.

“ਬਾਣੀ ਆਸਾ ਕੀ ਵਾਰ” ਦੇ ਆਧਾਰ `ਤੇ ਗੁਰਬਾਣੀ ਅਨੁਸਾਰ

“ਗੁਰੂ ਦਾ ਸੰਕਲਪ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕੇਵਲ ‘ਬਾਣੀ ਆਸਾ ਕੀ ਵਾਰ’ `ਤੇ ਆਧਾਰਤ ਹੀ ਕਿਉਂ? -ਗੁਰਬਾਣੀ ਰਾਹੀਂ ਸਿੱਖ ਨੂੰ ਜਿਸ ‘ਗੁਰੂ’ ਦੇ ਲੜ ਲਗਾਇਆ ਗਿਆ ਹੈ, ਗੁਰਬਾਣੀ `ਚ ਉਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਵੀ ਕੀਤਾ ਗਿਆ ਹੈ ਕਿ “ਉਹ ‘ਗੁਰੂ’ ਹੈ ਕੌਣ? ਤੇ ਉਸ ‘ਗੁਰੂ’ ਦੀ ਪਹਿਚਾਣ ਕੀ ਹੈ?” ਲੋੜ ਹੈ ਤਾਂ ਵਿਸ਼ੇ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਗਹਿਰਾਈ ਤੋਂ ਪੜਚੋਲਣ ਦੀ।

ਦੂਜੀ ਗੱਲ, “ੴ ਤੋਂ ਤਨੁ ਮਨੁ ਥੀਵੈ” ਹਰਿਆ ਤੀਕ” ਸੰਪੂਰਣ ਗੁਰਬਾਣੀ ਦਾ ਅਧਾਰ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: ੬੪੬) ਹੀ ਹੈ। ਇਸ ਲਈ ਇਹ ਵੀ ਸਮਝਣਾ ਹੈ ਕਿ ਸੰਪੂਰਣ ਗੁਰਬਾਣੀ `ਚ ਮਨੁੱਖ ਮਾਤ੍ਰ ਲਈ ਜਿਸ ‘ਗੁਰੂ’ ਦਾ ਸਿਧਾਂਤ ਪ੍ਰਗਟ ਕੀਤਾ ਗਿਆ ਹੈ; ਉਹ ਸੰਸਾਰ ਭਰ ਦਾ ਇਕੋ ਇੱਕ ਗੁਰੂ ਹੈ, ਭਿੰਨ ਭਿੰਨ ਨਹੀਂ ਹਨ। ਦੂਜਾ, ਗੁਰਬਾਣੀ `ਚ ਦਿੱਤੀ ਗੁਰੂ ਦੀ ਪ੍ਰੀਭਾਸ਼ਾ ਤੋਂ ਬਾਹਿਰ ਸੰਸਾਰ ਤੱਲ `ਤੇ ਗੁਰੂ ਪਦ ਲਈ ਜਿਨੇਂ ਵੀ ਅਰਥ ਲਏ ਜਾਂ ਕੀਤੇ ਜਾਂਦੇ ਹਨ, ਉਹ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਪਦ `ਤੇ ਲਾਗੂ ਨਹੀਂ ਹੁੰਦੇ; ਇਥੇ ‘ਗੁਰੂ’ ਦੇ ਅਰਥ ਬਿਲਕੁਲ ਨਿਵਕਲੇ ਤੇ ਭਿੰਨ ਹਨ।

ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਸਾਰੀ ਬਾਣੀ ਦਾ ਆਧਾਰ ਹੀ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ” ਹੈ ਤਾਂ “ਗੁਰੂ ਦਾ ਸੰਕਲਪ” ਵਾਲੇ ਵਿਸ਼ੇ ਨੂੰ ਵਿਚਾਰਣ ਲਈ ਗੁਰਬਾਣੀ ਦੇ ਇਕੱਲੇ ਅੰਗ, “ਆਸਾ ਕੀ ਵਾਰ” ਨੂੰ ਹੀ ਕਿਉਂ ਚੁਣਿਆ ਗਿਆ? ਦਰ ਅਸਲ ਅਜਿਹਾ, ਇਹ ਸਾਬਤ ਕਰਣ ਲਈ ਕੀਤਾ ਹੈ ਤਾ ਕਿ ਸਾਨੂੰ ਪਤਾ ਹੋਵੇ ਕਿ ਗੁਰਬਾਣੀ ਅਜਿਹਾ ਖਜ਼ਾਨਾ ਹੈ, ਕੇਵਲ ‘ਗੁਰੂ’ ਹੀ ਨਹੀਂ ਬਲਕਿ ਗੁਰਬਾਣੀ ਦੇ ਕਿਸੇ ਇੱਕ ਅੰਗ ਨੂੰ ਵੀ ਆਧਾਰ ਬਣਾ ਕੇ ਤੇ ਸੁਚੇਤ ਹੋ ਕੇ, ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਘੱਟ ਸਮਾਂ ਲਗਾ ਕੇ ਵੀ ਗੁਰਬਾਣੀ ਦੇ ਕਿਸੇ ਵੀ ਵਿਸ਼ੇ `ਤੇ ਸਪਸ਼ਟ ਹੋ ਸਕਦੇ ਹਾਂ। ਇਸ ਤਰ੍ਹਾਂ ਜੇ ਕਰ ਅਣ-ਅਧਿਕਾਰੀ ਗੁਰਮੱਤ ਪ੍ਰਚਾਰ ਕਾਰਨ ਤੇ ਪਾਖੰਡੀਆਂ ਰਾਹੀਂ ਗੁਰਬਾਣੀ ਦੇ ਪਰਦੇ `ਚ ਕੀਤੇ ਜਾ ਰਹੇ ਗੁਮਰਾਹਕੁਣ ਪ੍ਰਚਾਰ ਬਾਰੇ ਸੁਚੇਤ ਹੋ ਜਾਵਾਂਗੇ ਤਾਂ ਅਪਣੇ ਅਮੁਲੇ ਜਨਮ ਨਾਲ ਜ਼ਿਆਦਤੀ ਨਹੀਂ ਕਰਾਂਗੇ।

ਇਸ ਲਈ ਦ੍ਰਿੜਤਾ ਨਾਲ ਸਮਝਣ ਦੀ ਲੋੜ ਹੈ ਕਿ ਆਪਣੀ ਸੌਖ ਦੇ ਮੁਤਾਬਕ, ਚਾਹੇ ਕੋਈ ਸੱਜਨ, ਗੁਰਬਾਣੀ ਦਾ ਕੋਈ ਵੀ ਅੰਗ (ਜਿਵੇਂ ਇਥੇ ਬਾਣੀ ‘ਆਸਾ ਕੀ ਵਾਰ’ ) ਲੈ ਕੇ ਗੁਰਮੱਤ ਪੱਖੋਂ ਆਪਣੀ ਤਿਆਰੀ ਕਰਣਾ ਚਾਹੇ ਤਾਂ ‘ਥੋੜੀ ਮੇਹਣਤ ਤੇ ਵੱਡਾ ਲਾਭ’ ਅਨੁਸਾਰ ਆਪਣੀ ਸੰਭਾਲ ਕਰ ਸਕੇਗਾ। ਠੀਕ ਇਸੇ ਤਰ੍ਹਾਂ ਜਿਵੇਂ ‘ਆਸਾ ਕੀ ਵਾਰ’ ਜਾਂ ਗੁਰਬਾਣੀ ਦਾ ਕੋਈ ਵੀ ਅੰਗ ਹੋਵੇ ‘ਗੁਰੂ’ ਦੇ ਅਰਥ ਉਹੀ ਰਹਿਣ ਗੇ, ਜੋ ਇਸ ਰਚਨਾ ਰਾਹੀਂ ਸਾਬਤ ਹੋਣਗੇ।

ਗੁਰਬਾਣੀ ਅਨੁਸਾਰ ‘ਗੁਰੂ’ ਤੇ ਪੰਥਕ ਦੁਖਾਂਤ-ਅੱਜ ਸਾਡੀ ਕੌਮ ਦਾ ਵੱਡਾ ਦੁਖਾਂਤ ਇਹ ਹੈ ਕਿ ਵਿਰਲਿਆਂ ਨੂੰ ਛੱਡ ਕੇ ਸਾਡੇ ਬਹੁਤੇ ਕਥਾਵਾਚਕ, ਰਾਗੀ ਜਨ ਤੇ ਲੇਖਕ ਆਦਿ ਜਿਨੇਂ ਵੀ ਸੰਗਤਾਂ ‘ਗੁਰੂ ਵਾਲੇ ਬਨਣ’ ਦੀਆਂ ਜਾਂ ‘ਗੁਰੂ ਦੇ ਲੜ ਲਗਣ’ ਦੀਆਂ ਅਪੀਲਾਂ ਕਰਦੇ ਹਨ। ਗੁਰਬਾਣੀ ਅਨੁਸਾਰ ‘ਗੁਰੂ’ ਕਿਸ ਨੂੰ ਕਿਹਾ ਹੈ, ਜਿਸ ‘ਗੁਰੂ’ ਦੇ ਲੜ ਲਗਣ ਦੀ ਗੱਲ ਕੀਤੀ ਜਾ ਰਹੀ ਹੁੰਦੀ ਹੈ ਬਹੁਤਾ ਕਰਕੇ ਸਪਸ਼ਟ ਨਹੀਂ ਕਰਦੇ ਜਾਂ ਫ਼ਿਰ ਕਰ ਹੀ ਨਹੀਂ ਸਕਦੇ। ਉਸੇ ਦਾ ਨਤੀਜਾ, ਇੱਕ ਪਾਸੇ ਸਾਡੀਆਂ ਹੀ ਗੁਮਰਾਹ ਹੋ ਚੁੱਕੀਆਂ ਸੰਗਤਾਂ ਜਿਹੜੀਆਂ, ਦੰਭੀ-ਪਾਖੰਡੀ ਗੁਰੂਆਂ ਦੇ ਚਕਰ `ਚ ਫਸੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ ਅਸਾਂ ਗੁਰੂ ਤਾਂ ਧਾਰਨ ਕਰ ਹੀ ਰਖਿਆ ਹੈ, ਬੇਸ਼ਕ ਕੋਈ ਦੂਜਾ ਸਹੀ। ਦੂਜੇ, ਆਮ ਸੰਗਤਾਂ ਨੂੰ ਸਾਡੀਆਂ ਅਜੋਕੀਆਂ ਕਥਾਵਾਂ ਆਦਿ ਤੋਂ ਜਿਹੜਾ ਪ੍ਰਭਾਵ ਮਿਲਦਾ ਹੈ ਕਿ ਗੁਰਬਾਣੀ `ਚ ਤਾਂ ਗੁਰੂ ਧਾਰਨ ਕਰਣ ਦੀ ਗੱਲ `ਤੇ ਜ਼ੋਰ ਦਿੱਤਾ ਹੈ ਬਾਕੀ ਸਾਡੀ ਮਰਜ਼ੀ ਹੈ ਕਿ ਅਸੀਂ ਜਿਸ ਨੂੰ ਠੀਕ ਸਮਝੀਏ, ਗੁਰੂ ਧਾਰਣ ਕਰ ਲਵੀਏ।

ਉਪ੍ਰੰਤ ਅਜਿਹੇ ਸੱਜਨ ਵੀ ਮਿਲਦੇ ਹਨ ਜਿਨ੍ਹਾਂ ਨੇ ਗੁਰੂ ਧਾਰਣ ਕਰਣ ਵਾਲੀ ਪ੍ਰਪਕਤਾ ਤਾਂ ਸਾਡੀਆਂ ਸਟੇਜਾਂ ਤੇ ਸਾਡੇ ਕਥਾਕਾਰਾਂ ਤੇ ਗੁਰਬਾਣੀ ਦੇ ਹੋ ਰਹੇ ਕੀਰਤਨ ਤੋਂ ਹੀ ਲਈ ਹੁੰਦੀ ਹੈ ਪਰ ਉਸ ਦਾ ਲਾਭ ਪਖੰਡੀਆਂ-ਦੰਭੀਆਂ ਨੂੰ ਮਿਲ ਰਿਹਾ ਹੁੰਦਾ ਹੈ। ਕਿਉਂਕਿ ਅਜਿਹੇ ਲੋਕ ਜਦੋਂ ਦੰਭੀਆਂ ਦੇ ਡੇਰਿਆਂ `ਤੇ ਜਾਂਦੇ ਹਨ ਤਾਂ ਉਥੇ ਉਨ੍ਹਾਂ ਲੋਕਾਂ ਵੀ ਸ਼ਬਦ ਤਾਂ ਗੁਰਬਾਣੀ ਤੋਂ ਹੀ ਲਏ ਹੁੰਦੇ ਹਨ, ਪਰ ਅਰਥ ਤੇ ਪ੍ਰਭਾਵ ਦਿੱਤਾ ਜਾ ਰਿਹਾ ਹੁੰਦਾ ਹੈ, ਆਪਣਾ ਤੇ ਆਪਣੇ ਡੇਰਿਆਂ ਨਾਲ ਜੋੜਣ ਵਾਲਾ। ਨਤੀਜਾ ਹੁੰਦਾ ਹੈ ਕਿ ਪ੍ਰੋਕਸ਼ `ਚ ਸਾਡੀਆ ਗੁਰਦੁਆਰਾ ਸਟੇਜਾਂ ਦਾ ਬਹੁਤਾ ਲਾਭ ਵੀ ਉਹ ਲੋਕ ਹੀ ਲੈ ਰਹੇ ਹੁੰਦੇ ਹਨ। ਜਦਕਿ ਉਥੇ ਬਹੁਤੇ ਸ਼ਬਦ ਹੀ ਗੁਰੂ ਪਦ ਦੀ ਕੁਵਰਤੋਂ ਕਰਕੇ ਵਰਤੇ ਜਾ ਰਹੇ ਹੁੰਦੇ ਹਨ।

ਕੇਵਲ ਦੰਭੀ ਗੁਰੂਆਂ ਦੇ ਡੇਰਿਆਂ ਦੀ ਗੱਲ ਹੀ ਨਹੀਂ ਬਲਕਿ ਸੰਤਾਂ, ਸਾਧਾਂ ਆਦਿ ਦੇ ਡੇਰਿਆਂ `ਤੇ ਵੀ ਗੁਰਬਾਣੀ `ਚ ਵਰਤੇ ਗਏ ਲਫ਼ਜ਼ ‘ਸੰਤ’, ਸਾਧ, ਭਗਤ ਅਦਿ ਦੀ ਵੀ ਇਹੀ ਕੁਵਰਤੋਂ ਹੋ ਰਹੀ ਹੁੰਦੀ ਹੈ। ਇੱਕ ਪਾਸੇ ਹਨ ਸਾਡੇ ਬਹੁਤੇ ਅਯੋਗ ਤੇ ਅਸਪਸ਼ਟ ਪ੍ਰਚਾਰਕ ਤੇ ਦੂਜੇ ਪਾਸੇ ਹਨ, ਉਨ੍ਹਾਂ ਡੇਰਿਆਂ ਤੇ ਗੁਰੂ ਡੰਮਾਂ ਦਾ ਸੰਚਾਲਣ ਕਰ ਰਹੇ ਉਨ੍ਹਾਂ ਦੇ (Well trained, Paid & well qualified preachers) ਭਾਵ ਬੜੇ ਬੜੇ ਪੜ੍ਹੇ ਲਿਖੇ ਤੇ ਵੱਡੀਆਂ ਤਨਖਾਹਵਾਂ ਲੈ ਰਹੇ ਤੇ ਟ੍ਰੇਂਡ ਕੀਤੇ ਹੋਏ ਪ੍ਰਚਾਰਕ ਅਤੇ ਉਨ੍ਹਾਂ ਰਾਹੀਂ ਗੁਰਬਾਣੀ ਦੀ ਹੋ ਰਹੀ ਕੁਵਰਤੋਂ।

ਇਕ ਪੱਖ ਹੋਰ ਵੀ ਹੈ ਕਿ ਇਸ ਸਮੇਂ ਸੰਗਤਾਂ `ਚ ਗੁਰਬਾਣੀ ਅਰਥ-ਬੋਧ ਵਿਚਾਰ ਦੀ ਭਰਵੀਂ ਘਾਟ ਹੈ। ਦਰਅਸਲ ਅੱਜ ਵੱਡੀ ਗਿਣਤੀ `ਚ ਗੁਰਬਾਣੀ ਦੀ ਹੀ ਕੁਵਰਤੋਂ ਕਰ ਕੇ ਤੇਜ਼ੀ ਨਾਲ ਫੈਲਦੇ ਜਾ ਰਹੇ ਡੇਰੇ ਤੇ ਸੰਗਤਾਂ ਦੇ ਹੋ ਰਹੇ ਸ਼ੋਸ਼ਨ ਲਈ ਵੱਡਾ ਮੁਘਾਰ, ਸਾਡਾ ਅਯੋਗ ਤੇ ਅਸਪਸ਼ਟ ਪ੍ਰਚਾਰ ਤੇ ਉਸ ਦੇ ਸਿਰ `ਤੇ ਚੋਣਾਂ ਰਸਤੇ ਆਇਆ ਬਹੁਤਾ ਕਰਕੇ ਅਯੋਗ ਪ੍ਰਬੰਧਕ ਹੀ ਹੈ। ਇਸੇ ਲਈ ਅਸਾਂ ਇਸ ਵਿਸ਼ੇ ਨੂੰ ਸਮਝਣ ਲਈ ਗੁਰਬਾਣੀ ਦਾ ਕੇਵਲ ਇੱਕ ਹੀ ਅੰਗ ਲਿਆ ਹੈ। ਇਹ ਸਾਬਤ ਕਰਣ ਲਈ ਕਿ ਸਮੁਚੀ ਗੁਰਬਾਣੀ ਨਾ ਸਹੀ ਜੇਕਰ ਗੁਰਬਾਣੀ ਦੇ ਕਿਸੇ ਇੱਕ ਅੰਗ ਨੂੰ ਵੀ ਆਧਾਰ ਬਣਾ ਕੇ ਸੁਚੇਤ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਥੋੜਾ ਸਮਾਂ ਲਗਾ ਕੇ ਵੀ ਅਸੀਂ ਆਪਣੀ ਸੌਖੀ ਸੰਭਾਲ ਕਰ ਸਕਾਂਗੇ ਤੇ ਉਨ੍ਹਾਂ ਲੋਕਾਂ ਰਾਹੀਂ ਗੁਮਰਾਹ ਹੋਣ ਤੋਂ ਬੱਚ ਜਾਵਾਂਗੇ।

ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ -ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਸਰੀਰ ਨਹੀਂ, ਗੁਰਬਾਣੀ ਅਨੁਸਾਰ ਗੁਰੂ ਤਾਂ ਹੈ ਹੀ ਆਦਿ ਜੁਗਾਦੀ, “ਗੁਰ ਕੀ ਮਹਿਮਾ ਕਿਆ ਕਹਾ, ਗੁਰੁ ਬਿਬੇਕ ਸਤ ਸਰੁ॥ ਓਹੁ ਆਦਿ ਜੁਗਾਦੀ ਜੁਗਹ ਜੁਗੁ, ਪੂਰਾ ਪਰਮੇਸਰੁ” (ਪੰ: ੩੯੭)। ਗੁਰਬਾਣੀ ਜਿਸ ‘ਗੁਰੂ’ ਦੇ ਲੜ ਲਗੲ ਰਹੀ ਉਹ ‘ਗੁਰੂ’ ਬਿਨਸਦਾ ਨਹੀਂ, ਜਨਮ ਮਰਣ `ਚ ਨਹੀਂ ਆਉਂਦਾ। “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)। ਇਥੇ ‘ਗੁਰੂ’ ਲਈ ‘ਸਤਿਗੁਰ’ ਲਫ਼ਜ਼ ਵੀ ਆਉਂਦਾ ਹੈ ਅਤੇ ‘ਸਤਿ’ ਦੇ ਅਰਥ ਹੀ ਹਨ ‘ਸਦਾ ਥਿਰ’, ਜਦਕਿ ਸਰੀਰ ਤਾਂ ਹੁੰਦਾ ਹੀ ਬਿਨਸਨਹਾਰ ਹੈ। ਦੂਜਾ ਸਭ ਮਹਿ ਰਹਿਆ ਸਮਾਇ” ਭਾਵ ਗੁਰਬਾਣੀ ਅਨੁਸਾਰ ਪ੍ਰਗਟ ‘ਗੁਰੂ’ ਤਾਂ ਹਰੇਕ ਦੇ ਹਿਰਦੇ ਘਰ `ਚ ਵਸਦਾ ਹੈ।

ਹੋਰ ਤਾਂ ਹੋਰ ਮੰਗਲਾਚਰਣ ਦਾ ਤਾਂ ਅਰੰਭ ਹੀ ੴ ਤੋਂ ਹੁੰਦਾ ਹੈ ਤੇ ਹਰੇਕ ਵਾਰੀ ਸਮਾਪਤੀ ਵੀ ‘ਗੁਰਪ੍ਰਸਾਦਿ’ ਨਾਲ ਹੀ ਹੋਈ ਹੈ। ਜਦਕਿ ‘ਗੁਰਪ੍ਰਸਾਦਿ’ ਦੇ ਅਰਥ ਹੀ ਹਨ ਕਿ ੴ (ਅਕਾਲਪੁਰਖ) ਆਪਣੀ ਕ੍ਰਿਪਾ ਕਰ ਕੇ ਆਪ ਹੀ ਮਨੁੱਖ ਦੇ ਜੀਵਨ ਅੰਦਰੋਂ ਪ੍ਰਗਟ ਹੁੰਦਾ ਹੈ। ਠੀਕ ਇਸ ਲਈ ਕਿ “ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯)।

ਇਸੇ ਤਰ੍ਹਾਂ ਗੁਰਬਾਣੀ `ਚ ‘ਗੁਰੂ’ ਨੂੰ ‘ਸ਼ਬਦ ਗੁਰੂ’ ਵੀ ਕਿਹਾ ਹੈ ਜਿਵੇਂ “ਨਾਮ ਨਿਧਾਨ ਤਿਸਹਿ ਪਰਾਪਤਿ, ਜਿਸੁ ‘ਸਬਦੁ ਗੁਰੂ’ ਮਨਿ ਵੂਠਾ ਜੀਉ” (ਪੰ: ੧੦੧) ਇਸ ਤਰ੍ਹਾਂ ਗੁਰੂ ਨੂੰ “ਓਹੁ ਆਦਿ ਜੁਗਾਦੀ ਜੁਗਹ ਜੁਗੁ, ਪੂਰਾ ਪਰਮੇਸਰੁ” (ਪੰ: ੩੯੭) ਤੋਂ ਇਹ ਵੀ ਸਪਸ਼ਟ ਹੈ ਕਿ ਗੁਰਬਾਣੀ ਰਾਹੀਂ ਮਨੁੱਖ ਨੂੰ ਜਿਸ ‘ਗੁਰੂ’ ਦੇ ਲੜ ਲਾਇਆ ਹੈ ਉਹ ਅਕਾਲਪੁਰਖ ਤੋਂ ਭਿੰਨ ਨਹੀਂ। ਉਪ੍ਰੰਤ ਗੁਰਬਾਣੀ `ਚ ਗੁਰੂ ਨੂੰ ‘ਬਿਬੇਕ’ ਤੇ ਬਿਬੇਕ ਬੁਧ ਵੀ ਕਿਹਾ ਹੈ ਜਿਵੇਂ “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: ੭੯੩) ਭਾਵ ਆਤਮਕ ਗਿਆਨ, ਸਰੀਰ ਨਹੀਂ।

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” -ਇਥੋਂ ਤੀਕ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਿਧਾਂ ਸੁਆਲ ਕੀਤਾ “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ ਗੁਰਦੇਵ ਦਾ ਉਤਰ ਸੀ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: ੯੪੨)। ਭਾਵ ਐ ਜੋਗੀਓ! ਮੇਰੇ ਨਾਲ ਤੁਹਾਡਾ ਸੁਆਲ ਹੀ ਸਾਬਤ ਕਰਦਾ ਹੈ ਕਿ ਤੁਸੀਂ ਭਾਰਤ ਦੀ ਪੁਰਾਤਨ ਪ੍ਰੰਪਰਾ ਅਨੁਸਾਰ ਹੀ ਮੇਰੇ ਤੋਂ ‘ਗੁਰੂ ਤੇ ਚੇਲੇ’ ਵਾਲਾ ਸੁਆਲ ਕਰ ਰਹੇ ਹੋ।

ਜਦਕਿ ‘ਮੇਰਾ ਗੁਰੂ ਤਦ ਤੋਂ ਮੌਜੂਦ ਹੈ ਜਦ ਤੋਂ ਸੁਆਸਾਂ ਵਾਲਾ ਨਿਯਮ ਚਲਿਆ ਹੈ ਭਾਵ ਜਦ ਤੋਂ ਜਗਤ ਰਚਨਾ ਹੋਈ ਹੈ। ਦੂਜਾ ਜਿਥੋਂ ਤੀਕ ਚੇਲਾ ਹੋਣ ਦੀ ਗੱਲ ਹੈ, ਗੱਲ ਉਥੇ ਵੀ ਉਹੀ ਹੈ ਜਿਵੇਂ ਸਰੀਰ ਨੂੰ ਗੁਰੂ ਮੰਨਣਾ ਜਾਂ ਸਮਝਣਾ ਭੁੱਲ ਹੈ, ਉਸੇ ਤਰ੍ਹਾਂ ਸਰੀਰ `ਚੇਲਾ’ ਵੀ ਨਹੀਂ ਹੁੰਦਾ ਜਦ ਤੀਕ ਕਿ ਕਰਤੇ ਰਾਹੀਂ ਸਰੀਰ ਅੰਦਰ ਪਾਈ ਹੋਈ ਸੁਰਤ, ਉਸ ਸ਼ਬਦ ਗੁਰੂ `ਚ ਇੱਕ ਮਿਕ ਨਾ ਹੋਈ ਹੋਵੇ। ਗੁਰਦੇਵ ਨੇ ਇਥੋਂ ਤੀਕ ਸਪਸ਼ਟ ਕੀਤਾ ਕਿ ਜੀਵਨ ਦੀ ਆਤਮਕ ਸਫ਼ਲਤਾ ਲਈ ਵਿਸ਼ਾ ਹੀ ‘ਸ਼ਬਦ-ਸੁਰਤ’ ਦੇ ਮਿਲਾਪ ਦਾ ਹੈ, ਸਰੀਰ ਤਾਂ ਕੇਵਲ ਸਾਧਨ ਮਾਤ੍ਰ ਹੈ।

ਦਸ ਪਾਤਸ਼ਾਹੀਆਂ ਤੇ ਉਨ੍ਹਾਂ ਦੇ ਸਰੀਰ-ਗੱਲ ਇਥੇ ਵੀ ਸਮਝਣ ਦੀ ਹੈ। ਗੁਰਬਾਣੀ `ਚ ਜਿੱਥੇ ਕਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜਾਂ ਦੂਜੇ, ਤੀਜੇ, ਚੋਥੇ, ਪੰਜਵੇਂ ਭਾਵ ਕਿਸੇ ਵੀ ਗੁਰੂ ਵਿਅਕਤੀ ਨਾਲ ਗੁਰੂ ਪਦ ਆਇਆ ਹੈ, ਉਸ ਦੇ ਅਰਥ ਹਨ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਅਮੁਕੀ ਪਾਤਸ਼ਾਹੀ ਦੇ ਸਰੀਰ ਅੰਦਰੋ “ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਆਤਮਕ ਅਥਵਾ ਇਲਾਹੀ ‘ਗੁਰੂ’ ਆਪ ਹੀ ਪ੍ਰਗਟ ਹੋਇਆ ਹੈ। ਦਰ ਅਸਲ ਇਹ ਵਿਸ਼ਾ ਕੇਵਲ ਤੇ ਕੇਵਲ ਦਸ ਪਾਤਸ਼ਾਹੀਆਂ ਤੀਕ ਹੀ ਸੀਮਤ ਹੈ ਤੇ ਸਮਾਪਤ ਵੀ ਉਥੇ ਹੀ ਹੋ ਜਾਂਦਾ ਹੈ। ਸੰਸਾਰ ਤੱਲ `ਤੇ ਉਸ ਦਾ ਵੱਡਾ ਸਬੂਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਰਚਨਾ ਅਤੇ ਬਾਣੀ ਸੰਕਲਣ ਵਾਲੇ ਜਿਸ ਕਾਰਜ ਨੂੰ ਪਹਿਲੇ ਜਾਮੇ `ਚ ਆਪ ਅਰੰਭਿਆ, ਆਪਣੇ ਹੀ ਦਸਵੇਂ ਜਾਮੇ `ਚ ਉਸ ਨੂਂ ਸਦੀਵ ਕਾਲ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਜੀ ਦੇ ਸਰੂਪ `ਚ ਸੰਪੂਰਣਤਾ ਬਖ਼ਸ਼ ਕੇ, ‘ਗੁਰੂ’ ਲਈ ਸਰੀਰਕ ਪ੍ਰਥਾ ਨੂੰ ਵੀ ਸਦੀਵ ਕਾਲ ਲਈ ਸਮਾਪਤ ਕਰ ਦਿੱਤਾ।

ਹਿਸਾਬ ਲਗਾਉਂਦੇ ਦੇਰ ਨਹੀਂ ਲਗਦੀ ਕਿ ਅਕਾਲਪੁਰਖ ਵੱਲੋਂ ਇਹ ਇੱਕ ਨਿਵੇਕਲਾ ਹੀ ਕ੍ਰਿਸ਼ਮਾ ਸੀ ਜਿਸ ਨੂੰ ਸਮਝਣ ਦੀ ਲੋੜ ਹੈ। ਸਪਸ਼ਟ ਹੈ, ਸੰਸਾਰ `ਚ ਇਸ ਸਰਬ ਉੱਤਮ ਕਾਰਜ ਲਈ ਅਕਾਲਪੁਰਖ ਨੇ ਆਪ ਹੀ “ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਬਾਕੀ ਨੌ ਸਰੂਪਾਂ ਨੂੰ” ਧੁਰੋਂ ਹੀ ਥਾਪਿਆ ਸੀ। “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ…” (ਪੰ: ੬੫੧) ਵਾਲਾ ਨਿਯਮ ਉਨ੍ਹਾਂ `ਤੇ ਲਾਗੂ ਨਹੀਂ ਸੀ ਹੁੰਦਾ। ਇਸ ਤੋਂ ਵਧ ਸਮਝਣ ਦੀ ਗੱਲ ਇਹ ਵੀ ਹੈ, ਜੇਕਰ ਇਸ ਵਿਸ਼ੇਸ਼ ਕਾਰਜ ਲਈ “ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਬਾਕੀ ਨੌ ਸਰੂਪ” ਸੰਸਾਰ `ਚ ਪ੍ਰਗਟ ਹੀ ਨਾ ਹੋਏ ਹੁੰਦੇ ਤਾਂ ਅੱਜ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਵਾਲੀ ਮਹਾਨ ਹਸਤੀ ਸੰਸਾਰ ਨੂੰ ਪ੍ਰਾਪਤ ਨਹੀਂ ਸੀ ਹੋ ਸਕਦੀ। ਇਸ ਵਿਸ਼ੇ ਨੂੰ ਹੋਰ ਵੇਰਵੇ ਨਾਲ ਸਮਝਣ ਲਈ ਗੁਰਮੱਤ ਪਾਠ ਨੰ: ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਸੰਗਤਾਂ ਦੀ ਸੇਵਾ `ਚ ਦਿੱਤਾ ਜਾ ਚੁੱਕਾ ਹੈ।

ਇਸ ਲਈ ਗੁਰੂ ਨਾਨਕ ਪਾਤਸ਼ਾਹ ਦੇ ਦਸਾਂ ਹੀ ਸਰੀਰਾਂ ਚੋਂ ਕਿਸੇ ਨੂੰ, ਕਿਸੇ ਵੀ ਸੰਸਾਰਿਕ ਸਰੀਰ ਨਾਲ ਬਰਾਬਰੀ ਦੇਣ ਦਾ ਯਤਣ ਕਰਣਾ ਸਾਡੀ ਅਜਿਹੀ ਮੂਰਖਤਾ ਹੋਵੇਗੀ ਜਿਸ ਦਾ ਖੁਮਿਆਜ਼ਾ ਵੀ ਸਾਨੂੰ ਹੀ ਭੋਗਣਾ ਪਵੇਗਾ। ਸਪਸ਼ਟ ਹੈ ਕਿ ਦਸ ਪਾਤਸ਼ਾਹੀਆਂ ਮਨੁੱਖ ਮਾਤ੍ਰ ਦੇ ਵੱਡੇ ਹਿੱਤ `ਚ ਅਕਾਲਪੁਰਖ ਦੀ ਅਜਿਹੀ ਦੇਣ ਸਨ, ਜਿਸ ਨੂਂ ਕਿਸੇ ਹੱਦ ਤੀਕ ਗੁਰਬਾਣੀ ਪ੍ਰਮਾਣਾਂ ਨਾਲ ਤਾਂ ਬਿਆਣਿਆ ਜਾ ਸਕਦਾ ਹੈ, ਉਂਝ ਨਹੀਂ ਜਿਵੇਂ “ਜਨੁ ਨਾਨਕੁ ਭਗਤ, ਦਰਿ ਤੁਲਿ ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ”॥ ੧॥ (ਪਾ: ੫ ਪੰ: ੧੩੮੫) ਇਸੇ ਤਰ੍ਹਾਂ “ਧੰਨਿ ਧੰਨਿ ਤੇ ਧੰਨਿ ਜਨ, ਜਿਹ ਕ੍ਰਿਪਾਲੁ ਹਰਿ ਹਰਿ ਭਯਉ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ, ਸਿ ਜਨਮ ਮਰਣ ਦੁਹ ਥੇ ਰਹਿਓ” (ਪੰ: ੧੩੮੬) ਇਸੇ ਤਰ੍ਹਾਂ ਹੋਰ ਗੁਰਬਾਣੀ ਪ੍ਰਮਾਣ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ `ਚ ਵੀ।

ਦੰਭੀ ਪਾਖੰਡੀ ਗੁਰੂਆਂ ਦੀ ਪਹਿਚਾਣ- ਸਦਾ ਤੋਂ ਹੀ ਦੰਭੀ-ਪਾਖੰਡੀ ਗੁਰੂਆਂ ਦਾ ਕਦੇ ਘਾਟਾ ਨਹੀਂ ਰਿਹਾ। ਇਨ੍ਹਾਂ ਪਾਖੰਡੀਆਂ ਦਾ ਧੁਰਾ ਕਿੱਥੇ ਹੁੰਦਾ ਹੈ, ਉਸ ਦੀ ਸੰਖੇਪ ਜਹੀ ਪਹਿਚਾਣ ਵੀ ਕਰ ਲੈਣੀ ਜ਼ਰੂਰੀ ਹੈ। ਦਰ ਅਸਲ ਇਨ੍ਹਾਂ ਪਾਖੰਡੀਆਂ `ਚੋਂ ਬਹੁਤਿਆਂ ਦਾ ਮਕਸਦ ਹੀ ਭੋਲੇ ਭਾਲੇ ਲੋਕਾਂ ਨੂੰ ਸ਼ਖਸੀ ਪੂਜਾ `ਚ ਉਲਝਾਉਣਾ ਤੇ ਵੱਧ ਤੋਂ ਵੱਧ ਨਿੱਜੀ ਲਾਭਾਂ ਲਈ ਵਰਤਣਾ ਹੁੰਦਾ ਹੈ। ਇਹ ਪਾਖੰਡੀ ਕਈ ਵਾਰ ਤਾਂ ਠੱਗਾਂ, ਕਾਤਿਲਾਂ ਦੇ ਗਿਰੋਹਾਂ `ਚੋਂ ਜਾਂ ਉਨ੍ਹਾਂ ਦੇ ਸੁਰਗਣੇ ਤੀਕ ਵੀ ਹੁੰਦੇ ਹਨ। ਇਨ੍ਹਾਂ `ਚ ਵੱਡੇ-ਵੱਡੇ ਸਮਗਲਰ, ਦੂਜੇ ਦੇਸ਼ਾਂ ਦੇ ਏਜੰਟ ਤੇ ਡਾਕੂਆਂ ਦੇ ਸਰਦਾਰ ਵੀ ਗੁਰੂ ਬਣ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਕਈ ਵਾਰ ਤਾਂ ਅਜਿਹਾ ਐਬ, ਜੁਰਮ, ਅਉਗੁਣ ਨਹੀਂ ਹੁੰਦਾ ਜਿਹੜਾ ਇਨ੍ਹਾਂ `ਚ ਨਾ ਹੋਵੇ। ਇਨ੍ਹਾਂ ਦੀਆਂ ਮੋਮੋਠਗਣੀਆਂ ਗੱਲਾਂ, ਚਤੁਰਾਈਆਂ, ਹਰੇਕ ਦੀ ਕਾਮਨਾ ਪੂਰਤੀ ਲਈ ਵਧ ਚੜ੍ਹ ਕੇ ਦਾਅਵੇ ਕਰਣ `ਚ ਵੀ ਇਹ ਲੋਕ ਢਿੱਲ ਨਹੀਂ ਕਰਦੇ। ਅਮੀਰ-ਗ਼ਰੀਬ ਲਈ ਇਨ੍ਹਾਂ ਦੇ ਮਾਪਦੰਡ ਵੀ ਵੱਖ-ਵੱਖ ਹੀ ਹੁੰਦੇ ਹਨ ਤੇ ਹੋਰ ਬਹੁਤ ਕੁਝ।

ਇਨ੍ਹਾਂ ਦੀਆਂ ਸੰਗਤਾਂ ਦੀ ਹਾਲਤ ਦੇਖੋ ਤਾਂ ਹੋਰ ਵੀ ਤਰਸ ਯੋਗ ਹੁੰਦੀ ਹੈ। ਕਈ ਕਈ ਸਾਲਾਂ ਤੋ ਬਣੇ ਹੋਏ ਇਨ੍ਹਾਂ ਦੇ ਸ਼੍ਰਧਾਲੂ, ਉਨ੍ਹਾਂ ਹੀ ਜਹਾਲਤਾਂ `ਚ, ਜਿਹੜੀਆਂ ਕਿ ਸੇਵਕੀ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਜਾਂ ਪ੍ਰਵਾਰ `ਚ ਸਨ, ਉਥੇ ਦੇ ਉਥੇ ਹੀ ਫ਼ਸੇ ਹੁੰਦੇ ਹਨ। ਸੱਚੇ ਗੁਰੂ ਦੀ ਜੋ ਅਸਲ ਵਡਿਆਈ ਹੈ ਕਿ ਸ਼੍ਰਧਾਲੂ ਨੂੰ ਸਿਧਾ ਕਾਦਿਰ ਨਾਲ ਜੋੜਣਾ ਤਾ ਕਿ ਮਨੁੱਖ ਆਪਣੇ ਉੱਚੇ ਸੁੱਚੇ ਅਸਲ ਤੇ ਸਦਾਚਾਰਕ, ਆਦਰਸ਼ਕ ਜੀਵਨ ਦਾ ਅਨੌਦ ਮਾਨ ਸਕੇ, ਅਜਿਹਾ ਤਾਂ ਉਥੇ ਸੰਭਵ ਹੀ ਨਹੀਂ ਹੁੰਦਾ। ਜੀਵਨ ਮੁੱਕ ਜਾਂਦੇ ਹਨ ਪਰ ਉਨ੍ਹਾਂ ਨੂੰ ਕਰਤੇ ਪ੍ਰਭੂ ਦੀ ਪਹਿਚਾਣ ਤੀਕ ਨਹੀਂ ਆ ਸਕਦੀ।

ਅਜਿਹੇ ਸ਼੍ਰਧਾਲੂ ਉਨ੍ਹਾਂ ਹੀ ਕਰਮਕਾਂਡਾਂ ਜਿਵੇਂ ਪੱਥਰ-ਅਵਤਾਰ-ਮੜ੍ਹੀ-ਕਬਰ ਪੂਜਾ, ਸ਼ਖਸੀ ਪੂਜਾ, ਸਵੇਰ-ਸ਼ਾਮ, ਥਿੱਤ-ਵਾਰ, ਜ਼ਾਤ-ਪਾਤ, ਵਰਣ-ਵੰਡ, ਸੁੱਚ-ਭਿੱਟ, ਕੁੰਡਲੀਆਂ-ਟੇਵੇ-ਮਹੂਰਤਾਂ, ਸਗਨਾਂ-ਰੀਤਾਂ, ਸੂਤਕਾਂ-ਪਾਤਕ, ਵਹਿਮਾਂ-ਸਹਿਮਾਂ ਭਾਵ ਸਮਸਤ ਕਰਮਕਾਂਡਾ ਤੇ ਜਹਾਲਤਾਂ `ਚ ਉਸੇ ਤਰ੍ਹਾਂ ਹੀ ਫ਼ਸੇ ਹੁੰਦੇ ਹਨ ਜਿੱਥੇ ਕਿ ਪਾਖੰਡੀਆਂ ਕੋਲ ਆਉਣ ਤੋਂ ਪਹਿਲਾਂ ਸਨ। ਉਨ੍ਹਾਂ ਦੇ ਜੀਵਨ ਉਥੇ ਹੀ ਖੜੇ ਮਿਲਦੇ ਹਨ ਬਲਕਿ ਪੁਸ਼ਤ ਦਰ ਪੁਸ਼ਤ ਤੀਕ ਵੀ ਉਨ੍ਹਾਂ ਦੀ ਇਹੀ ਹਾਲਤ ਰਹਿੰਦੀ ਹੈ।

ਅਜਿਹੇ ਸੇਵਕਾਂ ਦੀ ਜ਼ਬਾਨ `ਤੇ ਬੱਸ ਇਹੀ ਲਫਜ਼ ਮਿਲਣਗੇ ‘ਸਾਡਾ ਗੁਰੂ ਤਾਂ … “ਸਾਡੇ ਮਹਾਰਾਜ ਜੀ…’ ‘ਸਾਡੇ ਸਤਿਗੁਰੂ ਜੀ …’ ‘ਉਥੇ ਜਾ ਕੇ ਬੜੀ ਸ਼ਾਤੀ … ‘ਬੱਸ ਇਸ ਤੋਂ ਵਧ ਕੁੱਝ ਨਹੀਂ। ਇੱਕ ਪਾਸੇ ਅਜਿਹੇ ਸੇਵਕ ਆਪ ਪਖੰਡੀਆਂ ਦੀ ਸਰੀਰ ਪੂਜਾ `ਚ ਉਲਝੇ ਹੁੰਦੇ ਹਨ। ਦੂਜੇ ਪਾਸੇ ਆਪ ਵੀ ਸਾਰੀ ਉਮਰ ਸਰੀਰਕ ਤੱਲ ਤੋਂ ਹੇਠਾਂ ਹੀ ਰਹਿੰਦੇ ਹਨ। ਆਤਮਕ ਅਵਸਥਾ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ। ਹੋਰ ਤਾਂ ਹੋਰ, ਜੀਵਨ ਭਰ ਆਪਣੀਆਂ ਛੋਟੀਆਂ ਛੋਟੀਆਂ ਮੰਗਾਂ ਤੇ ਲੋੜਾਂ ਤੋਂ ਹੀ ਉੱਤੇ ਨਹੀਂ ਉਠ ਸਕਦੇ, ਮਨੁੱਖਾ ਜੀਵਨ ਦੀ ਸੱਚਾਈ ਕੀ ਹੈ ਇਹ ਤਾਂ ਉਥੇ ਵਿਸ਼ਾ ਹੀ ਨਹੀਂ ਹੁੰਦਾ।

ਸੱਚੇ ਸਤਿਗੁਰੂ ਦੀ ਸ਼ਰਨ `ਚ ਆ ਜਾਣ ਨਾਲ ਤਾਂ ਜੀਵ ਅੰਦਰੋਂ ਫੋਕਟ ਵਿਸ਼ਵਾਸ ਆਪਣੇ ਆਪ ਮੁੱਕਨੇ ਚਾਹੀਦੇ ਹਨ ਜਦਕਿ ਇਥੇ ਤਾਂ ਕਈ ਵਾਰੀ ਪਹਿਲਾਂ ਤੋਂ ਵੀ ਹਾਲਤ ਵਧ ਖ਼ਰਾਬ ਹੋ ਜਾਂਦੀ ਹੈ। ਬਲਕਿ ਬਹੁਤਿਆਂ ਦੇ ਤਾਂ ਜੁਆਨ ਬੱਚੇ-ਬੱਚੀਆਂ `ਤੇ ਇਹ ਪਾਖੰਡੀ ਆਪਣੀ ਦੁਕਾਨਦਾਰੀ ਦਾ ਅਜਿਹਾ ਜਾਦੂ ਚਲਾਉਂਦੇ ਹਨ ਕਿ ਔਲਾਦ ਆਪਣੇ ਮਾਪਿਆਂ ਤੋਂ ਵੀ ਬਾਗ਼ੀ ਹੋ ਕੇ ਇਨ੍ਹਾਂ ਦੇ ਡੇਰਿਆਂ ਦੀ ਸ਼ਾਨ ਬਣ ਕੇ ਰਹਿ ਜਾਂਦੀ ਹੈ। ਅਜਿਹਾ ਵਿਸ਼ਾ ਤਾਂ ਕਿਸੇ ਵੀ ਪਾਖੰਡੀ ਦੇ ਡੇਰੇ `ਤੇ ਜਾ ਕੇ ਸਮਝਿਆ, ਦੇਖਿਆ ਤੇ ਪਹਿਚਾਣਿਆ ਜਾ ਸਕਦਾ ਹੈ।

ਬਾਣੀ ‘ਆਸਾ ਕੀ ਵਾਰ’ ਦੇ ਆਧਾਰ `ਤੇ ‘ਗੁਰੂ’ - ਗੁਰਬਾਣੀ `ਚ ‘ਗੁਰੂ’ ਪਦ ਦੇ ਦੋ ਪੱਖ ਹਨ। ਇਨ੍ਹਾਂ `ਚੋ ਇੱਕ ਪੱਖ ਤਾਂ ਗੁਰੂ ਦੀਆਂ ਉਹ ਵਡਿਆਈਆਂ ਹਨ ਜੋ ਪਖੰਡੀ-ਦੰਭੀ ਗੁਰੂਆਂ `ਚ ਭਾਵੇਂ ਹੁੰਦੀਆਂ ਤਾਂ ਨਹੀਂ; ਫ਼ਿਰ ਵੀ ੳੇੁਨ੍ਹਾਂ ਵਡਿਆਈਆਂ ਦਾ ਪਰਦਾ ਓੜ ਕੇ ਉਹ ਲੋਕ ਆਮ ਸ਼੍ਰਧਾਲੂਆਂ ਨੂੰ ਗੁਮਰਾਹ ਕਰਦੇ ਹਨ ਤੇ ਉਨ੍ਹਾਂ ਦੀ ਲੁਟ-ਖੋਹ ਕਰਦੇ ਹਨ।

ਮਿਸਾਲ ਵਜੋਂ ਕੁੱਝ ਗੁਰਬਾਣੀ ਸ਼ਬਦ ਜਿਨ੍ਹਾਂ ਦੀ ਪਾਖੰਡੀ ਤੇ ਦੰਭੀ ਗੁਰੂ ਕੁਵਰਤੋਂ ਕਰਦੇ ਹਨ ਜਿਵੇਂ “ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ॥ ਜਾ ਕੀ ਕੋਇ ਨ ਮੇਟੈ ਦਾਤਿ॥ ੧॥ ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ” (ਪੰ: ੮੬੪) ਜਾਂ “ਗੁਰੁ ਸਰਵਰੁ ਮਾਨ ਸਰੋਵਰੁ ਹੈ, ਵਡਭਾਗੀ ਪੁਰਖ ਲਹੰਨਿੑ॥ ਸੇਵਕ ਗੁਰਮੁਖਿ ਖੋਜਿਆ, ਸੇ ਹੰਸੁਲੇ ਨਾਮੁ ਲਹੰਨਿ” (ਪੰ: ੭੫੭) ਜਾਂ ਫ਼ਿਰ “ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ॥ ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ॥ ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ॥ ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ…” (ਪੰ: ੫੨) ਭਾਵ ਅਜਿਹੇ ਬੇਅੰਤ ਸ਼ਬਦ ਹਨ ਜਿਨ੍ਹਾਂ ਨੂੰ ਇਹ ‘ਪਾਖੰਡੀ ਗੁਰੂ’ ਆਪਣੇ ਨਾਲ ਜੋੜ ਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ। ਇਸ ਲਈ ਇਥੇ ਕੇਵਲ ਦੂਜੇ ਪਖ ਵਾਲੇ ਪ੍ਰਮਾਣਾਂ ਨੂੰ ਹੀ ਲਿਆ ਜਾਵੇਗਾ, ਇਸ ਪੱਖ ਵਾਲੇ ਨਹੀਂ।

ਉਪ੍ਰੰਤ ਦੂਜਾ ਪੱਖ ਹੈ, ਸੱਚੇ ਤੇ ਸਦਾ ਥਿਰ ਗੁਰੂ ਦੀਆਂ ਉਹ ਵਡਿਆਈਆਂ ਜੋ ਨਿਵੇਕਲੀਆਂ ਹੁੰਦੀਆਂ ਹਨ। ਇਹ ਅਜਿਹੀਆਂ ਵਡਿਆਈਆਂ ਹੁੰਦੀਆਂ ਹਨ ਜਿਹੜੀਆਂ ਦਸ ਪਾਤਸ਼ਾਹੀਆਂ ਤੋਂ ਇਲਾਵਾ ਨਾ ਕਿਸੇ ‘ਸਰੀਰ’ `ਚ ਹੋ ਸਕਦੀਆਂ ਹਨ ਤੇ ਨਾ ਹੋਣਗੀਆਂ ਹੀ। ਉਪ੍ਰੰਤ ਦਸ ਪਾਤਸ਼ਾਹੀਆਂ ਹੀ ਕਿਉਂ, ਇਸ ਬਾਰੇ ਸੰਖੇਪ ਵੇਰਵਾ ਦਿੱਤਾ ਚੁੱਕਾ ਹੈ। ਇਥੇ ਬਾਣੀ ‘ਆਸਾ ਕੀ ਵਾਰ’ `ਚੋਂ ਗੁਰਬਾਣੀ ਅਨੁਸਾਰ ‘ਗੁਰੂ’ ਲਈ ਕੇਵਲ ਉਨ੍ਹਾਂ ਨਿਵੇਕਲੇ ਗੁਣਾਂ ਦੀ ਗੱਲ ਹੀ ਕੀਤੀ ਜਾਵੇਗੀ ਜਿਨ੍ਹਾਂ ਵਡਿਆਈਆਂ ਨੂੰ ਪਾਖੰਡੀ ਗੁਰੂ ਆਪਣੇ ਨਾਲ ਜੋੜ ਹੀ ਨਹੀਂ ਸਕਦੇ ਤੇ ਨਾ ਹੀ ਉਨ੍ਹਾਂ ਸ਼ਬਦਾਂ ਨੂੰ ਆਪਣੇ ਡੇਰਿਆ ਤੇ ਵਰਤਦੇ ਹੀ ਹਨ।

ਇਸ ਤੋਂ ਅੱਗੇ ਹਰੇਕ ਵੇਰਵੇ ਵੱਲ ਵਧਣ ਦੇ ਨਾਲ ਨਾਲ ਅਸਾਂ ਦੰਭੀ ਪਾਖੰਡੀ ਗੁਰੂਆਂ ਬਾਰੇ ਦਿੱਤੀ ਖਾਸ ਪਹਿਚਾਣ ਨੂੰ ਪੂਰੀ ਤਰ੍ਹਾਂ ਧਿਆਣ `ਚ ਰਖਦੇ ਹੋਏ ਵਿਸ਼ੇ ਨੂੰ ਸਮਝਣਾ ਹੈ।

(੧) “. . ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ॥ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ॥ ਜਗਜੀਵਨੁ ਦਾਤਾ ਪਾਇਆ॥ ੬ ॥ (੪੬੬) - ਪਉੜੀ ਨੰ: ਛੇ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਗੁਰੂ ਅਥਵਾ ਸਤਿਗੁਰੂ ਦੀ ਵੱਡੀ ਪਹਿਚਾਣ ਹੈ ਕਿ ਜਗਿਆਸੂ ਦੇ ਜੀਵਨ ਨੂੰ ਵਿਕਾਰਾਂ ਤੋਂ ਮੁੱਕਤ ਕਰਦਾ ਹੈ। ਉਸ ਦੇ ਜੀਵਨ ਅੰਦਰੋ ਮੋਹ ਮਾਇਆ ਦੀ ਪੱਕੜ ਨੂੰ ਖ਼ਤਮ ਕਰਦਾ ਹੈ। ਜਗਿਆਸੂ ਨੂੰ ਆਪਣੇ ਨਾਲ ਨਹੀਂ ਬਲਕਿ ਅਕਾਲਪੁਰਖ ਨਾਲ ਜੋੜਦਾ ਹੈ। ਉਸੇ ਦਾ ਨਤੀਜਾ “ਜਿਨਿ ਸਚੇ ਸਿਉ ਚਿਤੁ ਲਾਇਆ॥ ਜਗਜੀਵਨੁ ਦਾਤਾ ਪਾਇਆ” ਭਾਵ ਜਗਿਆਸੂ `ਤੇ ਕਰਤੇ ਦਾ ਹੀ ਰੰਗ ਚੜ੍ਹ ਜਾਂਦਾ ਅਤੇ ਉਸੇ `ਚ ਹੀ ਸਮਾ ਜਾਂਦਾ ਹੈ।

ਖੂਬੀ ਇਹ ਕਿ ਇਸੇ ਪਉੜੀ ਦਾ ਪਹਿਲਾ ਹਿੱਸਾ “ਬਿਨੁ ਸਤਿਗੁਰ ਕਿਨੈ ਨ ਪਾਇਓ, ਬਿਨੁ ਸਤਿਗੁਰ ਕਿਨੈ ਨ ਪਾਇਆ॥ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ” ਇਹ ਦੰਭੀ ਗੁਰੂ ਖਾਸ ਤੌਰ `ਤੇ ਵਰਤਦੇ ਹਨ। ਇਸ ਲਈ ਕਿ ਸੰਗਤਾਂ ਨੂੰ ਗੁਮਰਾਹ ਕਰ ਸਕਣ। ਪਉੜੀ ਦਾ ਇਹ ਹਿਸਾ ਆਪਣੇ ਹੱਕ `ਚ ਵਰਤਣ ਲਈ ਉਨ੍ਹਾਂ ਪਖੰਡੀਆਂ ਨੂੰ ਰਾਸ ਆਉਂਦਾ ਹੈ ਜਦਕਿ ਪੂਰੀ ਪਉੜੀ ਲੈਣ ਨਾਲ ਉਨ੍ਹਾਂ ਦੀ ਆਪਣੀ ਹੀ ਪੋਲ ਖੁਲਦੀ ਹੈ।

(੨) “ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ॥ ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ”॥ ੮ (੪੬੭) ਹੁਣ ਪਉੜੀ ਨੰਬਰ ਅੱਠ `ਚ ਵੀ ਦੇਖ ਸਕਦੇ ਹਾਂ ਕਿ ਸਤਿਗੁਰੂ ਦਾ ਵੱਡਾ ਗੁਣ ਹੀ ਇਹੀ ਹੈ ਕਿ ਸਤਿਗੁਰੂ, ਜਗਿਆਸੂ ਨੂੰ ਸਿਧਾ ਅਕਾਲਪੁਰਖ ਨਾਲ ਹੀ ਜੋੜਦਾ ਹੈ। ਇਹੀ ਨਹੀਂ ਬਲਕਿ ਸਤਿਗੁਰੂ ਨੇੜੇ ਹੋ ਕੇ ਜਗਿਆਸੂ ਨੂੰ ਜੋ ਨਵਾਂ ਵਾਤਾਵਰਣ ਤੇ ਜੀਵਨ ਰਾਹ ਮਿਲਦਾ ਹੈ ਉਹ ਵੀ ਅਕਾਲਪੁਰਖ ਦੇ ਰੰਗ `ਚ ਹੀ ਰੰਗਿਆ ਹੁੰਦਾ ਹੈ।

ਪਉੜੀ ਦੇ ਅਰੰਭ `ਚ ਤਾਂ ਗੁਰਦੇਵ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਸਚਾ ਸਾਹਿਬੁ ਏਕੁ ਤੂੰ, ਜਿਨਿ ਸਚੋ ਸਚੁ ਵਰਤਾਇਆ॥ ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ, ਤਾ ਤਿਨੀੑ ਸਚੁ ਕਮਾਇਆ” ਭਾਵ ਭਾਵੇਂ ਕਿ ਸਤਿਗੁਰੂ ਆਪਣੇ ਨਾਲ ਨਹੀਂ, ਜਗਿਆਸੂ ਨੂੰ ਸਿਧਾ ਕਰਤੇ ਨਾਲ ਹੀ ਮਿਲਾਉਂਦਾ ਹੈ। ਇਥੋਂ ਤੀਕ ਕਿ ਅਜਿਹੀ ਪ੍ਰਾਪਤ ਹੋ ਚੁੱਕੀ ਜੀਵਨ ਦੀ ਅਵਸਥਾ `ਚ ਮਨੁੱਖ ਦੇ ਵਿਚਾਰ ਮੰਡਲ ਤੇ ਰਹਿਣੀ `ਚ ਵੀ ਕਰਤੇ ਦਾ ਹੀ ਪ੍ਰਗਟਾਵਾ ਹੁੰਦਾ ਹੈ। ਫ਼ਿਰ ਇਹ ਵੀ ਸੱਚ ਹੈ ਕਿ ਇਹ ਸਭ ਭਾਵੇਂ ਕਰਤੇ ਦੀ ਆਪਣੀ ਬਖਸ਼ਿਸ਼ ਨਾਲ ਹੋ ਰਿਹਾ ਹੁੰਦਾ ਹੈ। ਇਸੇ ਦਾ ਦੂਜਾ ਪੱਖ ਵੀ ਹੈ ਕਿ ਇਸ ਬਖ਼ਸ਼ਿਸ਼ ਨੂੰ ਪ੍ਰਾਪਤ ਕਰਣ ਤੇ ਅੱਗੇ ਵੰਡਣ ਲਈ ਵੀ ਸਤਿਗੁਰੂ ਨੇ ਹੀ ਸਹਾਈ ਹੋਣਾ ਹੁੰਦਾ ਹੈ।

ਫ਼ਿਰ ਵੀ “ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” ਮਨਮੁਖ ਉਥੇ ਵੀ ਗੁਰਬਾਣੀ ਪੜ੍ਹ-ਸਮਝ ਕੇ ਤੇ ਗੁਰਬਾਣੀ ਦੇ ਵਾਤਾਵਰਣ `ਚ ਰਹਿ ਕੇ ਵੀ ਇਸ ਦਾ ਲਾਭ ਨਹੀਂ ਲੈ ਸਕਦਾ। ਮਨਮੁਖਤਾ `ਚ ਡੁੱਬੇ ਰਹਿਣ ਕਰਕੇ ਅਜਿਹਾ ਮਨੁੱਖ ਆਪਣਾ ਜਨਮ ਹੀ ਬਿਰਥਾ ਕਰਦਾ ਹੈ। ਸਪਸ਼ਟ ਹੈ ਜਦੋਂ ਢੋਂਗੀ ਗੁਰੂ (ਮਨਮੁੱਖ) ਖੁਦ ਹੀ ਇਸ ਬਖ਼ਸ਼ਿਸ਼ ਨੂੰ ਹਾਸਿਲ ਕਰਣ ਦੇ ਯੋਗ ਨਹੀਂ ਬਣ ਸਕਿਆ ਤਾਂ ਉਸ ਨੇ ਇਸ ਰੱਬੀ ਸੱਚ ਨੂੰ ਅਗੇ ਵੰਡਣਾ ਹੀ ਕਿਵੇਂ ਹੈ? ਉਹ ਜੋ ਆਪਣਾ ਜਨਮ ਹੀ ਬਰਬਾਦ ਕਰ ਰਿਹਾ ਹੁੰਦਾ ਹੈ ਤਾਂ ਦੂਜਿਆਂ ਦਾ ਕਿਵੇਂ ਸੁਆਰੇਗਾ?

(ਧਿਆਣ ਰਹੇ! ਪਉੜੀ `ਚ ਜਦੋਂ ਗੱਲ ਹੀ ਗੁਰਬਾਣੀ ਅਨੁਸਾਰ ਸਤਿਗੁਰੂ ਦੀ ਹੋ ਰਹੀ ਹੈ ਤਾਂ ਮਨਮੁਖ ਵੀ ਉਸੇ ਦਾ ਹੀ ਉਲਟਾ ਭਾਵ ਜੋ ਸਤਿਗੁਰੂ ਹੈ ਤਾਂ ਨਹੀਂ ਪਰ ਦਿਖਾਵਾ ਕਰ ਰਿਹਾ ਹੈ)

(੩) “ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ, ਰਹੈ ਗੁਰ ਬਿਨੁ ਗਿਆਨੁ ਨ ਹੋਇ॥ ੫ (ਪੰ: ੪੬੯) ਗੁਰਬਾਣੀ ਅਨੁਸਾਰ ਗੁਰੂ ਕੌਣ ਹੈ? ਗੁਰਦੇਵ ਮਿਸਾਲ ਦੇ ਕੇ ਸਪਸ਼ਟ ਕਰਦੇ ਹਨ ਜਿਵੇਂ “ਪਾਣੀ ਦਾ ਸੁਭਾਅ ਹੈ ਕਿ ਪਾਣੀ ਰੁਕਦਾ ਨਹੀਂ। ਇਹ ਫ਼ੈਲਦਾ ਜਾਂਦਾ ਹੈ ਤੇ ਵਧਦਾ ਵੀ ਢਲਾਣ ਨੂੰ ਹੀ ਹੈ, ਉਚਾਈ ਨੂੰ ਨਹੀਂ। ਪਾਣੀ ਤਦ ਤੀਕ ਫੈਲਦਾ ਤੇ ਵਧਦਾ ਜਾਂਦਾ ਹੈ ਜਦ ਤੀਕ ਕਿ ਜ਼ਮੀਨ ਇਸ ਨੂੰ ਚੂਸ ਨਾ ਲਵੇ, ਧੁਪ ਇਸ ਨੂੰ ਸੁਕਾ ਕੇ ਖਤਮ ਨਾ ਕਰ ਦੇਵੇ ਜਾਂ ਟੋਏ ਆਦਿ `ਚ ਰੁੱਕ ਕੇ ਚਿੱਕੜ-ਦਲਦਲ ਦਾ ਰੂਪ ਹੀ ਨਾ ਧਾਰਣ ਕਰ ਲਵੇ। ਅਜਿਹੀ ਚਿੱਕੜ ਦਲਦਲ ਵਾਲੀ ਹਾਲਤ ਸਮੇਂ ਤਾਂ ਇਸ `ਚ ਮੱਛਰ, ਮੱਖੀਆਂ ਤੇ ਬਦਬੂ ਵੀ ਪੂਦਾ ਹੋ ਜਾਂਦੀ ਹੈ। ਪਾਣੀ ਨੂੰ ਵਰਤੋਂ ਯੋਗ ਰਖਣ ਲਈ, ਕਿਸੇ ਰੋਕ ਦਾ ਹੋਣਾ ਜ਼ਰੂਰੀ ਹੈ। ਗੁਰਦੇਵ ਪਾਣੀ ਦੀ ਇਸੇ ਰੋਕ ਲਈ ਇਥੇ ਉਚੇਚੇ ਘੜੇ ਦੀ ਮਿਸਾਲ ਦੇ ਕੇ ਵਿਸ਼ੇ ਨੂੰ ਸਪਸ਼ਟ ਕਰ ਰਹੇ ਹਨ। ਫ਼ੁਰਮਾਉਂਦੇ ਹਨ, ਜਿਵੇਂ ਘੜਾ ਪਾਣੀ ਬਿਨਾ ਨਹੀਂ ਬਣ ਸਕਦਾ। ਉਪ੍ਰੰਤ ਪਾਣੀ ਜਦੋਂ ਘੜੇ ਨੂੰ ਬਣਾ ਲੈਂਦਾ ਹੈ ਤਾਂ ਉਸੇ ਪਾਣੀ ਨੂੰ ਘੜਾ ਆਪਣੇ ਅੰਦਰ ਬੰਨਣ ਦੇ ਯੋਗ ਵੀ ਹੋ ਜਾਂਦਾ ਹੈ।

ਪਾਣੀ ਦੀ ਤਰ੍ਹਾਂ, ਬਿਨਾ ਰੋਕ ਤੇ ਬੇ ਲਗ਼ਾਮ ਮਨ ਵੀ ਫੈਲਦਾ ਤੇ ਬਹੁਤਾ ਕਰ ਕੇ ਬੁਰਾਈਆਂ ਅਉਗੁਣਾ ਵੱਲ ਹੀ ਜਾਂਦਾ ਹੈ। ਖੂਬੀ ਇਹ ਹੈ ਕਿ ਹਰ ਸਮੇਂ ਫੈਲਣ ਵਾਲੇ ਇਸ ਮਨ ਦੀ ਵੀ ਜਦੋਂ ਕਿਸੇ ਗਿਆਨ ਨਾਲ ਘਾੜਤ ਹੋ ਜਾਂਦੀ ਹੈ ਤਾਂ ਮਨ ਉਸ ਗਿਆਨ ਨੂੰ ਆਪਣੇ ਅੰਦਰ ਬੰਨਣ ਦੇ ਸਮ੍ਰਥ ਹੋ ਜਾਂਦਾ ਹੈ। ਇਸ ਤੋਂ ਵਧ ਇਹ ਵੀ ਕਿ ਜੀਵਨ ਨੂੰ ਅਉਗੁਣਾ ਵਿਕਾਰਾਂ ਤੋਂ ਬਚਾਉਣਾ ਹੈ ਤਾਂ ਸਰੀਰ ਅੰਦਰਲੇ ਇਸ ਮੰਨ ਦੀ ਘਾੜਤ ਵੀ ਗੁਰੂ ਗਿਆਨ ਨਾਲ ਹੀ ਕਰਣੀ ਪਵੇਗੀ। ਸੰਸਾਰਕ ਗਿਆਨਾਂ `ਚ ਇਹ ਸਮ੍ਰਥਾ ਨਹੀਂ ਕਿ ਸਾਡੇ ਸੁਭਾਅ ਦੀ ਸੰਭਾਲ ਕਰ ਸਕਣ। ਜੀਵਨ ਨੂੰ ਉਚੇਰਾ ਲੈ ਜਾਣ ਲਈ ਕੇਵਲ ਪ੍ਰਭੂ ਗਿਆਨ ਹੀ ਹੈ ਜਿਸ ਤੋਂ ਘੜਿਆ ਹੋਇਆ ਮਨ, ਫ਼ਿਰ ਉਸ ਇਲਾਹੀ ਗਿਆਨ ਨੂੰ ਵੀ ਆਪਣੇ ਅੰਦਰ ਬੰਨਣ ਦੇ ਸਮ੍ਰਥ ਹੋ ਜਾਂਦਾ ਹੈ।

ਦੇਖਣਾ ਹੈ ਇਥੇ ਵੀ “ਗੁਰ ਬਿਨੁ ਗਿਆਨੁ ਨ ਹੋਇ” ਭਾਵ ਗੁਰਦੇਵ ਨੇ ਆਤਮਕ ਤੇ ਰੱਬੀ ਗਿਆਨ ਲਈ ਹੀ ਲਫ਼ਜ਼ ‘ਗੁਰੂ’ ਵਰਤਿਆ ਹੈ। ਕਿਸੇ ਹੋਰ ਗਿਆਨ ਜਾਂ ਸਰੀਰ ਲਈ ਨਹੀਂ।

(੪) ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ ੨ (ਪੰ: ੪੬੩) ਇਥੇ ਵੀ ਦੇਖ ਸਕਦੇ ਹਾਂ ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਜੇ ਕਿਸੇ ਮਨੁੱਖ ਅੰਦਰ ਇੱਕ ਹਜ਼ਾਰ ਸੰਸਾਰਕ ਗਿਆਨ (ਸੂਰਜ) ਵੀ ਆ ਜਾਣ। ਇਸ ਤਰ੍ਹਾਂ ਉਸ ਨੂੰ ਉਨ੍ਹਾਂ ਗਿਆਨਾਂ ਬਦਲੇ ਭਾਵੇਂ ਸੌ ਤਰ੍ਹਾਂ ਦੀ ਮਾਨਸਿਕ ਠੰਢਕਾਂ ਤੇ ਮਾਨਸਿਕ ਸ਼ਾਂਤੀ (ਚੰਦ੍ਰਮਾ) ਵੀ ਪ੍ਰਾਪਤ ਹੋ ਜਾਵੇ ਤਾਂ ਵੀ ਗੁਰੂ ਗਿਆਨ ਬਿਨਾ ਮਨੁੱਖੀ ਮਨ `ਚੋਂ ਵਹਿਮਾਂ ਭਰਮਾਂ, ਕਰਮ ਕਾਂਡਾਂ, ਵਿਕਾਰਾਂ, ਸਰੀਰ ਪੂਜਾ ਆਦਿ ਵਾਲੀ ਅਗਿਆਣਤਾ ਦਾ ਹਨੇਰਾ ਨਹੀਂ ਕਢਿਆ ਜਾ ਸਕਦਾ। ਮਨ `ਚ ਅਗਿਆਣਤਾ ਦੇ ਹਨੇਰੇ ਨੇ ਤਾਂ ਬਣਿਆ ਹੀ ਰਹਿਣਾ ਹੈ।

ਸਪਸ਼ਟ ਹੈ ਕਿ ਇਥੇ ਵੀ ਗੁਰੂ ਦਾ ਲਫ਼ਜ਼ ਆਤਮਕ ਅਥਵਾ ਇਲਾਹੀ ਗਿਆਨ ਲਈ ਹੀ ਆਇਆ ਹੈ ਕਿਸੇ ਸਰੀਰ ਜਾਂ ਕਿਸੇ ਪ੍ਰਕਾਰ ਦੇ ਵੀ ਸੰਸਾਰਿਕ ਗਿਆਨ ਲਈ ਨਹੀਂ।

(੫) ਪਉੜੀ॥” ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ॥ ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀੑ ਨੇਤ੍ਰੀ ਜਗਤੁ ਨਿਹਾਲਿਆ॥ ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥ ਕਰਿ ਕਿਰਪਾ ਪਾਰਿ ਉਤਾਰਿਆ”॥ ੧੩ (ਪੰ: ੪੭੦) ਸੱਚੇ ਗੁਰੂ ਦੀ ਪ੍ਰਮੁੱਖ ਪਹਿਚਾਣ ਹੀ ਇਹੀ ਦਿੱਤੀ ਹੈ ਕਿ ਜਿਸ ਦੇ ਮਿਲਾਪ ਨਾਲ, ਜਗਿਆਸੂ ਦਾ ਮਨ ਅੰਦਰ ਕਿਸੇ ਮਨੁੱਖ ਦੀ ਪੂਜਾ-ਭਾਵਨਾ ਨਹੀਂ ਪਣਪਦੀ ਬਲਕਿ ਅਕਾਲਪੁਰਖ ਦੀ ਹੀ ਪਹਿਚਾਣ ਆਉਂਦੀ ਹੈ। ਜਦ ਤੀਕ ਮਨੁੱਖ ਆਪਣੇ ਕਰਤੇ ਅਕਾਲਪੁਰਖ ਨਾਲ ਨਹੀਂ ਜੁੜਦਾ; ਉਹ ਸੰਸਾਰਕ ਮੋਹ ਮਾਇਆ, ਕਰਮਕਾਂਡਾਂ, ਹੁੳਮੈ ਆਦਿ ਵਿਕਾਰਾਂ `ਚ ਹੀ ਡੁੱਬਿਆ ਰਹਿੰਦਾ ਹੈ।

ਦੇਖ ਚੁੱਕੇ ਹਾਂ ਕਿ ਪਾਖੰਡੀ-ਦੰਭੀ ਗੁਰੂ ਤਾਂ ਮਨੁੱਖ ਨੂੰ ਡੁਬੋਂਦੇ ਹੀ ਮੋਹ ਮਾਇਆ ਦੀ ਦਲਦਲ `ਚ ਹਨ ਤਾ ਕਿ ਮਨੁੱਖ ਆਸ਼ਾ ਤ੍ਰਿਸ਼ਨਾ ਦਾ ਗ਼ੁਲਾਮ ਰਵੇ ਤੇ ਜੀਵਨ ਭਰ ਭਟਕਣਾ, ਚਿੰਤਾਂਵਾਂ ਤੇ ਮੰਗਾਂ ਆਦਿ `ਚ ਫਸਿਆ ਰਵੇ। ਲੋਕਾਈ ਦੇ ਜੀਵਨ `ਚ ਸੁਖਣਾ-ਚਾਲੀਹੇ ਆਦਿ ਦੀ ਦੌੜ ਲਗੀ ਰਵੇ। ਜਿਸ ਤੋਂ ਉਨ੍ਹਾਂ ਪਾਖੰਡੀਆਂ ਦੀਆਂ ਦੁਕਾਨਾਂ ਚਲਦੀਆਂ ਰਹਿਣ।

(੬) ਸਲੋਕੁ ਮਃ ੧॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ ੧ (੪੬੩) ਏਥੇ ਵੀ ਜਿਸ ਗੁਰੂ ਤੋਂ ਬਲਿਹਾਰੇ ਜਾਣ ਦੀ ਗੱਲ ਕਹੀ ਹੈ ਉਸ ਦੀ ਪਹਿਚਾਣ ਹੈ ਕਿ ਆਮ ਮਨੁੱਖ ਨੂੰ ਮਨੁੱਖਾ ਤੱਲ ਤੋਂ ਚੁੱਕ ਕੇ ਦੈਵੀ ਗੁਣਾ ਵਾਲਾ ਬਣਾ ਦਿੰਦਾ ਹੈ। ਅਜਿਹੇ ਮਨੁੱਖ ਦੀ ਆਤਮਕ ਅਵਸਥਾ ਇਨੀਂ ਉੱਚੀ ਉਠ ਜਾਂਦੀ ਹੈ ਕਿ ਜੀਵਨ ਅੰਦਰ ਦਿਆ, ਸੰਤੋਖ, ਪਰਉਪਕਾਰ, ਸਦਾਚਾਰ, ਉੱਚਾ ਆਚਰਣ ਆਦਿ ਇਲਾਹੀ ਗੁਣ ਮਨੁੱਖ ਦਾ ਸੁਭਾਅ ਬਣ ਜਾਂਦੇ ਹਨ। ਉਪ੍ਰੰਤ ਕਿਸੇ ਵੀ ਜੀਵਨ `ਚ ਅਜਿਹੀ ਤਬਦੀਲੀ ਲਿਆਉਣ ਲਈ ਸਤਿਗੁਰੂ ਨੂੰ ਪਲਕ ਝਪਕਣ ਦਾ ਸਮਾਂ ਵੀ ਨਹੀਂ ਲਗਦਾ।

ਇਸ ਤਰ੍ਹਾਂ ਜਿਸ ਜੀਵਨ ਅੰਦਰ ਅਜਿਹੇ ਦੈਵੀ ਗੁਣ ਪੈਦਾ ਹੋ ਜਾਣ, ਅਜਿਹੇ ਜੀਵਨ `ਚ ਤ੍ਰਿਸ਼ਨਾ, ਭਟਕਣਾ, ਅਸ਼ਾਂਤੀ, ਚਿੰਤਾਵਾਂ, ਆਸ਼ਾਵਾਂ, ਮੰਗਾਂ, ਸੁਖਣਾ, ਚਾਲੀਹੇ, ਰਾਸ਼ੀ ਫਲ, ਵਿਕਾਰ ਆਦਿ ਤਾਂ ਰਹਿੰਦੇ ਹੀ ਨਹੀ ਤਾਂ ਅਜਿਹਾ ਮਨੁੱਖ ਪਖੰਡੀਆਂ ਪਿਛੇ ਜਾਵੇਗਾ ਹੀ ਕਿਉਂ? ਕਿਉਂਕਿ ਉਥੇ ਤਾਂ ਉਹੀ ਲੋਕ ਜਾਂਦੇ ਹਨ ਜੋ ਅਜੇ ਸਰੀਰਕ ਤੱਲ ਤੋਂ ਥੱਲੇ ਤੇ ਵਹਿਮਾ-ਭਰਮਾ-ਕਰਮਕਾਂਡਾਂ ਦਾ ਜੀਵਨ ਬਿਤਾਅ ਰਹੇ ਹੋਣ। ਠੀਕ ਇਹੀ ਗੱਲ ਪਉੜੀ ਨੰ: ੧੮ `ਚ ਵੀ ਕਹੀ ਹੈ ਜਿਵੇਂ:-

(੭) ਪਉੜੀ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ॥ ੧੮ (ਪੰ: ੪੭੩) ਭਾਵ ਸੱਚੇ ਸਤਿਗੁਰ ਦੀ ਇਹ ਵੱਡੀ ਸਿਫ਼ਤ ਹੈ ਕਿ ਉਹ ਹੁੰਦਾ ਹੀ ਵੱਡੀਆਂ ਵੱਡਿਆਈਂਆਂ ਮਾਲਿਕ ਹੈ। ਪਰ ਇਨ੍ਹਾਂ ਵੱਡੀਆਂ ਵਡਿਆਈਆਂ ਦੀ ਪਹਿਚਾਣ ਕੀ ਹੈ? ਉਹ ਵੀ ਤਾਂ ਹੀ ਆਉਂਦੀ ਹੇ ਜਦੋਂ ਜੀਵਨ ਕਰਤੇ ਨਾਲ ਜੁੜ ਜਾਵੇ ਤਾਂ। ਇਸ ਤਰ੍ਹਾਂ ਜੋ ਮਨੁੱਖ ਅਜੇ ਸਰੀਰਕ ਤੱਲ ਤੋੰ ਵੀ ਹੇਠਾਂ ਜੀਅ ਰਿਹਾ ਹੈ, ਉਸ ਨੂੰ ਇਹ ਵੀ ਸਮਝ ਨਹੀਂ ਆ ਸਕਦੀ ਕਿ ਮਨੁੱਖਾ ਜੀਵਨ ਲਈ ਵੱਡੀਆਂ ਵਡਿਆਈਆਂ ਹੈਣ ਕੀ?

ਇਥੇ ਸੱਚੇ ਗੁਰੂ ਲਈ ਤਾਂ ਕਹਿ ਰਹੇ ਹਨ ਕਿ ਮਨੁੱਖ ਦੇ ਜੀਵਨ ਅੰਦਰੋਂ ਬਰਿਆਈਆਂ ਨੂੰ ਮਾਰ ਕੇ ਕੱਢ ਦਿੰਦਾ ਹੈ। ਤਾਂ ਫ਼ਿਰ ਇਹ ਬੁਰਿਆਈਆਂ ਕੀ ਹਨ? ਇਨ੍ਹਾਂ ਦਾ ਰੂਪ ਕੀ ਹੈ ਇਸ ਦੀ ਸੰਖੇਪ ਪਹਿਚਾਣ “ਬਲਿਹਾਰੀ ਗੁਰ ਆਪਣੇ … “ਵਾਲੇ ਸਲੋਕ `ਚ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ‘ਆਸਾ ਕੀ ਵਾਰ’ `ਚ ਹੀ ਅਜਿਹੇ ਹੋਰ ਵੀ ਬਹੁਤ ਹਨ ਜੋ ਸਦਾ ਥਿਰ ਗੁਰੂ ਦੀ ਪਹਿਚਾਣ ਕਰਵਾ ਰਹੇ ਹਨ ਲੋੜ ਤਾਂ ਬਾਣੀ ਨੂੰ ਸੁਚੇਤ ਹੋ ਕੇ ਪੜ੍ਹਣ ਤੇ ਵਿਚਾਰਣ ਦੀ। #196s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 196

“ਬਾਣੀ ਆਸਾ ਕੀ ਵਾਰ” ਦੇ ਆਧਾਰ `ਤੇ ਗੁਰਬਾਣੀ ਅਨੁਸਾਰ

“ਗੁਰੂ ਦਾ ਸੰਕਲਪ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.