.

ਗੁਰਬਾਣੀ ਦਾ ਸੱਚ (ਚਾਰ ਖਾਣੀਆਂ)

‘ਖਾਣੀ’ ਸ਼ਬਦ ਦਾ ਅਰਥ ਹੈ ਭੇਦ, ਪ੍ਰਕਾਰ। ਜੀਵਾਂ ਦੀ ਪੈਦਾਇਸ਼ ਦੀ ਮੁੱਖ ਵੰਡ। ਪ੍ਰਾਚੀਨ ਭਾਰਤ ਦੇ ਵਿਦਵਾਨਾਂ ਨੇ ਸਮੂਹ ਪ੍ਰਾਣੀਆਂ ਨੂੰ ਚੌਹਾਂ ਭਾਗਾਂ ਵਿੱਚ ਵੰਡਿਆ ਹੈ: ਅੰਡਜ: ਅੰਡਿਆਂ ਤੋਂ ਪੈਦਾ ਹੋਣਾ ਵਾਲੇ ਪੰਛੀ ਆਦਿਕ; ਜੇਰਜ: ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ, ਪਸ਼ੂ ਆਦਿ; ਸੇਤਜ: ਪਸੀਨੇ ਜਾਂ ਗਰਮੀ ਵਿਚੋਂ ਪੈਦਾ ਹੋਣ ਵਾਲੇ ਜੂੰਆਂ ਆਦਿ ਅਤੇ ਉਤਭੁਜ: ਧਰਤੀ ਦੀ ਉਤਲੀ ਤਹਿ ਨੂੰ ਭੰਨ ਕੇ ਫੁਟਣ ਵਾਲੇ ਬਿਰਛ, ਬੇਲਾਂ ਆਦਿ।
ਬਾਣੀਕਾਰਾਂ ਵਲੋਂ ਜਿਸ ਤਰ੍ਹਾਂ ਗੁਰਮਤਿ ਦਾ ਸੱਚ ਦ੍ਰਿੜ ਕਰਾਉਣ ਲਈ ਕਈ ਥਾਂਈਂ ਅਨਮਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੋਈ ਹੈ, ਉਸੇ ਤਰ੍ਹਾਂ ਜੀਵਾਂ ਦੀ ਉਤਪਤੀ ਦੇ ਪ੍ਰਸੰਗ ਵਿੱਚ `ਚਾਰ ਖਾਣੀਆਂ’ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਬਾਣੀਕਾਰਾਂ ਨੇ ਜਿਸ ਤਰ੍ਹਾਂ ਅਨਮਤੀ ਸ਼ਬਦਾਵਲੀ ਨੂੰ ਪ੍ਰਚਲਤ ਭਾਵਾਰਥ ਵਿੱਚ ਵਰਤਣ ਦੀ ਥਾਂ ਉਨ੍ਹਾਂ ਵਿੱਚ ਨਵੀਂ ਰੂਹ ਫੂਕ ਕੇ ਵਰਤੋਂ ਕੀਤੀ ਹੈ, ਉਸੇ ਤਰ੍ਹਾਂ `ਚਾਰ ਖਾਣੀਆਂ’ ਸ਼ਬਦ ਨੂੰ ਵੀ ਬਾਣੀਕਾਰਾਂ ਨੇ ਚਾਰ ਤੀਕ ਹੀ ਸੀਮਤ ਨਹੀਂ ਰੱਖਿਆ, ਇਸ ਨੂੰ ਬੇਅੰਤ ਦੇ ਭਾਵਾਰਥ ਦੇ ਪ੍ਰਤੀਕ ਵਜੋਂ ਹੀ ਵਰਤਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲ ਪੁਰਖ ਦੀ ਇਸ ਬਹੁਰੰਗੀ ਰਚਨਾ ਦੀ ਕਿਸੇ ਵੀ ਵਸਤੂ ਨੂੰ ਕਿਸੇ ਗਿਣਤੀ-ਮਿਣਤੀ ਜਾਂ ਸੀਮਾ ਵਿੱਚ ਦਰਸਾਇਆ ਹੈ। ਜਿੱਥੇ ਕਿੱਥੇ ਵੀ ਇਸ ਸਬੰਧ ਚਰਚਾ ਕੀਤੀ ਹੈ, ਉੱਥੇ ਹੀ ਅਗਿਣਤ, ਅਮਿਣਵਾਂ ਅਤੇ ਅਸੀਮ ਸ਼ਬਦ ਹੀ ਵਰਤਿਆ ਹੈ। ਗੁਰਬਾਣੀ ਵਿੱਚ ਸਵੈ-ਵਿਰੋਧ ਨਹੀਂ ਹੈ। ਗੁਰਬਾਣੀ ਦਾ ਸੱਚ ਸ਼ੁਰੂ ਤੋਂ ਅੰਤ ਤਕ (ੴਤੋਂ ਲੈ ਕੇ ਤੇਰਾ ਕੀਤਾ ਜਾਤੋ ਨਾਹੀ. . ਦੇ ਸ਼ਲੋਕ ਤੱਕ) ਇੱਕ ਹੀ ਹੈ। ਜੇਕਰ ਗੁਰਬਾਣੀ ਦੇ ਭਾਵਾਰਥ ਨੂੰ ਸਮਝਣ ਲਈ, ਗੁਰਬਾਣੀ ਦੇ ਸਮੁੱਚੇ ਸਿਧਾਂਤ ਨੂੰ ਸਾਹਮਣੇ ਨਹੀਂ ਰੱਖਾਂਗੇ ਤਾਂ ਟਪਣਾ ਲੱਗ ਜਾਣਾ ਸੁਭਾਵਿਕ ਹੈ। ਇਸ ਲਈ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਸਮੁੱਚੀ ਬਾਣੀ ਨੂੰ ਇਕਾਈ ਦੇ ਰੂਪ ਵਿੱਚ ਦੇਖਣਾ ਜ਼ਰੂਰੀ ਹੈ।
ਜੇਕਰ ਬਾਣੀਕਾਰਾਂ ਅਨੁਸਾਰ ਵੀ ਉਤਪਤੀ ਦੇ ਚਾਰ ਹੀ ਵਸੀਲੇ ਹੁੰਦੇ ਤਾਂ ਉਨ੍ਹਾਂ ਨੇ ਕਦੀ ਵੀ ਪ੍ਰਭੂ ਦੇ ਪਸਾਰੇ ਨੂੰ ਅਨੰਤ ਨਹੀਂ ਸੀ ਕਹਿਣਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ `ਚਾਰ ਖਾਣੀਆਂ’ ਸ਼ਬਦ ਆਇਆ ਹੈ: ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ॥ (ਪੰਨਾ 423) ਅਰਥ: ਹੇ ਪ੍ਰਭੂ! ਇਸ ਜਗਤ ਵਿੱਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ। (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।
ਉੱਥੇ ਇਹ ਫ਼ਰਮਾਨ ਵੀ ਦਰਜ ਹੈ: ‘ਕਈ ਕੋਟਿ ਖਾਣੀ ਅਰੁ ਖੰਡ॥’ (ਪੰਨਾ 276) ਅਰਥ: ਕਈ ਕ੍ਰੋੜ ਖਾਣੀਆਂ ਅਤੇ ਖੰਡ ਹਨ।
ਅਕਾਲ ਪੁਰਖ ਦੀ ਹੋਰ ਰਚਨਾ ਵਾਂਙ ਫਿਰ ‘ਖਾਣੀਆਂ’ ਬਾਰੇ ਵੀ ਕ੍ਰੋੜ ਸ਼ਬਦ ਵਰਤਣ ਤੋਂ ਵੀ ਸੰਕੋਚ ਕਰਦਿਆਂ ਹੋਇਆਂ ਫ਼ਰਮਾਇਆ ਹੈ:- ‘ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥’ (ਪੰਨਾ 7) ਅਰਥ: (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਨੂੰ ਸੰਬੋਧਨ ਕਰਦਿਆਂ ਆਖਿਆ ਹੈ:- ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ (ਪੰਨਾ 6) ਅਰਥ: (ਹੇ ਨਿਰੰਕਾਰ!) ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਜੇਕਰ `ਚਾਰ ਖਾਣੀਆਂ’ ਤੋਂ ਭਾਵ ਪ੍ਰਚਲਤ `ਚਾਰ ਖਾਣੀਆਂ’ ਤੋਂ ਹੀ ਲਿਆ ਜਾਵੇ, ਤਾਂ ਕੀ ਫਿਰ ਉਪਰੋਕਤ ਪੰਗਤੀਆਂ ਦਾ ਇਹ ਭਾਵ ਲਿਆ ਜਾਵੇ ਕਿ ਅਕਾਲ ਪੁਰਖ ਨੂੰ ਕੇਵਲ `ਚਾਰ ਖਾਣੀਆਂ’ ਦੇ ਜੀਵ ਹੀ ਸਲਾਹੁੰਦੇ ਹਨ, ਬਾਕੀ ਖਾਣੀਆਂ ਦੇ ਨਹੀਂ? ਪਰੰਤੂ ਗੁਰਬਾਣੀ ਇਸ ਸਬੰਧ ਵਿੱਚ ਆਖਦੀ ਹੈ ਕਿ ਪ੍ਰਭੂ ਜੀ ਦੀ ਹਰੇਕ ਕ੍ਰਿਤ ਹੀ ਉਸ ਨੂੰ ਸਾਲਾਹ ਰਹੀ ਹੈ, ਭਾਵ ਉਸ ਦੇ ਹੁਕਮ ਵਿੱਚ ਹੈ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1) ਅਰਥ: ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
ਭਾਈ ਗੁਰਦਾਸ ਜੀ ਵੀ ਜਦ ਖਾਣੀਆਂ ਦੀ ਗੱਲ ਕਰਦੇ ਹਨ ਤਾਂ ਆਪ `ਚਾਰ ਖਾਣੀਆਂ’ ਸ਼ਬਦ ਹੀ ਵਰਤਦੇ ਹਨ: ਅੰਡਜ ਜੇਰਜ ਸਾਧਕੈ ਸੇਤਜ ਉਤਭੁਜ ਖਾਣੀ ਬਾਣੀ॥ (ਵਾਰ7, ਪਉੜੀ 4) ਅਰਥ: ਅੰਡਜ, ਜੇਰਜ, ਸੇਤਜ, ਉਤਭੁਜ (ਚਾਰੇ) ਖਾਣੀਆਂ, ਚਾਰੇ ਬਾਣੀਆਂ ਸਾਧ ਲੀਤੀਆਂ ਹਨ।
ਪਰੰਤੂ ਨਿਰੋਲ ਗੁਰਮਤਿ ਦਾ ਦ੍ਰਿਸ਼ਟੀਕੋਣ ਦਰਸਾਉਂਣ ਸਮੇਂ ਆਪ ਲਿਖਦੇ ਹਨ, “ਕੁਦਰਤਿ ਅਤੁਲ ਨ ਤੋਲੀਐ ਤੁਲਿ ਨ ਤੋਲ ਨ ਤੋਲਣਹਾਰਾ॥ . . ਖਾਣੀ ਬਾਣੀ ਜੀਅ ਜੰਤੁ ਨਾਵ ਥਾਵ ਅਣਗਣਤ ਅਪਾਰਾ॥ ਇਕੁ ਕਵਾਉ ਅਮਾਉ ਹੈ ਕੇਵਡੁ ਵਡਾ ਸਿਰਜਣਹਾਰਾ॥” (ਵਾਰ 27, ਪਉੜੀ 35) ਅਰਥ: ਰਚਨਾ ਅਤੁੱਲ ਹੈ ਤੋਲ ਨਹੀਂ ਸਕੀਦੀ, ਕਿਉਂ ਜੋ ਤੱਕੜੀ ਵੱਟੇ ਅਰ ਤੋਲਣਹਾਰ ਤਿੰਨੇ ਨਹੀਂ ਹਨ. . ਖਾਣੀਆਂ ਅਣਗਿਣਤ ਹਨ ਅਰ ਉਨ੍ਹਾਂ ਵਿਖੇ ਜੀਵ ਜੰਤਾਂ ਦੇ ਨਾਉਂ ਅਤੇ ਥਾਉਂ ਅਪਾਰ ਰਚੇ ਹਨ। ਇੱਕ ਵਾਕ ਜਿਸ ਤੋਂ ਪਸਾਰਾ ਪਸਰਿਆ ਹੈ ਮਿਣਤੀਓਂ ਬਾਹਰਾ ਹੈ, ਰਚਨਹਾਰ ਕਿੱਡਾ ਕੁ ਵਡਾ ਆਖੀਏ।
ਸੋ, ਸੰਖੇਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਾਂਵੇ `ਚਾਰ ਖਾਣੀਆਂ’ ਸ਼ਬਦ ਆਇਆ ਹੈ ਪਰੰਤੂ ਇਸ ਨੂੰ ਪ੍ਰਚਲਤ ਅਰਥਾਂ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਬੇਅੰਤਤਾ ਦਾ ਹੀ ਲਖਾਇਕ ਹੈ। ਬਾਣੀਕਾਰਾਂ ਅਨੁਸਾਰ ਜੀਵਾਂ ਦੀ ਉਤਪਤੀ ਦੇ ਵਸੀਲੇ ਕੇਵਲ ਚਾਰ ਹੀ ਨਹੀਂ, ਬੇਅੰਤ ਹਨ। ‘ਖਾਣੀਆਂ’ ਬਾਰੇ ਇਹ ਸੰਕਲਪ ਹੀ ਗੁਰਬਾਣੀ ਦਾ ਸੱਚ ਹੈ, ਇਸ ਨੂੰ ਹੀ ਗੁਰਮਤਿ ਦਾ ਦ੍ਰਿਸ਼ਟੀਕੋਣ ਸਮਝਣਾ ਚਾਹੀਦਾ ਹੈ। ਆਓ! ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਤੋਂ ਨਿਕਲੇ ਨਿਮਨ ਲਿਖਤ ਸ਼ਬਦਾਂ ਉੱਤੇ ਭਰੋਸਾ ਰੱਖਦੇ ਹੋਏ, ਅਸੀਂ ਹਜ਼ੂਰ ਨਾਲ ਮਿਲ ਕੇ ਆਖੀਏ: ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ (ਪੰਨਾ 3) ਅਰਥ: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।
ਜਸਬੀਰ ਸਿੰਘ ਵੈਨਕੂਵਰ
.