.

ੴ ਸਤਿ ਗੁਰ ਪ੍ਰਸਾਦਿ
ਆਉ ਇੱਕ ਮੁੱਠ ਹੋਈਏ

ਬਹੁਤ ਦਿਨਾਂ ਤੋਂ ਮਨ ਵਿੱਚ ਸੋਚ ਸੀ ਕਿ, ਖਾਲੀ ਲਿਖਤਾਂ ਨਾਲ ਜਾਗ੍ਰਤੀ ਤਾਂ ਲਿਆਂਦੀ ਜਾ ਸਕਦੀ ਹੈ (ਜੋ ੧੯੮੪ ਤੋਂ ਅੱਜ ਤਕ ਪ੍ਰਤੱਖ ਵੇਖੀ ਜਾ ਸਕਦੀ ਹੈ) ਪਰ ਇਸ ਜਾਗ੍ਰਤੀ ਨੂੰ ਪੰਥ ਭਲਾਈ ਲਈ ਵਰਤਣ ਦਾ ਕੀ ਉਪਾਅ ਕੀਤਾ ਜਾਵੇ? ਵਿਚਾਰ ਵਟਾਂਦਰੇ ਵਿਚੋਂ ਹਰ ਗੱਲ ਦਾ ਹੱਲ ਨਿਕਲਦਾ ਹੈ।
ਜਿੱਥੇ ਇੱਕ ਪਾਸੇ ਪੰਥ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦੇ ਚਾਹਵਾਨ, ਪੰਥਕ ਬੇੜੀ ਨੂੰ ਛੇਤੀ ਤੋਂ ਛੇਤੀ ਡੋਬਣ ਲਈ, ਪੰਜਾਬ ਸਰਕਾਰ, ਭਾਰਤ ਸਰਕਾਰ ਦੀ ਪਿਛਿਉਂ ਤਾਰ ਹਿਲਾਉਣ ਵਾਲੀ ਹਿੰਦੂ ਲਾਬੀ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਤਖਤਾਂ ਦੇ ਜਥੇਦਾਰ, ਸੰਤ ਸਮਾਜ, ਕਾਰਸੇਵਾ ਦੇ ਡੇਰਿਆਂ, ਅਖੌਤੀ ਟਕਸਾਲਾਂ ਦੇ ਸਹਿਯੋਗ ਨਾਲ, ਪੂਰਾ ਜ਼ੋਰ ਲਗਾ ਰਹੇ ਹਨ।
ਓਥੇ ਦੂਸਰੇ ਪਾਸੇ, ਸਿੱਖੀ ਨੂੰ ਸਮੱਰਪਿਤ ਸਿੱਖ ਵੀ, ਸਿੱਖੀ ਨੂੰ ਬਚਾਉਣ ਲਈ ਅਪਣੀ ਵਿਤੋਂ ਬਾਹਰਾ ਜ਼ੋਰ ਲਗਾ ਰਹੇ ਹਨ। ਪਰ ਜੋ ਗੱਲ ਉਭਰ ਕੇ ਸਾਮ੍ਹਣੇ ਆ ਰਹੀ ਹੈ, ਉਹ ਇਹ ਹੈ ਕਿ ਕਈ ਸਾਲਾਂ ਤੋਂ ਪੰਥਿਕ ਸਿੱਖਾਂ ਦੀ ਕੋਈ ਕੇਂਦਰੀ ਜਥੇਬੰਦੀ ਨਾ ਹੋਣ ਕਾਰਨ, ਇਹ ਤਾਕਤ ਬਹੁਤ ਹਿਸਿਆਂ ਵਿੱਚ ਵੰਡੀ ਪਈ ਹੈ, ਇਸ ਤਾਕਤ ਨੂੰ ਇਕੱਠਿਆਂ ਕਰਨ ਲਈ ਕੋਈ ਯੋਗ ਉਪ੍ਰਾਲਾ ਹੋਣਾ ਚਾਹੀਦਾ ਹੈ।
ਹਰ ਸੁਹਿਰਦ ਸਿੱਖ ਅਪਣੇ ਵਲੋਂ ਕੋਸ਼ਿਸ਼ ਕਰਦਿਆਂ ਕਿਸੇ ਨਾ ਕਿਸੇ ਧੜੇ ਨਾਲ ਜੁੜਿਆ ਹੋਇਆ ਹੈ। ਬਿਨਾ ਭਵਿੱਖ ਦੀ ਕੋਈ ਰੂਪ ਰੇਖਾ ਨਜ਼ਰ ਆਇਆਂ, ਇਨ੍ਹਾਂ ਧੜਿਆਂ ਨੂੰ ਛਡਿਆ ਵੀ ਤਾਂ ਨਹੀਂ ਜਾ ਸਕਦਾ। ਅੱਜ ਤਕ ਦਾ ਇਤਿਹਾਸ ਗਵਾਹ ਹੈ ਕਿ, ਹਰ ਉਹ ਬੰਦਾ ਜਿਸ ਨੂੰ ਪੰਥ ਦੀ ਵਾਗ-ਡੋਰ ਸੌਂਪੀ ਗਈ, ਉਹ ਵਿਕਰੀ ਦਾ ਮਾਲ ਹੀ ਸਾਬਤ ਹੋਇਆ ਹੈ, ਉਸ ਨੇ ਹੀ ਪੰਥ ਦੀ ਬੇੜੀ ਡੋਬਣ ਦਾ ਰਾਹ ਫੜਿਆ ਹੈ। ਭਾਵੇਂ ਅਪਣੀ ਨਾਲਾਇਕੀ ਕਾਰਨ ਜਾਂ ਲਾਲਚ ਕਾਰਨ।
ਅਜਿਹੀ ਹਾਲਤ ਵਿਚ, ਇੱਕ ਦੂਸਰੇ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਦੂਸਰੇ ਪਾਸੇ ਹਰ ਧੜੇ ਵਿਚ, ਕੁੱਝ ਅਜਿਹੇ ਬੰਦੇ ਹਨ, ਜੋ ਅਗਿਆਨਤਾ ਵੱਸ, ਜਾਂ ਸਵਾਰਥ ਵੱਸ, ਹਰ ਧੜੇ ਨੂੰ ਦੋਫਾੜ ਕਰਨ ਦੇ ਆਹਰ ਵਿੱਚ ਲੱਗੇ ਰਹਿੰਦੇ ਹਨ।
ਨਤੀਜਾ ਇਹ ਹੈ ਕਿ ਹਰ ਧੜਾ, ਜਿੱਥੋਂ ਸ਼ੁਰੂ ਹੋਇਆ ਸੀ, ਉਸ ਤੋਂ ਅੱਗੇ ਨਹੀਂ ਵੱਧ ਸਕਿਆ, ਪਿੱਛੇ ਹੀ ਗਿਆ ਹੈ। (ਹਰ ਧੜਾ ਠੰਡੇ ਦਿਲ ਨਾਲ ਸਵੈ ਪੜਚੋਲ ਕਰ ਕੇ ਵੇਖੇ) ਇਸ ਖੜੋਤ ਨੂੰ ਤੋੜਨ ਲਈ ਕੀ ਕੀਤਾ ਜਾਵੇ? ਇਹੀ ਵੱਡਾ ਮਸਲ੍ਹਾ ਹੈ।
ਸਾਡਾ ਵਿਚਾਰ ਹੈ ਕਿ ਖਿਲ਼ਰੇ ਹੋਏ ਸਿੱਖਾਂ ਨੂੰ ਆਪਸ ਵਿੱਚ ਜੋੜਨ ਦਾ ਉਪ੍ਰਾਲਾ ਹੋਣਾ ਚਾਹੀਦਾ ਹੈ। ਏਸੇ ਗੱਲ ਨੂੰ ਧਿਆਨ ਵਿੱਚ ਰਖਦੇ ਹੋਏ ਅਸੀਂ ਗੁਰਸਿੱਖਾਂ ਨੂੰ, ਆਵਾਜ਼ ਮਾਰ ਰਹੇ ਹਾਂ, ਬੇਨਤੀ ਕਰ ਰਹੇ ਹਾਂ ਕਿ ਹਰ ਗੁਰਸਿੱਖ, ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰਨ ਦਾ ਚਾਹਵਾਨ ਹੋਵੇ, ਸਿੱਖ ਮਾਰਗ ਤੇ ਅਪਣਾ ਪ੍ਰਣ ਪੱਤ੍ਰ ਪਾਵੇ, (ਵੈਸੇ ਇਸ ਕੰਮ ਲਈ ਹੋਰ ਵੈਬ ਸਾਈਟਾਂ, ਪੰਥਕ ਅਖਬਾਰਾਂ ਅਤੇ ਰਸਾਲਿਆ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ, ਪਰ ਸਾਵਧਾਨ ਰਹਿੰਦੇ ਹੋਏ, ਉਨ੍ਹਾਂ ਅਖਬਾਰਾਂ, ਰਸਾਲਿਆਂ ਤੇ ਨਹੀਂ, ਜਿਨ੍ਹਾ ਦੇ ਮਾਲਕ ਅਪਣੇ ਆਪ ਨੂੰ ਹੀ ਦੁਨੀਆਂ ਵਿਚਲਾ, ਪੰਥ ਦਾ ਇਕੋ ਇੱਕ ਠੇਕੇਦਾਰ ਮੰਨ ਕੇ ਚਲ ਰਹੇ ਹਨ) ਕਿ ਮੈਂ ਅੱਜ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ, ਹੋਰ ਕਿਸੇ ਕਿਤਾਬ, ਕਿਸੇ ਅਖੌਤੀ ਸਿੰਘ ਸਾਹਿਬ, ਕਿਸੇ ਅਖੌਤੀ ਸੰਤ ਬ੍ਰਹਮਗਿਆਨੀ ਨੂੰ, ਕੋਈ ਮਾਨਤਾ ਨਹੀਂ ਦੇਵਾਂਗਾ। ਮੈਂ ਅਪਣਾ ਦਸਵੰਧ ਕਿਸੇ ਗੁਰਦਵਾਰੇ, ਕਿਸੇ ਟਕਸਾਲ, ਕਿਸੇ ਸੰਤ ਦੇ ਡੇਰੇ ਨਹੀਂ ਦੇਵਾਂਗਾ। ਕਿਸੇ ਵਿਖਾਵੇ ਵਿੱਚ ਨਹੀਂ ਰੋੜ੍ਹਾਂ ਗਾ। ਹਾਂ, ਜੇ ਕਰ ਕੋਈ ਐਸਾ ਗੁਰਦੁਆਰਾ ਹੋਵੇ ਜਿੱਥੇ ਕਿ ਭਗੌਤੀ, ਰਾਗਮਾਲਾ ਅਤੇ ਹੋਰ ਕੱਚੀਆਂ ਬਾਣੀਆਂ ਨਹੀਂ ਪੜ੍ਹੀਆਂ ਜਾਂਦੀਂਆਂ ਅਤੇ ਨਾ ਹੀ ਕੋਈ ਹੋਰ ਮਨਮਤੀ ਕਰਮ ਹੁੰਦੇ ਹਨ, ਉਹਨਾ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ।
ਜੇ ਭਵਿੱਖ ਵਿਚ, ਪੰਥ ਦਾ ਕੋਈ ਅਜਿਹਾ ਫੰਡ ਖੋਲ੍ਹਿਆ ਜਾਂਦਾ ਹੈ, ਜਿਸ ਬਾਰੇ ਮੈਨੂੰ ਪੂਰੀ ਤਸੱਲੀ ਹੋ ਜਾਵੇ ਕਿ ਇਸ ਫੰਡ ਦਾ ਪੈਸਾ, ਕਿਸੇ ਵਿਖਾਵੇ ਵਿੱਚ ਨਹੀਂ ਰੋੜ੍ਹਿਆ ਜਾਵੇਗਾ, ਨਰੋਲ ਪੰਥ ਦੀ ਭਲਾਈ ਲਈ ਵਰਤਿਆ ਜਾਵੇਗਾ, ਪੂਰੀ ਤਸੱਲੀ ਹੋਣ ਤੇ ਅਪਣਾ ਦਸਵੰਧ ਦਾ ਪੈਸਾ ਉਸ ਫੰਡ ਵਿੱਚ ਹੀ ਜਮ੍ਹਾ ਕਰਾਵਾਂ ਗਾ। ਮੈਂ ਪੰਥਿਕ ਭਲਾਈ ਨੂੰ, ਸਭ ਚੀਜ਼ਾਂ ਤੋਂ ਉਪਰ ਮੰਨਾਂਗਾ।
ਇੱਕ ਗੱਲ ਦਾ ਵਿਸ਼ਵਾਸ ਅਸੀਂ ਪੰਥਿਕ ਗੁਰਸਿੱਖਾਂ ਨੂੰ ਦਿਵਾਉਣਾ ਚਾਹੁੰਦੇ ਹਾਂ ਕਿ, ਸਿੱਖ ਮਾਰਗ ਦੇ ਸੰਪਾਦਕ ਮੰਡਲ ਵਿਚੋਂ ਕੋਈ ਵੀ, ਕਿਸੇ ਚੌਧਰ ਦਾ ਚਾਹਵਾਨ ਨਹੀਂ ਹੈ। ਹਾਲਾਂਕਿ ਸਾਡੀ ਜ਼ਿੰਦਗੀ ਖੁਲ੍ਹੀ ਕਿਤਾਬ ਵਾਙ ਹੈ, ਫਿਰ ਵੀ ਜੇ ਕਿਸੇ ਨੂੰ ਸਾਡੀ ਜ਼ਿੰਦਗੀ ਵਿਚਲੀ, ਕੋਈ ਇੱਕ ਘਟਨਾ ਵੀ ਅਜਿਹੀ ਦਿਸਦੀ ਹੋਵੇ, ਜਿਸ ਵਿੱਚ ਅਸੀਂ ਕਿਸੇ ਚੌਧਰ ਲਈ ਕੋਈ ਲਾਲਸਾ ਦਰਸਾਈ ਹੋਵੇ, ਤਾਂ ਉਹ ਵੀਰ ਬਿਨਾ ਕਿਸੇ ਝਿਜਕ ਦੇ, ਖੁਲ੍ਹ ਕੇ ਚਿੱਠੀ ਲਿਖੇ। ਅਸੀਂ ਉਹ ਚਿੱਠੀ, ਵੈਬਸਾਈਟ ਤੇ ਵੀ ਪਾਵਾਂਗੇ ਅਤੇ ਉਸ ਦਾ ਸਪੱਸ਼ਟੀਕਰਨ ਵੀ ਦੇਵਾਂਗੇ।
ਭਵਿੱਖ ਵਿੱਚ ਵੀ, ਗੁਰਸਿੱਖ ਵੀਰ ਜੇ ਕਿਤੇ ਸਾਡੀ ਮਦਦ ਦੀ ਲੋੜ ਮਹਿਸੂਸ ਕਰਨਗੇ ਤਾਂ ਅਸੀਂ ਉਨ੍ਹਾਂ ਦਾ ਕਿਹਾ ਸਿਰ-ਮੱਥੇ ਤੇ ਮੰਨਾਂ ਗੇ। ਵੈਸੇ ਤਾਂ ਅਸੀਂ ਉਮਰ ਦੇ ਉਸ ਪੜਾਅ ਤੇ ਪਹੁੰਚ ਚੁੱਕੇ ਹਾਂ, ਜਿਸ ਵਿਚ, ਅਸੀਂ ਜੋ ਸੇਵਾ ਕਰ ਰਹੇ ਹਾਂ ਇਹੀ ਸਾਡੇ ਲਈ ਵਾਧੂ ਹੈ। ਜਿਹੜੇ ਬੰਦੇ ਅਪਣੇ ਆਪ ਨੂੰ ਪੇਸ਼ ਕਰਨਗੇ, ਉਨ੍ਹਾਂ ਵਿਚੋਂ ਹੀ, ਲਾਇਕ ਬੰਦਿਆਂ ਨੂੰ ਜ਼ਿਮੇਵਾਰੀ ਸੌਂਪੀ ਜਾਵੇਗੀ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਫਿਲਹਾਲ ਤੁਸੀਂ ਅਪਣੇ ਧੜੇ ਛੱਡੋ, ਅਸੀ ਜਾਣਦੇ ਹਾਂ ਕਿ ਜਦ ਬੰਦੇ ਨੂੰ ਜ਼ਿਆਦਾ ਦੀ ਆਸ ਹੋ ਜਾਂਦੀ ਹੈ ਤਾਂ ਉਹ ਸੁਭਾਵਕ ਹੀ ਛੋਟੀਆਂ ਚੀਜ਼ਾਂ ਦੀ ਪਕੜ ਛੱਡ ਦਿੰਦਾ ਹੈ।
ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਸਭ ਜਿਣੇ ਮਿਲ ਕੇ ਇੱਕ ਟੀਚਾ ਮਿਥੀਏ, ਇੱਕ ਰਾਹ ਚੁਣੀਏ, ਤਾਂ ਜੋ ਸਾਡੀ ਆਵਾਜ਼ ਦੀ ਵੀ ਕੋਈ ਕੀਮਤ ਹੋਵੇ, ਸਾਡੀ ਵੀ ਕੋਈ ਤਾਕਤ ਹੋਵੇ। ਇੱਕ ਹੋਰ ਯਕੀਨ ਦਿਵਾਉਂਦੇ ਹਾਂ ਕਿ ਹਰ ਧੜੇ, ਹਰ ਬੰਦੇ ਦਾ ਯੋਗ ਸਨਮਾਨ ਕੀਤਾ ਜਾਵੇਗਾ।
ਇਸ ਤਰ੍ਹਾਂ ਸਾਡੇ ਕੋਲ ਗੁਰਸਿੱਖਾਂ ਦੇ ਨਾਮ ਪਤੇ ਅਤੇ ਸੰਪਰਕ ਸਾਧਨ, ਜੁੜ ਜਾਣਗੇ। ਵੈਬਸਾਈਟ ਤੇ ਵਿਚਾਰ ਸਾਂਝ ਹੁੰਦੀ ਰਹੇਗੀ। ਵੇਲਾ ਆਉਣ ਤੇ ਲੋੜ ਅਨੁਸਾਰ ਜੁੜ ਕੇ ਗੁਰਮਤਾ ਕਰ ਲਿਆ ਜਾਵੇਗਾ।
ਉਮੀਦ ਹੈ ਤੁਸੀਂ ਜ਼ਿੱਮੇਵਾਰ ਵਿਅਕਤੀਆਂ ਵਾਙ ਵਰਤਾਵਾ ਕਰਦਿਆਂ ਸਾਨੂੰ ਨਿਰਾਸ ਨਹੀਂ ਕਰੋਗੇ। ਜਿਨ੍ਹਾਂ ਵੀਰਾਂ ਕੋਲ ਇੰਟਰਨੈਟ ਸੁਵਿਧਾ ਨਾ ਹੋਵੇ, ਉਨ੍ਹਾਂ ਨੂੰ ਸੂਚਤ ਕਰ ਕੇ, ਅਪਣੀ ਮਾਰਫਤ, ਉਨ੍ਹਾਂ ਦੇ ਪ੍ਰਣ-ਪੱਤ੍ਰ ਵੀ ਪਾਵੋ। ਅਸੀਂ ਤੁਹਾਡੇ ਕੋਲੋਂ ਕੋਈ ਪੈਸਾ ਧੇਲਾ ਕੁੱਝ ਵੀ ਨਹੀਂ ਮੰਗਦੇ, ਸਿਰਫ ਤੇ ਸਿਰਫ ਮੰਗਦੇ ਹਾਂ ਸ਼ਬਦ ਗੁਰੂ ਗਿਆਨ ਦੇ ਸਿੱਖੀ ਦੇ ਦਰਦ ਵਾਲਾ ਪ੍ਰਣ। ਜੇ ਹੈ ਤਾਂ ਖੁੱਲ ਕੇ ਦੱਸ ਦਿਓ ਅਤੇ ਜੇ ਕਰ ਨਹੀਂ ਹੈ ਅਤੇ ਫੋਕਾ ਦਿਖਲਾਵਾ ਹੀ ਹੈ ਤਾਂ ਚੁੱਪ ਰਹੋ। ਫਿਰ ਜੋ ਹੁੰਦਾ ਹੈ ਹੋਈ ਜਾਣ ਦਿਓ।
ਚੰਗੇ ਹੁੰਗਾਰੇ ਦੀ ਆਸ ਵਿਚ।

ਸੰਪਾਦਕੀ ਬੋਰਡ




.