.

ਕੁੰਡਲੀ ਵਾਲੇ ਸੱਪ

ਭਾਰਤ ਵਿੱਚ ਇੱਕ ਵਿਸ਼ਵਾਸ ਪ੍ਰਚੱਲਿਤ ਹੈ ਕਿ ਜਿੱਥੇ ਕਾਲਾ ਨਾਗ ਕੁੰਡਲੀ ਮਾਰ ਕੇ ਬੈਠਾ ਹੋਵੇ ਓਥੇ, ਉਸ ਦੇ ਹੇਠ, ਖ਼ਜ਼ਾਨਾਂ ਦੱਬਿਆ ਹੁੰਦਾ ਹੈ। ਇਹ ਗੱਲ ਸਮਝ ਦੀ ਸੀਮਾ ਤੋਂ ਹਮੇਸ਼ਾ ਬਾਹਰ ਰਹੀ ਹੈ ਕਿ ਉਸ ਖ਼ਜ਼ਾਨੇ ਤੋਂ ਮਨਹੂਸ ਕੁੰਡਲੀਏ ਨੂੰ ਕੀ ਲਾਭ ਹੈ? ਅਤੇ, ਹੋਰਾਂ ਨੂੰ ਉਸ ਖ਼ਜ਼ਾਨੇ ਤੋਂ ਲਾਭ ਉਠਾਉਣ ਤੋਂ ਕਿਉਂ ਵਰਜਦਾ ਹੈ। ‘ਖ਼ਜ਼ਾਨੇ’ ਦਾ ਸੱਪ ਹੋਣ ਕਰਕੇ ਲੋਕ ਉਸ ਤੋਂ ਭੈ ਖਾਂਦੇ ਹਨ ਅਤੇ ‘ਸੱਚੇ’ ਖ਼ਜ਼ਾਨੇ ਨੂੰ ਭੁੱਲ ਕੇ ਹੌਲੀ ਹੌਲੀ ਸਮੇ ਨਾਲ ਉਸੇ (ਸੱਪ) ਨੂੰ ਹੀ ‘ਦੁੱਧ’ ਪਿਆਉਣਾ ਧਰਮ ਸਮਝਦੇ ਹਨ ਤੇ ਉਸੇ ਦੀ ਹੀ ਪੂਜਾ ਸਤਿਕਾਰ ਕਰਨ ਲੱਗ ਜਾਂਦੇ ਹਨ।
ਗੁਰੂ ਗ੍ਰੰਥ ਨਾਮ ਤੇ ਗਿਆਨ ਦਾ ਅਨਮੋਲ ਖ਼ਜ਼ਾਨਾ ਹੈ। ਇਸ ਪਵਿੱਤ੍ਰ ਖ਼ਜ਼ਾਨੇ ਉੱਤੇ ਕਬਜ਼ਾ ਕਰੀ ਬੈਠੇ ਲੋਕ ਕੁੰਡਲੀ ਵਾਲੇ ਸੱਪਾਂ ਤੋਂ ਕਿਸੇ ਪੱਖੋਂ ਘੱਟ ਨਹੀਂ। ਉਹ ਨਹੀਂ ਜਾਣਦੇ ਕਿ ਇਸ ਅਨਮੋਲ ਖ਼ਜ਼ਾਨੇ ਵਿੱਚ ਗਿਆਨ ਦੇ ਜੋ ਦੁਰਲੱਭ ਮੋਤੀ ਪਏ ਹਨ ਉਨ੍ਹਾਂ ਤੋਂ ਕੀ ਲਾਭ ਉਠਾਉਣਾ ਹੈ? ਇਸ ਲਈ ਇਹ ਅਗਿਆਨ ਬੇਕਦਰੇ ਇਸ ਖ਼ਜ਼ਾਨੇ ਤੋਂ ਕੋਈ ਯੋਗ ਲਾਭ ਨਹੀਂ ਉਠਾਉਂਦੇ, ਅਤੇ ਨਾਂ ਹੀ ਇਸ ਗਿਆਨ ਰੂਪੀ ਖ਼ਜ਼ਾਨੇਂ ਦੇ ਲੋੜਵੰਦ, ਇੱਛਾਵਾਨ ਸ਼ਰਧਾਲੂਆਂ ਨੂੰ ਇਸ ਦੇ ਨੇੜੇ ਹੀ ਲੱਗਣ ਦਿੰਦੇ ਹਨ।
ਗੁਰਬਾਣੀ ਅਥਵਾ ਗੁਰੂ ਗ੍ਰੰਥ ਨੂੰ ਗੁਰੂ ਸਥਾਪਿਤ ਹੋਣ ਦੇ ਸਮੇ ਤੋਂ ਹੀ ਇਨ੍ਹਾਂ ਸੱਪਾਂ ਨੇ ਗੁਰ-ਗਿਆਨ ਦੇ ਖ਼ਜ਼ਾਨੇ ਦੁਆਲੇ ਜ਼ਹਿਰੀਲੇ ਤੇ ਭਿਆਨਕ ਫ਼ਨਾਂ ਦੀ ਵਾੜ ਕੀਤੀ ਹੋਈ ਹੈ। ਹਮੇਸ਼ਾ ਤੋਂ ਹੀ, ਗਿਅਨ ਦੇ ਖ਼ਜ਼ਾਨੇ ਗੁਰੂ ਗ੍ਰੰਥ ਉੱਤੇ, ਵੱਖ ਵੱਖ ਨਾਵਾਂ ਨਾਲ, ਇਨ੍ਹਾਂ ਕੁੰਡਲੀਏ ਸੱਪਾਂ ਦਾ ਹੀ ਕਬਜ਼ਾ ਰਿਹਾ ਹੈ। ਇਨ੍ਹਾਂ ਦੇ ਵਰਤੇ ਹੱਥਕੰਡਿਆਂ ਕਾਰਣ ਲੋਕ ਗੁਰ-ਸਿਧਾਂਤਾਂ ਤੋਂ ਪੂਰਣ ਤੌਰ `ਤੇ ਅਣਜਾਣ ਹੋ ਚੁੱਕੇ ਹਨ; ਅਤੇ ਮਨਮੁੱਖ ਮਨਮੱਤੀਆਂ ਦੁਆਰਾ ਨਿਰਧਾਰਤ ਕਰਮਕਾਂਡ ਤੇ ਪਾਖੰਡ ਨੂੰ ਹੀ ਧਰਮ ਮੰਨਣ ਲੱਗ ਗਏ ਹਨ।
ਇਹ ਸਾਰੇ ਦੇ ਸਾਰੇ ‘ਫ਼ਨੀਅਰ’ ਗਿਆਨ ਦੀ ਵੈਰਨ ਸਰਪਨੀ (ਮਾਇਆ) ਦੇ ਗ਼ੁਲਾਮ ਹਨ। ਮਾਇਆ ਦੀ ਖ਼ਾਤਿਰ ਇਹ ਰੱਬ ਦੀ ਸਾਰੀ ਲੋਕਾਈ ਨੂੰ ਡੱਸਨ ਤੋਂ ਵੀ ਸੰਕੋਚ ਨਹੀਂ ਕਰਦੇ। ਮਾਇਆ ਦੇ ਮੋਹ ਕਾਰਣ ਇਨ੍ਹਾਂ ਨੇ ਗੁਰਮੱਤ ਦੇ ‘ਸੱਚ’ ਨੂੰ ਭਰਮ ਬਣਾ ਕੇ ਝੂਠੀ ਮਾਇਆ ਦੇ ਘਾਤਿਕ ਭਰਮ ਨੂੰ ਜੀਵਨ ਦਾ ਸੱਚ ਸਿੱਧ ਕਰ ਦਿੱਤਾ ਹੈ। ਇਨ੍ਹਾਂ ਦੀ ਸਰਪਰਸਤੀ ਹੇਠ ਗੁਰੂਦਵਾਰਿਆਂ ਅਤੇ ਧਰਮ-ਸਥਾਨਾਂ ਤੇ ਜੋ ਕੁੱਝ ਵੀ ਹੋ ਰਿਹਾ ਹੇ ਉਹ ਸੱਭ ਕੁੱਝ ਕੂੜ (ਮਾਇਆ) ਦਾ ਹੀ ਵਾਪਾਰ ਹੈ।
ਇਨ੍ਹਾਂ ਸੱਪਾਂ ਦੇ ਸਪੇਰੇ ਵਕਤ ਦੇ ਮਾਇਆ-ਡੱਸੇ ਤੇ ਹਉਮੈ-ਮਾਰੇ ਰਾਜੇ ਹੁੰਦੇ ਹਨ, ਜਿਨ੍ਹਾਂ ਦੀ ਸ਼ਹਿ ਤੇ ਇਹ ਕੁੰਡਲੀਏ ਨਿਰਲੱਜ ਤੇ ਨਿਡਰ ਹੋ ਕੇ ਮਿਹਲਦੇ ਫ਼ਿਰਦੇ ਹਨ। ਜੇ ਕੋਈ ਇਨ੍ਹਾਂ ਦੀ ਗ਼ਲੀਜ਼ ਅਸਲੀਅਤ ਦਾ ਪਾਜ ਉਘਾੜਣ ਦਾ ਯਤਨ ਕਰਦਾ ਹੈ ਤਾਂ ਇਹ ਉਸ ਨੂੰ ਡੱਸਣੋਂ ਵੀ ਸੰਕੋਚ ਨਹੀਂ ਕਰਦੇ। ਇਨ੍ਹਾਂ ਨੂੰ ਸਪੇਰੇ ਦੇ ਗ਼ੁਲਾਮ ਬਣ ਕੇ ਰਹਿਣਾ ਪੈਂਦਾ ਹੈ। ਪਰ, ਜੇ ਕਿਤੇ ਅਣਜਾਣੇ ਵਿੱਚ ਆਪਣੀ ਮਰਜ਼ੀ ਨਾਲ ਜ਼ਰਾ ਵੀ ਹਿਲ ਜੁਲ ਕਰਨ ਤਾਂ ‘ਸਪੇਰੇ’ ਦਾ ਅਜਿਹਾ ਠੁੱਡ ਵੱਜਦਾ ਹੈ ਕਿ ਦੰਦ ਹਮੇਸ਼ਾ ਲਈ ਖੱਟੇ ਤੇ ਨਿਕਾਰੇ ਹੋ ਜਾਂਦੇ ਹਨ, ਤੇ ਸਾਰੀ ਉਮਰ ਆਪਣੀਆਂ ਕਰਤੂਤਾਂ ਦੀ ਗੰਦੀ ਧੂੜ ਵਿੱਚ ਰੀਂਗਦੇ ਰੀਂਗਦੇ ਹੀ ਮਰ ਜਾਂਦੇ ਹਨ।
‘ਤ੍ਰਿਗਦ ਜੋਨਿ’ ਵਿੱਚ ਵਿਚਰਦੇ, ਤੇ ਵਿਸਟਾ ਵਿੱਚ ਰੀਂਗਦੇ ਇਹ ਅਧਰਮੀ ਲੋਕ ਭੇਖੀ ਬਾਣਿਆਂ ਤੇ ਚਿਂਨ੍ਹਾਂ ਨਾਲ ਆਪਣਾ ਅਸਲੀ ਰੂਪ ਛੁਪਾ ਕੇ ‘ਮਲੂਕੀ ਵੇਸ’ ਧਾਰਨ ਕਰ ਲੈਂਦੇ ਹਨ। ਸੰਤ, ਸਾਧ, ਬਾਬਾ, ਗੁਰੂ, ਮਹਾਰਾਜ, ਜਥੇਦਾਰ, ਪ੍ਰਧਾਨ, ਪੁਜਾਰੀ ਪ੍ਰਚਾਰਕ ਤੇ ਸੇਵਾਦਾਰ ਵਗ਼ੈਰਾ ਦਾ ਟਿੱਕਾ ਲਾਕੇ ਦੇਸ-ਬਿਦੇਸ ਲੋਕਾਂ ਦੀ ਮਿਹਨਤ ਨਾਲ ਕਮਾਈ ਦੌਲਤ ਹੂੰਝਦੇ ਫਿਰਦੇ ਹਨ। ਇਹੀ ਇਨ੍ਹਾਂ ਦਾ ‘ਧਰਮ’ ਹੈ! ! ! ਇਨ੍ਹਾਂ ਦੀਆਂ ਦੇਸ ਬਿਦੇਸ ਦੀਆਂ ਫੇਰੀਆਂ ਦੌਰਾਨ ਕਦੀ ਵੀ ਇਨ੍ਹਾਂ ਦੇ ਮੂਹੋਂ ਇੱਕ ਵੀ ਅੱਖਰ ਅਜੇਹਾ ਨਹੀਂ ਸੁਣਿਆਂ ਜਿਸ ਤੋਂ ਗੁਰ-ਗਿਆਨ ਦੀ ਮਹਿਕ ਆਉਂਦੀ ਹੋਵੇ। ਇਹ ‘ਝੂਠ’ ਦੇ ਪੈਗ਼ੰਬਰ ਜਿੱਥੇ ਵੀ ਜਾਂਦੇ ਹਨ, ਸਕੰਕ
(skunk) ਵਾਂਗ ਸੜ੍ਹਿਆਂਦ ਖਿਲਾਰਕੇ ਤੁਰਦੇ ਬਣਦੇ ਹਨ।
ਗੁਰਬਾਣੀ ਸੱਚੇ ਸੁੱਚੇ ਅਧਿਆਤਮਕ ਅਸੂਲਾਂ ਦਾ ਸੰਗ੍ਰਹਿ ਹੈ। ਜਿਹੜੀਆਂ ਰੀਤਾਂ ਇਨ੍ਹਾਂ ਕੁੰਡਲੀ ਵਾਲੇ ਸੱਪਾਂ ਨੇਂ ਗੁਰਧਾਮਾਂ `ਤੇ ਪ੍ਰਚੱਲਿਤ ਕੀਤੀਆਂ ਹੋਈਆਂ ਹਨ ਉਨ੍ਹਾਂ ਵਿੱਚੋਂ ਇੱਕ ਦੀ ਵੀ ਗਵਾਹੀ ਗੁਰਬਾਣੀ ਵਿੱਚੋਂ ਨਹੀਂ ਮਿਲਦੀ! ! ਅਤੇ ਜੋ ਗੁਰ-ਹੁਕਮ ਗੁਰੂ ਗ੍ਰੰਥ ਵਿੱਚ ਅੰਕਿਤ ਹਨ ਉਨ੍ਹਾਂ ਵਿੱਚੋਂ ਇੱਕ ਦੀ ਵੀ ਪਾਲਣਾ ਕਿਸੇ ਵੀ ਧਰਮ-ਸਥਾਨ ਉੱਤੇ ਹੁੰਦੀ ਨਜ਼ਰ ਨਹੀਂ ਆਉਂਦੀ! ! ! ! ਸੰਖੇਪ ਵਿੱਚ, ਧਰਮ-ਸਥਾਨਾਂ ਉੱਤੇ ਅਧਰਮੀ ਅਗਿਆਨ, ਸਵਾਰਥੀ, ਮਾਇਆਧਾਰੀ ਮਨਮੱਤੀਆਂ ਦਾ ਰਾਜ ਹੈ। ਸੰਸਾਰ ਵਿੱਚ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ ਜਿੱਥੇ ਕਿ ਨਿਰੋਲ ਗੁਰਮਤਿ ਦੀ ਗੱਲ ਹੁੰਦੀ ਹੋਵੇਗੀ ਅਤੇ ਵਿਰਲੇ ਹੀ ਅਜਿਹੇ ਪ੍ਰਚਾਰਕ ਹਨ ਜੋ ਕਿ ਨਿਰੋਲ ਗੁਰਮਤਿ ਦੀ ਗੱਲ ਕਰਦੇ ਹਨ।
ਸੰਸਾਰ ਦੀ ਸਰਵਸ੍ਰੇਸ਼ਟ ਫ਼ਿਲਾਸਫੀ ‘ਗੁਰਮੱਤ’ ਨੂੰ ਭੇਖੀ ਮਾਇਆਧਾਰੀਆਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਲਈ ਸੁਹਿਰਦ ਲੇਖਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰ-ਗਿਆਨ ਪੂਰਨ ਲਿਖਤਾਂ ਦੇ ਮਾਧਿਅਮ ਦੁਆਰਾ ਲੋਕਾਂ ਨੂੰ ਜਾਗ੍ਰਿਤ ਕਰਨ! ਲਿਖਤਾਂ ਵਿੱਚ ਹਵਾਲਾ ਕੇਵਲ ਗੁਰਬਾਣੀ ਵਿੱਚੋਂ ਹੀ ਦਿੱਤਾ ਜਾਵੇ। ਊਟਪਟਾਂਗ ਕਹਾਣੀਆਂ ਲਿੱਖਣ ਦੀ ਲੋੜ ਨਹੀਂ। ਮਨਮੱਤੀਆਂ ਦੁਆਰਾ ਲਿਖੇ ਅਖਾਉਤੀ ਗ੍ਰੰਥ, ਰਹਿਤਨਾਮੇ, ਨਸੀਹਤਨਾਮੇ ਤੇ ਰਹਿਤ ਮਰਿਯਾਦਾ ਵਗ਼ੈਰਾ ਦਾ ਪੂਰਨ ਪਰਿਤਿਆਗ ਕੀਤਾ ਜਾਵੇ।
ਸੰਪਾਦਕੀ ਬੋਰਡ




.