.

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ

ਨਟ ਮਹਲਾ 4॥
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ॥
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ॥ 1॥ ਰਹਾਉ॥
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ॥
ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ॥ 1॥
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ॥
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ॥ 2॥
ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ॥
ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ॥ 3॥
ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ॥
ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ॥ 4॥
ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ॥
ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ॥ 5॥
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ॥
ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ॥ 6॥
ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ॥
ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ॥ 7॥
ਹਰਿ ਹਰਿ ਰੂਪ ਰੰਗਿ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ॥
ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ॥ 8॥ 3॥
ਗੁਰੂ ਗ੍ਰੰਥ ਸਾਹਿਬ ਜੀ, , ਮ 4, ਪੰਨਾ 981

ਪਦ ਅਰਥ
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ – ਹਰੀ ਦੇ ਨਾਮ ਰੂਪੀ ਅੰਮ੍ਰਿਤ ਸਰਿ ਵਿੱਚ ਇਸ਼ਨਾਨ ਕਰਨ ਨਾਲ
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ – ਆਤਮਿਕ ਗਿਆਨ ਰੂਪੀ ਇਸ਼ਨਾਨ
ਨੀਕੋ – ਨੀਕਾ, ਚੰਗਾ, ਪਵਿੱਤਰ, ਉੱਤਮ
ਕਲਮਲ – ਕਲਮਲ ਕਲਜੁਗ ਦੇ ਪਰਭਾਵ ਨਾਲ ਮਲੀਨ ਹੋਈ ਮਾੜੀ ਬੁੱਧੀ
ਕਲਜੁਗ – ਅਗਿਆਨਤਾ
ਅਧਿਕਾਈ – ਪ੍ਰਭਾਵ, ਡੂੰਘਾ ਅਸਰ
ਪਰਸਨ – ਸ੍ਰੇਸ਼ਟ ਛੋਹ ਪ੍ਰਾਪਤ ਕਰਨ ਨਾਲ
ਭਾਇ – ਭਾ ਜਾਣਾ
ਭਾਵਨੀ – ਸਮਝ ਲੈਣੀ
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ – ਮੇਰੇ ਠਾਕੁਰ ਵਲੋਂ ਭਾਵਨਾ ਨੂੰ ਸਮਝ ਲੈਣਾ
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ – ਅਜਾਮਲ ਵਲੋਂ ਪੁੱਤ੍ਰ ਪ੍ਰਤੀ ਪ੍ਰੀਤ ਕੀਤੀ
ਕਰਿ ਨਾਰਾਇਣ ਬੋਲਾਰੇ – ਅਜਾਮਲ ਵਲੋਂ ਆਪਣੇ ਪੁੱਤਰ ਨੂੰ ਨਾਰਾਇਣ ਆਖ ਕੇ ਬਲਾਉਣਾਂ
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ – ਅਜਾਮਲ ਵਲੋਂ ਆਪਣੇ ਪੁੱਤਰ ਨੂੰ ਪ੍ਰੀਤ ਨਾਲ ਬਲਾਉਣਾ, ਮੇਰੇ ਠਾਕੁਰ ਦੇ ਮਨ ਨੂੰ ਭਾ ਜਾਣਾ ਅਤੇ ਜਮਾਂ ਨੂੰ ਮਾਰ ਦੇਣਾ, ਭਾਵ ਕਰਮਕਾਂਡੀ ਕਹਾਣੀ ਅਨੁਸਾਰ ਅਜਾਮਲ ਵਲੋਂ ਅੰਤਲੇ ਸਮੇ ਪੁੱਤਰ ਨੂੰ ਪ੍ਰੀਤ ਨਾਲ ਅਵਾਜ਼ ਮਾਰਨਾ। ਫਿਰ ਪ੍ਰਮੇਸ਼ਰ ਵਲੋਂ ਭੁਲੇਖਾ ਖਾ ਜਾਣਾ ਅਤੇ ਅਜਾਮਲ ਦੇ ਜਮਾਂ ਨੂੰ ਸਜ਼ਾ ਦੇਣੀ। ਗੁਰੂ ਜੀ ਨੇ ਕਰਮਕਾਂਡੀਆਂ ਦੀ ਕਹਾਣੀ ਦਾ ਦਿਵਾਲਾ ਕੱਢਿਆ ਹੈ। ਕਿਉਂਕਿ ਪ੍ਰਭੂ ਭੁਲੇਖਾ ਨਹੀਂ ਖਾਂਦਾ। ਇਹ ਸਭ ਕਰਮਕਾਂਡੀਆਂ ਦੀਆਂ ਮਨਘੜਤ ਕਹਾਣੀਆਂ ਹਨ।
ਮਾਨੁਖੁ ਕਥੈ ਕਥਿ ਲੋਕ ਸੁਨਾਵੈ – ਮਨਮੁਖ ਕਥ-ਕਥ ਕੇ ਲੋਕਾਂ ਨੂੰ ਅਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਜੋ ਮਨਘੜਤ ਹਨ
ਜੋ ਬੋਲੈ ਸੋ ਨ ਬੀਚਾਰੇ – ਜੋ ਬੋਲਦੇ ਹਨ, ਵੀਚਾਰਦੇ ਨਹੀਂ
ਸਤਸੰਗਤਿ ਮਿਲੈ – ਸਤਸੰਗਤਿ ਪ੍ਰਾਪਤ ਹੋਵੇ, ਭਾਵ ਸੱਚੇ ਦੇ ਸੱਚ ਨਾਲ ਜੁੜੇ
ਤ ਦਿੜਤਾ ਆਵੈ – ਤਾਂ ਦ੍ਰਿੜਤਾ ਆਉਂਦੀ ਹੈ (ਤੋਤਿਆਂ ਜਾਂ ਕਰਮਕਾਂਡੀਆਂ ਨਾਲ ਜੁੜਨ ਨਾਲ ਜਾਂ ਮਰਨ ਸਮੇਂ ਪੁਤੱਰ ਨੂੰ ਨਾਰਾਇਣ ਕਹਿ ਕੇ ਆਵਾਜ਼ ਮਾਰਨ ਨਾਲ ਨਹੀਂ)
ਜਬ ਲਗੁ ਜੀਉ ਪਿੰਡੁ ਹੈ ਸਾਬਤੁ – ਜਿੰਨਾਂ ਚਿਰ ਸਰੀਰ ਤੰਦਰੁਸਤ ਹੈ
ਤਬ ਲਗਿ ਕਿਛੁ ਨ ਸਮਾਰੇ – ਓਨਾਂ ਚਿਰ ਸਿਮਰਨ ਨਹੀਂ ਕਰਦੇ
ਸਮਾਰੇ – ਸੰ: ਚਿੰਤਨ ਕਰਨਾ, ਸਿਮਰਨ ਕਰਨਾ
ਜਬ ਘਰ ਮੰਦਰਿ ਆਗਿ ਲਗਾਨੀ – ਜਦੋਂ ਘਰ ਅੰਦਰ ਅੱਗ ਲੱਗ ਜਾਣੀ
ਕਢਿ ਕੂਪੁ ਕਢੈ ਪਨਿਰੇ – ਘਰ ਵਾਲਾ ਆਖੇ ਕਿ ਖੂਹ ਪੁੱਟ ਕੇ ਪਾਣੀ ਕੱਢ ਕੇ ਅੱਗ ਬੁਝਾਉਣੀ ਹੈ
ਸਾਕਤ ਸਿਉ ਮਨ ਮੇਲੁ ਨ ਕਰੀਅਹੁ – ਅਜਿਹੇ ਸਾਕਤਾ ਨਾਲ ਮਨੋਂ ਮੇਲ ਨਹੀਂ ਕਰਨਾ ਚਾਹੀਦਾ
ਜਿਨਿ ਹਰਿ ਹਰਿ ਨਾਮਾ ਬਿਸਾਰੇ – ਜਿਨ੍ਹਾਂ ਆਪ ਹਰੀ ਦਾ ਨਾਮ ਵਿਸਾਰਿਆ ਹੋਇਆ ਹੈ
ਸਾਕਤ ਬਚਨ ਬਿਛੂਆ ਜਿਉ ਡਸੀਐ – ਸਾਕਤਾ ਦੇ ਬਚਨ ਭਾਵ ਮਨਘੜਤ ਕਹਾਣੀਆਂ ਬਿਛੂਏ ਦੇ ਡੰਗ ਮਾਰਨ ਦੇ ਬਰਾਬਰ ਹਨ (ਬਿਛੂਏ ਦਾ ਡੰਗ ਸਰੀਰਕ ਤੌਰ ਤੇ ਖ਼ਤਮ ਕਰ ਦਿੰਦਾ ਹੈ। ਇਸੇ ਤਰ੍ਹਾਂ ਸਾਕਤ ਦੇ ਕਰਮਕਾਂਡੀ ਬੋਲ ਆਤਮਿਕ ਤੌਰ ਤੇ ਖ਼ਤਮ ਕਰ ਦਿੰਦੇ ਹਨ)
ਤਜਿ ਸਾਕਤ ਪਰੈ ਪਰਾਰੇ – ਸਾਕਤਾਂ ਭਾਵ ਕਰਮਕਾਂਡੀਆਂ ਦੀਆ ਮਨਘੜਤ ਕਰਮਕਾਂਡੀ ਕਹਾਣੀਆਂ ਤੋਂ ਪਰੇ ਰਹਿਣਾ ਚਾਹੀਦਾ ਹੈ
ਲਗਿ – ਜੁੜ ਕੇ
ਲਗਿ ਪ੍ਰੀਤਿ – ਪ੍ਰੀਤ ਨਾਲ ਜੁੜ ਕੇ
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ – ਜਿਹੜੇ ਸਾਧੂ ਜਨ ਆਪ ਪ੍ਰਭੂ ਪ੍ਰੀਤ ਨਾਲ ਜੁੜੇ ਹੋਏ ਹਨ, ਆਪਾ ਸਵਾਰਿਆ ਹੋਇਆ ਹੈ, ਅਤੇ ਹੋਰਨਾਂ ਨੂੰ ਪ੍ਰਭੂ ਨਾਲ ਪ੍ਰੀਤ ਕਰਨ ਲਈ ਅਤੇ ਆਪਾ ਸੁਧਾਰਨ ਲਈ ਪ੍ਰੇਰਦੇ ਹਨ
ਗੁਰ ਕੇ ਬਚਨ – ਆਤਮਿਕ ਗਿਆਨ ਰੂਪੀ ਬਚਨ
ਸਤਿ ਸਤਿ ਕਰਿ ਮਾਨੇ – ਸਤਿ ਕਰਕੇ ਮੰਨਦੇ ਹਨ
ਮੇਰੇ ਠਾਕੁਰ ਬਹੁਤੁ ਪਿਆਰੇ – ਮੇਰੇ ਠਾਕੁਰ ਨੂੰ ਬਹੁਤ ਪਿਆਰੇ ਲੱਗਦੇ ਹਨ
ਪੂਰਬਿ – ਪਹਿਲਾ, ਸੁਰੂ ਤੋ ਹੀ
ਪੂਰਬਿ ਜਨਮਿ – ਪਹਿਲਾ ਤੋਂ ਹੀ ਭਾਵ ਅੰਤਲੇ ਸਮੇ ਤੋਂ ਪਹਿਲਾਂ ਹੀ ਜਨਮ ਤੋਂ ਹੀ
ਪਰਚੂਨ – ਉਤਮ ਸ੍ਰੇਸ਼ਟ ਕਰਮ, ਅਜਿਹੇ ਸ਼ੁਭ ਕਰਮ ਜਿਨ੍ਹਾਂ ਨਾਲ ਹਰੀ ਨਾਲ ਪ੍ਰੀਤ ਬਣੇ
ਗੁਰ ਪ੍ਰਸਾਦਿ – ਗੁਰੂ ਦੀ ਬਖ਼ਸ਼ਿਸ਼, ਪ੍ਰਮੇਸ਼ਰ ਦੀ ਬਖ਼ਸ਼ਿਸ਼
ਰੂਪ – ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ
ਅਨਦ ਰੂਪ ਪ੍ਰਗਟਿਓ ਸਭ ਥਾਨਿ॥
ਪ੍ਰੇਮ ਭਗਤਿ ਜੋਰੀ ਸੁਖ ਮਾਨਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 899
ਅਨੰਦ ਜਿਸ ਤੋਂ ਭਿੰਨ ਹੈ (ਮਹਾਨ ਕੋਸ਼)
ਹਰਿ ਰੂਪ – ਹਰੀ ਨਾਲ ਅਭੇਦ ਹੋ ਜਾਣਾ
ਹਰਿ ਰੂਪ ਰੰਗਿ – ਹਰੀ ਦੇ ਰੰਗ ਵਿੱਚ ਇੱਕ-ਮਿੱਕ ਹੋ ਜਾਣਾ
ਲਾਲਨ ਲਾਲ ਗੁਲਾਰੇ – ਹਰੀ ਦੇ ਰੰਗ ਵਿੱਚ ਰੰਗੇ ਜਾਣਾ
ਜੈਸਾ ਰੰਗੁ ਦੇਹਿ – ਜਿਹੜਾ ਰੰਗ ਉਸ ਦੀ ਬਖ਼ਸ਼ਿਸ਼ ਵਿੱਚ ਹੈ, ਅਤੇ ਉਹ ਹੋਰ ਕਿਸੇ ਦੀ ਬਖ਼ਸ਼ਿਸ਼ ਵਿੱਚ ਨਹੀਂ
ਕਿਆ – ਕਿਵੇ
ਹੋਵੈ – ਹੋ ਸਕਦਾ ਹੈ
ਜੰਤ – ਜਨਮ ਵਿੱਚ ਆੳਣ ਵਾਲਾ ਜੀਵ
ਵੀਚਾਰੇ – ਸੋਚਿਆ ਜਾਣਾ, ਸੋਚਣਾ
ਕਿਆ ਨਾਨਕ ਜੰਤ ਵਿਚਾਰੇ – ਨਾਨਕ ਸਾਹਿਬ ਇਹ ਗੱਲ ਆਖਦੇ ਹਨ ਕਿ ਕੋਈ ਜੀਵ ਇਹ ਸੋਚ ਵੀ ਨਹੀਂ ਸਕਦਾ
ਅਰਥ
ਹੇ ਭਾਈ! ਕਲਮਲ (ਅਗਿਆਨਤਾ) ਦੇ ਪ੍ਰਭਾਵ ਨਾਲ ਮਲੀਨ ਹੋਈ ਜੋ ਬੁੱਧੀ ਹੈ, ਆਤਮਿਕ ਗਿਆਨ ਰੂਪੀ ਇਸ਼ਨਾਨ ਹੀ ਇਸ ਲਈ ਉੱਤਮ (ਸ੍ਰੇਸਟ) ਹੈ। ਹਰੀ, ਰਾਮ ਦੇ ਆਤਮਿਕ ਗਿਆਨ ਦੇ ਅੰਮਿਤ੍ਰ ਰੂਪੀ ਸੱਚ ਸਰੋਵਰ ਵਿੱਚ ਟੁੱਭੀ ਲਾਉਣ ਨਾਲ ਹੀ ਮਲੀਨ ਹੋਈ ਬੁੱਧੀ ਦੀ ਮੈਲ ਉੱਤਰ ਸਕਦੀ ਹੈ।
ਅਸਲੀਅਤ ਇਹ ਹੈ ਕਿ ਸਤਸੰਗਤਿ ਮਿਲੈ, ਭਾਵ ਸੱਚੇ ਦੇ ਸੱਚ ਦੀ ਪ੍ਰਾਪਤੀ ਹੋਣ ਨਾਲ ਦ੍ਰਿੜ੍ਹਤਾ ਆਉਂਦੀ ਹੈ। ਦ੍ਰਿੜ੍ਹਤਾ, ਭਰੋਸਾ ਆਉਣ ਨਾਲ ਹੀ ਹਰੀ ਦੇ ਨਾਮ ਦੀ ਬਖ਼ਸ਼ਿਸ਼ ਰਾਹੀਂ ਹੀ ਇਹ ਸੱਚ ਜਾਣਿਆ ਜਾ ਸਕਦਾ ਹੈ (ਕਰਮਕਾਂਡੀਆਂ ਦੀਆਂ ਕਹਾਣੀਆਂ ਨਾਲ ਨਹੀਂ)।
ਇਸ ਦੇ ਉਲਟ ਜੋ ਮਨਮੁਖ ਕਥਦੇ ਹਨ, ਕਥਨ ਕਰਕੇ ਲੋਕਾਂ ਨੂੰ ਸੁਣਾਉਦੇ ਹਨ, ਆਪਣਾ ਬੋਲਿਆ ਹੋਇਆ ਆਪ ਹੀ ਨਹੀਂ ਵੀਚਾਰਦੇ। ਲੋਕਾਂ ਨੂੰ ਇਹ ਸੁਣਾਉਦੇ ਹਨ ਕਿ ਸੰਗਤਿ ਦਾ ਬਹੁਤ ਵੱਡਾ ਪ੍ਰਭਾਵ, ਭਾਵ ਅਸਰ ਪੈਂਦਾ ਹੈ। ਸੰਗਤਿ ਦੀ ਪ੍ਰੀਭਾਸਾ ਇਹ ਦਸਦੇ ਹਨ ਕਿ ਗਣਕਾ ਤੋਤੇ ਦੀ ਸੰਗਤਿ, ਤੋਤੇ ਨੂੰ ਪੜ੍ਹਾਉਣ ਨਾਲ ਤਰ ਗਈ। ਕੁਬਿਜਾ ਲਈ ਮਨੁੱਖੀ ਛੋਹ ਨੂੰ ਹੀ ਸ੍ਰੇਸ਼ਟ ਛੋਹ ਪ੍ਰਾਪਤ ਹੋਈ ਦਰਸਾ ਕੇ ਤਰ ਗਈ, ਦਰਸਾਉਣਾ ਅਤੇ ਇਹ ਕਹਿਣਾ ਅਜਾਮਲ ਨੇ ਆਪਣੇ ਪੁੱਤਰ ਨੂੰ ਅੰਤਲੇ ਸਮੇਂ ਪ੍ਰੀਤ ਨਾਲ ਨਾਰਾਇਣ ਕਹਿ ਕੇ ਬੁਲਾਇਆ ਤਾਂ ਮੇਰੇ ਠਾਕੁਰ ਦੇ ਮਨ ਨੂੰ ਭਾ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਕੀ ਮੇਰਾ ਪ੍ਰਮੇਸ਼ਰ ਭੁਲੇਖਾ ਖਾ ਗਿਆ ਅਤੇ ਭੁਲੇਖੇ ਵਿੱਚ ਹੀ ਜਮਾਂ ਨੂੰ ਮਾਰਕੇ ਭਜਾ ਦਿੱਤਾ? (ਪ੍ਰਮੇਸਰ ਕਦੀ ਭੁਲੇਖਾ ਨਹੀ ਖਾਂਦਾ।)
ਨੋਟ – ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਹਨ ਕਿ ਇਹ ਮਨਮੁਖ ਕਰਮਕਾਂਡੀ ਲੋਕਾਂ ਦੀਆ ਕਥੀਆਂ ਹੋਈਆ ਮਨ ਘੜਤ ਕਹਾਣੀਆਂ ਹੀ ਹਨ। ਇਹ ਕਹਾਣੀਆ ਅਜਾਮਲ, ਕੁਬਿਜਾ ਅਤੇ ਗਨਿਕਾ ਨਾਲ ਜੋ ਜੋੜੀਆਂ ਗਈਆ ਹਨ ਦਾ ਕੋਈ ਆਧਾਰ ਨਹੀਂ। ਉਹ ਕਹਾਣੀਆ ਇਹ ਹਨ: -
1) ਤੋਤੇ ਦੀ ਸੰਗਤਿ ਕਰਨ ਨਾਲ ਗਨਿਕਾ ਜੀ ਦਾ ਉਧਾਰ ਕਰਨ ਦਰਸਾਉਣਾ
2) ਕਿਸੇ ਕਰਮਕਾਂਡੀ ਦੀ ਛੋਹ ਪ੍ਰਾਪਤੀ ਨੂੰ ਸ੍ਰੇਸ਼ਟ ਦੱਸਣਾ ਕਿ ਕਰਮਕਾਂਡੀ ਛੋਹ ਹੀ ਪਵਿੱਤਰ ਹੈ
3) ਅਜਾਮਲ ਜੀ ਦੀ ਪੁੱਤਰ ਨਾਲ ਪ੍ਰੀਤ ਹੋਣ ਕਰਕੇ ਅਜਾਮਲ ਜੀ ਵਲੋਂ ਅਖੇ ਆਪਣੇ ਪੁੱਤਰ ਨੂੰ ਪ੍ਰੀਤ ਨਾਲ ਨਾਰਾਇਣ ਕਹਿ ਕੇ ਅਵਾਜ਼ ਮਾਰਨੀ ਅਤੇ ਠਾਕੁਰ ਜੀ ਨੇ ਭੁਲੇਖਾ ਖਾ ਜਾਣਾ
ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਦੇ ਹਨ ਕਿ ਭਾਈ ਸਤਸੰਗਤਿ (ਸੱਚੇ ਦੇ ਸੱਚ ਦੀ ਸੰਗਿਤ) ਦੀ ਪ੍ਰਾਪਤੀ ਹੋਵੇ ਤਾਂ ਹੀ ਸੱਚੇ ਦੇ ਸੱਚ ਉੱਪਰ ਦ੍ਰਿੜ੍ਹਤਾ ਆਉਂਦੀ ਹੈ, ਵਿਸ਼ਵਾਸ ਆਉਂਦਾ ਹੈ। ਤਾਂ ਹੀ ਸੱਚ ਜਾਣਿਆ ਜਾ ਸਕਦਾ ਹੈ, (ਨਾ ਕਿ ਤੋਤੇ, ਨਾ ਕਿਸੇ ਮਨੁੱਖ ਦੀ ਸੰਗਤਿ, ਨਾ ਹੀ ਪੁੱਤਰ ਨਾਲ ਪ੍ਰੀਤ ਕਰਕੇ ਤਰਿਆ ਜਾ ਸਕਦਾ ਹੈ) ਜਦੋ ਕਿ ਸੱਚ ਇਹ ਹੈ ਸਤਿ ਸੰਗਤਿ ਭਾਵ ਸੱਚ ਉਪਰ ਦ੍ਰਿੜ ਵਿਸਵਾਸ ਲਿਆਉਣ ਨਾਲ ਹੀ ਤਰਿਆਂ ਜਾ ਸਕਦਾ ਹੈ। ਅਜਿਹੇ ਸਾਕਤ ਕਰਮਕਾਂਡੀ ਮਨਮੁਖ ਜੋ ਗੁਰਮੁਖ ਜਨਾਂ ਨਾਲ ਕਰਮਕਾਂਡੀ ਕਹਾਣੀਆਂ ਜੋੜਦੇ ਹਨ, ਉਨ੍ਹਾਂ ਨਾਲ ਆਪਣਾ ਨਾਤਾ ਨਹੀਂ ਰੱਖਣਾ ਚਾਹੀਦਾ। ਅਜਿਹੇ ਕਰਮਕਾਂਡੀ ਸਾਕਤ ਪੁਰਖਾਂ, ਜਿਨ੍ਹਾਂ ਨੇ ਆਪ ਹਰੀ ਦਾ ਨਾਮ ਵਿਸਾਰਿਆ ਅਤੇ ਦੂਸਰਿਆਂ ਨੂੰ ਭੁਲੇਖੇ ਵਿੱਚ ਰੱਖਣਾ ਚਾਹੁੰਦੇ ਹਨ, ਦੇ ਬੋਲੇ ਕੁਬੋਲ ਬਿਛੂਏ ਦੇ ਡੰਗ ਦੇ ਬਰਾਬਰ ਹਨ। ਅਜਿਹੇ ਕਰਮਕਾਂਡੀ ਬੋਲ ਭਾਵ ਕਰਮਕਾਂਡੀ ਕਹਾਣੀਆਂ ਮਨੁੱਖ ਨੂੰ ਆਤਮਿਕ ਤੌਰ ਤੇ ਖ਼ਤਮ ਕਰ ਦਿੰਦੀਆ ਹਨ। ਇਸ ਲਈ ਅਜਿਹੀਆਂ ਕਰਮਕਾਂਡੀ ਕਹਾਣੀਆਂ ਸੁਨਾਉਣ ਵਾਲੇ ਸਾਕਤਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ।
ਗੁਰੂ ਪਾਤਸ਼ਾਹ ਅੱਗੇ ਸਾਨੂੰ ਸਮਝਾਉਦੇ ਹਨ ਕਿ ਹੇ ਭਾਈ! ਇਨ੍ਹਾਂ ਦੀਆ ਕਥੀਆ ਕਹਾਣੀਆ ਦਾ ਸਿੱਟਾ ਇਹ ਨਿਕਲਦਾ ਹੈ ਕਿ ਜਿੰਨਾ ਚਿਰ ਸਰੀਰ ਤੰਦਰੁਸਤ ਹੈ, ਉਨਾਂ ਚਿਰ ਕਿਛੁ ਨ ਸਮਾਰੇ, ਅਰਥਾਤ ਓਨਾਂ ਚਿਰ ਸਿਮਰਨ ਨਹੀਂ ਕਰਨਾ ਚਾਹੀਦਾ। ਅਖੀਰਲੇ ਸਮੇ ਪੁੱਤਰ ਨੂੰ ਨਾਰਾਇਣ ਕਹਿ ਕੇ ਅਵਾਜ ਮਾਰ ਲਵੋ।
ਇਸ ਦਾ ਮਤਲਬ ਇਹ ਹੋਇਆ ਕਿ ਜਿਵੇਂ ਕਿਸੇ ਦੇ ਘਰ ਨੂੰ ਅੱਗ ਲਗ ਗਈ ਹੋਵੇ, ਘਰ ਸੜ ਰਿਹਾ ਹੋਵੇ ਤਾਂ ਘਰ ਵਾਲਾ ਖੂਹ ਪੁੱਟਣ ਲਗ ਪਵੇ ਕਿ ਖੂਹ ਪੁੱਟ ਕੇ ਪਾਣੀ ਕੱਢ ਕੇ ਅੱਗ ਬੁਝਾਉਣੀ ਹੈ। ਅਜਿਹੀ ਕਹਾਣੀ ਅਜਾਮਲ ਜੀ ਨਾਲ ਸਾਕਤਾਂ ਵਲੋਂ ਜੋੜੀ ਹੈ ਜਿਸ ਦਾ ਕੋਈ ਅਧਾਰ ਨਹੀਂ ਹੈ। ਅਜਿਹੇ ਸਾਕਤ ਪੁਰਖਾਂ ਦੀਆ (ਜਿਨ੍ਹਾਂ ਆਪ ਹਰੀ ਨੂੰ ਵਿਸਾਰਿਆ ਹੈ) ਮਨਘੜਤ ਕਹਾਣੀਆਂ ਉੱਪਰ ਯਕੀਨ ਨਹੀਂ ਕਰਨਾ ਚਾਹੀਦਾ। ਅਜਿਹੇ ਸਾਕਤ ਪੁਰਖਾਂ ਦੇ ਮਨਘੜਤ ਬਚਨ ਬਿਛੂਏ ਦੇ ਡੰਗ ਸਮਾਨ ਹਨ, ਜੋ ਆਤਮਿਕ ਤੌਰ ਤੇ ਮਨੁੱਖ ਨੂੰ ਖ਼ਤਮ ਕਰ ਦਿੰਦੇ ਹਨ। ਅਜਿਹੇ ਸਾਕਤ ਪੁਰਖਾਂ ਦੀਆਂ ਬਿਛੂਏ ਦੇ ਡੰਗ ਦੀ ਤਰ੍ਹਾਂ ਜੋ ਕਹਾਣੀਆਂ ਹਨ, ਉਨ੍ਹਾਂ ਤੋਂ ਪਰੇ ਰਹਿਣਾ ਚਾਹੀਦਾ ਹੈ।
ਜਿਹੜੇ ਉਸ ਪ੍ਰਭੂ ਦੇ ਸਵਾਰੇ ਹੋਏ ਸਾਧੂ ਪੁਰਸ਼ ਹਨ, ਜਿਹੜੇ ਆਪ ਪ੍ਰਭੂ ਨਾਲ ਜੁੜੇ ਹੋਏ ਹਨ, ਅਤੇ ਪ੍ਰਭੂ ਨਾਲ ਪ੍ਰੀਤ ਲਗਾਉਣ ਲਈ ਪ੍ਰਭੂ ਨਾਲ ਜੁੜਨ ਲਈ ਹੀ ਦੂਸਰਿਆਂ ਨੂੰ ਪ੍ਰੇਰਦੇ ਹਨ, ਅਤੇ ਜੋ ਗੁਰੂ ਦੇ ਬਚਨ ਭਾਵ ਜੋ ਹਿਰਦੇ ਅੰਦਰ ਸੱਚ ਦਾ ਪ੍ਰਕਾਸ ਕਰ ਦੇਣ ਵਾਲੇ ਬਚਨ ਹਨ ਸਤਿ-ਸਤਿ ਕਰਕੇ ਮੰਨਦੇ ਹਨ, ਉਹ ਮੇਰੇ ਠਾਕੁਰ ਨੂੰ ਅਤਿ ਪਿਆਰੇ ਹਨ।
ਉਹ ਅੰਤਲੇ ਸਮੇਂ ਤੋਂ ਪਹਿਲਾਂ ਹੀ ਸ੍ਰੇਸ਼ਟ ਪਵਿੱਤਰ ਹਰੀ ਦੇ ਨਾਮ ਦੀ ਕਮਾਈ ਕਰਦੇ ਹਨ। ਹਰੀ ਨਾਮ ਸਿਮਰਨ ਉਨ੍ਹਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਉਹ ਗੁਰ ਪ੍ਰਸਾਦਿ ਆਤਮਿਕ ਗਿਆਨ ਦੀ ਸੂਝ ਰਾਹੀਂ ਹੀ ਇਸ ਅੰਮ੍ਰਿਤ ਰਸ ਦੀ ਅਜਾਮਲ, ਕੁਬਿਜਾ ਅਤੇ ਗਨਕਾ ਨੇ ਜੋ ਪ੍ਰਾਪਤੀ ਕੀਤੀ ਸੀ ਜਾਣ ਜਾਦੇ ਹਨ। ਹਰੀ ਦੇ ਅੰਮ੍ਰਿਤ ਰਸ ਨੂੰ ਹੀ ਉਨ੍ਹਾਂ ਵੀਚਾਰਿਆ ਅਤੇ ਵੀਚਾਰਨ ਨਾਲ ਹੀ ਉਨ੍ਹਾਂ ਇਸ ਸੱਚ ਨੂੰ ਜਾਣਿਆ ਸੀ।
ਨਾਨਕ ਕਹਿੰਦੇ ਹਨ, ਕਿ ਹੇ ਭਾਈ ਜਿਹੜੀ ਬਖ਼ਸ਼ਿਸ਼ ਉਹ ਕਰ ਸਕਦਾ ਹੈ, ਜਿਹੜਾ ਰੰਗ ਉਸ ਦੀ ਬਖ਼ਸ਼ਿਸ਼ ਵਿੱਚ ਹੈ, ਉਹ ਕਿਸੇ ਹੋਰ ਦੀ ਬਖ਼ਸ਼ਿਸ਼ ਵਿੱਚ ਹੋਵੇ, ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਮਤਲਬ ਇਹ ਹੈ ਕਿ ਮਤ ਕੋਈ ਆਖੇ ਕਿ ਗਨਿਕਾ ਤੋਤੇ ਦੀ ਸੰਗਤ ਕਰਨ ਨਾਲ ਤਰ ਗਈ, ਕੁਬਿਜਾ ਕਿਸੇ ਕਰਮਕਾਂਡੀ ਦੀ ਛੋਹ ਨਾਲ ਤਰ ਗਈ, ਅਜਾਮਲ ਪੁੱਤਰ ਨਾਲ ਪ੍ਰੀਤ ਕਰਨ ਨਾਲ ਤਰ ਗਿਆ। ਜਦੋ ਕਿ ਸੱਚ ਇਹ ਹੈ ਕਿ ਇਹ ਸਭ ਸਤਸੰਗਤਿ ਭਾਵ ਸੱਚ ਦੀ ਸੰਗਤਿ ਸੱਚ ਨਾਲ ਜੁੜਨ ਕਰਕੇ ਹੀ ਤਰੇ ਸਨ।
ਸਤਸੰਗਤਿ ਕਰਨ ਨਾਲ ਹੀ ਤਰੇ ਸਨ, ਅਤੇ ਇਸ ਦੁਆਰਾ ਹੀ ਤਰਿਆ ਜਾ ਸਕਦਾ ਹੈ। (ਗੁਰਮਤਿ ਦਾ ਫੈਸਲਾ ਕਿ ਝੂਠ ਦੀ ਸੰਗਤਿ ਭਾਵ ਝੂਠ ਨਾਲ ਜੁੜਕੇ ਨਾ ਕੋਈ ਤਰਿਆਂ ਅਤੇ ਨਾ ਹੀ ਕੋਈ ਤਰ ਸਕਦਾ ਹੈ)।
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਗੁਰਬਾਣੀ ਦੇ ਸਿਧਾਂਤ ਅਨੁਸਾਰ ਜੋ ਵੀ ਕੋਈ ਤਰਿਆ ਹੈ – ਭਾਵੇ ਕੋਈ ਅੱਜ ਤਰੇ ਜਾਂ ਕੋਈ ਪਹਿਲਾ ਤਰਿਆ ਹੈ – ਸੇਵਾ ਸਿਮਰਨ ਕਰਨ ਨਾਲ ਹੀ ਤਰਿਆ ਹੈ।
ਬਲਦੇਵ ਸਿੰਘ ਟੋਰਾਂਟੋ




.