.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭਾਗ ਤੀਜਾ ਸਰਮ ਖੰਡ

ਮਿੱਟੀ ਦੇ ਭਾਂਡੇ ਬਣਾੳਣ ਵਾਲਾ ਘੁਮਿਆਰ ਆਪਣੀ ਸਖਤ ਮਿਹਨਤ ਰਾਂਹੀ ਜਦੋਂ ਘੜਾ ਤਿਆਰ ਕਰਕੇ ਵੇਚਣ ਲਈ ਸਾਹਮਣੇ ਰੱਖਦਾ ਹੈ ਤਾਂ ਉਸ ਨੂੰ ਅਥਾਹ ਖੁਸ਼ੀ ਹੁੰਦੀ ਹੈ। ਕਿਸੇ ਚਿਤਰਕਾਰ ਦੀ ਮਿਹਨਤ ਉਸ ਦੀ ਕਲਾ ਵਿਚੋਂ ਦੇਖੀ ਜਾ ਸਕਦੀ ਹੈ। ਬਟਾਲਾ ਸ਼ਹਿਰ ਦੇ ਰਹਿਣ ਵਾਲੇ ਉਸਤਾਦ ਰਘਬੀਰ ਸਿੰਘ ਨੂੰ ਪਹਿਲੀ ਨਜ਼ਰੇ ਦੇਖਿਆ ਜਾਏ ਤਾਂ ਕੋਈ ਵੀ ਉਹਨਾਂ ਨੂੰ ਤਬਲਾ ਵਾਦਕ ਨਹੀਂ ਕਹਿ ਸਕਦਾ ਪਰ ਜਦ ਤਬਲਾ ਵਜਾਉਂਦੇ ਹਨ ਤਾਂ ਪਤਾ ਚਲਦਾ ਹੈ ਇਹਨਾਂ ਦੀ ਸਾਲਾਂ ਬੱਧੀ ਬਹੁਤ ਵਡੀ ਘਾਲਣਾ ਹੈ। ਏਡੇ ਸਿਖਰਲੇ ਮੁਕਾਮ ਤੇ ਪਾਹੁੰਚਣਾ ਸਾਲਾਂ ਬੱਧੀ ਮਿਹਨਤ ਤੋਂ ਬਿਨਾ ਕੁੱਝ ਵੀ ਹਾਸਲ ਨਹੀਂ ਹੋ ਸਕਦਾ। ਅਸੀਂ ਇਸ ਨੂੰ ਇੰਜ ਕਹਾਂਗੇ ਕਿ ਭਈ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੇ ਤਬਲੇ ਦਾ ਗਿਆਨ ਲੈਂਦਿਆਂ ਹੋਇਆਂ ਬਹੁਤ ਮਿਹਨਤ ਕੀਤੀ ਜਿਸ ਸਦਕਾ ਇਹਨਾਂ ਨੂੰ ਹੁਣ ਕੀਤੀ ਹੋਈ ਮਿਹਨਤ ਦਾ ਫ਼ਲ਼ ਹੀ ਮਿਲ ਰਿਹਾ ਹੈ।

ਦੁਨੀਆਂ ਦਾ ਕੋਈ ਵੀ ਵਿਅਕਤੀ ਜੇ ਉਹ ਆਪਣੇ ਫ਼ਰਜ਼ ਦੀ ਪਹਿਛਾਣ ਕਰਕੇ ਭਾਵ ਧਰਮ ਖੰਡ ਵਿੱਚ ਪਹੁੰਚ ਕੇ ਗਿਆਨ ਦੀ ਪ੍ਰਾਪਤੀ ਕਰਦਿਆਂ ਹੋਇਆ ਕਿਸੇ ਮੁਕਾਮ ਤੇ ਪਹੁੰਚਦਾ ਹੈ ਤਾਂ ਉਹ ਬਖਸ਼ਿਸ ਦਾ ਪਾਤਰ ਬਣਦਾ ਹੈ। ਇਹ ਅੰਨੰਦ, ਖੁਸ਼ੀ-ਖੇੜਾ ਭਾਂਵੇਂ ਪ੍ਰਪਾਤ ਆਪ ਹੀ ਕੀਤਾ ਹੈ ਪਰ ਮਨੁੱਖ ਕਹਿੰਦਾ ਕਿ ਮੇਰੇ ਤੇ ਗੁਰੂ ਦੀ ਬਖਸ਼ਿਸ਼ ਹੋਈ ਹੈ। ਗਿਆਨ ਖੰਡ ਦੇ ਉਪਰੰਤ ਸਰਮ-ਖੰਡ ਆਉਂਦਾ ਏ ਜੋ ਸਖਤ ਮਿਹਨਤ ਦਾ ਲਖਾਇਕ ਹੈ। ਜਿਸ ਦਾ ਵਿਸਥਾਰ ਹੇਠਾਂ ਅੰਕਤ ਹੈ—

ਗਿਆਨ ਖੰਡ ਮਹਿ, ਗਿਆਨੁ ਪਰਚੰਡੁ॥
ਤਿਥੈ, ਨਾਦ ਬਿਨੋਦ ਕੋਡ ਅਨੰਦੁ॥

ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ, ਬਹੁਤੁ ਅਨੂਪੁ॥

ਤਾ ਕੀਆ ਗਲਾ, ਕਥੀਆ ਨ ਜਾਹਿ॥
ਜੇ ਕੋ ਕਹੈ, ਪਿਛੈ ਪਛੁਤਾਇ॥

ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥ 36

ਇਸ ਪਉੜੀ ਦੇ ਅਖਰੀਂ ਅਰਥ ਇਸ ਪ੍ਰਕਾਰ ਹਨ----

ਗਿਆਨ ਖੰਡ ਵਿੱਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿੱਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।

ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿੱਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)। ਇਸ ਅਵਸਥਾ ਵਿੱਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।

ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)। ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿੱਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ

ਇਸ ਪਉੜੀ ਦੇ ਭਾਵ ਅਰਥ ਨੂੰ ਅਸੀਂ ਆਪਣੇ ਮਨ `ਤੇ ਲਾਗੂ ਕਰਨ ਦਾ ਯਤਨ ਕਰੀਏ---

ਲੇਖ ਦੇ ਅਰੰਭ ਵਿੱਚ ਇੱਕ ਤਬਲਾ ਵਾਦਕ ਦੀ ਮਿਸਾਲ ਦਿੱਤੀ ਗਈ ਹੈ ਕਿ ਉਸ ਨੇ ਆਪਣਾ ਧਰਮ ਸਮਝ ਕੇ ਤਬਲੇ ਦਾ ਗਿਆਨ ਲਿਆ। ਹੁਣ ਜਦੋਂ ਵੀ ਉਹ ਆਪਣੇ ਇਸ ਗੁਣ ਦੀ ਵਰਤੋਂ ਕਰਦਾ ਹੈ ਤਾਂ ਲੋਕ ਕਹਿੰਦੇ ਨੇ ਭਲੇ ਤੂੰ ਬਹੁਤ ਵਧੀਆ ਤਬਲਾ ਵਜਾਇਆ ਹੈ। ਉਹ ਕਹਿੰਦਾ ਹੈ ਜੀ ਮੇਰੇ `ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਸ ਅਵਸਥਾ ਵਿੱਚ ਮਨੁੱਖ ਅਨੰਦ ਮਾਣਦਾ ਹੈ, ਉਂਝ ਅਨੰਦ ਉਹ ਹੀ ਮਾਣ ਸਕਦਾ ਹੈ ਜੋ ਚਿੰਤਾਵਾਂ ਤੋਂ ਰਹਿਤ ਹੈ।

ਕਹਿੰਦੇ ਨੇ ਇੱਕ ਬਾਦਸ਼ਾਹ ਨੂੰ ਨੀਂਦ ਨਹੀਂ ਆਉਂਦੀ ਸੀ। ਇਸ ਦੇ ਹੱਲ ਲਈ ਇੱਕ ਸਿਆਣੇ ਪੁਰਸ਼ ਨੇ ਸੁਝਾਅ ਦਿੱਤਾ ਕਿ ਬਾਦਸ਼ਾਹ ਨੂੰ ਕਿਸੇ ਅਜੇਹੇ ਆਦਮੀ ਦੀ ਕਮੀਜ਼ ਪਵਾਈ ਜਾਏ ਜੋ ਬਿਲਕੁਲ ਚਿੰਤਾ ਤੋਂ ਰਹਿਤ ਹੋਵੇ। ਕੁਦਰਤੀ ਇੱਕ ਅਜੇਹਾ ਮਨੁੱਖ ਮਿਲਿਆ ਗਿਆ ਜਿਸ ਨੇ ਕੇਵਲ ਕਮੀਜ਼ ਪਜਾਮਾ ਹੀ ਪਾਇਆ ਹੋਇਆ ਸੀ ਤੇ ਸੰਘਣੀ ਛਾਂ ਥੱਲੇ ਬੈਠ ਕੇ ਮਿੱਠੇ ਗੀਤ ਗਾ ਰਿਹਾ ਸੀ। ਬਾਦਸ਼ਾਹ ਦੇ ਆਦਮੀਆਂ ਨੇ ਪੁੱਛਿਆ, ‘ਤੂੰ ਬਹੁਤ ਵਧੀਆ ਗੀਤ ਗਾ ਰਿਹਾ ਏਂ ਕੀ ਤੈਨੂੰ ਕੋਈ ਚਿੰਤਾ ਨਹੀਂ ਹੈ’। ਗੀਤ ਗਉਣ ਵਾਲਾ ਆਦਮੀ ਕਹਿੰਦਾ, ਕਿ ਭਲੇ ਲੋਕੋ! ‘ਮੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ’। ਤਾਂ ਬਾਦਸ਼ਾਹ ਦੇ ਆਦਮੀ ਕਹਿੰਦੇ, ਕਿ ‘ਫਿਰ ਸਾਨੂੰ ਆਪਣੀ ਕਮੀਜ਼ ਦੇ ਦੇ ਤਾਂ ਕਿ ਘੱਟੋ ਘੱਟ ਸਾਡਾ ਬਾਦਸ਼ਾਹ ਤੇਰੀ ਕਮੀਜ਼ ਨੂੰ ਪਹਿਨ ਕੇ ਸੁੱਖ ਦੀ ਨੀਂਦ ਤਾਂ ਸੌਂ ਸਕੇ’। ਗੀਤ ਗਉਣ ਵਾਲਾ ਆਦਮੀ ਕਹਿੰਦਾ ਕਿ ਭਲੇ ਲੋਕੋ ਮੇਰੇ ਪਾਸ ਦੂਜੀ ਕਮੀਜ਼ ਹੀ ਨਹੀਂ ਹੈ ਭਾਵ ਦੂਜੀ ਕਮੀਜ਼ ਦੀ ਮੈਂ ਚਿੰਤਾ ਹੀ ਨਹੀਂ ਰੱਖੀ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਦੂਜੀ ਕਮੀਜ਼ ਨਾ ਰਖੀਏ ਜਾਂ ਕਪੜੇ ਆਦਕ ਨਾ ਬਣਾਈਏ। ਇਸ ਦਾ ਭਾਵ ਅਰਥ ਹੈ ਜਦੋਂ ਮਨੁੱਖ ਦੇ ਮਨ ਨੂੰ ਗਿਆਨ ਆ ਜਾਂਦਾ ਹੈ ਕਿ ਮੇਰੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਫ਼ਜੂਲ ਦੀਆਂ ਖਰਚੀਆਂ ਤੋਂ ਬਚਿਆ ਜਾਏ ਤਾਂ ਉਹ ਆਪਣੇ ਜੀਵਨ ਵਿੱਚ ਅਨੰਦ ਮਾਣਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਅੰਤਰ ਆਤਮੇ `ਤੇ ਗਿਆਨ ਦਾ ਪ੍ਰਗਾਅ ਹੁੰਦਾ ਹੈ।

ਗਿਆਨ ਖੰਡ ਮਹਿ, ਗਿਆਨੁ ਪਰਚੰਡੁ॥
ਤਿਥੈ, ਨਾਦ ਬਿਨੋਦ ਕੋਡ ਅਨੰਦੁ॥

ਆਤਮਕ ਸੂਝ ਆਉਣ ਨਾਲ ਉਦਮ ਵਰਗਾ ਗੁਣ ਉਤਪੰਨ ਹੁੰਦਾ ਹੈ। ਇਸ ਉਦਮ ਦੁਆਰਾ ਜੀਵਨ ਦੀ ਇੱਕ ਨਵੀਂ ਘਾੜਤ ਘੜੀ ਜਾਂਦੀ ਹੈ ਜੋ ਸਾਡੇ ਸੁਭਾਅ ਵਿਚੋਂ ਪ੍ਰਗਟ ਹੁੰਦੀ ਹੈ—

ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ, ਬਹੁਤੁ ਅਨੂਪੁ॥

ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਅਸੀਂ ਅਖਰਾਂ ਵਿੱਚ ਬਿਆਨ ਨਹੀਂ ਕਰ ਸਕਦੇ--ਤਾ ਕੀਆ ਗਲਾ, ਕਥੀਆ ਨ ਜਾਹਿ॥ ਗੁਣਵਾਨ ਬੰਦੇ ਦੀ ਕੋਈ ਗਲ ਅਸੀਂ ਆਪਣੀ ਬੁੱਧੀ ਦੇ ਤਲ਼ `ਤੇ ਕਰਾਂਗੇ ਤਾਂ ਉਹ ਸਾਡੀ ਆਪਣੀ ਮਤ ਅਨਸਾਰ ਤਾਂ ਹੋ ਸਕਦੀ ਹੈ ਪਰ ਗੁਣਵਾਨ ਆਦਮੀ ਸਾਡੇ ਕਹੇ ਹੋਏ ਸ਼ਬਦਾਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੁੰਦਾ ਹੈ--ਜੇ ਕੋ ਕਹੈ, ਪਿਛੈ ਪਛੁਤਾਇ॥ ਕਿਸੇ ਵੀ ਕਿੱਤੇ ਵਿੱਚ ਜਿਸ ਵੀ ਮਨੁੱਖ ਨੇ ਮਨ ਮਾਰ ਕੇ ਸਖਤ ਮਿਹਨਤ ਕੀਤੀ ਹੈ ਉਹ ਜ਼ਰੂਰ ਰੰਗ ਦਿਖਾਉਂਦੀ ਹੈ। ਸਰਮ-ਖੰਡ ਵਿੱਚ ਚਾਰ ਨੁਕਤੇ ਸੁਰਤਿ, ਮਤਿ, ਮਨਿ ਤੇ ਬੁਧਿ ਧਿਆਨ ਮੰਗਦੇ ਹਨ। ਇਹਨਾਂ ਨਕਤਿਆਂ ਅਨੁਸਾਰ ਅਸਾਂ ਆਪਣੇ ਮਨ ਦੀ ਘਾੜਤ ਘਾੜਨੀ ਹੈ। ਪਹਿਲਾਂ ਖ਼ਿਆਲ ਜਨਮ ਲੈਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ। ਮਿਸਾਲ ਦੇ ਤੌਰ `ਤੇ ਸਾਡੇ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਮੈਂ ਗੁਰਦੁਆਰੇ ਜਾਣਾ ਹੈ। ਦੂਸਰਾ ਏਥੋਂ ਮਤ ਲੈਣੀ ਹੈ। ਤੀਜਾ ਇਸ ਨੂੰ ਮਨ ਵਿੱਚ ਵਸਾਉਣਾ ਹੈ। ਚੌਥਾ ਆਤਮਕ ਸੂਝ ਦਾ ਸਿੱਖਰ ਹੈ ਜਿਸ ਨੂੰ ਬਿਬੇਕ ਬੁਧੀ ਕਿਹਾ ਜਾਂਦਾ ਹੈ— ‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ’ ਮੈਂ ਫਿਰ ਤਬਲੇ ਦੀ ਉਦਾਹਰਣ ਦਿਆਂਗਾ। ਭਾਈ ਰਘਬੀਰ ਸਿੰਘ ਦੇ ਪਿਤਾ ਦੇ ਮਨ ਵਿੱਚ ਖ਼ਿਆਲ ਆਇਆ ਕਿ ਮੈਂ ਆਪਣੇ ਬੇਟੇ ਨੂੰ ਇੱਕ ਚੰਗਾ ਤਬਲਾ ਵਾਦਕ ਬਣਾਉਣਾ ਹੈ। ਸੁਰਤ ਵਿੱਚ ਇਸ ਖ਼ਿਆਲ ਨੇ ਜਨਮ ਲਿਆ। ਤਬਲੇ ਦੀ ਪੜ੍ਹਾਈ ਦੀ ਮਤ ਲਈ। ਉਸ ਮਤ ਨੂੰ ਆਪਣੀ ਚੇਤੰਤਾ ਵਿੱਚ ਬੈਠਾਇਆ। ਤਬਲੇ ਦਾ ਗਿਆਨ ਲੈ ਲੈ ਕੇ ਦਿਨ ਰਾਤ ਮਿਹਨਤ ਕੀਤੀ ਤਾਂ ਜਾ ਕੇ ਤਬਲੇ ਦੀ ਵਿਦਵਤਾ ਮਨ ਵਿੱਚ ਬੈਠੀ। ਅਜੇਹਾ ਬੁਧੀਮਾਨ ਉਸ ਵਰਗ ਵਿੱਚ ਸ਼ਾਮਲ ਹੁੰਦਾ ਹੈ, ਜਿੱਥੇ ਉਸ ਦੀ ਸਾਲਾਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪੈਂਦਾ ਹੈ। ਮਾਂ ਆਪਣੀ ਧੀ ਨੂੰ ਰਸੋਈ ਦੇ ਕਰਮ ਬਾਰੇ ਵਿਸਥਾਰ ਨਾਲ ਸਮਝਾਉਂਦੀ ਹੈ। ਧੀ ਉਸ ਨੂੰ ਆਪਣੀ ਮਤ ਵਿੱਚ ਬੈਠਾ ਲੈਂਦੀ ਹੈ। ਧੀ ਸਹੁਰੇ ਘਰ ਵਿੱਚ ਜਾ ਕੇ ਜਦੋਂ ਚੰਗੇ ਸਲੀਕੇ ਨਾਲ ਵਿਚਰਦੀ ਹੈ ਤਾਂ ਸਾਰੇ ਉਸ ਨੂੰ ਗੁਣਵਾਨ ਆਖਦੇ ਹਨ ਤੇ ਇਹਨਾਂ ਦੈਵੀ ਗੁਣਾਂ ਨੂੰ ਹੀ ਆਤਮਕ ਸੂਝ ਦਾ ਨਾਂ ਦਿੱਤਾ ਜਾਂਦਾ ਹੈ— ‘ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ’॥ ਸਤ-ਸੰਤੋਖ, ਧੀਰਜ, ਹਲੇਮੀ ਤੇ ਸਹਿਜ ਅਵਸਥਾ ਵਾਲੇ ਗੁਣਾਂ ਸਬੰਧੀ ਮਨੁੱਖ ਆਪਣਾ ਧਰਮ ਸਮਝਦਿਆਂ ਹੋਇਆਂ ਜਦੋਂ ਗਿਆਨ ਦੀ ਪਉੜੀ ਤੇ ਪੈਰ ਧਰਦਿਆਂ ਮਿਹਨਤ ਕਰਦਾ ਹੈ ਤਾਂ ਜਿੱਥੇ ਆਪਣੇ ਆਤਮਕ ਤਲ਼ `ਤੇ ਅਨੰਦ ਬਣਦਾ ਓੱਥੇ ਉਸ ਦੇ ਗਿਆਨ ਇੰਦ੍ਰਿਆਂ ਵਿਚੋਂ ਵੀ ਅਨੰਦ ਮਈ ਅਵਸਥਾ ਆ ਜਾਂਦੀ ਹੈ। ਭਾਵ ਸ਼ੁਭ ਗੁਣਾਂ ਦੀ ਮਿਹਨਤ ਨਾਲ ਨਿਵੇਕਲੇ ਜੀਵਨ ਦੀ ਘਾੜਤ ਘੜੀ ਜਾਂਦੀ ਹੈ।

ਸਰਮ ਖੰਡ ਦਾ ਵਿਵਹਾਰਕ ਪੱਖ—

ਸਕੂਲਾਂ ਕਾਲਜਾਂ ਵਿੱਚ ਬੱਚਿਆਂ ਦੇ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਜਿਸ ਵੀ ਬੱਚੇ ਨੇ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਛੂਹਣਾ ਹੈ ਤਾਂ ਉਸ ਨੂੰ ਸੁਰਤਿ, ਮਤਿ, ਮਨਿ ਤੇ ਬੁਧਿ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਪਏਗਾ। ਪਹਿਲਾਂ ਬੱਚੇ ਦੇ ਮਨ ਵਿੱਚ ਖ਼ਿਆਲ ਆਵੇ ਕਿ ਮੈਂ ਇਸ ਵਾਰੀ ਪਹਿਲੀ ਪੁਜੀਸ਼ਨ ਪ੍ਰਾਪਤ ਕਰਨੀ ਹੈ। ਫਿਰ ਅਧਿਆਪਕ ਦੀ ਮਤ ਨੂੰ ਪ੍ਰਪਾਤ ਕਰਕੇ ਮਨ ਵਿੱਚ ਬਿਠਾਉਂਦਾ ਹੈ। ਮਤ ਵਿੱਚ ਬੈਠਾ ਹੋਇਆ ਗਿਆਨ ਇਮਤਿਹਾਨ ਦੇ ਸਮੇਂ ਮਨ ਵਿਚੋਂ ਬੁੱਧੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਚੰਗੇ ਨੰਬਰ ਲੈ ਕੇ ਜਦੋਂ ਅਗਲ਼ੀ ਜਮਾਤ ਵਿੱਚ ਜਾਂਦਾ ਹੈ ਤਾਂ ਉਸ ਦੀ ਉਸ ਜਮਾਤ ਦੀ ਘਾੜਤ ਘੜੀ ਗਈ ਹੁੰਦੀ ਹੈ।

ਪਹਿਲਾਂ ਆਪਣੇ ਫ਼ਰਜ਼ਾਂ ਦੀ ਪਹਿਛਾਣ ਕਰਨੀ ਦੂਜਾ ਗਿਆਨ ਦੀ ਪ੍ਰਾਪਤੀ ਤੇ ਤੀਜਾ ਸਖਤ ਮਿਹਨਤ ਦਾ ਅਭਿਆਸ ਕਰਨਾ।

ਦੋ ਡਾਕਟਰਾਂ ਨੇ ਆਪਣਾ ਆਪਣਾ ਫ਼ਰਜ਼ (ਧਰਮ) ਸਮਝਦਿਆਂ ਡਾਕਟਰੀ ਦਾ ਪੂਰਾ ਪੂਰਾ ਗਿਆਨ ਹਾਸਲ ਕੀਤਾ ਹੈ। ਹੁਣ ਮਿਹਨਤ ਦੋਹਾਂ ਦੀ ਲੱਗ-ਪਗ ਇਕੋ ਜੇਹੀ ਹੈ। ਇੱਕ ਡਾਕਟਰ ਸਮਾਜ ਦੇ ਭਲੇ ਲਈ ਚੰਗੀਆਂ ਦਵਾਈਆਂ ਦੀ ਖੋਜ ਕਰ ਰਿਹਾ ਹੈ ਪਰ ਦੂਜਾ ਇਸ ਦੇ ਵਿਪਰੀਤ ਲੋਕ ਮਾਰੂ ਨਕਲੀ ਦਵਾਈਆਂ ਤਿਆਰ ਕਰਨ `ਤੇ ਆਪਣੀ ਮਿਹਨਤ ਕਰ ਰਿਹਾ ਹੈ। ਇਹ ਮਿਹਨਤ ਵਿਵਹਾਰਕ ਨਹੀਂ ਹੈ।

ਵਧੀਆ ਤੋਂ ਵਧੀਆ ਕਪੜੇ, ਚੰਗੇ ਤੋਂ ਚੰਗਾ ਫਰਨੀਚਰ, ਕਾਰਖਾਨਿਆ ਦੇ ਨਿਕਲਦੇ ਹੋਏ ਧੂੰਏਂ ਗਲ ਕੀ ਹਰ ਵਰਤੋਂ ਵਾਲੀ ਵਸਤੂ ਦੇ ਪਿੱਛੇ ਸਖਤ ਤੋਂ ਸਖਤ ਮਿਹਨਤ ਹੀ ਕੰਮ ਕਰਦੀ ਦਿਸਦੀ ਹੈ। ਜਿਸ ਹਵਾਈ ਜਹਾਜ਼ ਤੇ ਚੜ੍ਹ ਕੇ ਲੰਬੀ ਦੂਰੀ ਘੰਟਿਆਂ ਵਿੱਚ ਤਹਿ ਕਰ ਸਕਦੇ ਹਾਂ ਉਸ ਪਿੱਛੇ ਡੂੰਘੇ ਤੋਂ ਡੂੰਘੇ ਗਿਆਨ ਤੇ ਸਖਤ ਮਿਹਨਤ ਦੀ ਮੂੰਹ ਬੋਲਦੀ ਸਾਕਾਰ ਤਸਵੀਰ ਨਜ਼ਰ ਆਉਂਦੀ ਹੈ। ਮੁਲਕਾਂ ਦੀ ਤਰੱਕੀ ਦਾ ਭੇਦ ਹੀ ਸਖਤ ਮਿਹਨਤ ਵਿੱਚ ਹੈ।

ਕੋਈ ਵੀ ਇਨਸਾਨ ਜੇ ਉਹ ਸਦਾ ਚਾਰਕ ਗੁਣਾਂ ਦੀ ਹਰ ਵੇਲੇ ਵਰਤੋਂ ਕਰਦਾ ਹੈ ਤਾਂ ਕੁਦਰਤੀ ਉਸ ਨੂੰ ਸਾਰੇ ਪਿਆਰ ਕਰਨਗੇ। ਕਈ ਵਾਰੀ ਇਹ ਵੀ ਦੇਖਿਆ ਹੈ ਕਿ ਕਾਰੀਗਰਾਂ ਪਾਸ ਗਿਆਨ ਤਾਂ ਬਹੁਤ ਹੁੰਦਾ ਹੈ ਪਰ ਸਦ ਗੁਣਾਂ ਦੀ ਘਾਟ ਕਰਕੇ ਲੜਾਈ ਝਗੜੇ ਹੀ ਕਰਦੇ ਨਜ਼ਰ ਆਉਂਦੇ ਹਨ। ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮਿਹਨਤ ਹੀ ਕੰਮ ਆਉਂਦੀ ਹੈ। ਵਿਹਲੜ ਮਨੁੱਖ ਉਸ ਤਸਵੀਰ ਵਰਗਾ ਹੈ ਜੋ ਕਈਆਂ ਚਿਰਾਂ ਦੀ ਦੀਵਾਰ `ਤੇ ਮਿੱਟੀ ਨਾਲ ਲਿਬੜੀ ਹੋਈ ਲਟਕ ਰਹੀ ਹੋਵੇ। ਸਮਾਜ ਵਿੱਚ ਹਰ ਮਨੁੱਖ ਦੀ ਕਦਰ ਹੈ ਜੋ ਸਮੇਂ ਦਾ ਪਾਬੰਧ ਹੋ ਕਿ ਜੀ-ਜਾਨ ਨਾਲ ਮਿਹਨਤ ਕਰਦਾ ਹੈ—

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥

ਪੰਨਾ ੧੨੪੫
.