੍ਹਾਂ ਉਸ ਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਹੈ। ਅਕਾਲ ਪੁਰਖ ਆਪਣੇ ਪਸਾਰੇ ਹੋਏ ਪਸਾਰੇ ਦੇ ਰੂਪ ਵਿੱਚ ਹੀ ਤਾਂ ਆਪਣੇ ਆਪ ਨੂੰ ਪਸਾਰੀ ਬੈਠਾ ਹੋਇਆ ਹੈ। ਇਸ ਲਈ ਇਸ ਦਾ ਅੰਤ ਪਾਇਆ ਵੀ ਕਿਵੇਂ ਜਾ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਦੇ ਪਾਸਾਰੇ ਸਬੰਧੀ ਕਿਹਾ ਹੈ ਕਿ, “ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥”
ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਤਨੇ ਵੀ ਗਿਣਤੀ-ਮਿਣਤੀ ਅਤੇ ਮਾਪ-ਤੋਲ ਦੇ ਸ਼ਬਦ ਆਏ ਹਨ, ਉਨ੍ਹਾਂ ਨੂੰ ਪ੍ਰਚਲਤ ਅਰਥਾਂ ਵਿੱਚ ਨਹੀਂ ਬਲਕਿ ਬੇਅੰਤ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ।
ਸੋ, ਗੁਰੂ ਗ੍ਰੰਥ ਸਾਹਿਬ ਜੀ ਆਏ ਤਿੰਨ ਲੋਕ ਸ਼ਬਦ ਦਾ ਅਰਥ ਸੁਰਗ, ਮਾਤ ਅਤੇ ਪਤਾਲ ਲੋਕ ਤੋਂ ਨਹੀਂ ਹੈ। ਬਾਣੀ ਵਿੱਚ ਇਸ ਸ਼ਬਦ ਤੋਂ ਸੰਸਾਰ ਤੋਂ ਹੀ ਹੈ। ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ॥ (ਪੰਨਾ 813) ਅਰਥ: ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ।
(ਅ) ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ॥ (ਪੰਨਾ 844) ਅਰਥ: (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ।
(ੲ) ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ॥ ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ॥ (ਪੰਨਾ 1113) ਅਰਥ: ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ, ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।
ਇਸ ਤੋਂ ਅਰਥ ਤੋਂ ਇਲਾਵਾ ਇਹ ਸ਼ਬਦ ਹਰੇਕ ਵਰਗ ਦੇ ਪ੍ਰਾਣੀਆਂ ਦੇ ਅਰਥਾਂ ਵਿੱਚ ਵੀ ਆਇਆ ਹੈ:-
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ॥ ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ॥ ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ॥ ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ॥ (ਪੰਨਾ 1116) ਅਰਥ: ਹੇ ਭਾਈ! ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ। ਸੰਸਾਰ ਵਿੱਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ।
ਹੇ ਭਾਈ! (ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ। ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ।
ਹੇ ਭਾਈ! ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਲੋਕ ਸ਼ਬਦ ਦਾ ਅਰਥ ਸਾਰੇ ਸੰਸਾਰ ਅਤੇ ਮਨੁੱਖਾਂ ਤੋਂ ਹੈ। ਇਸ ਸ਼ਬਦ ਨੂੰ ਪ੍ਰਚਲਤ ਭਾਵਾਰਥ ਦੇ ਅਰਥ ਵਿੱਚ ਨਹੀਂ ਵਰਤਿਆ ਹੈ।
ਅਨਿਕ ਅਕਾਸ ਅਨਿਕ ਪਾਤਾਲ॥ (ਪੰਨਾ 1236) ਅਰਥ: ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ।
ਜਸਬੀਰ ਸਿੰਘ ਵੈਨਕੂਵਰ
.