.

ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ (ਅੰਕ-651)

ਗੁਰੁ ਗ੍ਰੰਥ ਸਾਹਿਬ ਅੰਕ 308-311-651 ਉਪਰੋਕਤ ਬਚਨਾਂ ਰਾਂਹੀ ਮਨੁੱਖੀ ਜੀਵਨ ਨੂੰ ਉਚਿਆਣ ਵਾਸਤੇ ਸਿੱਖਿਆ ਦਿੰਦੇ ਹਨ, “ਐ ਵਾਹਿਗੁਰੂ ਦੇ ਸਾਜੇ ਹੋਏ ਜੀਵ ਇਹਨਾਂ ਲੋਕਾਂ ਦੇ ਦਰਸ਼ਨ ਨਹੀ ਕਰਨੇ {ਦਰਸ਼ਨ ਦਾ ਭਾਵ ਇਹਨਾਂ ਦੇ ਦੱਸੇ ਰਾਹ ਤੇ ਨਹੀ ਤੁਰਨਾ), ਜੋ ਆਪਣੇ ਗੁਰੂ ਦੇ ਸੱਚ ਨੂੰ ਛੁਪਾਉਦੇ ਹਨ। ਇਹ ਲੋਕ “ਬੁਰਿਆਰੀ” ਭੈੜਿਆ ਤੋਂ ਭੈੜੇ ਅਤੇ ਪਾਪੀ ਹਤਿਆਰੇ ਹਨ।

ਇੰਨ-ਬਿੰਨ ਇਹੀ ਬਚਨ ਬਾਬੇ ਨਾਨਕ ਨੇ 15 ਵੀ ਸਦੀ ਵਿੱਚ ਧਾਰਮਿਕ ਪੁਜਾਰੀਆ ਵਾਸਤੇ ਆਖੇ ਸਨ “ਤੀਨੇ ਉਜਾੜੇ ਕ ਬੰਨੁ”। ਇਹਨਾਂ ਪੁਜਾਰੀਆ ਨੂੰ 12 ਵੀ ਅਤੇ 13 ਵੀ ਸਦੀ ਤੋਂ ਹੀ ਭਗਤਜਨ, ਬਾਬਾ ਨਾਨਕ ਉਜਾੜੇ ਦਾ ਬੰਨ੍ਹ ਆਖਦੇ ਆ ਰਹੇ ਹਨ, ਕੀ ਅਸੀ ਇਸ ਗੱਲ ਨੂੰ ਕਦੇ ਚਿੱਤ ਲਾਕੇ ਵੀਚਾਰਨ ਦੀ ਕੋਸ਼ਿਸ਼ ਕੀਤੀ ਹੈ ਚਲਦੇ ਸਮੇਂ ਵਿੱਚ ਅੱਜ ਜੋ ਬਹੁਗਿਣਤੀ ਸਿੱਖਾਂ, ਸਿੱਖ ਆਗੂਆਂ, ਪੁਜਾਰੀਆ ਦੀ ਮਾਨਸਿਕਤਾ ਹੈ, ਉਸਤੋਂ ਇਹ ਬਿਲਕੁਲ ਸਾਫ ਨਜ਼ਰ ਆਉਂਦਾ ਹੈ ਕਿ ਇਹਨਾਂ ਨੇ ਕਦੇ ਵੀ ਇਹ ਨਹੀ ਸੋਚਿਆ ਕਿ ਕੀ ਉਜੜ ਰਿਹਾ ਹੈ। ਆਉ ਇਸਨੂੰ ਵੀਚਾਰੀਏ। ਅੱਜ ਸਾਰਾ ਸੰਸਾਰ ਇਸ ਗੱਲ ਨੂੰ ਮੰਨਣ ਲੱਗ ਪਿਆ ਹੈ ਕਿ ਕੋਈ ਵੀ ਮਨੁੱਖ ਜਾਤ, ਧਰਮ, ਨਸਲ ਦੇ ਹਿਸਾਬ ਨਾਲ ਵੱਡਾ-ਛੋਟਾ ਨਹੀਂ। ਇਹੀ ਸਿੱਖਿਆ ਸਾਨੂੰ ਭਗਤਜਨ, ਬਾਬਾ ਨਾਨਕ ਦ੍ਰਿੜ ਕਰਵਾ ਰਹੇ ਹਨ, ਕਿ ਅਸੀ ਇੱਕ ਪਿਤਾ ਪਰਮਾਤਮਾ ਦੇ ਬੱਚੇ ਹਾਂ। ਸਾਡੀ ਇੱਕੋ ਜਾਤ ਮਨੁੱਖਤਾ, ਇਕੋ ਧਰਮ ਹੈ ਜੋ ਸਦੀਂਵੀ ਸੱਚ ਹੈ। ਪਰ ਉਸ ਵਕਤ ਦੇ ਪੁਜਾਰੀਆਂ, ਧਾਰਮਿਕ ਆਗੂਆਂ, ਸਾਧਾਂ ਇਤਆਦਿ ਨੇ ਸਾਨੂੰ ਜਾਤਾਂ ਵਰਨਾਂ ਵਿੱਚ ਵੰਡਿਆ ਹੋਇਆ ਸੀ। ਜਿਸ ਕਾਰਣ ਅਸੀਂ ਭਾਰਤ ਦੇ ਲੋਕ ਬਹੁਤ ਕਮਜ਼ੋਰ ਹੋ ਚੁੱਕੇ ਸੀ। ਗੁਰਬਾਣੀ ਦੇ ਗਿਆਨ ਨੇ ਸਾਨੂੰ ਸਾਰਿਆਂ ਨੂੰ ਭਰਾ ਬਣਕੇ ਜੀਵਨ ਦੀ ਜਾਂਚ ਸਿਖਾਈ ਅਤੇ ਅਸੀ ਆਪਣੇ ਵਿਤਕਰੇ, ਭੇਦਭਾਦ ਦੂਰ ਕੀਤੇ, ਅਤੇ ਉਚੇ-ਸੁੱਚੇ ਜੀਵਨ ਵਾਲੇ ਬਣਕੇ ਮੁਗਲਾਂ ਤੋਂ ਰਾਜ ਹਾਸਲ ਕੀਤਾ, ਅੰਗਰੇਜ਼ਾ ਦਾ ਰਾਜ ਭਾਰਤ ਚੋਂ ਖਤਮ ਕਰਨ ਹਿਤ ਵੀ ਬਹੁਤ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੂੰ ਅੰਗਰੇਜ ਵੀ ਅੱਜ ਤੱਕ ਯਾਦ ਕਰਦੇ ਹਨ। ਪਰ ਜਾਤਾਂ ਤੇ ਵਰਨਾਂ ਵਿੱਚ ਭਰੋਸਾ ਰੱਖਣ ਵਾਲਿਆਂ ਨੁੰ ਇਹ ਇਤਿਹਾਸਿਕ ਕੁਰਬਾਨੀਆਂ ਪਰਵਾਨ ਨਹੀਂ ਹੋਈਆਂ, ਉਹਨਾਂ ਨੇ ਇਸ ਕੁਰਬਾਨੀ ਵਾਲੇ ਜ਼ਜ਼ਬੇ ਦੇ ਸਰੋਤ ਨੂੰ ਛੁਪਾਉਣਾ, ਇਤਿਹਾਸ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ। ਇਸਦੀ ਤਾਜ਼ਾ ਮਿਸਾਲ ਬਾਬਾ ਬੰਦਾ ਸਿੰਘ ਦੀ 300 ਸਾਲਾ ਸ਼ਤਾਬਦੀ ਤੇ ਸਾਡੇ ਲੀਡਰਾਂ ਅਤੇ ਬੀ. ਜੇ. ਪੀ ਵਾਲਿਆਂ ਦਰਸਾ ਦਿੱਤੀ। 300 ਸਾਲਾ ਸ਼ਤਾਬਦੀ ਤੇ ਸੰਗਤਾਂ ਦਾ ਪੈਸਾ ਅਤੇ ਸਮਾਂ ਖਰਚ ਕਰਵਾਕੇ ਸਾਡੇ ਜੱਥੇਦਾਰ, ਧਾਰਮਿਕ ਆਗੂ, ਡੇਰੇਦਾਰ ਇਹ ਨਹੀਂ ਦੱਸ ਸਕੇ ਕਿ ਜਿਸ ਮਾਧੋਦਾਸ ਨੂੰ ਹਿਰਣੀ ਦੇ ਬੱਚੇ ਜੋ ਉਸਦੇ ਤੀਰ ਨਾਲ ਮਰੇ ਸਨ ਅਤੇ ਉਹ ਇਹ ਦ੍ਰਿਸ਼ ਦੇਖਕੇ ਬੈਰਾਗਵਾਨ ਹੋ ਗਿਆ ਸੀ। ਉਸ ਅੰਦਰ ਬਾਬਾ ਬੰਦਾ ਬਹਾਦਰ ਬਨਣ ਦੀ ਸ਼ਕਤੀ ਦਾ ਸਰੋਤ ਕੀ ਸੀ, ਕੇਵਲ ਨਿਰੰਕਾਰੀ ਸੱਚੀ ਬਾਣੀ ਦੀ ਪਾਹੁਲ ਇਸਦਾ ਸਰੋਤ ਸੀ। ਜਿਸਨੂੰ ਅਸੀਂ ਗੁਰੂ ਮੰਨਦੇ ਹਾਂ ਇਸ ਗੁਰੂ ਨੂੰ (ਬਾਣੀ ਗਰੂ ਦੇ ਇਸ ਸਰੋਤ ਨੂੰ) ਤੁਸੀ ਛੁਪਾ ਰੱਖਿਆ, ਇਸ, ਸਮੇਂ ਅਨੁਸਾਰ ਬਹੁਤ ਵੱਡਾ ਕਰਕੇ ਦਰਸਾਉਣਾ ਚਾਹੀਦਾ ਸੀ। ਭਾਰਤ ਦਾ ਪੁਰਾਣਾ ਇਤਿਹਾਸ ਗਵਾਹ ਹੈ ਕਿ ਸਦੀਆਂ ਦੀ ਗੁਲਾਮੀ ਪੁਰਾਤਨ ਧਰਮ ਵਿਸ਼ਵਾਸ਼ਾਂ ਨਾਲ ਅਸੀਂ ਭੋਗੀ, ਪਰ ਕੋਈ ਭਾਰਤੀ ਉਨ੍ਹਾਂ ਵਿਸ਼ਵਾਸਾ ਨਾਲ (ਜੋ ਜਾਤ-ਪਾਤ, ਵਰਣ ਦੇ ਵਿਤਕਰੇ ਵਾਲੇ ਸਨ) ਜ਼ੁਲਮ ਦਾ ਮੁਕਾਬਲਾ ਇੰਨੀ ਦਲੇਰੀ ਨਾਲ ਨਹੀਂ ਕਰ ਸਕਿਆ, ਜੋ ਬਾਬਾ ਬੰਦਾ ਬਹਾਦਰ ਜੀਆਂ ਅਤੇ ਹੋਰ ਅਨੇਕਾ ਸਿੰਘਾਂ ਨੇ ਕਰ ਵਿਖਾਇਆ। ਇਸ ਅੰਮ੍ਰਿਤਮਈ ਬਾਣੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ (ਬੰਦਾ ਸਿੰਘ ਬਹਾਦਰ) ਜੀ ਨੂੰ ਸਮਝਾ ਦਿੱਤਾ ਸੀ ਕਿ ਮਾਰਣ ਤੇ ਰੱਖਣ ਵਾਲਾ ਇਕੋ-ਇੱਕ ਅਕਾਲ ਪੁਰਖ ਹੈ ਜਿਸਨੂੰ ਕਦੇ ਮੌਤ ਨਹੀਂ ਆਉਂਦੀ ਅਤੇ ਨਾ ਹੀ ਉਹ ਪੈਦਾ ਹੁੰਦਾ ਹੈ। ਗੁਰਮਤਿ ਕਿਸੇ ਚੀਜ਼, ਹਥਿਆਰ ਜਾਂ ਤੀਰ ਨੂੰ ਕਰਾਮਾਤੀ ਸ਼ਕਤੀ ਵਾਲਾ ਨਹੀਂ ਮੰਨਦੀ। ਸ਼ਕਤੀ ਨਿਰੋਲ ਸਚੁ ਦੇ ਸੰਜਮ ਵਾਲੇ ਜੀਵਨ ਵਿੱਚੋ ਪੈਦਾ ਹੁੰਦੀ ਹੈ ਨਾ ਕਿ ਤੀਰ ਵਿੱਚੋਂ। ਇਹ ਗੱਲ ਵੀ ਤੀਰਾਂ ਰਾਹੀ ਪੰਥ ਦੇ ਬਾਨੀ ਨੇ ਪਹਾੜੀ ਰਾਜਿਆਂ ਨੂੰ ਦੱਸ ਦਿਤੀ ਸੀ ਜਦੋਂ ਉਹ ਮੁਗਲ ਫੌਜਾ ਨਾਲ ਆਨੰਦਪੁਰ ਨੂੰ ਘੇਰਾ ਪਾਈ ਬੈਠੇ ਸਨ।

ਸਾਡੇ ਵੀਰ ਮਨੋਰੰਜਨ ਕਾਲੀਆ ਅਤੇ ਬਲਬੀਰ ਪੁੰਜ ਜੀ ਨੇ ਜੋ ਬਾਬਾ ਬੰਦਾ ਬਹਾਦਰ ਜੀ (ਜਿਨਾਂ ਦਾ ਨਾਂ ਪਾਹੁਲ ਤੋ ਪਿੱਛੋ ਗੁਰਬਖਸ਼ ਸਿੰਘ ਰੱਖਿਆ ਸੀ) ਨੂੰ ਵੀਰ ਬੰਦਾ ਵੈਰਾਗੀ ਕਿਹਾ ਇਹ ਅੱਖਰ ਪੰਥ ਦੇ ਬਾਨੀ ਦੀ ਹਸਤੀ ਨੂੰ ਨਾ ਕਬੂਲਣ ਦੇ ਬਰਾਬਰ ਹਨ। ਕਾਸ਼ ਕਾਲੀਆਂ ਜੀ ਅਤੇ ਬਲਬੀਰ ਜੀ ਨੇ ਲਾਲਾ ਦੌਲਤ ਰਾਏ ਦੀ ਪੁਸਤਕ ‘ਸਾਹਿਬੇ ਕਮਾਲ ਗੁਰੂ ਗੋਬਿੰਦ’ ਪੜ੍ਹੀ ਹੁੰਦੀ ਤਾਂ ਉਹਨਾਂ ਨੂੰ ਸਮਝ ਆ ਜਾਣੀ ਸੀ। ਫਿਰ ਵੀ ਸਾਨੂੰ ਇਹਨਾਂ ਦੇ ਬੋਲਾਂ ਦਾ ਇੰਨਾ ਦੁੱਖ ਨਹੀਂ ਜਿਤਨਾਂ ਜਥੇਦਾਰਾ, ਪ੍ਰਧਾਨ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਹੈ ਕਿ ਕਰੋੜਾ ਰੁ: ਖਰਚ ਕੇ ਵੀ ਤੁਸੀਂ ਇਹਨਾਂ ਬੀ. ਜੇ. ਪੀ ਅਤੇ ਆਰ. ਐਸ. ਐਸ. ਦੇ ਵੀਰਾਂ ਦਾ ਕੰਮ ਆਪ ਹੀ ਅੱਗੇ ਲੱਗਕੇ ਕਰੀ ਜਾਂਦੇ ਹੋ ਅਤੇ ਆਪਣੇ ਸਦੀਵੀ ਸੱਚ ਧਰਮ ਦੇ ਗਿਆਨ ਨੂੰ ਛੁਪਾਈ ਜਾਂਦੇ ਹੋ। ਸਾਡੇ ਪ੍ਰਬੰਧਕਾ ਅਤੇ ਜਥੇਦਾਰਾਂ ਨੂੰ ਉਹਨਾਂ ਦੇ ਸ਼ਬਦਾ ਦਾ ਬੋਲਣ, ਵਾਲੇ ਪੰਡਾਲ ਵਿੱਚ ਹੀ ਸੁਧਾਰ ਕਰਨਾ ਚਾਹੀਦਾ ਸੀ।

300 ਸਾਲਾ ਸਤਾਬਦੀ ਹਾਲਾਤ ਨੁੰ ਪੜ੍ਹਕੇ ਗੁਰੂ ਦੇ ਇਹ ਬਚਨ “ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸ਼ਨੁ ਨ ਕਰਹੁ ਪਾਪਿਸਣ ਹਤਿਆਰੀ॥” ਅੰਕ-651, ਆਪਣੇ ਗੁਰੂ ਦੇ ਸੱਚੇ ਗਿਆਨ ਨੂੰ ਇੰਨੇ ਇਕੱਠ ਵਿੱਚ ਛੁਪਾਣ ਵਾਲੇ ਨੂੰ ਗੁਰੂ ਸਾਹਿਬ ਬੁਰੇ ਤੋਂ ਬੁਰਾ ਪਾਪੀ ਹਤਿਆਰਾਂ (ਰੂਹਾਨੀਅਤ ਦੇ ਗਿਆਨ ਨੂੰ ਨਾਸ਼ ਕਰਨ ਵਾਲਾ) ਕਹਿੰਦੇ ਹਨ। ਸੰਗਤਾਂ ਨੂੰ ਹਦਾਇਤ ਕਰਦੇ ਹਨ ਕਿ ਇਨ੍ਹਾਂ ਦੇ ਦਰਸ਼ਨ ਨਹੀਂ ਕਰਨੇ। ਅੰਤ ਵਿੱਚ ਗੁਰਸਿੱਖ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਬਾਣੀ ਨੂੰ ਪਿਆਰ ਨਾਲ ਪੜੋ, ਵਿਚਾਰੋ। ਜਿਸ ਨਾਲ ਅਸੀਂ ਗੁਰੂ ਦੇ ਗਿਆਨ ਨੂੰ ਛੁਪਾਕੇ ਮਨਮਤਿ ਫੈਲਾਉਣ ਵਾਲਿਆਂ ਨੂੰ ਠੱਲ ਪਾ ਸਕੀਏ।
ਗੁਰਬਖਸ਼ ਸਿੰਘ
94172-31762




.