.

ਗੁਰੂ ਦੀ ਭਾਸ਼ਾ ਤੇ ਉਸ ਦੇ ਭਾਵ ਅਰਥ

ਹਰਦੇਵ ਸਿੰਘ, ਜੰਮੂ

91-191-9419184990

ਗੁਰੂ ਸਾਹਿਬਾਨ ਨੇ ਆਪਣੀਆਂ ਰਚਨਾਵਾਂ ਵਿੱਚ ਸਮਕਾਲੀ ਪ੍ਰਚਲਿਤ ਭਾਸ਼ਾਵਾਂ ਤੇ ਬੋਲੀਆਂ ਦੀ ਵਰਤੋਂ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਲਿਪੀ ਗੁਰਮੁਖੀ ਜਾਂ ਪੰਜਾਬੀ ਹੈ ਲੇਕਿਨ ਸ਼ਬਦ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ ਤੇ ਬੋਲੀਆਂ ਦੇ ਵੀ ਹਨ। ਇਸ ਵਿੱਚ ਹਿੰਦੀ ਤੋਂ ਲੈ ਕੇ ਮਧ ਏਸ਼ੀਆ ਵਿੱਚ ਪ੍ਰਚਲਿਤ ਅਰਬੀ, ਫ਼ਾਰਸੀ ਆਦਿ ਦੇ ਉਨ੍ਹਾਂ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ ਜਿਹੜੇ ਕਿ ਸਮਕਾਲੀ ਭਾਰਤੀ ਸਮਾਜ ਵਿੱਚ ਪ੍ਰਚਲਿਤ ਸਨ। ਲੇਕਿਨ ਇਹ ਟਿੱਪਣੀ ਗੁਰੂ ਦੀ ਭਾਸ਼ਾ ਦੇ ਨਾਲ ਜੁੜੇ ਉਨ੍ਹਾਂ ਸੂਤਰਾਂ ਨੂੰ ਉਜਾਗਰ ਨਹੀਂ ਕਰਦੀ ਜਿਨ੍ਹਾਂ ਰਾਹੀਂ ਗੁਰੁ ਦੁਆਰਾ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ ਤੇ ਉਸ ਦੇ ਭਾਵਅਰਥਾਂ ਨੂੰ ਸਹੀ ਸੰਧਰਭ ਵਿੱਚ ਸਮਝਿਆ ਜਾ ਸਕੇ।

ਭਾਸ਼ਾ ਇੱਕ ਸਾਧਨ ਹੈ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ। ਭਾਸ਼ਾ ਉਸ ਨੂੰ ਕਿਹੰਦੇ ਹਨ ਜਿਸ ਦੇ ਨਾਲ ਲਿਖ ਕੇ ਜਾਂ ਬੋਲ ਕੇ ਮਨੁੱਖ ਆਪਣੇ ਵਿਚਾਰ ਦੂਸਰਿਆਂ ਸਾਹਮਣੇ ਪ੍ਰਗਟ ਕਰ ਸਕੇ। ਇਥੇ ਭਾਸ਼ਾ ਭਾਵਾਂ ਤੇ ਵੀ ਨਿਰਭਰ ਕਰਦੀ ਹੈ। ਮਿਸਾਲ ਵਜੋਂ ਜੇ ਕੋਈ ਮਨੁੱਖ ਦੂਜੇ ਮਨੁੱਖ ਨੂੰ ਸਰਲ ਭਾਵ ਵਿੱਚ ਕਹੇ “ਮੇਰੇ ਕੋਲ ਆਉ” ਤਾਂ ਉਸ ਦੀ ਭਾਸ਼ਾ ਸਤਿਕਾਰਪੂਰਨ ਹੈ। ਲੇਕਿਨ ਜੇ ਉਹ ਚੀਕਦੇ ਹੋਏ ਸਖਤੀ ਨਾਲ ਕਹੇ “ਮੇਰੇ ਕੋਲ ਆਉ” ਤਾਂ ਉਸ ਦੀ ਭਾਸ਼ਾ ਇੱਕ ਆਦੇਸ਼ ਜਾਂ ਅਨਾਦਰ ਭਰੀ ਹੈ। ਇਸ ਲਈ ਜ਼ਾਹਿਰ ਹੈ ਕਿ ਮਨੋਭਾਵ ਭਾਸ਼ਾ ਦੇ ਅਸਲ ਮਕਸਦ ਨੂੰ ਸਪਸ਼ਟ ਕਰਦੇ ਹਨ ਅਤੇ ਉਸ ਨੂੰ ਪ੍ਰਭਾਵਿਤ ਵੀ ਕਰਦੇ ਹਨ।

ਹੁਣ ਜੇ ਵਿਚਾਰ ਬੋਲੇ ਨਹੀਂ ਜਾ ਰਹੇ ਬਲਕਿ ਲਿਖ ਦਿਤੇ ਗਏ ਹਨ ਤਾਂ ਲਿਖਣ ਵਾਲੇ ਦੇ ਭਾਵ ਅਰਥ ਜਾਂ ਮਕਸਦ ਨੂੰ ਸਮਝਣ ਵਾਸਤੇ ਜ਼ਿਆਦਾ ਚੇਤੰਨ ਹੋਣ ਦੀ ਲੋੜ ਹੈ। ਇਥੇ ਅਸੀਂ ਗੁਰੁ ਦੇ ਸਰੀਰਕ ਭਾਵ ( Expression) ਨਹੀਂ ਦੇਖ ਸਕਦੇ ਕਿਉਂ ਕਿ ਸੰਸਾਰਿਕ ਦ੍ਰਿਸ਼ਟੀ ਮੁਤਾਬਿਕ ਉਹ ਜਾ ਚੁਕੇ ਹਨ। ਇਹ ਹੈ ਪਹਿਲੀ ਗੱਲ।

ਹੁਣ ਦੂਜੀ ਗੱਲ – ਕਿਉਂਕਿ ਉਹ ਗੁਰੁ ਆਪ ਸਾਡੇ ਵਿਚਕਾਰ ਸਰੀਰਕ ਰੂਪ ਵਿੱਚ ਮੌਜੂਦ ਨਹੀਂ ਹਨ ਇਸ ਵਾਸਤੇ ਉਨ੍ਹਾਂ ਦੇ ਸ਼ਬਦਾਂ ਦੇ ਅਰਥ - ਭਾਵਅਰਥ ਸਾਨੂੰ ਆਪ ਸਮਝਣੇ ਪੈਣ ਗੇ। ਹੁਣ ਅਸੀਂ ਕੀ ਕਰ ਸਕਦੇ ਹਾਂ?

ਸਾਨੂੰ ਭਾਸ਼ਾਈ ਵਿਆਕਰਣ ਦੀ ਜ਼ਰੂਰਤ ਹੈ। ਗੁਰੁ ਸਾਹਿਬਾਨ ਦੀ ਬਾਣੀ ਸਮਝਣ ਵਾਸਤੇ ਭਾਸ਼ਾਈ ਵਿਆਕਰਣ ਤੇ ਸ਼ਬਦ ਕੋਸ਼ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਵਰਤੇ ਗਏ ਸ਼ਬਦਾਂ ਦੇ ਅਰਥ ਸਮਝਣ ਵਿੱਚ ਸਹਾਇਤਾ ਦਿੰਦੇ ਹਨ। ਪਰ ਇਹ ਸਹਾਇਤਾ ਅਧੂਰੀ ਹੈ ਕਿਉਂ ਕਿ ਭਾਸ਼ਾਈ ਵਿਆਕਰਣ ਜਾਂ ਸ਼ਬਦ ਕੋਸ਼ ਸ਼ਬਦਾਂ ਦੇ ਭਾਵਅਰਥ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਪਾਉਂਦੇ। ਇਥੇ ਅਸੀਂ ਫ਼ਿਰ ਆਪਣੇ ਵਿਵੇਕ ਤੇ ਬੁਧੀ ਤੇ ਨਿਰਭਰ ਹਾਂ।

ਤੀਸਰੀ ਗੱਲ – ਕਿਉਂ ਕਿ ਹੁਣ ਗੱਲ ਸਾਡੇ ਆਪਣੇ ਵਿਵੇਕ ਤੇ ਬੁੱਧੀ ਤੇ ਆ ਪੁੱਜੀ ਹੈ ਤਾਂ ਅਸੀਂ ਸਮਝ ਲਈਏ ਕਿ ਇਥੇ ਸਾਨੂੰ ਆਪਣੀ ਬੁਧੀ ਦੀ ਵਰਤੋਂ ਤਰਕਸ਼ੀਲ (Rational) ਹੋ ਕੇ ਕਰਨੀ ਪਵੇ ਗੀ। ਇਹ ਤਰਕਸ਼ੀਲਤਾ ਜਾਂ Rationality ਸਾਡੇ ਦਿਮਾਗ (ਸਰੀਰ ਦਾ ਇੱਕ ਹਿੱਸਾ ਜਿਥੋਂ ਵਿਵੇਕ ਜਾਂ ਅਵਿਵੇਕ ਉਪਜਦਾ ਹੈ) ਵਿੱਚ ਟਿਕਾਈ ਜਾਂ ਪੈਦਾ ਹੋਈ ਇੱਕ ਐਸੀ ਕ੍ਰਿਆ ਹੈ ਜਿਸ ਦਾ ਕਾਰਣ ਈਸ਼ਵਰ ਹੈ। ਹੁਣ ਕਿਉਂਕਿ ਕਾਰਨ ਕ੍ਰਿਤ ਤੋਂ (ਮੋਟੇ ਤੌਰ ਤੇ) ਵਖਰਾ ਨਹੀਂ ਆਖਿਆ ਜਾ ਸਕਦਾ। ਇਸ ਦ੍ਰਿਸ਼ਟੀ ਨਾਲ ਮਨ ਦੀ ਵਿਵੇਕਸ਼ੀਲਤਾ (Rationality) ਈਸ਼ਵਰ ਰੂਪੀ ਜੋਤਿ ਕਹੀ ਜਾ ਸਕਦੀ ਹੈ ਕਿਉਂ ਕਿ ਈਸ਼ਵਰ ਆਪ ਵੀ Rational ਹੈ। ਇਹ ਸਮਾਨਤਾ ਕੇਵਲ ਹੁਣ ਦੇ ਆਧਾਰ ਤੇ ਹੈ। ਹੁਣ ਕਿਉਂ ਕਿ ਗੁਰੂ ਸਾਹਿਬ ਦੀ ਬਾਣੀ ਸੱਚ ਦੀ ਫ਼ਿਲਾਸਫ਼ੀ ਹੈ ਇਸ ਲਈ ਇਸ ਫ਼ਿਲਾਸਫ਼ੀ ਨੂੰ ਕੇਵਲ ਮਨ (Rational Mind) ਨਾਲ ਹੀ ਸਮਝਿਆ ਜਾ ਸਕਦਾ ਹੈ।

ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।। “

ਚੌਥੀ ਗੱਲ:- ਆਓ ਹੁਣ ਉਨ੍ਹਾਂ ਗੱਲਾਂ ਨੂੰ ਸਮਝੀਏ ਜੋ ਸਾਡੇ ਸਾਹਮਣੇ ਲਿਖਤ ਰੂਪ ਵਿੱਚ ਨਹੀਂ ਹਨ, ਪਰ ਬਿਨਾਂ ਇਨ੍ਹਾਂ ਗੱਲਾਂ ਨੂੰ ਜਾਣੇ ਅਸੀਂ ਗੁਰੁ ਦੀ ਭਾਸ਼ਾ ਤੇ ਉਸ ਦੇ ਭਾਵਅਰਥ ਨੂੰ ਕਦੇ ਵੀ ਨਹੀਂ ਸਮਝ ਸਕਾਂਗੇ। ਹੁਣ ਇਸ ਚੌਥੀ ਅਤੇ ਬੇਹੱਦ ਮਹੱਤਵਪੂਰਣ ਗੱਲ ਦੀਆਂ ਕੁੱਝ ਗੱਲਾਂ।

ਪਹਿਲੀ ਗੱਲ:- ਪਰਮਾਤਮਾ ਦੀ ਕੋਈ ਆਪਣੀ ਲਿੱਪੀ ਜਾਂ ਭਾਸ਼ਾ ਨਹੀਂ। ਉਸ ਨੇ ਮਨੁੱਖ ਨੂੰ ਸਮਝਣ ਤੇ ਬੋਲਣ ਦੀ ਸਮਰੱਥਾ (Ability) ਬਖਸ਼ੀ ਹੈ। ਸਾਰੀਆਂ ਭਾਸ਼ਾਵਾਂ ਮਨੁੱਖ ਦੀਆਂ ਆਪਣੀਆਂ ਈਜਾਦਾਂ ਹਨ।

ਦੂਜੀ ਗੱਲ:-ਜਿਸ ਵੇਲੇ ਗੁਰੁ ਨਾਨਕ ਜੀ ਨੇ ਜਨਮ ਲਿਆ, ਉਸ ਤੋਂ ਪਹਿਲਾਂ ਵੀ ਸਮਾਜ ਵਿੱਚ ਕਈ ਭਾਸ਼ਾਵਾਂ ਤੇ ਬੋਲੀਆਂ ਪ੍ਰਚਲਿਤ ਸਨ। ਗੁਰੁ ਨਾਨਕ ਜੀ ਨੇ ਆਪ ਵੀ ਇਨ੍ਹਾਂ ਨੂੰ ਇੱਕ ਆਮ ਮਨੁੱਖ ਦੀ ਤਰ੍ਹਾਂ ਮਾਂ ਬਾਪ ਅਤੇ ਸਮਾਜ ਤੋਂ ਸਿੱਖਿਆ ਸੀ। ਇਥੇ ਗੁਰੂ ਨਾਨਕ ਜੀ ਨੇ ਸਮਾਜ ਵਿੱਚ ਪ੍ਰਚਲਿਤ ਕਹਾਵਤਾਂ ਤੇ ਮੁਹਾਵਰਿਆਂ ਨੂੰ ਵੀ ਬਾਰੀਕੀ ਨਾਲ ਸਮਝਿਆ ਸੀ।

ਤੀਸਰੀ ਗੱਲ:- ਗੁਰੂ ਨਾਨਕ ਜੀ ਤੋਂ ਕਈ ਚਿਰ ਪਹਿਲਾਂ ਦਾ ਬਣਿਆ ਹੋਇਆ ਸਮਾਜ ਕਈ ਪ੍ਰਕਾਰ ਦੇ ਧਰਮਾਂ ਤੇ ਪੰਥਾਂ ਨੂੰ ਮੰਨਦਾ ਚਲ ਰਿਹਾ ਸੀ। ਗੁਰੂ ਨਾਨਕ ਜੀ ਦਾ ਸਾਰਾ ਜੀਵਨ ਐਸੇ ਹੀ ਸਮਾਜ ਵਿੱਚ ਬੀਤਿਆ ਸੀ। ਇਥੇ ਉਨ੍ਹਾਂ ਨੇ ਮੌਜੂਦਾ ਧਰਮਾਂ ਦੇ ਫ਼ਲਸਫ਼ੇ ਅਤੇ ਲੋਕਾਂ ਦੇ ਧਾਰਮਿਕ, ਆਰਥਿਕ, ਸਮਾਜਿਕ ਤੇ ਰਾਜਨੀਤਿਕ ਆਚਰਣ ਨੂੰ ਬਾਰੀਕੀ ਦੇ ਨਾਲ ਸਮਝਿਆ ਸੀ।

ਚੌਥੀ ਗੱਲ:- ਗੁਰੁ ਸਾਹਿਬ ਨੇ ਆਪਣੇ ਵਿਚਾਰਾਂ (ਧਰਮ) ਨੂੰ ਪਹਿਲੇ ਤੋਂ ਮੌਜੂਦ ਭਾਸ਼ਾ ਜਾਂ ਬੋਲੀਆਂ ਦੀ ਸਹਾਇਤਾ (ਕੇਵਲ ਲਿੱਪੀ ਆਪਣੀ) ਨਾਲ ਪਹਿਲੇ ਤੋਂ ਮੌਜੂਦ ਸਮਾਜ ਵਿੱਚ ਪ੍ਰਗਟ ਕਰਨਾ ਸ਼ੁਰੂ ਕੀਤਾ। ਇਥੇ ਉਨ੍ਹਾਂ ਨੇ ਪਹਿਲੇ ਤੋਂ ਪ੍ਰਚਲਿਤ ਸ਼ਬਦਾਂ, ਮੁਹਾਵਰਿਆਂ, ਰੀਤੀ ਰਿਵਾਜਾਂ ਅਤੇ ਧਾਰਮਿਕ ਮਾਨਤਾਵਾਂ ਦੀ ਵਰਤੋਂ ਸੰਕੇਤਿਕ ਰੂਪ ਵਿੱਚ ਕੀਤੀ ਤਾਂ ਕਿ ਉਹ ਲੋਕ ਵੀ ਉਨ੍ਹਾਂ ਦੇ ਭਾਵਾਂ ਨੂੰ ਸਮਝ ਸਕਣ ਜਿਹੜੇ ਕਿ ਮੰਦ ਬੁਧੀ ਜਾਂ ਸਾਧਾਰਣ ਬੁਧੀ ਦੇ ਸਨ। ਹਾਂ ਉਨ੍ਹਾਂ ਨੇ ਤੇਜ਼ ਬੁਧੀ ਰਖਣ ਵਾਲੇ ਲੋਕਾਂ ਦੇ ਸਾਹਮਣੇ ਆਪਣੇ ਦਰਸ਼ਨ ਨੂੰ ਸੰਕੇਤਿਕ ਸ਼ਬਦਾਂ ਦੇ ਬਿਨਾਂ ਸਪਸ਼ਟ ਰੂਪ ਵਿੱਚ ਵੀ ਰਖਿਆ। ਸਾਨੂੰ ਚਾਹੀਦਾ ਹੈ ਕਿ ਅਸੀਂ ਕੇਵਲ ਐਸੇ ਸਪਸ਼ਟ ਸ਼ਬਦਾਂ ਨੂੰ ਗੁਰੂ ਦੇ ਸਿਧਾਂਤ ਨੂੰ ਸਮਝਣ ਦਾ ਮਾਣਕ (Parameter) ਬਣਾਈਏ।

ਪੰਜਵੀਂ ਗੱਲ:- ਗੁਰੂ ਸਾਹਿਬ ਜਾਣਦੇ ਬਹੁਤ ਜ਼ਿਆਦਾ ਸਨ ਪਰ ਉਨ੍ਹਾਂ ਦੀਆਂ ਵੀ ਕੁੱਝ ਹੱਦਾਂ ਸਨ ਅਤੇ ਅਜ ਵੀ ਹਨ। ਸਭ ਤੋਂ ਮਹੱਤਵਪੂਰਣ ਹੱਦ ਹੈ ਸਮਾਜ (ਲੋਕਾਂ) ਦੇ ਸਮਝਣ ਦੀ ਸ਼ਕਤੀ। ਲੋਕ ਬੁਨਿਆਦੀ ਰੂਪ ਵਿੱਚ ਸਮਝਣ ਦੀ ਅਲੱਗ ਅਲੱਗ ਸ਼ਕਤੀ ਰੱਖਦੇ ਹਨ। ਇਥੇ ਗੁਰੁ ਜੋ ਜਾਣਦਾ ਹੈ ਕਹਿ ਦਿੰਦਾ ਹੈ ਜਾਂ ਲਿਖ ਦਿੰਦਾ ਹੈ। ਪਰ ਲੋਕ ਉਸਨੂੰ ਆਪਣੇ ਆਪਣੇ ਨਜ਼ਰੀਏ ਨਾਲ ਸਮਝਦੇ ਹਨ। ਇਹ ਸਮੱਸਿਆ ਉਦੋਂ ਵੀ ਸੀ ਤੇ ਅੱਜ ਵੀ ਹੈ। ਕੁੱਝ ਸਮਝਦੇ ਹਨ ਕਿ ਜੋ ਸਮਝ ਲਿਆ ਗਿਆ ਹੈ ਉਹੀ ਸਹੀ ਹੈ। ਉਸ ਵੇਲੇ ਗੁਰੁ ਆਪ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਸੀ। ਉਹ ਦੱਸ ਸਕਦਾ ਸੀ ਆਪਣਾ ਭਾਵ। ਕਰ ਸਕਦਾ ਸੀ ਨਿਵਾਰਣ ਉਨ੍ਹਾਂ ਭੁਲੇਖਿਆਂ ਜਾਂ ਸ਼ੰਕਾਵਾਂ ਦਾ ਜੋ ਉਸ ਦੇ ਸ਼ਬਦਾਂ ਨੂੰ ਲੈ ਕੇ ਸਾਡੇ ਮਨਾਂ ਵਿੱਚ ਉਠਦੀਆਂ। ਪਰ ਅੱਜ ਕੀ ਹੋਵੇ? ਗੁਰੁ ਬੋਲਦਾ ਤਾਂ ਹੈ ਪਰ ਅਸੀਂ ਨਿਰਭਰ ਹਾਂ ਕੁੱਝ ਵਿਆਖਿਆਵਾਂ ਤੇ। ਅਸੀਂ ਕੀ ਕਰੀਏ? ਕਿਸ ਤੋਂ ਸਮਝੀਏ ਗੁਰੂ ਦੀ ਭਾਸ਼ਾ ਦਾ ਅਸਲੀ ਭਾਵਅਰਥ? ਆਓ ਅਸੀਂ ਇਸ ਲੇਖ ਦੀ ਆਖਰੀ ਗੱਲ ਵਿੱਚ ਇਨ੍ਹਾਂ ਸਵਾਲਾਂ ਦਾ ਜਵਾਬ ਲਭੀਏ।

ਸਭ ਤੋਂ ਪਹਿਲਾਂ ਅਸੀਂ ਉਪਰਲੀਆਂ ਗੱਲਾਂ ਨੂੰ ਸਹੀ ਸੰਧਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ ਸਮਝੀਏ ਕਿ ਗੁਰੂ ਪੂਰਾ ਹੈ ਪਰ ਸਾਡੀਆਂ ਕੁੱਝ ਵਿਆਖਿਆਵਾਂ ਅਧੂਰੀਆਂ ਹਨ। ਉਹ ਇਸ ਵਾਸਤੇ ਅਧੂਰੀਆਂ ਹਨ ਕਿਉਂ ਕਿ ਪੂਰੇ ਨਾਲ ਮੇਲ ਨਹੀਂ ਖਾਂਦੀਆਂ। ਉਹ ਇਸ ਲਈ ਅਧੂਰੀਆਂ ਹਨ ਕਿਉਂ ਕਿ ਉਹ ਸਾਨੂੰ ਭਟਕਾਉਂਦੀਆਂ ਹਨ। ਉਹ ਇਸ ਲਈ ਅਧੂਰੀਆਂ ਹਨ ਕਿਉਂ ਕਿ ਸਾਨੂੰ ਤ੍ਰਿਪਤ ਨਹੀਂ ਕਰ ਪਾਉਂਦੀਆਂ। ਸਾਨੂੰ ਚਾਹੀਦਾ ਹੈ ਕਿ ਅਸੀਂ “ਗੁਰਪ੍ਰਸਾਦਿ” (Teacher’s Grace) ਦੇ ਸਿਧਾਂਤ ਪ੍ਰਤੀ ਪੂਰਣ ਸਮਰਪਣ ਕਰੀਏ ਫ਼ਿਰ ਅਸੀਂ ਪਰਮਾਤਮਾ ਦੁਆਰਾ ਸਥਾਪਿਤ (ਉਕਤਿ ਜੋਤਿ ਲੈ ਸੁਰਤਿ ਪਰੀਖਿਆ।। (ਪੰਨਾ 913) ਮਨ (Rational Mind) ਨੂੰ ਅਪਣੀ ਸੋਚ ਵਿੱਚ ਉਜਾਗਰ (ਰਾਖਣਹਾਰ ਸੁਮਾਰ ਜਨਾ ਸਗਲੇ ਛੋਡਿ ਵਿਚਾਰ ਮਨਾ।। (ਪੰਨਾ 913) ਕਈਏ। ਇਸ ਕੋਸ਼ਿਸ਼ ਵਿੱਚ ਗੁਰੂ ਸਾਡਾ ਮਾਰਗ ਦਰਸ਼ਕ ਹੈ। ਅਸੀਂ ਯਾਦ ਰੱਖੀਏ ਕਿ ਉਹ ਮਨ (Rational Mind) ਹੀ ਸੀ ਜਿਸ ਨੇ ਇਹ ਸਮਝਿਆ ਕਿ ਸੂਰਜ ਨੂੰ ਪਾਣੀ ਦੇਣਾ ਵਿਅਰਥ ਹੈ। ਜਿਸ ਨੇ ਇਹ ਸਮਝਿਆ ਕਿ ਅਲਾਹ ਸਿਰਫ਼ ਕਿਸੇ ਇਕੋ ਭਵਨ ਜਾਂ ਦਿਸ਼ਾ ਵਿੱਚ ਨਹੀਂ ਹੈ। ਜਿਸ ਨੇ ਇਹ ਸਮਝਿਆ ਕਿ ਸਾਰੀ ਮਾਨਵਤਾ ਇਕੋ ਜਮਾਤ ਹੈ। ਜਿਸ ਨੇ ਇਹ ਸਮਝਿਆ ਕਿ ਸਾਰਿਆਂ ਨੂੰ ਬਰਾਬਰੀ (Equality) ਦਾ ਹੱਕ ਹੈ। ਜਿਸ ਨੇ ਕਿਸੇ ਜ਼ਾਲਮ ਬਾਦਸ਼ਾਹ ਦੀ ਬਾਦਸ਼ਾਹਤ ਨੂੰ ਚੁਣੌਤੀ (Right of Democratic Expression) ਦਿੱਤੀ ਸੀ।

ਉਪਰਲੀਆਂ ਗੱਲਾਂ ਦੇ ਰਾਹੀਂ ਗੁਰੁ ਦੀ ਭਾਸ਼ਾ ਅਤੇ ਉਸ ਦੇ ਅਸਲੀ ਭਾਵਾਂ ਨੂੰ ਸਮਝ ਸਕਦੇ ਹਾਂ।।

ਹਰਦੇਵ ਸਿੰਘ, ਜੰਮੂ

91-191-9419184990




.