.

ਦੂਜੇ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ (ਵਡਹੰਸ ਮਹਲਾ 3 ਅੰਕ 569)

ਸਿੱਖ ਕੌਮ ਇਸ ਵੇਲੇ ਬੜੇ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ। ਜਿਥੇ ਪੰਜਾਬ ਵਿੱਚ ਹਾਲਤ ਚਿੰਤਾਜਨਕ ਬਣੀ ਹੋਈ ਹੈ ਉੱਥੇ ਹੁਣੇ ਜਿਹੇ ਹੀ ਕੈਨੇਡਾ ਵਿੱਚ ਵਾਪਰੀਆਂ ਘਟਨਾਵਾਂ ਨੇ ਵੀ ਬੜੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਉਂ ਲਗਦਾ ਹੈ ਜਿਵੇਂ ਪਿਛਲੇ ਸਮੇਂ ਵਿੱਚ ਜੱਦੋ-ਜਹਿਦ ਕਰ ਕੇ ਸਿੱਖਾਂ ਵਲੋਂ ਵਿਦੇਸ਼ਾਂ ਵਿੱਚ ਪ੍ਰਾਪਤ ਕੀਤੇ ਅਧਿਕਾਰ ਖ਼ਤਰੇ ਵਿੱਚ ਪੈ ਗਏ ਹਨ। ਜੇ ਸਿੱਖਾਂ ਪਾਸ ਸੂਝਵਾਨ ਲੀਡਰ ਹੁੰਦੇ ਤਾਂ ਜਿਹੜੇ ਮਸਲੇ ਅੱਜ ਦੈਂਤ ਬਣਕੇ ਕੌਮ ਨੂੰ ਲੀਰਾਂ ਲੀਰਾਂ ਕਰ ਰਹੇ ਹਨ, ਉਨ੍ਹਾਂ ਦਾ ਸਮਾਧਾਨ ਹੋ ਗਿਆ ਹੁੰਦਾ। ਜਿਹੜਾ ਵੀ ਲੀਡਰ ਆਇਆ ਉਸ ਨੇ ਕੋਈ ਮਸਲਾ ਹੱਲ ਕਰਵਾਉਣ ਦੀ ਬਜਾਇ ਆਪਣੇ ਕਾਰਜ ਕਾਲ ਦੌਰਾਨ ਪ੍ਰਭੁਤਾ ਦਾ ਆਨੰਦ ਮਾਣਿਆ ਤੇ ਚਾਬੀਆਂ ਆਉਣ ਵਾਲੇ ਲੀਡਰ ਨੂੰ ਫੜਾ ਦਿੱਤੀਆਂ। ਪਿਛਲੇ ਕੁੱਝ ਸਮੇਂ ਤੋਂ ਤਾਂ ਸਾਡੇ ਧਾਰਮਿਕ ਲੀਡਰ ਸਿਆਸਤਦਾਨਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨ। ਇਨ੍ਹਾਂ ਦੀ ਤਾਜਪੋਸ਼ੀ ਕਿਸੇ ਬਾਦਸ਼ਾਹ ਦੀ ਤਾਜਪੋਸ਼ੀ ਤੋਂ ਘੱਟ ਨਹੀਂ ਹੁੰਦੀ ਪਰ ਜਦੋਂ ਇਨ੍ਹਾਂ ਤੋਂ ਲੋੜ ਜਿੰਨਾ ਕੰਮ ਲੈ ਲਿਆ ਜਾਂਦਾ ਹੈ ਤਾਂ ਇਨ੍ਹਾਂ ਨੂੰ ਜ਼ਲੀਲ ਕਰ ਕੇ ਘਰ ਤੋਰ ਦਿਤਾ ਜਾਂਦਾ ਹੈ। ਜੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਨੂੰ ਕੌਮ ਨੇ ਅਪਣਾ ਲਿਆ ਹੁੰਦਾ ਤੇ ਜੇ ਸਾਡੇ ਧਾਰਮਿਕ ਲੀਡਰਾਂ ਵਿੱਚ ਜ਼ੁਰਅਤ ਹੁੰਦੀ ਤਾਂ ਉਹ ਇਸ ਨੂੰ ਲਾਗੂ ਕਰਵਾਉਂਦੇ ਪਰ ਡੁੱਬੀ ਤਾਂ ਜੇ ਸਾਹ ਨਾ ਆਇਆ। ਡੇਰੇਦਾਰਾਂ ਨੇ ਮਾਇਆ ਦੇ ਝਲਕਾਰਿਆਂ ਨਾਲ ਆਪਣੀਆਂ ਨਾਪਾਕ ਚਾਲਾਂ ਅੰਜਾਮ ਦੇਣੀਆਂ ਚਾਲੂ ਰੱਖੀਆਂ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਤੋਂ ਬਾਗ਼ੀ ਹਨ, ਉਹੀ ਰਹਿਤ ਮਰਯਾਦਾ ਦਾ ਰੌਲਾ ਪਾਈ ਜਾਂਦੇ ਹਨ ਜਿਵੇਂ ਚੋਰ ਹੀ ਚੋਰ ਨੂੰ ਫੜਨ ਲਈ ਮੂਹਰੇ ਹੋ ਕੇ ਰੌਲਾ ਪਾ ਰਿਹਾ ਹੋਵੇ।
ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਜਾਬਰ ਕੌਮਾਂ ਹਮੇਸ਼ਾਂ ਹੀ ਦੂਸਰੀਆਂ ਕੌਮਾਂ ਦੇ ਧੁਰੇ, ਭਾਵ ਸਿਧਾਂਤ ਨੂੰ ਨੇਸਤੋ-ਨਾਬੂਦ ਕਰਦੀਆਂ ਆਈਆਂ ਹਨ। ਪੁਰਾਣੇ ਤੋਂ ਪੁਰਾਣਾ ਇਤਿਹਾਸ ਇਨ੍ਹਾਂ ਘਟਨਾਵਾਂ ਨਾਲ ਭਰਿਆ ਪਿਆ ਹੈ। ਤਾਜ਼ੀਆਂ ਮਿਸਾਲਾਂ ਹਨ 1971 ਦੀ ਲੜਾਈ ਵੇਲੇ ਬੰਗਲਾ ਦੇਸ਼ ਵਿੱਚ ਪਾਕਿਸਤਾਨੀ ਫੌਜਾਂ ਵਲੋਂ ਲਾਇਬ੍ਰੇਰੀਆਂ ਨੂੰ ਸਾੜਨਾ ਅਤੇ ਯੂਨੀਵਰਸਿਟੀਆਂ ਵਿਚੋਂ ਬੁਧੀਜੀਵੀਆਂ ਨੂੰ ਚੁਣ ਚੁਣ ਕੇ ਮਾਰਨਾ ਅਤੇ 1984 ਵਿੱਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਸਭ ਕੁੱਝ ਲੁੱਟ ਕੇ ਲੈ ਜਾਣਾ ਤੇ ਲਾਇਬ੍ਰੇਰੀ ਨੂੰ ਅੱਗ ਲਾਉਣੀ। ਢਾਈਆਂ ਗਈਆਂ ਇਮਾਰਤਾਂ ਤਾਂ ਦੁਬਾਰਾ ਬਣ ਜਾਂਦੀਆਂ ਹਨ ਪਰ ਸਿਧਾਂਤ ਨੂੰ ਦੁਬਾਰਾ ਬਣਾਉਣ ਲਈ ਸਦੀਆਂ ਦੀ ਲੋੜ ਹੁੰਦੀ ਹੈ ਪਰ ਆਮ ਤੌਰ `ਤੇ ਹੁੰਦਾ ਇਹ ਹੈ ਕਿ ਦਬਾਈ ਗਈ ਕੌਮ ਏਨੀ ਸਾਹ-ਸਤ ਹੀਣ ਹੋ ਜਾਂਦੀ ਹੈ ਕਿ ਉਹ ਗੁਲਾਮੀ ਨੂੰ ਹੀ ਆਪਣੀ ਹੋਣੀ ਮੰਨਣ ਲੱਗ ਪੈਂਦੀ ਹੈ।
ਸਿੱਖ ਕੌਮ ਨਾਲ ਵੀ ਅੱਜ ਕਲ ਇਹੋ ਹੀ ਵਾਪਰ ਰਿਹਾ ਹੈ ਪਰ ਸ਼ਰਮ ਵਾਲੀ ਗੱਲ ਹੈ ਕਿ ਸਿੱਖ ਧਰਮ ਦੇ ਆਪਣੇ ਗ਼ਦਾਰਾਂ ਕਰਕੇ ਹੀ ਅਜਿਹਾ ਹੋ ਰਿਹਾ ਹੈ। ਆਰ. ਐਸ. ਐਸ. ਦੇ ਕੁਹਾੜੇ ਵਿੱਚ ਸਿੱਖ ਗ਼ਦਾਰ ਦਸਤੇ ਦਾ ਕੰਮ ਦੇ ਰਹੇ ਹਨ।
ਸਿੱਖ ਧਰਮ ਦੇ ਪੈਦਾ ਹੁੰਦਿਆਂ ਹੀ ਇਸ ਦੇ ਦੋਖੀ ਵੀ ਨਾਲ ਹੀ ਪੈਦਾ ਹੋ ਗਏ ਸਨ ਕਿਉਂਕਿ ਗੁਰੂ ਨਾਨਕ ਦਾ ਉਪਦੇਸ਼ ਕਰਮ-ਕਾਂਡ ਦਾ ਖੰਡਨ ਕਰਕੇ ਇੱਕ ਨਿਰੰਕਾਰ ਦੀ ਪੂਜਾ ਦੀ ਗੱਲ ਕਰਦਾ ਸੀ ਜੋ ਕਿ ਸਦੀਆਂ ਤੋਂ ਸਥਾਪਤ ਹੋ ਚੁੱਕੀ ਪੁਜਾਰੀ ਸ਼੍ਰੇਣੀ ਨੂੰ ਮੰਨਜ਼ੂਰ ਨਹੀਂ ਸੀ। ਸੋ ਪੁਜਾਰੀ ਸ਼੍ਰੇਣੀ ਨੇ ਉਸੇ ਦਿਨ ਤੋਂ ਲੱਕ ਬੰਨ੍ਹ ਲਿਆ ਕਿ ਸਿੱਖ ਸਿਧਾਂਤ ਦੇ ਸੁਨਹਿਰੀ ਅਸੂਲਾਂ ਵਿੱਚ ਮਿਲਾਵਟ ਮਿਲਾਉਣੀ ਹੀ ਮਿਲਾਉਣੀ ਹੈ। ਹੁਣ ਤਾਂ ਸਿੱਖ ਪੰਥ ਵਿੱਚ ਹੀ ਇਸ ਪੁਜਾਰੀ ਸ਼੍ਰੇਣੀ ਦੀਆਂ ਜੜ੍ਹਾਂ ਖੱਬਲ ਘਾਹ ਵਾਂਗ ਫੈਲ ਗਈਆਂ ਹਨ ਜੋ ਕਿਸੇ ਵੀ ਹਾਲਤ ਵਿੱਚ ਆਪਣੇ ਸ਼ਾਹੀ ਠਾਠ ਨੂੰ ਠੇਸ ਨਹੀਂ ਨਹੀਂ ਲੱਗਣ ਦੇਣਾ ਚਾਹੁੰਦੇ।
ਸਿੱਖ ਧਰਮ ਦੱਬੇ ਕੁਚਲੇ ਭਾਈ ਲਾਲੋਆਂ ਵਰਗੇ ਕਿਰਤੀਆਂ ਦਾ ਧਰਮ ਸੀ ਪਰ ਹੌਲੀ ਹੌਲੀ ਇਸ ਉਪਰ ਮਲਕ ਭਾਗੋਆਂ ਦਾ ਕਬਜ਼ਾ ਹੋ ਗਿਆ। ਪੰਜਾਬ ਵਿੱਚ ਹਜ਼ਾਰਾਂ ਗ਼ਰੀਬ ਸਿੱਖ ਧਰਮ ਤਬਦੀਲ ਕਰਕੇ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਨ। ਸਾਡੇ ਲੀਡਰ ਇੱਕ ਅੱਧਾ ਬਿਆਨ ਦੇ ਕੇ ਆਪਣੇ ਆਪ ਨੂੰ ਸੁਰਖ਼ਰੂ ਸਮਝਦੇ ਹਨ। ਪੁਜਾਰੀ ਸ਼੍ਰੇਣੀ ਨੇ ਲੋਕਾਂ ਦੀ ਲੁੱਟ ਕਰ ਕੇ ਮਹਾਰਾਜਿਆਂ ਦੀ ਸ਼ਾਨ ਵਰਗੇ ਡੇਰੇ ਸਥਾਪਿਤ ਕਰ ਲਏ ਤੇ ਮੌਕੇ ਦੀਆਂ ਸਰਕਾਰਾਂ ਨੂੰ ਆਪਣੀਆਂ ‘ਸੰਗਤਾਂ’ ਦੀਆਂ ਵੋਟਾਂ ਦੇ ਝੁਰਲੂ ਨਾਲ ਪ੍ਰਭਾਵਿਤ ਕਰ ਕੇ ਖੁਦ ਵੀ ਸੱਤਾ ਦਾ ਆਨੰਦ ਮਾਨਣ ਲੱਗੇ। ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਕਈਆਂ ਨੇ ਆਪਣੇ ਡੇਰਿਆਂ ਵਿਚੋਂ ਨਿਸ਼ਾਨ ਸਾਹਿਬ, ਕੜਾਹ ਪਰਸ਼ਾਦ ਦੀ ਮਰਯਾਦਾ, ਕਿਰਤ ਕਰਨ ਦਾ ਸਿਧਾਂਤ ਤੇ ਗੁਰੂ ਬਾਬੇ ਵਲੋਂ ਚਲਾਈ ਲੰਗਰ ਦੀ ਪ੍ਰਥਾ ਨੂੰ ਤਿਲਾਂਜਲੀ ਦੇ ਕੇ ਵਹਿਮਾਂ ਭਰਮਾਂ ਵਿੱਚ ਪਾਉਣ ਵਾਲੇ ਗਿਣਤੀਆਂ ਮਿਣਤੀਆਂ ਤੇ ਵਿਧੀਆਂ ਵਾਲੇ ਕਈ ਤਰ੍ਹਾਂ ਦੇ ਪਾਠ ਤੇ ਧੂਫ਼ਾਂ ਜੋਤਾਂ ਦੀ ਮਹਾਨਤਾ ਅਤੇ ਹੋਰ ਗ੍ਰੰਥਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਚਵਰ ਤਖ਼ਤ ਵਾਲਾ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਿਸੇ ਹੋਰ ਪੋਥੀ ਜਾਂ ਗ੍ਰੰਥ ਨੂੰ ਅਜਿਹਾ ਸਤਿਕਾਰ ਨਹੀਂ ਦਿੱਤਾ ਜਾ ਸਕਦਾ।
ਅਫ਼ਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਕਾਲ ਤਖ਼ਤ ਦੀ ਰਹਿਤ ਮਰਯਾਦਾ ਦੂਸਰਿਆਂ ਨੂੰ ਮੰਨਵਾਉਣੀ ਸੀ ਉਹ ਆਪ ਹੀ ਇਸ ਮਰਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ। ਸਿਆਣੇ ਕਹਿੰਦੇ ਨੇ ਕਿ ਜੇ ਕਾਅਬੇ ਵਿੱਚ ਹੀ ਕੁਫ਼ਰ ਹੋਣ ਲੱਗ ਪਵੇ ਤਾਂ ਮੁਸਲਮਾਨ ਕਿੱਥੇ ਜਾਣਗੇ। ਜਿੱਥੇ ਜਿੱਥੇ ਵੀ ਰਹਿਤ ਮਰਯਾਦਾ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਹਨ, ਸਾਡੇ ਧਾਰਮਿਕ ਲੀਡਰ ਉੱਥੋਂ ਮਾਇਆ ਦੇ ਗੱਫ਼ੇ ਤੇ ਸਿਰੋਪੇ ਲੈ ਕੇ ਬੂਬਨੇ ਸਾਧਾਂ ਨੂੰ ਬ੍ਰਹਮ ਗਿਆਨੀ ਹੋਣ ਦੇ ਸਰਟੀਫੀਕੇਟ ਦੇ ਦਿੰਦੇ ਹਨ।
ਵੈਸੇ ਤਾਂ ਆਦਿ ਮਨੁੱਖ ਨੂੰ ਜੰਗਲਾਂ `ਚ ਰਹਿੰਦੇ ਨੂੰ ਵੀ ਕੁੱਲੀ ਗੁੱਲੀ ਅਤੇ ਜੁੱਲੀ ਦੀ ਲੋੜ ਹੁੰਦੀ ਸੀ ਪਰ ਉਸ ਵੇਲੇ ਮਨੁੱਖ ਦੀਆਂ ਮੁਢਲੀਆਂ ਲੋੜਾਂ ਬਹੁਤ ਘੱਟ ਸਨ ਤੇ ਉਸ ਪਾਸ ਹਰੇਕ ਚੀਜ਼ ਬਹੁਤਾਤ ਵਿੱਚ ਸੀ ਪਰ ਜਦੋਂ ਤੋਂ ਮਨੁੱਖ ਵਿਕਸਤ ਸਮਾਜ ਵਿੱਚ ਰਹਿਣ ਲੱਗਾ ਹੈ ਕਿ ਉਦੋਂ ਤੋਂ ਹੀ ਮਨੁੱਖ ਦੀਆਂ ਲੋੜਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਵਿਤੋਂ ਬਾਹਰੀ ਵਧ ਰਹੀ ਆਬਾਦੀ ਨਾਲ ਹਰ ਪ੍ਰਕਾਰ ਦੇ ਸ੍ਰੋਤ ਸੀਮਿਤ ਹੁੰਦੇ ਜਾ ਰਹੇ ਹਨ। ਪੰਜਾਬ ਵਿੱਚ ਬੇਰੁਜ਼ਗਾਰੀ ਦਾ ਦੈਂਤ ਦਹਾੜ ਰਿਹਾ ਹੈ ਤੇ ਕਈ ਲੋਕਾਂ ਨੇ ਇਸ ਦਾ ਆਸਾਨ ਹੱਲ ਲੱਭਿਆ ਹੈ ਕਿ ਧਰਮ ਪਰਚਾਰਕ ਬਣਿਆ ਜਾਵੇ ਕਿਉਂਕਿ ਇਸ ਕੰਮ ਲਈ ਤੁਹਾਨੂੰ ਕਿਸੇ ਕਾਲਜ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਤੁਸੀਂ ਸਿੱਖ ਇਤਿਹਾਸ, ਗੁਰਬਾਣੀ ਨਾਲ ਜਿਵੇਂ ਮਰਜ਼ੀ ਖਿਲਵਾੜ ਕਰੀ ਜਾਉ, ਜੋ ਮਰਜ਼ੀ ਬੋਲੀ ਜਾਉ, ਸਿਰ `ਤੇ ਕੋਈ ਕੁੰਡਾ ਨਹੀਂ। ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਲਫ਼ਜ਼ਾਂ ਵਿੱਚ ਢਾਲ ਕੇ ਤੇ ਚਿਮਟੇ ਢੋਲਕੀਆਂ ਕੁੱਟ ਕੇ ਇਹ ਲੋਕ ਇਸ ਨੂੰ ਗੁਰਬਾਣੀ ਕੀਰਤਨ ਕਹਿੰਦੇ ਹਨ। ਹੌਲੀ ਹੌਲੀ ਘੱਟ ਪੜ੍ਹੇ ਲਿਖ਼ੇ ਲੋਕ ਇਸ ਤੁਕਬੰਦੀ ਨੂੰ ਹੀ ਗੁਰਬਾਣੀ ਸਮਝਣ ਲੱਗ ਪੈਂਦੇ ਹਨ। ਸ਼ਾਇਦ ਇਨ੍ਹਾਂ ਦੇ ਏਜੰਡੇ ਵਿੱਚ ਸ਼ਾਮਲ ਹੈ ਕਿ ਲੋਕਾਂ ਨੂੰ ਗੁਰਬਾਣੀ ਨਾਲੋਂ ਤੋੜਿਆ ਜਾਵੇ। ਪਹਿਲਾਂ ਹੀ ਕਈ ਮਨਘੜਤ ਤੁਕਾਂ ਇਨ੍ਹਾਂ ਲੋਕਾਂ ਨੇ ਗੁਰਬਾਣੀ ਵਜੋਂ ਪ੍ਰਚਲਤ ਕੀਤੀਆਂ ਹੋਈਆਂ ਹਨ ਜਿਵੇਂ, “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।” ਦਾਸ ਨੇ ਕਈ ਗ੍ਰੰਥੀਆਂ ਤੇ ਪ੍ਰਚਾਰਕਾਂ ਨੂੰ ਇਹ ਤੁਕ ਗੁਰਬਾਣੀ ਦੀ ਕੁਟੇਸ਼ਨ ਦੇ ਤੌਰ `ਤੇ ਦਿੰਦਿਆਂ ਸੁਣਿਆ ਹੈ।
ਸਿਰ `ਤੇ ਕੁੰਡਾ ਨਾ ਹੋਣ ਕਰ ਕੇ ਰਾਗੀਆਂ ਤੇ ਪ੍ਰਚਾਰਕਾਂ ਵਿੱਚ ਵੀ ਘੁਸਪੈਠ ਹੋਣ ਲੱਗ ਪਈ ਹੈ। ਕਈਆਂ ਦਾ ਗਿਆਨ ਸੀਮਿਤ ਹੋਣ ਕਰ ਕੇ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਸ਼ਰਧਾਲੂਆਂ ਤੋਂ ਅਨਮੱਤੀ ਕਰਮ-ਕਾਂਡ ਕਰਵਾਈ ਜਾ ਰਹੇ ਹਨ ਪਰ ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁੱਝ ਲੋਕਾਂ ਨੂੰ ਇਸ ਪਾਸੇ ਜਾਣ ਬੁਝ ਕੇ ਪਲਾਂਟ ਕੀਤਾ ਜਾ ਰਿਹਾ ਹੈ। ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਨਜ਼ਰ ਆ ਜਾਵੇਗਾ ਕਿ ਇਹ ਪ੍ਰਚਾਰਕ, ਗ੍ਰੰਥੀ ਅਤੇ ਸਾਧ ਬਾਬੇ ਕਿਵੇਂ ਬਿਪਰਵਾਦੀ ਕਰਮ-ਕਾਂਡਾਂ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਨੂੰ ਲੋਕਾਂ ਦੀ ਕਮਜ਼ੋਰੀ ਦਾ ਪਤਾ ਹੈ ਕਿ ਉਹ ਆਪ ਕੁੱਝ ਨਹੀਂ ਕਰਨਾ ਚਾਹੁੰਦੇ, ਰੱਬ ਦੀ ਰਹਿਮਤ ਵੀ ਬਣੀ ਬਣਾਈ ਚਾਹੁੰਦੇ ਹਨ। ਬੜੇ ਘੱਟ ਪ੍ਰਚਾਰਕ ਹਨ ਜੋ ਗੁਰਬਾਣੀ ਦੇ ਸਹੀ ਉਪਦੇਸ਼ ਨੂੰ ਲੋਕਾਂ ਦੀ ਝੋਲੀ ਪਾਉਂਦੇ ਹਨ। ਬਹੁਤੇ ਤਾਂ ਵਿੰਗੇ ਟੇਢੇ ਢੰਗ ਨਾਲ ਕਰਮ-ਕਾਂਡਾਂ ਦਾ ਹੀ ਪ੍ਰਚਾਰ ਕਰਦੇ ਹਨ। ਕਈ ਤਾਂ ਨਾਲ ਨਾਲ ਧਾਗਾ-ਤਵੀਤ, ਹਥੌਲਾ, ਮੰਤਰਿਆ ਹੋਇਆ ਜਲ ਵੇਚ ਕੇ ਵੀ ਵਾਰੇ ਨਿਆਰੇ ਕਰ ਰਹੇ ਹਨ। ਲੰਡਨ ਵਿੱਚ ਇੱਕ ਡੇਰੇਦਾਰ ਨੂੰ ‘ਸੰਗਤਾਂ’ ਪਹਿਲਾਂ ਮੱਥਾ ਟੇਕਦੀਆਂ ਹਨ ਬਾਅਦ ਵਿੱਚ ਗੁਰੂ ਸਾਹਿਬ ਜੀ ਨੂੰ। ਡੇਰੇਦਾਰ ਦੇ ਨਿਜੀ ਕਮਰੇ ਵਿੱਚ ਫਰੂਟ ਦੇ ਬਕਸੇ ਅਤੇ ਪਾਣੀ ਦੀਆਂ ਬੋਤਲਾਂ ਨਾਲ ਸ਼ੈਲਫ਼ਾਂ ਸਜੀਆਂ ਹੋਈਆਂ ਹਨ। ਲੋਕ ਇਸ ਬਾਬੇ ਤੋਂ ਪਾਣੀ ਦੀ ਬੋਤਲ ਜਾਂ ਸੇਬ ਪ੍ਰਾਪਤ ਕਰ ਕੇ ਸਮਝਦੇ ਹਨ ਕਿ ਉਨ੍ਹਾਂ ਦੇ ਸਾਰੇ ਦੁੱਖ-ਦਲਿੱਦਰ ਦੂਰ ਹੋ ਗਏ ਹਨ। ਇਹ ਸਾਧ ਬਾਬੇ ਕਦੇ ਵੀ ਸੰਗਤਾਂ ਨੂੰ ਗੁਰਬਾਣੀ ਵਿਚਾਰ ਕੇ ਪੜ੍ਹਨ ਲਈ ਨਹੀਂ ਕਹਿੰਦੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਦੁਕਾਨ ਬੰਦ ਹੋ ਜਾਏਗੀ। ਬੱਸ ਇਹੋ ਨੁਕਤਾ ਹੈ ਜੋ ਇਨ੍ਹਾਂ ਦੇ ਕਾਰੋਬਾਰ ਨੂੰ ਅਰਸ਼ਾਂ ਤੱਕ ਪਹੁੰਚਾਉਂਦਾ ਹੈ।
ਅਫ਼ਸੋਸ ਹੈ ਕਿ ਸਾਡੇ ਧਰਮ ਕਰਮ ਨੂੰ ਵੀ ਅੱਜ ਕਲ ਮਾਇਆ ਨੇ ਘੇਰ ਲਿਆ ਹੈ। ਅੱਜ ਤੋਂ ਕੁੱਝ ਸਾਲ ਪਹਿਲਾਂ ਕੁੱਝ ਗੁਰੂ ਘਰਾਂ ਦੀ ਇੱਕ ਮੀਟਿੰਗ ਵਿੱਚ ਇੱਕ ਪ੍ਰਧਾਨ ਸਾਹਿਬ ਨੇ ਆਪਣੇ ਵੀਹ ਮਿੰਟ ਦੇ ਲੈਕਚਰ ਵਿੱਚ ਕਿਸੇ ਕੰਪਨੀ ਦੇ ਅਕਾਊਂਟੈਂਟ ਵਾਂਗ ਆਪਣੇ ਗੁਰਦੁਆਰੇ ਦੀ ਆਮਦਨ ਦੀ ਹੀ ਸਿਰਫ਼ ਗੱਲ ਕੀਤੀ। ਉਨ੍ਹਾਂ ਨੇ ਇੱਕ ਵੀ ਗੱਲ ਨਾ ਕੀਤੀ ਕਿ ਉਨ੍ਹਾਂ ਦਾ ਗੁਰਦੁਆਰਾ ਸਿੱਖੀ ਦੀ ਪ੍ਰਫੁੱਲਤਾ ਲਈ ਕੀ ਕਰ ਰਿਹਾ ਸੀ।
ਗੁਰਦੁਆਰਿਆਂ ਦੀ ਅੱਜ ਕਲ ਦੌੜ ਲੱਗੀ ਹੋਈ ਹੈ ਕਿ ਵੱਧ ਤੋਂ ਵੱਧ ਆਮਦਨ ਕਿਵੇਂ ਕੀਤੀ ਜਾਵੇ। ਸੁਣਿਆ ਹੈ ਕਿ ਕਈ ਗੁਰਦੁਆਰੇ ਤਾਂ ਜੇ ਚਲਦੀ ਵੀਕ ਵਿੱਚ ਅਖੰਡ ਪਾਠ ਕਰਵਾਉ ਤਾਂ ਡਿਸਕਾਊਂਟ ਵੀ ਦਿੰਦੇ ਹਨ। ਬੁਕਿੰਗ ਕਰਵਾਉਣ ਆਏ ਉਹ ਕਿਸੇ ਵੀ ਸ਼ਰਧਾਲੂ ਨੂੰ ਲਗਦੀ ਵਾਹ ਪ੍ਰੋਗਰਾਮ ਲਈ ਜਵਾਬ ਨਹੀਂ ਦਿੰਦੇ ਭਾਵੇਂ ਇਸ ਲਈ ਰਹਿਤ ਮਰਯਾਦਾ ਦੀ ਵੀ ਬਲੀ ਕਿਉਂ ਨਾ ਦੇਣੀ ਪਵੇ। ਦਸ ਦਸ, ਵੀਹ ਵੀਹ, ਪੰਜਾਹ ਪੰਜਾਹ ਬੀੜਾਂ ਇਕੱਠੀਆਂ ਹੀ ਪ੍ਰਕਾਸ਼ ਕਰ ਕੇ ਅਖੰਡ ਪਾਠ ਕੀਤੇ ਜਾਂਦੇ ਹਨ। ਇਸ ਗੱਲ ਦਾ ਦੂਸਰਾ ਪੱਖ ਵੀ ਹੈ ਕਿ ਫਰਜ਼ ਕਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਬੇਨਤੀ ਕਰੇ ਗੈਸ ਤੇ ਬਿਜਲੀ ਦੇ ਬਿੱਲ ਦੇਣੇ ਹਨ, ਸੰਗਤ ਆਪਣਾ ਆਪਣਾ ਹਿੱਸਾ ਪਾਵੇ। ਮੇਰੀ ਤੁੱਛ ਬੁੱਧੀ ਅਨੁਸਾਰ ਇਸ ਤਰ੍ਹਾਂ ਮੰਗਿਆਂ ਬਿੱਲਾਂ ਵਾਸਤੇ ਲੋੜੋਂਦੀ ਮਾਇਆ ਇਕੱਤਰ ਨਹੀਂ ਹੋਵੇਗੀ। ਅਖੰਡ ਪਾਠ ਦੀ ਮਾਇਆ ਭਾਵੇਂ ਜਿਤਨੀ ਮਰਜ਼ੀ ਕਮੇਟੀ ਵਾਲੇ ਵਧਾ ਦੇਣ ਸੰਗਤਾਂ ਨੂੰ ਉਹ ਮੰਨਜ਼ੂਰ ਹੈ ਕਿਉਂਕਿ ਸ਼ਰਧਾਲੂਆਂ ਨੂੰ ਅਖੰਡ ਪਾਠ ਕਰਵਾ ਕੇ ਉਸ ਦੇ ਬਦਲੇ ਵਿੱਚ ਰੱਬ ਤੋਂ ਕੁੱਝ ਪ੍ਰਾਪਤ ਕਰਨ ਦੀ ਆਸ ਹੈ। ਸੋ ਰੱਬ ਨਾਲ ਵੀ ਸੌਦੇਬਾਜ਼ੀ ਹੋ ਰਹੀ ਹੈ। ਗੁਰਦੁਆਰਿਆਂ ਵਿੱਚ ਅਖੰਡ ਪਾਠਾਂ ਤੋਂ ਬਾਅਦ ਕਿਤਨੀਆਂ ਕੁ ਅਰਦਾਸਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਵਾਹਿਗੁਰੂ ਦਾ ਸਿਰਫ਼ ਸ਼ੁਕਰਾਨਾ ਹੀ ਕੀਤਾ ਗਿਆ ਹੋਵੇ। ਗੁਰਦੁਆਰਾ ਕਮੇਟੀ ਵੀ ਉਹੋ ਹੀ ਕਾਮਯਾਬ ਸਮਝੀ ਜਾਂਦੀ ਹੈ ਜੋ ਗੁਰਦੁਆਰੇ ਦੀ ਆਮਦਨ ਪਹਿਲੀ ਕਮੇਟੀ ਨਾਲੋਂ ਵੀ ਵਧੇਰੇ ਕਰ ਕੇ ਦਿਖਾਵੇ। ਸੋ ਆਮਦਨ ਵਧਾਉਣ ਲਈ ਵੱਧ ਤੋਂ ਵੱਧ ਪ੍ਰੋਗਰਾਮ ਕਰਨੇ ਕਮੇਟੀਆਂ ਦੀ ਮਜਬੂਰੀ ਬਣ ਜਾਂਦੀ ਹੈ ਇਸੇ ਮਜਬੂਰੀ ਵਸ ਉਹ ਰਹਿਤ ਮਰਯਾਦਾ ਦੀ ਬਲੀ ਦੇ ਦਿੰਦੇ ਹਨ।
ਕੁਝ ਅਰਸਾ ਹੋਇਆ ਅਸੀਂ ਕਿਸੇ ਮਿੱਤਰ ਦੇ ਸੱਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਗਏ। ਇਕੋ ਪਾਲਕੀ ਵਿੱਚ ਦੋ ਬੀੜਾਂ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਆਰਤੀ ਤੋਂ ਬਾਅਦ ਕੀਤੀ ਗਈ ਅਰਦਾਸ ਵਿੱਚ ਬੋਲੀ ਗਈ ਭਾਸ਼ਾ ਤੋਂ ਮੈਂ ਅੰਦਾਜ਼ਾ ਲਗਾ ਲਿਆ ਕਿ ਗ੍ਰੰਥੀ ਜਾਂ ਤਾਂ ਕਮੇਟੀ ਦਾ ਹੁਕਮ ਬਜਾ ਰਿਹਾ ਹੈ ਜਾਂ ਕਿਸੇ ਲੁਕਵੇਂ ਏਜੰਡੇ ਅਧੀਨ ਦੋ ਦੋ ਪ੍ਰਕਾਸ਼ ਇਕੋ ਪਾਲਕੀ ਵਿੱਚ ਕਰਵਾ ਰਿਹਾ ਹੈ। ਅਰਦਾਸ ਤੋਂ ਬਾਅਦ ਦੋ ਹੁਕਮਨਾਮੇ ਲਏ ਗਏ। ਮੈਂ ਜਦੋਂ ਮੇਜ਼ਬਾਨ ਨੂੰ ਦੋ ਹੁਕਮਨਾਮਿਆਂ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, “ਪਹਿਲਾ ਹੁਕਮਨਾਮਾ ਸੰਗਤ ਵਾਸਤੇ ਸੀ ਕਿਉਂਕਿ ਅਖੰਡਪਾਠ ਸੰਗਤ ਵਲੋਂ ਸੀ ਤੇ ਦੂਸਰਾ ਹੁਕਮਨਾਮਾ ਸਾਡੇ ਸੁਖਮਨੀ ਸਾਹਿਬ ਦਾ ਸੀ।” ਮੈਂ ਪੁੱਛਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਦੋਂ ਕੀਤਾ ਸੀ ਤਾਂ ਉਹ ਕਹਿਣ ਲੱਗਾ, “ਅੱਜ ਸਵੇਰੇ ਤੜਕੇ ਚਲਦੇ ਅਖੰਡ ਪਾਠ ਵਿੱਚ ਹੀ ਨਾਲ ਹੀ ਦੂਜੀ ਬੀੜ ਦਾ ਪ੍ਰਕਾਸ਼ ਕਰ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਗਿਆ ਸੀ।” ਸ੍ਰੀ ਅਕਾਲ ਤਖ਼ਤ ਦੀ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਚਲ ਰਹੇ ਅਖੰਡ ਪਾਠ ਵਿੱਚ ਕਥਾ, ਕੀਰਤਨ ਕੋਈ ਹੋਰ ਪਾਠ ਨਹੀਂ ਹੋ ਸਕਦਾ।
ਮੈਂ ਐਤਕੀਂ ਪੰਜਾਬ ਵਿੱਚ ਦੇਖਿਆ ਕਿ ਪਿੰਡਾਂ ਵਿੱਚ ਕਿਸੇ ਮਰਗ ਤੋਂ ਬਾਅਦ ਸਹਿਜ ਪਾਠ ਦੀ ਬਜਾਇ ਸੁਖਮਨੀ ਸਾਹਿਬ ਦੇ ਪਾਠ ਦਾ ਰਿਵਾਜ਼ ਚਲ ਪਿਆ ਹੈ। ਅਸੀਂ ਦੋ ਤਿੰਨ ਸੱਜਣ ਇੱਕ ਜਗ੍ਹਾ ਬੈਠੇ ਸਾਂ ਤੇ ਇੱਕ ਗ੍ਰੰਥੀ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, “ਜਿੰਨੇ ਪੈਸੇ ਅੱਧੀ ਦਿਹਾੜੀ `ਚ ਬਣ ਜਾਂਦੇ ਆ, ਉਨੇ ਹੀ ਹਫ਼ਤੇ `ਚ ਬਣਨੇ ਆ, ਫਿਰ ਹਫ਼ਤਾ ਭਰ ਕਿਹੜਾ ਉੱਥੇ ਬੱਝ ਕੇ ਬੈਠਾ ਰਹੇ।” (ਪਿਆਰੇ ਪਾਠਕੋ “ਬੱਝ ਕੇ ਬੈਠਾ ਰਹੇ” `ਤੇ ਗ਼ੌਰ ਕਰੋ) ਮੈਂ ਕਿਹਾ, “ਫਿਰ ਤੁਸੀਂ ਸੁਖਮਨੀ ਸਾਹਿਬ ਦੀ ਬਜਾਇ ਜਪੁਜੀ ਸਾਹਿਬ ਦਾ ਪਾਠ ਹੀ ਕਰ ਲਿਆ ਕਰੋ ਉਸ ਨੂੰ ਤਾਂ ਵੱਧ ਤੋਂ ਵੱਧ ਦਸ ਪੰਦਰਾਂ ਮਿੰਨਟ ਹੀ ਲੱਗਦੇ ਆ।” ਮੇਰਾ ਇੱਕ ਸਾਥੀ ਬੋਲਿਆ, “ਜਪੁਜੀ ਦੇ ਪਾਠ ਦੀ ਵੀ ਕੀ ਲੋੜ ਐ, ਪਹਿਲੀਆਂ ਪੰਜ ਪੌੜੀਆਂ ਤੇ ਸਲੋਕ ਪੜ੍ਹਕੇ ਹੀ ਵਿਛੜੀ ਹੋਈ ਆਤਮਾ ਦਾ ਕਲਿਆਣ ਕਿਉਂ ਨਹੀਂ ਕਰ ਦਿੰਦੇ।” ਕੋਲ ਹੀ ਇੱਕ ਹੋਰ ਸੱਜਣ ਬੈਠੇ ਸਨ ਜੋ ਸਾਡੀ ਗੱਲਬਾਤ ਬੜੇ ਧਿਆਨ ਨਾਲ ਸੁਣ ਰਹੇ ਸਨ, ਉਹ ਕਦ ਪਿੱਛੇ ਰਹਿਣ ਵਾਲੇ ਸਨ, ਬੋਲੇ “ਪੰਜ ਪਉੜੀਆਂ ਪੜ੍ਹਨ ਦੀ ਵੀ ਕੀ ਲੋੜ ਐ, ਮੂਲ ਮੰਤਰ ਦਾ ਪਾਠ ਹੀ ਬਥੇਰਾ ਹੈ।” ਗ੍ਰੰਥੀ ਦੀ ਹਾਲਤ ਬੜੀ ਪਤਲੀ ਹੋ ਚੁੱਕੀ ਸੀ। ਉਹਨੇ ਸ਼ਰਮਿੰਦਾ ਹੋਏ ਨੇ ਉਥੋਂ ਖਿਸਕਣਾ ਹੀ ਬਿਹਤਰ ਸਮਝਿਆ।
ਰਹਿਤ ਮਰਯਾਦਾ ਦੇ ਉਲਟ ਬਹੁਤ ਮਨਮੱਤਾਂ ਕੀਤੀਆਂ ਜਾਂਦੀਆਂ ਹਨ। ਦੀਵੇ ਬਾਲ ਕੇ ਆਰਤੀਆਂ ਕਰਨੀਆਂ ਕਿਹੜੀ ਰਹਿਤ ਮਰਯਾਦਾ ਵਿੱਚ ਆਉਂਦੀਆਂ ਹਨ। ਸਿਵਾਇ ਮਾਇਆ ਇਕੱਤਰ ਕਰਨ ਦੇ ਇਸ ਦਾ ਹੋਰ ਕੀ ਮਕਸਦ ਹੈ। ਪਰ ਇਹ ਸਭ ਕੁੱਝ ਤਾਂ ਸਾਡੇ ਤਖ਼ਤਾਂ ਉੱਪਰ ਵੀ ਹੋ ਰਿਹਾ ਹੈ। ਆਰਤੀ ਦੇ ਸ਼ਬਦ ਰਾਹੀਂ ਗੁਰੂ ਬਾਬੇ ਨੇ ਪੰਡਿਆਂ ਨੂੰ ਉਪਦੇਸ਼ ਦਿੱਤਾ ਪਰ ਅਫ਼ਸੋਸ ਕਿ ਉਸ ਉਪਦੇਸ਼ ਨੂੰ ਭੂੱਲ ਕੇ ਸਿੱਖਾਂ ਨੇ ਆਪ ਹੀ ਦੀਵੇ ਬਾਲਣੇ ਸ਼ੁਰੂ ਕਰ ਦਿੱਤੇ, ਕੀ ਅਸੀਂ ਗੁਰੂ ਬਾਬੇ ਦੀ ਹੁਕਮ-ਅਦੂਲੀ ਨਹੀਂ ਕਰ ਰਹੇ? ਪਿੰਡਾਂ ਵਿੱਚ ਵੀ ਕਈ ਥਾਈਂ ਪਾਠੀ ਅਜੇ ਵੀ ਥਾਲੀ ਵਿੱਚ ਦੀਵੇ ਬਾਲ ਕੇ ਇਹ ਕਰਮ-ਕਾਂਡ ਕਰਦੇ ਹਨ ਤੇ ਕਈ ਪਾਠੀ ਥਾਲੀ ਘੁੰਮਾਉਣ ਵਿੱਚ ਬੜੇ ਮਾਹਰ ਸਮਝੇ ਜਾਂਦੇ ਹਨ, ਜੇ ਕੋਈ ਇਤਰਾਜ਼ ਕਰਦਾ ਹੈ ਤਾਂ ਉਹ ਤਖ਼ਤਾਂ ਦੀਆਂ ਮਿਸਾਲਾਂ ਦੇਣ ਲੱਗ ਪੈਂਦੇ ਹਨ। ਮਸਲਾ ਸਿਰਫ਼ ਮਾਇਆ ਦਾ ਹੈ ਕਿਉਂਕਿ ਘਰ ਵਾਲਿਆਂ ਤੋਂ ਉਚੇਚੇ ਤੌਰ `ਤੇ ਆਰਤੀ ਦੀ ਪੂਜਾ ਰਖ਼ਵਾਈ ਜਾਂਦੀ ਹੈ ਤੇ ਫਿਰ ਰੀਸੋ-ਰੀਸੀ ਬਾਕੀ ਸੰਗਤ ਵੀ ਜੇਬਾਂ ਢਿੱਲ਼ੀਆਂ ਕਰਦੀ ਹੈ।
‘ਫੂਲਨ ਕੀ ਬਰਖ਼ਾ’ ਵੇਲੇ ਸੰਗਤਾਂ ਇੱਕ ਦੂਜੇ ਦੇ ਪੈਰ ਮਿੱਧਦੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਫੁੱਲ-ਪੱਤੀਆਂ ਦੀ ਵਰਖਾ ਕਰਦੀਆਂ ਹਨ। ਇੰਗਲੈਂਡ ਦੇ ਇੱਕ ਗੁਰਦੁਆਰੇ ਵਿੱਚ ‘ਫੂਲਨ ਕੀ ਬਰਖਾ’ ਤੋਂ ਬਾਅਦ ਹੋ ਰਹੇ ਕੀਰਤਨ ਦੌਰਾਨ ਸੇਵਾਦਾਰ ਸੰਗਤਾਂ ਦੀਆਂ ਲੱਗੀਆਂ ਬਿਰਤੀਆਂ ਤੋੜ ਤੋੜ ਕੇ ਖਿੱਲਰੀਆਂ ਹੋਈਆਂ ਫੁੱਲ-ਪੱਤੀਆਂ ਹੀ ਇਕੱਠੀਆਂ ਕਰਦੇ ਰਹੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਸੱਜਣ ਕਹਿਣ ਲੱਗੇ ਜੇ ਕੀਰਤਨ ਦੌਰਾਨ ਫੁੱਲ-ਪੱਤੀਆਂ ਇਕੱਠੀਆਂ ਕਰ ਕੇ ਸੰਗਤਾਂ ਦੀਆਂ ਬਿਰਤੀਆਂ ਤੋੜਨੀਆਂ ਸਨ ਤਾਂ ਪਹਿਲਾਂ ਖਿਲਾਰੀਆਂ ਹੀ ਕਿਉਂ? ਕੀ ਇਨ੍ਹਾਂ ਲੋਕਾਂ ਨੇ ਕਦੇ ਆਰਤੀ ਦੇ ਸ਼ਬਦਾਂ ਦੇ ਅਰਥ ਨਹੀਂ ਪੜ੍ਹੇ? ਜਾਂ ਕੀ ਇਹ ਫੁੱਲ-ਪੱਤੀਆਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਨਹੀਂ ਸੀ ਇਕੱਠੀਆਂ ਕੀਤੀਆਂ ਜਾ ਸਕਦੀਆਂ?
ਮੈਂ ਕਿਹਾ ਇਸ ਅਸਥਾਨ ਦੇ ਸੰਚਾਲਕ ਤਾਂ ਬਹੁਤ ਪੜ੍ਹੇ ਲਿਖ਼ੇ ਸੱਜਣ ਹਨ। ਪਤਾ ਨਹੀਂ ਉਨ੍ਹਾਂ ਨੇ ਇਸ ਪਾਸੇ ਕਿਉਂ ਧਿਆਨ ਨਹੀਂ ਦਿੱਤਾ?
ਮੈਨੂੰ ਯਾਦ ਹੈ ਅੱਜ ਤੋਂ ਕੁੱਝ ਸਾਲ ਪਹਿਲਾਂ ਦਾਸ ਸਕੂਲਾਂ `ਚੋਂ ਆਏ ਬੱਚਿਆਂ ਨੂੰ ਤੇ ਕਈ ਵਾਰੀ ਗ਼ੈਰ-ਸਿੱਖ ਅਧਿਆਪਕਾਂ ਦੇ ਗਰੁੱਪਾਂ ਨੂੰ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਦਾ ਫਰਜ਼ ਨਿਭਾਉਂਦਾ ਸੀ। ਬਹੁਤੇ ਅਧਿਆਪਕਾਂ ਦਾ ਕਹਿਣਾ ਹੁੰਦਾ ਸੀ ਕਿ ਫ਼ਲਾਣੇ ਗੁਰਦੁਆਰੇ ਵਿੱਚ ਤਾਂ ਕੁੱਝ ਹੋਰ ਦੱਸਿਆ ਗਿਆ ਸੀ ਤੁਸੀਂ ਕੁੱਝ ਹੋਰ ਦਸ ਰਹੇ ਹੋ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੋਲੀ ਹਰ ਪੰਜ ਮੀਲ ਬਦਲ ਜਾਂਦੀ ਹੈ ਪਰ ਇੱਥੇ ਤਾਂ ਇੱਕ ਮੀਲ ਦੇ ਘੇਰੇ ਵਿੱਚ ਵੀ ਸਾਰੇ ਗੁਰਦੁਆਰਿਆਂ ਦੀ ਮਰਯਾਦਾ ਇੱਕ ਦੂਜੇ ਨਾਲ ਨਹੀਂ ਮਿਲਦੀ। ਸਿੱਖ ਕੌਮ ਆਪਣੇ ਸਾਂਝੇ ਮਸਲਿਆਂ ਲਈ ਕਿਵੇਂ ਇਕੱਠੀ ਹੋਵੇਗੀ? ਇਹ ਸਵਾਲ ਹਰ ਸੂਝਵਾਨ ਸਿੱਖ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਨਿਰਮਲ ਸਿੰਘ ਕੰਧਾਲਵੀ
(ਯੂ. ਕੇ.)




.