ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 02)
ਪਮਾਤਮਾ ਦੀ
ਸੇਵਾ ਕੀ ਹੈ?
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ॥ (੪੨੧)
ਅਕਾਲਪੁਰਖ ਉਸ ਦੀ ਹੀ ਸੇਵਾ ਕਬੂਲ ਕਰਦਾ ਹੇ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿੱਚ ਜੁੜ ਕੇ,
ਸੰਤੋਖ ਵਾਲਾ ਜੀਵਨ ਜਿਉਂਦਾ ਹੈ। ਜਿਹੜਾ ਮਨੁੱਖ, ਰਜ਼ਾ ਦੇ ਮਾਲਕ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ,
ਉਸ ਨੂੰ ਜੀਵਨ ਵਿੱਚ ਮਾਇਆ ਦੇ ਮੋਹ ਆਦਿ ਦੀ ਕੋਈ ਰੋਕ ਨਹੀਂ ਪੈਂਦੀ।
ਸ਼ਬਦ ਦੀ ਕਮਾਈ ਕੀ ਹੈ? ਪਹਿਲਾਂ ਸ਼ਬਦ ਦੀ ਸੇਵਾ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ॥ (੨੨੩)
ਸ਼ਬਦ ਗੁਰੂ ਦੀ ਸੇਵਾ, ਉਸ ਦੀ ਵਿਚਾਰ ਕਰਨਾ ਹੀ ਹੈ। ਅਤੇ ਸ਼ਬਦ ਦੀ ਕਮਾਈ, ਗੁਰ ਸ਼ਬਦ ਵਿਚਾਰ
ਤੋਂ ਮਿਲੀ ਸੇਧ ਅਨੁਸਾਰ ਜੀਵਨ ਢਾਲਣਾ ਹੈ।)
ਜੋ ਬੰਦਾ ਅਪਣੇ ਸਰੀਰ ਨੂੰ ਬਚਾਉਣ ਦੇ ਆਹਰਾਂ ਵਿੱਚ ਹੀ ਲੱਗਾ ਰਹੇ, ਅਪਣੇ ਸਰੀਰ ਦੇ ਰਖਵਾਲੇ (ਬਾਡੀ
ਗਾਰਡ) ਹਰ ਵੇਲੇ ਨਾਲ ਲਈ ਫਿਰੇ, ਤਾਂ ਯਕੀਨ ਜਾਣੋ, ਉਸ ਨੂੰ ਗੁਰੂ ਤੇ ਭਰੋਸਾ ਨਹੀਂ, ਉਹ ਪਰਮਾਤਮਾ
ਨਾਲ ਜੁੜਿਆ ਹੋਇਆ ਕਿਵੇਂ ਹੋ ਸਕਦਾ ਹੈ? ਇਹ ਬੰਦੇ ਦਾ ਸਵਾਰਥ ਹੀ ਹੈ, ਜੋ ਉਸ ਲਈ ਹਰ ਕਿਸੇ, ਮਿੱਟੀ
ਦੇ ਪੁਤਲੇ ਨੂੰ, ਰੱਬ ਨਾਲ ਜੁੜਿਆ ਹੀ ਨਹੀਂ, ਬਲਕਿ ਸਾਕਸ਼ਾਤ ਰੱਬ ਬਣਾ ਦਿੰਦਾ ਹੈ।
ਹੁਣ ਤੱਕ ਆਪਾਂ ਵੇਖਿਆ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਲਈ ਦੋ ਸ਼ਬਦਾਂ ਦੀ ਵਰਤੋਂ ਕੀਤੀ
ਹੋਈ ਹੈ। ਇਕ, ਸਤਿਗੁਰੁ, ਜਾਂ ਗੁਰੁ। ਦੂਸਰਾ, ਸਤਿਗੁਰ, ਜਾਂ, ਗੁਰ। ਇੱਕ ਦਾ ਅੰਤ, ਔਂਕੜ ਸਹਿਤ
ਅਤੇ ਦੂਸਰੇ ਦਾ ਅੰਤ ਮੁਕਤਾ। ਇਨ੍ਹਾਂ ਦੋਵਾਂ ਵਿੱਚ ਕੀ ਫਰਕ ਹੈ? ਇਹੀ ਸਾਡੇ ਵਿਚਾਰ ਦਾ ਵਿਸ਼ਾ ਹੈ।
ਆਉ ਵਿਚਾਰ ਅਗਾਂਹ ਤੋਰੀਏ,
ਕੁਛ ਉਹ ਤੁਕਾਂ ਜਿਨ੍ਹਾਂ ਵਿੱਚ ਗੁਰੁ, ਔਂਕੜ ਸਹਿਤ ਹੈ,
ਗੁਰੁ ਪਰਮੇਸਰੁ ਏਕ ਹੈ ਸਭ ਮਹਿ ਰਹਿਆ ਸਮਾਇ॥ (੫੩)
ਜੋ ਪਰਮਾਤਮਾ ਸ੍ਰਿਸ਼ਟੀ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ, ਉਹੀ ਗੁਰੂ ਹੈ। ਅਤੇ,
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ॥ ੧॥
ਰਹਾਉ॥ (੮੨੭)
ਹੇ ਮੇਰੇ ਮਨ, ਪਾਰਬ੍ਰਹਮ, ਪਰਮੇਸ਼ਰ ਹੀ ਮੇਰਾ ਗੁਰੂ ਹੈ, ਤੂੰ ਹਮੇਸ਼ਾ ਉਸ ਦਾ ਹੀ ਧਿਆਨ
ਧਰਿਆ ਕਰ, ਉਸ ਦੀ ਰਜ਼ਾ ਵਿੱਚ ਚਲਿਆ ਕਰ। ਅਤੇ,
ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ॥ (੬੩੯)
ਹੇ ਭਾਈ ਪੂਰੇ ਸਤਿਗੁਰੁ (ਪ੍ਰਭੂ) ਨੂੰ ਮਿਲਣਾ ਚਾਹੀਦਾ ਹੈ, ਪਰ ਉਸ ਨੂੰ ਮਿਲਾਉਣ ਦੇ
ਸਮਰੱਥ ਕੇਵਲ ਤੇ ਕੇਵਲ ਸ਼ਬਦ (ਗੁਰੂ) ਹੀ ਹੈ।
ਇਨ੍ਹਾਂ ਨੂੰ ਸਮਝਣ ਵਿੱਚ ਕੋਈ ਦਿੱਕਤ ਨਹੀਂ ਕਿ ਇਹ ਗੁਰੁ ਪਰਮਾਤਮਾ ਲਈ ਵਰਤਿਆ ਗਇਆ ਹੈ।
ਕੁਛ ਉਹ ਤੁਕਾਂ ਜਿਨ੍ਹਾਂ ਵਿੱਚ ਗੁਰ ਮੁਕਤਾ ਹੈ,
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (੬੩੫)
ਸ਼ਬਦ ਹੀ ਡੂੰਘੀ, ਗੰਭੀਰ ਸੋਚ ਦਾ ਮਾਲਿਕ ਹੈ, ਸ਼ਬਦ ਨਾਲ ਜੁੜੇ ਬਗੈਰ, ਸ਼ਬਦ ਨੂੰ ਵਿਚਾਰੇ
ਬਗੈਰ, ਦੁਨੀਆ ਪਾਗਲਾਂ ਵਾਙ ਮਾਇਆ ਪਿਛੇ ਦੌੜ ਰਹੀ ਹੈ। ਅਤੇ,
ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ॥ (੧੨੯)
ਗੁਰ (ਸ਼ਬਦ) ਦੀ ਬਖਸ਼ਿਸ਼ ਸਦਕਾ ਜਿਸ ਬੰਦੇ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਇਆ ਉਸ ਨੇ
ਅਪਣੇ ਅੰਦਰ ਹੀ ਪ੍ਰਭੂ ਦਾ ਚਾਨਣ, ਪਛਾਣ ਲਿਆ। ਅਤੇ,
ਸਤਿਗੁਰ ਸਾਚੀ ਸਿਖ ਸੁਣਾਈ॥ ਹਰਿ ਚੇਤਹੁ ਅੰਤਿ ਹੋਇ ਸਖਾਈ॥ (੧੧੮)
ਹੇ ਭਾਈ ਤੈਨੂੰ ਸਤਿਗੁਰ (ਸ਼ਬਦ) ਨੇ ਅਟੱਲ ਰਹਿਣ ਵਾਲੀ ਸਿਖਿਆ ਦਿੱਤੀ ਹੈ ਕਿ ਤੂੰ ਹਰ ਵੇਲੇ
ਹਰੀ ਨੂੰ ਚੇਤੇ ਰੱਖ, ਅੰਤ ਵੇਲੇ ਉਹੀ ਸਾਥੀ ਬਣਦਾ ਹੈ।
ਇਨ੍ਹਾਂ ਵਿੱਚ ਵੀ ਸਾਫ ਹੈ ਕਿ ਇਹ ਗੁਰ ਸ਼ਬਦ ਲਈ ਹੀ ਵਰਤਿਆ ਹੈ।
ਬਾਬਾ ਨਾਨਕ ਜੀ ਨੇ ਇਸ ਗੱਲ ਨੂੰ, ਸਿੱਧਾਂ ਨਾਲ ਵਿਚਾਰ ਵੇਲੇ ਵੀ ਸਾਫ ਕੀਤਾ ਸੀ,
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (੯੪੩)
ਬਾਬਾ ਨਾਨਕ ਜੀ ਨੇ ਸਿੱਧਾਂ ਨੂੰ ਸਮਝਾਇਆ ਸੀ ਕਿ ਮੇਰਾ ਗੁਰੂ ਸ਼ਬਦ ਹੈ, ਕੋਈ ਸਰੀਰ ਨਹੀਂ,
ਅਤੇ ਉਸ ਸ਼ਬਦ ਗੁਰੂ ਦਾ ਚੇਲਾ ਵੀ ਮੇਰਾ ਸਰੀਰ ਨਹੀਂ, ਬਲਕਿ ਸ਼ਬਦ ਦੀ ਧੁਨ, ਸ਼ਬਦ ਵਿਚਾਰ ਵਿੱਚ ਜੁੜੀ
ਮੇਰੀ ਸੁਰਤ ਉਸ ਦਾ ਚੇਲਾ ਹੈ। (ਪਤਾ ਨਹੀਂ ਕਦੋਂ ਸਿੱਖ ਇਸ ਗੱਲ ਨੂੰ ਸਮਝ ਕੇ, ਅਖੌਤੀ ਸੰਤਾਂ,
ਮਹਾਂਪੁਰਖਾਂ, ਬ੍ਰਹਮਗਿਆਨੀਆਂ, ਡੇਰੇਦਾਰਾਂ ਦੇ ਸਰੀਰਕ ਮੋਹ ਤੋਂ ਖਹਿੜਾ ਛੁਡਾਉਣ ਗੇ?)
ਵਿਚਾਰਨ ਵਾਲੀ ਇਹ ਗੱਲ ਹੈ ਕਿ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਪ੍ਰਭੂ ਰੂਪ ਅਤੇ ਸ਼ਬਦ ਰੂਪ ਦੀ
ਬਹੁਤ ਵਿਸਤ੍ਰਤ ਵਿਆਖਿਆ ਹੋਣ ਦੇ ਬਾਵਜੂਦ ਵੀ, ਅਸੀਂ ਕਿਤੇ ਤਾਂ ਦੋਵਾਂ ਨੂੰ ਸਰੀਰਕ ਰੂਪ ਵਿੱਚ
ਮੰਨੀ ਜਾਂਦੇ ਹਾਂ ਅਤੇ, ਕਿਤੇ ਕਿਸੇ ਸਰੀਰ ਨੂੰ ਹੀ ਗੁਰੂ ਮੰਨ ਕੇ, ਇਹ ਮੰਨਦੇ ਕਿ,
ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ ੧॥ ਰਹਾਉ॥
(੮੬੪)
ਦੀ ਗਲਤ ਵਿਆਖਿਆ ਕਰਦੇ ਉਸ ਸਰੀਰ ਨੂੰ ਹੀ ਪਰਮੇਸ਼ਰ ਮੰਨ ਕੇ ਕੁਰਾਹੇ ਪੈ ਰਹੇ ਹਾਂ। ਕਿਉਂ?
ਬੰਦੇ ਦੀ ਜ਼ਿੰਦਗੀ, ਬੰਦੇ ਦੇ ਵਿਚਾਰਾਂ ਤੇ ਸਮਾਜ ਦਾ ਬਹੁਤ ਅਸਰ ਪੈਂਦਾ ਹੈ। (ਇਸ ਲਈ ਹੀ ਗੁਰੂ
ਸਾਹਿਬ ਨੇ, ਸਮਾਜ ਦੇ ਸੁਧਾਰ ਤੇ ਬਹੁਤ ਜ਼ੋਰ ਦਿੱਤਾ ਹੈ) ਸਮਾਜ ਵਿੱਚ ਬਹੁ ਗਿਣਤੀ ਦਾ ਸਿਧਾਂਤ (ਜੋ
ਬ੍ਰਾਹਮਣ ਨੂੰ ਕਰਤਾਰ ਨਾਲੋਂ ਵੀ ਜ਼ਿਆਦਾ ਮਾਨਤਾ ਦਿਵਾਉਣ ਲਈ ਹੀ ਘੜਿਆ ਗਿਆ ਹੈ) ਅਨੁਸਾਰ ਅਕਸਰ
ਅਜਿਹੀਆਂ ਤੁਕਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ,
ਗੁਰ ਗੋਬਿੰਦ ਦੋਊ ਖੜੇ, ਕਾ ਕੇ ਲਾਗੋਂ ਪਾਇ।
ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਉ ਮਿਲਾਇ।
ਅਜਿਹੀਆਂ ਤੁਕਾਂ ਬੰਦੇ ਦੇ ਮਨ ਤੇ ਸੂਖਸ਼ਮ ਰੂਪ ਵਿੱਚ ਅਸਰ ਪਾਉਂਦੀਆਂ ਰਹਿੰਦੀਆਂ ਹਨ।
ਇਨ੍ਹਾਂ ਵਿਚੋਂ ਬੰਦੇ ਦਾ ਮਨ ਜੋ ਚੀਜ਼ਾਂ ਅਚੇਤ ਹੀ, ਕਬੂਲਦਾ ਰਹਿੰਦਾ ਹੈ, ਉਹ ਇਵੇਂ ਹਨ,
੧. ਜਿਵੇਂ ਬ੍ਰਾਹਮਣ ਸਰੀਰਕ ਰੂਪ ਵਿੱਚ ਮੌਜੂਦ ਹੈ, ਉਸੇ ਤਰ੍ਹਾਂ ਵਾਹਿਗੁਰੂ ਵੀ ਕਿਸੇ ਸਰੀਰਕ ਰੂਪ
ਵਿੱਚ ਮੌਜੂਦ ਹੈ।
੨. ਕਰਤਾਰ ਨੂੰ ਮਿਲਾਉਣ ਵਾਲੇ ਦੀ ਮਹੱਤਤਾ, ਕਰਤਾਰ ਨਾਲੋਂ ਵੀ ਵੱਧ ਹੈ। ਇਸ ਵਿਚੋਂ ਹੀ ਪੈਦਾ
ਹੁੰਦਾ ਹੈ, ਪਰਮਾਤਮਾ ਦਾ ਸਰੀਰਕ ਰੂਪ ਵਿੱਚ ਇੱਕ ਥਾਂ ਹੋਣ ਕਰ ਕੇ, ਸਾਰੀ ਸ੍ਰਿਸ਼ਟੀ ਦੀ ਦੇਖ-ਭਾਲ,
ਸਾਂਭ- ਸੰਭਾਲ, ਉਸ ਦੀ ਹਕੂਮਤ ਸਹੀ ਢੰਗ ਨਾਲ ਚਲਾਉਣ ਲਈ ਉਸ ਦੇ ਕਾਰਿੰਦਿਆਂ, ਅਹਿਲਕਾਰਾਂ, ਦਾ
ਵਜੂਦ, ਦੇਵੀ ਦੇਵਤਿਆਂ, ਅਵਤਾਰਾਂ, ਨਬੀਆਂ, ਧਰਮਰਾਜ, ਚਿਤ੍ਰ-ਗੁਪਤ, ਜਮ ਅਤੇ ਜਾਣੇ ਕੀ ਕੀ? ਇਵੈਂ
ਹੀ ਵਜੂਦ ਵਿੱਚ ਆ ਗਈਆਂ, ਉਨ੍ਹਾਂ ਦੀਆਂ ਕਰਮ-ਸਥਲੀਆਂ। ਜਿਵੇਂ ਧਰਮ ਰਾਜ ਦਾ ਦਰਬਾਰ, ਦੇਵਤਿਆਂ
ਦੀਆਂ ਪੁਰੀਆਂ, ਨਰਕ-ਸਵਰਗ, ਅਤੇ ਹੋਰ ਬਹੁਤ ਕੁਝ। (ਜਿਨ੍ਹਾਂ ਦਾ ਗੁਰਮਤ ਅਨੁਸਾਰ ਮੂਲੋਂ ਹੀ ਕੋਈ
ਵਜੂਦ ਨਹੀਂ ਹੈ।) ਗੁਰੂ ਗ੍ਰੰਥ ਸਾਹਿਬ ਜੀ ਦੀ ਸਪਸ਼ਟ ਸਿਖਿਆ ਦੇ ਹੁੰਦਿਆਂ ਕਿ ਕਰਤਾਰ ਦਾ ਕੋਈ
ਸਲਾਹਕਾਰ ਨਹੀਂ, ਕੋਈ ਸਰੀਕ ਨਹੀਂ, ਕੋਈ ਉਸ ਦੇ ਹੁਕਮ ਵਿੱਚ ਦਖਲ ਦੇਣ ਵਾਲਾ ਨਹੀਂ। ਫਿਰ ਵੀ
ਸਿੱਖਾਂ ਦੀ ਬਹੁਤ ਵੱਡੀ ਗਿਣਤੀ, ਅਕਾਲਪੁਰਖ ਦੀ ਨਿਰਾਕਾਰਤਾ ਨੂੰ ਨਾ ਸਮਝਦੇ, ਗੁਰੂ ਗ੍ਰੰਥ ਸਾਹਿਬ
ਜੀ ਨੂੰ ਅਕਾਲ ਤੋਂ ਜ਼ਿਆਦਾ ਮਹੱਤਤਾ ਦਿੰਦੇ ਹਨ। ਇਵੇਂ ਹੀ ਇਹ ਸਮਝਦੇ ਕਿ ਗੁਰੂ ਗ੍ਰੰਥ ਸਹਿਬ ਵਿੱਚ
ਲਿਖਿਆ ਪੜ੍ਹ ਕੇ ਹੀ ਜੀਵਨ ਸਫਲਾ ਹੋ ਜਾਂਦਾ ਹੈ। (ਕਈ ਤਾਂ ਇਥੇ ਹੀ ਟਿਕੇ ਹਨ ਕਿ ਗੁਰੂ ਗ੍ਰੰਥ
ਸਾਹਿਬ ਜੀ ਨੂੰ ਦੋ-ਚਾਰ ਵਾਰੀ ਮੱਥਾ ਟੇਕਿਆਂ, ਜਾਂ ਰੁਮਾਲਾ ਚੁਕ ਕੇ ਵੇਖਿਆਂ ਹੀ ਪਾਰ ਉਤਾਰਾ ਹੋ
ਜਾਂਦਾ ਹੈ)
ਬਹੁਤੇ ਲੋਕ ਤਾਂ ਉਸੇ ਬ੍ਰਾਹਮਣ ਵਾਦੀ ਮਾਨਸਿਕਤਾ ਅਧੀਨ ਇਹ ਮਿੱਥ ਬੈਠੇ ਹਨ ਕਿ ਜੋ ਪੁਜਾਰੀ ਹਮੇਸ਼ਾ
ਗੁਰੂ ਕੋਲ ਰਹਿੰਦੇ ਹਨ, ਪਾਠ ਕਰਦੇ ਹਨ, ਉਨ੍ਹਾਂ ਦਾ ਜਨਮ ਸਫਲਾ ਹੋ ਚੁੱਕਾ ਹੈ। ਉਨ੍ਹਾਂ ਦੀ ਸੇਵਾ
ਕੀਤਿਆਂ, ਸ਼ਾਇਦ ਉਹ ਸਾਨੂੰ ਵੀ ਗੁਰੂ ਨਾਲ ਮਿਲਾ ਦੇਣਗੇ, ਜਾਂ ਕੁੱਝ ਪੈਸੇ ਲੈ ਕੇ, ਗੁਰੂ ਅੱਗੇ
ਅਰਦਾਸ ਕਰ ਕੇ, ਸਾਡੀ ਸਿਫਾਰਿਸ਼ ਕਰ ਕੇ, ਸਾਡਾ ਬੇੜਾ ਪਾਰ ਕਰ ਦਣਗੇ। ਅਜਿਹੀ ਮਾਨਸਿਕਤਾ ਅਧੀਨ
ਪਹਿਲਾਂ, ਗੁਰੂ ਦੀ ਸਿਖਿਆ ਨਾਲੋਂ ਟੁੱਟ ਕੇ ਗੁਰ ਵਿਅਕਤੀਆਂ ਨਾਲ ਜੁੜੇ, ਫਿਰ ਗੁਰ ਵਿਅਕਤੀਆਂ ਵਿੱਚ
ਵੰਡੀਆਂ ਪਾ ਕੇ ਅਲੱਗ ਅਲੱਗ ਅਸਥਾਨਾਂ ਤੇ ਅਲੱਗ ਅਲੱਗ ਗੁਰਵਿਅਕਤੀਆਂ ਦੀ ਪੂਜਾ, ਉਨ੍ਹਾਂ ਅੱਗੇ
ਅਰਦਾਸਾਂ ਸ਼ੁਰੂ ਹੋਈਆਂ। ਹੁਣ ਉਨ੍ਹਾਂ ਨਾਲੋਂ ਵੀ ਟੁੱਟ ਕੇ, ਪੁਜਾਰੀਆਂ ਨਾਲ ਜੁੜ ਗਏ ਹਨ। ਏਨਾ ਹੀ
ਧਰਮ-ਕਰਮ ਰਹਿ ਗਿਆ ਹੈ ਕਿ, ਪੈਸੇ ਦੇ ਕੇ ਅਖੰਡ ਪਾਠ ਕਰਵਾ ਲਿਆ ਅਤੇ ਪੁਜਾਰੀਆਂ ਦੇ ਬਚਨਾਂ ਨੂੰ
ਸੱਤ-ਬਚਨ ਕਹਿ ਕੇ ਮੰਨ ਲਿਆ। ਇਨ੍ਹਾਂ ਪੁਜਾਰੀਆਂ ਦੇ ਜਨਮ ਦਿਹਾੜੇ ਅਤੇ ਬਰਸੀਆਂ ਮਨਾਈਆਂ ਜਾਂਦੀਆਂ
ਹਨ। ਇਹ ਸਿਲਸਿਲਾ ਕਿੱਥੇ ਰੁਕੇਗਾ? ਰੱਬ ਹੀ ਜਾਣੇ।
ਆਉ ਕੁੱਝ ਉਨ੍ਹਾਂ ਤੁਕਾਂ ਤੇ ਵਿਚਾਰ ਕਰਦੇ ਹਾਂ, ਜਿਨ੍ਹਾਂ ਵਿੱਚ ਗੁਰ, ਸ਼ਬਦ ਦੀ ਵਰਤੋਂ ਕੀਤੀ ਹੋਈ
ਹੈ,
ਸੁਣਿ ਮਨ ਮੇਰੇ ਭਜੁ ਸਤਿਗੁਰ ਸਰਣਾ॥
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ॥ ੧॥ ਰਹਾਉ॥ (੩੩)
ਹੇ ਮੇਰੇ ਮਨ ਤੂੰ ਸਤਿਗੁਰ, ਸ਼ਬਦ ਗੁਰੂ ਦੀ ਸਰਨ ਵਿੱਚ ਰਹਿ ਕੇ ਉਸ ਦੀ ਸਿਖਿਆ ਅਨੁਸਾਰ ਹਰੀ
ਦਾ ਭਜਨ ਕਰਿਆ ਕਰ। ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਿਆਂ ਹੀ ਮਾਇਆ ਦੇ ਪਰਭਾਵ ਤੋਂ ਬਚੀਦਾ ਹੈ,
ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਿਆਂ ਹੀ, ਸੰਸਾਰ ਦੀ ਜ਼ਹਿਰ ਰੂਪੀ ਘੁੰਮਣ ਘੇਰੀ ਤੋਂ ਪਾਰ ਹੋ ਕੇ
ਜਨਮ ਮਰਨ ਦੇ ਗੇੜ ਤੋਂ ਬਚੀਦਾ ਹੈ।
ਅਤੇ,
ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ॥
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ॥ ੧॥ ਰਹਾਉ॥ (੧੨੭੬)
ਹੇ ਮੇਰੇ ਮਨ, ਹਮੇਸ਼ਾ ਹਰੀ ਦੇ ਨਾਮ ਵਿੱਚ ਚਿਤ ਜੋੜ ਕੇ ਰੱਖ। ਸਦਾ ਕਾਇਮ ਰਹਿਣ ਵਾਲਾ
ਵਾਹਿਗੁਰੂ, ਸ਼ਬਦ ਦੀ ਵਿਚਾਰ ਕੀਤਿਆਂ, ਉਸ ਵਿਚੋਂ ਕਰਤਾਰ ਦੇ ਨਾਮ, ਰਜ਼ਾ, ਹੁਕਮ ਬਾਰੇ ਸੋਝੀ ਲੈ ਕੇ
ਉਸ ਅਨੁਸਾਰ ਚਲਿਆਂ ਹੀ ਮਿਲਦਾ ਹੈ। ਉਸ ਦੇ ਹੁਕਮ ਵਿੱਚ ਚਲਣ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਉਸ
ਵਿੱਚ ਹੀ ਸਮਾ ਜਾਈਦਾ ਹੈ, ਉਸ ਨਾਲ ਇੱਕ ਮਿਕ ਹੋ ਜਾਈਦਾ ਹੇ। ਅਤੇ,
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ (੬੩੪)
ਹੇ ਨਾਨਕ ਜਿਸ ਬੰਦੇ ਤੇ ਸ਼ਬਦ ਗੁਰੂ ਦੀ ਮਿਹਰ ਹੋਈ ਉਸ ਨੇ ਹੀ ਸ਼ਬਦ ਵਿਚਾਰ ਰਾਹੀਂ, ਅਕਾਲ
ਦੇ ਹੁਕਮ ਵਿੱਚ ਚਲਣ ਦੀ ਜੁਗਤੀ ਸਮਝ ਲਈ। ਫਿਰ ਉਸ ਜੁਗਤ ਅਨੁਸਾਰ ਚਲਣ ਵਾਲਾ ਮਨੁੱਖ, ਵਾਹਿਗੁਰੂ
ਨਾਲ ਇਵੇਂ ਇੱਕ ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਵਿੱਚ ਮਿਲੇ ਪਾਣੀ ਦੀ ਕੋਈ ਅਲੱਗ ਪਛਾਣ ਨਹੀਂ
ਰਹਿ ਜਾਂਦੀ। ਅਤੇ,
ਗੁਰ ਅਪੁਨੇ ਬਲਿਹਾਰੀ॥ ਜਿਨਿ ਪੂਰਨ ਪੈਜ ਸਵਾਰੀ॥
ਮਨ ਚਿੰਦਿਆ ਫਲੁ ਪਾਇਆ॥ ਪ੍ਰਭੁ ਅਪੁਨਾ ਸਦਾ ਧਿਆਇਆ॥ (੬੨੬)
ਹੇ ਸਤਸੰਗੀਉ ਮੈਂ ਅਪਨੇ ਗੁਰੂ (ਸਬਦ) ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਵਾਹਿਗੁਰੂ
ਦੇ ਹੁਕਮ ਵਿੱਚ ਚਲਣ ਦੀ ਸੋਝੀ ਬਖਸ਼ ਕੇ ਮੇਰੀ ਇਜ਼ਤ ਭਲੀ-ਭਾਂਤ ਸਵਾਰ ਦਿੱਤੀ ਹੈ। ਗੁਰੂ ਨੇ ਮੇਰੇ ਮਨ
ਦੀ ਮੁਰਾਦ ਪੂਰੀ ਕਰ ਦਿੱਤੀ ਹੈ, ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਹੈ। ਹੁਣ ਮੈਂ ਹਮੇਸ਼ਾ,
ਹਰ ਵੇਲੇ ਅਪਣੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹਾਂ, ਇੱਕ ਪਲ ਵੀ ਉਸ ਨੂੰ ਨਹੀਂ ਵਿਸਾਰਦਾ।
ਹੁਣ ਤਾਂ,
ਗੁਰ ਕਾ ਸਬਦੁ ਰਖਵਾਰੇ॥ ਚਉਕੀ ਚਉਗਿਰਦ ਹਮਾਰੇ॥
ਰਾਮ ਨਾਮਿ ਮਨੁ ਲਾਗਾ॥ ਜਮੁ ਲਜਾਇ ਕਰਿ ਭਾਗਾ॥ (੬੨੬)
ਗੁਰੂ ਦਾ ਸ਼ਬਦ ਹੀ ਸਾਡਾ ਰਖਵਾਲਾ ਹੈ, (ਏਥੇ ਸਮਝਣ ਵਾਲੀ ਗੱਲ ਹੈ ਕਿ ਨਾਨਕ ਜੋਤ ਨੇ ਦਸ
ਜਾਮੇ ਧਾਰ ਕੇ, ਸਾਨੂੰ ਵਾਹਿਗੁਰੂ ਨਾਲ ਜੋੜਿਆ, ਜੋੜਨ ਦਾ ਸਾਧਨ ਸ਼ਬਦ ਤੇ ਕੇਵਲ ਸ਼ਬਦ ਹੀ ਸੀ। ਸ਼ਬਦ
ਦੀ ਸਿਖਿਆ ਹੀ, ਸਿੱਖਾਂ ਦੀ ਰਖਵਾਲੀ ਕਰਦੀ ਸੀ। ਅੱਜ ਵੀ ਜਦ, ਸਰੀਰ ਤਾਂ ਕਦੋਂ ਦੇ ਬਿਨਸ ਗਏ ਹਨ,
ਸ਼ਬਦ ਉਸੇ ਤਰ੍ਹਾਂ ਕਾਇਮ ਦਾਇਮ ਸਾਡੀ ਰਖਵਾਲੀ ਕਰ ਰਿਹਾ ਹੈ। ਪਰ ਰਖਵਾਲੀ ਸਿਰਫ ਉਨ੍ਹਾਂ ਦੀ ਕਰਦਾ
ਹੈ, ਜੋ ਉਸ ਨੂੰ ਵਿਚਾਰਦੇ ਹਨ, ਉਸ ਦੇ ਗਿਆਨ ਅਨੁਸਾਰ, ਗੋਬਿੰਦ ਦੇ ਹੁਕਮ ਵਿੱਚ ਚਲਦੇ ਹਨ।) ਉਸ ਦੇ
ਗਿਆਨ, ਉਸ ਦੀ ਸਿਖਿਆ ਦਾ ਸਾਡੇ ਦੁਆਲੇ ਪਹਿਰਾ ਹੈ, (ਕੋਈ ਗੁਰੂ ਦਾ ਸਰੀਰ ਸਾਡੇ ਪਹਿਰੇ ਤੇ ਨਹੀਂ
ਖੜਾ) ਜੋ ਮਾਇਆ ਨੂੰ, ਤ੍ਰਿਸ਼ਨਾਵਾਂ ਨੂੰ ਸਾਡੇ ਤੇ ਹਮਲਾ ਨਹੀਂ ਕਰਨ ਦਿੰਦਾ। ਹੁਣ ਤਾਂ ਸਹਿਜ ਵਿਚ,
ਬੇਫਿਕਰ ਹੋ ਕੇ ਸਾਡਾ ਮਨ, ਰਾਮ ਦੇ ਨਾਮ ਨਾਲ ਜੁੜਿਆ ਹੋਇਆ ਹੈ। ਹੁਣ ਤਾਂ ਜਮ ਵੀ ਸ਼ਰਮਾ ਕੇ ਸਾਡੇ
ਕੋਲੋਂ ਦੂਰ ਭੱਜ ਗਿਆ ਹੈ।
ਅਮਰ ਜੀਤ ਸਿੰਘ ਚੰਦੀ