.

ਕੀ ਸ਼ਬਦ-ਗੁਰੂ ਦੇਹਧਾਰੀ ਕਿਰਿਆਵਾਂ ਕਰਦਾ ਹੈ?

ਅਵਤਾਰ ਸਿੰਘ ਮਿਸ਼ਨਰੀ (510-432-5827)

ਸ਼ਬਦ ਦਾ ਅਰਥ ਹੈ ਗਿਆਨ ਅਤੇ ਦੇਹ ਦਾ ਅਰਥ ਹੈ ਸਰੀਰ। ਸਰੀਰ ਸਦਾ ਬਿਨਸਨਹਾਰ ਹਨ ਪਰ ਸ਼ਬਦ ਗੁਰੂ ਗਿਆਨ ਸਦੀਵ ਪ੍ਰਕਾਸ਼ਮਾਨ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਬਹੁਤ ਸਾਰੇ ਧਰਮ ਦੇਹਧਾਰੀ ਨੂੰ ਗੁਰੂ ਅਤੇ ਪ੍ਰਮਾਤਮਾਂ ਮੰਨਦੇ ਸਨ। ਗੁਰੂ ਨਾਨਕ ਸਾਹਿਬ ਐਸੇ ਪਹਿਲੇ ਰਹਿਬਰ ਹਨ ਜਿਨ੍ਹਾਂ ਨੇ ਨਿਰੰਕਾਰ ਸਰਬ ਸ਼ਕਤੀਮਾਨ ਨੂੰ ਹੀ ਸੰਸਾਰ ਦਾ ਕਰਤਾ ਕਰਤਾਰ ਮੰਨਿਆਂ ਅਤੇ ਪ੍ਰਚਾਰਿਆ। ਬਿਨਸਨਹਾਰ ਦੇਹਾਂ ਤੋਂ ਉੱਪਰ ਉੱਠ ਕੇ ਅਬਿਨਾਸ਼ੀ ਪੁਰਖ ਜੋ ਸ਼ਬਦ ਰੂਪ ਵਿੱਚ ਹਮੇਸ਼ਾਂ ਮਜ਼ੂਦ ਹੈ, ਨੂੰ ਗੁਰੂ ਪ੍ਰਮਾਤਮਾਂ ਮੰਨਿਆਂ। ਸੰਸਾਰ ਦੇ ਉਧਾਰ ਵਾਸਤੇ ਪ੍ਰਚਾਰਕ ਦੌਰੇ ਕਰਦੇ ਸਮੇਂ ਆਮ ਲੋਕਾਂ ਤਾਂ ਕੀ, ਮੰਨੇ ਪ੍ਰਮੰਨੇ ਸਿੱਧਾਂ ਜੋਗੀਆਂ ਨੇ ਜਦ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣੁ ਗੁਰੂ ਜਿਸਕਾ ਤੂੰ ਚੇਲਾ॥ (942) ਤਾਂ ਗੁਰੂ ਜੀ ਨੇ ਅਸਲੀਅਤ ਦਰਸਾਉਂਦੇ ਹੋਏ ਬੜੇ ਠਰੰਮੇ ਨਾਲ ਜਵਾਬ ਦਿੱਤਾ ਕਿ-ਸਬਦੁ ਗੁਰੂ ਸੁਰਤਿ ਧਨਿ ਚੇਲਾ॥ (942) ਹੋਰ ਵਿਆਖਿਆ ਕਰਦੇ ਹੋਏ-ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗੁ ਬਉਰਾਨੰ॥ (635) ਗੁਰੂ ਗ੍ਰੰਥ ਸਾਹਿਬ ਵਿਖੇ ਸ਼ਬਦ ਗੁਰੂ ਬਾਰੇ ਪੱਕਾ ਹੀ ਦਰਸਾ ਦਿੱਤਾ ਗਿਆ ਕਿ-ਸਤਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (759) ਗੁਰੂ ਨਾਨਕ ਸਾਹਿਬ ਜੀ ਦੇ ਬਾਕੀ ਨੌਂ ਜਾਂਨਸ਼ੀਨਾਂ ਨੇ ਵੀ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸਮੁੱਚੇ ਖਾਲਸਾ ਪੰਥ ਨੂੰ ਹੁਕਮ ਕੀਤਾ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥

ਆਓ ਹੁਣ ਆਪਾਂ ਦੇਹਧਾਰੀ ਅਤੇ ਸ਼ਬਦ ਗੁਰੂ ਦੀਆਂ ਕਿਰਿਆਵਾਂ ਬਾਰੇ ਜਾਣੀਏ ਕਿ ਕੀ ਕੀ ਫਰਕ ਹੈ? ਦੇਹਧਾਰੀ ਆਪਣੇ ਮਾਤਾ ਪਿਤਾ ਤੋਂ ਜਨਮ ਲੈਂਦਾ ਹੈ। ਦੇਹਧਾਰੀ ਦੀ ਜਾਤ ਬਰਾਦਰੀ ਅਤੇ ਕੁਲ ਵੀ ਹੁੰਦੀ ਹੈ। ਉਹ ਬਾਲ, ਜਵਾਨ ਅਤੇ ਬੁੱਢਾ ਹੋ ਜਾਂਦਾ ਹੈ। ਦੇਹਧਾਰੀ ਦੀ ਮੌਤ ਹੁੰਦੀ ਹੈ ਭਾਵੇਂ ਬਾਲ, ਜਵਾਨੀ ਜਾਂ ਬਢੇਪੇ ਵਿੱਚ ਹੋਵੇ। ਦੇਹਧਾਰੀ ਖਾਦਾ, ਪੀਂਦਾ, ਪਹਿਨਦਾ ਸੌਂਦਾ ਅਤੇ ਮਰਦਾ ਵੀ ਹੈ। ਦੇਹਧਾਰੀ ਨੂੰ ਸਰਦੀ ਗਰਮੀ ਤੱਤਾ ਠੰਡਾ ਵੀ ਲਗਦਾ ਹੈ। ਦੇਹਧਾਰੀ ਜ਼ਖਮੀ ਅਤੇ ਰੋਗੀ ਵੀ ਹੋ ਸਕਦਾ ਹੈ। ਦੇਹਧਾਰੀ ਨੂੰ ਰਹਿਣ ਲਈ ਘਰ ਦੀ ਲੋੜ ਹੈ। ਦੇਹਧਾਰੀ ਸਮੁੱਚੇ ਸੰਸਾਰ ਦਾ ਗੁਰੂ ਨਹੀਂ ਹੋ ਸਕਦਾ ਅਤੇ ਨਾਂ ਹੀ ਹਰ ਵੇਲੇ ਹਰ ਥਾਂ ਪਸਰਿਆ ਹੁੰਦਾ ਹੈ। ਦੇਹਧਾਰੀ ਡਰਦਾ, ਰੋਂਦਾ, ਹਸਦਾ ਅਤੇ ਕਦੇ ਗਮਗੀਨ ਵੀ ਹੁੰਦਾ ਹੈ। ਦੇਹਧਾਰੀ ਆਪਣਾ ਅਲੱਗ ਡੇਰਾ ਜਾਂ ਧੜੇਬੰਦੀ ਬਣਾ ਕੇ ਵਿਚਰਦਾ ਹੈ। ਦੇਹਧਾਰੀ ਵਿੱਚ ਗੁੱਸਾ-ਗਿਲਾ, ਚੁਗਲੀ-ਨਿੰਦਿਆ, ਈਰਖਾ-ਦਵੈਸ਼ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹੁੰਦੇ ਹਨ। ਦੇਹਧਾਰੀ ਗੁਰੂ ਦੇ ਗਿਣਤੀ–ਮਿਣਤੀ ਦੇ ਚੇਲੇ ਬਾਲਕੇ ਹੁੰਦੇ ਹਨ। ਗੱਲ ਕੀ ਦੇਹਧਾਰੀ ਨੂੰ ਸੰਸਾਰਕ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ।

ਦੂਜੇ ਪਾਸੇ ਸ਼ਬਦ ਗੁਰੂ ਦਾ ਕੋਈ ਮਾਂ ਬਾਪ ਨਹੀਂ। ਸ਼ਬਦ ਗੁਰੂ ਦੀ ਕੋਈ ਜਾਤ ਬਰਤਦਰੀ ਅਤੇ ਕੁਲ ਵੀ ਨਹੀਂ। ਉਹ ਕਦੇ ਬਾਲ, ਜਵਾਨ ਅਤੇ ਬੁੱਢਾ ਨਹੀਂ ਹੁੰਦਾ। ਸ਼ਬਦ ਗੁਰੂ ਕਦੇ ਮਰਦਾ ਨਹੀਂ। ਸ਼ਬਦ ਗੁਰੂ ਨੂੰ ਕਦੇ ਖਾਣ-ਪੀਣ ਦੀ ਭੁੱਖ ਪਿਆਸ ਨਹੀਂ ਲਗਦੀ। ਸ਼ਬਦ ਗੁਰੂ ਨੂੰ ਸਰਦੀ ਗਰਮੀ ਤੱਤਾ-ਠੰਡਾ ਕਦੇ ਵੀ ਨਹੀਂ ਲਗਦਾ। ਸ਼ਬਦ ਗੁਰੂ ਕਦੇ ਰੋਗੀ ਨਹੀਂ ਹੁੰਦਾ। ਸਾਰਾ ਸੰਸਾਰ ਹੀ ਸ਼ਬਦ ਗੁਰੂ ਦਾ ਘਰ ਹੈ। ਸ਼ਬਦ ਸਮੁੱਚੇ ਸੰਸਾਰ ਦਾ ਗੁਰੂ ਅਤੇ ਸਰਬਨਿਵਾਸੀ ਹੈ। ਸ਼ਬਦ ਗੁਰੂ ਕਦੇ ਰੋਂਦਾ, ਹਸਦਾ ਜਾਂ ਗਮਗੀਨ ਨਹੀਂ ਹੁੰਦਾ। ਸ਼ਬਦ ਗੁਰੂ ਨਾਂ ਕਿਸੇ ਨੂੰ ਡਰਾਉਂਦਾ ਅਤੇ ਨਾਂ ਹੀ ਕਿਸੇ ਤੋਂ ਡਰਦਾ ਹੈ। ਸ਼ਬਦ ਗੁਰੂ ਦੀ ਅਲੱਗ ਧੜੇਬੰਦੀ ਨਹੀਂ। ਸ਼ਬਦ ਗੁਰੂ ਕਦੇ ਗੁੱਸਾ-ਗਿਲਾ, ਚੁਗਲੀ ਨਿੰਦਿਆ, ਈਰਖਾਂ-ਦਵੈਸ਼ ਨਹੀ ਕਰਦਾ ਅਤੇ ਨਾਂ ਹੀ ਉਸ ਵਿੱਚ ਕਾਂਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹੁੰਦੇ ਹਨ। ਸ਼ਬਦ ਗੁਰੂ ਗਿਣਤੀ ਦੇ ਚੇਲੇ-ਬਾਲਕੇ ਨਹੀਂ ਬਣਾਉਂਦਾ। ਸ਼ਬਦ ਗੁਰੂ ਨੂੰ ਦੇਹਧਾਰੀ ਵਾਲੀਆਂ ਕੋਈ ਵੀ ਕਿਰਿਆਵਾਂ ਨਹੀਂ ਕਰਨੀਆਂ ਪੈਂਦੀਆਂ।

ਜਦ ਐਡਾ ਵੱਡਾ ਫਰਕ ਸ਼ਬਦ ਗੁਰੂ ਅਤੇ ਦੇਹਧਾਰੀ ਵਿੱਚ ਪ੍ਰਤੱਖ ਹੈ ਫਿਰ ਕੀ ਕਾਰਨ ਹੈ ਕਿ ਕੁੱਝ ਅਗਿਆਨੀ ਅਤੇ ਸੰਪ੍ਰਦਾਈ ਡੇਰੇਦਾਰ ਸ਼ਬਦ ਗੁਰੂ ਨੂੰ ਬੰਦੇ ਵਾਂਗ ਖਾਣ-ਪੀਣ ਲਈ ਭੋਜਨ-ਪਾਣੀ ਦੇ ਭੋਗ ਲਗਉਂਦੇ ਹਨ? ਕੀ ਇਹ ਪਾਖੰਡ ਨਹੀਂ? ਜਦ ਕਿ ਸ਼ਬਦ ਗੁਰੂ ਤਾਂ ਕੁੱਝ ਖਾਂਦਾ-ਪੀਂਦਾ ਹੀ ਨਹੀਂ। ਗਰਮੀ ਤੋਂ ਰਾਹਤ ਪ੍ਰਾਪਤ ਕਰਨ ਲਈ ਪੱਖੇ ਦੀ ਸ਼ਬਦ ਗੁਰੂ ਨੂੰ ਕੋਈ ਲੋੜ ਨਹੀਂ, ਫਿਰ ਸੁਖ ਆਸਣ ਵਾਲੇ ਕਮਰੇ ਵਿੱਚ ਪੱਖੇ ਕਾਹਦੇ ਵਾਸਤੇ ਚਲਾਏ ਜਾਂਦੇ ਹਨ? ਕੀ ਕਾਗਜ਼ ਉੱਪਰ ਪ੍ਰਕਾਸ਼ਮਾਨ ਸ਼ਬਦ ਗੁਰੂ ਨੂੰ ਏ. ਸੀ. ਲਗਾ ਕੇ ਸਿੱਲ੍ਹਾ ਕਰਨ ਦੇ ਦੋਸ਼ੀ ਬਣਨਾ ਠੀਕ ਹੈ? ਦੇਹਧਾਰੀ ਇਸ਼ਨਾਨ ਕਰਦਾ ਹੈ ਜਾਂ ਕਰਵਾ ਦਿੱਤਾ ਜਾਂਦਾ ਹੈ, ਕੀ ਅਸੀਂ ਸ਼ਬਦ ਗੁਰੂ ਦਾ ਇਸ਼ਨਾਨ ਪਾਣੀ ਨਾਲ ਕਰਵਾ ਸਕਦੇ ਹਾਂ? ਦੇਹਧਾਰੀ ਨੂੰ ਮਲ ਤਿਆਗਣ ਲਈ ਟੋਇਲਿਟ ਜਾਂਣਾ ਪੈਂਦਾ ਹੈ ਜਦ ਕਿ ਸ਼ਬਦ ਗੁਰੂ ਤੇ ਇਹ ਕਿਰਿਆ ਲਾਗੂ ਨਹੀਂ ਹੁੰਦੀ। ਜਰਾ ਸੋਚੋ ਜੇ ਅਸੀਂ ਸ਼ਬਦ ਗੁਰੂ ਨੂੰ ਦੇਹਧਾਰੀ ਵਾਂਗ ਹੀ ਪੂਜਣਾ ਹੈ ਤਾਂ ਫਿਰ ਉਸ ਲਈ ਵੀ ਇੱਕ ਵੱਖਰਾ ਬਾਥਰੂਮ ਚਾਹੀਦਾ ਹੈ। ਜੇ ਸ਼ਬਦ ਗੁਰੂ ਨੂੰ ਸਰਦੀ-ਗਰਮੀ ਨਹੀਂ ਲਗਦੀ ਤਾਂ ਮੌਸਮ ਬਦਲਣ ਤੇ ਸ਼ਰਦ-ਗਰਮ ਰੁਮਾਲੇ ਕਿਉਂ ਚੜ੍ਹਾਏ ਜਾਂਦੇ ਹਨ? ਜਦ ਕਿ ਰੁਮਾਲੇ ਸਾਦੇ ਅਤੇ ਸੇਵਾ ਸੰਭਾਲ ਵਾਸਤੇ ਹੁੰਦੇ ਹਨ। ਕੀ ਅਸੀਂ ਇਸ ਤਰ੍ਹਾਂ ਕਰਕੇ ਸ਼ਬਦ ਗੁਰੂ ਨੂੰ ਮੰਦਰ ਵਿੱਚ ਰੱਖੀ ਪੱਥਰ ਦੀ ਬੇਜਾਨ ਮੂਰਤੀ ਵਾਂਗ ਨਹੀਂ ਪੂਜ ਰਹੇ? ਫਿਰ ਮੂਰਤੀ ਪੂਜਕਾਂ, ਦੇਹਧਾਰੀ ਗੁਰੂ ਪੂਜਕਾਂ ਅਤੇ ਸਾਡੇ ਸ਼ਬਦ ਪੂਜਕਾਂ ਵਿੱਚ ਕੀ ਫਰਕ ਹੈ? ਕੀ ਸਿੱਖ ਨੇ ਗੁਰੂ ਦੀ ਸਿਖਿਆ ਨੂੰ ਫਾਲੋ ਕਰਨਾਂ ਹੈ ਜਾਂ ਡੇਰੇਦਾਰ ਸਾਧਾਂ-ਸੰਤਾਂ ਦੀ ਆਪੂੰ ਬਣਾਈ ਤੇ ਪ੍ਰਚਾਰੀ ਜਾਂਦੀ ਬ੍ਰਾਹਮਣੀ ਮਰਯਾਦਾ ਨੂੰ? ਭਲਿਓ! ਸਾਡਾ ਸ਼ਬਦ ਗੁਰੂ ਤਾਂ ਸਰਬ ਨਿਵਾਸੀ ਹੈ-ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ॥ (784)

ਅੱਜ ਇੰਟ੍ਰਨੈੱਟ ਦੇ ਯੁੱਗ ਵਿੱਚ ਸ਼ਬਦ ਗੁਰੂ ਹਰ ਥਾਂ, ਹਰ ਵੇਲੇ, ਹਰ ਕੋਈ ਪੜ੍ਹ, ਵਿਚਾਰ ਅਤੇ ਧਾਰ ਸਕਦਾ ਹੈ ਫਿਰ ਡੇਰੇਦਾਰਾਂ ਵੱਲੋਂ ਪੁਰਾਤਨ ਅਤੇ ਬ੍ਰਾਹਮਣੀ ਰੰਗਤ ਵਿੱਚ ਰੰਗੇ, ਨਿਰਾਰਥਕ ਅਤੇ ਬੇਲੋੜੇ ਕਰਮਕਾਂਡਾਂ ਦੀ ਕੀ ਲੋੜ ਹੈ? ਅੱਜ ਕੌਮ ਵਿੱਚ ਭਰਾ ਮਾਰੂ ਜੰਗ ਦਾ ਕਾਰਣ ਬਹੁਤਾ ਇਹ ਵੱਖ ਵੱਖ ਆਪੂੰ ਬਣਾਏ ਕਰਮਕਾਂਡ ਹੀ ਹਨ। ਕੀ ਅਸੀਂ ਇਨ੍ਹਾਂ ਥੋਥੇ ਕਰਮਕਾਂਡਾਂ ਨੂੰ ਛੱਡ ਕੇ ਗੁਰਮਤਿ ਦੇ ਸਾਰਥਕ ਕਰਮ ਨਹੀਂ ਕਰ ਸਕਦੇ ਜੋ ਸਾਡੇ ਵਿੱਚ ਏਕਤਾ ਅਤੇ ਭਰਾਤ੍ਰੀਭਾਵ ਪੈਦਾ ਕਰਦੇ ਹਨ? ਜੇ ਕੋਈ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਾ ਹੈ ਤਾਂ ਅਸੀਂ ਅੱਗ ਬਲੂਲੇ ਕਿਉਂ ਹੋ ਜਾਂਦੇ ਹਾਂ? ਸਾਨੂੰ ਡੇਰੇਦਾਰਾਂ, ਸੰਪ੍ਰਦਾਈ ਗਿਆਨੀਆਂ ਅਤੇ ਕਥਾਕਾਰਾਂ ਦੀ ਹੀ ਗੱਲ ਚੰਗੀ ਕਿਉਂ ਲਗਦੀ ਹੈ? ਅੰਤ ਵਿੱਚ ਦਾਸ ਆਪ ਸਭ ਪਾਠਕਾਂ ਨੂੰ ਨਿਮਰਤਾ ਨਾਲ ਗੁਰੂ ਦੇ ਭਾਣੇ ਵਿੱਚ ਬੇਨਤੀ ਕਰਦਾ ਹੈ ਕਿ ਧਿਆਨ ਨਾਲ ਇਸ ਲੇਖ ਨੂੰ ਬਾਰ ਬਾਰ ਪੜ੍ਹਨਾ ਕਿ ਦੇਹਧਾਰੀ ਬਿਨਸਨਹਾਰ ਗੁਰੂ ਅਤੇ ਸਦੀਵ ਅਬਿਨਾਸ਼ੀ ਪੁਰਖ ਗੁਰੂ ਵਿੱਚ ਕਿਤਨਾ ਫਰਕ ਹੈ ਜਿਸ ਵੱਲ ਬਹੁਤੇ ਸਿੱਖਾਂ ਨੇ ਕਦੇ ਗੰਭੀਰਤਾ ਨਾਲ ਧਿਆਨ ਹੀ ਨਹੀਂ ਦਿੱਤਾ, ਬੇਧਿਆਨੇ ਹੀ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਨਾਲ ਦੇਹਧਾਰੀ ਕਿਰਿਆਵਾਂ ਕਰੀ ਜਾ ਰਹੇ ਹਨ ਜਿਨ੍ਹਾਂ ਦਾ ਸ਼ਬਦ ਗੁਰੂ ਨਾਲ ਕੋਈ ਸਬੰਧ ਨਹੀਂ ਹੈ। ਗੁਰਸਿਖੋ! ਬਚੋ ਅੰਧਵਿਸ਼ਵਾਸ਼ੀ ਸਾਧ ਟੋਲਿਆਂ ਤੋਂ ਜੋ ਸ਼ਬਦ ਦੀ ਥਾਂ ਬਿਨਸਨਹਾਰ ਦੇਹਾਂ ਦੀ ਪੂਜਾ ਕਰਵਾ ਰਹੇ ਹਨ। ਬੋਲੋ ਭਾਈ ਵਾਹਿਗੁਰੂ!
.