.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪੰਜ ਖੰਡ
ਭਾਗ ਪਹਿਲਾ ਧਰਮ ਖੰਡ

ਮਨੁੱਖ, ਪਰਵਾਰ, ਸਮਾਜ ਤੇ ਮੁਲਕ ਇੱਕ ਕੜੀ ਦੇ ਅਧੀਨ ਰਹਿ ਰਹੇ ਹਨ। ਮਨੁੱਖੀ ਮਨ ਵਿੱਚ ਜਦੋਂ ਵਿਗਾੜ ਪੈਦਾ ਹੁੰਦਾ ਹੈ ਤਾਂ ਕੁਦਰਤੀ ਪਰਵਾਰ ਤੇ ਸਮਾਜ ਦੀ ਰੂਪ ਰੇਖਾ ਵਿਗੜਨੀ ਸ਼ੁਰੂ ਹੁੰਦੀ ਹੈ। ਸੂਝਵਾਨ ਸਰਕਾਰਾਂ ਆਪਣੇ ਲੋਕਾਂ ਨੂੰ ਹਰ ਪਰਕਾਰ ਦੀ ਸੁੱਖ ਸਹੂਲਤ ਤੇ ਮਨੁੱਖੀ ਬਰਾਬਰਤਾ ਦੇ ਅਧਿਕਾਰ ਦੇਣ ਦੀ ਵਚਨ-ਬਧ ਹੁੰਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਜ਼ਿੰਦਗੀ ਨੂੰ ਬਹੁਤ ਹੀ ਗਹੁ ਨਾਲ ਨਿਹਾਰਿਆ ਕਿ ਧਰਮ ਦੇ ਨਾਂ `ਤੇ ਇਨਸਾਨੀਅਤ ਦਾ ਦਿਨ ਦੀਵੀਂ ਕਤਲ ਕੀਤਾ ਜਾ ਰਿਹਾ ਹੈ। ਅਜੇਹੀ ਬਿਮਾਰੀ ਅੱਜ ਵੀ ਉਂਝ ਹੀ ਕਾਇਮ ਹੈ। ਧਰਮਾਂ ਦੇ ਨਾਂ `ਤੇ ਸਾੜ-ਫੂਕ, ਵੱਢ-ਟੁੱਕ ਤੇ ਨਫ਼ਰਤ ਵਰਗੀਆਂ ਬਿਾਮਰੀਆਂ ਸਾਡੇ ਧੁਰ ਅੰਦਰ ਤੀਕ ਸਮਾਈਆਂ ਹੋਈਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਜੇਹੇ ਸਮਾਜ ਦੀ ਸਿਰਜਣਾ ਕੀਤੀ ਹੈ ਜਿਸ ਵਿੱਚ ਇੱਕ ਪ੍ਰਮਾਤਮਾ ਦੇ ਰੱਬੀ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਵਿੱਚ ਸਾਫ਼ਗੋਈ ਦਾ ਨਿਖਾਰ ਲਿਆਉਣਾ ਹੈ।
ਗੁਰਬਾਣੀ ਦਾ ਸਪਸ਼ਟ ਸਿਧਾਂਤ ਹੈ ਕਿ ਆਪਣੇ ਜੀਵਨ ਵਿੱਚ ਚੱਜ ਅਚਾਰ ਸਿੱਖ ਕੇ ਚੰਗੇ ਮਨੁੱਖ ਬਣਨ ਦਾ ਯਤਨ ਕੀਤਾ ਜਾਏ। ਚੱਜ ਅਚਾਰ ਸਿੱਖਣ ਦੀ ਸ਼ਰੂਆਤ ਆਪਣੇ ਤੋਂ ਕਰਨੀ ਸੀ ਪਰ ਅਸੀਂ ਆਪ `ਤੇ ਸਿੱਖਣ ਲਈ ਤਿਆਰ ਨਾ ਹੋਏ ਪਰ ਸਾਰਾ ਜ਼ੋਰ ਦੂਜਿਆਂ ਨੂੰ ਸਿਖਾਉਣ ਤੇ ਹੀ ਲਾ ਦਿੱਤਾ ਤੇ ਲਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਮਾਰਗ ਨੂੰ ਅਸੀਂ ਆਪੋ ਆਪਣੀ ਮਤ ਦੇ ਅਨੁਸਾਰ ਚਲਾਉਣ ਨੂੰ ਤਰਜੀਹ ਦੇ ਰਹੇ ਹਾਂ ਤੇ ਕਈ ਰਸਤੇ ਬਣਾ ਲਏ ਹਨ। ਕੋਈ ਸਿਰ ਹਿਲਾ ਹਿਲਾ ਕੇ ਇਕੋ ਸ਼ਬਦ ਨੂੰ ਉੱਚੀ ਉੱਚੀ ਬੋਲ ਕੇ ਦੁਹਾਈ ਪਾ ਰਿਹਾ ਹੈ ਕਿ ਬਾਬਾ ਨਾਨਕ ਜੀ ਸਾਨੂੰ ਇੰਝ ਹੀ ਕਰਨ ਲਈ ਕਹਿ ਗਏ ਸਨ। ਕੋਈ ਸਾਰੀ ਸਾਰੀ ਰਾਤ ਗਾ ਗਾ ਕੇ ਕਹਿ ਰਿਹਾ ਹੈ ਕੇ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵੀ ਤਾਂ ਏਹੋ ਹੀ ਹੈ ਤੇ ਸਾਰੀ ਕੌਮ ਨੂੰ ਕੰਮ-ਕਾਰ ਛੱਡ ਇੰਝ ਹੀ ਕਰਨਾ ਚਾਹੀਦਾ ਹੈ। ਕਿਸੇ ਨੇ ਕੇਵਲ ਅਖੰਡਪਾਠ ਕਰਾਉਣ ਨਾਲ ਕਾਰਜ ਰਾਸ ਹੋਣ ਦੀ ਨਵੀਂ ਲੀਹ ਤੋਰ ਦਿੱਤੀ ਹੈ ਜਿੱਥੋਂ ਡੇਰਿਅਂ ਗੁਰਦੁਆਰਿਆਂ ਦੀ ਆਮਦਣ ਦਾ ਵੱਡਾ ਸਰੋਤ ਬਣਿਆ ਹੈ।
ਗੁਰਬਾਣੀ ਨੂੰ ਪਹਿਲਾਂ ਪੜ੍ਹਨਾ ਜਾਂ ਸੁਣਨਾ ਹੈ ਫਿਰ ਵਿਚਾਰ ਕੇ ਆਪਣੇ `ਤੇ ਲਾਗੂ ਕਰਨਾ ਹੈ। ਵਿਚਾਰਨ ਤੇ ਲਾਗੂ ਕਰਨ ਵਲੋਂ ਅਸੀਂ ਬਹੁਤ ਅਵੇਸਲੇ ਹੋਏ ਹਾਂ। ਬਹੁਤ ਸਾਰੀ ਵਿਚਾਰ ਨੂੰ ਅਸੀਂ ਇੰਝ ਪੇਸ਼ ਕਰ ਰਹੇ ਹਾਂ ਜਿਵੇਂ ਕਿਸੇ ਹੋਰ ਮੁਲਕ ਜਾ ਕੇ ਇਸ ਦੀ ਵਰਤੋਂ ਕਰਾਂਗੇ ਤੇ ਇਸ ਜੀਵਨ ਵਿੱਚ ਤਾਂ ਸਾਨੂੰ ਲੋੜ ਨਹੀਂ ਹੈ। ਏਸੇ ਤਰ੍ਹਾਂ ਜਪੁ ਬਾਣੀ ਵਿੱਚ ਆਏ ਪੰਜ ਖੰਡ ਵੀ ਕਿਸੇ ਹੋਰ ਧਰਤੀ ਉੱਤੇ ਮਿੱਥ ਲਏ ਹਨ। ਕਿਹਾ ਜਾਂਦਾ ਹੈ ਕਿ ਬੰਦਾ ਪੰਜਾਂ ਖੰਡਾਂ ਦਾ ਪੈਂਡਾ ਤਹਿ ਕਰਦਾ ਹੋਇਆ ਸੱਚ ਖੰਡ ਵਿਖੇ ਪਹੁੰਚਦਾ ਹੈ ਜਿੱਥੇ ਰੱਬ ਜੀ ਬੈਠੇ ਅਨੰਦ ਮਾਣ ਰਹੇ ਹੋਣਗੇ। ਅਸੀਂ ਵੀ ਧਾਰਮਕ ਪ੍ਰਕਿਰਿਆਂ ਏਸੇ ਲਈ ਹੀ ਨਿਬਹੁੰਦੇ ਹਾਂ ਕਿ ਪੰਜਾਂ ਖੰਡਾਂ ਦੇ ਵਿਚਦੀ ਹੁੰਦਾ ਹੋਇਆ ਨਜ਼ਾਰੇ ਵਾਲੇ ਸੱਚ ਖੰਡ ਵਿੱਚ ਪਹੁੰਚ ਜਾਏ।
ਪੰਜ ਖੰਡ ਸਾਡੀ ਜ਼ਿੰਦਗੀ ਦੇ ਪੰਜ ਪੜਾ ਹਨ ਜੋ ਸੁਭਾਅ ਕਰਕੇ ਹਰ ਵੇਲੇ ਸਾਡੇ ਨਾਲ ਚਲਦੇ ਹਨ। ਇਹਨਾਂ ਪੰਜਾਂ ਖੰਡਾਂ ਨੂੰ ਪਹਿਲਾਂ ਆਤਮਕ ਤਲ਼ `ਤੇ ਸਮਝਣਾ ਹੈ ਤੇ ਫਿਰ ਵਿਵਹਾਰਕ ਜੀਵਨ ਵਿੱਚ ਇਹਨਾਂ ਦੀ ਵਰਤੋਂ ਕਰਨੀ ਹੈ। ਸੁ ਪਹਿਲਾ ਖੰਡ ਧਰਮ ਦਾ ਆਉਂਦਾ ਹੈ---
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ, ਧਰਤੀ ਥਾਪਿ ਰਖੀ ਧਰਮਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ, ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ, ਸਚਾ ਦਰਬਾਰੁ॥
ਤਿਥੈ, ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ, ਓਥੈ ਪਾਈ॥ ਨਾਨਕ ਗਇਆ ਜਾਪੈ ਜਾਇ॥
ਪੰਨਾ ੭
ਅਰਥ:- ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ— ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ), ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।
(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ (ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ। ਉਸ ਦਰਬਾਰ ਵਿੱਚ ਸੰਤ ਜਨ ਪਰਤੱਖ ਤੌਰ `ਤੇ ਸੋਭਦੇ ਹਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
(ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੈ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ `ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ)।
ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪਉੜੀ ਦੇ ਅਰਥ ਕਰਦਿਆਂ ਬਹੁਤ ਪਿਆਰਾ ਫੁੱਟ ਨੋਟ ਵੀ ਦਿੱਤਾ ਹੈ-
ਭਾਵ ਅਰਥ---ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ `ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ।
ਨੋਟ-ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿੱਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ ‘ਧਰਮ ਖੰਡ’ ਹੈ।
ਗੁਰਬਾਣੀ ਦੇ ਭਾਵ ਅਰਥਾਂ ਨੂੰ ਆਪਣੇ `ਤੇ ਢਕਾਉਣ ਦਾ ਯਤਨ ਕਰੀਏ—
ਇਸ ਫੁੱਟ ਨੋਟ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਉਪਦੇਸ਼ ਆਤਮਕ ਤਲ ਲਈ ਹੈ। ਭਾਵ ਇਸ ਪਉੜੀ ਦੇ ਭਾਵ ਅਰਥ ਨੂੰ ਅਸੀਂ ਆਪਣੇ ਮਨ ਪੱਧਰ `ਤੇ ਸਮਝਣਾ ਹੈ। ਉਂਝ ਵੀ ਪਉੜੀ ਦੇ ਅਰਥ ਸਮਝਣ ਲਈ ਅਖ਼ੀਰਲੀ ਤੁਕ ਨੂੰ ਲਿਆ ਜਾਂਦਾ ਹੈ। ਦੂਜਾ ਜਪੁ ਬਾਣੀ ਦਾ ਅਦਰਸ਼ ਮਨੁੱਖ ਨੂੰ ਸਚਿਆਰ ਬਣਾਉਣ ਦਾ ਹੈ। ਹੁਣ ਇਸ ਪਉੜੀ ਦੀ ਅਖ਼ੀਰਲੀ ਤੁਕ ਹੈ— ‘ਨਾਨਕ ਗਇਆ ਜਾਪੈ ਜਾਇ’॥ ਰੱਬੀ ਗੁਣਾਂ ਦੀ ਸਮਝ ਆਉਂਦਿਆਂ ਹੀ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਅਸਲੀਅਤ ਕੀ ਹੈ। ਰੱਬੀ ਗੁਣਾਂ ਨੂੰ ਸਮਝਣ ਲਈ ਉਹਨਾਂ ਦਾ ਅਭਿਆਸ ਕਰਨਾ ਹੈ। ਜਿਸ ਤਰ੍ਹਾਂ ਕੋਈ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦਾ ਹੋਇਆ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ ਪਰ ਜੇ ਉਹ ਆਪਣਾ ਸਕੂਲ ਦਾ ਕੰਮ ਨਹੀਂ ਕਰਦਾ ਤਾਂ ਉਹ ਫੇਲ੍ਹ ਹੋ ਜਾਂਦਾ ਹੈ। ਏਸੇ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਕਾਲ ਵਿੱਚ ਰੱਬੀ ਗੁਣਾਂ ਨੂੰ ਸਮਝ ਕੇ ਵਿਵਹਾਰਕ ਜੀਵਨ ਬਣਾਉਣਾ ਹੈ। ਸੁ ਇਸ ਪਉੜੀ ਵਿੱਚ ਇੱਕ ਟਕਸਾਲ ਦਾ ਪ੍ਰਤੀਕ ਲੈ ਕੇ ਮਤ ਘੜਨ ਦੀ ਤਾਗੀਦ ਕੀਤੀ ਗਈ ਹੈ। ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਹਨ। ਸਿੱਕੇ ਘੜਨ ਲਈ ਔਜਾਰਾਂ ਦੀ ਜ਼ਰੂਰਤ ਹੁੰਦੀ ਹੈ। ਜਿੱਥੇ ਮਤ ਘੜਨੀ ਹੈ ਓੱਥੇ ਵੀ ਔਜਾਰਾਂ ਦੀ ਜ਼ਰੂਰਤ ਹੈ। ਪਰ ਇਹ ਔਜਾਰ ਦਿਸਦੇ ਨਹੀਂ ਹਨ। ਅਸਲੀ ਤੇ ਨਕਲੀ ਸਿੱਕੇ ਟਕਸਾਲ ਵਿੱਚ ਹੀ ਘੜੇ ਜਾਂਦੇ ਹਨ। ਨਕਲੀ ਸਿੱਕੇ ਵਿੱਚ ਸੋਨੇ ਦੀ ਮਿਕਦਾਰ ਨਹੀਂ ਹੁੰਦੀ। ਸਾਡੇ ਮਨ ਵਿੱਚ ਹਰ ਸਮੇਂ ਭਲਾ ਤੇ ਬੁਰਾ ਦੋ ਭਾਵ ਕੰਮ ਕਰਦੇ ਹਨ। ਇਹਨਾਂ ਦੋਹਾਂ ਕਰਮਾਂ ਦੇ ਅਧਾਰਤ ਹੀ ਸਾਡੀ ਮਤ ਘੜੀ ਜਾਂਦੀ ਹੈ ਤੇ ਏਸੇ ਦੇ ਅਧਾਰਤ ਹੀ ਅਸੀਂ ਕੱਚੇ ਜਾਂ ਪੱਕੇ ਜੀਵਨ ਵਾਲੇ ਕਹਿਲਾ ਸਕਦੇ ਹਾਂ।
ਪਉੜੀ ਦੀਆਂ ਪਹਿਲੀਆਂ ਤੁਕਾਂ ਵਿੱਚ ਇਸ ਧਰਤੀ `ਤੇ ਧਰਮ ਕਮਾਉਣਾ ਹੈ ਭਾਵ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ ਹੈ। ਗੁਰਬਾਣੀ ਵਿੱਚ ਜਿੱਥੇ ਧਰਤੀ ਜ਼ਮੀਨੀ ਤਲ਼ ਨੂੰ ਕਿਹਾ ਗਿਆ ਹੈ ਓੱਥੇ ਮਨੁੱਖੀ ਮਨ ਜਾਂ ਮਤ ਲਈ ਵੀ ਧਰਤੀ ਸ਼ਬਦ ਆਇਆ ਹੈ ਜੇਹਾ ਕਿ---
‘ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ’॥
ਪੰਨਾ ੩੧੦

ਜੇ ਅਖਰੀਂ ਅਰਥ ਲਵਾਂਗੇ ਤਾਂ ਏਹੀ ਅਰਥ ਬਣਨਗੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਓੱਥੇ ਧਰਤੀ ਹਰੀ ਹੋ ਜਾਂਦੀ ਹੈ। ਪਰ ਅਸੀਂ ਤੇ ਪ੍ਰਕਾਸ਼ ਓੱਥੇ ਕਰਦੇ ਹਾਂ ਜਿੱਥੇ ਮਾਰਬਲ ਲੱਗਿਆ ਹੋਵੇ ਜਾਂ ਲਕੜੀ ਦੀ ਪਾਲਕੀ ਬਣੀ ਹੋਵੇ। ਇਸ ਦਾ ਭਾਵ ਅਰਥ ਹੈ ਜਿਸ ਹਿਰਦੇ ਵਿੱਚ ਗੁਰੂ ਦੀ ਮਤ ਆ ਜਾਂਦੀ ਹੈ ਓੱਥੇ ਸ਼ੁਭ ਗੁਣਾਂ ਦੀ ਹਰਿਆਵਲ ਆ ਜਾਂਦੀ ਹੈ। ਇੱਕ ਵਿਚਾਰ ਹੋਰ ਦੇਖਿਆ ਜਾ ਸਕਦਾ ਹੈ—
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਪੰਨਾ ੪੫੦

ਸੁ ਇਸ ਧਰਤੀ ਉੱਤੇ ਸਾਨੂੰ ਜੀਵਨ ਮਿਲਿਆ ਹੈ ਤੇ ਸੁੱਖ ਵਾਸਤੇ ਸਾਰਾ ਕੁੱਝ ਕੁਦਰਤ ਨੇ ਬਣਾਇਆ ਹੈ। ਅਸੀਂ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ ਹੈ। ਸਾਡੇ ਸਾਹਮਣੇ ਭਲਾ ਤੇ ਬੁਰਾ ਦੋ ਰਸਤੇ ਹਨ। ਇਹਨਾਂ ਰਸਤਿਆਂ ਦੇ ਪਾਂਧੀ ਅਸੀਂ ਹਾਂ ਤੇ ਪਹਿਛਾਣ ਵੀ ਅਸੀਂ ਹੀ ਕਰਨੀ ਹੈ। ਕੱਚਾ ਜਾਂ ਪੱਕਾ ਰਹਿਣਾ ਵੀ ਸਾਡੇ ਤੇ ਹੀ ਨਿਰਭਰ ਕਰਦਾ ਹੈ। ਰਾਤ ਅਨੰਦ ਲੈਣ ਲਈ ਵੀ ਹੈ ਤੇ ਰਾਤ ਚੋਰੀ ਕਰਨ ਲਈ ਵੀ ਹੈ। ਦੋਵੇਂ ਪ੍ਰਮਾਣ ਸਾਨੂੰ ਗੁਰਬਾਣੀ ਵਿਚੋਂ ਮਿਲ ਜਾਂਦੇ ਹਨ—
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ॥
ਪੰਨਾ ੩੧
ਅਤੇ
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ॥
ਪੰਨਾ ੧੧੫

ਇਮਤਿਹਾਨਾਂ ਦੇ ਦਿਨਾਂ ਵਿੱਚ ਜਿਹੜਾ ਬੱਚਾ ਸੁੱਤਾ ਹੀ ਰਹਿੰਦਾ ਹੈ ਉਹ ਕੱਚਾ ਹੀ ਰਹੇਗਾ। ਤਰੱਕੀ ਕਰਨ ਵਾਲੇ ਮਨੁੱਖ ਪ੍ਰਤੀ ਪੰਜਾਬੀ ਦਾ ਮੁਹਵਰਾ ਬੜਾ ਵਧੀਆ ਹੈ ਤੇ ਲੋਕ ਸਹਿਜ ਸੁਭਾ ਹੀ ਕਹਿ ਦੇਂਦੇ ਹਨ ਕਿ ਰਾਤਾਂ ਜਾਗੀਆਂ ਨੇ। ਸੁ ਰਾਤਰੀ ਦੀ ਸਵੇਰ ਵਰਗੀ ਤਾਜ਼ਗ਼ੀ ਦੇ ਗੁਣ ਨੂੰ ਮਤ ਰੂਪੀ ਧਰਤੀ ਵਿੱਚ ਲੈ ਕੇ ਆਉਣਾ ਹੈ। ਮਨੁੱਖੀ ਸੁੱਖ ਲਈ ਰਾਤਾਂ ਰੁਤਾਂ ਦਿਨ ਆਦਕ ਬਣੇ ਹਨ ਜੋ ਕੁਦਰਤੀ ਨਿਯਮਾਵਲੀ ਵਿੱਚ ਸਦਾ ਹੀ ਚਲਦੇ ਰਹਿੰਦੇ ਹਨ ਤੇ ਏਸੇ ਹੀ ਕੁਦਰਤੀ ਨਿਯਮਾਵਲੀ ਦੇ ਗੁਣਾਂ ਨੂੰ ਸਮਝ ਕੇ ਵਿਵਹਾਰਕ ਜੀਵਨ ਵਲ ਨੂੰ ਵੱਧਣਾ ਹੈ। ਕੁਦਰਤ ਦੀਆਂ ਛੇ ਰੁੱਤਾਂ ਵਿਚੋਂ ਬਸੰਤ ਰੁੱਤ ਦੀ ਪ੍ਰਧਾਨਤਾ ਆਉਂਦੀ ਹੈ। ਸੁ ਬਸੰਤ ਰੁੱਤ ਦੇ ਖੇੜੇ ਨੂੰ ਆਪਣੀ ਮਤ ਵਿੱਚ ਲੈ ਕੇ ਆਉਣਾ ਹੈ।
ਤੀਸਰਾ ਸ਼ਬਦ ਥਿੱਤ ਆਉਂਦਾ ਹੈ। ਮੱਸਿਆ ਵਾਲੀ ਰਾਤ ਤੋਂ ਅਗਲ਼ੇ ਦਿਨ ਨੂੰ ਏਕਮ ਕਹਿੰਦੇ ਹਨ। ਏਸੇ ਤਰ੍ਹਾਂ ਹੀ ਪੁੰਨਿਆਂ ਵਾਲੀ ਰਾਤ ਤੋਂ ਵੀ ਅਗਲ਼ੇ ਦਿਨ ਨੂੰ ਏਕਮ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਥਿੱਤ ਕਿਹਾ ਜਾਂਦਾ ਹੈ। ਮੱਸਿਆ ਵਾਲੀ ਰਾਤ ਤੋਂ ਰਾਤ ਦਾ ਚਾਨਣਾ ਸ਼ੁਰੂ ਹੁੰਦਾ ਹੈ ਜੋ ਪੂਰਨਮਾ ਤੀਕ ਪੂਰਾ ਹੋ ਜਾਂਦਾ ਹੈ। ਫਿਰ ਅੰਧੇਰਾ ਸ਼ੁਰੂ ਹੁੰਦਾ ਹੈ ਜੋ ਮੱਸਿਆ ਦੇ ਰੂਪ ਵਿੱਚ ਬਦਲ ਜਾਂਦਾ ਹੈ। ਕੁਦਰਤ ਦੀ ਨਿਯਮਾਵਲੀ ਵਿੱਚ ਸਾਡੇ ਲਈ ਕਿਡਾ ਵਧੀਆ ਉਪਦੇਸ਼ ਹੈ ਕਿ ਧਰਮ ਦੀ ਪਹਿਛਾਣ ਕਰਨ ਨਾਲ ਚਾਨਣਾ ਆਉਣਾ ਸ਼ੁਰੂ ਹੁੰਦਾ ਹੈ ਤੇ ਧਰਮ ਵਲੋਂ ਕਿਨਾਰਾ ਕੀਤਿਆਂ ਅੰਧੇਰਾ ਪਸਰਨਾ ਸ਼ੁਰੂ ਹੁੰਦਾ ਹੈ। ਥਿੱਤ ਦਾ ਅਰਥ ਹੋਇਆ ਚਾਨਣ ਵਲ ਨੂੰ ਵਧਣਾ ਜਾਂ ਹਨ੍ਹੇਰੇ ਵਲ ਨੂੰ ਖਿਸਕਣਾ। ਵਾਰ ਸ਼ਬਦ ਦੇ ਲੱਗ-ਪਗ ਇਕੱਤੀ ਕੁ ਅਰਥ ਆਉਂਦੇ ਹਨ। ਕੁਦਰਤ ਦੇ ਇਸ ਬੱਝਵੇਂ ਨਿਯਮ ਵਿੱਚ ਦਿਨ ਰਾਤ ਰੱਬੀ ਤਰਤੀਬ ਨਾਲ ਆਈ ਜਾ ਰਹੇ ਹਨ ਏਸੇ ਤਰ੍ਹਾਂ ਹੀ ਆਪਣੀ ਮਤ ਵਿੱਚ ਇੱਕ ਤਰਤੀਬ ਨੂੰ ਲਿਆਉਣਾ ਦਾ ਯਤਨ ਕੀਤਾ ਜਾਏ ਜੋ ‘ਰਾਤੀ ਰੁਤੀ ਥਿਤੀ ਵਾਰ’ ਦੇ ਬਝਵੇ ਰੂਪ ਦਾ ਪ੍ਰਗਟਾਅ ਹੋਵੇ।
ਧਰਤੀ ਦੇ ਤਲ਼ `ਤੇ ਹਵਾ, ਪਾਣੀ, ਅਗਨੀ ਤੇ ਧਰਤੀ ਦੇ ਹੇਠਲੇ ਹਿੱਸੇ ਦਾ ਵੀ ਵਰਣਨ ਵੀ ਕੁਦਰਤੀ ਦਾਤਾਂ ਦੇ ਰੂਪ ਵਿੱਚ ਆਇਆ ਹੈ। ਜਿੱਥੇ ਇਹ ਕੁਦਰਤੀ ਦਾਤਾਂ ਸਾਡਾ ਜੀਵਨ ਚਲਾਉਂਦੀਆਂ ਹਨ ਓੱਥੇ ਇਹਨਾਂ ਦੇ ਅੰਦਰਲੇ ਸਾਂਝੇ ਗੁਣਾਂ ਨੂੰ ਆਤਮਕ ਤਲ਼ ਲਈ ਵੀ ਲੈ ਕੇ ਆਉਣਾ ਹੈ ਤਾਂ ਜੋ ਸਾਡੀ ਚੰਗੀ ਮਤ ਘੜੀ ਜਾਏ— ‘ਪਵਣ ਪਾਣੀ ਅਗਨੀ ਪਾਤਾਲ’ ਮਤ ਰੂਪੀ ਧਰਤੀ ਤੇ ਪਵਣ ਦਾ ਸਾਂਝੀਵਾਲਤਾ ਦਾ ਗੁਣ, ਪਾਣੀ ਵਰਗੀ ਨਿਰਮਲਤਾ, ਰਵਾਨਗੀ, ਅਗਨੀ ਵਰਗਾ ਉਦਮ ਤੇ ਪਾਤਾਲ ਵਰਗੀ ਡੂੰਘੀ ਜੜ੍ਹ ਦੇ ਗੁਣਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਫ਼ਰਜ਼ ਦੀ ਪਹਿਛਾਣ ਕਰ ਸਕਦੇ ਹਾਂ। ਇਹਨਾਂ ਸਾਰਿਆਂ ਗੁਣਾਂ ਦੀ ਟਕਸਾਲ ਵਿੱਚ ਧਰਤੀ ਰੂਪੀ ਮਤ ਧਰੀ ਪਈ ਹੈ। ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਆਪਣੀ ਮਤ ਵਿੱਚ ਧਰਮ ਖੰਡ ਬਣਾਉਣਾ ਹੈ ਭਾਵ ਇਹਨਾਂ ਗੁਣਾਂ ਕਰਕੇ ਹੀ ਧਰਮ-ਖੰਡ ਦਾ ਨਿਵਾਸ ਹੈ— ‘ਤਿਸੁ ਵਿਚਿ, ਧਰਤੀ ਥਾਪਿ ਰਖੀ ਧਰਮਸਾਲ’ ਜਦੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲੱਗ ਪਵਾਂਗੇ ਤਾਂ ਅਸੀਂ ਹਕੀਕਤ ਤੌਰ `ਤੇ ਮਤ ਕਰਕੇ ਧਰਮ ਖੰਡ ਦੇ ਵਾਸੀ ਹੋਵਾਂਗੇ।
ਜਿਸ ਤਰ੍ਹਾਂ ਧਰਤੀ `ਤੇ ਕਈ ਪਰਕਾਰ ਦੇ ਜੀਵ ਜੰਤੂ ਰਹਿੰਦੇ ਹਨ ਏਸੇ ਤਰ੍ਹਾਂ ਹੀ ਸਾਡੀ ਮਤ ਵਿੱਚ ਵੀ ਕਈ ਪਰਕਾਰ ਦੇ ਖ਼ਿਆਲਾਂ ਰੂਪੀ ਲੋਕ ਵੱਸੇ ਹੋਏ ਹਨ ਜੋ ਆਪੋ ਆਪਣੀ ਮਰਯਾਦਾ ਵਿੱਚ ਰਹਿ ਰਹੇ ਹਨ— ‘ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ, ਅਨੇਕ ਅਨੰਤ’॥ ਸੇਵਾ ਰੂਪੀ ਜੀਵ ਦੀ ਆਪਣੀ ਜੁਗਤੀ ਤੇ ਆਪਣਾ ਰੰਗ ਹੈ। ਮਿੱਠਾ ਬੋਲਣ ਦੇ ਜੀਵ ਦਾ ਆਪਣਾ ਰੰਗ ਹੈ। ਸੁ ਅੰਦਰਲੇ ਸ਼ੁਭ ਖ਼ਿਆਲ ਸਾਡੇ ਸੁਭਾਅ ਰਾਂਹੀਂ ਪ੍ਰਗਟ ਹੁੰਦੇ ਹਨ। ਸਾਡੀ ਮਤ ਰੂਪੀ ਧਰਤੀ `ਤੇ ਸੋਹਣੇ ਖ਼ਿਆਲਾਂ ਦਾ ਆਪਣਾ ਸੰਸਾਰ ਹੈ। ਜੇ ਕਿਸੇ ਬੱਚੇ ਨੇ ਡਾਕਟਰੀ ਕੀਤੀ ਹੈ ਤਾਂ ਅਸੀਂ ਉਸ ਨੂੰ ਡਾਕਟਰ ਦੇ ਨਾਂ ਨਾਲ ਸੰਬੋਧਨ ਕਰਦੇ ਹਾਂ। ਜਿਸ ਤਰ੍ਹਾਂ ਧਰਤੀ ਵਿੱਚ ਜੋ ਬੀਜਦੇ ਹਾਂ ਉਹੋ ਕੁੱਝ ਹੀ ਉੱਗਦਾ ਹੈ ਏਸੇ ਤਰ੍ਹਾਂ ਹੀ ਜਿਸ ਗੁਣ ਦੀ ਅਸੀਂ ਪ੍ਰਾਪਤੀ ਕਰਦੇ ਹਾਂ ਓਸੇ ਦੀ ਹੀ ਪਹਿਛਾਣ ਬਣ ਜਾਂਦੀ ਹੈ। ਕਿਸੇ ਚੀਜ਼ ਦੀ ਪਹਿਛਾਣ ਕਰਨ ਲਈ ਉਸ ਦਾ ਰੰਗ ਦੇਖਿਆ ਜਾਂਦਾ ਹੈ। ਜਦੋਂ ਸੰਤੋਖ ਜਾਂ ਨਿਰਵੈਰਤਾ ਦੀ ਜੁਗਤੀ ਸਾਡੀ ਮਤ ਵਿਚੋਂ ਪ੍ਰਗਟ ਹੋਏਗੀ ਤਾਂ ਧਰਮ ਖੰਡ ਦੇ ਵਾਸੀ ਹੋਣ ਦੀ ਪੁਸ਼ਟੀ ਹੁੰਦੀ ਹੈ।
ਧਰਤੀ ਦੇ ਤਲ਼ `ਤੇ ਪਰੇ ਪੰਚਾਇਤ ਜਾਂ ਕੋਟ-ਕਚਹਿਰੀ ਸਾਡੇ ਕਰਮ ਦੇਖ ਕੇ ਫੈਸਲੇ ਕਰਦੀ ਹੈ। ਸਾਡੀ ਮਤ ਵਿੱਚ ਜਦੋਂ ਰੱਬੀ ਗੁਣਾਂ ਦੀ ਭਰਪੂਰਤਾ ਹੁੰਦੀ ਹੈ ਤਾਂ ਸੱਚ ਦੇ ਅਧਾਰਤ ਹੀ ਫੈਸਲੇ ਕਰਦੀ ਹੈ--ਕਰਮੀ ‘ਕਰਮੀ ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ’॥ ਪਰਮਾਤਮਾ ਸਰਬ ਵਿਆਪਕ ਹੈ। ਸਾਡੀ ਮਤ ਵਿੱਚ ਵੀ ਉਹ ਹੀ ਬੈਠਾ ਹੈ। ਜਦੋਂ ਧਰਮ ਖੰਡ ਦੀ ਸਮਝ ਪੈਂਦੀ ਹੈ ਤਾਂ ਅੰਦਰਲੀ ਸੱਚੀ ਸੋਚ ਦਾ ਸੱਚਾ ਦਰਬਾਰ ਸ਼ੁਭ ਮਤ ਵਿਚੋਂ ਪ੍ਰਗਟ ਹੁੰਦਾ ਹੈ। ਜਿਸ ਨੂੰ ਸਚਿਆਰ ਦੇ ਰੂਪ ਵਿੱਚ ਪ੍ਰਮਾਣਤਾ ਹਾਸਲ ਹੁੰਦੀ ਹੈ ਤੇ ਇਸ ਨੂੰ ਪੰਚ ਪਰਵਾਣ ਕਿਹਾ ਹੈ— ‘ਤਿਥੈ, ਸੋਹਨਿ ਪੰਚ ਪਰਵਾਣੁ’ ਜਿਸ ਮਤ ਨੇ ਆਪਣੇ ਫ਼ਰਜ਼ ਦੀ ਪਹਿਛਾਣ ਕੀਤੀ ਉਹ ਹੀ ਮਤ ਸ਼ੋਭਨੀਕ ਹੈ।
ਕੀਤੇ ਹੋਏ ਸ਼ੁਭ ਗੁਣ ਸਾਡੇ ਸੁਭਾਅ ਵਿਚੋਂ ਪ੍ਰਗਟ ਹੁੰਦੇ ਹਨ ਜਿਸ ਨੂੰ— ‘ਨਦਰੀ ਕਰਮਿ ਪਵੈ ਨੀਸਾਣੁ’ ਕਿਹਾ ਗਿਆ ਹੈ। ਜਿਸ ਤਰ੍ਹਾਂ ਕੋਈ ਮਨੁੱਖ ਲਕੜੀ ਦਾ ਕੰਮ ਸਿੱਖ ਕੇ ਉਸ ਕਿੱਤੇ ਨੂੰ ਅਪਨਾ ਕੇ ਲੋਕਾਂ ਵਿੱਚ ਕੰਮ ਕਰਦਾ ਹੈ ਤਾਂ ਉਸ ਦਾ ਕੰਮ ਉਸ ਦੀ ਕਲਾ ਵਿਚੋਂ ਪ੍ਰਗਟ ਹੁੰਦਾ ਹੈ। ਲੋਕ ਕਹਿੰਦੇ ਨੇ ਇਹ ਬਹੁਤ ਵਧੀਆ ਕਾਰੀਗਰ ਹੈ। ਜੇ ਕਾਰੀਗਰ ਸਿੱਖਣ ਦੀ ਬਜਾਏ ਤਾਸ਼ ਖੇਡ ਕੇ ਸਮਾਂ ਬਰਬਾਦ ਕਰ ਆਏ ਤਾਂ ਉਸ ਦਾ ਕੀਤਾ ਹੋਇਆ ਕੰਮ ਕੱਚਾ ਹੋਏਗਾ। ਏਸੇ ਤਰ੍ਹਾਂ ਆਤਮਕ ਤਲ਼ ਤੇ ਜੇ ਅਸੀਂ ਸ਼ੁਭ ਗੁਣਾਂ ਦੀ ਵਰਤੋਂ ਨਹੀਂ ਕਰਦੇ ਜਾਂ ਆਪਣੇ ਫ਼ਰਜ਼ ਦੀ ਪਹਿਛਾਣ ਨਹੀਂ ਕਰਦੇ ਤਾਂ ਰੱਬ ਦੀ ਦਰਗਾਹ ਭਾਵ ਆਤਮਕ ਤਲ਼ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਅਜੇ ਇਹ ਸਚਿਆਰ ਦੀ ਮੰਜ਼ਿਲ ਤੋਂ ਬਹੁਤ ਦੂਰ ਹੈ ਤੇ ਧਰਮ-ਖੰਡ ਦੇ ਮੁਸਾਫਰ ਨਹੀਂ ਬਣੇ।
ਸਾਡਿਆਂ ਪਿੰਡਾਂ ਵਿੱਚ ਮਿੱਟੀ ਦੇ ਭਾਂਡੇ ਵਿਕਣ ਲਈ ਆਉਂਦੇ ਹੁੰਦੇ ਸੀ। ਮਾਤਾਵਾਂ ਉਹਨਾਂ ਭਾਂਡਿਆਂ ਨੂੰ ਆਪਣੀ ਉਂਗਲ਼ ਦੀ ਟਕੋਰ ਮਾਰ ਕੇ ਦੇਖ ਲੈਂਦੀਆਂ ਸੀ ਕਿ ਇਹ ਭਾਂਡਾ ਕੱਚਾ ਜਾਂ ਪੱਕਾ। ਏਸੇ ਤਰ੍ਹਾਂ ਹੀ ਕੋਈ ਆਦਮੀ ਕਪੜੇ ਸਿਉਣ ਦੀ ਜਾਚ ਸਿਖਣ ਲਈ ਜਾਂਦਾ ਹੈ। ਪਰ ਕਈ ਸਾਲ ਲੰਘਣ ਦੇ ਬਾਵਜੂਦ ਵੀ ਉਹਦੀ ਸਮਝ ਵਿੱਚ ਕਪੜਾ ਸਿਉਣ ਦਾ ਵਲ਼ ਨਹੀਂ ਆਇਆ ਤਾਂ ਉਹਦੇ ਸਿਉਤੇ ਹੋਏ ਕਪੜੇ ਕੱਚੇ ਕਾਰੀਗਰ ਦੇ ਹੀ ਹੋਣਗੇ— ‘ਕਚ ਪਕਾਈ, ਓਥੈ ਪਾਈ’ ਹੁਣ ਧਰਮ ਖੰਡ ਵਿੱਚ ਆਪਣੇ ਫ਼ਰਜ਼ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਸੀ ਤਾਂ ਕੇ ਆਉਣ ਵਾਲੇ ਜੀਵਨ ਵਿੱਚ ਧਰਮ ਖੰਡ ਦੀ ਪ੍ਰਭੂ ਸਤਾ ਸਾਡੇ ਜੀਵਨ ਵਿਚੋਂ ਪ੍ਰਗਟ ਹੁੰਦੀ— ‘ਨਾਨਕ ਗਇਆ ਜਾਪੈ ਜਾਇ’
ਧਰਮ-ਖੰਡ ਦਾ ਵਿਵਹਾਰਕ ਪੱਖ—
ਜਿਸ ਤਰ੍ਹਾਂ ਸਾਡੇ ਜੀਵਨ ਲਈ ਕੁਦਰਤੀ ਸੁੱਖ ਸਹੂਲਤਾਂ ਹਨ। ਅਸੀਂ ਇਹਨਾਂ ਸੁੱਖ ਸਹੂਲਤਾਂ ਦੀ ਵਰਤੋਂ ਕਰਦਿਆਂ ਆਪਣੇ ਜੀਵਨ ਤੇ ਆਪਣੇ ਆਲੇ ਦੁਆਲੇ ਸਾਫ਼--ਸੁਥਰਾ ਵਾਤਾਵਰਨ ਦੇਣਾ ਸੀ। ਗੁਰਬਾਣੀ ਦੇ ਭਾਵ ਅਰਥਾਂ ਨੂੰ ਆਪਣੇ ਮਨ `ਤੇ ਲਾਗੂ ਨਾ ਕਰ ਕੇ ਆਪਣੇ ਜੀਵਨ ਨਾਲੋਂ ਵੱਖਰਾ ਧਰਮ-ਖੰਡ ਸਥਾਪਤ ਕਰ ਲਿਆ ਹੈ। ਗੁਰੂ ਨਾਨਕ ਸਾਹਿਬ ਜੀ ਜੋਗੀਆਂ, ਸਿੱਧਾਂ, ਪੰਡਤਾਂ, ਮੁਲਾਂ, ਰਾਜਨੀਤਕ ਆਗੂਆਂ ਤੇ ਸਮਾਜਕ ਚਿੰਤਕਾਂ ਪਾਸ ਜਾ ਕੇ ਉਹਨਾਂ ਨੂੰ ਉਹਨੇ ਦੇ ਫ਼ਰਜ਼ ਦੀ ਪਹਿਛਾਣ ਕਰਾਈ। ਧਰਮ ਦਾ ਅਰਥ ਹੈ ਧਾਰਨ ਕੀਤਾ ਹੋਇਆ। ਜੋ ਸੁਭਾਅ ਅਸੀਂ ਬਣਾ ਚੁੱਕੇ ਹਾਂ ਉਹ ਸਾਡਾ ਧਰਮ ਹੈ।
ਜਦੋਂ ਸਾਡੇ ਮਤ ਵਿੱਚ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਤਾਂ ਓੱਥੇ ਧਰਮ ਖੰਡ ਦੀ ਅਵਸਥਾ ਦਾ ਜਨਮ ਹੁੰਦਾ ਹੈ। ਇਸ ਅਵਸਥਾ ਨੂੰ ਇਕੱਲੇ ਆਪਣੇ ਮਨ ਤੀਕ ਸੀਮਤ ਨਹੀਂ ਰੱਖਣਾ ਸਗੋਂ ਵਿਵਹਾਰਕ ਵੀ ਬਣਾਉਣਾ ਹੈ। ਮੰਨ ਲਓ ਕੋਈ ਅਧਿਆਪਕ ਸਕੂਲ ਵਿੱਚ ਆਪਣੀ ਨੌਕਰੀ `ਤੇ ਲੱਗਿਆ ਹੋਇਆ ਹੈ ਜੇ ਉਹ ਵਿਦਿਆਰੀਆਂ ਨੂੰ ਮਨ ਕਰਕੇ ਪੜ੍ਹਾ ਰਿਹਾ ਹੈ ਤਾਂ ਧਰਮ ਖੰਡ ਨੂੰ ਵਿਵਹਾਰਕ ਬਣਾ ਰਿਹਾ ਹੈ। ਰਾਤ ਦੀ ਕੀਤੀ ਹੋਈ ਮਿਹਨਤ, ਬਸੰਤ ਰੁੱਤ ਦੀ ਖਿੜੀ ਹੋਈ ਮਹਿਕ, ਹਨੇਰੇ ਤੋਂ ਚਾਨਣ ਵਲ ਨੂੰ ਵਧਣ ਵਾਲੀ ਥਿੱਤ ਤੇ ਵਾਰਾਂ ਵਾਲੀ ਤਰਤੀਬ ਸਾਨੂੰ ਵਿਵਹਾਰਕ ਬਣਾਉਂਦੀ ਹੈ। ਪਵਨ ਦੀ ਸਾਂਝੀਵਾਲਤਾ, ਪਾਣੀ ਦੀ ਨਿਰਮਤਾ- ਗਤੀ-ਸ਼ੀਲਤਾ, ਅਗਨੀ ਦਾ ਉਦਮ ਤੇ ਪਤਾਲ ਵਰਗੀ ਡੂੰਘੀ ਜੜ੍ਹ ਸਾਨੂੰ ਆਪਣੇ ਫ਼ਰਜ਼ ਦੀ ਪਹਿਛਾਣ ਕਰਾ ਕੇ ਸੰਸਾਰ ਵਿੱਚ ਰਬੀ ਗੁਣਾਂ ਵਾਲਾ ਸਚਿਆਰ ਮਨੁੱਖ ਬਣਾਉਂਦੀ ਹੈ। ਇਹ ਇੱਕ ਅਜੇਹਾ ਕਰਮ ਹੈ ਜਿਸ ਨਾਲ ਸਾਡੀ ਪਹਿਛਾਣ ਬਣਦੀ ਹੈ। ਆਪਣੇ ਫ਼ਰਜ਼ ਦੀ ਪਹਿਛਾਣ ਸਾਨੂੰ ਉਸ ਅਵਸਥਾ ਵਿੱਚ ਲੈ ਕੇ ਜਾਂਦੀ ਹੈ ਜਿੱਥੋਂ ਸਾਡੇ ਸਚਿਆਰ ਇਖ਼ਲਾਕ ਦੀ ਤਸਵੀਰ ਸਭ ਦੇ ਸਾਹਮਣੇ ਪ੍ਰਗਟ ਹੁੰਦੀ ਹੈ।
ਧਰਮ ਦੀ ਪਹਿਛਾਣ ਅਸੀਂ ਬਾਹਰਲੇ ਤਲ਼ ਤੀਕ ਸੀਮਤ ਕਰ ਦਿੱਤੀ ਹੈ। ਅਸਾਂ ਵੀ ਇਹ ਹੀ ਸਮਝ ਲਿਆ ਹੈ ਕਿ ਆਦਮੀ ਬਾਹਰੋਂ ਧਰਮੀ ਦਿਸ ਰਿਹਾ ਹੈ ਇਹ ਜ਼ਰੂਰ ਧਰਮੀ ਹੋਏਗਾ। ਅਸਲ ਧਰਮ ਖੰਡ ਦਾ ਵਾਸੀ ਉਹ ਹੈ ਜੋ ‘ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ’ ਦਾ ਧਾਰਨੀ ਹੈ। ਧਰਮ ਖੰਡ ਵਿੱਚ ਵਿਚਰਨ ਵਾਲੇ ਦੇ ਜੀਵਨ ਵਿਚੋਂ ਚੰਗੇ ਸਲੀਕੇ ਵਾਲੇ ਸਮਾਜ ਦਾ ਜਨਮ ਹੁੰਦਾ ਹੈ। ਭਗਤ ਪੂਰਨ ਸਿੰਘ ਜੀ ਵਰਗੇ ਇਨਸਾਨ ਦਾ ਕੈਸਾ ਵਿਵਹਾਰਕ ਜੀਵਨ ਸੀ। ਕਿਹਾ ਜਾ ਸਕਦਾ ਹੈ ਕਿ ਉਹ ਧਰਮ ਖੰਡ ਵਿੱਚ ਰਹਿ ਰਹੇ ਸਨ।




.