.

‘ਜਪੁ’ ਜੀ ਵਿਚਾਰ

(ਸਿੱਖੀ ਦੀ ਕੱਚੀ ਪੱਕੀ, ਨਰਸਰੀ ਕਲਾਸ ਦਾ ਇੱਕ ਸ਼ਿਸ਼)

“ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥” ਜਪੁ

ਗੁਰੂ ਨਾਨਕ ਦੇਵ ਜੀ ‘ਜਪੁ’ ਜੀ ਸਾਹਿਬ ਦੀ ਪਹਿਲੀ ਪਉੜੀ `ਚ ਹੀ ਇਨਸਾਨੀ ਜੀਵਨ ਦਾ ਬਹੁਤ ਜ਼ਰੂਰੀ ਮੁੱਦਾ, ਮਸਲਾ, ਸਵਾਲ ਉਠਾਂਦੇ ਹਨ ਕਿ ਮੂਲ ਮੰਤ੍ਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਵਿੱਚ ਬਿਆਨ ਕੀਤੇ ਵਾਹਿਦ (ਇਕ), ਸਰਬਵਿਆਪੀ, ਸਤਿ ਸਰੂਪ, ਅਕਾਲ ਪੁਰਖ ਪਰਮਾਤਮਾ ਨੂੰ ਮਿਲਨ ਵਾਸਤੇ ਇਹ ਆਤਮਾ (ਜੀਵ) ਕਿਦਾਂ ‘ਸਚਿਆਰਾ’ - ਸੱਚ ਦੇ ਪ੍ਰਵੇਸ (ਪ੍ਰਕਾਸ਼) ਹੋਣ ਲਈ ਯੋਗ, ਲਾਇਕ ਹੋਵੇ ਤੇ ਕਿਵੇਂ ਅਦੁੱਤੀ ਮਿਲਾਪ ਦੇ ਵਿਚਾਲੇ ਬਣੀ ਰੁਕਾਵਟ-– ਕੂੜ (ਮਾਇਆ) ਦੀ ਪਾਲਿ (ਕੰਧ) ਟੁੱਟੇ?

ਇਸ ਔਖੇ ਸਵਾਲ ਦਾ ਜਵਾਬ ਸਮਝਾਉਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸਿੱਖ ਦੀ ਉਂਗਲ ਫੜ ਕੇ ਉਸ ਨੂੰ ਆਪਣੇ ਨਾਲ ਲੈ, ਰਾਹ ਵਿਖਾਉਂਦੇ, ਰਸਤੇ ਦੀਆਂ ਔਕੜਾਂ (ਮੁਸ਼ਕਲਾਂ) ਸਮਝਾਉਂਦੇ ਅਤੇ ਹੌਂਸਲਾ ਦਿੰਦੇ “ਹੁਕਮਿ ਰਜਾਈ ਚਲਣਾ” ਤੋਂ ਲੈ ਕੇ “ਸਚਿ ਖੰਡਿ ਵਸੈ ਨਿਰੰਕਾਰ” ਦੀ ਮੰਜ਼ਲਿ ਤੱਕ ੩੭ ਪਉੜੀਆਂ ਰਾਹੀਂ ਲੈ ਜਾਂਦੇ ਹਨ।

ਫੇਰ ੩੮ਵੀਂ ਪਉੜੀ ਕਿਉਂ?

ਇੱਕ ਆਦਰਸ਼ ਗੁਰੂ (Ideal teacher) ਦੀ ਤਰ੍ਹਾਂ ਗੁਰੂ ਜੀ ਆਪਣੇ ਅਲ੍ਹੜ, ਭੁੱਲੜ ਅਤੇ ਆਲਸੀ ਸ਼ਿਸ਼ਾਂ ਲਈ ਇਸ ਲੰਬੇ ਪਾਠ (Lesson) ਜਾਂ ਇਸ ਔਖੇ ਅਧਿਆਤਮਕ ਸਫ਼ਰ ਦਾ ਨਿਚੋੜ, ਸਾਰੰਸ਼ ਇੱਕ ਪ੍ਰੋਜੈਕਟ (Project) ਬਣਾਉਣ ਜਾਂ ਇੱਕ ਕੰਮ (Assignment) ਕਰਨ ਦੇ ਰੂਪ ਵਿੱਚ ਇਸ ਪਉੜੀ ਵਿੱਚ ਦਿੰਦੇ ਹਨ ਤਾਂ ਜੋ ਇਹ ਸਿੱਖ (ਸ਼ਿਸ਼) ਸਹਿਜੇ, ਸੌਖੇ ਹੀ ਆਪਣੀ ਮੰਜ਼ਿਲ `ਤੇ ਪਹੁੰਚ ਜਾਣ। ‘ਜਪੁ’ ਦੇ ਨਿਰੇ ਜਾਪ (ਪਾਠ, ਤੋਤਾ ਰਟਣ) ਨਾਲ ‘ਸਚਿਆਰਾ’ ਹੋਣ ਦਾ ਵਹਿਮ, ਭਰਮ ਜਾਂ ਭੁਲੇਖਾ ਨਾਂ ਪਾਲ ਲੈਣ।

ਇਸ ਕੰਮ (Assignment) ਦੇ ਅਨੁਸਾਰ ਸਿੱਖ ਨੇ ਇੱਕ ਇਨਸਾਨੀ ਟਕਸਾਲ (ਸੁਨਿਆਰੇ ਦੀ ਦੁਕਾਨ, ਕੰਮ ਕਰਨ ਦੀ ਥਾਂ) ਬਣਾਉਣੀ ਹੈ ਜਿਸ ਵਿੱਚ ‘ਸਚਿਆਰਾ’ ਰੂਪੀ ਗਹਿਣਾ ਬਣਾਉਣਾ ਹੈ।

“ਜਤੁ ਪਾਹਾਰਾ, ਧੀਰਜੁ ਸੁਨਿਆਰੁ॥” -----

ਜਤੁ (ਸੀਲ, ਸੰਤੋਖ) ਨੂੰ ਪਾਹਾਰਾ, ਧੀਰਜ (ਸਹਿਣਸ਼ੀਲਤਾ ਤੇ ਦ੍ਰਿੜਤਾ) ਨੂੰ ਸੁਨਿਆਰ, ਆਪਣੀ ਮਤਿ (ਅਕਲ) ਨੂੰ ਅਹਰਣਿ (ਲੋਹੇ ਦੀ ਇੱਟ ਜਿਸ ਤੇ ਕੁੱਟ ਕੁੱਟ ਕੇ ਗਹਿਣਾ ਬਣਦਾ ਹੈ), ਤੇ ਵੇਦ (ਗਿਆਨ) ਨੂੰ ਹਥਿਆਰ (ਹਥੌੜਾ, ਔਜ਼ਾਰ) ਬਣਾਓ। ਭਉ (ਅਕਾਲਪੁਰਖ ਦਾ ਮਿੱਠਾ ਡਰ) ਦੀ (ਧੌਂਕਨੀ ਜਾਂ ਫੂਕਨੀ), ਤਪਤਾਉ (ਮਿਹਨਤ ਮੁਸ਼ੱਕਤ, ਘਾਲਣਾ, ਸ਼੍ਰਮ ਸੇਵਾ) ਰੂਪੀ ਅਗਨ (ਅੱਗ) ਹੋਵੇ। ਭਾਉ (ਖ਼ਾਲਕ, ਉਹਦੀ ਖ਼ਲਕਤ, ਕਾਦਰ ਅਤੇ ਉਸ ਦੀ ਕੁਦਰਤ ਨਾਲ ਪ੍ਰੇਮ-ਪਿਆਰ) ਦਾ ਭਾਂਡਾ (ਕੁਠਾਲੀ, Crucible) ਹੋਵੇ। ਉਹਦੇ ਵਿੱਚ ਅੰਮ੍ਰਿਤ (ਵਾਹਿਗੁਰੂ ਦੀ ਮਿੱਠੀ, ਸਦੀਵੀ ਤੇ ਅਮਰ ਕਰਨ ਵਾਲੀ ਯਾਦ ਅਥਵਾ ਨਾਮ ਰੂਪੀ ਕੀਮਤੀ ਧਾਤ) ਨੂੰ ਢਾਲਿਆ, ਪਿਘਲਾਇਆ ਜਾਵੇ।

ਇਸ ਸੱਚੀ ਟਕਸਾਲ (ਸਿੱਕੇ, ਗਹਿਣੇ ਬਣਾਉਣ ਵਾਲੀ ਫ਼ੈਕਟਰੀ, Mint) ਵਿੱਚ ਇਦਾਂ ਸ਼ਬਦੁ (ਜ਼ਿੰਦਗੀ ਦਾ ਰਸਤਾ ਜਾਂ ਤਰੀਕਾ, ਉੱਚਾ ਆਚਰਣ, ਸੁੱਚੀ ਸ਼ਖ਼ਸੀਅਤ ਰੂਪੀ ਗਹਿਣਾ- ਸਚਿਆਰਾ) ਘੜੀਐ, ਬਣਾਈਏ। ਭਾਵ ਇਨ੍ਹਾਂ ਦੱਸੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ, ਅਪਣਾਉਣ ਦਾ ਉਪਰਾਲਾ, ਕੋਸ਼ਿਸ਼ ਕਰੀਏ।

ਇਹ ਕੰਮ ਉਹੀ ਕਰ ਸਕਦਾ ਹੈ ਜਿਸ ਤੇ ਵਾਹਿਗੁਰੂ ਦੀ ਨਦਰਿ ਕਰਮ (ਮਿਹਰ ਦੀ ਨਜ਼ਰ, ਨਜ਼ਰਿ ਇਨਾਇਅਤ, ਬਖ਼ਸ਼ਿਸ਼ Grace) ਹੋਵੇ। ਇਸ ਲਈ ਉਸ ਦੀ ਬਖ਼ਸ਼ਿਸ਼ ਲਈ ਸਦਾ ਅਰਜ਼ੋਈ, ਜੋਦੜੀ ਕਰਨੀ ਹੈ। ਫੇਰ ਇਹ ‘ਸਚਿਆਰਾ’ ਉਸ ਮਿਹਰ ਦੀ ਨਜ਼ਰ ਵਾਲੇ, ਬਖ਼ਸ਼ਿਸ਼ ਵਾਲੇ ਅਕਾਲਪੁਰਖ ਦੀ ਕ੍ਰਿਪਾ ਨਾਲ ਨਿਹਾਲ, ਨਿਹਾਲ, ਨਿਹਾਲ ਹੋ ਜਾਂਦਾ ਹੈ।

ਹਰ ਇੱਕ ਦੀ ਵਾਹਿਗੁਰੂ ਤੋਂ ਨੇੜਤਾ ਜਾਂ ਦੂਰੀ ਉਸ ਦੀ ਇਸ ਟਕਸਾਲ ਵਿੱਚ ਕੀਤੇ ਯਤਨਾਂ, ਮਿਹਨਤ ਤੇ ਕੰਮ `ਤੇ ਨਿਰਭਰ ਹੁੰਦੀ ਹੈ।

“ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ॥” ਸਲੋਕ

ਅਸੀਂ ਇਸ ਪਉੜੀ ਦਾ ਪਾਠ ਵੀ ਅਚੇਤ ਮਨ ਨਾਲ ਕਰ ਲੈਂਦੇ ਹਾਂ ਤੇ ਕਦੇ ਇਸ ਕੰਮ (Assignment, project) ਵਲ ਧਿਆਨ ਨਹੀਂ ਦਿੰਦੇ, ਤੇ ਇਸ ਲਈ, ਨਾਂ ਹੀ ਇਸ ਨੂੰ ਕਰਨ ਦਾ ਉਪਰਾਲਾ, ਕੋਸ਼ਿਸ਼, ਯਤਨ ਕਰਦੇ ਹਾਂ।

ਅਧਿਆਤਮਿਕ ਸਫ਼ਰ ਦੇ ਕੁੱਝ ਮੀਲ-ਪੱਥਰ:

ਇਸ ਅਧਿਆਤਮਕ ਸਫ਼ਰ ਵਿੱਚ ਜੋ ਮੀਲ-ਪੱਥਰ, ਦਿਸ਼ਾ-ਬੋਰਡ ਜਾਂ ਨਿਸ਼ਾਨੀਆਂ (Mile stones, direction signs or land marks) ਇਸ ਅਣਜਾਣ, ਅਲ੍ਹੜ ਮਨ ਨੂੰ ਦਿੱਸੇ ਤੇ ਯਾਦ ਰਹਿ ਗਏ, ਉਨ੍ਹਾਂ ਦਾ ਬਿਆਨ ਕਰਨ ਦੀ ਨਿਮਾਨੀ ਜਿਹੀ ਕੋਸ਼ਿਸ਼ ਕਰਦਾ ਹਾਂ।

1. “ਅਮ੍ਰਿਤ ਵੇਲਾ, ਸਚੁ ਨਾਉ ਵਡਿਆਈ ਵੀਚਾਰੁ॥” ਜਪੁ (ਪਉੜੀ ੪)

ਉਸ ਸੱਚੇ ਵਾਹਿਗੁਰੂ ਦੀ ਵਡਿਆਈ (ਗੁਣ, ਵਡੱਤਣ, ਵਿਸ਼ਾਲਤਾ, ਕੁਦਰਤ, ਬੇ-ਅੰਤਤਾ) ਦਾ ਅੰਮ੍ਰਿਤ (ਪੂਰਨ ਖਿੜਾਓ, ਟਿਕਾਓ ਵਾਲੇ) ਵੇਲੇ ਵੀਚਾਰ (ਯਾਦ, ਚਿੰਤਨ) ਕਰਨਾ ਹੈ। ਇਉਂ ੳੇਸ ਦੀ ਨੇੜਤਾ ਮਹਿਸੂਸ ਕਰਨੀ ਹੈ। ਕਿਸੇ ਨਾਂ, ਮੰਤ੍ਰ ਜਾਂ ਪਾਠ ਦਾ ਜਾਪ (ਤੋਤਾ ਰਟਣ) ਕਰਨ ਦਾ ਕੋਈ ਲਾਭ ਨਹੀਂ। ਵੀਚਾਰ ਬਹੁਤ ਹੀ ਜ਼ਰੂਰੀ ਹੈ! !

“ਸਿਖੀ ਸਿਖਿਆ ਗੁਰ ਵੀਚਾਰਿ॥” ਮ: ੧

2. “ਗੁਰਾ, ਇੱਕ ਦੇਹਿ ਬੁਝਾਈ॥

ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥” ਜਪੁ (ਪਉੜੀ ੫)

‘ਹੇ ਅਕਾਲ ਪੁਰਖ, ਸਤਿਗੁਰੂ ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਕੇਵਲ ਇੱਕ ਸਮਝ, ਸੋਝੀ ਬਖ਼ਸ਼ ਕਿ ਤੂੰ ਸਭਨਾਂ ਦਾ ਇੱਕੋ ਇੱਕ ਦਾਤਾ ਹੈਂ- ਕੇਵਲ ਮੇਰਾ ਜਾਂ ਸਾਡਾ ਨਹੀਂ- ਅਤੇ ਮੈਂ ਤੈਨੂੰ ਭੁੱਲ ਨਾਂ ਜਾਵਾਂ, ਤੂੰ ਮੇਰੀ ਯਾਦ `ਚੋਂ ਨਿਕਲ ਨ ਜਾਵੇਂ’। ਕਹਿਣ ਨੂੰ ਤਾਂ ਬੜੀ ਸੌਖੀ ਗਲ ਲਗਦੀ ਹੈ ਪਰ ਸਮਝਣੀ ਤੇ ਮੰਨਣੀ ਅਤਿ ਔਖੀ! ਜੇ ਸਮਝ ਆ ਜਾਵੇ ਤਾਂ ਕੀ ਸਾਰੇ ਝਗੜੇ ਤੇ ਕਲੇਸ਼ ਮੁੱਕ ਨਾਂ ਜਾਣ!

3. “ਸੁਣਿਐ” ਅਤੇ “ਮੰਨੇ, ਮੰਨੈ” ਦੀਆਂ ਪਉੜੀਆਂ (੮-੧੫) ਪੜ੍ਹਣ, ਪਾਠ ਕਰਨ ਨੂੰ ਤਾਂ ਬਹੁਤ ਸਰਲ ਹਨ ਪਰ ਬਹੁਤ ਡੂੰਘੀ ਵੀਚਾਰ, ਲੰਬੀ ਕੋਸ਼ਿਸ਼ ਤੇ ਲਗਾਤਾਰ ਅਭਿਆਸ ਤੋਂ ਪਿੱਛੋਂ ਹੀ ਇਨ੍ਹਾਂ ਦਾ ਕੁੱਝ ਸਹੀ ਅਨੁਭਵ ਹੋ ਸਕਦਾ ਹੈ।

“ਸੁਣਿਆ, ਮੰਨਿਆ, ਮਨਿ ਕੀਤਾ ਭਾਉ॥

ਅੰਤਰਗਤਿ ਤੀਰਥਿ, ਮਲਿ ਨਾਉ॥” ਜਪੁ (ਪਉੜੀ ੨੧)

‘ਜਿਸ ਨੇ ਸੁਣਿਆ (ਅਕਾਲਪੁਰਖ ਦੀ ਯਾਦ ਵਿੱਚ ਸੁਰਤ ਜੋੜੀ ਹੈ) ਤੇ ਮੰਨਿਆ (ਮਨ ਉਸ ਵਿੱਚ ਪਤੀਜ, ਭਿੱਜ ਗਿਆ ਹੈ) ਤੇ ਇਸ ਤਰ੍ਹਾਂ ਮਨ ਵਿੱਚ ਉਸ ਵਾਹਿਗੁਰੂ ਦਾ ਪਿਆਰ ਹੈ; ਉਸ ਮਨੁੱਖ ਨੇ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸਨਾਨ ਕਰ ਲਿਆ ਹੈ – ਆਪਣੇ ਅੰਦਰ ਵਸ ਰਹੇ ਅਕਾਲਪੁਰਖ ਵਿੱਚ ਜੁੜ ਕੇ ਆਪਣੇ ਮਨ ਦੀ ਮੈਲ ਚੰਗੀ ਤਰ੍ਹਾਂ ਲਾਹ ਲਈ ਹੈ’। ਦੁਨਿਆਵੀ ਤੀਰਥਾਂ `ਤੇ ਇਸ਼ਨਾਨ ਨਾਲ ਇਹ ਹੋ ਨਹੀਂ ਸਕਦਾ। ਮਾਇਆ ਤੇ ਪੰਜ ਕਾਮਾਦਿਕ ਵਿਕਾਰਾਂ ਤੋਂ ਖਹਿੜਾ ਛੁੱਟ ਨਹੀਂ ਸਕਦਾ।

4. “ਧਵਲੈ ਉਪਰਿ ਕੇਤਾ ਭਾਰੁ॥

ਧਰਤੀ ਹੋਰੁ, ਪਰੈ ਹੋਰੁ ਹੋਰੁ॥

ਤਿਸ ਤੇ ਭਾਰੁ, ਤਲੈ ਕਵਣੁ ਜੋਰੁ॥” ਜਪੁ (ਪਉੜੀ ੧੬)

‘ਬਲਦ (ਬੈਲ) ਉੱਤੇ ਧਰਤੀ ਦਾ ਕਿਤਨਾ ਬੇਅੰਤ ਭਾਰ ਹੈ? ਫੇਰ ਉਸ ਬਲਦ ਦੇ ਖੜਣ ਲਈ ਹੋਰ ਧਰਤੀ, ਧਰਤੀ ਦੇ ਹੇਠਾਂ ਹੋਰ ਬਲਦ, ਹੋਰ ਧਰਤੀ ਫੇਰ ਹੋਰ ਬਲਦ; ਅਖੀਰਲੇ ਬਲਦ ਦੇ ਹੇਠਾਂ ਕਿਹੜਾ ਆਸਰਾ, ਕਿਹੜੀ ਥਾਂ ਜਾਂ ਧਰਤੀ?’

ਗੁਰੂ ਜੀ ਕਿਡੀ ਸਾਦੀ ਤੇ ਸੁਹਣੀ ਦਲੀਲ ਨਾਲ ਸਿੱਖ/ਸੇਵਕ ਨੂੰ ਵਹਿਮਾਂ, ਭਰਮਾਂ, ਅੰਧਵਿਸ਼ਵਾਸਾਂ ਤੇ ਝੂਠੇ ਮਿਥਿਹਾਸ ਵਿੱਚੋਂ ਬਾਹਰ ਕਢਦੇ ਹਨ! ਅਤੇ ਤਰਕਸ਼ੀਲ, ਵਿਗਿਆਨਕ (Scientific) ਸੋਚ ਲਈ ਪ੍ਰੇਰਦੇ ਹਨ। ਇਹ ਵੀ ਦ੍ਰਿੜ ਕਰਾਉਂਦੇ ਹਨ ਕਿ ਕਾਦਰ ਨੇ ਕੁਦਰਤ ਬਣਾਈ ਹੈ ਤੇ ਇਹਨੂੰ ਆਪਣੇ ਹੁਕਮ ਵਿੱਚ ਹੀ ਚਲਾ ਰਿਹਾ ਹੈ।

“---ਕੀਤਾ ਪਸਾਉ, ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥”

“---ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥”

“---ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥”

5. “---ਨਾਨਕੁ ਨੀਚੁ ਕਹੈ ਵੀਚਾਰੁ॥”

“ਕੁਦਰਤਿ ਕਵਣ, ਕਹਾ ਵੀਚਾਰੁ॥” ਦੀਆਂ ਚਾਰ ਪਉੜੀਆਂ (੧੬-੧੯) ਵਿੱਚ ਇਸ ੧੮ਵੀਂ ਪਉੜੀ ਜਿਸ ਵਿੱਚ ਕੁਕਰਮ (ਭੈੜੇ, ਬੁਰੇ ਕੰਮ) ਕਰਨ ਵਾਲੇ ਜੀਵਾਂ ਦਾ ਜ਼ਿਕਰ ਹੈ, ਗੁਰੁ ਜੀ ਨੇ ‘ਨਾਨਕੁ ਨੀਚ’ - ਆਪਣੇ ਆਪ ਨੂੰ ਨੀਚ ਕਹਿ ਕੇ ਸਿੱਖ/ਸੇਵਕ ਨੂੰ ਹਉਮੈ ਤੋਂ ਦੂਰ ਰਹਿਣ ਦੀ ਅਦੁੱਤੀ ਮਿਸਾਲ ਤੇ ਸਿੱਖਿਆ ਦਿੱਤੀ ਹੈ। ਪਰ ਇਹ ਮੂਰਖ ਮਨ ਅਜੇ ਵੀ ਕਹਿ ਰਿਹਾ ਹੈ ਕਿ ‘ਦੁਨੀਆਂ ਹਊਗੀ ਨੀਚ, ਮੈਂ ਨਹੀਂ, ਮੈ ਤਾਂ ਸਰਵ ਉੱਤਮ ਹਾਂ’! ਇਸ ਬੇਸਮਝ ਮਨ ਨੂੰ ਕੌਣ ਸਮਝਾਵੇ, ਦੱਸੇ ਕਿ ਮਨ ਦੀਆਂ ਅੱਖਾਂ ਤੋਂ ਹਉਮੈ ਦੀ ਪੱਟੀ ਲਾਹੁਣ ਤੋਂ ਬਿਨਾ ਸਚਿ ਖੰਡ ਦਾ ਰਾਹ ਦਿਸ ਹੀ ਨਹੀਂ ਸਕਦਾ।

“ਹਉਮੈ ਨਾਵੈ ਨਾਲਿ ਵਿਰੋਧ ਹੈ॥ ਦੁਇ ਨ ਵਸਹਿ ਇੱਕ ਥਾਇ॥

“ਹਰਿ ਜੀਉ ਅੰਹਕਾਰੁ ਨ ਭਾਵਈ, ਵੇਦ ਕੂਕਿ ਸੁਣਾਵਹਿ॥” ਮਾਰੂ ਵਾਰ ਮ: ੩

6. “ਕੇਤਿਆ, ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ, ਦਾਤਾਰ॥” ਜਪੁ (ਪਉੜੀ ੨੫)

ਸੁਖ, ਨਿਆਮਤਾਂ, ਤੇ ਖ਼ੁਸ਼ਹਾਲੀ ਦੇ ਸਭ ਸਮਾਨ: ਸਿਹਤ, ਟੱਬਰ, ਪਰਿਵਾਰ, ਮਕਾਨ, ਕਾਰ-ਵਿਹਾਰ, ਰੁਤਬਾ, ਇੱਜ਼ਤ-ਸਨਮਾਨ ਆਦਿ ਤਾਂ ਉਹਦੀ ਦਾਤ ਹਨ ਹੀ ਪਰ, ‘ਦੁੱਖ, ਭੁੱਖ, ਤੇ ਸਦੀਵੀ ਮਾਰ (ਕਸ਼ਟ) ‘ਨੂੰ ਉਸ ਦੀ ‘ਦਾਤ’ ਮੰਨਣ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਦਿੰਦੇ ਹਨ। ਔਖਾ ਹੈ ਮੰਨਣਾ! ਪਰ, ਹਰ ਹਾਲਤ ਵਿੱਚ ਉਸ ਦਾ ਸ਼ੁਕਰ ‘ਸਚਿਆਰਾ’ ਬਣਨ ਲਈ ਬਹੁਤ ਜ਼ਰੂਰੀ ਹੈ।

“ਦੁਖ ਦਾਰੂ ਸੁਖ ਰੋਗੁ ਭਇਆ॥” ਸਲੋਕ ਮ: ੧

ਪੰਚਮ ਪਾਤਸ਼ਾਹ ਦੇ ਉਸ ਸਿੱਖ ਦੀ ਯਾਦ ਆਉਂਦੀ ਹੈ ਜਿਸ ਦੀ ਪੁੱਤ੍ਰੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ, ਸਜਾਵਟਾਂ ਕੀਤੀਆਂ ਜਾ ਰਹੀਆਂ ਹਨ, ਪਕਵਾਨ ਪੱਕ ਰਹੇ ਹਨ, ਅਤਿਅੰਤ ਖ਼ੁਸ਼ੀਆਂ ਹਨ; ਅਤੇ ਦੂਜੇ ਪਾਸੇ ਆਪ, ਇੱਕ ਕਮਰੇ ਵਿੱਚ ਬੈਠੇ, ਸਫ ਚਟਾਈ ਬਣਾ ਰਹੇ ਹਨ ਕਿਉਂਕਿ ਪਰਸੋਂ ਬੀਬੀ ਨੇ ਵਿਧਵਾ ਹੋ ਜਾਣਾ ਹੈ; ਇਹ ਹੈ ਸਿੱਖੀ! !

7. “ਆਦੇਸੁ, ਤਿਸੈ ਆਦੇਸੁ-----॥” ਜਪੁ (ਪਉੜੀ ੨੮-੩੧)

ਇਨ੍ਹਾਂ ਚਾਰ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਸਿਧਾਂ, ਜੋਗੀਆਂ ਦੀ ਬੋਲੀ ਵਿੱਚ ਹੀ ਭੇਖ ਨੂੰ ਛੱਡ ਕੇ ਸੰਤੋਖ, ਮਿਹਨਤ ਮੁਸ਼ੱਕਤ, ਵਾਹਿਗੁਰੂ ਦੀ ਮਿੱਠੀ ਯਾਦ, ਵਿਸ਼ੇ-ਵਿਕਾਰਾਂ ਤੋਂ ਬਿਨਾਂ, ਸ਼ਰਧਾ, ਗਿਆਨ ਤੇ ਦਇਆ ਵਰਗੇ ਗੁਣਾਂ ਵਾਲਾ ਸਰਲ, ਸਧਾਰਨ, ਸੱਚਾ ਸੁੱਚਾ ਜੀਵਨ ਜੀਉਨ ਦੀ ਪ੍ਰੇਰਣਾ ਦਿੰਦੇ ਹਨ। ਕੇਵਲ ਉਸ ਅਕਾਲਪੁਰਖ ਜੋ ਸੱਭ ਦਾ ਮੁੱਢ ਹੈ, ਪਵਿੱਤ੍ਰ, ਸ਼ੁੱਧ ਸਰੂਪ, ਨਾਸ ਰਹਿਤ ਤੇ ਸਦਾ ਇੱਕੋ ਜਿਹਾ ਰਹਿੰਦਾ ਹੈ, ਨੂੰ ਪ੍ਰਣਾਮ ਕਰਨ ਨੂੰ ਕਹਿੰਦੇ ਹਨ।

8. “-----ਮਨਿ ਜੀਤੈ ਜਗੁ ਜੀਤੁ॥” ਜਪੁ (ਪਉੜੀ ੨੮)

ਸੁਣਨ, ਪੜ੍ਹਣ ਨੂੰ ਕਿੰਨਾਂ ਸਰਲ ਤੇ ਸਵਾਦਲਾ! ਪਰ, ਮੰਨਣਾ ਤੇ ਕਮਾਉਣਾਂ ਅਤਿ ਔਖਾ, ਮੁਸ਼ਕਲ; ਜਿਵੇਂ ਗੁਰੂ ਜੀ ਦੇ ਹੋਰ ਬਹੁਚਰਚਿਤ ਉਪਦੇਸ਼:

“ਮਿਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ॥’

“ਹਕ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ॥” ਮ: ੧

9. ਪੰਜ ਖੰਡ

‘ਜਪੁ’ ਜੀ ਦੀਆਂ ਅੰਤਲੀਆਂ ਚਾਰ ਪਉੜੀਆਂ (੩੪-੩੭) ਵਿੱਚ ਇੱਕ ਵਾਰ ਫੇਰ ਸਚਿ ਖੰਡ ਪਹੁੰਚਣ – ‘ਸਚਿਆਰਾ’ ਹੋਣ ਦੀ ਵਿਧੀ ਨੂੰ ਅਥਵਾ ਇਸ ਅਧਿਆਤਮਕ ਸਫ਼ਰ ਨੂੰ ਪੰਜ ਖੰਡਾਂ (ਹਿੱਸਿਆਂ) ਵਿੱਚ ਵੰਡ ਕੇ ਸਿੱਖ ਨੂੰ ਸਮਝਾਉਂਦੇ ਹਨ:

1. ਧਰਮ ਖੰਡ: ਅਧਿਆਤਮਕ ਸਫ਼ਰ ਦੇ ਇਸ ਪਹਿਲੇ ਹਿੱਸੇ ਵਿੱਚ ਜੀਵ ਨੂੰ ਪਤਾ ਲਗਦਾ ਹੈ ਕਿ ਇਹ ਧਰਤੀ ਕਰਮ ਕਰਨ (ਜੀਵਨ-ਫ਼ਰਜ਼ ਨਿਭਾਉਣ, ਧਰਮ ਕਮਾਉਣ) ਦੀ ਧਰਮਸਾਲ (ਅਸਥਿਰ Temporary ਥਾਂ) ਹੈ, ਅਤੇ ਉਸ ਸੱਚੇ ਮਾਲਿਕ ਦੇ ਸੱਚੇ ਦਰਬਾਰ ਵਿੱਚ ਕਰਮਾਂ ਅਨੁਸਾਰ ਹੀ ਨਿਬੇੜਾ ਹੁੰਦਾ ਹੈ।

2. ਗਿਆਨ ਖੰਡ: ਜਿਉਂ ਜੀਵ ਆਪਣੇ ਫ਼ਰਜ਼, ਜੀਵਨ-ਮਨੋਰਥ ਬਾਰੇ ਸੋਚਦਾ ਤੇ ਸਮਝਦਾ ਹੈ, ਉਸ ਨੂੰ ਅਕਾਲਪੁਰਖ ਦੀ ਕੁਦਰਤ, ਵਿਸ਼ਾਲਤਾ, ਬੇ-ਅੰਤਤਾ, ਅਪਰੰਪਰਤਾ ਦਾ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ। ਇਸ ਦੇ ਨਾਲ ਉਹ ਆਪਣੇ ਮਨ ਵਿੱਚ ਰਾਗ, ਤਮਾਸ਼ੇ ਤੇ ਕੌਤਕਾਂ ਦਾ ਅਨੰਦ, ਸੁਆਦ, ਖ਼ੁਸ਼ੀ, ਖੇੜਾ, ਤੇ ਵਿਸਮਾਦ ਮਹਿਸੂਸ ਕਰਦਾ ਹੈ। ਉਸ ਦਾ ਮਨ ਵਾਹਿਗੁਰੂ ਦੀ ਮਿੱਠੀ ਯਾਦ (ਸਿਮਰਨ) ਵਿੱਚ ਰਹਿੰਦਾ ਹੈ।

3. ਸਰਮ ਖੰਡ: ਉੱਦਮ, ਮਿਹਨਤ ਵਾਲੀ ਅਵਸਥਾ ਵਿੱਚ ਜੀਵ ਖ਼ਾਲਕ ਦੀ ਖ਼ਲਕਤ ਤੇ ਕਾਦਰ ਦੀ ਕੁਦਰਤ ਨੂੰ ਆਪਣਾ ਸਮਝਣ ਲੱਗਦਾ ਹੈ। ਉਸ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਸੇਵਾ ਦੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਸੇਵਾ ਕਰਨ ਨਾਲ ਇਸ ਦੀ ਸੁਰਤ (ਬਿਰਤੀ) ਤੇ ਮਤਿ (ਅਕਲ) ਉੱਚੇ ਹੋ ਜਾਂਦੇ ਹਨ। ਮਨ ਵਿੱਚ ਜਾਗ੍ਰਿਤ, ਬੁੱਧਿ ਆ ਜਾਂਦੀ ਹੈ। ਮਨ ਸੁਆਰਥੀ ਨਹੀਂ ਰਹਿੰਦਾ; ਪਰਉਪਕਾਰੀ ਹੋ ਜਾਂਦਾ ਹੈ। ਇਸ ਨਵੀਂ ਘਾੜਤ ਨਾਲ ਜੀਵ ਦਾ ਰੂਪ (ਆਤਮਕ ਤੇ ਸਰੀਰਕ) ਨਿੱਖਰ ਜਾਂਦਾ ਹੈ; ਜਿਸ ਦਾ ਬਿਆਨ ਕਰਨਾ ਵੀ ਔਖਾ ਹੈ। ਉਸ ਵਿੱਚ ਦੈਵੀ ਗੁਣ ਆ ਜਾਂਦੇ ਹਨ। ਉਹ ਸੱਚਾ ਭਗਤ ਬਣ ਜਾਂਦਾ ਹੈ।

4. ਕਰਮ ਖੰਡ: ਬਖ਼ਸ਼ਿਸ਼ ਵਾਲੀ ਅਵਸਥਾ, ਜਦੋਂ ਸਿਮਰਨ ਤੇ ਸੇਵਾ ਨਾਲ ਜੀਵ ਵਿੱਚ ਦੈਵੀ ਗੁਣ ਆਉਂਦੇ ਹਨ ਤਾਂ ਇਹ ਉਸ ਦੀ ਬਖ਼ਸਿਸ ਦੀ ਸ਼ੁਰੂਆਤ ਹੈ। ਫ਼ੇਰ ਉਹ ਨਜ਼ਰੇ ਅਨਾਇਤ ਕਰਦਾ ਹੈ ਤੇ ਜੀਵ ਸਦਾ ਉਸ ਦੀ ਮਹਿਮਾ, ਵਡਿਆਈ ਵਿੱਚ ਜੁੜ ਜਾਂਦਾ ਹੈ। ਵਾਹਿਗੁਰੂ ਉਸ ਦੇ ਮਨ ਵਿੱਚ ਵੱਸ ਜਾਂਦਾ ਹੈ। ਹੁਣ ਮਾਇਆ ਉਸ ਨੂੰ ਠੱਗ ਨਹੀਂ ਸਕਦੀ ਤੇ ਆਤਮਕ ਤੌਰ `ਤੇ ਉਹ ਅਮਰ ਹੋ ਜਾਂਦਾ ਹੈ।

“ਨਾ ਓਹਿ ਮਰਹਿ, ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥”

5. ਸਚਿ ਖੰਡ: ‘ਸਚਿਆਰੇ’ ਵਿੱਚ ਸੱਚਾ ਵੱਸ ਜਾਂਦਾ ਹੈ, ਇੱਕ ਹੋ ਜਾਂਦੇ ਹਨ, ਅਭੇਦਤਾ ਹੋ ਜਾਂਦੀ ਹੈ। ਇਸ ਅਲੌਕਿਕ ਅਵਸਥਾ ਨੂੰ ਕਥਨਾ (ਬਿਆਨ ਕਰਨਾਂ) ਕਰੜਾ ਸਾਰੁ (ਬਹੁਤ ਹੀ ਕਠਿਨ/ਔਖਾ) ਹੈ।

ਵਾਹਿਗੁਰੂ ਇਹ ਮੀਲ ਪੱਥਰ ਤੇ ਦਿਸ਼ਾ ਬੋਰਡ ਯਾਦ ਰੱਖਣ ਦੀ ਸਮਰੱਥਾ ਬਖ਼ਸ਼ਣ ਅਤੇ ਇਸ ਸ਼ਾਹ ਰਾਹ `ਤੇ ਚੱਲਣ ਲਈ ਗੁਰਬਾਣੀ ਦੁਆਰਾ ਉਤਸ਼ਾਹ ਤੇ ਉੱਦਮ ਦੀ ਅਮੁੱਲ ਦਾਤ ਦਿੰਦੇ ਰਹਿਣ! !

ਪਰਮਿੰਦਰ ਸਿੰਘ
.