.

ਜੂਨੀਆਂ ਵਾਲਾ ਵਿਸ਼ਾ ਤੇ ਗੁਰਮਤਿ

ਕਮਿਉਨਿਜ਼ਮ ਦਾ ਸਿੱਖ ਧਰਮ `ਤੇ ਗੁੱਝਾ ਤੇ ਭਿਆਨਕ ਵਾਰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਨੁੱਖਾ ਸਰੀਰ ਦੀ ਉਤਮਤਾ- ਅਕਾਲਪੁਰਖ ਬਖ਼ਸ਼ਿਸ਼ ਕਰਦਾ ਹੈ ਤਾਂ ਅਰਬਾਂ-ਖਰਬਾਂ ਜੂਨੀਆਂ ਚੋਂ ਕੱਢ ਕੇ ਸਾਨੂੰ ਮਨੁੱਖਾ ਸਰੀਰ (ਮਨੁੱਖਾ ਜੂਨ) ਬਖ਼ਸ਼ਦਾ ਹੈ। ਇਹ ਜੂਨ ਇਸ ਲਈ ਮਿਲਦੀ ਹੈ ਕਿ ਸਾਧਸੰਗਤ `ਚ ਆ ਕੇ ਗੁਰੂ-ਗੁਰਬਾਣੀ ਦੀ ਸਿਖਿਆ ਅਨੁਸਾਰ ਜੀਵਨ ਦੀ ਤਿਆਰੀ ਕਰ ਸਕੀਏ। ਇਸ ਜੀਵਨ ਚੋਂ ਹਊਮੇ ਆਦਿ ਵਿਕਾਰਾਂ ਦਾ ਵਿਨਾਸ ਕਰੀਏ। ਇਸ ਤਰ੍ਹਾਂ ਸੰਸਾਰਿਕ ਅਉਗੁਣਾਂ ਤੋਂ ਛੁਟਕਾਰਾ ਪਾ ਕੇ ਜੀਵਨ ਨੂੰ ਕੁੰਦਨ ਬਣਾਈਏ ਅਤੇ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਅਨੁਸਾਰ ਅਸੀਂ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੀਏ, ਜਿਸ ਤੋਂ ਸਾਨੂੰ ਮੁੜ ਜਨਮ ਮਰਣ ਦੇ ਗੇੜ੍ਹ `ਚ ਨਾ ਆਉਣਾ ਪਵੇ।

ਉਪ੍ਰੰਤ ਜੇ ਕਰ ਪ੍ਰਾਪਤ ਮਨੁੱਖਾ ਜਨਮ ਵੀ ਅਸਫ਼ਲ ਹੋ ਜਾਵੇ ਤਾਂ ਜੀਵ ਨੂੰ ਵਾਪਸ ਜੂਨਾਂ ਹੀ ਭੋਗਣੀਆਂ ਤੇ ਜਨਮ-ਮਰਣ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ। ਇਹ ਕ੍ਰਮ ਉਦੋਂ ਤੀਕ ਚਲਦਾ ਹੈ, ਜਦੋਂ ਤੀਕ ਜੀਵ ਪ੍ਰਭੂ ਮਿਲਾਪ ਵਾਲੀ ਅਵਸਥਾ ਨੂੰ ਹੀ ਪ੍ਰਾਪਤ ਨਹੀਂ ਕਰ ਲੈਂਦਾ। ਉਪ੍ਰੰਤ ਅਜਿਹੀ ਪ੍ਰਾਪਤੀ ਲਈ ਕੇਵਲ ਮਨੁੱਖਾ ਜੂਨੀ ਹੀ ਇਕੋ ਇੱਕ ਅਵਸਰ ਹੁੰਦਾ ਹੈ। ਜਦਕਿ ਬਾਕੀ ਬੇਅੰਤ ਜੂਨੀਆਂ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮਾੜੇ ਕਰਮਾਂ ਦੇ ਲੇਖੇ-ਜੋਖੇ ਦੀ ਸੀਮਾ ਤੀਕ ਹੀ ਸੀਮਤ ਹੁੰਦੀਆਂ ਹਨ, ਇਸ ਤੋਂ ਅੱਗੇ ਨਹੀਂ।

ਗੁਰਬਾਣੀ, ਬਿਨਾ ਵਿਤਕਰਾ ਹਰੇਕ ਮਨੁੱਖ ਲਈ ਇਕੋ ਜਿਹੀ ਸੇਧ ਤੇ ਸਿਖਿਆ ਹੈ। ਗੁਰਬਾਣੀ ਹਰੇਕ ਮਨੁੱਖ ਨੂੰ ਪੁਕਾਰ ਪੁਕਾਰ ਕੇ, ਮਨੁਖਾ ਜੂਨ ਦੇ ਇਸ ਸੱਚ ਲਈ ਪ੍ਰੇਰ ਰਹੀ ਹੈ। ਗੁਰਬਾਣੀ ਹਰੇਕ ਲਈ ਚੇਤਾਵਣੀ ਹੈ ਕਿ ਮਨੁਖਾ ਜਨਮ ਵਾਲਾ ਇਹ ਅਵਸਰ ਗੁਆਉਣ ਤੇ ਬਿਰਥਾ ਕਰਣ ਵਾਲਾ ਨਹੀਂ। ਇਥੇ ਮਨੁੱਖਾ ਜੂਨ ਦੀ ਸਫ਼ਲਤਾ ਲਈ ਪ੍ਰੇਰਣਾ ਹਰੇਕ ਲਈ ਹੈ, ਕੁੱਝ ਵਿਸ਼ੇਸ਼ ਬੰਦਿਆਂ ਲਈ ਨਹੀਂ। ਜਦਕਿ, ਗੁਰਬਾਣੀ ਦਾ ਹੀ ਇਹ ਵੀ ਫ਼ੈਸਲਾ ਹੈ ਕਿ ਇਹ ਅਵਸਰ ਤਾਂ ਚਾਹੇ ਹਰੇਕ ਮਨੁੱਖ ਲਈ ਹੈ ਤਾਂ ਵੀ “ਗੁਰਮੁਖਾ ਮਨਿ ਪਰਗਾਸੁ ਹੈ, ਸੇ ਵਿਰਲੇ ਕੇਈ ਕੇਇ” (ਪ: ੮੨) ਇਸ ਨੂੰ ਸੰਭਾਲਣ ਵਾਲੇ ਵਿਰਲੇ ਹੀ ਹੁੰਦੇ ਹਨ। ਨਹੀਂ ਤਾਂ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: ੪੬੮) ਜਾਂ “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ” (ਪੰ: ੬੯੨) ਮਨੁੱਖਾ ਜਨਮ ਪ੍ਰਾਪਤ ਕਰਣ ਤੋਂ ਬਾਅਦ ਵੀ, ਇਸ ਨੂੰ ਬਿਰਥਾ ਕਰ ਕੇ ਮੁੜ ਜੂਨਾਂ ਦੇ ਗੇੜ੍ਹ `ਚ ਪੈਣ ਵਾਲੇ ਹੀ ਬਹੁਤੇ ਹੁੰਦੇ ਹਨ।

ਸਾਮਵਾਦ ਅਥਵਾ ਕਮਿਉਨਿਜ਼ਮ-ਸੰਸਾਰ ਭਾਰ ਦੀਆਂ ਰਾਜਨੀਤਕ ਪਾਰਟੀਆਂ ਵਿਚੋਂ, ਠੀਕ ਜਾਂ ਗ਼ਲਤ ਪਰ ਅਕੱਟ ਸਚਾਈ ਹੈ ਕਿ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ ਆਪਣਾ ਵਿਸ਼ੇਸ਼ ਸਥਾਨ ਰਖਦੀ ਹੈ। ਹੋਰ ਤਾਂ ਹੋਰ ਚੀਨ ਤੇ ਰੂਸ ਵਰਗੇ ਦੇਸ਼ਾਂ `ਚ ਤਾਂ ਅੱਜ ਰਾਜਸੱਤਾ ਹੀ ਇਸੇ ਪਾਰਟੀ ਕੋਲ ਹੈ। ਭਾਰਤ `ਚ ਵੀ ਇਸ ਪਾਰਟੀ ਦਾ ਵਿਸ਼ੇਸ਼ ਪ੍ਰਭਾਵ ਹੈ।

ਮੂਲ ਰੂਪ `ਚ ਇਸ ਪਾਰਟੀ ਦੀ ਸੋਚ ਦਾ ਆਧਾਰ ਹੀ ਨਾਸਤਿਕਤਾ ਹੈ। ਇਹ ਲੋਕ ਪ੍ਰਮਾਤਮਾ-ਅਕਾਲਪੁਰਖ ਦੀ ਹੋਂਦ ਤੋਂ ਹੀ ਇਨਕਾਰੀ ਹੁੰਦੇ ਹਨ। ਇਸ ਪਾਰਟੀ ਦੇ ਦੋ ਸੰਚਾਲਕ ਹਨ ਲੈਨਿਨ ਤੇ ਕਾਰਲ ਮਾਰਕਸ। ਇਸ ਲਈ ਪਾਰਟੀ ਦੇ ਵੀ ਦੋ ਮੁੱਖ ਧੜੇ ਹਨ ਲੈਨਿਨਵਾਦ ਤੇ ਮਾਰਕਸਿਸਟ। ਬੇਸ਼ੱਕ ਇਹਨਾ ਦੋਨਾਂ ਦੀ ਆਪਸੀ ਵਿਚਾਰਧਾਰਾ `ਚ ਭਰਵਾਂ ਵਿਰੋਧ ਹੈ, ਇਸ ਦੇ ਬਾਵਜੂਦ ਦੋਨਾਂ ਦਾ ਆਧਾਰ ਨਾਸਤਿਕਤਾ ਹੀ ਹੈ।

ਸਾਮਵਾਦ ਭਾਵ ਕਮਿਉਨਿਜ਼ਮ ਦਾ ਜਨਮ-ਸਪਸ਼ਟ ਹੈ, ਜਦੋਂ ਸਾਮਵਾਦੀਆਂ ਭਾਵ ਕਮਿਉਨਿਸਟਾਂ ਦਾ ਅਕਾਲਪੁਰਖ ਦੀ ਹੋਂਦ `ਚ ਹੀ ਵਿਸ਼ਵਾਸ ਨਹੀਂ ਤਾਂ ਉਹਨਾਂ ਦੀ ਸੋਚ `ਚ ਰੱਬ ਜੀ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ? ਕਿਉਂਕਿ ਕਮਿਉਨਿਜ਼ਮ ਜਾਂ ਸਾਮਵਾਦ ਦਾ ਜਨਮ ਹੀ ਧਾਰਮਿਕ ਲੁੱਟ-ਖੋਹ-ਅੰਧਵਿਸ਼ਵਾਸ, ਜਾਗੀਰਦਾਰੀ ਨਿਜ਼ਾਮ, ਮਿਲ ਮਾਲਿਕਾਂ ਆਦਿ ਰਾਹੀਂ ਗ਼ਰੀਬਾਂ ਮਜ਼ਦੂਰਾਂ `ਤੇ ਕੀਤੇ ਜਾ ਰਹੇ ਬੇਇੰਤਹਾ ਜ਼ੁਲਮ ਦਾ ਨਤੀਜਾ ਸੀ। ਦੱਬੇ-ਕੁਚਲੇ ਤੇ ਬੇਬੱਸ ਬਣਾ ਕੇ ਵਰਤੇ ਜਾ ਰਹੇ ਲੋਕਾਂ ਦੇ ਚੂਸੇ ਜਾ ਰਹੇ ਖੂਨ `ਚੋਂ ਬਗ਼ਾਵਤ ਦੀ ਉਪਜ ਸੀ, ਇਹ ਪਾਰਟੀ। ਇਸ ਤਰ੍ਹਾਂ ਮਨੁੱਖ ਰੂਪ `ਚ ਹੀ ਜ਼ਾਲਮਾਂ ਦੀ ਬਰਬਰਤਾ ਦੇ ਵਿਰੋਧ ਦੀ ਹੀ ਉਪਜ ਹੈ ਕਮਿਉਨਿਸਟ ਪਾਰਟੀ। ਇਸੇ ਲਈ ਇਸ ਲਹਿਰ ਦਾ ਅਰੰਭ ਹੀ ਅਮੀਰਾਂ ਦੀ ਲੁੱਟ-ਖੋਹ, ਕਤਲੋਗ਼ਾਰਤ ਤੇ ਉਹਨਾਂ ਦੀ ਤੱਬਾਹੀ ਤੋਂ ਹੋਇਆ ਸੀ। ਅਸਲ `ਚ ਇਹ ਸਾਰਾ ਉਹੀ ਢੰਗ ਸੀ, ਜਿਸ ਬਣੇ ਬਣਾਏ ਢੰਗ ਨੂੰ, ਰੂਸ ਦੇ ਹੀ ਹੱਥਠੋਕੇ ਬਣ ਕੇ ਜਨੂੰਨੀ ਤੇ ਸਿੱਖ ਵਿਰੋਧੀ ਤੱਤਵ ਨੇ, ਸੰਨ ੧੯੮੪ `ਚ ਸਾਂਝੀ ਵਾਲਤਾ ਦੇ ਪੁਜਾਰੀ ਤੇ ਦਲਿਤਾਂ-ਕੁਚਲਿਆਂ-ਪਛੜਿਆਂ ਦੇ ਹਮਦਰਦ, ਨਿਰਦੋਸ਼ ਸਿੱਖਾਂ `ਤੇ ਦੋਹਰਾਇਆ ਤੇ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਆਪਣੀ ਮਾਨਸਿਕ ਕਾਲਖ ਦਾ ਸਬੂਤ ਦਿੱਤਾ ਸੀ।

ਸਪਸ਼ਟ ਹੈ ਚੂੰਕਿ ਇਸ ਲਹਿਰ ਦਾ ਜਨਮ ਹੀ ਮਨੁੱਖੀ ਭਾਈਚਾਰੇ `ਚੋਂ ਨਹੀਂ ਬਲਕਿ ਵਿਰੋਧ ਤੇ ਬਦਲੇ ਦੀ ਅੱਗ `ਚੋਂ ਨਾਸਤਿਕਤਾ ਦੇ ਰੂਪ `ਚ ਹੋਇਆ ਸੀ। ਇਸ ਲਈ ਇਹਨਾ ਲੋਕਾਂ ਅੰਦਰ ਕਿਸੇ ਲਈ ਵੀ ਇਨਸਾਨੀ ਹਮਦਰਦੀ, ਦਿਆ, ਪਰਉਪਕਾਰ, ਸੰਤੋਖ, ਮਿਲਵਰਤਨ ਤੇ ਆਪਣੇ-ਪਣ ਆਦਿ ਵਾਲੀ ਭਾਵਨਾ ਨਹੀਂ ਸੀ। ਇਹ ਲੋਕ ਜਨਮ ਤੋਂ ਹੀ ਅਜਿਹੇ ਰੱਬੀ ਗੁਨਾਂ ਤੋਂ ਖਾਲੀ ਸਨ। ਜਿਸ ਦਾ ਵੱਡਾ ਸਬੂਤ ਹੈ ਕਿ ਜਨਮ ਲੈਂਦੇ ਸਾਰ ਹੀ ਰੂਸ, ਚੀਨ ਆਦਿ `ਚ ਇਸ ਲਹਿਰ ਦੇ ਅੰਦਰੂਨੀ ਹਾਲਾਤ ਤੇ ਲਹਿਰ ਦੀ ਤਬਾਹੀ ਵੀ ਸੰਸਾਰ ਸਾਹਮਣੇ ਆ ਚੁੱਕੀ ਹੈ।

ਰੱਬੀ ਗੁਨਾਂ ਦੀ ਹੋਂਦ ਤੋਂ ਖਾਲੀ ਹੈ ਸਾਮਵਾਦ- ਇਕੋ ਇੱਕ ਕਰਤੇ ਤੋਂ ਅਣਜਾਣ ਇਹ ਲੋਕ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯) ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰ: ੧੩) ਵਾਲੇ ਰੱਬੀ ਸੱਚ ਨੂੰ ਕਿਵੇਂ ਸਮਝ ਸਕਦੇ ਸਨ। ਇਹਨਾ ਲੋਕਾਂ ਨੂੰ ਗੁਰਬਾਣੀ ਵਿਚਲੇ ਤੇ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਕੀਤੇ ਸੱਚੇ ਸਾਮਵਾਦ ਨਾਲ ਪਿਆਰ ਜਾਗਿਆ। ਸਿਖੀ ਜੀਵਨ ਅੰਦਰ ਸਾਰਿਆਂ ਲਈ ਅਪਣਤ ਤਾਂ ਦਿਖਾਈ ਦਿੱਤੀ ਪਰ ਰੱਬ ਦੀ ਅਣਹੋਂਦ ਬਾਰੇ ਆਪਣੇ ਪੱਕ ਚੁੱਕੇ ਵਿਚਾਰਾਂ ਚੋਂ ਇਹ ਲੋਕ ਫ਼ਿਰ ਵੀ ਨਾ ਉਭਰ ਸਕੇ। ਸ਼ਾਇਦ ਇਸ `ਚ ਬਹੁਤਾ ਦੋਸ਼ ਇਹਨਾ ਦਾ ਵੀ ਨਹੀਂ ਸੀ ਬਲਕਿ ਭਾਰਤ ਭੂਮੀ `ਚ ਜੜ੍ਹਾਂ ਜਮਾ ਚੁੱਕੇ ਧਰਮ ਦੇ ਨਾਮ ਹੇਠ ਤੇ ਧਰਮ ਦੇ ਪਰਦੇ `ਚ ਅਧਰਮ, ਅੰਧਵਿਸ਼ਵਾਸਾਂ ਤੇ ਗਰੀਬਾਂ, ਮਜ਼ਲੂਮਾ, ਦਲਿਤਾਂ, ਪਛੜਿਆਂ `ਤੇ ਹੋ ਰਹੇ ਜ਼ੁਲਮਾਂ ਦਾ ਹੀ ਸੀ। ਇਸੇ ਅਧਰਮ ਤੇ ਅੰਧਵਿਸ਼ਵਾਸ ਦੇ ਘੁੱਪ ਹਨੇਰੇ `ਚ ਇਹਨਾ `ਤੇ ਹੋ ਰਹੀ ਬਰਬਰਤਾ ਦਾ ਸੀ, ਜਿਸ `ਚੋਂ ਇਹ ਸਹਿਜੇ ਨਿਕਲ ਵੀ ਨਹੀਂ ਸਨ ਸਕਦੇ।

ਇਕੋ ਇੱਕ ਕਾਦਿਰ ਬਾਰੇ ਅਗਿਆਵਤਾ ਦਾ ਨਤੀਜਾ, ਇਹ ਵਿਚਾਰੇ ਇਨਸਾਨੀ ਹਮਦਰਦੀ, ਦਿਆ, ਪਰਉਪਕਾਰ, ਸੰਤੋਖ, ਮਿਲਵਰਤਨ ਤੇ ਆਪਣੇ-ਪਣ ਆਦਿ ਵਰਗੇ ਰੱਬੀ ਗੁਨਾਂ ਤੋਂ ਹੀ ਸਖਣੇ ਰਹਿ ਗਏ ਤੇ ਸੱਚ ਧਰਮ ਵੱਲ ਨਾ ਵੱਧ ਸਕੇ। ਇਹ ਲੋਕ ਨਾ ਤਾਂ ਮਨੁੱਖਾ ਜੀਵਨ ਦੀ ਅਸਲੀਅਤ ਤੱਕ ਪਹੁੰਚ ਸੱਕੇ ਤੇ ਨਾ ਹੀ ਇਸ ਦੀ ਪਹਿਚਾਣ ਹੀ ਕਰ ਸੱਕੇ। ਕਾਸ਼! ਗੁਰੂ ਕੇ ਸਿੱਖ, ਗੁਰਬਾਣੀ ਆਧਾਰਿਤ ਆਪਣੀ ਸੱਚ ਦੀ ਕਰਣੀ ਰਾਹੀਂ, ਉਹਨਾਂ ਅੰਦਰ ਵੀ ਇਸ ਰੱਬੀ ਸੱਚ ਦਾ ਉਜਾਲਾ ਕਰ ਸਕਦੇ। ਚੂਂਕਿ ਅੱਜ ਗੁਰਬਾਣੀ ਵਾਲੀ ਇਹ ਸੱਚ ਕਰਣੀ, ਤਾਂ ਬਹੁਤਾ ਕਰਕੇ ਖੁਦ ਸਿੱਖਾਂ ਅੰਦਰੋਂ ਹੀ ਗੁਆਚੀ ਪਈ ਸੀ, ਇਸ ਲਈ ਉਹਨਾਂ ਦੀ ਇਹ ਸੰਭਾਲ ਕਰਦੇ ਵੀ ਤਾਂ ਕਿਵੇਂ?

ਕਮਿਉਨਿਜ਼ਮ, ਗੁਰਬਾਣੀ ਤੇ ਜਨਮ ਮਰਣ- ਹੁਣ ਵਿਸ਼ਾ ਹੈ ਜਨਮ ਮਰਣ ਦਾ। ਸਪਸ਼ਟ ਹੈ ਜਦੋਂ ਇਹ ਲੋਕ ਰੱਬ ਦੀ ਹੋਂਦ ਤੋਂ ਹੀ ਇਨਕਾਰੀ ਹਨ ਤਾਂ ਇਹਨਾ ਲਈ ਜਨਮ ਤੋਂ ਪਹਿਲਾਂ ਤੇ ਬਾਅਦ ਵਾਲਾ ਵਿਸ਼ਾ, ਜਿਸ ਨੂੰ ਜਨਮ ਮਰਣ ਦਾ ਵਿਸ਼ਾ ਵੀ ਕਿਹਾ ਜਾਂਦਾ ਹੈ, ਕੁੱਝ ਵੀ ਅਰਥ ਨਹੀਂ ਰਖਦਾ। ਫ਼ਿਰ ਇਹ ਜਨਮ-ਮਰਨ ਦੀ ਵਿਚਾਰਧਾਰਾ ਚਾਹੇ ਬ੍ਰਾਹਮਣੀ ਹੋਵੇ, ਇਸਾਈ ਮੱਤ ਵਾਲੀ, ਇਸਲਾਮ ਤੇ ਭਾਵੇਂ ਗੁਰਮਤਿ-ਗੁਰਬਾਣੀ ਰਾਹੀਂ ਪ੍ਰਗਟ ਸਦੀਵੀ ਸੱਚ `ਤੇ ਆਧਰਿਤ ਨਿਵੇਕਲੀ ਜਾਂ ਸੰਸਾਰ ਭਰ ਦੀ ਕੋਈ ਵੀ ਹੋਰ ਦੂਸਰੀ, ਇਹਨਾ ਨੂੰ ਕੀ? ਉਹਨਾਂ ਅਨੁਸਾਰ ਤਾਂ ਮਨੁੱਖ ਜਨਮ ਲੈਂਦਾ ਹੈ ਤੇ ਜੀਵਨ ਭੁਗਤਾਅ ਕੇ ਮਰ ਜਾਂਦਾ ਹੈ। ਨਾ ਹੀ ਇਸ ਦਾ ਕੋਈ ਪਿਛੋਕੜ ਹੈ ਤੇ ਨਾ ਮੌਤ ਤੋਂ ਬਾਅਦ ਇਸ ਦਾ ਵਜੂਦ। ਇਸ ਤਰ੍ਰਾਂ ਕਮਿਉਨਿਸਟਾਂ ਅਥਵਾ ਸਾਮਵਾਦੀਆਂ ਦੀ ਸੋਚ `ਚ ਗੁਰਬਾਣੀ ਦੀ ਸਰਬ ਉੱਤਮਤਾ ਅਤੇ ਜਨਮ-ਮਰਨ ਦੇ ਵਿਸ਼ੇ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ? ਬਲਕਿ ਇਹ ਵੀ ਸੰਭਵ ਹੈ ਕਿ ਹੱਥਲੇ ਸਿਰਲੇਖ “ਕਮਿਉਨਿਜ਼ਮ, ਗੁਰਬਾਣੀ ਤੇ ਜਨਮ ਮਰਣ” ਨੂੰ ਪੜ੍ਹ ਕੇ ਹੀ ਕੁੱਝ ਸੱਜਨ ਇਸ ਨੂੰ ਅਟਪਟਾ ਸਿਰਲੇਖ ਮਿਥ ਬੈਠਣ। ਕਿਉਂਕਿ ਕਿੱਥੇ ਗੁਰਬਾਣੀ ਵਾਲਾ ਸਰਬਉੱਤਮ ਜੀਵਨ ਜਿਸ ਦਾ ਆਦਿ ਤੇ ਅੰਤ ਪੂਰੀ ਤਰ੍ਹਾਂ ੴ `ਤੇ ਆਧਾਰਿਤ ਹੈ ਅਤੇ ਕਿਥੇ ਕਮਿਉਨਿਸਟ ਵਿਚਾਰਧਾਰਾ, ਜੋ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੈ।

ਗੁਰਮਤਿ ਤੇ ਕਮਿਉਨਿਜ਼ਮ, ਕੁੱਝ ਪਾੜੇ- ਦੇਖਣਾ ਹੈ “ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ” (ਬਾਣੀ ਜਪੁ) ਭਾਵ ਕਰਤਾਰ ਦੀ ਬਖ਼ਸ਼ਿਸ਼ ਵਾਲਾ ਪੱਖ ਤੇ ਇਹੀ ਗੁਰਮਤਿ ਦਾ ਧੁਰਾ ਵੀ ਹੈ। ਗੁਰਬਾਣੀ ਦੀ ਹਰੇਕ ਰਚਨਾ ਅਕਾਲਪੁਰਖ ਦੀ ਬਖ਼ਸ਼ਿਸ਼ ਦੀ ਹੀ ਪਛਾਣ ਕਰਵਾ ਰਹੀ ਹੈ। ਕਾਦਿਰ ਦੀ ਬਖ਼ਸ਼ਿਸ਼ ਦਾ ਪਾਤਰ ਬਣ ਕੇ, ਪ੍ਰਾਪਤ ਮਨੁੱਖਾ ਜਨਮ ਦੀ ਸਫ਼ਲਤਾ ਲਈ ਪ੍ਰੇਰ ਰਹੀ ਹੈ। ਗੁਰਬਾਣੀ `ਚ ਅਕਾਲਪੁਰਖ ਦੀ ਇਸੇ ਹੀ ਬਖ਼ਸ਼ਿਸ਼ ਵਾਲੀ ਦਾਤ ਨੂੰ ਕਾਦਿਰ ਦਾ ਰਹਿਮ, ਕਰਮ, ਨਦਰਿ, ਪ੍ਰਸਾਦਿ ਆਦਿ ਹੋਰ ਵੀ ਲਫ਼ਜ਼ਾਂ ਨਾਲ ਬਿਆਣਿਆ ਹੈ।

ਦੂਜੇ ਪਾਸੇ ਕਮਿਉਨਿਜ਼ਮ `ਚ ਤਾਂ ਬਖ਼ਸ਼ਿਸ਼ ਵਾਲੇ ਵਿਸ਼ੇ ਦਾ ਵਜੂਦ ਹੀ ਨਹੀਂ। ਉਥੇ ਤਾਂ ਹਰੇਕ ਕਰਣੀ ਤੇ ਸੋਚਣੀ ਮੈ-ਹਉਮੈ `ਤੇ ਹੀ ਖੜੀ ਹੈ। ਜਦਕਿ ਇਧਰ “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ” (ਪੰ: ੪੬੯) ਵਾਲੀ ਬਿਰਤੀ ਤਿਆਰ ਕਰਣ ਲਈ ਹਿਦਾਇਤਾਂ ਹਨ।

ਪ੍ਰਭੂ ਚਰਨਾਂ `ਚ ਅਰਦਾਸ- ਗੁਰਬਾਣੀ ਖਜ਼ਾਨੇ `ਚ ਹਜ਼ਾਰਾਂ ਪ੍ਰਮਾਣ ਤੇ ਸ਼ਬਦ ਹਨ ਜੋ ਮਨੁੱਖ ਨੂੰ ਮੈ-ਹਉਮੈ ਵਾਲੇ ਦੀਰਘ ਰੋਗ ਚੋਂ ਕੱਢ ਕੇ ਕਰਤਾਰ ਦੇ ਚਰਨਾਂ `ਚ ਅਰਦਾਸ ਕਰਣ ਦਾ ਢੰਗ ਸਿਖਾਅ ਰਹੇ ਹਨ। ਗੁਰਦੇਵ ਇਸੇ ਅਰਦਾਸ ਵਾਲੀ ਬਿਰਤੀ ਨੂੰ ਹੀ ਪ੍ਰਭੂ ਦਰ `ਤੇ ਪ੍ਰਵਾਣ ਹੋਣ ਵਾਲਾ ਇਕੋ ਇੱਕ ਜੀਵਨ ਰਾਹ ਵੀ ਦੱਸ ਰਹੇ ਹਨ। ਫ਼ੁਰਮਾਅ ਰਹੇ ਹਨ “ਹੋਇ ਨਿਮਾਣੀ ਢਹਿ ਪਈ, ਮਿਲਿਆ ਸਹਜਿ ਸੁਭਾਇ” (ਪੰ: ੭੬੧) ਜਾਂ “ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ॥ ਨਾਨਕ ਕੀ ਪ੍ਰਭ ਬੇਨਤੀ, ਅਪਨੀ ਭਗਤੀ ਲਾਇ” (ਪੰ: ੨੮੯) ਅਤੇ “ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ” (ਪੰ: ੧੨) ਤੇ ਅਜਿਹੇ ਬੇਅੰਤ ਸ਼ਬਦ। ਸਿੱਖ ਦੇ ਤਾਂ ਜੀਵਨ ਦਾ ਆਧਾਰ ਹੀ “ਸੁਨਹੁ ਬਿਨੰਤੀ ਠਾਕੁਰੁ ਮੇਰੇ ਜੀਅ ਜੰਤ ਤੇਰੇ ਧਾਰੇ॥ ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ” (ਪ: ੬੩੧) ਭਾਵ ਪ੍ਰਭੂ ਚਰਨਾਂ `ਚ ਅਰਦਾਸ ਹੀ ਹੈ।

ਇਸ ਤਰ੍ਹਾਂ ਪ੍ਰਭੂ ਵਲੋਂ ਮਨੁੱਖ ਤੇ ਦਿਆ ਤੇ ਜੀਵ ਦੀ ਬਹੁੜੀ ਕਰਣੀ ਆਦਿ ਪ੍ਰਭੂ ਦੇ ਅਜਿਹੇ ਗੁਣ ਤੇ ਪ੍ਰਭੂ ਪਿਆਰ ਵਾਲੇ ਮਨੁੱਖ ਦੇ ਜੀਵਨ ਦੇ ਪੱਖ ਵੀ ਹਣ। ਉਪ੍ਰੰਤ ਜਦੋਂ ਸਾਮਵਾਦੀਆਂ ਅਥਵਾ ਕਮਿਉਨਿਸਟਾਂ ਅੰਦਰ ਕਾਦਿਰ ਦੀ ਹੋਂਦ ਬਾਰੇ ਹੀ ਅਗਿਆਣਤਾ ਹੈ ਤਾਂ ਉਹਨਾਂ ਨੇ ਅਰਦਾਸ ਕਿਸ ਅੱਗੇ ਕਰਣੀ ਹੈ ਤੇ ਬਾਕੀ ਅਜਿਹੇ ਸਾਰੇ ਪੱਖ? ਉਥੇ ਤਾਂ ਇਹ ਸਭ ਆਪਣੇ ਆਪ ਹੀ ਮੁੱਕ ਜਾਂਦੇ ਹਨ। ਇਸ ਤਰ੍ਹਾਂ ਜਦੋਂ ਕਮਿਉਨਿਸਟਾਂ `ਚ ਅਜਿਹੀ ਉੱਤਮ ਤੇ ਸੱਚ ਵਾਲੀ ਸੋਚਣੀ ਦੀ ਬੁਨਿਆਦ ਹੀ ਨਹੀਂ ਤਾਂ ਇਸ ਬਾਰੇ ਉਹਨਾਂ ਕੋਲ ਬਾਕੀ ਬਚਿਆ ਹੀ ਕੀ?

ਉਹਨਾਂ ਦੀ ਹਰੇਕ ਸੋਚਣੀ ਤਾਂ ਮੈ, ਹਉਮੈ `ਤੇ ਹੀ ਖੜੀ ਹੈ। ਉਥੇ ਕਰਤਾ ਅਕਾਲਪੁਰਖ ਨਹੀਂ ਬਲਿਕ ਖੁਦ ਮਨੁੱਖ, ਹੀ ਹੈ। ਜਦਕਿ ਗੁਰਮਤਿ ਵਾਲੇ ਜੀਵਨ ਦਾ ਤਾਂ ਅਰੰਭ ਹੀ ਮੈ ਨਾਹੀ ਕਛੁ ਆਹਿ ਮੋਰਾ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ(ਪੰ: ੩੩੬) ਅਥਵਾ “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ” (ਪੰ: ੨੭੬) ਜਾਂ ਮੈ ਨਾਹੀ ਕਛੁ ਹਉ ਨਹੀਂ ਕਿਛੁ ਆਹਿ ਮੋਰਾ॥ ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ(ਪੰ: ੮੫੮) ਵਾਲੀ ਗੁਰਬਾਣੀ ਸੇਧ ਤੋਂ ਹੀ ਸ਼ੁਰੂ ਹੁੰਦਾ ਹੈ।

ਕਮਿਉਨਿਸਟ ਅਤੇ ਗੁਰਬਾਣੀ ਪ੍ਰਚਾਰ- ਦੇਖਿਆ ਜਾਵੇ ਤਾਂ ਕਿਥੇ ਇੱਕ ਪਾਸੇ ਗੁਰਬਾਣੀ ਦਾ ਉਹ ਸਦੀਵੀ ਸੱਚ ਜਿਸ ਦਾ ਅਰੰਭ ਹੀ ੴ ਤੋਂ ਹੁੰਦਾ ਹੈ। ਇਸ ਤੋਂ ਬਾਅਦ ਦੂਜੇ ਪਾਸੇ ਉਹ ਲੋਕ ਜੋ ਖੁੱਲੇਆਮ ੴ ਭਾਵ ਅਕਾਲਪੁਰਖ ਦੀ ਹੋਂਦ ਤੋਂ ਹੀ ਮਨੁਕਰ ਹਨ। ਫ਼ਿਰ ਵੀ ਕਮਿਉਨਿਸਟ ਭਾਈ, ਗੁਰਬਾਣੀ ਨੂੰ ਆਧਾਰ ਬਣਾ ਕੇ ਗੱਲ ਕਰਣੀ ਚਾਹੁੰਦੇ ਹਨ ਜਾਂ ਗੁਰਬਾਣੀ ਦਾ ਪ੍ਰਚਾਰ ਕਰਣ, ਤਾਂ ਇਹ ਇੱਕ ਅਜੀਬ ਜਿਹਾ ਵਿਸ਼ਾ ਹੈ, ਪਰ ਸਚਾਈ ਹੈ ਕਿ ਇਹ ਹੋ ਵੀ ਰਿਹਾ ਹੈ। ਯਕੀਨਣ ਇਹ ਸਿਖ ਕੌਮ ਨਾਲ ਛੋਟੀ ਜਹੀ ਹੇਰਾਫ਼ੇਰੀ, ਧੋਖਾਧੜੀ ਜਾਂ ਠੱਗੀ ਨਹੀਂ ਜਿਸ ਤੋਂ ਕਿ ਕਿਸੇ ਗੁਰਮਤਿ ਪ੍ਰੇਮੀ ਦੇ ਕੰਨ ਹੀ ਖੜੇ ਨਾ ਹੋ ਜਾਣ। ਸਚਮੁਚ ੧੦੦% ਵਿਰੋਧੀ ਵਿਚਾਰਧਾਰਾ ਦੀ ਇੱਕ ਪਲੇਟਫ਼ਾਰਮ `ਤੇ ਬੈਠ ਕੇ ਗੁਰਬਾਣੀ ਪ੍ਰਚਾਰ ਦੀ ਗੱਲ ਕਰਣੀ ਮੂਲੋਂ ਹੀ ਬੇਜੋੜ ਹੈ। ਜਦਕਿ ਅਕੱਟ ਸਚਾਈ ਹੈ ਕਿ ਅਜਿਹਾ ਅੱਜ ਦਿਨ ਦੀਵੀਂ ਹੋ ਰਿਹਾ ਹੈ ਅਤੇ ਸਿੱਖ ਵਿਰੋਧੀ ਅਥਵਾ ਅਕਾਲਪੁਰਖ ਦੀ ਹੋਂਦ ਤੋਂ ਹੀ ਮਨੁਕਰ ਭਾਵ ਕਮਿਉਨਿਸਟ ਲਾਬੀ ਇਹ ਸਭ ਕੁੱਝ ਧੜੱਲੇ ਨਾਲ ਕਰ ਵੀ ਰਹੀ ਹੈ।

ਇਹ ਤਾਂ ਅਕਾਲਪੁਰਖ ਹੀ ਜਾਣਦਾ ਹੈ ਕਿ ਉਹ ਲੋਕ ਅਜਿਹਾ ਗੁਰਬਾਣੀ ਵਿਚਲੇ ਇਲਾਹੀ ਸਮਵਾਦ ਤੋਂ ਪ੍ਰਭਾਵਿਤ ਹੋ ਕੇ ਤੇ ਗੁਰਬਾਣੀ ਸਤਿਕਾਰ `ਚ ਅਜਿਹਾ ਕਰ ਰਹੇ ਹਨ ਜਾਂ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਤੋਂ ਦੁਰੇਡੇ ਜਾ ਚੁੱਕੀਆਂ ਸਿੱਖ ਸੰਗਤਾਂ ਨੂੰ ਆਪਣੀ ਬੁੱਕਲ `ਚ ਲੈਣ ਲਈ। ਉਪ੍ਰੰਤ ਉਹਨਾਂ ਦੇ ਇਸ ਗੁਰਬਾਣੀ ਪ੍ਰਚਾਰ ਵਾਲੇ ਢੰਗ ਤੋਂ, ਸਿੱਖ ਧਰਮ ਦੇ ਜਿਸ ਪੱਖ ਦੀ ਵੱਡੀ ਅਵਹੇਲਣਾ ਹੋ ਰਹੀ ਹੈ ਉਹ ਇਕੋ ਹੀ ਹੈ, ਉਹ ਹੈ ਸਿੱਖ ਧਰਮ `ਚ ਜਨਮ-ਮਰਣ ਦਾ ਵਿਸ਼ਾ।

ਚੋਗਾ ਤੇ ਸ਼ਿਕਾਰੀ- ਦੇਖਿਆ ਜਾਵੇ ਤਾਂ ਸਚਾਈ ਵੀ ਇਹੀ ਹੈ ਕਿ ਕੋਈ ਸ਼ਿਕਾਰੀ ਜਦੋਂ ਚੋਗਾ ਪਾਉਂਦਾ ਹੈ ਤਾਂ ਆਪਣੀ ਪਸੰਦ ਨੂੰ ਦੇਖ ਕੇ ਚੋਗਾ ਕਦੇ ਨਹੀਂ ਪਾਉਂਦਾ। ਉਹ ਤਾਂ ਪਸੰਦ ਹੀ ਉਸ ਦੀ ਦੇਖਦਾ ਹੈ ਜਿਸ ਨੂੰ ਉਸ ਨੇ ਕਾਬੂ ਕਰਣਾ ਹੈ, ਜਿਸ ਨੂੰ ਉਸ ਨੇ ਆਪਣੇ ਜਾਲ `ਚ ਫ਼ਸਾਉਣਾ ਹੈ ਜਾਂ ਜਿਸ ਦਾ ਉਸ ਨੇ ਸ਼ਿਕਾਰ ਕਰਣਾ ਹੁੰਦਾ ਹੈ। ਨਾ ਕਿ ਉਹ ਇਹ ਦੇਖਦਾ ਹੈ ਕਿ ਉਸ ਦੀ ਆਪਣੀ ਪਸੰਦ ਕੀ ਹੈ। ਮਿਸਾਲ ਵਜੋਂ ਘੰਡੇ ਹੇੜੇ ਦੀ ਆਵਾਜ਼ ਖੁਦ ਹੀ ਹਿਰਨਾ ਨੂੰ ਜਾਲ `ਚ ਫ਼ਸਾਉਣ ਵਾਲੇ ਕੋਲ ਖਿੱਚ ਲਿਆਉਂਦੀ ਹੈ। ਬੀਨ ਦੀ ਆਵਾਜ਼ `ਚ ਮਸਤ ਹੋ ਕੇ ਸਪ ਖੁਦ ਹੀ ਸਪੇਰੇ ਕੋਲ ਚਲੇ ਆਉਂਦੇ ਹਨ। ਖੁੱਲੇ ਪਾਣੀ `ਚ ਤਾਰੀਆਂ ਮਾਰ ਰਹੀ ਮੱਛੀ, ਬਦੋ ਬਦੀ ਮਛੇਰੇ ਦੇ ਜਾਲ `ਚ ਆ ਫ਼ਸਦੀ ਹੈ, ਇਸੇ ਤਰ੍ਹਾਂ ਚਿੜੀਆਂ, ਤੋਤੇ, ਕਬੂਤਰ ਆਦਿ ਬੇਅੰਤ ਜੀਵ।

ਅੱਜ ਪੰਜਾਬ `ਚ ਪਾਖੰਡੀ ਬਾਬੇ `ਤੇ ਦੰਭੀ ਗੁਰੂ ਵੀ ਕੀ ਕਰ ਰਹੇ ਹਨ। ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਤੋਂ ਕੋਹਾਂ ਦੂਰ ਜਾ ਚੁੱਕੀਆਂ ਸੰਗਤਾਂ ਨੂੰ ਗੁਰਬਾਣੀ ਦਾ ਚੋਗਾ ਪਾ ਕੇ ਹੀ ਆਪਣੇ-ਆਪਣੇ ਜਾਲ `ਚ ਫ਼ਸਾ ਰਹੇ ਹਨ। ਜੇ ਸੰਗਤਾਂ ਅੰਦਰ ਗੁਰਬਾਣੀ ਸਤਿਕਾਰ ਦੇ ਨਾਲ ਨਾਲ, ਗੁਰਬਾਣੀ ਸੋਝੀ ਵੀ ਹੁੰਦੀ ਤਾਂ ਦੰਭੀ ਗੁਰੂਆਂ ਤੇ ਪਾਖੰਡੀ ਡੇਰਿਆਂ ਲਈ ਅਜਿਹਾ ਕਰਣਾ ਕਦੇ ਵੀ ਸੰਭਵ ਨਹੀਂ ਸੀ। ਕਾਰਨ ਇਕੋ ਹੈ ਕਿ ਉਥੇ ਚੋਗਾ ਗੁਰਬਾਣੀ ਦਾ ਹੀ ਹੈ, ਜਿਸ ਦੀ ਖਿੱਚ `ਚ ਸੰਗਤਾਂ ਕਤਾਰਾਂ ਲਗਾ ਕੇ ਉਥੇ ਪੁੱਜ ਜਾਂਦੀਆਂ ਹਨ।

ਆਖਿਰ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚ ਵੀ ਤਾਂ ਅਜਿਹੇ ਸ਼ਿਕਾਰੀ ਸਨ। ਜਦਕਿ ਉਹ ਸ਼ਿਕਾਰੀ ਕਿਧਰੋਂ ਬਾਹਰੋਂ ਨਹੀਂ ਬਲਕਿ ਗੁਰੂ ਪ੍ਰਵਾਰਾਂ ਚੋਂ ਹੀ ਸਨ। ਸ੍ਰੀ ਚੰਦ, ਦਾਤੂ ਜੀ, ਪ੍ਰਿਥੀਚੰਦ, ਮੇਹਰਬਾਨ, ਰਾਮਰਾਇ, ਧੀਰਮਲ, ਨੌਵੇਂ ਪਾਤਸ਼ਾਹ ਸਮੇਂ ਬਾਈ ਦੇ ਬਾਈ ਮੰਜੀਦਾਰ; ਚੋਗਾ ਤਾਂ ਉਹਨਾਂ ਨੇ ਵੀ ਗੁਰਬਾਣੀ ਦਾ ਹੀ ਪਾਇਆ ਸੀ। ਫ਼ਿਰ ਵੀ ਹਰੇਕ ਦੀ ਦੁਕਾਨ ਬੁਰੀ ਤਰ੍ਹਾਂ ਅਸਫ਼ਲ ਹੋਈ ਤਾਂ ਕਿਉਂ? ਕਿਉਂਕਿ ਸੰਗਤਾਂ ਗੁਰਬਾਣੀ ਜੀਵਨ ਪੱਖੋਂ ਜਾਗਦੀਆਂ ਸਨ ਅੱਜ ਵਾਂਙ ਸੁਤੀਆਂ ਨਹੀਂ ਸਨ।

ਅੱਜ ਕੀ ਹੋ ਰਿਹਾ ਹੈ? ਦਰ ਅਸਲ ਅੱਜ ਸਿੱਖਾਂ ਨਾਲ ਖੇਡ ਤਾਂ ਇਹੀ ਖੇਡੀ ਜਾ ਰਹੀ ਹੈ। ਕੇਵਲ ਉਹਨਾਂ ਦੰਭੀ ਪਾਖੰਡੀ ਗੁਰੂਆਂ ਤੇ ਡੇਰੇਦਾਰਾਂ ਵੱਲੋਂ ਹੀ ਨਹੀਂ। ਬਚਿਤ੍ਰ ਨਾਟਕ (ਦਸਮ ਗ੍ਰੰਥ), ਗੁਰਬਿਲਾਸ ਪਾ: ਛੇਵੀਂ ਸੂਰਜ ਪ੍ਰਕਾਸ਼ ਤੇ ਹੋਰ ਅਜਿਹੀਆਂ ਰਚਨਾਵਾਂ ਰਸਤੇ ਹੀ ਨਹੀਂ ਬਲਕਿ ਸਾਮਵਾਦੀਆਂ ਭਾਵ ਕਮਿਉਨਿਸਟਾਂ ਵਲੋਂ ਵੀ। ਇਸ ਦੇ ਲਈ ਕਮਿਉਨਿਸਟਾਂ ਨੇ ਵਿਸ਼ਾ ਵੀ ਚੁੰਣਿਆ ਹੈ ਤਾਂ ਜਨਮ-ਮਰਣ ਵਾਲਾ। ਉਹ ਵਿਸ਼ਾ ਜਿਸ ਲਈ ਖੁਦ ਸਿੱਖ, ਆਪ ਹੀ ਕਾਫ਼ੀ ਸਮਾਂ ਪਹਿਲਾਂ ਤੋਂ ਗੁਰਬਾਣੀ ਸੇਧ ਨਹੀਂ ਚੱਲ ਰਹੇ। ਜਨਮ ਮਰਣ ਦੇ ਵਿਸ਼ੇ `ਤੇ ਖੁਦ ਸਿੱਖ ਹੀ ਗੁਰੂ ਦੀ ਨਿਘੀ ਗੋਦ ਛੱਡ ਕੇ ਬ੍ਰਾਹਮਣ ਦੀ ਝੋਲੀ `ਚ ਬੈਠੇ ਗਰੁੜ ਪੁਰਾਣ ਦੇ ਗੀਤ ਹੀ ਗਾ ਰਹੇ ਹਨ।

ਅਜੋਕਾ ਸਿੱਖ, ਵਿਸ਼ਾ ਜਨਮ ਮਰਣ ਤੇ ਬ੍ਰਾਹਮਣ ਮੱਤ- ਉਂਗਲੀਆਂ `ਤੇ ਗਿਣੇ ਜਾ ਸਕਦੇ ਤੇ ਅਜਿਹੇ ਵਿਰਲਿਆਂ ਨੂੰ ਛੱਡ ਕੇ, ਜਦੋਂ ਵੀ ਕੋਈ ਚਲਾਣਾ ਕਰਦਾ ਹੈ ਤਾਂ ਕਿਸੇ ਵੀ ਸਿੱਖ ਪ੍ਰਵਾਰ `ਚ ਦੇਖ ਲਵੋ! ਲਗਭਗ ਹਰੇਕ ਸਿੱਖ ਪ੍ਰਵਾਰ `ਚ ਕੇਵਲ ਪ੍ਰਕਾਸ਼ ਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਰਹਿ ਚੁੱਕਾ ਹੈ ਨਹੀਂ ਤਾਂ ਬਾਕੀ ੧੦੦% ਕਾਰਜ ਬ੍ਰਾਹਮਣ ਮੱਤ ਤੇ ਗਰੁੜ ਪੁਰਾਣ ਅਨੁਸਾਰ ਹੀ ਹੋ ਰਿਹਾ ਹੁੰਦਾ ਹੈ।

ਫ਼ਰਕ ਹੁੰਦਾ ਹੈ ਤਾਂ ਕੇਵਲ ਇਨਾਂ ਕਿ ਕਿਸੇ ਗ਼ੈਰ ਸਿੱਖ ਦੇ ਚਲਾਣੇ ਸਮੇਂ ਉਥੇ ਸਾਰੇ ਕਰਮ ਕਾਂਡ ਪੰਡਿਤ ਜੀ ਕਰਵਾਉਂਦੇ ਹਨ ਜਦ ਕਿ ਇਥੇ ਉਹੀ ਸਾਰੇ ਕਰਮਕਾਂਡ ਬੜੀ ਸ਼ਾਨ ਤੇ ਧੜੱਲੇ ਨਾਲ ਸਾਡੇ ਭਾਈ ਸਾਹਿਬਾਨ, ਪ੍ਰਚਾਰਕ, ਰਾਗੀ ਸਿੰਘ ਤੇ ਪ੍ਰਬੰਧਕ ਕਰਵਾ ਰਹੇ ਹੁੰਦੇ ਹਨ। ਸ਼ਾਇਦ ਇਸ ਪੱਖੋਂ ਇਸੇ ਹੀ ਵਿਗੜੇ ਹੋਏ ਵਾਤਾਵਰਣ ਦਾ ਨਤੀਜਾ ਹੈ ਜਾਂ ਕੁੱਝ ਹੋਰ…, ਪਰ ਸਾਡੇ ਬਹੁਤੇਰੇ ਸੁਲਝੇ ਹੋਏ ਪ੍ਰਚਾਰਕ ਵੀ, ਕਮਿਉਨਿਸਟਾਂ ਦੇ ਇਸ ਜਾਲ `ਚ ਫ਼ਸੇ ਨਜ਼ਰ ਆ ਰਹੇ ਹਨ। ਅਜਿਹੇ ਸੱਜਨ ਤਾਂ ਸੰਗਤਾਂ ਦੇ ਵੱਡੇ ਵੱਡੇ ਇਕੱਠਾਂ `ਚ ਵੀ, ਖੁੱਲ ਕੇ ਪ੍ਰਚਾਰੀ ਜਾ ਰਹੇ ਹਨ ਕਿ ਸਿੱਖ ਧਰਮ `ਚ ਗੁਰਬਾਣੀ ਅਨੁਸਾਰ ਜਨਮ ਮਰਣ ਦਾ ਵਿਸ਼ਾ ਹੈ ਹੀ ਨਹੀਂ। ਜਦਕਿ ਗੁਰਬਾਣੀ ਆਧਾਰ `ਤੇ ਇਹ ਕਹਿਣਾ ਇਤਨਾ ਹੀ ਗ਼ਲਤ ਹੈ ਜਿਤਨਾ ਕਿ ਦਿਨ ਦੀ ਰੋਸ਼ਨੀ ਨੂੰ ਰਾਤ ਦਾ ਹਨੇਰਾ ਕਹਿੰਦੇ ਜਾਣਾ।

ਇਸ ਦੀ ਬਜਾਏ ਜੇ ਕਰ ਇਹੀ ਸੱਜਨ ਜਨਮ-ਮਰਣ ਵਾਲੇ ਵਿਸ਼ੇ `ਤੇ ਸਿੱਖਾਂ ਉਪਰ ਜੰਮ ਚੁੱਕੀਆਂ ਬ੍ਰਾਹਮਣੀ ਪੜਤਾਂ ਨੂੰ ਹਟਾਉਂਦੇ। ਸੰਗਤਾਂ ਨੂੰ ਦਸਦੇ ਕਿ ਕਿਵੇਂ ਕਿਵੇਂ ਅੱਜ ਸਿੱਖ ਇਸ ਪੱਖੋਂ ਪੂਰੀ ਤਰ੍ਹਾਂ ਬ੍ਰਾਹਮਣੀ ਤੇ ਗਰੁੜ ਪੁਰਾਣ ਦੀ ਵਿਚਾਰਧਾਰਾ ਦੀ ਜਕੜ `ਚ ਫ਼ਸਿਆ ਪਿਆ ਹੈ। ਯਕੀਨਣ ਇਸ ਦਾ ਪੰਥ ਨੂੰ ਵੱਡਾ ਲਾਭ ਹੋ ਸਕਦਾ ਸੀ। ਬਲਕਿ ਇਸ ਦੇ ਨਾਲ ਹੀ ਸਿੱਖ ਸੰਗਤਾਂ ਵਿਚਾਲੇ, ਗੁਰਬਾਣੀ ਰਾਹੀਂ ਪ੍ਰਗਟ ਗੁਰਮਤਿ ਦੇ ਨਿਵੇਕਲੇ, ਦਲੀਲ ਭਰਪੂਰ ਤੇ ਅਕੱਟ ਜਨਮ-ਮਰਣ ਦੇ ਸਿਧਾਂਤ ਨੂੰ ਧੜੱਲੇ ਨਾਲ ਪ੍ਰਚਾਰਿਆ ਜਾ ਸਕਦਾ ਸੀ। ਲੋੜ ਸੀ ਕਿ ਸੰਗਤਾਂ ਨੂੰ ਗੁਰਬਾਣੀ ਆਧਾਰ ਤੇ ਚੇਤਾਇਆ ਜਾਂਦਾ ਕਿ ਮਨੁੱਖਾ ਜਨਮ ਮਿਲਿਆ ਹੀ, ਗੁਰਬਾਣੀ ਅਨੁਸਾਰ ਆਦਰਸ਼ਕ ਤੇ ਆਤਮਕ ਜੀਵਨ ਦੀ ਪ੍ਰਾਪਤੀ ਕਰ ਕੇ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋਣ ਲਈ ਹੈ, ਇਸ ਨੂੰ ਬਰਬਾਦ ਨਾ ਕਰੋ। ਉਹਨਾਂ ਨੂੰ ਦਸਿਆ ਜਾਂਦਾ ਕਿ ਗੁਰੂ ਦਰ `ਤੇ ਬ੍ਰਾਹਮਣੀ ਸੁਰਗ-ਨਰਕ ਦੀ ਕੋਈ ਹੋਂਦ ਨਹੀਂ ਬਲਕਿ ਇਸੇ ਜਨਮ ਨੂੰ ਪ੍ਰਭੂ ਚਰਨਾਂ `ਚ ਜੀਊਂ ਕੇ ਅਸਲੀ ਸੁਰਗ ਬਨਾਉਣਾ ਤੇ ਇਸ ਜਨਮ-ਮਰਣ ਵਾਲੇ ਨਰਕ ਚੋਂ ਨਿਕਲਣਾ ਹੈ ਜਿਸ `ਚ ਫ਼ਸੇ ਹੋਏ ਹਾਂ। ਸਚਮੁਚ ਜੇਕਰ ਅਜਿਹਾ ਹੁੰਦਾ ਤਾਂ ਉਸ ਦਾ ਕੇਵਲ ਪੰਥ ਨੂੰ ਹੀ ਨਹੀਂ, ਦੂਜਿਆਂ ਨੂੰ ਵੀ ਲਾਭ ਹੋ ਸਕਦਾ ਸੀ। ਅਨੇਕਾਂ ਦੇ ਜੀਵਨ ਸੰਭਲ ਸਕਦੇ ਸਨ।

ਇਸ ਦੇ ਉਲਟ, ਅੱਜ ਸਾਡੇ ਹੀ ਪ੍ਰਚਾਰਕ ਕਮਿਉਨਿਸਟਾਂ ਦੀ ਬੋਲੀ ਬੋਲ ਕੇ ਪ੍ਰਚਾਰੀ ਜਾ ਰਹੇ ਹਨ ਕਿ ਸਿੱਖ ਧਰਮ `ਚ ਇਸ ਸਰੀਰ ਦਾ ਅੱਗਾ-ਪਿਛਾ ਜਾਂ ਜੂਨਾਂ ਵਾਲਾ ਸਿਲਸਿਲਾ ਹੀ ਲਾਗੂ ਨਹੀਂ ਹੁੰਦਾ। ਜਦਕਿ ਇਹ ਤਾਂ ਗੁਰਬਾਣੀ ਅਨੁਸਾਰ ਸਫ਼ਲ ਤੇ ਅਸਫ਼ਲ ਜੀਵਨ ਦੀ ਪਹਿਚਾਣ ਤੋਂ ਮਨੁਕਰ ਹੋਣਾ ਤੇ ਗੁਰਬਾਣੀ ਦੀ ਹੀ ਭਰਵੀਂ ਅਵਗਿਆ ਹੈ। ਇਹ ਤਾਂ ਸਿਧੇ ਤੌਰ `ਤੇ ਗੁਰਮਤਿ ਪ੍ਰਚਾਰ ਨੂੰ ਉਲਟੇ ਰਾਹ ਪਾਉਣਾ ਤੇ ਸੰਗਤਾਂ ਨੂੰ ਗੁਮਰਾਹ ਕਰਣਾ ਹੀ ਹੈ। ਫ਼ਿਰ ਅਜਿਹੇ ਗੁਰਬਾਣੀ ਦੇ ਅਰਥਾਂ ਨਾਲ ਜੋ ਹੇਰਾ ਫ਼ੇਰੀਆਂ ਕੀਤੀਆਂ ਜਾ ਰਹੀਆਂ ਹਨ, ਅਕਾਲਪੁਰਖ ਹੀ ਉਹਨਾਂ ਨੂੰ ਸੁਮੱਤ ਬਖ਼ਸ਼ੇ। ਰਾਮਰਾਏ ਨੇ ਤਾਂ ਇੱਕ ਲਫ਼ਜ਼ ਬਦਲਿਆ ਤਾਂ ਗੁਰਦੇਵ ਨੇ ਆਪਣੇ ਲਖ਼ਤੇ ਜਿਗਰ ਨੂੰ ਵੀ ਮੂੰਹ ਨਹੀਂ ਲਗਾਇਆ ਅਤੇ ਇਥੇ ਕੀ ਹੋ ਰਿਹਾ ਹੈ, ਮਸਲਾ ਕਾਫ਼ੀ ਗੰਭੀਰ ਹੈ।

ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ- ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਇੱਕ ਰੂਪ `ਚ ਨਹੀਂ ਆਇਆ, ਅਨੇਕਾਂ ਰੂਪਾਂ `ਚ ਆਇਆ ਹੈ। ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਜਨਮ ਤੋਂ ਪਹਿਲੀਆਂ ਭੁਗਤ ਚੁੱਕੀਆਂ ਜੂਨਾਂ ਦੀ ਗੱਲ ਵੀ ਕਰ ਰਿਹਾ ਹੈ। ਗੁਰਬਾਣੀ `ਚ, ਪ੍ਰਾਪਤ ਮਨੁਖਾ ਜਨਮ ਦੇ ਬਿਰਥਾ ਭਾਵ ਅਸਫ਼ਲ ਹੋ ਜਾਣ ਦੀ ਸੂਰਤ `ਚ ਫ਼ਿਰ ਤੋਂ ਜੂਨਾਂ ਦੇ ਚੱਕਰ `ਚ ਪੈਣ ਤੋਂ ਬਚਣ ਲਈ, ਇਥੇ ਚੇਤਾਵਣੀ ਵੀ ਬਹੁਤ ਵਾਰੀ ਹੈ। ਮਨੁੱਖ ਰਾਹੀਂ ਜੀਉਂਦੇ ਜੀਅ, ਮਨੁੱਖਾ ਸਰੀਰ `ਚ ਹੁੰਦਿਆਂ ਵੀ ਭਿੰਨ ਭਿੰਨ ਜੂਨਾਂ ਵਾਲਾ ਜੀਵਨ ਬਤੀਤ ਕਰਣਾ ਜਿਵੇਂ “ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ” (ਪੰ: ੪੭੭)। ਫ਼ਿਰ ਅਨੇਕਾਂ ਵਾਰੀ ਜਿਵੇਂ “ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ” (ਪੰ: ੨੧) ਜਾਂ “ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ” (ਪੰ: ੫੦)। ਇਸ ਤਰ੍ਹਾਂ ਬ੍ਰਾਹਮਣੀ ਪ੍ਰਚਾਰ `ਚ ਜਦੋਂ ਜੂਨਾਂ ਤੇ ਬਨਾਵਟੀ ਨਰਕਾਂ-ਸੁਰਗਾਂ ਦੀ ਗੱਲ ਕੀਤੀ ਗਈ ਹੈ ਤਾਂ ਉਸ ਦੇ ਖੰਡਣ ਲਈ ਵੀ ਸ਼ਬਦ ਹਨ, ਤੇ ਕਿਧਰੇ ਉਸੇ ਨੂੰ ਆਧਾਰ ਬਣਾ ਕੇ ਸੱਚ ਧਰਮ ਵੱਲ ਮੋੜਣ ਲਈ ਜਿਵੇਂ “ਅੰਤਿ ਕਾਲਿ ਜੋ. .” (ਪੰ: ੫੨੬. . ਇਸ ਸ਼ਬਦ ਦਾ ਵੇਰਵਾ ਗੁਰਮਤਿ ਪਾਠ ੧੮੦ `ਚ ਪੜਿਆ ਜਾ ਸਕਦਾ ਹੈ)। ਉਪ੍ਰੰਤ ਜੂਨਾਂ ਦਾ ਜ਼ਿਕਰ ਮਨੁੱਖ ਦੀਆਂ ਖੋਟਾਂ ਤੇ ਅਉਗੁਣਾਂ ਨੂੰ ਪ੍ਰਗਟ ਕਰਣ ਲਈ ਵੀ ਬਹੁਤ ਵਾਰੀ ਆਇਆ ਹੈ ਜਿਵੇਂ ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ (ਪੰ: ੧੩੫੬)। ਗੁਰਬਾਣੀ `ਚ ਹੀ ਇਹ ਵਿਸ਼ਾ ਇਸ ਤਰ੍ਹਾਂ ਵੀ ਆਇਆ ਹੈ ਜਿਵੇਂ “ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ” (ਪੰ: ੯੧) ਜਾਂ ਕਿਸੇ ਜੂਨ ਦੇ ਗੁਣ ਦੋਸ਼ ਨੂੰ ਸਪਸ਼ਟ ਕਰਣ ਲਈ ਜਿਵੇਂ “ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ” (ਪੰ: ੧੪੩)। ਇਸੇ ਤਰ੍ਹਾਂ ਸਪਸ਼ਟ ਤੌਰ `ਤੇ ਪਿਛਲੇ ਜਨਮਾ ਦੇ ਗੇੜ੍ਹੇ ਤੇ ਪ੍ਰਾਪਤ ਮਨੁੱਖਾ ਜਨਮ ਦੀ ਸੰਭਾਲ ਲਈ ਚੇਤਾਵਣੀ ਦਿੰਦੇ ਹੋਏ ਜਿਵੇਂ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥   ॥ ਰਹਾਉ॥ (ਪੰ: ੧੭੬) ਅਤੇ ਹੋਰ ਵੀ ਅਨੇਕਾਂ ਢੰਗਾਂ ਨਾਲ।

ਵੱਡਾ ਦੁਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਸਾਡੇ ਅਜੋਕੇ ਅਤੇ ਅਜਿਹੇ ਵਿਦਵਾਨ ਆਪਣੀ ਸੋਚਣੀ ਨੂੰ ਗੁਰਬਾਣੀ ਸੇਧ ਤੋਂ ਵੀ ਉਪਰ ਲਿਆਉਣ ਲਈ, ਜੂਨਾਂ ਨਾਲ ਸਬੰਧਤ ਹਰੇਕ ਸ਼ਬਦ ਦੇ ਆਪਣੇ ਹੀ ਮਨ ਮਰਜ਼ੀ ਦੇ ਅਰਥ ਕਰਦੇ ਤੇ ਕਮਿਉਨਿਸਟਾਂ ਦੀ ਬੋਲੀ ਹੀ ਬੋਲ ਰਹੇ ਹੁੰਦੇ ਹਨ। ਉਹਨਾਂ ਦੀਆਂ ਲਿਖਤਾਂ ਜਾਂ ਕਥਾਵਾਂ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਉਥੇ ਵੀ ਨਾ ਅਰਦਾਸ ਵਾਲਾ ਵਿਸ਼ਾ ਰਹਿ ਚੁੱਕਾ ਹੁੰਦਾ ਹੈ ਨਾ ਪ੍ਰਭੂ ਦੀ ਬਖ਼ਸ਼ਿਸ਼ ਤੇ ਨਦਰਿ, ਕਰਮ ਜਾਂ ਮਿਹਰ ਵਾਲਾ, ਨਾ ਪ੍ਰਭੂ ਵੱਲੋਂ ਬਹੁੜੀ ਕਰਣ ਵਾਲਾ ਤੇ ਨਾ ਹੀ ਗੁਰਬਾਣੀ ਤੋਂ ਪ੍ਰਾਪਤ ਹੋਣ ਵਾਲੇ ਆਤਮ ਵਿਸ਼ਵਾਸ ਵਾਲਾ। ਬਲਕਿ ਉਥੇ ਤਾਂ ਗੁਰਬਾਣੀ ਆਧਾਰਿਤ ਆਤਮਵਿਸ਼ਵਾਸ ਦੇ ਬਦਲੇ ਵੀ ਮੈ, ਹਉਮੈ ਹੀ ਉਪਰ ਆਈ ਹੁੰਦੀ ਹੈ ਅਤੇ ਇਹੀ ਸੋਚ ਸੰਗਤਾਂ `ਚ ਭਰੀ ਜਾ ਰਹੀ ਹੁੰਦੀ ਹੈ ਕਿ ਜਿਵੇਂ ਸਭ ਕੁੱਝ ਮਨੁੱਖ ਨੇ ਆਪ ਹੀ ਕਰਣਾ ਹੈ, ਕਰਤਾਰ ਨੇ ਕੁੱਝ ਵੀ ਨਹੀਂ।

ਗੁਰਬਾਣੀ ਦੇ ਪਰਦੇ `ਚ ਸਾਮਵਾਦੀ ਲਿਟ੍ਰੁੇਚਰ- ਗੁਰਬਾਣੀ ਜਿਸ ਦੇ ਕਿ ਮੁੱਖ ਪੱਖ ਹੀ ਹਨ ਕਿ (੧) ਪ੍ਰਭੂ ਜ਼ਰੇ ਜ਼ਰੇ ਅਤੇ ਹਰੇਕ ਜੀਵ `ਚ ਅੰਸ਼ ਰੂਪ ਹੋ ਕੇ ਵੱਸ ਰਿਹਾ ਹੈ। (੨) ਮਨੁੱਖਾ ਜਨਮ ਦੌਰਾਤਨ ਤੇ ਜੀਉਂਦੇ ਜੀਅ ਹੀ ਪ੍ਰਭੂ ਦੇ ਦਰਸ਼ਨਾ ਦੀ ਚਾਹ ਤੇ ਬੇਹਬਲਤਾ। (੩) ਪ੍ਰਭੂ ਦੇ ਚਰਨਾਂ `ਚ ਅਰਦਾਸੀਆਂ ਬਣ ਕੇ ਜੀਵਨ ਨੂੰ ਉਚੇਰਾ ਤੇ ਗੁਣਵਾਣ ਬਨਾਉਣ ਲਈ ਜੋਦੜੀਆਂ। (੪) ਅਕਾਲਪੁਰਖ ਦੀ ਮਨੁੱਖ `ਤੇ ਬਖ਼ਸ਼ਿਸ਼, ਕ੍ਰਿਪਾਲਤਾ ਤੇ ਉਸ ਦੀ ਨਦਰਿ ਕਰਮ ਨੂੰ ਹਾਸਿਲ ਕਰਣਾ ਹੀ ਇਸ ਜਨਮ ਦੀ ਸਫ਼ਲਤਾ ਲਈ ਜ਼ਰੂਰੀ ਹਨ। (੫) ਪ੍ਰਭੂ ਦੀ ਬਖ਼ਸ਼ਿਸ਼ ਬਿਨਾ ਤਾਂ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। (੬) ਕਰਣ ਕਰਾਵਣ ਤੇ ਸਭ ਕੁੱਝ ਪ੍ਰਭੂ ਆਪ ਹੀ ਆਪ ਹੈ। (੭) ਮਨੁੱਖ ਆਪਣੇ ਆਪ `ਚ ਕੁੱਝ ਵੀ ਨਹੀਂ, ਪ੍ਰਭੂ ਦੀ ਕੇਵਲ ਇੱਕ ਖੇਡ ਮਾਤ੍ਰ ਹੀ ਹੈ।

ਦੂਜੇ ਪਾਸੇ ਕਮਿਉਨਿਜ਼ਮ ਜਿਸ ਦਾ ਕਿ ਆਧਾਰ ਹੀ ਨਾਸਤਿਕਤਾ ਅਤੇ ਪ੍ਰਭੂ ਦੀ ਹੋਂਦ ਤੋਂ ਇਨਕਾਰੀ ਹੋਣਾ ਹੈ, ਉਥੇ ਇਹਨਾ ਸਾਰੇ ਵਿਸ਼ਵਾਸਾਂ ਦਾ ਕੋਈ ਮੁੱਲ ਹੀ ਨਹੀਂ ਰਹਿ ਜਾਂਦਾ। ਇਸ ਲਈ ਕਮਿਉਨਿਜ਼ਮ ਤੇ ਗੁਰਮਤਿ ਦੋਵੇਂ ਮੂਲੋਂ ਹੀ ਵਿਰੋਧੀ ਵਿਚਾਰਧਾਰਾਵਾਂ ਹਨ।

ਇਸ ਦੇ ਬਾਵਜੂਦ ਅੱਜ ਪੰਜਾਬ `ਚ ਧੜੱਲੇ ਨਾਲ ਗੁਰਬਾਣੀ ਆਧਾਰਿਤ ਕਮਿਉਨਿਸਟ ਭਾਵ ਸਾਮਵਾਦੀ ਲਿਟ੍ਰੇਚਰ ਆ ਰਿਹਾ ਹੈ। ਸ਼ੱਕ ਨਹੀਂ ਉਸ ਲਿਟ੍ਰੇਚਰ ਦੀ ਲਿਖਿਤ, ਉਸ ਲਈ ਵਰਤਿਆ ਕਾਗਜ਼, ਉਸ ਦੀ ਜਿਲਦਸਾਜ਼ੀ ਵੀ ਅਜਿਹੇ ਸਤਿਕਾਰ ਭਰਪੂਰ ਢੰਗ ਨਾਲ ਕੀਤੀ ਹੁੰਦੀ ਹੈ ਕਿ ਦਰਸ਼ਨ ਕਰ ਕੇ ਹੀ ਮਨ ਨੂੰ ਖਿੱਚ ਪੈਂਦੀ ਹੈ। ਹੋਰ ਤਾਂ ਹੋਰ, ਗੁਰਬਾਣੀ ਦੇ ਅਰਥ ਕਰਣ ਸਮੇਂ ਜੋ ਸ਼ਬਦਾਵਲੀ ਵਰਤੀ ਹੁੰਦੀ ਹੈ ਉਸ `ਚ ਵੀ ਗੁਰਬਾਣੀ ਦੇ ਸਤਿਕਾਰ ਪ੍ਰਤੀ ਲੇਸ਼ ਮਾਤ੍ਰ ਵੀ ਘਾਟਾ ਨਹੀਂ ਹੁੰਦਾ। ਜੇ ਇਹ ਕਿਹਾ ਜਾਵੇ ਕਿ ਉਹਨਾਂ ਦੀ ਗੁਰਬਾਣੀ ਅਰਥਾਂ ਲਈ ਵਰਤੀ ਗਈ ਸ਼ਬਦਾਵਲੀ ਵੀ ਹਰ ਪੱਖੋਂ ਗੁਰਬਾਣੀ ਲਈ ਸਤਿਕਾਰ ਨਾਲ ਹੀ ਉਤ-ਪ੍ਰੋਤ ਹੁੰਦੀ ਹੈ ਤਾਂ ਇਸ `ਚ ਵੀ ਅਤਿ ਕਥਣੀ ਨਹੀਂ ਹੋਵੇਗੀ। ਇਸ ਤੋਂ ਬਾਅਦ ਦੇਖਣਾ ਹੈ ਕਿ ਤਾਂ ਫ਼ਿਰ ਫ਼ਰਕ ਕਿਥੇ ਹੈ?

ਫ਼ਰਕ ਹੈ ਕਿ ਉਥੇ ਅਰਥ ਕਰਣ ਵਾਲੇ ਜਿਹੜੇ ਵੀ ਸੱਜਨ ਹੁੰਦੇ ਹੋਣ ਉਹਨਾਂ ਦੀ ਸ਼ਬਦਾਵਲੀ `ਚੋਂ, ਗੁਰਬਾਣੀ ਦਾ ਮੂਲ, ਅਕਾਲਪੁਰਖ ਦੀ ਹੋਂਦ ਹੀ ਅਲੋਪ ਹੁੰਦੀ ਹੈ। ਬਲਕਿ ਉਹ ਸੱਜਨ ਇਸ ਨੂੰ ਇਸ ਤਰ੍ਹਾਂ ਵੀ ਬਿਆਨਦੇ ਹਨ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਇੱਕ ਚੰਗਾ ਤੇ ਗੁਣਵਾਣ ਇਨਸਾਨ ਬਣਾਉਣ ਲਈ ਰੱਬ ਨੂੰ ਕੇਵਲ ਇੱਕ ਪਲਾਟ ਬਣਾ ਕੇ ਹੀ ਵਰਤਿਆ ਹੈ ਆਦਿ। ਇਸ ਲਈ ਕਿ ਮਨੁੱਖ ਦਾ ਜੀਵਨ ਸੁਲਝਿਆ ਤੇ ਗੁਣਾਂ ਨਾਲ ਭਰਪੂਰ ਹੋ ਜਾਵੇ। ਮਨੁੱਖ ਅਉਗੁਣਾਂ ਤੋਂ ਬੱਚ ਕੇ ਰਹੇ ਅਤੇ ਵਧੀਆ ਇਨਸਾਨ ਬਣੇ। ਗੁਰਬਾਣੀ ਅਰਥਾਂ ਸਮੇਂ ਉਹਨਾਂ ਦੀਆਂ ਲਿਖਤਾਂ `ਚੋਂ ਜੋ ਗੁਰਮਤਿ ਦੇ ਖਾਸ ਵਿਸ਼ੇ ਅਲੋਪ ਮਿਲਣਗੇ ਉਹ ਹਨ (੧) ਪ੍ਰਭੂ ਚਰਨਾਂ `ਚ ਅਰਦਾਸ ਵਾਲਾ ਵਿਸ਼ਾ। (੨) ਪ੍ਰਭੂ ਦੀ ਮਿਹਰ ਦੀ ਨਜ਼ਰ ਤੇ ਬਖ਼ਸ਼ਿਸ਼ ਵਾਲਾ ਵਿਸ਼ਾ। (੩) ਗੁਰਮਤਿ ਅਨੁਸਾਰ ਕਰਤਾ ਕੇਵਲ ਤੇ ਕੇਵਲ ਅਕਾਲਪੁਰਖ ਹੀ ਹੈ ਜਦਕਿ ਉਥੇ ਹਰ ਕਦਮ `ਤੇ ਮਨੁੱਖ ਨੂੰ ਹੀ ਕਰਤਾ ਬਣਾ ਕੇ ਪੇਸ਼ ਕੀਤਾ ਹੁੰਦਾ ਹੈ।

ਅਕਾਲਪੁਰਖ ਦਾ ਵਜੂਦ- ਬੇਸ਼ੱਕ ਇਹ ਇੱਕ ਬਹੁਤ ਹੀ ਵੱਡਾ ਤੇ ਵਿਸਤਾਰ ਵਾਲਾ ਵਿਸ਼ਾ ਹੈ ਜਿਸ ਦੀ ਕਿ ਜੀਵਨ ਭਰ ਗੁਰਬਾਣੀ ਸਮੁੰਦ੍ਰ `ਚ ਚੁਭੀਆਂ ਲਗਾ ਕੇ ਵੀ, ਉਸ ਬੇਅੰਤ ਦੀ ਰਾਈ ਮਾਤ੍ਰ ਝਲਕ ਵੀ ਮਿਲ ਜਾਵੇ ਤਾਂ ਉਹ ਵੀ ਪ੍ਰਭੂ ਦੀ ਆਪਣੀ ਨਦਰਿ ਕਰਮ ਨਾਲ ਹੀ ਮਿਲੇਗੀ ਉਂਝ ਨਹੀਂ। ਫ਼ਿਰ ਵੀ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਥੇ ਇੱਕ ਮਿਸਾਲ ਲੈ ਰਹੇ ਹਾਂ। ਜਿਵੇਂ ਅੱਜ ਬਿਜਲੀ ਦਾ ਯੁਗ ਹੈ। ਇੱਕ ਦਫ਼ਤਰ `ਚ ਬੈਠਿਆਂ ਪੱਖੇ, ਲਾਈਟਾਂ, ਕੂਲਰ, ਏ. ਸੀ, ਕੰਪਿਊਟਰ ਤੇ ਕਈ ਤਰ੍ਹਾਂ ਦੀਆਂ ਮਸ਼ੀਨਾ ਚਲ ਰਹੀਆਂ ਹੁੰਦੀਆਂ ਹਨ। ਅਚਾਨਕ ਪਿਛੋਂ ਮੇਨ ਸਵਿੱਚ ਬੰਦ ਹੋ ਜਾਏ ਤਾਂ ਦੇਖਦੇ ਦੇਖਦੇ ਹਨੇਰਾ ਛਾ ਜਾਂਦਾ ਹੈ। ਮਸ਼ੀਨਾਂ, ਏ. ਸੀ, ਪੱਖੇ, ਲਾਈਟਾਂ, ਕੰਪਿਊਟਰ ਸਭ ਬੰਦ ਹੋ ਜਾਂਦੇ ਹਨ, ਕਿਉਂ? ਕਿਉਂਕਿ ਕਿਸੇ ਵੀ ਚੀਜ਼ ਅੰਦਰ ਇਹ ਤਾਕਤ ਆਪਣੀ ਨਹੀਂ ਸੀ ਬਲਕਿ ਸਾਰਿਆਂ ਨੂੰ ਮੇਨ ਸਵਿੱਚ ਤੋਂ ਹੀ ਸਪਲਾਈ ਮਿਲ ਰਹੀ ਸੀ।

ਇਹ ਤਾਂ ਰਹੀ ਇੱਕ ਦਫ਼ਤਰ ਦੀ ਮਿਸਾਲ, ਕਈ ਵਾਰੀ ਪਿਛੋਂ ਪਲਾਂਟ `ਚ ਹੀ ਕੁੱਝ ਗੜਬੜੀ ਹੋ ਜਾਣ ਕਾਰਨ ਪੂਰੇ ਪੂਰੇ ਸ਼ਹਿਰ ਤੇ ਕਈ ਵਾਰੀ ਪੂਰੇ ਪ੍ਰਾਂਤ ਤੀਕ ਦੀ ਸਪਲਾਈ ਵੀ ਕੁੱਝ ਸਮੇਂ ਲਈ ਬੰਦ ਹੋ ਜਾਂਦੀ ਹੈ। ਜਦਕਿ ਇਹ ਵਸਤ ਤਾਂ ਕਰਤੇ ਦੀ ਘੜੀ ਹੋਈ ਬੇਅੰਤ ਰਚਨਾ `ਚੋਂ ਕੇਵਲ ਇੱਕ ਮਨੁੱਖੀ ਕਾਢ ਦੇ ਵਿਸ਼ੇ ਨੂੰ ਸਪਸ਼ਟ ਕਰਣ ਲਈ ਮਾਮੂਲੀ ਜਹੀ ਮਿਸਾਲ ਹੀ ਹੈ।

ਇਸ ਮਿਸਾਲ ਤੋਂ ਭਾਵ ਹੈ ਕਿ ਇਸੇ ਤਰ੍ਹਾਂ ਇਸ ਬੇਅੰਤ ਰਚਨਾ `ਚ ਕਰਤੇ ਦਾ ਵਜੂਦ ਤੇ ਨੂਰ ਮੌਜੂਦ ਹੈ। ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ ਕਿ ਇਸ ਮਨੁੱਖਾ ਸਰੀਰ ਵਿਚਲੀ ਪ੍ਰਭੂ ਦੀ ਆਤਮਕ ਸੱਤਾ ਨੂੰ ਵਿਸਾਰ ਕੇ ਕੇਵਲ ਇਸ ਸਰੀਰ ਨੂੰ ਹੀ ਸਭ ਕੁੱਝ ਮੰਨ ਲੈਣਾ, ਇਹ ਕਿਤਨੀ ਵੱਡੀ ਮੂਰਖਤਾ ਹੈ; ਜਿਵੇਂ ਕਿ ਅੱਜ ਕੁੱਝ ਗੁਰਮਤਿ ਵਿਦਵਾਨਾਂ ਰਾਹੀਂ ਹੀ ਹੋ ਰਿਹਾ ਹੈ। ਉਥੇ ਪ੍ਰਚਾਰਿਆ ਜਾ ਰਿਹਾ ਹੈ ਜਨਮ-ਮਰਣ ਦੇ ਵਿਸ਼ੇ `ਤੇ ਕਿ ਇਸ ਦਾ ਅੱਗਾ ਪਿਛਾ ਹੀ ਕੁੱਝ ਨਹੀਂ। ਮਨੁੱਖ ਦਾ ਇਸ ਸੰਸਾਰ `ਚ ਆਉਣਾ ਤੇ ਚਲੇ ਜਾਣਾ, ਬੱਸ ਇਹੀ ਹੈ ਇਸ ਦੀ ਕਹਾਣੀ ਇਥੇ ਉਹਨਾਂ ਵੱਲੋਂ ਗੁਰਬਾਣੀ ਰਾਹੀਂ ਜੀਵਨ ਨੂੰ ਸੁਆਰਣ ਦੀ ਗੱਲ ਤਾਂ ਕੀਤੀ ਜਾ ਰਹੀ ਅਤੇ ਉਹ ਵੀ ਮੈ-ਹਉਮੈ ਆਧਾਰਿਤ, ਗੁਰਬਾਣੀ ਰਾਹੀਂ ਪ੍ਰਾਪਤ ਆਤਮਕ ਵਿਸ਼ਵਾਸ ਆਧਾਰਿਤ ਨਹੀਂ।

ਦੂਜੇ ਪਾਸੇ ਵੱਡੀ ਗਿਣਤੀ `ਚ ਜੋ ਲੋਕ ਪ੍ਰਭੂ ਨੂੰ ਵਿਸਾਰ ਕੇ, ਕਰਮਕਾਂਡਾਂ `ਚ ਜਿਊਂਦੇ ਰਹਿ ਕੇ ਜਾਂ ਵੱਡੇ ਵੱਡੇ ਜ਼ਾਲਮਾਨਾ ਤੇ ਖੂੰਖਾਰ ਜੀਵਨ ਬਤੀਤ ਕਰਦੇ ਹੋਏ ਹੀ ਮਰ ਜਾਂਦੇ ਹਨ ਉਹਨਾਂ ਦੀ ਸ਼ੇਣੀ ਨੂੰ ਹੀ ਵਿਸਾਰ ਦਿੱਤਾ ਜਾਂਦਾ ਹੈ ਜਦਕਿ ਗੁਰਬਾਣੀ ਸਰਬਪੱਖੀ ਹੈ ਇੱਕ ਪੱਖੀ ਨਹੀਂ। #197s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No197

ਜੂਨੀਆਂ ਵਾਲਾ ਵਿਸ਼ਾ ਤੇ ਗੁਰਮਤਿ

ਕਮਿਉਨਿਜ਼ਮ ਦਾ ਸਿੱਖ ਧਰਮ `ਤੇ ਗੁੱਝਾ ਤੇ ਭਿਆਣਕ ਵਾਰ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.