.

ੴ ਸਤਿ ਗੁਰ ਪ੍ਰਸਾਦਿ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਮ ਖੁਲ੍ਹੀ ਚਿੱਠੀ

ਪ੍ਰਧਾਨ ਜੀ,
ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਉਸ ਕੁਰਸੀ (ਜਿਸ ਤੇ ਤੁਸੀਂ ਬੈਠੇ ਹੋ) ਦੇ ਇਤਿਹਾਸ ਬਾਰੇ, ਉਸ ਕੁਰਸੀ ਦੀ ਗਰਿਮਾ ਬਾਰੇ, ਉਸ ਕੁਰਸੀ ਤੇ ਬੈਠਣ ਵਾਲੇ ਦੇ ਫਰਜ਼ਾਂ ਬਾਰੇ ਥੋੜ੍ਹਾ ਸਮਝਾਉਣਾ ਜ਼ਰੂਰੀ ਹੈ, ਤਾਂ ਜੋ ਤੁਹਾਨੂੰ ਸਾਡੀ ਗੱਲ ਸਮਝਣ, ਉਸ ਆਸਰੇ ਅਪਣਾ ਫਰਜ਼ ਪੂਰਾ ਕਰਨ ਵਿੱਚ ਸੌਖ ਰਹੇ। ਇਹ ਨਾ ਹੋਵੇ ਕਿ ਅਸੀਂ ਤੁਹਾਡੇ ਅੱਗੇ ਬੀਨ ਵਜਾਉਂਦੇ ਰਹੀਏ, ਤੁਸੀਂ ਉਸ ਨੂੰ ਸਮਝੇ ਬਗੈਰ, ਕੰਨ ਹੀ ਹਿਲਾਉਂਦੇ ਰਹੋ।
ਇਤਿਹਾਸ।
ਸਿੱਖਾਂ ਨੇ ਇਸ ਕੁਰਸੀ ਨੂੰ ਬਨਾਉਣ ਲਈ, ਗੁਰਦਵਾਰਾ ਸੁਧਾਰ ਲਹਿਰ ਚਲਾਈ ਸੀ, ਜਿਸ ਦੇ ਨਾਮ ਤੋਂ ਹੀ ਜ਼ਾਹਰ ਹੈ ਕਿ ਇਸ ਲਹਿਰ ਦਾ ਮਕਸਦ ਕੀ ਸੀ? ਬਹੁਤ ਕੁਰਬਾਨੀਆਂ ਦੇਣ ਮਗਰੋਂ, ਬਹੁਤ ਸਾਰੇ ਘਰ ਉਜੜਨ ਮਗਰੋਂ, ਇਸ ਕੁਰਸੀ ਦਾ ਮੂੰਹ-ਮੁਹਾਂਦਰਾ ਬਣਿਆ ਸੀ। ਕੁਰਬਾਨੀਆਂ ਸਿੱਖਾਂ ਦੀਆਂ ਸਨ, ਪਰ ਉਸ ਕੁਰਸੀ ਤੇ ਕਬਜ਼ਾ ਉਹ ਕਰ ਗਏ, ਜਿਨ੍ਹਾਂ ਨੇ ਹਰ ਪੈਰ ਤੇ ਸਿੱਖਾਂ ਦਾ ਵਿਰੋਧ ਕੀਤਾ ਸੀ। ਏਥੋਂ ਤੱਕ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਵਰਗੇ, ਜਿਨ੍ਹਾਂ ਨੇ ਇਸ ਲਹਿਰ ਨੂੰ ਉਭਾਰਨ ਲਈ ਅਪਣਾ ਸਭ ਕੁੱਝ ਲਗਾ ਦਿੱਤਾ ਸੀ, (ਕੁਰਸੀ ਦੀ ਚਮਕ ਵੇਖਦਿਆਂ ਹੀ) ਸ਼ਾਤ੍ਰ ਲੋਕਾਂ ਨੇ ਉਨ੍ਹਾਂ ਨੂੰ ਅਪਣੇ ਕੂੜ ਪਰਚਾਰ ਆਸਰੇ, ਬਦਨਾਮ ਕਰ ਕੇ, ਪੰਥ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ।
ਜਦ ਕੁਰਸੀ ਬਣ ਗਈ ਤਾਂ, ਸਿੱਖੀ ਭੇਸ ਵਿਚਲੇ, ਸਿੱਖੀ ਦਾ ਘਾਣ ਕਰਨ ਦੇ ਚਾਹਵਾਨਾਂ ਨੇ ਇਸ ਕੁਰਸੀ ਨੂੰ, ਭਾਰਤੀ ਲੋਕ ਸਭਾ (ਜਿਸ ਵਿੱਚ ਸਿੱਖਾਂ ਦਾ ਨਹੀਂ, ਪੂਰੇ ਪੰਜਾਬ ਦਾ ੨ % ਹਿੱਸਾ ਹੈ) ਦੇ ਪਾਵਿਆਂ ਤੇ ਰੱਖ ਦਿੱਤਾ। ਹੁਣ ਉਹ ਕੁਰਸੀ ੯੮ % ਦੇ ਅਧੀਨ ਕੰਮ ਕਰੇਗੀ? ਜਾਂ ੨ % ਦੇ ਅਧੀਨ? ਇਹ ਗੱਲ ਕੋਈ ਬਹੁਤੀ ਸੋਚਣ ਵਾਲੀ ਨਹੀਂ ਹੈ। ਨਾ ਹੀ ਕੋਈ ਲੁਕੀ ਛਿਪੀ ਗੱਲ ਹੈ। (ਅੱਜ ਇਸ ਕੁਰਸੀ ਨਾਲ ਚਿੰਬੜੇ, ਇਨ੍ਹਾਂ ਪਾਵਿਆਂ ਨੂੰ, ਇਸ ਨਾਲੋਂ ਹਟਾਉਣ ਲਈ ਹੀ, ਦੁਬਾਰਾ ਫਿਰ ਗੁਰਦਵਾਰਾ ਸੁਧਾਰ ਲਹਿਰ ਚਲਾਉਣ ਦੀ ਲੋੜ ਪੈ ਰਹੀ ਹੈ।)
ਪਰ ਅੱਜ ਫਿਰ ਉਹੀ ਤਾਕਤਾਂ, ਪੂਰੇ ਜਾਹੋ-ਜਲਾਲ ਨਾਲ ਹਰਕਤ ਵਿੱਚ ਹਨ। ਜਿਸ ਮੋੜ ਤੇ ਹੁਣ ਇਹ ਲਹਿਰ ਪਹੁੰਚ ਗਈ ਹੈ, ਉਸ ਤੋਂ ਅਗਾਂਹ ਤਿੰਨ ਗੱਲਾਂ ਹੋ ਸਕਦੀਆਂ ਹਨ।
੧. ਇਸ ਕੁਰਸੀ ਤੇ ਕਾਬਜ਼ ਲੋਕ ਇਸ ਕੁਰਸੀ ਨੂੰ ਨਾ ਛੱਡਣ, ਭਾਵੇਂ ਪੰਥ ਵਿੱਚ ਖਾਨਾ ਜੰਗੀ ਕਰਵਾ ਕੇ, ਪੰਥ ਨੂੰ ਸੌ ਸਾਲ ਹੋਰ ਪਿੱਛੇ ਅਪੜਾ ਦਿੱਤਾ ਜਾਵੇ।
੨. ਕੁੱਝ ਉਹ ਲੋਕ, ਜਿਨ੍ਹਾਂ ਦਾ ਹਿੰਦੂ ਲਾਬੀ ਵਿੱਚ ਬੋਲ-ਬਾਲਾ ਹੈ, ਜੋ ਸਿੱਖਾਂ ਨੂੰ ਵੀ ਅਪਣੀਆਂ ਲੂੰਬੜ ਚਾਲਾਂ ਵਿੱਚ ਫਸਾ ਕੇ, ਅਪਣੇ ਮਗਰ ਲਾ ਕੇ, ਸਿੱਖਾਂ ਵਿੱਚ ਹੋਰ ਵੰਡੀਆਂ ਪਾ ਕੇ, ਅਪਣੀ ਤਾਕਤ ਦਾ ਵਿਖਾਵਾ ਕਰ ਕੇ, ਕੁਰਸੀ ਤੇ ਕਾਬਜ਼ ਲੋਕਾਂ ਨਾਲ ਇਸ ਕੁਰਸੀ ਦੀ ਬਾਂਦਰ-ਵੰਡ ਕਰ ਲੈਣ।
੩. ਉਹ ਸਿੱਖ ਜੋ ਪੰਥ ਦਾ ਭਲਾ ਲੋਚਦੇ ਹਨ, ਆਪਸ ਵਿੱਚ ਜੁੜ ਬੈਠਣ। ਚੰਗੀ ਵਿਉਂਤ ਬੰਦੀ ਆਸਰੇ ਇਸ ਕੁਰਸੀ ਨੂੰ ਪੰਥ ਦੇ ਹਵਾਲੇ ਕਰ ਦੇਣ। ਜਾਂ ਇਸ ਕੁਰਸੀ ਨਾਲੋਂ, ਪੰਥ ਦਾ ਨਾਤਾ ਬਿਲਕੁਲ ਤੋੜ ਕੇ, ਬਾਬਾ ਨਾਨਕ ਜੀ ਦੇ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕੁਰਸੀ ਦੇ ਬਣ ਬੈਠੇ ਮਾਲਕਾਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾ ਕੇ, ਸਿੱਖੀ ਦੇ ਸਿਧਾਂਤ ਲਈ ਖੁਲ੍ਹੀ ਥਾਂ, ਤਾਜ਼ੀ ਹਵਾ ਦਾ ਇੰਤਜ਼ਾਮ ਕਰ ਲੈਣ।
ਇਨ੍ਹਾਂ ਤਿੰਨਾਂ ਵਿਚੋਂ ਕੁੱਝ ਵੀ ਹੋ ਸਕਦਾ ਹੈ, ਪਰ ੧੯੨੦ ਵਾਙ ਇਹ ਨਹੀਂ ਹੋਣ ਦਿੱਤਾ ਜਾਵੇਗਾ ਕਿ, ਦਸ ਮਣ ਗੰਦੇ ਪਾਣੀ ਵਿਚੋਂ, ਪੰਜ ਮਣ ਗੰਦਾ ਪਾਣੀ ਕੱਢ ਕੇ ਉਸ ਵਿੱਚ ਪੰਜ ਮਣ ਸਾਫ ਪਾਣੀ ਪਾ ਲਵੋ। (ਯਾਨੀ ਸਿਧਾਂਤਾਂ ਨਾਲ ਰਾਜ਼ੀ ਨਾਮਾ ਕਰ ਲਵੋ) ਇਹ ਪਾਣੀ ਜਾਂ ਤਾਂ ਬਿਲਕੁਲ ਨਿਰਮਲ ਹੋ ਜਾਵੇਗਾ, ਜਾਂ ਫਿਰ ਏਦਾਂ ਹੀ ਸੜਾਂਧ ਮਾਰਦਾ ਰਹੇਗਾ। ਵਿੱਚ ਵਿਚਾਲੇ ਕੁੱਝ ਨਹੀਂ ਹੋਵੇਗਾ।
ਇਹ ਸੀ ਇਸ ਕੁਰਸੀ ਦਾ ਪਿਛਲਾ ਇਤਿਹਾਸ, ਅਤੇ ਆਉਣ ਵਾਲੇ ਇਤਿਹਾਸ ਦੀ ਇੱਕ ਝਲਕ।
ਇਸ ਕੁਰਸੀ ਦੀ ਗਰਿਮਾ।
ਇਹ ਕੁਰਸੀ ਪੰਥ ਲਈ, ਆਨ ਹੈ, ਸ਼ਾਨ ਹੈ, ਸਵੈਮਾਨ ਹੈ। ਇਹ ਗੱਲ ਵੱਖਰੀ ਹੇ ਕਿ ਇਸ ਦਾ ਗਿਆਨ ਉਨ੍ਹਾਂ ਨੂੰ ਹੀ ਹੈ, ਜਿਨ੍ਹਾਂ ਨੇ ਇਸ ਲਈ ਕੁਰਬਾਨੀਆਂ ਕੀਤੀਆਂ, ਅਪਣੇ ਘਰ ਬਰਬਾਦ ਕਰਵਾਏ। ਤੁਹਾਡੇ ਵਰਗੇ ਬੰਦਿਆਂ ਲਈ ਤਾਂ ਇਹ ਕੁਰਸੀ ਸਰਕਾਰੀ ਦਫਤਰ ਦੇ ਬਾਹਰ, ਚਪੜਾਸੀ ਲਈ ਪਏ ਸਟੂਲ ਵਰਗੀ ਹੀ ਹੈ। ਇਹੀ ਸੋਚ ਤੁਹਾਡੇ ਤੋਂ ਪਹਿਲਾਂ, ਇਸ ਕੁਰਸੀ ਤੇ ਬੈਠਣ ਵਾਲਿਆਂ ਦੀ ਵੀ ਸੀ, ਓਸੇ ਹਿਸਾਬ ਨਾਲ ਉਹ ਅਪਣਾ ਸਮਾ ਬਿਤਾ ਗਏ।
ਇਸ ਕੁਰਸੀ ਤੇ ਬੈਠਣ ਵਾਲੇ ਦੇ ਫਰਜ਼।
ਕੁੱਝ ਫਰਜ਼ ਤਾਂ ਤੁਹਾਡੇ ਸੰਵਿਧਾਨ ਵਿੱਚ ਲਿਖੇ ਹੋਏ ਹਨ, ਪਰ ਕੁੱਝ ਅਜਿਹੇ ਹੁੰਦੇ ਹਨ, ਜੋ ਲਿਖੇ ਨਹੀਂ ਜਾਂਦੇ, ਉਨ੍ਹਾਂ ਨੂੰ ਅੰਡਰ-ਸਟੁੱਡ ਕਿਹਾ ਜਾਂਦਾ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਫਾਦਾਰੀ। ਨਾਨਕ ਜਾਮਿਆਂ ਨਾਲ ਵਫਾਦਾਰੀ। ਪੰਥ ਵਲੋਂ ਆਏ ਦਸਵੰਧ ਦੀ ਸੁਯੋਗ ਵਰਤੋਂ। ਪੰਥ ਦੀ ਚੜ੍ਹਦੀ ਕਲਾ ਲਈ ਯਤਨ ਸ਼ੀਲ ਰਹਿਣਾ। ਗੁਰਦਵਾਰਿਆਂ ਦਾ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਿੱਤੀ ਸੇਧ ਅਨੁਸਾਰ ਚਲਾਉਣਾ।
ਇਨ੍ਹਾਂ ਸਾਰੇ ਕੰਮਾਂ ਵਿਚੋਂ ਸ਼ਾਇਦ ਤੁਸੀਂ ਕੋਈ ਵੀ ਕੰਮ ਠੀਕ ਨਹੀਂ ਕੀਤਾ। ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਫਾਦਾਰੀ ਨਿਭਾਈ ਹੈ। ਨਾਨਕ ਜਾਂਮਿਆਂ ਨਾਲ ਵਫਾਦਾਰੀ ਤਾਂ ਤੁਸੀਂ ਕੀ ਨਿਭਾਉਣੀ ਸੀ, ਕਿਤਾਬ “ਸਿੱਖ ਇਤਿਹਾਸ” ਵਿੱਚ ਉਨ੍ਹਾਂ ਨੂੰ ਰੱਜ ਕੇ ਜ਼ਲੀਲ ਕੀਤਾ ਹੈ। ਪੰਥ ਵਲੋਂ ਆਏ ਦਸਵੰਧ ਦੀ ਸੁਯੋਗ ਵਰਤੋਂ ਬਾਰੇ ਤਾਂ ਤੁਹਾਨੂੰ ਸ਼ਾਇਦ ਪਤਾ ਹੀ ਨਹੀਂ, ਉਸ ਦੀ ਵੀ ਰੱਜ ਕੇ ਦੁਰਵਰਤੋਂ ਕੀਤੀ ਹੈ। ਤੁਹਾਡੀ ਕਮੇਟੀ ਦੇ ਮੈਂਬਰ ਹੀ ਤੁਹਾਡੇ ਤੇ, ਕ੍ਰੋੜਾਂ ਰੁਪਏ ਦੀ ਹੇਰਾਫੇਰੀ ਦਾ ਇਲਜ਼ਾਮ ਲਗਾ ਰਹੇ ਹਨ।
ਪੰਥ ਬਾਰੇ ਤਾਂ ਤੁਹਾਨੂੰ ਕੁੱਝ ਵੀ ਨਹੀਂ ਪਤਾ, ਜੇ ਪਤਾ ਹੁੰਦਾ ਤਾਂ ਢਾਈ ਸਾਧਾਂ ਪਿੱਛੇ, ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰ ਕੇ, ਪੰਥ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦਾ ਉਪ੍ਰਾਲਾ ਨਾ ਕਰਦੇ। ਤੁਹਾਨੂੰ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਬਾਰੇ ਵੀ ਬਹੁਤਾ ਪਤਾ ਨਹੀਂ ਹੈ, ਤਾਂ ਹੀ ਤਾਂ ਤੁਸੀਂ ਗੁਰਦਵਾਰਿਆਂ ਵਿੱਚ ਹਰ ਉਹ ਕੰਮ ਕਰਵਾ ਰਹੇ ਹੋ ਜਿਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਹਨ।
ਵੈਸੇ ਸਾਡੇ ਗੁਰੂ ਨੇ ਸਾਨੂੰ ਸਮਝਾਇਆ ਹੋਇਆ ਹੈ ਕਿ ਬੰਦਾ ਭੂਲਣਹਾਰ ਹੈ, ਜੇ ਉਹ ਅਪਣੀਆਂ ਕੀਤੀਆਂ ਭੁੱਲਾਂ ਤੇ ਪਛਤਾਵਾ ਕਰਦਿਆਂ, ਭੁੱਲਾਂ ਦੀ ਮੁਆਫੀ ਮੰਗ ਲਵੇ ਤਾਂ, ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਇਹ ਚਿੱਠੀ ਵੀ ਤੁਹਾਨੂੰ ਏਸੇ ਆਸ਼ੇ ਨਾਲ ਲਿਖ ਰਹੇ ਹਾਂ।
੪-੬ ਮਹੀਨੇ ਮਗਰੋਂ ਹੋ ਸਕਦਾ ਹੈ ਤੁਸੀਂ ਇਸ ਕੁਰਸੀ ਤੇ ਨਾ ਰਹਿ ਸਕੋਂ, ਫਿਰ ਤੁਹਾਨੂੰ ਪਛਤਾਵਾ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਅਸੀਂ ਜਾਣਦੇ ਹਾਂ ਕਿ ਕਿਤਾਬ “ਸਿੱਖ ਇਤਿਹਾਸ” ਤੁਹਾਡੇ ਆਉਣ ਤੋਂ ਪਹਿਲਾਂ ਲਿਖੀ ਜਾ ਚੁੱਕੀ ਸੀ, ਤੁਹਾਨੂੰ ਉਸ ਨੂੰ ਪੜ੍ਹਨ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ, ਇਸ ਦੇ ਪਟਾਕੇ ਪੈ ਚੁੱਕੇ ਸਨ। ਇਸ ਵਿੱਚ ਤੁਹਾਡਾ ਬਹੁਤਾ ਕਸੂਰ ਨਹੀਂ ਹੈ।
ਹੁਣ ਤੁਸੀਂ ਇਸ ਗੰਦ ਤੇ ਲੀਪਾ ਪੋਤੀ ਨਾ ਕਰ ਕੇ, ਇਸ ਕਿਤਾਬ ਦੇ ਲਿਖਾਰੀਆਂ ਦੇ ਪੈਨਲ ਦੇ ਨਾਮ, ਇਸ ਨੂੰ ਓ. ਕੇ. ਕਰਨ ਵਾਲੇ ਪੈਨਲ ਦੇ ਨਾਮ, ਇਸ ਨੂੰ ਛਾਪਣ ਦੀ ਮੰਜ਼ੂਰੀ ਦੇਣ ਵਾਲੇ ਮੈਂਬਰਾਂ ਦੇ ਨਾਮ ਜੱਗ ਜ਼ਾਹਰ ਕਰ ਕੇ, ਅਪਣੀ ਜ਼ਿਮੇਵਾਰੀ ਤੋਂ ਮੁਕਤ ਹੋ ਸਕਦੇ ਹੋ।
ਜੇ ਤੁਸੀਂ ਅਜਿਹਾ ਨਹੀਂ ਕੀਤਾ ਤਾਂ, ਇਹੀ ਮਿਥਿਆ ਜਾਵੇਗਾ ਕਿ ਤੁਸੀਂ ਨਿੱਜੀ ਸਵਾਰਥ ਕਾਰਨ ਤੱਥ ਛਪਾਉਣ ਦਾ ਉਪ੍ਰਾਲਾ ਕਰ ਰਹੇ ਹੋ। ਫਿਰ ਖਾਲਸਾ ਵਲੋਂ ਲੱਗੀ ਸਜ਼ਾ ਤੋਂ ਤੁਹਾਨੂੰ ਕੋਈ ਵੀ ਬਚਾ ਨਹੀਂ ਸਕੇਗਾ, ਇਸ ਬਾਰੇ ਪੰਥਿਕ ਇਤਿਹਾਸ ਤੋਂ ਤੁਸੀਂ ਭਲੀ-ਭਾਂਤ ਜਾਣੂ ਹੋ।
ਆਸ ਕਰਦੇ ਹਾਂ ਕਿ ਤੁਸੀਂ ਉਮਰ ਦੇ ਇਸ ਆਖਰੀ ਪੜਾਅ ਤੇ ਮਨਮੁਖ ਹੋਣ ਨਾਲੋਂ, ਗੁਰਮੁੱਖ ਹੋਣਾ ਪਸੰਦ ਕਰੋਗੇ। ਇਹ ਹੁਣ ਤੁਹਾਡੇ ਅਪਣੇ ਹੱਥ ਵਿੱਚ ਹੈ।

ਸੰਪਾਦਕੀ ਬੋਰਡ
.