.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 01)

ਗੁਰਮਤ ਦਾ ਸਾਰਾ ਫਲਸਫਾ ਗੁਰੂ ਦੁਆਲੇ ਘੁੰਮਦਾ ਹੇ। ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਦੀ ਬਹੁਤ ਵਡਿਆਈ ਕੀਤੀ ਗਈ ਹੈ। ਆਉ ਵਿਚਾਰੀਏ ਕਿ ਕਿਸ ਗੁਰੂ ਦੀ ਵਡਿਆਈ, ਗੁਰੂ ਗ੍ਰੰਥ ਸਾਹਿਬ ਵਿਚ, ਇਨ੍ਹਾਂ ਲਫਜ਼ਾਂ ਨਾਲ ਕੀਤੀ ਗਈ ਹੈ,
ਭਾਈ ਰੇ ਹਰਿ ਹੀਰਾ ਗੁਰ ਮਾਹਿ॥
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥ ੧॥ ਰਹਾਉ॥ (੨੨)
ਉਹ ਹੈ ਕੀ?
ਇਹ ਰਹਾਉ ਦੀ ਐਸੀ ਪੰਗਤੀ ਹੈ ਜਿਸ ਵਿਚ, ਇਸ ਲੇਖ ਦਾ, ਪੂਰਾ ਤੱਤ ਸਾਰ, ਬੀਜ ਰੂਪ ਵਿੱਚ ਮੌਜੂਦ ਹੈ। ਫਿਲਹਾਲ ਇਸ ਦਾ ਮਤਲਬ ਹੈ, (ਫਿਲ ਹਾਲ ਇਸ ਲਈ ਲਿਖਿਆ ਹੈ, ਕਿੳਂਕਿ ਅੱਗੇ ਚਲ ਕੇ ਇਸ ਦੇ ਅਰਥ ਹੋਰ ਵਿਸਤਾਰ ਨਾਲ, ਸਾਫ ਉਭਰਨ ਗੇ।) ਹੇ ਭਾਈ (ਵੀਰ) ਹਰੀ ਰੂਪੀ ਅਮੋਲਕ ਵਸਤੂ (ਹੀਰਾ) ਗੁਰੂ ਵਿੱਚ ਹੈ। ਇਹ ਧਿਆਨ ਦੇਣ ਦੀ ਲੋੜ ਹੈ ਕਿ ਏਥੇ ਲਫਜ਼ ਮਾਹਿ ਹੈ, ਜਿਸ ਦਾ ਅਰਥ ਹੈ ਗੁਰੂ ਵਿਚ। ਜੇਕਰ ਲਫਜ਼ ਹੁੰਦਾ ਪਾਹਿ, ਤਾਂ ਅਰਥ ਹੁੰਦਾ, ਗੁਰੂ ਕੋਲ। ਹਰ ਵੇਲੇ, ਦਿਨ ਰਾਤ ਸ਼ਬਦ ਦੀ ਸਿਫਤ ਸਾਲਾਹ, ਵਿਚਾਰ, ਸਤਸੰਗਤ ਵਿੱਚ ਕਰ ਕੇ ਇਸ ਹੀਰੇ, ਅਮੋਲਕ ਵਸਤੂ ਨੂੰ ਪਾਇਆ, ਹਾਸਿਲ ਕੀਤਾ ਜਾ ਸਕਦਾ ਹੈ। ਅਤੇ,
ਮਨ ਰੇ ਗੁਰਮੁਖਿ ਅਗਨਿ ਨਿਵਾਰਿ॥
ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ॥ ੧॥ ਰਹਾਉ॥ (੨੨)
ਹੇ ਮਨ ਗੁਰਮੁਖ ਹੋ ਕੇ, ਗੁਰੂ ਦਾ ਅਨੁਸਾਰੀ ਹੋ ਕੇ, ਗੁਰੂ ਦੀ ਆਗਿਆ ਵਿੱਚ ਚਲਕੇ, ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਨੂੰ ਮਾਰ, ਖਤਮ ਕਰ। ਇਸ ਵਿੱਚ ਧਿਆਨ ਦੇਣ ਦੀ ਲੋੜ ਹੈ ਕਿ ਸੰਬੋਧਨ ਮਨ ਨੂੰ ਕੀਤਾ ਹੈ, ਕਿਉਂਕਿ ਇਹ ਵਿਸ਼ਾ ਮਨ ਦਾ ਹੈ। ਹਉਮੈ ਤ੍ਰਿਸ਼ਨਾ ਦੀ ਅੱਗ ਮਨ ਵਿੱਚ ਹੈ, ਇਹ ਅੱਗ ਮਨ ਵਿਚੋਂ ਹੀ ਖਤਮ ਹੋਣੀ ਹੈ।
ਕਿਵੇਂ? ਗੁਰੂ ਦਾ ਉਪਦੇਸ਼ ਮਨ ਵਿੱਚ ਵਸਣ ਨਾਲ। ਗੁਰ ਫੁਰਮਾਨ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ (੫੬੦)
ਹਉਮੈ ਅਤੇ ਪ੍ਰਭੂ ਦਾ ਨਾਮ, ਦੋਵੇਂ ਇੱਕ ਦੂਸਰੇ ਦੇ ਵਿਰੋਧੀ ਹਨ, ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਜੇ ਮਨ ਵਿੱਚ ਪ੍ਰਭੂ ਦਾ ਨਾਮ ਹੋਵੇਗਾ, ਤਾਂ ਮਨ ਵਿੱਚ ਹਉਮੈ ਨਹੀਂ ਆ ਸਕਦੀ। ਜੇ ਮਨ ਵਿੱਚ ਹਉਮੈ ਹੋਵੇਗੀ ਤਾਂ ਮਨ ਵਿੱਚ ਪ੍ਰਭੂ ਦਾ ਨਿਵਾਸ ਨਹੀਂ ਹੋ ਸਕਦਾ। ਮਨ ਵਿੱਚ ਹਉਮੈ ਤਾਂ, ਮਾਇਆ ਦੇ ਪ੍ਰਭਾਵ ਹੇਠ, ਅਪਣੇ ਆਪ ਪੈਦਾ ਹੁੰਦੀ ਰਹਿੰਦੀ ਹੈ, ਪਰ ਉਸ ਨੂੰ ਦੂਰ ਕਰਨ ਲਈ, ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਮਨੋਂ ਮੰਨਣ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਹਨ,
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ॥
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚੋਂ ਹਉਮੈ ਜਾਇ॥ ਰਹਾਉ॥ (੫੬੦)
ਹੇ ਮੇਰੇ ਮਨ ਤੂੰ ਗੁਰੂ ਦੇ ਕਹੇ ਅਨੁਸਾਰ ਚਲ ਕੇ ਹਰੀ ਨੂੰ ਚੇਤੇ ਰੱਖਣ ਦਾ ਕੰਮ ਕਰ। ਜੇ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਤੈਨੂ ਪਰਮਾਤਮਾ ਮਿਲੇਗਾ। ਗੁਰਬਾਣੀ ਸੇਧ ਦਿੰਦੀ ਹੈ,

ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ॥
ਏਕੋ ਸਬਦੁ ਵਿਚਾਰੀਐ ਅਵਰ ਤਿਆਗੈ ਆਸ॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ॥ (੧੮)
ਗੁਰ (ਸ਼ਬਦ) ਤੋਂ ਬਗੈਰ, ਮਨ ਤੋਂ ਵਿਕਾਰਾਂ ਦੀ ਮੈਲ਼ ਨਹੀਂ ਉਤਰਦੀ, ਪ੍ਰਭੂ ਨੂੰ ਮਿਲੇ ਬਗੈਰ, ਨਿੱਜ ਘਰ ਵਿੱਚ ਵਾਸਾ (ਪਰਮਾਤਮਾ ਨਾਲ ਇੱਕ ਮਿਕਤਾ) ਕਿਵੈਂ ਸੰਭਵ ਹੈ? ਵਿਾਖਵੇ ਦੇ, ਕਰਮ ਕਾਂਡੀ ਤਰੀਕਿਆਂ ਨਾਲ ਪਰਮਾਤਮਾ ਨੂੰ ਮਿਲਣ ਦੀ ਆਸ ਕਰਨੀ ਬੇਵਕੂਫੀ ਹੈ। ਇਸ ਲਈ ਹੋਰ ਸਾਰੀਆਂ ਆਸਾਂ ਛੱਡ ਕੇ, ਸਿਰਫ ਸ਼ਬਦ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਹੇ ਨਾਨਕ ਜਿਸ, ਸ਼ਬਦਗੁਰੂ ਨੇ, ਆਪ ਕਰਤਾਰ ਬਾਰੇ ਜਾਣਿਆ ਹੈ, ਅਤੇ ਦੂਸਰਿਆਂ ਨੂੰ ਵੀ ਪਰਮਾਤਮਾ ਬਾਰੇ ਸੋਝੀ ਦੇਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
ਅਤੇ,
ਤ੍ਰਿਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ॥
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ॥ ੯॥
ਸਤਿਗੁਰੁ ਸੇਵਨਿ ਸੇ ਵਡਭਾਗੀ॥ ਸਾਚੈ ਨਾਮਿ ਸਦਾ ਲਿਵ ਲਾਗੀ॥
ਅਂਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ॥ ੧੦॥
ਸਚਾ ਸਬਦੁ ਸਚੀ ਹੈ ਬਾਣੀ॥ ਗੁਰਮੁਖਿ ਵਿਰਲੈ ਕਿਨੈ ਪਛਾਣੀ॥
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ॥ ੧੧॥
ਸਬਦੁ ਬੁਝੈ ਸੋ ਮੈਲੁ ਚੁਕਾਏ॥ ਨਿਰਮਲ ਨਾਮੁ ਵਸੈ ਮਨਿ ਆਏ॥
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ॥ ੧੨॥
ਸਾਰਾ ਜਗਤ ਮਾਇਆ ਦੀ ਤ੍ਰਿਸ਼ਨਾ ਵਿੱਚ ਜਲ ਰਿਹਾ ਹੈ, ਵਿਕਾਰਾਂ ਵਿੱਚ ਫਸਿਆ ਸੜ ਸੜ ਕੇ ਬਹੁਤ ਦੁਖੀ ਹੋ ਰਿਹਾ ਹੈ। ਇਸ ਅੱਗ ਤੋਂ ਬਚਣ ਲਈ, ਅਪਣੇ ਮਨ ਦੇ ਕਹੇ ਚਲਣ ਵਾਲਾ ਬੰਦਾ, ਕੋਈ ਉਪਾਉ ਨਹੀਂ ਕਰ ਸਕਦਾ। ਇਸ ਤੋਂ ਬਚਾਉ ਬਾਰੇ, ਸਿਰਫ ਸ਼ਬਦ ਗੁਰੂ ਹੀ ਸੋਝੀ ਦਿੰਦਾ ਹੈ।
ਵੱਡੇ ਭਾਗਾਂ ਵਾਲੇ ਹਨ ਉਹ ਜੀਵ ਜੋ ਸ਼ਬਦ ਗੁਰੂ ਦੇ ਕਹੇ ਅਨੁਸਾਰ, ਵਾਹਿਗੁਰੂ ਨੂੰ ਸੇਂਵਦੇ ਹਨ, ਉਸ ਦੇ ਨਾਮ, ਹੁਕਮ ਵਿੱਚ ਜਿਨ੍ਹਾਂ ਦੀ ਸੁਰਤ ਹਮੇਸ਼ਾ ਜੁੜੀ ਰਹਿੰਦੀ ਹੈ। ਉਨ੍ਹਾਂ ਦੇ ਅੰਦਰ ਪ੍ਰਭੂ ਦਾ ਪਵਿਤ੍ਰ ਨਾਮ ਹਮੇਸ਼ਾ ਟਿਕਿਆ ਹਿੰਦਾ ਹੈ, ਸ਼ਬਦ ਗੁਰੂ ਦੀ ਸਿਖਿਆ ਆਸਰੇ ਉਨ੍ਹਾਂ, ਅੰਦਰਲੀ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੁੰਦੀ ਹੈ।
ਗੁਰੂ ਦੇ ਕਹੇ ਮੁਤਾਬਿਕ ਚਲਣ ਵਾਲੇ, ਕਿਸੇ ਵਿਰਲੇ ਬੰਦੇ ਨੇ, ਇਹ ਗੱਲ ਬੁੱਝੀ ਹੈ ਕਿ ਸ਼ਬਦ ਅਤੇ ਸ਼ਬਦ ਤੋਂ ੳਪਜੀ ਅੰਮ੍ਰਿਤ ਬਾਣੀ ਹੀ, ਕਾਇਮ ਰਹਿਣ ਵਾਲੀਆਂ ਵਸਤਾਂ ਹਨ। ਜੋ ਮਨੁੱਖ ਸ਼ਬਦ ਵਿਚਾਰ ਨਾਲ ਜੁੜੇ ਰਹਿੰਦੇ ਹਨ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਉਪਰਾਮ ਰਹਿੰਦੇ ਹਨ, ਉਨ੍ਹਾਂ ਦਾ ਹੀ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਜੋ ਬੰਦੇ ਸ਼ਬਦ ਦੇ ਭਾਵ ਨੂੰ, ਵਿਚਾਰ ਰਾਹੀਂ ਬੁਝ ਲੈਂਦੇ ਹਨ, ਉਨ੍ਹਾਂ ਦਾ ਮਨ, ਪ੍ਰਭੂ ਦੇ ਨਾਮ, ਪ੍ਰਭੂ ਦੀ ਰਜ਼ਾ ਨੂੰ ਮੰਨ ਲੈਂਦਾ ਹੈ। ਉਹ ਹਮੇਸ਼ਾ, ਅਕਾਲ ਨੂੰ ਯਾਦ ਰੱਖਦੇ ਹਨ, ਉਨ੍ਹਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
ਵਿਚਾਰਨ ਵਾਲੀ ਗੱਲ ਹੈ ਕਿ,
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿਨ॥ (੨੮੩)
ਮੁਤਾਬਿਕ, ਪ੍ਰਭੂ ਕੋਈ ਵੇਖਣ ਦੀ ਚੀਜ਼ ਨਹੀਂ ਹੈ। ਅਤੇ,
ਸੰਕਟਿ ਨਹੀਂ ਪਰੈ ਜੋਨ ਨਹੀਂ ਆਵੈ ਨਾਮੁ ਨਿਰੰਜਨ ਜਾ ਕੋ ਰੇ॥ (੩੩੯)
ਅਨੁਸਾਰ ਉਹ, ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਕਿਸੇ ਜੂਨੀ ਵਿੱਚ ਨਹੀਂ ਆਉਂਦਾ, ਜੋ ਉਸ ਨੂੰ ਵੇਖਿਆ ਜਾ ਸਕੇ। ਉਹ ਸਮਝਣ, ਸਮਝਾਉਣ ਦੀ ਚੀਜ਼ ਹੈ, ਮਹਿਸੂਸ ਕਰਨ ਦੀ ਚੀਜ਼ ਹੈ।)
ਫਿਰ ਉਸ ਪ੍ਰਭੂ ਬਾਰੇ ਸੋਝੀ ਕਿਵੇਂ ਹੁੰਦੀ ਹੈ? ਇਹ ਕਿਵੇਂ ਜਾਣਿਆ ਜਾ ਸਕਦਾ ਹੈ ਕਿ, ਇਹ ਉਹੀ ਭਗਵਾਨ ਹੈ, ਜਿਸ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ,

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ॥
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ॥ (੫੯੭)
ਜੋ ਪ੍ਰਭੂ ਅਦ੍ਰਿਸ਼ ਹੈ, ਜਿਸ ਤਕ ਪਹੁੰਚਿਆ ਨਹੀਂ ਜਾ ਸਕਦਾ, ਜੋ ਇੰਦ੍ਰੀਆਂ ਦਾ ਵਿਸ਼ਾ ਨਹੀਂ ਹੈ। ਉਹ ਸਮੇ ਦੇ ਗੇੜ ਤੋਂ ਬਾਹਰ ਹੇ, ਉਹ ਕਰਮਾਂ ਦੇ ਅਧੀਨ ਨਹੀਂ ਹੈ। ਉਸ ਦੀ ਕੋਈ ਜਾਤ ਨਹੀਂ ਹੈ, ਉਹ ਜੂਨਾਂ ਦੇ ਗੇੜ ਤੋਂ ਬਾਹਰ ਹੈ। ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ। ਉਹ ਮੋਹ ਦੇ ਪ੍ਰਭਾਵ ਤੋਂ ਬਾਹਰ ਹੈ, ਨਾ ਹੀ ਉਸ ਨੂੰ ਭਰਮ ਭੁਲੇਖੇ ਵਿਆਪਦੇ ਹਨ। ਅਤੇ,
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮੁ ਨ ਨਾਰੀ॥
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤ ਤੁਮਾਰੀ॥ (੫੯੭)
ਉਸ ਪ੍ਰਭੂ ਦੀ ਨਾ ਮਾਤਾ ਹੈ, ਨਾ ਉਸ ਦਾ ਪਿਤਾ ਹੈ, ਨਾ ਉਸ ਦਾ ਕੋਈ ਪੁਤ੍ਰ ਹੈ ਅਤੇ ਨਾ ਹੀ ਉਸ ਦਾ ਕੋਈ ਰਿਸ਼ਤੇਦਾਰ ਹੈ। ਨਾ ਹੀ ਉਸ ਨੂੰ ਕਦੀ ਕਾਮ ਵਿਆਪਦਾ ਹੈ, ਨਾ ਉਸ ਦੀ ਕੋਈ ਵਹੁਟੀ ਹੈ। ਉਸ ਦੀ ਕੋਈ ਕੁਲ ਵੀ ਨਹੀਂ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਵੀ ਬਾਹਰ ਹੈ। ਉਹ ਪਰੇ ਤੋਂ ਵੀ ਪਰੇ ਹੈ, ਬੇਅੰਤ ਹੈ। ਹੇ ਪ੍ਰਭੂ ਸਭ ਥਾਂ ਤੇਰੀ ਹੀ ਜੋਤ ਪਰਕਾਸ਼ਮਾਨ ਹੈ।
ਉਸ ਕਰਤਾਰ ਬਾਰੇ ਸਮਝਣ ਲਈ ਗੁਰੂ ਸਾਹਿਬ ਸੇਧ ਦਿੰਦੇ ਹਨ,

ਸਾਚੇ ਸਚਿਆਰ ਵਿਟਹੁ ਕੁਰਬਾਣੁ॥
ਨਾ ਤਿਸੁ ਰੂਪ ਵਰਨੁ ਨਹੀਂ ਰੇਖਿਆ ਸਾਚੈ ਸਬਦਿ ਨੀਸਾਣੁ॥ ਰਹਾਉ॥ (੫੯੭)
ਮੈਂ ਸਦਾ ਉਸ ਅਕਾਲ ਤੋਂ ਕੁਰਬਾਨ ਹਾਂ, ਜੋ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸਚਾਈ ਦਾ ਸੋਮਾ ਹੇ। ਉਸ ਵਾਹਿਗੁਰੂ ਦਾ ਨਾ ਕੋਈ ਰੂਪ ਹੈ, ਨਾ ਰੰਗ ਹੈ ਅਤੇ ਨਾ ਕੋਈ ਚਿਹਨ ਚੱਕ੍ਰ ਹੈ। ਉਸ ਦੀ ਸੋਝੀ, ਉਸ ਬਾਰੇ ਜਾਣਕਾਰੀ ਸ਼ਬਦ ਵਿੱਚ ਹੈ।
(ਇਸ ਵਿੱਚ ਪਹਿਲੀ ਤੁਕ ਦੀਆਂ ਦੋ ਚੀਜ਼ਾਂ ਦੁਹਰਾਈਆਂ ਗਈਆਂ ਹਨ. ਇੱਕ ਤਾਂ ਪਰਮਾਤਮਾ ਬਾਰੇ ਸੋਝੀ ਕਿਸੇ ਗੁਰੂ ਦੇ ਕੋਲ ਨਹੀਂ ਹੈ ਬਲਕਿ ਗੁਰੂ ਵਿੱਚ ਹੈ। ਜੇ ਗੁਰੂ ਦੇ ਕੋਲ ਦੀ ਗੱਲ ਹੋਵੇ ਤਾਂ, ਇਸ ਦਾ ਮਤਲਬ ਹੋ ਜਾਵੇ ਕਿ ਗੁਰੂ ਕੋਈ ਆਕਾਰ ਹੈ, ਗੁਰੂ ਕੋਈ ਵਿਅਕਤੀ ਹੈ। ਪਰ ਅਜਿਹਾ ਨਹੀਂ ਹੈ।)
(ਦੂਸਰੀ ਪਰਮਾਤਮਾ ਬਾਰੇ ਸੋਝੀ ਲੈਣ ਲਈ, ਸ਼ਬਦ ਵਿਚਾਰ ਦੀ ਗੱਲ ਹੈ, ਕਿਉਂਕਿ ਸ਼ਬਦ ਵਿੱਚ ਹੀ ਉਸ ਦੀ ਸੋਝੀ ਹੈ)
ਏਥੋਂ ਤਕ, ੧, ਦੀ ਗੱਲ ਸੀ, ਜਿਸ ਬਾਰੇ ਜਾਨਣ ਦਾ ਵਸੀਲਾ ਗੁਰੂ ਸਾਹਿਬ ਨੇ ਸ਼ਬਦ ਨੂੰ ਦੱਸਿਆ ਹੈ। ਜਿਸ ਬਾਰੇ ਜਾਨਣ ਦੇ ਜਗਿਆਸੂਆਂ ਨੂੰ, ਪੁਜਾਰੀ ਲੋਕਾਂ ਨੇ (ਜਿਨ੍ਹਾਂ ਨੂੰ ਆਪ ਉਸ ਬਾਰੇ ਕੋਈ ਜਾਣਕਾਰੀ ਨਹੀਂ) ਕੁਰਾਹੇ ਪਾ ਕੇ ਖੂਬ ਲੁਟਿਆ ਹੈ, ਅਤੇ ਲੁੱਟ ਰਹੇ ਹਨ। ਬਾਬਾ ਨਾਨਕ ਤੋਂ ਪਹਿਲਾਂ ਵੀ ਕੁੱਝ ਭਗਤਾਂ ਨੇ, ਆਮ ਲੋਕਾਂ ਨੂੰ, ਪ੍ਰਭੂ ਬਾਰੇ ਸਹੀ ਸੋਝੀ ਦਿੱਤੀ ਹੈ, ਪਰ ਉਨ੍ਹਾਂ ਦਾ ਪਰਭਾਵ ਅਪਣੇ ਅਪਣੇ ਇਲਾਕੇ ਤਕ ਸੀਮਤ ਰਿਹਾ ਹੈ।
ਪਹਿਲੀ ਵਾਰ ਬਾਬਾ ਨਾਨਕ ਸਾਹਿਬ ਨੇ, ਉਸ, ੴ, ਰੂਪ ਦੀ ਸੋਝੀ ਦੇ ਕੇ ਆਮ ਬੰਦੇ ਲਈ ਉਸ ਨੂੰ ਜਾਨਣਾ ਬੜਾ ਸੌਖਾ ਕਰ ਦਿੱਤਾ ਹੈ। ਆਉ ਉਸ ਦੇ , ੴ, ਰੂਪ ਬਾਰੇ ਵੀ ਕੁੱਝ ਜਾਣੀਏ।
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥
ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥ (੫੯੭)
ਹਰੇਕ ਸਰੀਰ ਅਂਦਰ ਵਾਹਿਗੁਰੂ ਗੁਪਤ ਰੂਪ ਵਿੱਚ ਬੈਠਾ ਹੈ, ਹਰ ਚੀਜ਼ ਵਿੱਚ ਉਸ ਦੀ ਜੋਤ, ਉਸ ਦੀ ਸੱਤਾ ਵਰਤ ਰਹੀ ਹੈ। ਬੰਦੇ ਦੇ ਦਿਮਾਗ ਤੇ, ਮਾਇਆ ਮੋਹ ਦੇ, ਪੱਥਰ ਵਰਗੇ ਦਰਵਾਜ਼ੇ ਲੱਗੇ ਹੋਏ ਹਨ, ਜਿਨ੍ਹਾਂ ਤੋਂ ਪਾਰ, ਨਾ ਕੋਈ ਆਵਾਜ਼, ਨਾ ਕੋਈ ਰੌਸ਼ਨੀ, ਤੇ ਨਾ ਹੀ ਕੋਈ ਗਿਆਨ ਆਦਿ ਹੀ ਜਾ ਸਕਦਾ ਹੈ। ਇਹ ਦਰਵਾਜ਼ੇ, ਗੁਰੂ ਦੀ ਮੱਤ ਅਨੁਸਾਰ ਚਲਿਆਂ ਹੀ ਖੁਲਦੇ ਹਨ (ਗੁਰੂ ਹੀ ਸਾਡੀ ਇਸ ਵਿਚਾਰ ਦਾ ਵਿਸ਼ਾ ਹੈ)
ਉਹ ਦਰਵਾਜ਼ੇ ਖੁਲਣ ਤੇ ਹੀ ਬੰਦੇ ਨੂੰ ਸੋਝੀ ਆਉਂਦੀ ਹੈ, ਗਿਆਨ ਹੁੰਦਾ ਹੈ ਕਿ ਉਹ ਪ੍ਰਭੂ ਤਾਂ ਹਰ ਚੀਜ਼ ਵਿੱਚ ਵਿਆਪਕ, ਟਿਕਿਆ ਹੋਇਆ ਹੈ, ਫਿਰ ਵੀ ਉਹ ਦੂਸਰੀਆਂ ਵਸਤਾਂ, ਦੂਸਰੇ ਜੀਵਾਂ ਵਾਙ ਭੈ ਵਿੱਚ ਨਹੀਂ ਹੈ,
ਸਗਲਿਆ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ (੪੬੪)
ਕਿਉਂਕਿ ਉਸ ਦੇ ਹੁਕਮ ਵਿੱਚ ਹੀ ਸਭ ਕੁਛ ਹੋ ਰਿਹਾ ਹੈ, ਉਸ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਚਲ ਰਿਹਾ ਹੈ ਪਰ ਉਸ ਤੇ ਕਿਸੇ ਦਾ ਹੁਕਮ ਲਾਗੂ ਨਹੀਂ ਹੁੰਦਾ। ਇਸ ਲਈ ਉਹ ਹਰ ਹਾਲਤ ਵਿੱਚ ਨਿਰਭਉ ਰਹਿੰਦਾ ਹੈ। ਸਭ ਨੇ ਅਪਣੇ ਕਰਮਾਂ ਦਾ ਲੇਖਾ ਦੇਣਾ ਹੈ, ਉਸ ਪ੍ਰਭੂ ਨਾਲ ਜੁੜਿਆਂ ਤਾਂ ਬੰਦੇ ਦਾ ਲੇਖਾ ਵੀ ਮੁੱਕ ਜਾਂਦਾ ਹੈ, ਉਸ ਨੇ ਆਪ ਕੀ ਲੇਖਾ ਦੇਣਾ ਹੋਇਆ? ਇਸ ਅਧਾਰ ਤੇ ਕਿਸੇ ਵੀ ਬੰਦੇ ਬਾਰੇ ਪਤਾ ਲਾਇਆ ਜਾ ਸਕਦਾ ਹੈ ਕਿ ਉਹ ਪ੍ਰਭੂ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਜਿਸ ਬੰਦੇ ਨੂੰ ਅਪਣੇ ਸਰੀਰ ਦੇ ਖਤਮ ਹੋਣ ਦਾ ਡਰ ਹੀ ਸਤਾਉਂਦਾ ਰਹੇ, ਜਦ ਕਿ ਇਹ ਇਸ ਦੁਨੀਆ ਦੀ ਸਭ ਤੋਂ ਵੱਡੀ ਸਚਾਈ ਹੈ,
(ਜੰਤ ਉਪਾਇ ਕਾਲ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ॥
ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ॥ (੫੯੭)
ਸਭ ਜੀਵਾਂ ਨੂੰ ਪੈਦਾ ਕਰ ਕੇ, ਕਰਤਾਰ ਨੇ ਸਭ ਦੇ ਸਿਰ ਤੇ ਕਾਲ, ਸਮੇ ਦਾ ਚੱਕਰ ਸਥਾਪਤ ਕੀਤਾ ਹੋਇਆ ਹੈ। ਸਭ ਜੀਵਾਂ ਦੀ ਜੀਵਨ ਜੁਗਤ ਪ੍ਰਭੂ ਦੇ ਵਸ ਵਿੱਚ ਹੈ। ਜੋ ਜੀਵ ਸਤਿਗੁਰੁ, ਪਰਮਾਤਮਾ ਦੀ ਸੇਵਾ ਕਰਦੇ ਹਨ, ਉਹ ਦੁਰਲੱਭ ਵਸਤ, ਰੱਬ ਨੂੰ ਪਾ ਲੈਂਦੇ ਹਨ, ਪਰ ਇਹ ਛੁਟਕਾਰਾ ਉਨ੍ਹਾਂ ਲੋਕਾਂ ਦਾ ਹੀ ਹੁੰਦਾ ਹੈ ਜੋ ਸ਼ਬਦ ਦੀ ਕਮਾਈ ਕਰਦੇ ਹਨ। ਏਥੇ ਪਰਮਾਤਮਾ ਦੀ ਸੇਵਾ ਅਤੇ ਸ਼ਬਦ ਦੀ ਕਮਾਈ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਨੂੰ ਸਮਝੇ ਬਗੈਰ, ਲੋਕ ਕਰਮ ਕਾਂਡਾਂ ਨਾਲ ਜੁੜ ਜਾਂਦੇ ਹਨ।
ਅਮਰ ਜੀਤ ਸਿੰਘ ਚੰਦੀ




.