.

ਗੁਰਬਾਣੀ ਦਾ ਸੱਚ (ਚੌਦਾਂ ਰਤਨ)

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਅਨੇਕਾਂ ਪੁਰਾਣਿਕ ਹਵਾਲਿਆਂ ਵਿਚੋਂ ਹੀ ਇੱਕ ਹਵਾਲਾ `ਚੋਦਹ ਰਤਨਾਂ’ ਬਾਰੇ ਵੀ ਹੈ। ਜਿਵੇਂ ਪੁਰਾਣ ਸਾਹਿਤ ਅਤੇ ਹੋਰ ਅਨਮਤੀ ਹਵਾਲਿਆਂ ਦਾ ਗੁਰਬਾਣੀ ਦੇ ਸੱਚ ਨਾਲ ਕੋਈ ਸਬੰਧ ਨਹੀਂ ਹੈ, ਉਸੇ ਤਰ੍ਹਾਂ ਇਸ ਹਵਾਲੇ ਦਾ ਵੀ ਗੁਰਬਾਣੀ ਦੇ ਸੱਚ ਨਾਲ ਕੋਈ ਸਬੰਧ ਨਹੀਂ ਹੈ। ਭਾਵ, ਬਾਣੀਕਾਰ ਪੁਰਾਣ ਸਾਹਿਤ `ਚ `ਚੌਦਹ ਰਤਨਾਂ’ ਦੀ ਉਤਪਤੀ ਆਦਿ ਬਾਰੇ ਜੋ ਧਾਰਨਾ ਹੈ, ਉਸ ਨਾਲ ਸਹਿਮਤ ਨਹੀਂ ਹਨ।
ਪੁਰਾਣ ਸਾਹਿਤ ਵਿੱਚ `ਚੌਦਹ ਰਤਨਾਂ’ ਬਾਰੇ ਜੋ ਧਾਰਨਾ ਹੈ, ਉਸ ਦਾ ਸੰਖੇਪ `ਚ ਵਰਣਨ ਕਰ ਰਹੇ ਹਾਂ ਤਾਂ ਕਿ ਇਨ੍ਹਾਂ ਬਾਰੇ ਪੁਰਾਣਿਕ ਅਤੇ ਗੁਰਮਤਿ ਦਾ ਦ੍ਰਿਸ਼ਟੀਕੋਣ ਦੇਖ ਕੇ ਗੁਰਬਾਣੀ ਦਾ ਸੱਚ ਸਮਝਿਆ ਜਾ ਸਕੇ। ਪੁਰਾਣਿਕ ਵਿਸ਼ਵਾਸ ਅਨੁਸਾਰ ਦੇਵਤਿਆਂ ਅਤੇ ਦੈਂਤਾ ਨੇ ਜਦ ਸੁਮੇਰ ਪਰਬਤ ਦੀ ਮਾਧਾਣੀ, ਬਾਸ਼ਕ ਨਾਗ ਦਾ ਨੇਤ੍ਰਾ ਬਣਾ ਕੇ ਖੀਰ ਸਮੁੰਦਰ ਨੂੰ ਰਿੜਕਿਆ ਸੀ, ਤਾਂ ਇਸ ਵਿਚੋਂ ਚੌਦਾਂ ਰਤਨ ਨਿਕਲੇ ਸਨ। ਉਹ ਚੌਦਾਂ ਰਤਨ ਹਨ: ਉਚੈ: ਸ਼੍ਰਵਾ (ਉੱਚੇ ਕੰਨ ਵਾਲਾ ਚਿੱਟਾ ਘੋੜਾ), ਕਾਮਧੇਨ, ਕਲਪਬ੍ਰਿਛ, ਰੰਭਾ ਅਪਸਰਾ, ਲੱਛਮੀ, ਅੰਮ੍ਰਿਤ, ਕਾਲਕੂਟ /ਜ਼ਹਿਰ, ਸੁਰਾ/ ਸ਼ਰਾਬ, ਚੰਦ੍ਰਮਾ, ਧਨੰਤਰਿ (ਵੈਦ), ਸੰਖ, ਕੌਸਤੁਭ ਮਣਿ, ਸਾਰੰਗ –ਧਨੁਖ ਤੇ ਐਰਾਵਤੀ ਹਾਥੀ (ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ)। ਸਾਡਾ ਮਨੋਰਥ ਪੁਰਾਣ ਸਾਹਿਤ ਵਿਚਲੀਆਂ ਇਨ੍ਹਾਂ ਕਥਾਵਾਂ ਦੀ ਪੜਚੋਲ ਕਰਨਾ ਨਹੀਂ ਹੈ, ਇਸ ਲਈ ਇਹ ਪੁਰਾਣਿਕ ਕਥਾ ਸੱਚ ਦੀ ਕਸਵੱਟੀ ਉੱਤੇ ਕਿੰਨੀ ਕੁ ਪੂਰੀ ਉਤਰਦੀ ਹੈ, ਇਸ ਦੀ ਚਰਚਾ ਤੋਂ ਸੰਕੋਚ ਕਰਦੇ ਹੋਏ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਆਏ ਹਵਾਲੇ ਤਕ ਹੀ ਸੀਮਤ ਰਹਿ ਰਹੇ ਹਾਂ।
(ਨੋਟ: ਕਈ ਤੇਰਾਂ ਰਤਨ ਮੰਨਦੇ ਹਨ, ਉਨ੍ਹਾਂ ਅਨੁਸਾਰ ਵਿਖ ਰਤਨ ਨਹੀਂ ਹੈ। ਭਾਈ ਗੁਰਦਾਸ ਇਸ ਧਾਰਨਾ ਵਲ ਹੀ ਇਸ਼ਾਰਾ ਕਰਦਿਆਂ ਲਿਖਦੇ ਹਨ:- `ਤੇਰਹ ਰਤਨ ਅਕਾਰਥੇ ਗੁਰ ਉਪਦੇਸ਼ ਰਤਨ ਧਨ ਪਾਯਾ॥’ ਵਾਰ7, ਪਉੜੀ 13॥ ਅਰਥ: ਤੇਰਾਂ ਰਤਨ ਵਿਅਰਥ ਹਨ, ਗੁਰ ਉਪਦੇਸ਼ ਰਤਨ ਇਕੋ ਹੀ ਜਿਨ੍ਹਾਂ ਕੋਲ ਹੈ ਉਨ੍ਹਾਂ ਨਾਮ ਧਨ ਪਾਇਆ ਹੈ।)
ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਪੰਗਤੀਆਂ ਵਿੱਚ `ਚੌਦਾਂ ਰਤਨਾਂ’ ਦਾ ਹਵਾਲਾ ਮਿਲਦਾ ਹੈ, ਉਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ:-
(ੳ) ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ॥ ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ॥ (ਪੰਨਾ 351) ਅਰਥ: (ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿੱਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇੱਕ ਇੱਕ ਕਰ ਕੇ ਵੰਡ ਦਿੱਤੇ, (ਪਰ) ਨਾਨਕ ਆਖਦਾ ਹੈ (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿੱਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ)
(ਅ) ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ॥ (ਪੰਨਾ 695) ਅਰਥ: ਭਾਵੇਂ ਉਹ (ਸਮੁੰਦਰ) ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ।
(ੲ) ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ॥ (ਪੰਨਾ 150) ਅਰਥ: ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਸੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ।
(ਸ) ਕਈ ਕੋਟਿ ਕੀਏ ਰਤਨ ਸਮੁਦ॥ (ਪੰਨਾ 276) ਅਰਥ: ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ
ਇਨ੍ਹਾਂ ਉਪਰੋਕਤ ਪੰਗਤੀਆਂ ਵਿੱਚ ਪਹਿਲੀਆਂ ਤਿੰਨ ਪੰਗਤੀਆਂ (ੳ, ਅ, ਅਤੇ ੲ) ਵਿੱਚ ਪੁਰਾਣ ਸਾਹਿਤ ਵਿੱਚ ਵਰਣਿਤ ਕਥਾ ਵਲ ਹੀ ਇਸ਼ਾਰਾ ਕੀਤਾ ਗਿਆ ਹੈ। ਪਰੰਤੂ ਇਨ੍ਹਾਂ ਪੰਗਤੀਆਂ ਵਿੱਚ ਪੁਰਾਣਾਂ ਵਿੱਚ ਵਰਣਿਤ ਕਥਾ ਨੂੰ ਸੱਚ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਸ਼ਬਦਾਂ ਦੀਆਂ ਹੀ ਇਹ ਤੁਕਾਂ ਹਨ, ਉਨ੍ਹਾਂ ਦੇ ਸਮੁੱਚੇ ਭਾਵਾਰਥ ਵਲ ਨਿਗਾਹ ਮਾਰਿਆਂ ਸਹਿਜੇ ਹੀ ਇਸ ਗੱਲ ਨੂੰ ਦੇਖਿਆ/ਸਮਝਿਆ ਜਾ ਸਕਦਾ ਹੈ।
‘ੳ’ ਵਾਲੀ ਪੰਗਤੀ ਜਿਸ ਸ਼ਬਦ ਵਿਚੋਂ ਹੈ, ਉਸ ਦੀਆਂ ‘ਰਹਾਉ’ ਦੀਆਂ ਪੰਗਤੀਆਂ ਹਨ: ਕਿਆ ਉਪਮਾ ਤੇਰੀ ਆਖੀ ਜਾਇ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥ 1॥’ ਰਹਾਉ’ ਦੀਆਂ ਇਨ੍ਹਾਂ ਪੰਗਤੀਆਂ ਨੂੰ ਹੀ ਸ਼ਬਦ ਦੇ ਬਾਕੀ ਬੰਦਾਂ ਵਿੱਚ ਵਿਸਤਾਰ ਹੈ। ਇਸ ਲਈ ਇਸ ਸ਼ਬਦ ਦਾ ਵਿਸ਼ਾ ਪ੍ਰਭੂ ਦੀ ਬੇਅੰਤਤਾ ਦਾ ਹੈ ਨਾ ਕਿ ਕਿਸੇ ਪੁਰਾਣਿਕ ਵਿਸ਼ਵਾਸ ਦਾ। ਸੋ, ਹਜ਼ੂਰ ਪ੍ਰਚਲਤ ਪੁਰਾਣਿਕ ਕਹਾਣੀ ਵਲ ਇਸ਼ਾਰਾ ਕਰ ਰਹੇ ਹਨ ਜਿਸ ਅਨੁਸਾਰ ਜਿਸ ਸਮੇਂ ਦੇਵਤਿਆਂ ਅਤੇ ਦੈਂਤਾ ਵਿੱਚ ਚੌਦਾਂ ਰਤਨਾਂ ਦੀ ਵੰਡ–ਵੰਡਾਈ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ। ਇਨ੍ਹਾਂ ਦੇ ਝਗੜੇ ਨੂੰ ਮਿਟਾਉਣ ਲਈ ਵਿਸ਼ਨੂੰ ਨੇ ਮੋਹਨੀ ਦਾ ਅਵਤਾਰ ਧਾਰ ਕੇ ਇਨ੍ਹਾਂ ਰਤਨਾਂ ਨੂੰ ਇਨ੍ਹਾਂ ਵਿੱਚ ਵੰਡਨ ਦੀ ਸੇਵਾ ਨਿਭਾਈ। ਮਹਾਰਾਜ ਇਸ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਵੰਡ ਵੰਡਾਈ ਕਰਨ ਵਿੱਚ ਕੀ ਵਡਿਆਈ ਹੈ? ਉਸ ਪ੍ਰਭੂ ਦੀ ਵਡਿਆਈ ਤਾਂ ਥਾਂ ਪੁਰ ਥਾਂ ਦਿਖਾਈ ਦੇ ਰਹੀ ਹੈ।
‘ਅ’ ਵਾਲੀ ਪੰਗਤੀ ਜਿਸ ਸ਼ਬਦ `ਚੋਂ ਹੈ, ਉਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਹਨ, “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥ 1॥
ਰਹਾਉ॥” ਭਗਤ ਤ੍ਰਿਲੋਚਨ ਜੀ ਅਜਿਹਾ ਵਿਸ਼ਵਾਸ ਰੱਖਣ ਵਾਲਿਆਂ ਨੂੰ ਪ੍ਰਭੂ ਦੀ ਚਰਣ ਸ਼ਰਨ ਵਿੱਚ ਆਉਣ ਦੀ ਪ੍ਰੇਰਨਾ ਦੇਂਦਿਆਂ ਹੋਇਆਂ ਇਹ ਆਖਦੇ ਹਨ ਕਿ ਕੇਵਲ ਅਕਾਲ ਪੁਰਖ ਹੀ ਮਨੁੱਖੀ ਮਨ ਵਿੱਚ ਉਕਰੇ ਸੰਸਕਾਰਾਂ ਨੂੰ ਮਿਟਾਉਣ ਦੇ ਸਮਰੱਥ ਹੈ। ਇਹ ਗੱਲ ਸਮਝਾਉਣ ਲਈ ਪੁਰਾਣਿਕ ਕਹਾਣੀਆਂ, ਦਾ ਹਵਾਲਾ ਦੇ ਕੇ ਦਰਸਾਇਆ ਹੈ ਕਿ ਇਨ੍ਹਾਂ ਕਹਾਣੀਆਂ ਵਿੱਚ ਹੀ ਇਹ ਗੱਲ ਆਖੀ ਗਈ ਹੈ ਕਿ ਕੀਤੇ ਕਰਮਾਂ ਦੇ ਸੰਸਕਾਰਾਂ ਤੋਂ ਛੁਟਕਾਰਾ ਹਾਸਲ ਨਹੀਂ ਹੋ ਸਕਦਾ। ਇਸ ਲਈ ਤੁਸੀਂ ਅਵਤਾਰ, ਸੂਰਜ ਆਦਿ ਦੀ ਪੂਜਾ ਤੋਂ ਉਪਰ ਉੱਠ ਕੇ ਕੇਵਲ ਉਸ ਪ੍ਰਭੂ ਦੀ ਹੀ ਸਰਣ ਵਿੱਚ ਆਵੋ। ਇਸ ਉਪਰੋਕਤ ਪੰਗਤੀ ਵਿੱਚ ਚੰਦ੍ਰਮਾ, ਕਾਮਧੇਨ, ਕਲਪਬ੍ਰਿਛ ਆਦਿ ਦਾ ਵਰਣਨ ਕਰਦਿਆਂ ਹੋਇਆਂ ਇਹ ਸਮਝਾਇਆ ਹੈ ਕਿ ਤੁਸੀਂ ਲੋਕ ਆਪ ਹੀ ਇਹ ਗੱਲ ਮੰਨਦੇ ਹੋ ਕਿ ਜਿਸ ਸਮੁੰਦਰ ਵਿਚੋਂ ਇਹ ਰਤਨ ਨਿਕਲੇ ਹਨ, ਉਹ ਸਮੁੰਦਰ ਆਪਣੇ ਕਰਮ ਕਰਕੇ ਖਾਰਾ ਹੀ ਹੈ। ਜੇਕਰ ਇਹ ਰਤਨ (ਚੰਦ੍ਰਮਾ, ਕਾਮਧੇਨ, ਕਲਪਬ੍ਰਿਛ ਆਦਿ) ਉਸ (ਸਮੁੰਦਰ) ਦਾ ਖਾਰਾਪਣ ਨਹੀਂ ਮਿਟਾ ਸਕੇ ਤਾਂ ਤੁਸੀਂ ਇਨ੍ਹਾਂ ਤੋਂ ਕੀ ਆਸ ਲਗਾਈ ਬੈਠੇ ਹੋ?
‘ੲ’ ਪੰਗਤੀ ਵਿੱਚ ਪਾਣੀ ਦੀ ਮਹੱਤਾ ਦਰਸਾਉਂਦਿਆਂ ਹੋਇਆਂ ਇਸ ਪੁਰਾਣਿਕ ਕਥਾ ਵਲ ਇਸ਼ਾਰਾ ਕਰਦੇ ਹਨ ਕਿ ਪਾਣੀ ਦੀ ਮਹੱਤਾ ਤੋਂ ਪੁਰਾਣੇ ਸਮੇਂ ਤੋਂ ਲੋਕੀਂ ਜਾਣੂੰ ਹਨ। ਇਸ ਦੇ ਨਾਲ ਗੁਰੂ-ਸਮੁੰਦਰ ਵਿੱਚ ਆਤਮਕ ਇਸ਼ਨਾਨ ਦਾ ਵਰਣਨ ਕਰਕੇ, ਇਸ ਇਸ਼ਨਾਨ ਦੀ ਮਹੱਤਾ ਤੋਂ ਮਨੁੱਖ ਨੂੰ ਜਾਣੂ ਕਰਾ ਰਹੇ ਹਨ।
‘ਸ’ ਵਾਲੀ ਪੰਗਤੀ ਵਿੱਚ ਅਕਾਲ ਪੁਰਖ ਦੀ ਬੇਅੰਤਤਾ ਦਾ ਵਰਣਨ ਕਰਦਿਆਂ ਹੋਇਆਂ ਪ੍ਰਭੂ ਰਚਨਾ ਦੀ ਕਿਸੇ ਵੀ ਗਿਣਤੀ-ਮਿਣਤੀ ਆਦਿ ਨੂੰ ਦਰਸਾਉਣ ਵਾਲੀ ਸ਼ਬਦਾਵਲੀ ਸਬੰਧੀ ਵੀ ਬੇਅੰਤਤਾ ਵਾਲਾ ਭਾਵ ਪ੍ਰਗਟ ਕਰ ਰਹੇ ਹਨ।
ਬਾਣੀਕਾਰਾਂ ਨੇ ਪ੍ਰਚਲਤ ਸ਼ਬਦਾਵਲੀ ਵਿੱਚ ਨਵੀਂ ਰੂਹ ਫੂਕਦਿਆਂ ਹੋਇਆਂ ਇਸ ਨੂੰ ਭਿੰਨ ਅਰਥਾਂ ਵਿੱਚ ਨਿਮਨ ਲਿਖਤ ਪੰਗਤੀਆਂ ਵਿੱਚ ਇਉਂ ਵਰਤਿਆ ਹੈ:-
(ੳ) ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥ (ਪੰਨਾ 967) ਅਰਥ: ਉਸ (ਗੁਰੂ ਨਾਨਕ) ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿੱਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) ‘ਸ਼ਬਦ’ ਵਿੱਚ ਰੇੜਕਾ ਪਾਇਆ (ਭਾਵ, ‘ਸ਼ਬਦ’ ਨੂੰ ਵਿਚਾਰਿਆ; ਇਸ ਤਰ੍ਹਾਂ) ਉਸ (ਗੁਰੂ ਨਾਨਕ) ਨੇ (ਇਸ ‘ਸ਼ਬਦ’ -ਸਮੁੰਦਰ ਵਿਚੋਂ ‘ਰੱਬੀ ਗੁਣ’ -ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।
(ਅ) ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥ ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ॥ (ਪੰਨਾ 968) ਅਰਥ: ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿੱਚ ਪਾਇਆ ਹੈ, (ਉੱਚੀ ਸੁਰਤਿ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ, (ਉਸ ‘ਸ਼ਬਦ-ਸਮੁੰਦਰ’ ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿੱਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।
ਬਾਣੀਕਾਰਾਂ ਨੇ ਪੁਰਾਣ ਸਾਹਿਤ ਵਿੱਚ ਪ੍ਰਚਲਤ ਕਥਾ ਨਾਲ ਸਪਸ਼ਟ ਰੂਪ ਵਿੱਚ ਆਪਣੀ ਅਸਹਿਮਤੀ ਪ੍ਰਗਟ ਕਰਦਿਆਂ ਹੋਇਆਂ ‘ਸਮੁੰਦਰ’ ਅਤੇ ‘ਰਤਨਾਂ’ ਬਾਰੇ ਆਪਣਾ ਦ੍ਰਿਸ਼ਟੀਕੋਣ ਇਉਂ ਪਰਗਟ ਕੀਤਾ ਹੈ:-
ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ॥ ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ॥ ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ॥ (ਪੰਨਾ 1012) ਅਰਥ: (ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇੱਕ ਰਤਨ ਲੱਭ ਲਏ (ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ।
(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ।
ਭਾਈ ਗੁਰਦਾਸ ਜੀ ਇਸ ਕਥਨ ਨੂੰ ਇਉਂ ਬਿਆਨ ਕਰਦੇ ਹਨ:-
ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ॥ (ਵਾਰ 26, ਪਉੜੀ 23)
ਅਰਥ: ਗੁਰੂ ਰੂਪ ਖੀਰ ਸਮੁੰਦਰ ਵਿਖੇ ਉਪਦੇਸ਼ ਰੂਪੀ ਬੇਸ਼ੁਮਾਰ ਤੇ ਅਮੋਲਕ ਰਤਨ ਪਦਾਰਥ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਰੂਪ ਰਤਨ ਨੂੰ ਹੀ ਸ੍ਰੇਸ਼ਟ ਰਤਨ ਕਹਿੰਦਿਆਂ ਹੋਇਆਂ ਇਨ੍ਹਾਂ ਰਤਨਾਂ ਨੂੰ ਵਿਹਾਝਨ ਲਈ ਆਖਿਆ ਹੈ। ਇਸ ਲਈ ਗੁਰਮੁਖ ਜਨ ਇਸ ਰਤਨ ਦਾ ਹੀ ਵਾਪਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਨਾਮ ਰਤਨ ਨੂੰ ਗੁਰੂ ਸ਼ਬਦ ਦੁਆਰਾ ਹੀ ਹਾਸਲ ਕਰ ਸਕੀਦਾ ਹੈ। ਚੂੰਕਿ ਗੁਰੂ ਹੀ ਰਤਨਾਂ ਦੀ ਖਾਣ ਹੈ, ਜਿਸ ਵਿੱਚ ਅਨਗਿਣਤ ਰਤਨ ਮੌਜੂਦ ਹਨ, ਇਨ੍ਹਾਂ ਰਤਨਾਂ ਦਾ ਸਰੂਪ ਰੱਬੀ ਗੁਣ ਅਥਵਾ ਸੁੱਚਜੀ ਜੀਵਨ-ਜਾਚ ਹੈ:-
(ੳ) ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ॥ (ਪੰਨਾ 437) ਅਰਥ: ਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿੱਚ (ਸੁਚੱਜੀ ਜੀਵਨ-ਸਿੱਖਿਆ ਦੇ), ਅਨੇਕਾਂ ਰਤਨ ਹਨ
(ਅ) ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ॥ (ਪੰਨਾ 1401) ਅਰਥ: ਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ।
ਸੋ, ਗੁਰੂ ਗ੍ਰੰਥ ਸਾਹਿਬ ਵਿੱਚ `ਚਉਦਹ/ਚੌਦਾਂ’ ਰਤਨਾਂ ਦਾ ਹਵਾਲਾ ਪੁਰਾਣਿਕ ਧਾਰਨਾ ਦੀ ਸਵੀਕ੍ਰਿਤੀ ਦੇ ਰੂਪ ਵਿੱਚ ਨਹੀਂ ਆਇਆ ਹੈ। ਬਾਣੀਕਾਰਾਂ ਨੇ ਕੁਦਰਤ ਦੇ ਨਿਯਮਾਂ ਦੇ ਵਿਪਰੀਤ/ਉਲਟ ਵਾਪਰਨ ਵਾਲੀ ਕਿਸੇ ਵੀ ਘਟਨਾ ਨੂੰ ਨਹੀਂ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਕਰਤੇ ਦੀ ਕੁਦਰਤ ਜਦੋਂ ਤੋਂ ਹੋਂਦ ਵਿੱਚ ਆਈ ਹੈ, ਇੱਕ ਬਝਵੇਂ ਨੇਮ ਅਨੁਸਾਰ ਹੀ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਇਸ ਲਈ ਬਾਣੀ ਵਿੱਚ ਜਿੱਥੇ ਪੁਰਾਣਿਕ ਵਿਸ਼ਵਾਸ ਅਨੁਸਾਰ ਇਨ੍ਹਾਂ ਦਾ ਵਰਣਨ ਆਇਆ ਹੈ, ਉੱਥੇ ਗੁਰਬਾਣੀ ਦੇ ਸੱਚ ਨੂੰ ਸਮਝਾਉਣ ਲਈ ਮਹਿਜ਼ ਹਵਾਲੇ ਵਜੋਂ ਜਾਂ ਪ੍ਰਚਲਤ ਧਾਰਨਾ ਦੇ ਖੰਡਨ ਦੇ ਪ੍ਰਸੰਗ ਵਿੱਚ ਹੀ ਆਇਆ ਹੈ।
ਜਸਬੀਰ ਸਿੰਘ ਵੈਨਕੂਵਰ
.