.

ਮਾਇਆ

‘ਏਕੰਕਾਰ’ ਇੱਕੋ ਇੱਕ ਸਦਾ ਕਾਇਮ ਰਹਿਨ ਵਾਲੀ ਹਸਤੀ, ਨਾਮੁ ਜੋਤ, ਪਰਮ ਚੇਤਨਾਂ, ਅਕਾਲ ਪੁਰਖ, ਨਿਰਗੁਣ ਬ੍ਰਹਮ ਨੇ, ਸੁੰਨ ਅਵਸਥਾ ਤੋਂ ਹੁਕਮ ਸਮਰਥਾ ਨਾਲ ਓਅੰਕਾਰ ਧੁੰਨ ਉਚਾਰੀ ਤੇ ਆਤਮ ਪਸਾਰਾ ਕੀਤਾ। ਨਾਮੁ, ਹੁਕਮ ਤੇ ਸਬਦੁ ਇੱਕ ਹੀ ਹਨ, ਇੱਕ ਏਕੰਕਾਰ ਇੱਕੋ ਇੱਕ ਹਸਤੀ ਪਾਰਬ੍ਰਹਮ, ਵਾਹਿਗੁਰੂ।

ਸਬਦੁ ਦੇ ਅਰਥ

1. ਸਬਦੁ, ‘ਨਾਮੁ ਪਰਮ ਚੇਤਨਾਂ’ supreme pure consciousness ਦਾ ਸੰਸਾਰ ਵਿੱਚ ਗੁਪਤ ਆਤਮ ਪਸਾਰੇ ਵਾਲਾ ਸਰੂਪ ਹੈ। ਓਅੰਕਾਰ ਧੁਨਾਂ ਹਨ।

2. ਸਬਦੁ, ਅਨਹਤ ਸਬਦੁ ਹੈ ਬਿਨਾਂ ਵਜਾਈ ਕੀਰਤਨੀਂ ਧੁੰਨ ਹੈ, ਅਨਹਦ ਹੈ ਜਿਸ ਦੀ ਹੱਦ ਨਹੀਂ।

3. ਸਬਦੁ ਧੁੰਨ ਵਿੱਚ ਆਵਾਜ਼ ਹੈ, ਨਾਮੁ ਦਾ ਮਨਮੋਹਕ ਕੀਰਤਨ ਹੈ। /ਧੁਨਾਤਮਕ ਨਾਮੁ ਹੈ।

4. ਸਬਦੁ, ਓਅੰਕਾਰ ਧੁੰਨ ਹੈ, ਤਰੰਗਾਂ ਲਹਿਰਾਂ ਹਨ॥’ ਪਸਰਿਓ ਆਪ ਹੋਇ ਅਨਤ ਤਰੰਗ’॥ ਪਨਾ ੨੭੫॥ ਸੰਸਾਰ ਵਿੱਚ ਸਬਦੁ ਦੀਆਂ, ਤਰੰਗਾਂ ਲਹਿਰਾਂ ਨਿਰੰਤਰ ਚਲੀ ਜਾ ਰਹੀਆਂ ਹਨ।

5. ਏਕੰਕਾਰ ਦੇ ਆਤਮ ਪਸਾਰੇ ਵਾਲੇ ਸਰੂਪ, ‘ਸੰਸਾਰ ਵਿੱਚ ਪਸਰ ਰਹੀਆਂ ਨਾਮੁ ਧੁੰਨਾਂ/ਅਨਹਦ ਸਬਦੁ ਦੀਆਂ ਧੁਨਾਂ’ ਤਰੰਗਾਂ ਤੋਂ ਸੰਸਾਰ ਰਚਨਾਂ/ਦੁਈ ਕੁਦਰਤਿ ਜਾਂ ਜੀਵ, ਜੰਤਾਂ, ਪਥਰ, ਪਹਾੜਾਂ, ਪਾਤਾਲਾਂ, ਪਉਣ, ਪਾਨੀ, ਬਨਸਪਤੀ ਆਦਿ ਦੇ ਰੂਪ ਧਾਰ ਕੇ ‘ਨਾਮੁ ਪਰਮ ਚੇਤਨਾਂ’ ਨੇ ਆਪ ਖੇਡਨਾ ਸ਼ੂਰੂ ਕੀਤਾ।

ਇੱਕ ਏਕੰਕਾਰ ਨਿਰਗੁਣ ਬ੍ਰਹਮ ਹੈ। ਸੰਸਾਰ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਹੈ। ਸੰਸਾਰ ਕਰਤੇ ਦਾ ਕੂੜ ਰੂਪ ਹੈ ਕਰਤੇ ਦੀ ਉਪਾਈ ਮਾਇਆ ਹੈ। ਸੰਸਾਰ ਤੇ ਜੀਵ ਜੰਤਾਂ ਦਾ ਅਪਨਾਂ ਸੁਤੰਤਰ ਵਜੂਦ ਨਹੀਂ ਕਰਤੇ ਦੀ ਛਾਇਆ ਹੈ। ਸਰਗੁਣ ਸਰੂਪ ਧਾਰ ਕੇ ਏਕੰਕਾਰ, ਨਾਮੁ ਪਰਮ ਜੋਤਿ ਆਪ ਹੀ ਖੇਡ ਰਹੀ ਹੈ। ਦੂਜਾ ਹੋਰ ਕੋਈ ਨਹੀਂ।

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥

ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥ ੨੯੦

(ਏਕੰਕਾਰ ਨਾਮੁ ਰੂਪ ਪਾਰਬ੍ਰਹਮ ਪਹਿਲਾਂ ਸੁੰਨ ਵਿੱਚ ਸੀ। ਨਿਰਗੁਨ ਤੇ ਸਰਗੁਨ ਰੂਪ ਵੀ ਉਹ ਆਪ ਹੈ। ਉਹ ਅਸਲੀਅਤ ਹੈ, ਦੂਜਾ ਹੋਰ ਕੋਈ ਨਹੀਂ। ਦ੍ਰਿਸ਼ਟਮਾਨ ਸੰਸਾਰ, ਨਿਰਗੁਣ, ਨਿਰਾਕਾਰ, ਸੂਖਮ ਏਕੰਕਾਰ ਦਾ ਸਰਗੁਣ ਸਰੂਪ ਹੈ।

ਸੁੰਨ ਵਿੱਚ ਨਿਰਗੁਣ ਬ੍ਰਹਮ, ਸ੍ਰਿਸ਼ਟੀ ਸਾਜ ਕੇ ਨਾਮੁ ਧੁੰਨਾਂ/ਨਾਮੁ ਦੇ ਕੀਰਤਨ ਰੂਪ ਵਿੱਚ ਅਪਨਾਂ ਨਿਰੰਤਰ ਜਪ/ਆਰਾਧਨ/ਗਾਵਨਾ/ਸਿਮਰਨ ਕਰ ਰਿਹਾ ਹੈ। ਅਨਹਤ/ਅਨਹਦ ਨਾਮੁ ਧੁਨਾਂ ਵਿੱਚ ਆਵਾਜ਼ ਗੂੰਜ ਹੈ, ਧੁਨਾਂ ਕੀਰਤਨੀ ਹਨ ਇਹ ਸਬਦੁ ਦਾ ਕੀਰਤਨ ਨਾਮੁ ਦਾ ਕੀਰਤਨ ਮੰਗਲ ਰੂਪ ਹੈ, ਤ੍ਰੰਗਾਂ ਲਹਿਰਾਂ ਰੂਪ ਹੈ ਜੋ ਸੰਸਾਰ ਵਿੱਚ ਹਰ ਸਮੇਂ ਚਲ ਰਹੀਆਂ ਹਨ। ਅਕਾਲ ਪੁਰਖ ਦਾ ਆਤਮ ਪਸਾਰੇ ਵਾਲਾ ਇਹ ਰੂਪ ਗੁਪਤ ਹੈ। ਮਨੁਖ ਨੂੰ ਹਉਂ ਦੇ ਭਰਮ ਕਰ ਕੇ ਧੁਨਾਂ ਸੁਣਦੀਆਂ ਨਹੀਂ। ਗੁਰਮਤਿ ਨਾਮ ਸਿਮਰਨ ਭਗਤੀ ਕਰਨ ਵਾਲੇ ਗੁਰਮੁਖ ਨੂੰ ਚਉਥੇ ਪਦ ਦੀ ਅਵਸਥਾ ਵਿਚ, ਗਿਆਨ ਖੰਡ ਵਿੱਚ ਕਰਤਾ ਪਰਗਟ ਹੋ ਜਾਂਦਾ ਹੈ ਤੇ ਧੁਨਾਂ ਸੁਣਦੀਆਂ ਹਨ। ਗੁਰਮਤਿ ਨਾਮ ਸਿਮਰਨ ਦੇ ਚਉਥੇ ਪਦ ਦੀ ਅਵਸਥਾ ਵਿੱਚ ਨਾਦ ਬਿਨੋਦ ਕੋਡ ਅਨੰਦ ਹਨ।

॥ ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥ ਪਨਾ ੭॥

ਗੁਰਮਤਿ ਨਾਮੁ ਜਪ/ਸਿਮਰਨ/ਅਰਾਧਨਾਂ/ਭਗਤੀ।

ਵਾਹਿਗੁਰੂ, ਵਾਹਿਗੁਰੂ ਨਾਮ ਦਾ ਰਸਨਾਂ ਨਾਲ ਬੋਲ ਕੇ ਤੇ ਹਿਰਦੇ ਵਿੱਚ ਧਿਆਨ ਰਖ ਕੇ ਜਪ/ਸਿਮਰਨ ਕਰਨ ਨਾਲ ਹਿਰਦੇ ਵਿੱਚ ਨਾਮ ਧੁੰਨ ਉਪਜਦੀ ਹੈ। ਸਿਖ ਸੇਵਕ, ਸਬਦੁ/ਨਾਮ ਦਾ ਕੀਰਤਨ ਹਿਰਦੇ ਵਿੱਚ ਉਪਜੀ ਧੁੰਨ ਵਿੱਚ ਧਿਆਨ ਰੱਖ ਕੇ ਕਰਦਾ ਹੈ ਤੇ ਸੁਣਦਾ ਹੈ ਤੇ ਰਸੁ ਲੈਂਦਾ ਸਵਾਦ ਮਾਣਦਾ ਹੈ। ਚਉਥੇ ਪਦ ਦੀ ਅਵਸਥਾ ਵਿੱਚ ਹਉਮੈ ਮਰ ਜਾਂਦੀ ਹੈ, ਮਨ ਅਉਗਣਾਂ/ਵਿਕਾਰਾਂ ਤੇ ਭੈ ਭਰਮ ਰਹਿਤ ਹੋ ਜਾਂਦਾ ਹੈ ਤੇ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋਏ ਮਨ ਨੂੰ ਅਕਾਲ ਪੁਰਖ ਦਾ ਇਹ ਸਰੂਪ ਦਿਸਦਾ ਹੈ ਤੇ ਸੁਣਦਾ ਹੈ। ਨਿਰਮਲ ਹੋਇਆ ਮਨ/ਜੀਵਆਤਮਾ, ਨਾਮੁ ‘ਪਰਮ ਨਿਰਮਲ ਚੇਤਨਾਂ’ ਵਿੱਚ ਸਮਾ ਜਾਂਦਾ ਹੈ ਤੇ ਜੀਵਆਤਮਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜਪੁ ਜੀ ਸਾਹਿਬ ਦੀ ੨੭ ਵੀਂ ਪਉੜੀ ਵਿੱਚ ਨਾਮੁ ਰੂਪ ਏਕੰਕਾਰ ਪਾਰਬ੍ਰਹਮ ਦੇ ਇਸ ਸਰੂਪ ਦੇ ਦਰਸ਼ਨ ਕਰਾਂਉਦੇ ਹਨ।

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤ ਬਹਿ ਸਰਬ ਸਮਾਲੇ॥

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ॥ ਗਾਵਹਿ ਤੁਹਨੋ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ॥ ਗਾਵਿਹ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ ਗਾਵਹਿ ਈਸਰ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥ ਗਾਵਿਹ ਇੰਦ ਇੰਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥

(ਪਾਰਬ੍ਰਹਮ, ਸੰਸਾਰ ਦੇ ਸਰਗੁਨ ਸਰੂਪਾਂ ਵਿੱਚ ਬੈਠ ਕੇ ਅਪਨੇ ਆਪ ਨੂੰ ਆਪ ਹੀ ਜਪ ਰਿਹਾ ਹੈ, ਤੇ ਸਾਲਾਹ ਰਿਹਾ ਹੈ॥

‘ਆਪਨ ਕੀਆ ਨਾਨਕਾ ਆਪੇ ਫਿਰ ਜਾਪਿ’॥ ੨੯੦॥

ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ॥

ਆਪੇ ਅੰਮ੍ਰਿਤ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ॥

ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ॥

ਇਸ ਦੀ ਗੁਰਮਤਿ ਵਿਚਾਰ ਇਹ ਹੈ;

ਨਾਮੁ ਜੋਤਿ ਦਾ ਸੰਸਾਰ ਵਿੱਚ ਪਸਾਰਾ ਕੀਰਤਨੀ ਧੁੰਨਾਂ ਉਸ ਦਾ ਅਪਨੇ ਆਪੇ ਦਾ ਸਿਮਰਨ ਤੇ ਸਿਫ਼ਤ ਸਾਲਾਹ ਹੈ। ਕੀਰਤਨੀਂ ਧੁੰਨਾ ਤੋਂ ਉਸਦਾ ਸਰਗੁਨ ਕੂੜ ਰੂਪ ਉਪਜਿਆ ਹੈ। ਕੂੜ ਰੂਪ ਸੰਸਾਰ ਦੀ ਹਰ ਚੀਜ਼ ਹਰ ਜੀਵ ਤੇ ਖੰਡ ਬ੍ਰਹਮੰਡ ਅਣਜਾਨੇਂ ਉਸ ਨੂੰ ਗਾ ਰਿਹੇ ਹਨ, ਸਿਮਰ ਰਿਹੇ ਹਨ ਉਸ ਦੀ ਸਿਫ਼ਤ ਸਾਲਾਹ ਕਰ ਰਿਹੇ ਹਨ। ਮਨੁਖ ਦੇ ਸਰੀਰ ਵਿੱਚ ਵੀ ਨਾਮੁ ਜੋਤਿ ਤੇ ਅਨਹਦ ਧੁੰਨਾ ਚਲ ਰਹੀਆਂ ਹਨ ਜਿਸ ਦਾ ਗਿਆਨ ਮਨੁਖ ਨੂੰ ਨਹੀਂ। ਉਹ ਗਾਉਣਾ ਕੁਦਰਤਿ ਵਿੱਚ ਸਹਜ ਸੁਭਾਇ ਹੋ ਰਿਹਾ ਹੈ, ਇਸ ਗਾਵਨ/ਸਿਮਰਨ ਨਾਲ ਅਕਾਲ ਪੁਰਖ ਗੁਪਤ ਤੋਂ ਪਰਗਟ ਨਹੀਂ ਹੋ ਜਾਂਦਾ।

ਫਿਰ ਇਸੇ ਪਉੜੀ ਵਿੱਚ ਗੁਰੂ ਜੀ ਦਸ ਰਹੇ ਹਨ ਕਿ ਮਨੁੱਖਾ ਜਨਮ ਵਿੱਚ ਆਏ ਉਹਨਾਂ ਗੁਰਮੁਖ ਭਗਤਾਂ ਦਾ ਗਾਵਨਾਂ/ਸਿਮਰਨ ਸਫਲ ਹੈ ਜੋ ਗੁਰੂ ਤੋਂ ਉਪਦੇਸ਼ ਲੈ ਕੇ ਉਸ ਨੂੰ ਗਾਂਵਦੇ ਹਨ, ਨਾਮੁ ਜਪ/ਸਿਮਰਨ/ਭਗਤੀ/ਬੰਦਗੀ ਕਰਦੇ ਹਨ ਚਉਥੇ ਪਦ ਦੀ ਅਵਸਥਾ ਵਿੱਚ ਗੁਰਮੁਖ ਨੂੰ ਅਨਹਦ ਸੰਗੀਤ/ਗਾਵਨਾ ਸੁਣਦਾ ਹੈ ਤੇ ਆਤਮ ਪਰਗਾਸ ਹੁੰਦਾ ਹੈ, ਕੇਵਲ ਉਹ ਹੀ ਤਰਦੇ ਹਨ।

॥ ਸੇਈ ਤੁਧੁ ਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ (ਉਹਨਾਂ ਗੁਰਸਿਖਾਂ ਦਾ ਗਾਉਨਾ ਸਫਲ ਹੈ ਜੋ ਤੈਨੂੰ ਭਾਉਂਦੇ ਹਨ, ਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਨਾਮ ਸਿਮਰਨ ਭਗਤੀ ਕਰਦੇ ਹਨ, ਉਹ ਨਾਮੁ ਰਸੁ ਪੀਂਦੇ ਹਨ ਤੇ ਤੇਰੇ ਵਿੱਚ ਰਤੇ ਹਨ।)

‘ਨਾਮੁ ਜੋਤਿ’, ਰੂਪ ‘ਏਕੰਕਾਰ’, ਅਕਾਲ ਪੁਰਖ ਬੇਅੰਤ ਸਮਾਂ ਸੁੰਨ ਸਮਾਧ ਵਿੱਚ ਰਿਹਾ। ਉਦੋਂ ਸਮਾਂ ਨਹੀ ਸੀ, ਸੰਸਾਰ ਨਹੀਂ ਸੀ, ਜੀਵ ਜੰਤ ਨਹੀਂ ਸਨ, ਕੇਵਲ ਸੁੰਨ ਸਮਾਧ ਵਿੱਚ ਨਾਮੁ ਜੋਤਿ ਪਰਮ ਚੇਤਨਾਂ Supreme Consciousness ਤੇ ਨਾਮੁ ਦੀ ਕਰਨ ਕਰਾਵਨ ਹਾਰ ਸਮਰਥਾ ‘ਹੁਕਮ’ ਸੀ। ਗੁਰਬਾਣੀ ਨਾਮੁ ਜੋਤਿ ਏਕੰਕਾਰ ਦੀ ਉਸ ਅਵਸਥਾ ਨੂੰ, ਉਸ ਦਾ ਨਿਰਗੁਣ ਸਰੂਪ ਦਸਦੀ ਹੈ ਤੇ ਇਹ ਵੀ ਦਸਦੀ ਹੈ ਕਿ ਉਹ ਚਉਥੇ ਪਦ ਦੀ ਸੁੰਨ ਅਵਸਥਾ ਸੀ। ਇਸ ਸੰਦਰਵ ਵਿੱਚ ਅਸੀਂ ਗੁਰਬਾਣੀ ਦੇ ਕੁੱਝ ਸ਼ਬਦਾਂ ਦੀ ਵਿਚਾਰ ਕਰਦੇ ਹਾਂ।

ਗੁਰੂ ਨਾਨਕ ਸਾਹਿਬ ਹੇਠਲੇ ਸ਼ਬਦ ਦੇ ਪਹਿਲੇ ੧੩ ਪਦਿਆਂ ਵਿੱਚ ਨਿਰਗੁਣ ਬ੍ਰਹਮ ਦੀ ਵਿਚਾਰ ਸਮਝਾਂਉਂਦੇ ਹਨ ਉਦੋਂ ਕੇਵਲ ਸੁੰਨ ਸੀ, ਸੁੰਨ ਵਿੱਚ ਨਾਮੁ ਜੋਤਿ ਸੀ।

ਉਸ ਤੋਂ ਅੱਗੇ ਨਾਮੁ ਰੂਪ ਏਕੰਕਾਰ ਦੀ ਉਪਾਈ ਸੰਸਾਰ ਰੂਪ ਮਾਇਆ ਜਾਂ ਕੁਦਰਤ ਤੇ ਜੀਵ ਜੰਤਾਂ ਦੀ ਵਿਚਾਰ/ਗਿਣਤੀ ਕਰ ਕੇ ਸਮਝਾਂਉਂਦੇ ਹਨ।

ਮਨੁਖ ਨੂੰ ਉਪਾਉਨ ਸਮੇਂ ਨਾਮੁ ਜੋਤਿ ਪਰਮ ਚੇਤਨਾਂ ਨੇਂ ਮਨੁਖ ਦੀ ਚੇਤਨਾਂ ਵਿੱਚ ਹਉਮੈ, ‘ਮੈ ਹਾਂ, ਇਹ ਮੇਰਾ ਜੀਵਨ ਹੈ’ ਦਾ ਭਰਮ, ਤੇ ਰਚਨਹਾਰ ਨਾਮੁ ਦਾ ਭੈ ਪਾ ਦਿਤਾ। ਇਸਤਰਾਂ ਮਨੁਖ ਦੀ ਤੇ ਸਾਰੇ ਸੰਸਾਰ ਤੇ ਸੰਸਾਰ ਦੇ ਹਰ ਜੀਵ ਦੀ ਚੇਤਨਾਂ, ਭਰਮ ਤੇ ਕਰਤੇ ਦੇ ਭੈ ਕਰ ਕੇ ਮੈਲੀ ਹੈ। ਮਨੁਖ ਸਮਝਦਾ ਹੈ ਮੈਂ ਸੁਤੰਤਰ ਹਸਤੀ ਹਾਂ, ਸੰਸਾਰ ਦੇ ਸਾਰੇ ਕੰਮ ਮੈਂ ਕਰਦਾ ਹਾਂ। ਮਨੁਖ ਨਹੀਂ ਜਾਣਦਾ ਕਿ ਜ਼ਿੰਦਗੀ ਦੇ ਸਭ ਕੱਮ ਉਸਦੇ ਅੰਦਰ ਵਸਦੀ ਨਾਮੁ ਜੋਤਿ, ਪਰਮਚੇਤਨਾਂ ਹੁਕਮ ਰੂਪ ਵਿੱਚ ਕਰਾ ਰਹੀ ਹੈ। ਮਨੁਖ ਨਾਮੁ ਜੋਤਿ ਦੀ ਕਠਪੁਤਲੀ ਹੈ ਜੋ ਉਹ ਕਰਾਉਂਦਾ ਹੈ ਉਹ ਹੀ ਮਨੁਖ ਕਰਦਾ ਹੈ। ਮਨੁਖ ਤੇ ਸੰਸਾਰ, ‘ਨਾਮੁ ਪਰਮ ਚੇਤਨਾਂ’ ਕਰਤੇ ਦੀ ਉਪਾਈ ਮਾਇਆ ਹੈ ਕਰਤੇ ਦਾ ਝੂਠਾ ਸਰੂਪ ਹੈ। ਸ਼ੀਸੇ ਵਿੱਚ ਅਕਸ ਵਾਂਗੂੰ ਝੂਠਾ ਸਰੂਪ।

ਜਨਮ ਸਮੇਂ ਮਨੁਖ ਦੀ ਚੇਤਨਾਂ/ਜਿੰਦ ਵਿੱਚ ਪਿਛਲੇ ਜਨਮਾਂ ਵਿੱਚ ਕੀਤੇ ਪਾਪਾਂ ਪੁੰਨਾਂ ਦਾ ਹਿਸਾਬ/ਲੇਖ ਵੀ ਆਏ। ਇਹ ਕਰਤੇ ਦੇ ਹੁਕਮ ਦੇ ਲੇਖ ਹਨ ਜਿਸਨੂੰ ਅਸੀਂ ਬੰਦੇ ਦੇ ਭਾਗ ਕਹਿੰਦੇ ਹਾਂ। ਮਨੁਖ ਦੀ ਸੰਸਾਰ ਯਾਤ੍ਰਾ ਮਨੁਖ ਦੇ ਭਾਗਾਂ ਅਨੁਸਾਰ ਚਲਦੀ ਹੈ। ਮਨੁਖ ਇਸ ਪਾਪਾ ਪੁਨਾਂ ਦੇ ਅਧਾਰ ਤੋਂ ਬਨੇ ਭਾਗਾਂ ਤੋਂ ਬਾਹਰ ਕੋਈ ਕਮ ਨਹੀਂ ਕਰ ਸਕਦਾ ਜਾਂ ਅਸੀਂ ਕਹੀਏ ਮਨੁਖ ਸਭ ਕੰਮ ਰਚਨਹਾਰ ਕਰਤੇ ਦੇ ਹੁਕਮ ਵਿੱਚ ਕਰ ਰਿਹਾ ਹੈ।

ਗੁਰਬਾਣੀ ਕਹਿੰਦੀ ਹੈ ਕਿ ਬੇਦ ਸ਼ਾਸਤ੍ਰ ਹਿੰਦੂ ਧਰਮ ਪੁਸਤਕਾਂ, ਪਾਪਾਂ ਪੁਨਾਂ ਦੀ ਵਿਚਾਰ ਕਰਦੇ ਹਨ। ਇਹਨਾਂ ਪੁਸਤਕਾਂ ਅਨੁਸਾਰ ਕੋਈ ਮਨੁਖ ਅਪਨੇਂ ਭਾਗ ਤੋਂ ਬਾਹਰ ਨਹੀਂ ਜਾ ਸਕਦਾ। ਮਨੁਖ ਦੇ ਮਰਨ ਤੋਂ ਬਾਦ ਵੀ ਪਾਪ ਪੁੰਨ ਹੀ ਅਗਲੇ ਜਨਮਾਂ ਵਿੱਚ ਭਾਗਾਂ ਦੇ ਰੂਪ ਵਿੱਚ ਜੀਵ ਨੂੰ ਨਿਰੰਤਰ ਜੂਨਾਂ ਵਿੱਚ ਘੁਮਾ ਰਹੇ ਹਨ। ਬੇਦ ਬਾਣੀ ਅਕਾਲ ਪੁਰਖ ਦੀ ਉਪਾਈ ਮਾਇਆ ਕਾਲ ਮਹਾਂਕਾਲ, ਬ੍ਰਹਮਾਂ, ਬਿਸ਼ਨ ਮਹੇਸ਼, ਭਗਉਤੀ ਆਦਿ ਦੇਵੀ ਦੇਵਤਿਆਂ ਦੇ ਜਪ/ਸਿਮਰਨਾ ਦਾ ਉਪਦੇਸ਼ ਦਿੰਦੀ ਹੈ।

ਗੁਰਬਾਣੀ ਕਹਿੰਦੀ ਹੈ ਬੇਦ ਬਾਣੀ ਨੂੰ ਅਕਾਲ ਪੁਰਖ ਦੀ ਕਰਨ ਕਰਾਵਨ ਹਾਰ ਸਮਰਥਾ ਹੁਕਮ ਦੀ ਪਛਾਣ ਨਹੀਂ। ਬੇਦ ਬਾਣੀ ਤ੍ਰੈਗੁਣੀ ਮਾਇਆ ਦੀ ਵਿਚਾਰ ਹੈ ਬੇਦ ਬਾਣੀ ਕਚੀ ਬਾਣੀ ਹੈ। ਬੇਦਾਂ ਦੇ ਉਪਦੇਸ਼ ਨੂੰ ਮੰਨ ਕੇ ਭਗਤੀ ਕਰਨ ਵਾਲੇ ਨੂੰ ਰਚਨ ਹਾਰ ਨਾਮੁ ਪਰਮ ਚੇਤਨਾਂ ਦਾ ਗਿਆਨ ਨਹੀਂ ਹੋ ਸਕਦਾ, ਉਹ ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ।

ਗੁਰਬਾਣੀ ਅਨੁਸਾਰ ਸਿੱਖਾਂ ਦੇ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ੩੬ ਭਗਤ ਤੇ ਬ੍ਰਹਮ ਗਿਆਨੀ, ਪਾਰਬ੍ਰਹਮ ਦਾ ਰੂਪ ਹਨ ਉਹ ਪਾਰਬ੍ਰਹਮ ਦੀ ਮਾਇਆ ਨਹੀਂ। ਗੂਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਸੱਚੀ ਬਾਣੀ ਹੈ, ਬ੍ਰਹਮ ਤੋਂ ਆਈ ਹੈ, ਉਹ ਨਿਰੰਕਾਰ ਅਕਾਲ ਪੁਰਖ ਸਰੂਪ ਹੈ। ਗੁਰੂ ਦਾ ਨਿਜ ਸਰੂਪ ਨਿਰਾਕਾਰ ਨਾਮ ਜੋਤਿ ਪਰਮ ਚੇਤਨਾਂ ਹੈ।

ਗੁਰਬਾਣੀ ਉਪਦੇਸ਼ਾਂ ਅਨੁਸਾਰ ਭਗਤੀ/ਸਿਮਰਨ ਕਰਨ ਵਾਲੇ ਗੁਰਮੁਖ ਅਪਨੇਂ ਭਾਗਾਂ ਨੂੰ ਨਾਮ ਸਿਮਰਨ ਭਗਤੀ ਕਰ ਕੇ ਗੁਰਕਿਰਪਾ ਨਾਲ ਬਦਲ ਦਿੰਦੇ ਹਨ ਤੇ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦੇ ਹਨ। ਉਹ ਨਾਮੁ ਰੂਪ ਏਕੰਕਾਰ ਅਕਾਲ ਪੁਰਖ ਵਿੱਚ ਸਮਾ ਜਾਂਦੇ ਹਨ।

ਅਸੀਂ ਇਹ ਵਿਚਾਰਾਂ ਗੁਰਬਾਣੀ ਤੋਂ ਸਮਝਨੀਆਂ ਹਨ।

ਪਹਿਲਾ ਸ਼ਬਦ

ਪਹਿਲੇ 13 ਪਦਿਆਂ ਵਿੱਚ ਗੁਰੂ ਜੀ ਨੇਂ ਸੁੰਨ ਸਮਾਧ ਵਿੱਚ ਨਾਮੁ ਨਿਰਮਲ ਪਰਮ ਚੇਤਨਾਂ, ਨਿਰਗੁਣ ਬ੍ਰਹਮ ਦੀ ਵਿਚਾਰ ਸਮਝਾਈ ਹੈ ਤੇ ਕਿਹਾ ਹੈ ਕਿ ਉਦੋਂ ਸੰਸਾਰ ਦੀ ਕਿਸੇ ਚੀਜ਼ ਦੀ ਹੋਂਦ ਨਹੀ ਸੀ, ਉਦੋਂ ਕੇਵਲ ਸੁੰਨ ਸੀ, ਕੁੱਝ ਵੀ ਨਹੀਂ ਸੀ ਤਾਂ ਭੀ ਸੁੰਨ ਵਿੱਚ ਨਾਮ ਤੇ ਨਾਮੁ ਦਾ ਗੁਣ ਹੁਕਮ, ਪਰਮ ਨਿਰਮਲ ਚੇਤਨਾਂ ਸੀ, ਏਕੰਕਾਰ ਅਕਾਲ ਪੁਰਖ ਦੀ ਹੋਂਦ ਸੀ। ਉਸ ਤੋਂ ਅੱਗੇ ਦੇ ਪਦਿਆਂ ਵਿੱਚ ਦਸਦੇ ਹਨ ਜਦੋਂ ਸੁੰਨ ਸਮਾਧ ਵਿੱਚ ਨਾਮ ਜੋਤਿ ਦੀ ਮਰਜ਼ੀ ਹੋਈ ਤਾਂ ਉਸ ਨੇ ਸੰਸਾਰ ਤੇ ਜੀਵ ਜੰਤ ਉਪਾਏ।

ਮਾਰੂ ਮਹਲਾ 1॥ ਪਨਾ 1035

ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ 1॥

ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ 2॥

ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ 3॥

ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ 4॥

ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ 5॥ ਜਪ ਤਪ ਸੰਜਮ ਨਾ ਬ੍ਰਤ ਪੂਜਾ॥

ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ 6॥

ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥

ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ 7॥ ਕਰਮ ਧਰਮ ਨਹੀ ਮਾਇਆ ਮਾਖੀ॥

ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ॥ 8॥

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ 9॥

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥

ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ 10॥

ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥

ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ 11॥

ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥

ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ 12॥

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ 13॥

ਜਦੋਂ ਉਸ ਨੂੰ ਭਾਇਆ ਤਾਂ ਉਸ ਨੇਂ ਜਗਤੁ ਉਪਾਇਆ

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥

ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ 14॥

(ਜਦੋਂ ਨਾਮੁ ਜੋਤਿ ਅਕਾਲ ਪੁਰਖ ਦੀ ਮਰਜ਼ੀ ਹੋਈ ਤਾਂ ਉਸਨੇਂ ਸੰਸਾਰ ਸਿਰਜਨਾਂ ਕੀਤੀ ਬਿਨਾਂ ਕਿਸੇ ਆਸਰੇ ਦੇ ਸੰਸਾਰ ਖੰਡਾਂ ਵਰਭੰਡਾਂ ਨੂੰ ਅਪਨੇ ਅਪਨੇ ਥਾਂ ਤੇ ਟਿਕਾਇਆ ਅਤੇ ਬੇਦ ਮਤ ਦੇ ਦੇਵਤਾ ਉਪਾਏ, ਜੋ ਕਰਤੇ ਦੀ ਉਪਾਈ ਮਾਇਆ ਹਨ। ਸੰਸਾਰ ਦੇ ਜੀਵਾਂ ਨੂੰ ਸੰਸਾਰ ਦੀਆਂ ਵਸਤੂਆਂ ਨਾਲ ਪਿਆਰ ਪੈ ਗਿਆ ਤੇ ਸੰਸਾਰ ਦਾ ਮੋਹੁ ਕਰਤੇ ਨੇਂ ਵਧਾਇਆ)

ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ 15॥

(ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇਂ ਗੁਰਸਬਦੁ/ਗੁਰਮੰਤ੍ਰ ਨਾਮ ਦੀ ਦਾਤ ਬਖਸ਼ੀ, ਉਸ ਨੂੰ ਸਮਝ ਆ ਗਈ, ਪਰਮਾਤਮਾਂ ਜਗਤ ਪੈਦਾ ਕਰ ਕੇ ਸੰਭਾਲ ਕਰ ਰਿਹਾ ਹੈ ਹਰ ਥਾਂ ਉੇਸ ਦੇ ਹੁਕਮ ਦੀ ਖੇਡ ਹੋ ਰਹੀ ਹੈ। ਨਿਰਾਕਾਰ ਅਕਾਲ ਪੁਰਖ ਨੇਂ ਖੰਡ ਮੰਡਲ ਤੇ ਪਾਤਾਲਾਂ ਰੇ ਰੂਪ ਧਾਰ ਕੇ ਖੇਡਨਾਂ ਸ਼ੁਰੂ ਕੀਤਾ ਤੇ ਗੁਪਤ ਤੋਂ ਸਰਗੁਣ ਹੋ ਕੇ ਪਰਗਟ ਹੋਇਆ।)

ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥

ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ 16॥ 3॥ 15॥

(ਉਸ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਜਾਣਦਾ, ਵਿਰਲੇ ਨੇ ਗੁਰਮੰਤਰ/ਗੁਰਸਬਦ ਦਾ ਜਪ ਸਿਮਰਨ ਕੀਤਾ ਤੇ ਇਸ ਤਰਾਂ ਉਸ ਦੇ ਗੁਣ ਗਾ ਕੇ ਵਿਸਮਾਦ ਦੀ ਅਵਸਥਾ ਪਰਾਪਤ ਕੀਤੀ ਉਹ ਉਸਦੇ ਕੌਤਕ ਦੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਵਿੱਚ ਸਮਾ ਜਾਂਦੇ ਹਨ। ਗੁਰਮਤਿ ਨਾਮੁ ਸਿਮਰਨ ਉਸ ਦੇ ਗੁਣ ਗਾਵਨਾਂ ਹੈ)

ਅਗਲੇ ਦੂਜੇ ਸ਼ਬਦ ਵਿੱਚ ਗੁਰੂ ਜੀ ਨੇਂ ਦਸਿਆ ਹੈ ਸਰੀਰ ਰੂਪ ਮਾਟੀ ਅੰਧੀ ਹੈ, ਨਾਮੁ ਜੋਤਿ ਪਰਮ ਨਿਰਮਲ ਚੇਤਨਾਂ ਨੇ ਉਸ ਦੀ ਸੁਰਤਿ/ਚੇਤਨਾਂ/ਜਿੰਦ ਵਿੱਚ ਹਉਮੈ ਦੀ ਮੈਲ ਪਾ ਦਿਤੀ। ਨਾਮੁ ਜੋਤਿ ਵਿੱਚ ਅਨਦ ਬਿਨੋਦ ਚੋਜ ਤਮਾਸ਼ੇ ਹਨ। ਇਸ ਤਰਾਂ ਨਾਮ ਜੋਤਿ ਨੇਂ ਹੁਕਮ ਦੀ ਖੇਡ ਸ਼ੁਰੂ ਕੀਤੀ।

ਮਾਝ ਮਹਲਾ 5॥ ਪਨਾ 100

ਵਿਸਰੁ ਨਾਹੀ ਏਵਡ ਦਾਤੇ॥ ਕਰਿ ਕਿਰਪਾ ਭਗਤਨ ਸੰਗਿ ਰਾਤੇ॥

ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ॥ 1॥

(ਹੇ ਇਤਨੇਂ ਵੱਡੇ ਦਾਤਾਰ ਜੀ ਤੁਸੀਂ ਕਿਰਪਾ ਕਰਦੇ ਹੋ ਅਪਨੇਂ ਭਗਤਾਂ ਨਾਲ ਰੱਤੇ ਹੋਇ ਹੋ ਤੁਸੀਂ ਮੈਨੂੰ ਇਹ ਦਾਨ ਦਿਓ ਕਿ ਦਿਨ ਰਾਤ ਮੈਂ ਤੁਹਾਡਾ ਜਪ/ਸਿਮਰਨ/ਧਿਆਨ ਕਰਾਂ)

ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥

ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ॥ 2॥

(ਹੇ ਪ੍ਰਭੁ ਅਕਾਲ ਪੁਰਖ ਜੀ ਤੁਸੀਂ ਜੜ ਸਰੀਰ ਵਿੱਚ ਚੇਤਨਤਾ ਪਾ ਦਿਤੀ ਹੈ ਸਾਨੂੰ ਜੀਵਾਂ ਨੂੰ ਸਭ ਕੁਛ ਦਿਤਾ ਹੈ ਚੰਗੀਆਂ ਥਾਂਵਾਂ ਦਿਤੀਆਂ ਹਨ। ਤੁਹਾਡਾ ਰੂਪ ਅਨਦ ਬਿਨੋਦ ਚੋਜ ਤਮਾਸ਼ੇ ਵਾਲਾ ਹੈ ਤੇਰੇ ਪੈਦਾ ਕੀਤੇ ਜੀਵ ਖੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ ਇਹ ਸਭ ਜੋ ਹੋ ਰਿਹਾ ਹੈ ਤੇਰੇ ਹੁਕਮ ਰਜ਼ਾ ਵਿੱਚ ਹੋ ਰਿਹਾ ਹੈ ਜੀਵ ਆਪ ਕੁੱਝ ਨਹੀਂ ਕਰ ਰਹੇ ਜੋ ਤੂੰ ਕਰਾ ਰਿਹਾ ਹੈਂ ਉਹ ਹੋ ਰਿਹਾ ਹੈ)

ਜਿਸ ਦਾ ਦਿਤਾ ਸਭੁ ਕਿਛੁ ਲੈਣਾ॥ ਛਤੀਹ ਅੰਮ੍ਰਿਤ ਭੋਜਨੁ ਖਾਣਾ॥

ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ॥ 3॥

ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥

ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥ 4॥ 12॥ 19॥

(ਹੇ ਪਾਰਬ੍ਰਹਮ ਪਰਮੇਸ਼ਰ ਜੀ ਤੁਸੀਂ ਐਸੀ ਬੁਧ ਮਤਿ ਦਿਉ ਜਿਸ ਨਾਲ ਤੁਸੀਂ ਵਿਸਰੋ ਨਾ ਤੇ ਮੈਂ ਤੁਹਾਡਾ ਜਪ/ਸਿਮਰਨ/ਧਿਆਨ ਹਮੇਸ਼ਾ ਕਰਦਾ ਰਹਾਂ। ਅਸੀਂ ਦੇਖਦੇ ਹਾਂ ਕਿ ਗੁਰਬਾਣੀ ਹਰ ਥਾਂ ਸਿਮਰਨ ਦਾ ਉਪਦੇਸ਼ ਦਿੰਦੀ ਹੈ।)

ਅਗਲਾ ਤੀਜਾ ਸ਼ਬਦ

ਆਸਾ॥ ਪਨਾ 487

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ॥ 1॥ ਰਹਾਉ॥

(ਨਾਮ ਜਪ ਸਿਮਰਨ ਕਰਨ ਨਾਲ ਕਿਤਨੇਂ ਸੰਸਾਰ ਸਾਗਰ ਤੋਂ ਤਰੇ)

ਹਰਿ ਕੇ ਨਾਮ ਕਬੀਰ ਉਜਾਗਰ॥ ਜਨਮ ਜਨਮ ਕੇ ਕਾਟੇ ਕਾਗਰ॥ 1॥

ਨਿਮਤ ਨਾਮਦੇਉ ਦੂਧੁ ਪੀਆਇਆ॥ ਤਉ ਜਗ ਜਨਮ ਸੰਕਟ ਨਹੀ ਆਇਆ॥ 2॥

ਜਨ ਰਵਿਦਾਸ ਰਾਮ ਰੰਗਿ ਰਾਤਾ॥ ਇਉ ਗੁਰਪਰਸਾਦਿ ਨਰਕ ਨਹੀ ਜਾਤਾ॥ 3॥ 5॥

(ਗੁਰਮਤਿ ਨਾਮ ਸਿਮਰਨ ਕਰ ਕੇ ਕਬੀਰ, ਨਾਮ ਦੇਉ, ਰਵਿਦਾਸ ਭਗਤ ਤਰੇ)

ਅਗੇ ਰਵਿਦਾਸ ਭਗਤ ਸਮਝਾਂਉਂਦਾ ਹੈ ਏਕੰਕਾਰ ਨਾਮੁ ਰੂਪ ਅਕਾਲ ਪੁਰਖ ਬਾਜੀਗਰ ਹੈ ਉਸ ਨੇਂ ਸੰਸਾਰ ਦੀ ਖੇਡ ਰਚੀ ਤੇ ਆਪ ਖੇਡਨਾਂ ਸ਼ੁਰੂ ਕੀਤਾ। ਮਨੁਖ ਦੀ ਕੋਈ ਸੁਤੰਤਰ ਹੈਸੀਅਤ ਨਹੀਂ ਮਿਟੀ ਦੇ ਪੁਤਲੇ ਨਿਆਂਈਂ ਹੈ। ਮਿਟੀ ਦਾ ਪੁਤਲਾ ਹੈ, ਦੇਖਦਾ ਹੈ, ਸੁਣਦਾ ਹੈ ਤੇ ਦੌੜਿਆ ਫਿਰਦਾ ਹੈ। ਜਦੋਂ ਕੁੱਝ ਮਿਲ ਜਾਏ ਦਾ ਹੰਕਾਰ ਕਰਦਾ ਹੈ ਜਦੋਂ ਮਾਇਆ ਚਲੀ ਜਾਏ ਤਾਂ ਰੋਨ ਲਗਦਾ ਹੈ। ਮਨ ਬਚਨ ਤੇ ਕਰਮਾਂ ਕਰ ਕੇ ਸੰਸਾਰ ਦੇ ਰਸ ਮਾਣਦਾ ਹੈ। ਦਸੋ ਜਦੋਂ ਮਰ ਜਾਂਦਾ ਹੈ ਤਾਂ ਕਿਥੇ ਜਾਂਦਾ ਹੈ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥ 1॥ ਰਹਾਉ॥

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥ ਮਾਇਆ ਗਈ ਤਬ ਰੋਵਨੁ ਲਗਤੁ ਹੈ॥ 1॥

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ॥ ਬਿਨਸਿ ਗਇਆ ਜਾਇ ਕਹੂੰ ਸਮਾਨਾ॥ 2॥

ਕਹਿ ਰਵਿਦਾਸ ਬਾਜੀ ਜਗੁ ਭਾਈ॥ ਬਾਜੀਗਰ ਸਉ ਮ+ਹਿ ਪ੍ਰੀਤਿ ਬਨਿ ਆਈ॥ 3॥ 6॥ 487

(ਰਵਿਦਾਸ ਭਗਤ ਮਨੁਖ ਦੀ ਅਸਲੀਅਤ ਸਮਝਾਂਉਦਾ ਹੈ। ਏਕੰਕਾਰ ਪਾਬ੍ਰਹਮ ਨੇ ਅਪਨੀਂ ਖੇਡ ਰਚੀ ਤੇ ਆਪ ਖੇਡਨ ਲਗਾ, ਮਨੁਖ ਮਿਟੀ ਦਾ ਪੁਤਲਾ ਹੈ। ਮੇਰੀ ਪ੍ਰੀਤ ਬਾਜੀਗਰ ਅਕਾਲ ਪੁਰਖ ਨਾਲ ਲਗੀ ਹੈ। ਭਗਤ ਰਵਿਦਾਸ ਦੇ ਹਿਰਦੇ ਵਿੱਚ ਨਾਮ ਰੂਪ ਅਕਾਲ ਪੁਰਖ ਦਾ ਨਿਵਾਸ ਹੈ ਉਹ ਖੇਡ ਨੂੰ ਦੇਖ ਰਿਹਾ ਹੈ ਤੇ ਬਿਆਨ ਕਰ ਰਿਹਾ ਹੈ।)

ਗੁਰਬਾਣੀ ਦਸਦੀ ਹੈ ਮਨੁਖ ਦਾ ਜੀਵਨ ਸੁਪਨੇਂ ਜੈਸਾ ਹੈ,

ਜਗਜੀਵਨ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ॥

ਸਾਚ ਕਰ ਹਮ ਗਾਂਠ ਦੀਨੀ ਛੋਡ ਪਰਮ ਨਿਧਾਨੰ॥ 482

(ਮਨੁਖ ਦਾ ਜੀਵਨ ਸੁਪਨੇ ਜੈਸਾ ਹੈ; ਮਨੁਖ ਸੁਪਨੇ ਵਿੱਚ ਕਿਸੇ ਖੇਡ ਦਾ ਪਾਤਰ ਬਨ ਕੇ ਖੇਡਦਾ ਹੈ ਉਸ ਖੇਡ ਦਾ ਝੂਠ ਉਦੋਂ ਉਘੜਦਾ ਹੈ ਜਦੋਂ ਉਹ ਜਾਗ ਜਾਏ। ਮਨੁਖ ਦਾ ਜੀਵਨ ਸੁਪਨੇ ਜੈਸਾ ਝੂਠਾ ਹੈ। ਮਨੁਖ ਜੀਵਨ ਨੂੰ ਸਚ ਸਮਝ ਕੇ ਇਸ ਜੀਵਨ ਨਾਲ ਪਿਆਰ ਪਾ ਲੈਂਦਾ ਹੈ ਤੇ ਉਪਾਵਨ ਵਾਲੀ ਹਸਤੀ, ਸਰੀਰ ਵਿੱਚ ਵਸਦੀ ਨਾਮੁ ਜੋਤਿ ਨੂੰ, ਹਉ ਦੇ ਭਰਮ ਭੁਲੇਖੇ ਕਾਰਨ ਭੁਲ ਜਾਂਦਾ ਹੈ।

ਪਾਰਬ੍ਰਹਮ ਦੀ ਉਪਾਈ ਮਾਇਆ/ਸੰਸਾਰ ਬਿਖ ਰੂਪ ਹੈ

ਬਾਬਾ ਬਿਖੁ ਦੇਖਿਆ ਸੰਸਾਰੁ॥ ੩੮੨

ਪੰਜ ਕਮਾਦਿਕ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਇਹਨਾਂ ਨਾਲ ਜੁੜੇ ਸਹਾਇਕ ਤੇ ਇਹਨਾਂ ਦੀ ਸੈਨਾ, ਝੂਠ, ਨਿੰਦਾ, ਵੈਰ, ਵਿਰੋਧ, ਨਫ਼ਰਤ, ਕੌੜਾ ਬੋਲ, ਆਦਿ ਬਿਖ ਰੂਪ ਹਨ, ਇਹ ਮਨ ਦੇ ਅਉਗਣ ਵਿਕਾਰ ਹਨ, ਮਨੁਖ ਦੇ ਵੈਰੀ ਹਨ। ਇਹ ਮਨੁਖ ਦੀ ਮਨ ਬੁਧ ਨੂੰ ਮੈਲਾ ਕਰਦੇ ਹਨ, ਮਨ ਨੂੰ ਧਰਮ, ਨਿਆਂ, ਇਨਸਾਫ਼ ਦੇ ਰਾਹ ਤੇ ਚਲਨ ਨਹੀਂ ਦਿੰਦੇ। ਇਹ ਮਨੁਖ ਤੋਂ ਪਾਪ ਕਰਮ ਕਰਾਉਂਦੇ ਹਨ। ਇਹ ਮਾਇਆ ਦੇ ਬਿਖ ਰੂਪ ਮਨ ਤਨ ਤਨ ਨੂੰ ਰੋਗੀ ਕਰਦੇ ਹਨ ਤੇ ਦੁਖਾਂ ਦਾ ਕਾਰਣ ਹਨ। ਇਹ ਮਨੁਖ ਦੇ ਮਨ ਤਨ ਵਿੱਚ ਨਾਗਿਨ ਦੀ ਤਰਾਂ ਜ਼ਹਰ ਉਗਲਦੇ ਹਨ।

ਮਾਇਆ ਹੋਈ ਨਾਗਨੀਾਂ ਜਗਤਿ ਰਹੀ ਲਪਟਾਇ॥

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਇ॥

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ॥ ੫੧੦

(ਜਿਨਾਂ ਗੁਰਮੁਖਾਂ ਨੇਂ ਗੁਰਮਤਿ ਭਗਤੀ ਕੀਤੀ ਤੇ ਸਚੇ ਨਾਮੁ ਨਾਲ ਲਿਵ ਲਾਈ ਉਹਨਾਂ ਨੇ ਮਾਇਆ ਨਾਗਨੀਂ ਦੀ ਬਿਖ ਲਾਹ ਦਿੱਤੀ)

ਮਨੁਖ ਦੀ ਹਉਮੈ ਤੋਂ ਉਪਜੇ ਪੰਜ ਕਾਮਾਦਿਕ ਕਾਮ, ਕ੍ਰਧ, ਲੋਭ, ਮੋਹ, ਤੇ ਅਹੰਕਾਰ ਅੱਗਾਂ ਹਨ ਮਨੁਖ ਦੇ ਮਨ ਤਨ ਨੂੰ ਰੋਗੀ ਕਰਦੇ ਹਨ। ਇਹ ਇਤਨੇਂ ਬਲਵਾਨ ਹਨ ਕਿ ਮਨੁਖ ਦੇ ਮਨ ਉੱਤੇ ਹਾਵੀ ਹੋ ਕੇ ਮਨੁਖ ਦੇ ਮਨ ਨੂੰ ਮੰਦੇ ਵਿਚਾਰ/ਭਾਵਨਾਵਾਂ ਦਿੰਦੇ ਹਨ, ਮਨੁਖ ਕੋਲੋਂ ਮੰਦੇ ਕਰਮ ਕਰਾਉਂਦੇ ਹਨ।

ਸੂਰਬੀਰ ਵਰੀਆਮ ਕਿਨੈ ਨ ਹੋੜੀਐ॥ ਫਉਜ ਸਤਾਣੀ ਹਾਠ ਪੰਚਾ ਜੋੜੀਐ॥

ਦਸ ਨਾਰੀ ਅਉਧੂਤ ਦੇਨ ਚਮੋੜੀਐ॥ ਜਿਣਿ ਜਿਣਿ ਲੈਨਿ ਰਲਾਇ ਏਹੋ ਏਨਾ ਲੋੜੀਐ॥

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ॥ ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ॥

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ॥ ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ॥ ੫੨੨

(ਪੰਜ ਕਾਮਾਦਕਾਂ ਨੇਂ ਬੜੀ ਫ਼ੌਜ ਦਾ ਪਰਾ ਬਧਾ ਹੈ, ਕੋਈ ਯੋਧਾ ਉਸ ਨੂੰ ਰੋਕ ਨਹੀਂ ਸਕਦਾ। ਅਵਧੂਤਾਂ ਤਿਆਗੀਆਂ ਨੂਂ ਵੀ ਦਸ ਇੰਦਰੀਆਂ ਵਸ਼ਿਆਂ ਵਿੱਚ ਲਗਾ ਦਿਂਦੀਆਂ ਹਨ। ਤਿਨਾਂ ਗੁਣਾ ਵਾਲੀ ਸਾਰੀ ਸ੍ਰਿਸ਼ਟੀ ਇਹਨਾਂ ਦੇ ਵਸ ਹੈ, ਕੋਈ ਇਹਨਾਂ ਦਾ ਮੂੰਹ ਨਹੀਂ ਮੋੜ ਸਕਦਾ।

ਹਉਮੈ ਦੇ ਭਰਮ ਦਾ ਕਿਲ੍ਹਾ ਹੈ, ਮਾਇਆ ਮੈ ਮੇਰੀ ਦਾ ਪਿਆਰ ਉਸ ਦੇ ਗਿਰਦ ਖਾਈ ਹੈ, ਦਸੋ ਇਹ ਕਿਲ੍ਹਾ ਕਿਵੇਂ ਫਤਹਿ ਕਰੀਏ? ਉੱਤਰ: ਪੂਰੇ ਗੁਰੂ ਦਾ ਜਪ/ਸਿਮਰਨ/ਅਰਾਧਨਾਂ ਕਰੀਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਇਸਤਰਾਂ ਇਹ ਕਮਾਦਕਾਂ ਦੀ ਕਰੜੀ ਫ਼ੌਜ ਜਿੱਤੀ ਜਾ ਸਕਦੀ ਹੈ। ਅਗਰ ਅਸੀਂ ਵਾਹਿਗੁਰੂ ਨਾਮ ਦਾ ਜਪ/ਸਿਮਰਨ ਕਰੀਏ ਤਾਂ ਕਾਮਾਦਕ ਮਨ ਤੇ ਹਾਵੀ ਨਹੀਂ ਹੋ ਸਕਦੇ, ਬਲਕਿ ਉਹ ਮਨ ਦੇ ਚਾਕਰ ਹੋ ਜਾਂਦੇ ਹਨ, ਜੀਵਨ ਸੰਤੁਲਿਤ ਹੋ ਜਾਂਦਾ ਹੈ, ਭਗਤ ਲੋੜ ਅਨੁਸਾਰ ਕਾਮਾਦਕਾਂ ਦੀ ਵਰਤੋਂ ਕਰਕੇ ਹਰ ਇੱਕ ਔਕੜ ਦਾ ਮੁਕਾਬਲਾ ਕਰ ਸਕਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਮਾਇਆ ਦੇ ਚਾਰ ਰੂਪ ਹਨ, ਧਨ ਦੌਲਤ ਰੂਪ ਮਾਇਆ, ਚੇਤਨ ਮਾਇਆ, ਇਨਸਾਨ ਨੂੰ ਕਾਮ ਵਿਅਪਦਾ ਹੈ, ਰਿਧੀ ਸਿਧੀ ਰੂਪ ਮਾਇਆ, ਤੇ ਮਾਨ ਵਡਿਆਈ ਰੂਪ ਮਾਇਆ।

ਸਲੋਕ ਮਹਲਾ ੫॥

ਕਿਲਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਉ॥ ਕੋਟਿ ਕਲੇਸਾ ਊਪਜਹਿ ਨਾਨਕ ਬਿਸਰੇ ਨਾਉ॥

(ਹਰੀ ਸਿਮਰਨ ਨਾਲ ਦੁੱਖ ਕਟੇ ਜਾਂਦੇ ਹਨ ਤੇ ਉਸ ਨੂੰ ਵਿਸਾਰਨ ਨਾਲ ਕ੍ਰੋੜਾਂ ਦੁਖ ਆ ਘੇਰਦੇ ਹਨ)

ਮਹਲਾ ੫

ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤਿ॥ ੫੨੨

(ਗੁਰੂ ਨਾਨਕ ਸਾਹਿਬ ਕਹਿੰਦੇ ਹਨ ਸਤਿਗੁਰੂ ਨੂੰ ਭੇਟਿਆਂ ਜੀਵਨ ਜੁਗਤਿ ਪੂਰੀ ਹੁੰਦੀ ਹੈ, ਸੰਸਾਰ ਦੇ ਸਭ ਸੁਖ ਮਾਣਦਿਆਂ, ਗੁਰੂ ਦੀ ਸਿਖਿਆ ਤੇ ਚਲਨ ਨਾਲ ਕਾਮਾਦਕ ਵੱਸ ਆਉਂਦੇ ਹਨ ਤੇ ਮੁਕਤੀ ਹੁੰਦੀ ਹੈ। ਆਤਮਕ ਗਿਆਨ ਹਾਸਲ ਕਰਨ ਲਈ, ਤੇ ਇੰਦ੍ਰੀਆਂ ਨੂੰ ਵੱਸ ਕਰਨ ਲਈ ਵੈਦਕ ਧਰਮ ਦੇ ਹਠ ਕਰਮ ਨਿਸਫਲ ਹਨ। ਹਠ ਕਰਮ ਕਰਨ ਵਾਲਿਆਂ ਦਾ ਮਨ ਕਿਸੇ ਸਮੇਂ ਕਾਮਾਦਕਾਂ ਦੇ ਵੱਸ ਹੋ ਜਾਂਦਾ ਹੈ।

ਬੇਦ ਮਤ ਤੇ ਹੋਰ ਧਰਮਾਂ ਦੇ ੲ੍ਰਿੰਦਰੀਆਂ ਨੂੰ ਵੱਸ ਕਰਨ ਦੇ ਢੰਗ, ਹਠ ਕਰਮ

ਸਿਧ ਪੀਰ ਜੋਗੀ, ਬਨਾਂ ਵਿੱਚ ਤਪ ਕਰਨ ਵਾਲੇ ਤਪਸੀ, ਤੀਰਥਾਂ ਤੇ ਵਰਤ ਨੇਮ ਕਰਨ ਵਾਲੇ ਪੰਡਿਤ, ਪਾਂਧੇ, ਜਤਨ ਕਰਕੇ ਵੀਰਜ ਨੂੰ ਰੋਕਨ ਵਾਲੇ ਜਤੀ ਮਨ ਨੂੰ ਵਸ ਕਰਨ ਲਈ ਹਠ ਕਰਮ ਕਰਦੇ ਹਨ।

ਗੁਰਬਾਣੀ ਕਹਿੰਦੀ ਹੈ ਇਹ ਸਭ ਸੁੱਤੇ ਹਨ ਮਾਇਆ ਠਗਨੀ ਕਿਸੇ ਵੇਲੇ ਕਿਸੇ ਰੂਪ ਤੇ ਸਮੇਂ ਇਹਨਾਂ ਨੂੰ ਡਸ ਲੈਂਦੀ ਹੈ ਤੇ ਆਚਰਨ ਤੋਂ ਗਿਰਾ ਦਿੰਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਸੇ ਰੂਪ ਵਿੱਚ ਇਹਨਾਂ ਨੂੰ ਵਿਆਪ ਜਾਂਦੇ ਹਨ।

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ॥ ……

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ॥ ……

ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ॥

ਅੰਤਰਿ ਵਸਤੁ ਨ ਜਾਣਨੀ ਘਟਿ ਬ੍ਰਹਮ ਲੁਕਾਨਾ॥

(ਇਹਨਾਂ ਨੂੰ ਅੰਦਰ ਵਸਦੇ ਬ੍ਰਹਮ ਦੀ ਸੋਝੀ ਨਹੀਂ ਹੋਈ)

ਇਕਿ ਬਿੰਦੁ ਜਤਨ ਕਰ ਰਾਖਦੇ ਸੇ ਜਤੀ ਕਹਾਵਹਿ॥

ਬਿਨ ਗੁਰ ਸਬਦ ਨ ਛੂਟਹੀ ਭਰਮਿ ਆਵਹਿ ਜਾਵਹਿ॥ ੪੧੯

(ਗੁਰਸਬਦ/ਗੁਰਮੰਤ੍ਰ ਨਾਮ ਦੀ ਕਮਾਈ ਬਿਨਾਂ ਕੋਈ ਜਨਮ ਮਰਨ ਦੇ ਗੇੜ ਵਿਚੋਂ ਨਹੀਂ ਨਿਕਲਿਆ)

ਮਾਇਆ ਦੇ ਕਾਰਿੰਦੇ ਜੀਵ ਨੂੰ ਮਾਇਆ ਦੇ ਅਨੇਕਾਂ ਰਸਾਂ/ਚਸਕਿਆਂ ਵਿੱਚ ਲਗਾ ਕੇ ਠਗਦੇ ਹਨ

ਮਾਇਆ ਅਨੇਕਾਂ ਰੂਪਾਂ ਵਿੱਚ ਹਰ ਜਗ੍ਹਾ ਆਪਣਾ ਸ਼ਿਕਾਰ ਲਭਦੀ ਹੈ, ਉਹ ਬਹੁ ਰੰਗ ਮਾਇਆ ਅਨੇਕਾਂ ਭਾਵ ਦਿਖਾਂਦੀ ਹੈ। ਮਨ ਨੂੰ ਮਾਇਆ ਦੇ ਰਸੁ ਤੇ ਭਾਵ ਮਿਠੇ ਲਗਦੇ ਹਨ ਤੇ ਨਾਮ ਸਿਮਰਿਆ ਨਹੀਂ ਜਾਂਦਾ। ਘਰ ਵਿੱਚ ਗ੍ਰਹਿਸਤੀ ਨੂੰ ਪੁਤਰ ਧੀ ਆਦਿ ਦਾ ਮੋਹ, ਬਨਾਂ ਵਿੱਚ ਸਨਿਆਸੀ/ਜੋਗੀਆ ਨੂੰ ਰਿਧੀ ਸਿਧੀ ਨਾਲ ਪਿਆਰ, ਦਰਿਆਵਾਂ ਦੇ ਕੰਢੇ ਪੂਜਾ ਕਰਦਿਆਂ ਨੂੰ ਅਤੇ ਵਰਤ ਰਖਦੇ ਬ੍ਰਾਹਮਣਾਂ ਨੂੰ ਇਹ ਮਾਇਆ ਠਗਦੀ ਹੈ ਤੇ ਮਿਠੇ ਲਗਣ ਵਾਲੇ ਬਿਖ ਰਸਾਂ ਵਿੱਚ ਉਲਝਾ ਦਿੰਦੀ ਹੈ।

ੳ) ਓਹ ਜੋਹੇ ਬਹੁ ਪਰਕਾਰ ਸੁੰਦਰਿ ਮੋਹਨੀ॥

ਮੋਹਨੀ ਮਹਾ ਬਚਿਤ੍ਰਿ ਅਨਿਕ ਭਾਵ ਦਿਖਾਵਏ॥

ਹੋਇ ਢਠਿ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ॥

ਗ੍ਰਿਹ ਬਨਿਹ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ॥

ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੈ ਟੋਹਨੀ॥ ੮੪੭

(ਗੁਰੂ ਜੀ ਕਹਿੰਦੇ ਹਨ ਕਿਰਪਾ ਕਰੋ ਤੇ ਮੈਨੂੰ ਅੰਧੁਲੈ ਨੂੰ ਨਾਮ ਸਿਮਰਨ ਦੀ ਟੋਹਨੀਂ ਲਕੜੀ ਦਿਉ ਆਸਰਾ ਦਿਉ ਜਿਸ ਨਾਲ ਮੈਂ ਮਾਇਆ ਦੇ ਰਸਾਂ ਕਸਾਂ ਵਿੱਚ ਉਲਝ ਕੇ ਹੀ ਨਾਂ ਰਹਿ ਜਾਵਾਂ)

ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੇ ਬਸ ਅਪਨਹੀ॥

(ਇੰਦ੍ਰੀਆਂ ਨੂੰ ਵੱਸ ਕਰਨ ਵਾਲੇ, ਸ਼ਾਸਤਰਾਂ ਦੇ ਗਿਆਤਾ ਕਹਾਉਣ ਵਾਲੇ ਮੁਨੀ ਜੋਗੀ, ਸਭ ਮਾਇਆ ਨੇਂ ਵੱਸ ਕਰ ਲਏ ਹਨ)

ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤ ਕਛੁ ਨ ਰਹੀ।

(ਬ੍ਰਹਮਾਂ ਵਿਸ਼ਨੂੰ ਸ਼ਿਵ ਤੇ ਹੋਰ ਤੇਤੀ ਕ੍ਰੋੜ ਦੇਵਤੇ ਸਭ ਮਾਇਆ ਦੇ ਵੱਸ ਹੋ ਗਏ)

ਬਲਵੰਤ ਬਿਆਪ ਰਹੀ ਸਭ ਮਹੀ॥

(ਬਲਵਾਨ ਮਾਇਆ ਉਹਨਾਂ ਸਭ ਨੂੰ ਚਿੰਬੜੀ ਹੋਈ ਹੈ।)

ਅੱਗੇ ਗੁਰਬਾਣੀ ਦਸਦੀ ਹੈ ਮਾਇਆ ਦਾ ਭੇਦ ਇਹਨਾਂ ਵਿਚੋਂ ਕਿਸੇ ਨਹੀਂ ਜਾਣਿਆ, ਸਿਰਫ਼ ਗੁਰਕਿਰਪਾ ਨਾਲ ਇਹ ਵੱਸ ਆਉਂਦੀ ਹੈ।

ਅਵਰੁ ਨ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ॥

ਜਤਿ ਜੀਤਿ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ॥

ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ॥ ੪੯੮/੪੯੯

(ਗੁਰੂ ਜੀ ਕਹਿੰਦੇ ਹਨ ਸਾਧ ਗੁਰੂ ਤੋਂ ਭਜ ਗਈ, ਗੁਰਮੰਤ੍ਰ ਨਾਮੁ ਦਾ ਜਪ/ਸਿਮਰਨ ਕਰਨ ਵਾਲੇ ਦੀ ਦਾਸੀ ਬਨ ਗਈ ਤੇ ਚਰਨ ਫੜ ਲਏ)

ਗੁਰਮਤਿ ਨਾਮੁ ਤੋਂ ਬਿਨਾਂ ਮਾਇਆ ਸਭ ਸੰਸਾਰ ਨੂੰ ਠਗਦੀ ਹੈ

ਬਿਨੁ ਹਰਿ ਕਾਮ ਨ ਆਵਤ ਹੇ॥

ਜਾ ਸਿਉ ਰਾਚਿ ਮਾਚਿ ਤੁਮ ਲਾਗੇ ਉਹ ਮੋਹਨੀ ਮੋਹਾਵਤ ਹੇ॥

ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ॥

ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਟਗਉਰੀ ਖਾਵਤ ਹੇ॥

(ਮਾਇਆ ਦੇ ਰੂਪ ਧਨ ਪਦਾਰਥਾਂ ਇਸਤ੍ਰੀ ਦੀ ਸੋਹਣੀ ਸੇਜ, ਇਹ ਤਾਂ ਇੱਕ ਛਿਨ ਵਿੱਚ ਮਨੁਖ ਛੱਡ ਕੇ ਸੰਸਾਰ ਤੋਂ ਤੁਰ ਪੈਂਦਾ ਹੈ। ਕਾਮ ਵਾਸ਼ਨਾਂ ਦੇ ਸਵਾਦਾਂ ਦਾ ਪ੍ਰੇਰਿਆ ਤੂੰ ਕਾਮ ਵਾਸ਼ਨਾਂ ਵਿੱਚ ਫਸਿਆ ਪਿਆ ਹੈਂ ਅਤੇ ਵਿਸ਼ੇ ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ)

ਤ੍ਰਿਨ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ॥

ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ॥

(ਤੀਲਿਆਂ ਦੇ ਘਰ ਸਰੀਰ ਨੂੰ ਸਵਾਰ ਕੇ ਤੂੰ ਇਸ ਵਿੱਚ ਕਾਮਾਦਿਕਾਂ ਦੀ ਅਗਨੀਂ ਜਲਾ ਰਿਹਾ ਹੈਂ। ਇਸ ਸਰੀਰ ਕਿਲੇ ਵਿੱਚ ਆਕੜ ਕੇ ਹਠੀ ਹੋਇਆ ਤੂੰ ਮਾਣ ਕਰ ਕੇ ਕੀ ਪਾ ਰਿਹਾ ਹੈਂ)

ਪੰਚ ਦੂਤ ਮੂਢ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ॥

ਦਿਸ਼੍ਰਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ॥

(ਕਾਮਾਦਿਕ ਪੰਜ ਵੈਰੀ ਤੇਰੇ ਸਿਰ ਉੱਤੇ, ਕੇਸਾਂ ਤੋਂ ਫੜ ਕੇ ਭਵਾਂਦੇ ਹਨ। ਹੇ ਅੰਨੇ ਅਗਿਆਨੀ ਤੈਨੂੰ ਦਿਸਦਾ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਦੀ ਨੀਂਦ ਵਿੱਚ ਸੁੱਤਾ ਹੈਂ ਤੇ ਕਾਮਾਦਿਕ ਤੈਨੂੰ ਲੁਟ ਰਹੇ ਹਨ)

ਜਾਲੁ ਪਸਾਰਿ ਚੋਗ ਬਿਸਤਾਰੀ ਪੰਖੀ ਜਿਉ ਫਾਹਾਵਤ ਹੇ॥

ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ॥ ੮੨੧/੨੨

(ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਚੋਗਾ ਖਿਲਾਰਿਆ ਜਾਂਦਾ ਹੈ, ਤਿਵੇਂ ਮਾਇਆ ਇੰਦ੍ਰਿੀਆਂ ਦੇ ਰਸਾਂ ਦਾ ਚੋਗਾ ਤੈਨੂੰ ਪਾ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮੈਂ ਮਾਇਆ ਦੇ ਬੰਧਨਾਂ ਨੂੰ ਕੱਟਨ ਲਈ ਸਤਿਗੁਰ ਪੁਰਖ ਨੂੰ ਧਿਆਉਂਦਾ ਹਾਂ, ਇਥੇ ਵੀ ਗੁਰੂ ਜੀ ਗਰੁਮਤਿ ਨਾਮ ਜਪ/ਸਿਮਰਨ ਦਾ ੳਪੁਦੇਸ਼ ਦੇ ਰਹੇ ਹਨ।

ਸੰਸਾਰ ਰੂਪ ਮਾਇਆ ਵਿੱਚ ਗੁਣ ਵੀ ਹਨ ਜੋ ਅੱਮ੍ਰਿਤ ਰੂਪ ਹਨ ਤੇ ਸੁਖਦਾਈ ਹਨ

ਸੰਸਾਰ ਰੂਪ ਮਾਇਆ ਵਿੱਚ ਸਤ, ਸੰਤੋਖ, ਦਇਆ, ਧਰਮ, ਕਰੁਣਾ, ਨਿਮਰਤਾ ਆਦਿ ਗੁਣ ਵੀ ਹਨ ਜੋ ਅਮ੍ਰਿਤ ਰੂਪ ਹਨ। ਉਹ ਹਿਰਦੇ ਵਿੱਚ ਵਸਦੇ ਬ੍ਰਹਮ ਨਾਮੁ ਨਿਰਮਲ ਪਰਮ ਚੇਤਨਾਂ ਤੋਂ ਆਏ ਹਨ। ਨਾਮੁ ਗੁਣੀ ਭਰਪੂਰ ਹੈ, ਅਮ੍ਰਿਤ ਦਾ ਸਰੋਵਰ ਹੈ ਤੇ ਮਨੁਖ ਦਾ ਅਸਲਾ ਹੈ। ਗੁਰਮਤਿ ਨਾਮੁ ਸਿਮਰਨ, ਗੁਣ ਬਖਸ਼ਦਾ ਹੈ ਤੇ ਅਵਗੁਣ ਦੂਰ ਹੋ ਜਾਂਦੇ ਹਨ।

ਅਵਗੁਣੀ ਭਰਪੂਰ ਹੈ ਗੁਣ ਵੀ ਵਸਹਿ ਨਾਲਿ॥

ਵਿਣੁ ਸਤਿਗੁਰ ਗੁਣ ਨ ਜਾਪਨੀਂ ਜਿਚਰੁ ਸਬਦਿ ਨ ਕਰੇ ਬੀਚਾਰੁ॥ ੯੩੬

(ਮਨੁਖ ਦਾ ਮਨ ਅਵਗੁਣਾ ਨਾਲ ਭਰਿਆ ਹੈ, ਸਤਿਗੁਰ ਦੇ ਸਬਦੁ ਗੁਰਮੰਤ੍ਰ ਨਾਮ ਦੇ ਜਪ ਸਿਮਰਨ ਬਿਨਾਂ ਗੁਣ ਮਨ ਵਿੱਚ ਪਰਵੇਸ਼ ਨਹੀਂ ਕਰਦੇ।

ਮਾਇਆ ਭਗਤਾਂ/ਸਿਮਰਨ ਕਰਨ ਵਾਲਿਆਂ ਦੀ ਦਾਸੀ

ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ॥ ੨੩੧

(ਮਾਇਆ ਭਗਤਾਂ ਦੀ ਦਾਸੀ ਹੈ ਉਹਨਾਂ ਦੇ ਹੁਕਮਾਂ ਦੀ ਕਾਰ ਕਰਦੀ ਹੈ)

ਡਾ. ਗੁਰਮੁਖ ਸਿੰਘ




.