ੴ
ਸਤਿ ਗੁਰ ਪ੍ਰਸਾਦਿ
ਕੀ ਬਾਬਾ ਬੰਦਾ ਸਿੰਘ ਜੀ ਬਹਾਦਰ ਮੁਸਲਿਮ ਵਿਰੋਧੀ ਸਨ?
ਸਿੱਖ ਇਤਿਹਾਸ ਦੀ ਇੱਕ ਘਟਨਾ ਹੈ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਮਲੇਰ ਕੋਟਲੇ ਵਿਚਲੀਆਂ ਮੁਸਲਮਾਨਾਂ ਦੀਆਂ ਕਬਰਾਂ ਤੱਕ ਪੁੱਟ
ਦਿਤੀਆਂ ਸਨ। ਕਿਉਂ?
ਇਸ ਘਟਨਾ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਬਾਰੇ, ਉਨ੍ਹਾਂ
ਦੀ ਫੌਜ ਵਿਚਲੇ ਮੁਸਲਮਾਨਾ ਬਾਰੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ ਕਰਨ ਲਈ ਮੁਸਲਮਾਨਾਂ,
ਹਿੰਦੂਆਂ ਅਤੇ ਸਿੱਖਾਂ ਦੇ ਇਕੋ ਜਿਹੇ ਵਤੀਰੇ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਆਉ ਵਿਚਾਰੀਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀਵਨ?
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀਵਨ, ਦਸਵੇਂ ਨਾਨਕ ਜੀ ਨਾਲ ਮਿਲਣ ਮਗਰੋਂ, ਹਰ ਪੱਖੋਂ ਸਿੱਖੀ
ਅਨਕੂਲ ਸੀ, ਅਰਥਾਤ ਇੰਸਾਨੀਅਤ ਦੀਆਂ ਕਦਰਾਂ ਕੀਮਤਾਂ ਨਾਲ ਭਰਪੂਰ ਸੀ।
(ਆਪਾਂ ਇਸ ਬਾਰੇ ਤਿੰਨਾਂ ਧਿਰਾਂ ਦੀ ਮੁਖਾਲਫਤ ਦੇ ਕਾਰਨਾਂ ਵਿੱਚ ਬਹੁਤ ਕੁੱਝ ਵਿਚਾਰਾਂਗੇ, ਫਿਲਹਾਲ
ਖਾਲੀ ਜਾਤ ਅਧਾਰਿਤ, ਮੁਹਲਮਾਨਾਂ ਦੀ ਦੁਸ਼ਮਣੀ ਬਾਰੇ ਵਿਚਾਰ ਕਰ ਰਹੇ ਹਾਂ।)
ਸਿੱਖੀ ਸਿਧਾਂਤਾਂ ਤੇ ਚੱਲਣ ਵਾਲਾ ਕੋਈ ਵੀ ਸਿੱਖ, ਕਿਸੇ ਨਾਲ ਵੀ ਜਾਤੀ ਦੇ ਅਧਾਰ ਤੇ ਨਫਰਤ ਨਹੀਂ
ਕਰ ਸਕਦਾ, ਨਫਰਤ ਤੋਂ ਬਗੈਰ ਕਿਸੇ ਦਾ ਵਿਰੋਧੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੋ ਬੰਦਾ
ਅਪਣੇ ਆਪ ਨੂੰ ਸਿੱਖ ਅਖਵਾਉਂਦਾ ਹੋਇਆ, ਜਾਤੀ ਦੇ ਆਧਾਰ ਤੇ ਕਿਸੇ ਦੂਸਰੇ ਨਾਲ ਨਫਰਤ ਕਰਦਾ ਹੈ, ਉਹ
ਤਾਂ ਸੁਭਾਵਕ ਹੀ ਵਰਨ-ਵੰਡ ਦਾ ਸ਼ਿਕਾਰ ਹੋਇਆ ਹੋਇਆ ਸਮਝੋ। ਵਰਨ-ਵੰਡ ਤੇ ਵਿਸ਼ਵਾਸ ਰੱਖਣ ਵਾਲਾ ਸਿੱਖ
ਕਿਵੇਂ ਹੋ ਸਕਦਾ ਹੈ? ਏਸੇ ਅਧਾਰ ਤੇ ਤਾਂ ਅੱਜ, ਸਿੱਖਾਂ ਦਾ ਕਾਲ ਪਿਆ ਹੋਇਆ ਹੈ। ਅੱਜ ੯੦ % ਤੋਂ
ਉਪਰ, ਦਿਸਦੇ ਸਿੱਖ ਇਸ ਬਿਮਾਰੀ ਦਾ ਸ਼ਿਕਾਰ, ਜਾਂ ਅਗਿਆਨਤਾ ਵੱਸ ਇਸ ਬਿਮਾਰੀ ਦੇ ਸ਼ਿਕਾਰ ਲੋਕਾਂ ਨਾਲ
ਵਿਚਰਨ ਕਾਰਨ, ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਇੱਕ ਦੂਸਰੇ ਤੋਂ ਨਫਰਤ ਕਰਦੇ, ਸਿੱਖੀ ਅਸੂਲਾਂ ਤੋਂ
ਗਿਰ ਕੇ ਖੁਆਰ ਹੋ ਰਹੇ ਹਨ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਬਿਮਾਰੀ ਤੋਂ ਪਾਕ ਸਨ। ਜਿਸ ਦਾ ਸਬੂਤ, ਉਨ੍ਹਾਂ ਦੀ ਫੌਜ ਵਿੱਚ
ਪੰਜ ਹਜ਼ਾਰ ਤੋਂ ਵੱਧ, ਮੁਸਲਮਾਨਾਂ ਦਾ ਹੋਣਾ ਹੈ। ਬਾਬਾ ਜੀ ਦੀ ਫੌਜ ਵਿੱਚ ਮੁਸਲਮਾਨਾਂ ਨੂੰ, ਅਪਣੇ
ਧਰਮ-ਕਰਮ ਪੂਰੀ ਆਜ਼ਾਦੀ ਨਾਲ ਕਰਨ ਦੀ ਪੂਰੀ ਖੁਲ੍ਹ ਸੀ, ਜੋ ਵੇਲੇ ਦੇ ਹਾਕਮਾਂ ਨੂੰ ਉਨ੍ਹਾਂ ਦੇ
ਸੂਹਿਆਂ ਵਲੋਂ ਭੇਜੀਆਂ ਖਬਰਾਂ ਤੋਂ ਸਪੱਸ਼ਟ ਹੁੰਦਾ ਹੈ, ਇਹ ਵੀ ਸਮਝਣ ਦੀ ਗੱਲ ਹੈ ਕਿ, ਸੂਹ ਦੇਣ
ਵਾਲੇ ਵੀ ਕੱਟੜ ਮੁਸਲਮਾਨ ਸਨ। ਇਤਿਹਾਸ ਵਿੱਚ ਕੋਈ ਇੱਕ ਵਾਕਿਆ ਵੀ ਅਜਿਹਾ ਨਹੀਂ ਹੈ ਜਿਸ ਵਿਚ,
ਕਿਸੇ ਮੁਸਲਮਾਨ ਸਿਪਾਹੀ ਨੇ, ਬਾਬਾ ਜੀ ਨਾਲ ਗੱਦਾਰੀ ਕੀਤੀ ਹੋਵੇ। ਕੀ ਇਹ ਸਭ ਕੁੱਝ ਇਹ ਸਾਬਤ ਕਰਨ
ਲਈ ਕਾਫੀ ਨਹੀਂ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਜਾਤੀ ਆਧਾਰ ਤੇ ਮੁਸਲਮਾਨਾਂ ਦੇ ਵਿਰੋਧੀ ਨਹੀਂ
ਸਨ?
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ ਕਰਨ ਲਈ ਤਿੰਨਾਂ (ਹਿੰਦੂ, ਮੁਸਲਮਾਨ ਅਤੇ ਸਿੱਖਾਂ) ਦੇ
ਆਪੋ ਆਪਣੇ ਕਾਰਨ ਸਨ।
ਹਿੰਦੂ:-
ਹਿੰਦੂਆਂ ਲਈ ਬ੍ਰਾਹਮਣ ਸਭ ਤੋਂ ਵੱਡਾ ਦੇਵਤਾ ਹੈ। ਬ੍ਰਾਹਮਣ ਨੂੰ ਸਿੱਖੀ ਦੇ ਸਿਧਾਂਤ ਰਾਸ ਨਹੀਂ
ਆਉਂਦੇ, ਉਸ ਨੂੰ ਕੀ, ਕੋਈ ਵੀ ਬੰਦਾ ਜੋ ਕਿਰਤ ਤੋਂ ਭਗੌੜਾ ਹੋਵੇ, ਪਰਾਇਆ ਹੱਕ ਖਾਣ ਦਾ ਚਾਹਵਾਨ
ਹੋਵੇ, (ਭਾਵੇਂ ਉਹ ਬੰਦਾ ਸਿੱਖੀ ਭੇਸ ਵਿੱਚ ਹੀ ਹੋਵੇ) ਉਸ ਨੂੰ ਸਿੱਖੀ ਦੇ ਸਿਧਾਂਤ ਰਾਸ ਆ ਹੀ
ਨਹੀਂ ਸਕਦੇ। ਇਸ ਲਈ ਬ੍ਰਾਹਮਣ, ਨਾਨਕ ਕਾਲ ਤੋਂ ਹੀ, ਸਿੱਖੀ ਸਿਧਾਂਤਾਂ ਦਾ ਵੈਰੀ ਹੋ ਗਿਆ ਸੀ।
ਜਿਵੇਂ ਜਿਵੇਂ ਸਿੱਖੀ ਦਾ ਬੋਲ ਬਾਲਾ ਹੁੰਦਾ ਸੀ, ਤਿਉਂ ਤਿਉਂ ਬ੍ਰਾਹਮਣ ਨੂੰ ਡੋਬੂ ਪੈਂਦੇ ਸਨ।
ਬ੍ਰਾਹਮਣ ਨੇ ਆਪਣੇ ਸੁਭਾਅ ਅਨੁਸਾਰ, ਮੁਸਲਮਾਨ ਸ਼ਾਸਕਾਂ ਨੂੰ ਸਿੱਖਾਂ ਵਿਰੁੱਧ ਭੜਕਾ ਕੇ, ਸਿੱਖਾਂ
ਨੂੰ ਬਦਨਾਮ ਕਰ ਕੇ, ਸਿੱਖੀ ਸਿਧਾਂਤਾਂ ਨੂੰ ਵਿਗਾੜਨ ਲਈ ਮਿਥਿਹਾਸ ਪੂਰਨ ਸਾਖੀਆਂ, ਕਿਤਾਬਾਂ,
ਗ੍ਰੰਥ ਲਿਖ ਕੇ, ਹਰ ਮੋੜ ਤੇ ਸਿੱਖੀ ਦਾ ਨੁਕਸਾਨ ਕਰਨ ਦਾ ਉਪ੍ਰਾਲਾ ਕੀਤਾ ਹੈ। (ਜਿਸ ਵਿੱਚ ਬਹੁਤ
ਹੱਦ ਤਕ ਉਹ ਕਾਮਯਾਬ ਵੀ ਰਿਹਾ ਹੈ) ਇਹੀ ਕਾਰਨ ਉਸ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ
ਕਰਨ ਦਾ ਸੀ, ਬਾਬਾ ਜੀ ਦੀ ਕਮਾਨ ਥੱਲੇ, ਸਿੱਖ ਫੌਜਾਂ ਦਾ ਵਧਦਾ ਹਰ ਕਦਮ, ਬ੍ਰਾਹਮਣ ਨੂੰ ਅਪਣੇ ਅੰਤ
ਦਾ ਸੁਨੇਹਾ ਦਿੰਦਾ ਜਾਪਦਾ ਸੀ। ਬ੍ਰਾਹਮਣ ਵਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਕੀਤੀਆਂ
ਗੱਦਾਰੀਆਂ ਦੀ ਖੋਜ ਕਰਨ ਦਾ ਕੰਮ, ਇਤਿਹਾਸਕਾਰਾਂ ਦਾ ਸੀ, ਪਰ ਉਨ੍ਹਾਂ ਨੂੰ ਤਾਂ, ਇਹੀ ਹੋਸ਼ ਮਸਾਂ
ਆਈ ਕਿ ਬਾਬਾ ਜੀ ਦਾ ਕਿਰਦਾਰ ਅਜਿਹਾ ਨਹੀਂ ਸੀ, ਜੈਸਾ ਇਤਿਹਾਸ ਵਿੱਚ ਪੇਸ਼ ਕੀਤਾ ਗਿਆ ਹੈ।
ਮੁਸਲਮਾਨ:-
ਮੁਸਲਮਾਨਾਂ ਦੀ ਬਹੁ ਗਿਣਤੀ (ਅੱਜ ਦੇ ਹਿੰਦੂਆਂ ਵਾਙ) ਸਰਕਾਰ ਦੇ ਨਾਲ ਸੀ, ਜਿਸ ਸੇ ਜ਼ੁਲਮਾਂ
ਵਿਰੁੱਧ ਬਾਬਾ ਜੀ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਵਿਚੋਂ ਵੀ ਇਤਿਹਾਸਕਾਰ ਨਰੋਲ ਰੂਪ ਵਿੱਚ ਸਰਕਾਰ ਦੇ
ਤਨਖਾਹੀਏ ਸਨ। ਉਨ੍ਹਾਂ ਨੂੰ ਵੀ ਬਾਬਾ ਬੰਦਾ ਸਿੰਘ ਜੀ ਦੀ ਹਰ ਕਾਮਯਾਬੀ, ਭਾਰਤ ਵਿਚਲੇ ਅਪਣੇ ਭਵਿੱਖ
ਲਈ, ਖਤਰੇ ਦੀ ਘੰਟੀ ਮਹਿਸੂਸ ਹੋ ਰਹੀ ਸੀ, ਇਸ ਹਾਲਤ ਵਿੱਚ ਉਨ੍ਹਾਂ ਲਈ ਸਾਮ, ਦਾਮ, ਦੰਡ, ਭੇਦ ਦੀ
ਵਰਤੋਂ ਜਾਇਜ਼ ਸੀ।
ਮੁਸਲਮਾਨ ਮੌਲਾਣਿਆਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੱਜ ਹਜ਼ਾਰਾਂ ਮੁਸਲਮਾਨ ਬਾਬਾ ਜੀ ਦੀਆਂ
ਫੌਜਾਂ ਵਿਚ, ਬੜੀ ਖੁਸ਼ੀ ਨਾਲ ਸੇਵਾ ਕਰ ਰਹੇ ਹਨ, ਇਹ ਖੁਸ਼ੀ ਹੀ ਭਲਕੇ ਉਨ੍ਹਾਂ ਨੂੰ ਸਿੱਖੀ ਧਾਰਨ
ਕਰਨ ਲਈ ਪਰੇਰ ਵੀ ਸਕਦੀ ਹੈ। ਇਹੀ ਉਨ੍ਹਾਂ ਦਾ ਸਾਡੇ ਗਲਬੇ ਥੱਲਿਉਂ ਨਿਕਲ ਜਾਣ ਦਾ ਕਾਰਨ ਵੀ ਬਣ
ਜਾਵੇਗਾ। ਇਸ ਸੋਚ ਅਧੀਨ ਹੀ ਉਨ੍ਹਾਂ ਨੇ ਬਾਬਾ ਜੀ ਨੂੰ ਬਦਨਾਮ ਕਰਨ ਵਲੋਂ ਕੋਈ ਕਸਰ ਨਹੀਂ ਛੱਡੀ।
ਖਾਫੀ ਖਾਨ ਵਰਗਾ ਇਤਿਹਾਸਕਾਰ ਤਾਂ ਬਾਬਾ ਜੀ ਨੂੰ ਦੈਂਤ, ਦਰਿੰਦਾ ਕਹਿਣ ਤੋਂ ਵੀ ਨਹੀਂ ਟਲਿਆ।
ਸਿੱਖ:-
ਦਸਵੇਂ ਨਾਨਕ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ, ਲਖਮੀ ਦਾਸ ਦੀ ਔਲਾਦ, ਸ੍ਰੀ ਚੰਦੀਆਂ ਨੇ ਅਪਣੇ ਆਪ
ਨੂੰ ਗੁਰੂ ਅੰਸ਼ ਵਜੋਂ ਸਥਾਪਤ ਕਰਨ, ਅਪਣੀ ਸਿੱਖੀ ਸੇਵਕੀ ਸਥਾਪਤ ਕਰਨ ਦੇ ਰਾਹ ਵਿੱਚ ਬਾਬਾ ਬੰਦਾ
ਸਿੰਘ ਜੀ ਬਹਾਦਰ ਨੂੰ ਬਹੁਤ ਵੱਡਾ ਰੋੜਾ ਸਮਝਦਿਆਂ, ਹਰ ਢੰਗ ਨਾਲ ਬਦਨਾਮ ਕਰ ਕੇ, ਅਪਣੇ ਰਸਤੇ ਤੋਂ
ਹਟਾਉਣ ਦਾ ਯਤਨ ਕੀਤਾ। ਜਿਸ ਵਿਚ, ਕਦੀ ਮਾਤਾ ਸੁੰਦਰ ਕੌਰ ਜੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ
ਬਾਰੇ (ਫਰਜ਼ੀ) ਹੁਕਮਨਾਮਿਆਂ ਦੀ ਆੜ ਲੈ ਕੇ, ਕਦੀ ਬਾਬਾ ਜੀ ਦੇ ਚਰਿਤ੍ਰ ਬਾਰੇ ਗਲਤ ਇਲਜ਼ਾਮ ਲਗਾ ਕੇ,
ਬਾਬਾ ਜੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। (ਇਨ੍ਹਾਂ ਸਾਰੀਆਂ ਗੱਲਾਂ ਦਾ ਪਰਚਾਰ ਵੀ
ਗੁਰਦਵਾਰਿਆਂ ਵਿਚੋਂ ਹੀ ਕੀਤਾ ਗਿਆ ਹੈ)
ਏਥੋਂ ਤੱਕ ਕਿ ਬਾਬਾ ਜੀ ਦੇ ਸਾਥੀ ਸਿੱਖ ਜਥੇਦਾਰਾਂ ਨੂੰ, ਬਾਬਾ ਜੀ ਦੇ ਵਿਰੁੱਧ ਭੜਕਾ ਕੇ, ਉਨ੍ਹਾਂ
ਨਾਲੋਂ ਤੋੜ ਕੇ, ਬਣ ਰਹੇ ਅਸਲੀ ਸਿੱਖ ਰਾਜ ਨੂੰ ਢਾਅ ਲਾਉਣ ਦਾ ਪੂਰਾ ਯਤਨ ਕੀਤਾ ਹੈ। ਇਹੀ ਨਹੀਂ
ਬਾਬਾ ਜੀ ਦੀ ਸ਼ਹਾਦਤ ਮਗਰੋਂ ਵੀ, ਉਨ੍ਹਾਂ ਦੇ ਬਰਖਿਲਾਫ ਕੂੜ ਪਰਚਾਰ, ਉਨ੍ਹਾਂ ਨੂੰ ਬਦਨਾਮ ਕਰਨ ਦਾ
ਸਿਲਸਿਲਾ ਬਰਾਬਰ ਜਾਰੀ ਰਿਹਾ। ਕਦੀ ਤੱਤ ਖਾਲਸਾ, ਬੰਦਈ ਖਾਲਸਾ ਦਾ ਝਗੜਾ ਖੜਾ ਕਰ ਕੇ, ਕਦੀ ਬਾਬਾ
ਬੰਦਾ ਸਿੰਘ ਜੀ ਬਹਾਦਰ ਬਾਰੇ ਗੁਰੂ ਅਖਵਾਉਣ ਦਾ ਸ਼ੋਸ਼ਾ ਛੱਡ ਕੇ। (ਜਦ ਕਿ ਦੁਨੀਆਂ ਜਾਣਦੀ ਹੈ ਕਿ
ਬਾਬਾ ਜੀ ਨੇ ਸਿੱਖ ਰਾਜ ਦਾ ਸਿੱਕਾ, ਪਹਿਲੇ ਅਤੇ ਦਸਵੇਂ ਨਾਨਕ ਜੀ ਦੀ ਮੋਹਰ ਨਾਲ ਹੀ ਜਾਰੀ ਕੀਤਾ
ਸੀ) ਅਰਥਾਤ,
ਦੇਗੋ-ਤੇਗੋ-ਫਤਿਹ-ਓ-ਨੁਸਰਤ ਬੇਦਿਰੰਗ
ਯਾਫਤ ਅਜ਼ ਨਾਨਕ- ਗੁਰੂ-ਗੋਬਿੰਦ ਸਿੰਘ
ਉਸ ਵੇਲੇ ਤਿੰਨਾ ਦਾ ਇਕੋ ਹੀ ਮੰਤਵ ਸੀ ਕਿ, ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਜਗੀਰਦਾਰੀ ਪਰਥਾ
ਦਾ ਭੋਗ ਪਾ ਕੇ, ਮਜ਼ਦੂਰ ਵਰਗ ਵਿੱਚ ਜੋ ਜਾਗ੍ਰਤੀ ਲਿਆਂਦੀ ਸੀ, ਉਸ ਦੇ ਵਿਰੋਧ ਸਰੂਪ ਬਾਬਾ ਜੀ ਨੂੰ
ਬਦਨਾਮ ਕੀਤਾ ਜਾਵੇ, ਕਿਉਂਕਿ ਤਿੰਨੇ ਜਮਾਤਾਂ ਜਗੀਰ ਦਾਰਾਂ ਆਸਰੇ ਹੀ ਪਲ ਰਹੀਆਂ ਸਨ। (ਅਤੇ ਅੱਜ ਵੀ
ਪਲ ਰਹੀਆਂ ਹਨ) ਇਹ ਮੇਨ ਮੁੱਦਾ ਸੀ, ਬਾਬਾ ਜੀ ਵਿਰੁੱਧ ਤਿੰਨਾਂ ਦੇ ਇਕੱਠੇ ਹੋਣ ਦਾ।)
ਆਉ ਸਿੱਖ ਇਤਿਹਾਸ ਦੀ ਉਸ ਘਟਨਾ ਤੇ ਵੀ ਝਾਤੀ ਮਾਰਦੇ ਹਾਂ, ਜਿਸ ਦਾ ਜ਼ਿਕਰ ਸ਼ੁਰੂ ਵਿੱਚ ਕੀਤਾ ਸੀ।
1704 ਵਿਚਲੀ ਸਰਸੇ ਦੀ ਲੜਾਈ ਦੌਰਾਨ, ਮਲੇਰ ਕੋਟਲੇ ਦੇ ਨਵਾਬ, ਸ਼ੇਰ
ਮੁਹੰਮਦ ਖਾਨ ਨੇ ਇੱਕ ਸਿੱਖ ਬੀਬੀ (ਜਿਸ ਦਾ ਨਾਮ ਇਤਿਹਾਸ ਬੀਬੀ ਅਨੂਪ ਕੌਰ ਦਸਦਾ ਹੈ) ਨੂੰ ਕੈਦ ਕਰ
ਕੇ, ਅਪਣੇ ਮਹਿਲਾਂ ਵਿੱਚ ਪਾ ਲਿਆ ਸੀ। ਬੀਬੀ ਜੀ ਨੇ ਅਪਣ ਇਜ਼ਤ ਬਚਾਉਣ ਲਈ, ਅਪਣੀ ਕਿਰਪਾਨ ਨਾਲ ਹੀ
ਆਤਮ-ਘਾਤ ਕਰ ਲਿਆ ਸੀ, ਬੀਬੀ ਦੀ ਲਾਸ਼ ਨੂੰ ਸ਼ੇਰ ਖਾਨ ਨੇ ਮਹਿਲਾਂ ਦੇ ਨੇੜੇ ਹੀ ਕਬਰਿਸਤਾਨ ਵਿੱਚ
ਦਫਨ ਕਰਵਾ ਦਿੱਤਾ ਸੀ। ਸਰਹਿੰਦ ਦੀ ਫਤਿਹ ਮਗਰੋਂ ਬਾਬਾ ਜੀ ਨੂੰ ਸ਼ੇਰ ਮੁਹੰਮਦ ਦੀ ਇਸ ਕਰਤੂਤ ਦਾ
ਪਤਾ ਲੱਗਾ ਸੀ। ਬਾਬਾ ਜੀ ਨੇ ਮਲੇਰ ਕੋਟਲੇ ਤੇ ਹਮਲਾ ਕਰ ਦਿੱਤਾ। ਪਰ ਸ਼ਹਿਰ ਨਾ ਲੁਟਿਆ, ਕਿਉਂਕਿ
ਏਸੇ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ, ਛੋਟੇ ਸਾਹਿਬਜ਼ਾਦਿਆਂ ਨੂੰ ਕਤਲ
ਕਰਨ ਤੋਂ ਨਾਂਹ ਕਰਦੇ ਕਿਹਾ ਸੀ,
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ,
ਖੁਦਾ ਮਹਿਫੂਜ਼ ਰੱਖੇ ਹਮ ਕੋ ਇਸ ਪਾਪ ਸੇ।
(ਹਾਲਾਂਕਿ ਇਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਰੋਧ ਦੀ ਕੋਈ ਗੱਲ ਨਹੀਂ ਸੀ, ਇਸ ਨੂੰ
ਧਾਰਮਿਕ ਅਕੀਦੇ ਵਜੋਂ ਲਿਆ ਜਾ ਸਕਦਾ ਹੈ। ਪਰ ਬਹੁਤ ਸਾਰੀਆਂ ਗੱਲਾਂ ਤੇ ਪਰਦਾ ਪਾਉਂਦਿਆਂ, ਇਸ ਗੱਲ
ਨੂੰ ਏਨਾ ਕਿਉਂ ਉਛਾਲਿਆ ਗਿਆ ਹੈ, ਇਹ ਇਤਿਹਾਸਕਾਰਾਂ ਦੀ ਖੋਜ ਦਾ ਵਿਸ਼ਾ ਹੈ)
ਕਿਉਂਕਿ ਚੱਪੜ-ਚਿੜੀ ਦੇ ਮੈਦਾਨ ਵਿੱਚ ਸ਼ੇਰ ਖਾਨ ਮਾਰਿਆਂ ਜਾ ਚੁੱਕਾ ਸੀ, ਇਸ ਲਈ ਬੀਬੀ ਅਨੂਪ ਕੌਰ
ਦੀ ਕਬਰ ਲੱਭਣ ਲਈ, ਕੁੱਝ ਹੋਰ ਕਬਰਾਂ ਵੀ ਫਰੋਲਣੀਆਂ ਪਈਆਂ ਸਨ। ਬਾਬਾ ਜੀ ਨੇ ਬੀਬੀ ਦੀ ਲਾਸ਼ ਕਬਰ
ਵਿਚੋਂ ਕੱਢ ਕੇ ਉਸ ਦਾ ਸਿੱਖੀ ਸਿਧਾਂਤ ਅਨਕੂਲ ਸਸਕਾਰ ਕੀਤਾ। ਇਹ ਸੀ ਕਬਰਾਂ ਪੁੱਟਣ ਦੀ ਅਸਲੀਅਤ,
ਜਿਸ ਦੇ ਆਧਾਰ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦੈਂਤ, ਦ੍ਰਿੰਦਾ, ਧਾੜਵੀ, ਲੁਟੇਰਾ ਜ਼ਾਲਿਮ
ਆਦਿ ਦੇ ਖਿਤਾਬ ਦਿੱਤੇ ਗਏ। ਸ਼ੇਰ ਖਾਨ ਦੀ ਸਾਹਿਬਜ਼ਾਦਿਆਂ ਬਾਰੇ ਘਟਨਾ ਨੂੰ ਸਾਰਾ ਸਿੱਖ ਜਗਤ ਜਾਣਦਾ
ਹੈ, ਪਰ ਇਸ ਘਟਨਾ ਨੂੰ ਕਿੰਨੇ ਸਿੱਖ ਜਾਣਦੇ ਹਨ?
ਜੇ ਖਾਫੀ ਖਾਨ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦੈਂਤ, ਦ੍ਰਿੰਦਾ ਸਾਬਤ ਕਰਨ ਲਈ, ਮਲੇਰਕੋਟਲੇ
ਦੀਆਂ ਕਬਰਾਂ ਫਰੋਲਣ ਦੀ ਗੱਲ ਨਾ ਲਿਖਦਾ ਤਾਂ, ਸਿੱਖ ਤਾਂ ਇਸ ਘਟਨਾ ਨੂੰ ਹਜ਼ਮ ਹੀ ਕਰ ਗਏ ਸਨ।
ਬਾਬਾ ਜੀ ਨੇ ਜਿੱਥੇ ਧਰਮ ਦੇ ਆਧਾਰ ਤੇ ਕਿਸੇ ਨੂੰ ਸਜ਼ਾ ਦੇਣ ਤੋਂ ਗੁਰੇਜ਼ ਕੀਤਾ, ਓਥੇ ਇਹ ਵੀ ਦਰਸਾ
ਦਿੱਤਾ ਕਿ ਕੀਤੇ ਜੁਲਮ ਨੂੰ ਕਿਸੇ ਵੇਲੇ ਵੀ ਉਘਾੜਿਆ ਜਾ ਸਕਦਾ ਹੈ।
ਜੇ ਸ੍ਰੀ ਚੰਦੀਏ ਬਾਬਾ ਬੰਦਾ ਸਿੰਘ ਜੀ ਦਾ ਵਿਰੋਧ ਨਾ ਕਰਦੇ ਤਾਂ ਸ਼ਾਇਦ ਬਾਬਾ ਜੀ ਅਜਿਹਾ ਸਿੱਖ ਰਾਜ
ਸਥਾਪਤ ਕਰ ਜਾਂਦੇ, ਜੋ ਜ਼ਾਤ-ਪਾਤ ਦੀਆਂ ਹੱਦਾਂ ਤੋਂ ਉਪਰ ਉੱਠ ਕੇ, ਕਿਰਤੀ ਕਾਮਿਆਂ ਦੀ ਪੁਸ਼ਤ ਪਨਾਹੀ
ਕਰਦਾ ਹਮੇਸ਼ਾ ਕਾਇਮ ਰਹਿੰਦਾ, ਕਦੀ ਖਤਮ ਨਾ ਹੁੰਦਾ।
ਅਮਰ ਜੀਤ ਸਿੰਘ ਚੰਦੀ
ਫੋਨ: 91 97562 64621