ੴ
ਸਤਿ ਗੁਰ ਪ੍ਰਸਾਦਿ
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਗੁਰਮਤ ਸੇਧ ਦਿੰਦੀ ਹੈ ਕਿ, ਕਰਤਾਰ
ਨੇ ਬੰਦੇ ਨੂੰ ਦੁਨੀਆਂ ਵਿੱਚ ਕੁੱਝ ਲਾਹਾ ਲੈਣ ਲਈ, ਕੁੱਝ ਖੱਟੀ ਖੱਟਣ ਲਈ ਭੇਜਿਆ ਹੈ, ਗੁਰਬਾਣੀ
ਫੁਰਮਾਨ ਹੈ,
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥
ਹੇ ਪ੍ਰਾਣੀ ਤੂੰ ਜਗਤ ਵਿੱਚ ਲਾਹਾ ਲੈਣ, ਲਾਭ ਖੱਟਣ ਆਇਆ ਹੈਂ। ਤੂੰ ਕਿਸ ਖੁਆਰੀ ਵਾਲੇ ਕੰਮ
ਵਿੱਚ ਰੁੱਝਾ ਹੋਇਆ ਹੈਂ? ਤੂੰ ਸੁਚੇਤ ਹੋ ਤੇਰੀ ਜ਼ਿੰਦਗੀ ਦੀ ਰਾਤ ਮੁਕਦੀ ਜਾ ਰਹੀ ਹੈ।
ਵਿਚਾਰਨਾ ਇਹ ਹੈ ਕਿ, ਬੰਦੇ ਨੇ, ਜਾਂ ਸਿੱਧੇ ਲਫਜ਼ਾਂ ਵਿਚ, ਅਸੀਂ, ਕੀ ਲਾਹਾ ਖੱਟਣਾ ਹੈ? ਹਰ ਸਿੱਖ
ਦੀ ਸੰਪੂਰਨ ਰਹਿਤ ਮਰਯਾਦਾ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਸਿੱਖ ਹੋਣ ਨਾਤੇ, ਸਾਨੂੰ
ਹਰ ਸੇਧ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਇਸ ਬਾਰੇ
ਪਹਿਲੇ ਹੀ ਅੰਗ ਤੇ ਸੇਧ ਦਿੰਦੇ ਹਨ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (੧)
ਗੁਰੂ ਸਾਹਿਬ ਸਵਾਲ ਖੜਾ ਕਰਦੇ ਹਨ ਕਿ ਉਹ ਕਿਹੜਾ ਲਾਭ ਹੈ, ਜਿਸ ਨੂੰ ਪਰਾਪਤ ਕਰਨ ਨਾਲ,
ਪ੍ਰਭੂ ਦੇ ਦਰ ਤੇ ਸਚਿਆਰਾ, ਸਹੀ ਖੱਟੀ ਖੱਟਣ ਵਾਲਾ, ਸਾਬਤ ਹੋ ਸਕੀਦਾ ਹੈ? ਇਸ ਖੱਟੀ ਖੱਟਣ ਦੇ ਰਾਹ
ਵਿੱਚ ਅੜਿਕਾ ਬਣੀ ਕੂੜ ਦੀ ਕੰਧ, ਕੂੜ ਦਾ ਪਰਦਾ, ਜੋ ਬੰਦੇ ਅਤੇ ਸਿਰਜਣਹਾਰ ਦੇ ਵਿੱਚ ਦੂਰੀ ਬਣਾ
ਰਿਹਾ ਹੈ, ਉਹ ਕਿਵੇਂ ਹਟ ਸਕਦਾ ਹੈ? ਜਿਸ ਨਾਲ ਬੰਦਾ ਪ੍ਰਭੂ ਦੇ ਸਨਮੁਖ ਹੋ ਕੇ, ਜੀਵਨ ਦਾ ਲਾਹਾ ਲੈ
ਸਕੇ।
ਦੂਸਰੀ ਪੰਗਤੀ ਵਿੱਚ ਇਸ ਦਾ ਜਵਾਬ ਦਿੱਤਾ ਹੈ ਕਿ, ਹੇ ਨਾਨਕ, ਇਸ ਦਾ ਇਕੋ ਇੱਕ ਢੰਗ, ਪ੍ਰਭੂ ਵਲੋਂ
ਸਰਿਸ਼ਟੀ ਨੂੰ ਸਹੀ ਢੰਗ ਨਾਲ ਚਲਦਾ ਰੱਖਣ ਦਾ ਵਿਧਾਨ, ਲਿਖਤ ਵਿੱਚ ਤੇਰੇ ਨਾਲ ਹੈ, ਅਤੇ ਉਹ ਹੈ ਕਿ
ਦੁਨੀਆਂ ਦੀ ਹਰ ਚੀਜ਼, ਹਰ ਜੀਵ ਨੇ, ਉਸ ਰਜ਼ਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਵਿੱਚ ਚਲਣਾ ਹੈ।
ਕਿੰਨੀ ਸਰਲ ਜਿਹੀ ਗੱਲ ਹੈ?
ਪਰ ਇਹ ਗੱਲ ਕਿਸੇ ਪੁਜਾਰੀ ਦੀ ਸਮਝ ਵਿੱਚ ਤਾਂ ਨਹੀਂ ਆ ਸਕਦੀ, ਕਿਉਂਕਿ ਇਹ ਮੰਨਣ ਨਾਲ ਉਸ ਦੀ ਅਪਣੀ
ਮਾਨਤਾ ਖਤਮ ਹੁੰਦੀ ਹੈ। ਉਸ ਨੂੰ ਰੋਜ਼ੀ-ਰੋਟੀ ਲਈ ਕਿਰਤ ਕਰਨੀ ਪਵੇਗੀ। ਉਸ ਦੀ ਐਸ਼ ਦੇ ਸਾਧਨ ਖਤਮ ਹੋ
ਜਾਣਗੇ। ਪਰ ਸਾਡੇ ਵਿਦਵਾਨਾਂ ਨੂੰ ਵੀ ਇਹ ਸਰਲ ਭਾਸ਼ਾ ਰਾਸ ਨਹੀਂ ਆਉਂਦੀ, ਕਿਉਂਕਿ ਇਵੇਂ ਅਰਥ ਕਰਨ
ਨਾਲ ਉਨ੍ਹਾਂ ਦੀ ਵਿਦਵਤਾ ਪ੍ਰਗਟ ਨਹੀਂ ਹੁੰਦੀ। ਉਨ੍ਹਾਂ ਨੇ ਵੀ ਗੁਰਬਾਣੀ ਨੂੰ ਏਨਾ ਉਲਝਾ ਦਿੱਤਾ
ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਇਸ ਦੀ ਹੀ ਪ੍ਰੋੜ੍ਹਤਾ ਸਰੂਪ ਲਿਖਿਆ,
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨)
ਸੱਚੀ ਸੰਗਤ ਕਿਸ ਨੂੰ ਕਿਹਾ ਜਾ ਸਕਦਾ ਹੈ?
ਉਸ ਸੰਗਤ ਨੂੰ ਹੀ ਸੱਚੀ ਸੰਗਤ ਕਿਹਾ ਜਾ ਸਕਦਾ ਹੈ, ਜਿਸ ਵਿੱਚ ਜੁੜ ਕੇ, ਇਕੋ ਨਾਮ ਦੀ ਹੀ ਚਰਚਾ
ਕੀਤੀ ਜਾਂਦੀ ਹੋਵੇ, ਇਕੋ ਨਾਮ ਦੀ ਹੀ ਵਿਚਾਰ ਕੀਤੀ ਜਾਂਦੀ ਹੋਵੇ। ਇਸ ਦੇ ਨਾਲ ਹੀ ਨਾਮ ਦੀ ਵਿਆਖਿਆ
ਕੀਤੀ ਹੇ ਕਿ, ਉਸ ਦਾ ਇਕੋ ਇੱਕ ਨਾਮ, ਉਸ ਦਾ ਹੁਕਮ, ਉਸ ਦੇ ਬਣਾਏ ਨਿਯਮ ਕਾਨੂਨ ਹੀ ਹਨ, ਜਿਨ੍ਹਾਂ
ਦੇ ਆਧਾਰ ਤੇ ਇਹ ਸਰਿਸ਼ਟੀ ਚੱਲ ਰਹੀ ਹੈ। ਇਹ ਗੱਲ ਮੈਨੂੰ ਸੱਚੇ ਗੁਰੂ, ਸ਼ਬਦ ਗੁਰੂ ਨੇ ਬੁਝਾਅ ਦਿੱਤੀ
ਹੈ, ਸਮਝਾ ਦਿੱਤੀ ਹੈ।
ਪਰ ਅਖੌਤੀ ਵਿਦਵਾਨਾਂ ਨੇ, ਅਪਣੀ ਵਿਦਵਤਾ ਵਿਖਾਉਂਦਿਆਂ, ਇਸ ਨੂੰ ਇਵੇਂ ਉਲਝਾ ਦਿੱਤਾ ਹੈ ਕਿ, ਉਸ
ਦਾ ਨਾਮ ਜਪਣਾ ਹੀ ਬੰਦੇ ਲਈ ਪਰਮਾਤਮਾ ਦਾ ਇਕੋ ਇੱਕ ਹੁਕਮ ਹੈ। ਪਰ ਪਰਮਾਤਮਾ ਦਾ ਉਹ ਨਾਮ ਕੀ ਹੈ,
ਜੋ ਬੰਦੇ ਨੇ ਜਪਣਾ ਹੈ?
ਇਸ ਵਿੱਚ ਹੀ ਦੁਨੀਆਂ ਉਲਝਾ ਕੇ ਰੱਖ ਦਿੱਤੀ ਹੈ। (ਚਲੋ ਦੁਨੀਆਂ ਵਿੱਚ ਉਸ ਦੇ ਬਹੁਤ ਸਾਰੇ ਨਾਮ
ਪ੍ਰਚਲਤ ਹਨ, ਉਨ੍ਹਾਂ ਵਿਚੋਂ ਜੋ ਤੁਹਾਨੂੰ ਪਸੰਦ ਹੋਵੇ, ਤੁਸੀਂ ਛਾਂਟ ਲਵੋ। ਜੇ ਨਹੀਂ ਪਸੰਦ ਤਾਂ
ਅਪਣੀ ਪਸੰਦ ਦਾ ਕੋਈ ਨਵਾਂ ਨਾਮ ਰੱਖ ਲਵੋ)
ਨਾਮ ਜਪਣਾ ਕਿਵੇਂ ਹੈ?
ਘਬਰਾਉ ਨਹੀਂ, ਪੁਜਾਰੀਆਂ ਵਲੋਂ ਨਾਮ ਜਪਣ ਦੀਆਂ ਬਹੁਤ ਸਾਰੀਆਂ ਵਿਧੀਆਂ ਪ੍ਰਚਲਤ ਹਨ, ਉਨ੍ਹਾਂ ਵਿੱਚ
ਗੁਰ ਇਕਬਾਲ ਸਿੰਘ ਵਰਗੇ ਹਜ਼ਾਰਾਂ ਹੋਰ, ਨਵੀਆਂ-ਨਵੀਆਂ ਵਿਧੀਆਂ ਦਾ ਰੋਜ਼ ਵਾਧਾ ਕਰ ਰਹੇ ਹਨ। ਉਨ੍ਹਾਂ
ਵਿਚੋਂ ਜੋ ਵਿਧੀ ਮਰਜ਼ੀ ਪਸੰਦ ਕਰੋ, ਅਤੇ ਉਸ ਅਨੁਸਾਰ ਕਰਮ ਕਾਂਡ ਕਰਨੇ ਸ਼ੁਰੂ ਕਰ ਦੇਵੋ, ਨਹੀਂ ਤਾਂ
ਢੋਲਕੀਆਂ-ਚਿਮਟੇ ਲਵੋ ਅਤੇ ਲਾਊਡ ਸਪੀਕਰ ਤੇ ਰੱਟਾ ਲਾਉਣਾ ਸ਼ੁਰੂ ਕਰ ਦੇਵੋ।
ਬਿਲਕੁਲ ਬੇ ਫਿਕਰ ਰਹੋ, ਕਬੀਰ ਜੀ ਦੁਬਾਰਾ ਜਨਮ ਨਹੀਂ ਲੈਣ ਵਾਲੇ, ਜੋ ਤੁਹਾਨੂੰ ਆ ਕੇ ਟੋਕਣਗੇ ਅਤੇ
ਕਹਿਣ ਗੇ,
ਕਬੀਰ ਮੁਲਾਂ (ਭਾਈ) ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ (ਸੰਘ ਪਾੜੇਂ) ਦਿਲ ਹੀ ਭਤਿਰਿ ਜੋਇ॥ (੧੩੭੪)
ਕਰਮ ਕਾਂਡ ਕਰਦੇ ਰਹੋ, ਰੱਟਾ ਲਾਉਂਦੇ ਰਹੋ। ਸਾਰੀ ਉਮਰ ਇਸ ਵਿੱਚ ਹੀ ਉਲਝੈ ਰਹੋ।
ਸਪੱਸ਼ਟ ਹੈ ਕਿ ਕਰਤਾਪੁਰਖ ਦੇ ਬਣਾਏ ਨਿਯਮਾਂ ਅਨੁਸਾਰ ਚਲਦੇ ਰਹੋ ਤਾਂ ਲਾਭ ਹੀ ਲਾਭ। ਜੇ ਨਾ ਚਲੋ
ਤਾਂ ਘਾਟਾ ਹੀ ਘਾਟਾ। ਅਸੀਂ ਸਰੀਰ ਬਾਰੇ ਤਾਂ ਇਹ ਨਿਯਮ ਸਮਝ ਲਿਆ ਹੈ ਕਿ, ਕੁਦਰਤ ਦੇ ਅਨਕੂਲ ਚਲੋ
ਤਾਂ, ਸਰੀਰ ਨਰੋਇਆ, ਨਹੀਂ ਚਲੋ ਤਾਂ ਸਰੀਰ ਰੋਗੀ। ਪਰ ਇਹ ਸਰਲ ਜਿਹੀ ਗੱਲ ਅਸੀਂ ਅਪਣੇ ਜੀਅ, ਅਪਣੇ
ਮਨ ਬਾਰੇ ਕਿਉਂ ਨਹੀਂ ਸਮਝਣਾ ਚਾਹੁੰਦੇ? ਸਿਰਫ ਇਸ ਲਈ ਕਿ ਪੁਜਾਰੀਆਂ ਦਾ ਬੁਣਿਆ ਜਾਲ, ਤੋੜਨ ਦੀ
ਇੱਛਾ ਸ਼ਕਤੀ ਸਾਡੇ ਵਿੱਚ ਨਹੀਂ ਹੈ।
ਇਹ ਇੱਛਾ ਸ਼ਕਤੀ ਸਾਡੇ ਵਿੱਚ ਕਿੱਥੋਂ ਆਵੇਗੀ?
ਇਹ ਇੱਛਾ ਸ਼ਕਤੀ ਸਾਡੇ ਵਿੱਚ ਗੁਰਬਾਣੀ ਵਿਚਾਰ ਨਾਲ ਹੀ ਪੈਦਾ ਹੋਵੇਗੀ। ਪਰ ਗੁਰਬਾਣੀ ਤਦ ਹੀ ਸਮਝ
ਆਵੇਗੀ, ਜੇ ਅਸੀਂ ਇਸ ਨੂੰ ਇਹ ਸਮਝ ਕੇ ਵਿਚਾਰੀਏ ਕਿ ਇਹ, ਦੁਨੀਆਂ ਦੀ ਸਭ ਤੋਂ ਸਰਲ ਭਾਸ਼ਾ ਵਿਚ,
ਯਾਨੀ ਸਾਡੀ ਮਾਂ-ਬੋਲੀ ਵਿੱਚ ਹੈ। ਜਦ ਅਸੀਂ ਬੇਕਾਰ ਦੀ ਵਿਦਵਤਾ ਦੇ ਚੱਕਰ ਵਿੱਚ ਪਵਾਂਗੇ ਕਿ, ਇਹ
ਲਫਜ਼ ਕਿਸ ਬੋਲੀ ਵਿਚੋਂ ਆਇਆ ਹੈ? ਉਸ ਬੋਲੀ ਵਿੱਚ ਇਸ ਦਾ ਰੂਪ ਕੀ ਸੀ? ਪੰਜਾਬੀ ਵਿੱਚ ਆਉਣ ਨਾਲ ਇਸ
ਦਾ ਰੂਪ ਕੀ ਬਣਿਆ? ਫਿਰ ਉਸ ਦਾ ਅਰਥ, ਮਾਂ-ਬੋਲੀ ਵਾਲਾ ਨਹੀਂ, ਬਲਕਿ ਸਾਡੀ ਖੋਜ ਮੁਤਾਬਕ, ਜਿਸ
ਬੋਲੀ ਵਿਚੋਂ ਉਹ ਆਇਆ ਹੋਵੇਗਾ ਉਸ ਅਨੁਸਾਰ ਹੀ ਕੀਤਾ ਜਾਵੇਗਾ, ਇਸ ਤਰ੍ਹਾਂ ਜ਼ਬਰਦਸਤੀ ਅਰਥ ਕੱਢਣ
ਨਾਲ ਕੁਰਾਹੇ ਪਿਆ ਜਾਵੇਗਾ।
ਮੈਂ ਇਹ ਮੰਨਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਾਨਵਤਾ ਲਈ ਹਨ। ਇਸ ਹਿਸਾਬ ਇਸ ਵਿੱਚ ਬਹੁਤ
ਸਾਰੀਆਂ ਬੋਲੀਆਂ ਦਾ ਸੁਮੇਲ ਹੈ, ਤਾਂ ਜੋ ਹਰ ਵਰਗ ਦਾ ਬੰਦਾ ਇਸ ਨੂੰ ਸੌਖਿਆਂ ਸਮਝ ਸਕੇ। ਪਰ ਜੇ
ਤੁਸੀਂ ਪੰਜਾਬੀ ਨੂੰ ਛੱਡ ਕੇ ਹੋਰ ਬੋਲੀਆਂ ਦੇ ਚੱਕਰ ਵਿੱਚ ਪਵੋਗੇ ਤਾਂ ਕਿੰਨੀਆਂ ਬੋਲੀਆਂ ਦਾ ਗਿਆਨ
ਹਾਸਲ ਕਰ ਲਵੋਗੇ? ਤੁਹਾਨੂੰ ਪੰਜਾਬੀ ਨਾਲੋਂ ਤੋੜਨ ਦਾ ਉਪ੍ਰਾਲਾ ਵੀ ਏਸੇ ਯੋਜਨਾ ਅਧੀਨ ਕੀਤਾ ਜਾ
ਰਿਹਾ ਹੈ। ਏਸੇ ਦਾ ਨਤੀਜਾ ਹੈ ਕਿ ਪੰਜਾਬੀ ਦੇ ਜੋ ਅੱਖਰ ਕੱਲ ਤੱਕ ਆਮ ਪ੍ਰਚਲਤ ਸਨ, ਅੱਜ ਉਹ ਨਵੀਂ
ਪੀੜ੍ਹੀ ਦੀ ਪਹੁੰਚ ਤੋਂ ਦੂਰ ਹਨ। ਇਵੇਂ ਹੀ ਪੰਜਾਬੀ ਦੇ, ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਲਫਜ਼
ਹੌਲੀ ਹੌਲੀ ਸਾਡੀ ਸਮਝ ਤੋਂ ਦੂਰ ਹੁੰਦੇ ਜਾ ਰਹੇ ਹਨ।
ਹੁਣ ਗੱਲ ਤਾਂ ਏਨੀ ਸਾਰੀ ਹੀ ਹੈ ਕਿ,
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (੫੨੨)
ਹੇ ਭਾਈ ਤੂੰ ਉਦਮ ਕਰਦਿਆਂ ਅਪਣੀ ਜ਼ਿੰਦਗੀ ਬਤੀਤ ਕਰ। ਇਸ ਨਾਲ ਤੇਰਾ ਸਰੀਰ ਰੋਗ ਰਹਿਤ
ਰਹੇਗਾ। ਇਸ ਉਦਮ ਆਸਰੇ ਤੂੰ ਜੋ ਕਮਾਈ ਕਰੇਂਗਾ, ਉਸ ਨਾਲ ਦੁਨੀਆਂ ਦੇ ਸੁਖ ਮਾਣ। ਹੇ ਨਾਨਕ, ਤੂੰ
ਪ੍ਰਭੂ ਨੂੰ ਧਿਆਉਂਦਿਆਂ, ਪ੍ਰਭੂ ਨੂੰ ਯਾਦ ਕਰਦਿਆਂ, ਪ੍ਰਭੂ ਨੂੰ ਪਿਆਰ ਕਰਦਿਆਂ, ਉਸ ਨਾਲ ਇੱਕ ਮਿਕ
ਹੋ, ਇਵੇਂ ਜੀਵਨ ਦੇ ਸਾਰੇ ਮਨੋਰਥ ਪੂਰੇ ਹੁੰਦੇ ਹਨ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ।
ਕੀ ਇੱਕ ਆਮ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਏਨਾ ਸਮਝ ਲੈਣਾ ਹੀ ਕਾਫੀ ਨਹੀਂ ਹੈ? ਜੇ
ਬੰਦਾ ਅਪਣੇ ਮਨ ਦੀਆਂ ਚੁਸਤੀਆਂ ਨੂੰ, ਲਾਂਭੇ ਰੱਖ ਕੇ, ਏਨਾ ਹੀ ਸਮਝ ਲਵੇ ਤਾਂ ਉਸ ਦੇ ਜੀਵਨ ਵਿੱਚ
ਕੀ ਘਾਟ ਰਹਿ ਜਾਂਦੀ ਹੈ? ਕੀ ਕੋਈ ਬੰਦਾ ਮੈਨੂੰ ਸਮਝਾ ਸਕਦਾ ਹੈ? ਏਨੀ ਸਰਲ ਜਿਹੀ ਗੱਲ ਸਮਝ ਕੇ ਕੋਈ
ਸੁਖੀ ਕਿਉਂ ਨਹੀਂ ਹੋਣਾ ਚਾਹੁੰਦਾ? ਸਪੱਸ਼ਟ ਹੈ ਕਿ ਦੁਨੀਆ ਵਿੱਚ ਵਿਚਰਦਿਆਂ, ਬੰਦਾ ਅਪਣੀ ਅਕਲ ਦੇ
ਆਧਾਰ ਤੇ, ਅਜਿਹੀਆਂ ਘਾੜਤਾਂ ਘੜਨਾ ਚਾਹੁੰਦਾ ਹੈ, ਜਿਸ ਨਾਲ ਉਹ ਦੁਨੀਆਂ ਤੋਂ ਕੁੱਝ ਉੱਚਾ ਹੋ ਕੇ
ਚਲ ਸਕੇ। ਇਸ ਚਾਹ ਆਸਰੇ ਉਸ ਵਿੱਚ ਸੂਖਮ ਜਿਹੀ ਹਉਮੈ ਦਾ ਪੌਦਾ ਪੁੰਗਰਦਾ ਹੈ। ਜਿਸ ਆਸਰੇ ਉਹ ਉਸ
ਦੌੜ ਵਿੱਚ ਸ਼ਾਮਲ ਹੋ ਜਾਂਦਾ ਹੈ, ਜਿਸ ਦਾ ਕੋਈ ਅੰਤ ਨਹੀਂ ਹੈ।
ਵੇਲਾ ਹੈ, ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ ਤੇ ਚੱਲਣ ਦਾ, ਤੁਸੀਂ ਕੋਈ ਠੇਕਾ ਨਹੀਂ ਲਿਆ,
ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਦਾ, ਜੋ ਨਾਲ ਚਲਦਾ ਹੈ ਉਸ ਨੂੰ ਨਾਲ ਲਵੋ, ਜੋ ਨਹੀਂ ਚਲਣਾ
ਚਾਹੁੰਦਾ ਉਸ ਨੂੰ ਛੱਡ ਦਿਉ। ਕਿਤੇ ਉਸ ਨੂੰ ਬਚਾਉਂਦੇ ਬਚਾਉਂਦੇ ਆਪ ਹੀ ਨਾ ਡੁੱਬ ਜਾਇਉ।
ਮੈਂ ਨਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦਾ ਹਾਂ, ਇਹੀ ਮੇਰਾ ਨਿੱਤ-ਨੇਮ ਹੈ। ਇਹ
ਨਿੱਤ-ਨੇਮ, ਇੱਕ ਤੁਕ ਤੱਕ ਵੀ ਸੀਮਤ ਹੋ ਸਕਦਾ ਹੈ, ਇੱਕ ਦੋ ਬਾਣੀਆਂ ਤੋਂ ਵਾਧੂ ਵੀ ਹੋ ਸਕਦਾ ਹੈ।
ਮੈਂ ੭੦ ਸਾਲ ਦੀ ਉਮਰ ਵਿੱਚ ਵੀ ਉਦਮ ਕਰਦਾ ਹਾਂ, ਤਾਂ ਜੋ ਮੇਰੀ ਸਿਹਤ ਠੀਕ ਰਹੇ। ਕੋਸ਼ਿਸ਼ ਕਰਦਾ ਹਾਂ
ਕਿ ਅਪਣਾ ਖਰਚਾ, ਅਪਣੇ ਕੰਪਿਊਟਰ ਦਾ ਖਰਚਾ, ਅਪਣੇ ਇੰਟਰਨੈਟ ਦਾ ਖਰਚਾ, ਅਪਣੇ ਮੋਬਾਇਲ ਦਾ ਖਰਚਾ,
ਅਪਣੀ ਦਵਾਈ ਦਾ ਖਰਚਾ, ਆਪ ਹੀ ਪੂਰਾ ਕਰਾਂ।
ਮੈਂ ਸਧਾਰਨ ਪਾਠ ਜਾਂ ਅਖੰਡ ਪਾਠ ਦੇ ਚੱਕਰ ਵਿੱਚ ਨਹੀਂ ਪੈਂਦਾ, ਇਸ ਨਾਲ ਮੈਂ ਰਾਗ ਮਾਲਾ ਪੜ੍ਹਨ
ਜਾਂ ਨਾ ਪੜ੍ਹਨ ਦੇ ਝਮੇਲੇ ਤੋਂ ਬਚਿਆ ਹੋਇਆ ਹਾਂ। ਮੈਂ ਗੁਰਦਵਾਰੇ ਵੀ ਨਹੀਂ ਜਾਂਦਾ (ਕਈਆਂ ਨੂੰ
ਮੇਰੀ ਇਹ ਗੱਲ ਜ਼ਰੂਰ ਬੁਰੀ ਲੱਗੇ ਗੀ) ਜੇ ਮੈਨੂੰ ਕੋਈ ਇਹ ਤਸੱਲੀ ਦੇ ਦੇਵੇ ਕਿ ਗੁਰਦਵਾਰੇ ਗਿਆਂ
ਮੈਨੁੰ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ, ਕੱਚੀਆਂ ਬਾਣੀਆਂ ਨਹੀਂ ਪੜ੍ਹਨੀਆਂ ਪੈਣ ਗੀਆਂ।
ਮੈਨੂੰ ਕੀਰਤਨ ਦੇ ਨਾਮ ਤੇ, ਭਰਮ ਗਰੰਥ ਦੀਆਂ (ਅਖੌਤੀ) ਬਾਣੀਆਂ ਨਹੀਂ ਸੁਣਨੀਆਂ ਪੈਣਗੀਆਂ। ਮੈਨੂੰ
ਕਥਾ ਦੇ ਨਾਮ ਤੇ ਮਿਥਿਹਾਸ ਦੀਆਂ ਕਹਾਣੀਆਂ ਨਹੀਂ ਸੁਣਨੀਆਂ ਪੈਣਗੀਆਂ। ਮੈਨੂੰ ਕਈ ਕਈ ਵਾਰੀ ਭਗਉਤੀ
ਨੂੰ ਸਿਮਰਨਾ ਨਹੀਂ ਪਵੇਗਾ। ਗੁਰਦਵਾਰੇ ਦੇ ਜਿਯਮਾਂ ਦੀ ਆੜ ਵਿਚ, ਕਰਮ-ਕਾਂਡ ਨਹੀਂ ਕਰਨੇ ਪੈਣਗੇ।
ਤਾਂ ਮੈਨੂੰ ਗੁਰਦਵਾਰੇ ਜਾਣ ਵਿੱਚ ਖੁਸ਼ੀ ਹੋਵੇਗੀ। ਕਿਉਂਕਿ ਉਹ ਮੈਨੂੰ ਅਪਣੇ ਗੁਰੂ ਦਾ ਦਵਾਰਾ
ਜਾਪੇਗਾ।
ਗੁਰਦਵਾਰਾ ਪ੍ਰਬੰਧ ਨਾਲ ਜੁੜਿਆ ੨੦, ੨੨, ਸਾਲ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਗੁਰਦਵਾਰੇ ਦੇ
ਪ੍ਰਬੰਧ ਵਿੱਚ ਸੁਧਾਰ ਹੋਵੇ, ਪਰ ਜਦ ਕੋਈ ਸੁਧਾਰ ਹੁੰਦਾ ਨਾ ਦਿਸਿਆ, ਅਤੇ ਇਹ ਜਾਪਿਆ ਕਿ ਗੁਰਦਵਾਰੇ
ਜਾਣਾ ਹੈ ਤਾਂ ਇਹ ਸਾਰਾ ਕੁੱਝ ਕਰਨਾ ਹੀ ਪਵੇਗਾ, ਤਾਂ ਮਨ ਨੇ ਕਿਹਾ ਕਿ ਇਹ ਤੇਰੇ ਗੁਰੂ ਦਾ ਦਵਾਰਾ
ਨਹੀਂ ਹੈ, ਇਹ ਸਿੱਖੀ ਤੋਂ ਥਿੜਕੇ ਚੌਧਰੀਆਂ ਦੀ ਚੌਧਰ ਦਾ ਅੱਡਾ ਹੈ। ਤਾਂ ਇਹ ਫੈਸਲਾ ਕੀਤਾ ਕਿ
ਗੁਰਦਵਾਰੇ ਜਾ ਕੇ ਮਨ ਦੁਖੀ ਕਰਨ ਨਾਲੋਂ ਤਾਂ ਚੰਗਾ ਹੈ ਕਿ ਗੁਰਦਵਾਰੇ ਜਾਇਆ ਹੀ ਨਾ ਜਾਵੇ। ਘਰ
ਵਿੱਚ ਗੁਰੂ ਹੈ, ਮਨ ਵਿੱਚ ਪ੍ਰਭੂ ਹੈ, ਜਿੰਨੀ ਮਰਜ਼ੀ ਵਿਚਾਰ ਕਰ ਲਿਆ ਕਰ, ਕੀਤਾ ਵਿਚਾਰ ਗੁਰਸਿੱਖਾਂ
ਨਾਲ ਸਾਂਝਾ ਕਰ ਲਿਆ ਕਰ। ਤਦ ਤੋਂ ਹੁਣ ਮਨ ਨਹੀਂ ਭਟਕਦਾ। ਸ਼ਬਦ ਗੁਰੂ ਦੀ ਵਿਚਾਰ ਕਰਦਾ ਹੈ, ਰਜ਼ਾ ਦੇ
ਮਾਲਕ ਦੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਸੋਚਦਾ ਹਾਂ ਕਿ ਜੇ ਸਾਰੇ ਇਵੇਂ ਹੀ ਕਰਨ,
ਤਾਂ ਬਾਬਾ ਨਾਨਕ ਜੀ ਦੇ ਸਿਧਾਂਤ ਦਾ ਕੀ ਹੋਵੇਗਾ?
ਇਸ ਲਈ ਇਹੀ ਚੰਗਾ ਹੈ ਕਿ, ਇਨ੍ਹਾਂ ਗੁਰਦਵਾਰਾ ਰੂਪੀ, ਚਿੱਟੇ ਪੱਥਰ ਦੀਆਂ, ਗੁਰਮਤ ਸਿਧਾਂਤ ਦੀਆਂ
ਕਬਰਾਂ ਤੋਂ ਜਾਨ ਛੁਡਾ ਕੇ, ਘਰੇਲੂ ਖਾਨਾ ਜੰਗੀ ਤੋਂ ਬਚਦੇ ਹੋਏ, ਉਨ੍ਹਾਂ ਕੱਚੇ ਗੁਰਦਵਾਰਿਆਂ ਦੀ
ਹੀ ਸਿਰਜਣਾ ਕੀਤੀ ਜਾਵੇ, ਜਿਨ੍ਹਾਂ ਵਿਚੋਂ ਪੱਕੇ ਸਿੱਖ ਪੈਦਾ ਕੀਤੇ ਜਾ ਸਕਣ। ਜਿਨ੍ਹਾਂ ਵਿੱਚ ਬਾਬਾ
ਨਾਨਕ ਜੀ ਦੇ ਸਿਧਾਂਤ ਦਾ ਬੋਲ-ਬਾਲਾ ਹੋਵੇ।
ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਵੀਰ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ। ਉਹ ਇਹੀ ਕਹਿਣਗੇ
ਕਿ ਸਾਨੂੰ ਗੁਰਦਵਾਰਿਆਂ ਦਾ ਪ੍ਰਬੰਧ ਸੰਭਾਲਣ ਲਈ ਉਪ੍ਰਾਲਾ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਦੀ ਇਸ
ਗੱਲ ਵਿੱਚ ਵੀ ਵਜ਼ਨ ਵੇਖਦਾ ਹਾਂ, ਪਰ ਮੈ ਗੁਰਦਵਾਰਿਆਂ ਦੇ ਅੰਦਰਲੇ ਹਾਲਾਤ ਚੰਗੀ ਤਰ੍ਹਾਂ ਸਮਝਦਾ
ਹਾਂ। ਮੇਰੀ ਇਹ ਵੀ ਸੋਚ ਹੈ ਕਿ, ਗੁਰਦਵਾਰਿਆਂ ਤੇ ਕਾਬਜ਼ ਲੋਕ, ਜਿਨ੍ਹਾਂ ਦੇ ਮੂੰਹ ਨੂੰ ਸਿੱਖਾਂ ਦੀ
ਦਸਵੰਧ ਦਾ ਖੂਨ ਲੱਗ ਚੁੱਕਾ ਹੈ, ਉਹ ਨਹਿਰੂ ਦੀ ਸੋਚ ਮੁਤਾਬਕ ਪੰਥ ਵਿੱਚ ਖਾਨਾਜੰਗੀ ਤਾਂ ਬਰਦਾਸ਼ਤ
ਕਰ ਲੈਣਗੇ, ਪਰ ਗੁਰਦਵਾਰਿਆਂ ਤੋਂ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੋਣਗੇ। ਉਨ੍ਹਾਂ ਕੋਲ ਸਿਆਸੀ ਤਾਕਤ,
ਰੁਪਏ-ਪੈਸੇ ਦੀ ਤਾਕਤ, ਗੁੰਡਿਆਂ ਦੀਆਂ ਧਾੜਾਂ ਦੀ ਤਾਕਤ ਹੈ। ਗੋਬਲਜ਼ ਵਾਲੇ ਕੂੜ ਪਰਚਾਰ ਦੀ ਤਾਕਤ
ਹੈ।
ਪੰਥ ਦਾ ਭਲਾ ਚਾਹੁਣ ਵਾਲਿਆਂ ਕੋਲ ਕੀ ਹੈ? ਹੋਰ ਤਾਂ ਕੀ ਹੋਣਾ ਹੈ, ਆਪਸੀ ਵਿਚਾਰ ਸਾਂਝ ਵੀ ਨਹੀਂ
ਹੈ। ਇਕੱਠੇ ਮਿਲ ਬੈਠ ਕੇ, ਕਿਸੇ ਇੱਕ ਨੁਕਤੇ ਤੇ ਸਹਿਮਤ ਹੋਣ ਲਈ ਵੀ ਰਾਜ਼ੀ ਨਹੀਂ ਹਨ। ਪਿਛਲੇ
ਦਿਨੀਂ ਵਾਪਰੀਆਂ ਦੋ ਘਟਨਾਵਾਂ, ਪੰਥ ਦਰਦੀਆਂ ਨੂੰ ਅਪਣੀ ਹਾਲਤ ਸਮਝਾਉਣ ਲਈ ਕਾਫੀ ਹਨ।
੧, ਨਵੇਂ ਬਣੇ, ਸ਼ਰੋਮਣੀ ਅਕਾਲੀ ਦਲ, ਯੂ, ਕੇ, ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਸਥਾਪਤ
ਕੀਤੇ, ਅਸਲੀ ਸਿੱਖ ਰਾਜ ਦੀ ਸ਼ਤਾਬਦੀ ਗੁਰਦਵਾਰੇ ਵਿੱਚ ਮਨਾਉਣ ਲਈ, ਗੁਰਦਵਾਰਾ ਪ੍ਰਬੰਧਕਾਂ ਕੋਲੋਂ
ਇਜਾਜ਼ਤ ਮੰਗੀ, ਤਾਂ ਪ੍ਰਬੰਧਕਾਂ ਨੇ ਲਿਖਵਾ ਲਿਆ ਕਿ ਯੂ, ਕੇ, ਅਕਾਲੀ ਦਲ ਵਾਲੇ, ਨਾ ਤਾਂ ਬਾਦਲ
ਵਿਰੁੱਧ ਕੁੱਝ ਬੋਲਣਗੇ ਅਤੇ ਨਾ ਹੀ ਸਪੋਕਸਮੈਨ ਦੇ ਹੱਕ ਵਿੱਚ ਕੁੱਝ ਬਲਣਗੇ।
੨, ਪੰਜਾਬੀ ਦੀ ਇੱਕ ਕਹਾਵਤ ਹੈ ਕਿ, ਉਹ ਤਾਂ ਫਿਰੇ ਨੱਥ ਘੜਾਉਣ ਲਈ ਅਤੇ ਉਹ ਫਿਰੇ ਨੱਕ ਵਢਾਉਣ ਲਈ।
ਪੰਥ ਦਰਦੀ ਤਾਂ ਫਿਰਦੇ ਹਨ ਕਿ ਅਸੀਂ ਪੰਥ ਦਾ ਨੱਕ-ਨਮੂਜ ਸਵਾਰਨਾ ਹੈ, ਗੁਰਦਵਾਰਿਆਂ ਵਿਚੋਂ ਮਨਮੱਤ
ਬਾਹਰ ਕੱਢਣੀ ਹੈ, ਪਰ ਅਖੌਤੀ ਸ਼ਰੋਮਣੀ ਕਮੇਟੀ, ਅਖੌਤੀ ਅਕਾਲੀ ਦਲ, ਸੰਤ ਯੂਨੀਅਨ, ਅਖੌਤੀ ਤਖਤਾਂ ਦੇ
ਅਖੌਤੀ ਜਥੇਦਾਰ, ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਪੂਰੀ ਤਾਕਤ ਨਾਲ, ਪੰਥ ਨੂੰ ਹੀ, ਬ੍ਰਾਹਮਣੀ
ਖਾਰੇ ਸਮੁੰਦਰ ਵਿੱਚ ਡੋਬਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦਰਬਾਰ ਸਾਹਿਬ ਵਿਚੋਂ ਹੀ ਗੰਦ
ਭਰਪੂਰ ਭਰਮ ਗ੍ਰੰਥ ਦਾ ਪਰਚਾਰ ਕਰਨ ਦਾ ਬੋਰਡ ਲਾਕੇ, ਪੰਥ ਪਰੱਸਤਾਂ ਨੂੰ ਖੁੱਲੀ ਵੰਗਾਰ ਪਾ ਦਿੱਤੀ
ਹੈ।
ਇਸ ਦਾ ਮਤਲਬ ਸਮਝਣ ਦੀ ਲੋੜ ਹੈ? ਜੇ ਕਿਸੇ ਦੀ ਸਮਝ ਵਿੱਚ ਨਾ ਆਵੇ ਤਾਂ, ਉਹ ਸਮਝ ਲਵੇ ਕਿ, ਕੋਸ਼ਿਸ਼
ਕੀਤੀ ਜਾ ਰਹੀ ਹੈ ਕਿ, ਸਿੱਖ ਨੌਜਵਾਨ ਇਨ੍ਹਾਂ ਕਾਰਿਆਂ ਤੋਂ ਭੜਕਣ, ਤਾਂ ਜੋ ਖਾੜਕੂਵਾਦ ਦਾ ਬਹਾਨਾ
ਬਣਾ ਕੇ ਸਿੱਖਾਂ ਨਾਲ ਚੌਰਾਸੀ ਵਰਗਾ ਇੱਕ ਕਾਂਡ ਹੋਰ ਵਰਤਾ ਦਿੱਤਾ ਜਾਵੇ। ਏਸੇ ਦਾ ਹੀ ਇੱਕ ਢੰਗ
ਹੈ, ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਟਿਕਰਾਂ ਤੇ ਪਾਬੰਦੀ ਲਾਉਣੀ, ਤਾਂ ਜੋ ਪੰਜਾਬ ਵਿੱਚ ਵੱਧ ਤੋਂ
ਵੱਧ ਜਰਨੈਲ ਸਿੰਘ ਦੇ ਸਟਿਕਰ ਲੱਗਣ।
ਉਸ ਦੇ ਮੁਕਾਬਲੇ ਤੇ ਹਿੰਦੂ ਸੰਗਠਨਾਂ ਵਲੋਂ ਜਨਰਲ ਵੈਦਿਆ ਦੇ ਸਟਿਕਰਾਂ ਨੂੰ ਪ੍ਰਚਲਤ ਕਰਨ ਦਾ ਜ਼ੋਰ
ਲੱਗ ਰਿਹਾ ਹੈ। ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਦੁਨੀਆਂ ਦੇ ਦੂਸਰੇ ਮੁਲਕ ਸਮਝਣ ਕਿ, ਸਿੱਖ
ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰ ਧਾਰਾ (ਖਾੜਕੂਵਾਦ, ਆਤੰਕਵਾਦ) ਦੇ ਹਾਮੀ ਹਨ, ਅਤੇ ਹਿੰਦੂ
ਜਨਰਲ ਵੈਦਿਆ ਦੀ ਵਿਚਾਰ ਧਾਰਾ, (ਦੇਸ਼ ਭਗਤੀ) ਦੇ ਹਾਮੀ ਹਨ। ਇਹ ਕਾਰਾ, ਡਾ. ਮਨਮੋਹਨ ਸਿੰਘ ਦੇ
ਪਰਧਾਨ ਮੰਤ੍ਰੀ ਹੁੰਦਿਆਂ ਹੀ ਕਰ ਲੈਣਾ, ਆਰ. ਐਸ. ਐਸ. ਲਾਬੀ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ।
ਖੈਰ ਗੱਲ ਤਾਂ ਏਨੀ ਸਾਰੀ ਹੀ ਹੈ ਕਿ ਪੰਥ ਪਰੱਸਤ ਜਥੇਬੰਦੀਆਂ, ਸਿੱਖ ਨੌਜਵਾਨਾਂ ਨੂੰ, ਇਸ ਧੁਖਦੀ
ਅੱਗ ਤੋਂ ਦੂਰ ਰਖਦਿਆਂ, ਜੋ ਵੀ ਕਰ ਲੈਣ, ਉਸ ਨੂੰ ਇਤਿਹਾਸ ਗਲਤ ਨਹੀਂ ਆਖੇਗਾ। ਦੂਸਰੀ ਹਾਲਤ ਵਿੱਚ
ਇਤਿਹਾਸ, ਸਿੱਖੀ ਦੇ ਖਾਤਮੇ ਲਈ, ਸਿੱਖਾਂ ਨੂੰ ਹੀ ਕਸੂਰਵਾਰ ਠਹਿਰਾਵੇਗਾ।
ਤੁਸੀਂ ਇਸ ਦੁਨੀਆਂ ਵਿੱਚ ਲਾਹਾ ਲੈਣ ਆਏ ਹੋ, ਅਪਣਾ ਨੁਕਸਾਨ ਕਰਵਾਉਣ ਨਹੀਂ। ਤੁਹਾਡਾ ਗੁਰੂ,
ਤੁਹਾਨੂੰ ਜਿਸ ਤਰ੍ਹਾਂ ਦੇ ਲਾਹੇ ਦੀ ਗੱਲ ਸਮਝਾਉਂਦਾ ਹੈ, ਤੁਸੀਂ ਉਹੀ ਕਰਮ ਕਰੋ।
ਅਮਰ ਜੀਤ ਸਿਂਘ ਚੰਦੀ
ਫੋਨ: ੯੧ ੯੭੫੬੨ ੬੪੬੨੧.