.

ਸੁਣਿ ਸਾਖੀ ਮਨ ਜਪਿ ਪਿਆਰ

ਬਸੰਤੁ ਮਹਲਾ 5 ਘਰੁ 1 ਦੁਤੁਕੀਆ ੴ ਸਤਿਗੁਰ ਪ੍ਰਸਾਦਿ॥
ਸੁਣਿ ਸਾਖੀ ਮਨ ਜਪਿ ਪਿਆਰ॥
ਅਜਾਮਲੁ ਉਧਰਿਆ ਕਹਿ ਏਕ ਬਾਰ॥
ਬਾਲਮੀਕੈ ਹੋਆ ਸਾਧਸੰਗੁ॥ ਧ੍ਰੂ ਕਉ ਮਿਲਿਆ ਹਰਿ ਨਿਸੰਗ॥ 1॥
ਤੇਰਿਆ ਸੰਤਾ ਜਾਚਉ ਚਰਨ ਰੇਨ॥
ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ॥ 1॥ ਰਹਾਉ॥
ਗਨਿਕਾ ਉਧਰੀ ਹਰਿ ਕਹੈ ਤੋਤ॥
ਗਜਇੰਦ੍ਰ ਧਿਆਇਓ ਹਰਿ ਕੀਓ ਮੋਖ॥
ਬਿਪ੍ਰ ਸੁਦਾਮੇ ਦਾਲਦੁ ਭੰਜ॥ ਰੇ ਮਨ ਤੂ ਭੀ ਭਜੁ ਗੋਬਿੰਦ॥ 2॥
ਬਧਿਕੁ ਉਧਾਰਿਓ ਖਮਿ ਪ੍ਰਹਾਰ॥ ਕੁਬਿਜਾ ਉਧਰੀ ਅੰਗੁਸਟ ਧਾਰ॥
ਬਿਦਰੁ ਉਧਾਰਿਓ ਦਾਸਤ ਭਾਇ॥
ਰੇ ਮਨ ਤੂ ਭੀ ਹਰਿ ਧਿਆਇ॥ 3॥
ਪ੍ਰਹਲਾਦ ਰਖੀ ਹਰਿ ਪੈਜ ਆਪ॥ ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ॥
ਜਿਨਿ ਜਿਨਿ ਸੇਵਿਆ ਅੰਤ ਬਾਰ॥ ਰੇ ਮਨ ਸੇਵਿ ਤੂ ਪਰਹਿ ਪਾਰ॥ 4॥
ਧੰਨੈ ਸੇਵਿਆ ਬਾਲ ਬੁਧਿ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥
ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ ਰੇ ਮਨ ਤੂ ਭੀ ਹੋਹਿ ਦਾਸੁ॥ 5॥
ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ॥
ਮਨੁ ਡੀਗਿ ਨ ਡੋਲੈ ਕਹੂੰ ਜਾਇ॥
ਮਨ ਤੂ ਭੀ ਤਰਸਹਿ ਸਰਣਿ ਪਾਇ॥ 6॥
ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ॥ ਸੇ ਤੈਂ ਲੀਨੇ ਭਗਤ ਰਾਖਿ॥
ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ॥
ਇਹ ਬਿਧਿ ਦੇਖਿ ਮਨੁ ਲਗਾ ਸੇਵ॥ 7॥
ਕਬੀਰਿ ਧਿਆਇਓ ਏਕ ਰੰਗ॥
ਨਾਮਦੇਵ ਹਰਿ ਜੀਉ ਬਸਹਿ ਸੰਗਿ॥
ਰਵਿਦਾਸ ਧਿਆਏ ਪ੍ਰਭ ਅਨੂਪ॥
ਗੁਰ ਨਾਨਕ ਦੇਵ ਗੋਵਿੰਦ ਰੂਪ॥ 8॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1192

ਪਦ ਅਰਥ
ਏਕ – ਇੱਕ ਅਕਾਲ ਪੁਰਖੁ ਵਾਹਿਗੁਰੂ
ਬਾਰ – ਫਾ: ਸਿਫ਼ਤੋ-ਸਲਾਹ ਕਰਨੀ
ਕਹਿ – ਕਰਨ ਨਾਲ
ਕਹਿ ਏਕ ਬਾਰ - ਇੱਕ ਅਕਾਲ ਪੁਰਖੁ ਵਾਹਿਗੁਰੂ ਦੀ ਸਿਫ਼ਤੋ-ਸਲਾਹ ਕਰਨ ਨਾਲ, ਇੱਕ ਅਕਾਲ ਪੁਰਖੁ ਦੀ ਬੰਦਗੀ ਕਰਨ ਨਾਲ
ਸਾਧਸੰਗੁ – ਸੱਚ ਦੀ ਸੰਗਤ ਪ੍ਰਾਪਤ ਹੋਣੀ
ਹਰਿ – ਅਕਾਲ ਪੁਰਖੁ, ਹਰੀ
ਨਿਸੰਗ – ਸੰ: ਸ਼ੰਕਾ ਰਹਿਤ, ਸ਼ੰਕਾ ਨਵਿਰਤ ਹੋ ਜਾਣੀ
ਤੇਰਿਆ ਸੰਤਾ – ਤੇਰੀ ਬੰਦਗੀ ਕਰਨ ਵਾਲੇ ਮਨੁੱਖ
ਜਾਚਉ ਚਰਨ ਰੇਨ – ਤੇਰੀ ਆਤਮਿਕ ਗਿਆਨ ਰੂਪੀ ਚਰਨ ਧੂੜ ਮੰਗਦੇ ਹਨ
ਲੇ ਮਸਤਕਿ ਲਾਵਉ – ਕਰ ਮਸਤਕ ਲਾੳਂਦੇ ਹਨ
ਕਰਿ ਕ੍ਰਿਪਾ ਦੇਨ – ਤੂੰ ਕਿਰਪਾ ਕਰਦਾ ਹੈਂ
ਗਨਿਕਾ ਉਧਰੀ ਹਰਿ ਕਹੈ ਤੋਤ – ਗਨਿਕਾ ਦਾ ਉਧਾਰ ਵੀ ਤੇਰੀ ਬੰਦਗੀ ਕਰਨ ਨਾਲ ਹੋਇਆ ਸੀ, ਜਿਸ ਦੇ ਨਾਲ ਕਰਮਕਾਂਡੀਆ ਨੇ ਤੋਤੇ ਵਾਲੀ ਕਹਾਣੀ ਜੋੜ ਦਿੱਤੀ
ਗਜਇੰਦ੍ਰ – ਅਜਾਮਲ ਅਤੇ ਬਿਦਰ ਵਾਂਗ ਇੱਕ ਗੁਰਮੁਖਿ ਮਨੁੱਖ (ਹਾਥੀ ਨਹੀਂ)
ਬਿਪ੍ਰ ਸੁਦਾਮੇ – ਸੁਦਾਮਾ ਬ੍ਰਾਹਮਣ
ਬਿਪ੍ਰ ਸੁਦਾਮੇ ਦਾਲਦੁ ਭੰਜ – ਸੁਦਾਮਾ ਜੀ ਦੀ ਕੰਗਾਲਤਾਈ ਖ਼ਤਮ ਹੋ ਗਈ
ਕਿਹੜਾ ਪਦਾਰਥ ਪ੍ਰਾਪਤ ਹੋਇਆ? ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 995
ਮੇਰੇ ਮਨ ਨਾਮੁ ਜਪਤ ਉਧਰੇ॥
ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ॥ 1॥ ਰਹਾਉ॥
ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ॥
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ॥
ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 995
ਇਸ ਸ਼ਬਦ ਦੀ ਅੱਗੇ ਜਾ ਕੇ ਵਿਆਖਿਆ ਪੜੋ।
ਦਾਲਦੁ ਭੰਜ – ਨਿਰਧਨਤਾ ਖ਼ਤਮ ਹੋ ਜਾਂਦੀ ਹੈ ਅਤੇ ਨਾਮ ਰੂਪੀ ਧਨ ਪ੍ਰਾਪਤ ਹੋ ਜਾਣਾ
ਰੇ ਮਨ – ਹੇ ਮੇਰੇ ਮਨ
ਤੂ ਭੀ ਭਜੁ ਗੋਬਿੰਦ – ਤੂੰ ਵੀ ਗੋਬਿੰਦ ਦਾ ਨਾਮ ਸਿਮਰ
ਖਮਿ – ਝੁਕਣਾ
ਪ੍ਰਹਾਰ – ਪਵਿੱਤਰ, ਉੱਤਮ
ਅੰਗੁਸਟ – ਸੰਗ ਕਰਨਾ, ਪ੍ਰਭੂ ਨਾਲ ਜੁੜਨਾ
ਦਾਸਤ ਭਾਇ – ਸੇਵਾ ਭਾਵਨਾਂ
ਹਰਿ – ਪ੍ਰਭੂ
ਪੈਜ – ਬਖ਼ਸ਼ਿਸ਼
ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ – ਬਸਤ੍ਰ ਛੀਨਤ ਹੋਣ ਤੋਂ ਰੱਖਿਆ ਭਾਵ ਪੜਦਾ ਢੱਕਿਆ
ਅੰਤ – ਅਖ਼ੀਰ, ਮੁੱਕਦੀ ਗੱਲ
ਬਾਰ – ਫਾ: ਸਿਫ਼ਤੋ-ਸਲਾਹ ਬੰਦਗੀ
ਜਿਨਿ ਜਿਨਿ ਸੇਵਿਆ ਅੰਤ ਬਾਰ – ਮੁੱਕਦੀ ਗੱਲ ਕਿ ਜਿਸ ਕਿਸੇ ਨੇ ਵੀ ਪ੍ਰਭੂ ਦੀ ਸਿਫ਼ਤੋ-ਸਲਾਹ, ਬੰਦਗੀ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ
ਨੋਟ – ਰਹਾਉ ਦੀਆਂ ਪੰਗਤੀਆਂ ਅੰਦਰ ਸਾਰਾ ਰਹੱਸ ਹੈ। ਗੁਰੂ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਅਜਾਮਲ, ਬਾਲਮੀਕ, ਧਰੂ ਜੀ ਦੇ ਸੱਚੇ ਸੁੱਚੇ ਜੀਵਨ ਦੀ ਸਾਖੀ ਸੁਣ ਕਰ ਮਨ ਅੰਦਰ ਪ੍ਰੇਮਾ ਭਗਤੀ ਦਾ ਚਾਉ ਉਪਜਦਾ ਹੈ। ਅੱਗੇ ਸਾਰੇ ਸ਼ਬਦ ਅੰਦਰ ਇਨ੍ਹਾਂ ਗੁਰਮੁਖ ਜਨਾਂ ਦੇ ਸੱਚੇ ਸੁੱਚੇ ਜੀਵਨ ਦੀ ਸਾਖੀ ਸੁਣ ਕੇ ਕਿਨ੍ਹਾਂ ਕਿਨ੍ਹਾਂ ਗੁਰਮੁਖਾਂ ਅੰਦਰ ਚਾਉ ਉਪਜਿਆ ਅਤੇ ਸੱਚ ਨਾਲ ਜੁੜੇ ਦਾ ਵਰਨਣ ਹੈ। ਉਹ ਜੁੜਨ ਵਾਲੇ ਸੰਸਾਰ ਸਮੁੰਦਰ ਤਰ ਗਏ। ਸਮੁੰਦਰ ਪਾਰ ਹੋ ਗਏ। ਇਸ ਦੇ ਉਲਟ ਕਰਮਕਾਂਡੀਆਂ ਨੇ ਗੁਰਮੁਖਿ ਜਨਾਂ ਨਾਲ ਵੀ ਤਰ੍ਹਾਂ ਤਰ੍ਹਾਂ ਦੀਆਂ ਕਰਮਕਾਂਡੀ ਕਹਾਣੀਆਂ ਜੋੜ ਕੇ, ਉਨ੍ਹਾਂ ਨੂੰ ਵੀ ਅਵਤਾਰਾਂ ਦੇ ਪੁਜਾਰੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਨੇ ਗੁਰਮੁਖਿ ਜਨਾਂ ਨਾਲ ਇਹ ਜੋੜੀਆਂ ਜਾਂਦੀਆਂ ਕਰਮਕਾਂਡੀ ਕਹਾਣੀਆਂ ਨੂੰ ਰੱਦ ਕੀਤਾ ਹੈ। ਸੰਸਾਰ ਸਮੁੰਦਰ ਨੂੰ ਤਰਨ ਦਾ ਗੁਰਮਤਿ ਦਾ ਪੈਮਾਨਾ ਇੱਕ ਹੀ ਹੈ। ਉਹ ਹੈ: -
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਪ੍ਰਮੇਸ਼ਰ ਇੱਕ ਹੈ ਅਤੇ ਉਸ ਨੂੰ ਮਿਲਣ ਦਾ ਰਸਤਾ ਵੀ ਇੱਕ ਹੀ ਹੈ। ਇਹ ਕਿਤੇ ਨਹੀਂ ਲਿਖਿਆ ਕਿ ਬੰਦੇ ਨੂੰ ਸਿਮਰਕੇ ਬੰਦਾ ਤਰ ਗਿਆ ਹੋਵੇ।
ਰਹਾਉ ਦੀਆ ਪੰਗਤੀਆ ਅੰਦਰ ਜਿਨ੍ਹਾਂ ਗੁਰਮੁਖਾਂ ਦਾ ਇਤਿਹਾਸ ਬਿਆਨ ਕਰ ਕੇ ਪ੍ਰੇਰਨਾ ਦਿਤੀ ਗਈ ਹੈ, ਉਨ੍ਹਾਂ ਲਈ ਗੁਰੂ ਜੀ ਦਾ ਆਪਣਾ ਵੀਚਾਰ: -
ਅਜਾਮਲ
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ॥
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ॥ 3॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 632
ਦੁਖ ਹਰਤਾ ਹਰਿ ਨਾਮੁ ਪਛਾਨੋ॥
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 830
ਹਰਿ ਕੋ ਨਾਮੁ ਸਦਾ ਸੁਖਦਾਈ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1008
ਜਗਤ ਵਿੱਚ ਕਰਮਕਾਂਡੀਆ ਨੇ ਅਜਾਮਲ ਨੂੰ ਪਾਪੀ ਕਿਹਾ ਹੈ। ਪਾਪੀ ਉਨ੍ਹਾਂ ਲਈ ਇਸ ਲਈ ਹੈ ਕਿਉਂਕਿ ਉਸ ਨੇ ਸੱਚ ਜਾਣਿਆ ਹੈ, ਕਰਮ ਕਾਂਡ ਦਾ ਰਸਤਾ ਛੱਡਿਆ ਹੈ। ਅੱਜ ਦੇ ਸਮੇ ਅੰਦਰ ਵੀ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰੇ ਤਾਂ ਅੱਜ ਦੇ ਕਰਮਕਾਂਡੀ ਵੀ ਸੱਚ ਬੋਲਣ ਵਾਲੇ ਨੂੰ ਪਾਪੀ ਹੀ ਦਰਸਾਉਂਦੇ ਹਨ।
ਧਰੂ ਭਗਤ
ਰਾਮ ਜਪਉ ਜੀਅ ਐਸੇ ਐਸੇ॥
ਧ੍ਰ¨ ਪ੍ਰਹਿਲਾਦ ਜਪਿਓ ਹਰਿ ਜੈਸੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 337

ਬਾਲਮੀਕ
ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 995
ਬਾਲਮੀਕ ਅਤੇ ਧੰਨਾ ਜੀ ਦੋਨੋ ਗੁਰਮੁਖਿ ਜਨ ਹਨ। ਦੋਨੋ ਆਤਮਿਕ ਗਿਆਨੀ ਹਨ।
ਅਰਥ
ੴਸਤਿਗੁਰ ਪ੍ਰਸਾਦਿ॥ ਸਰਬ-ਵਿਆਪਕ ਦੀ ਬਖ਼ਸ਼ਿਸ਼ ਜਿਨ੍ਹਾਂ ਜਿਨ੍ਹਾਂ ਉੱਪਰ ਹੋਈ, ਉਨ੍ਹਾਂ ਦੀ ਸਾਖੀ ਸੁਣ ਕੇ ਪ੍ਰਮਾਤਮਾ ਦਾ ਨਾਮ ਜਪਣ ਨੂੰ ਮਨ ਕਰਦਾ ਹੈ। ਅੰਦਰ ਚਾਉ ਉਪਜਦਾ ਹੈ, ਕਿ ਅਜਾਮਲ ਇੱਕ ਸਰਬ-ਵਿਆਪਕ ਦੀ ਸਿਫ਼ਤੋ-ਸਲਾਹ ਕਰਕੇ ਭਾਵ ਬੰਦਗੀ ਕਰਕੇ ਸੰਸਾਰ ਸਮੁੰਦਰ ਤਰ ਗਿਆ।
ਇਕੁ ਸਰਬ-ਵਿਆਪਕ ਦੀ ਬੰਦਗੀ ਕਰਨ ਵਾਲੇ ਤੇਰੇ ਕੋਲੋਂ ਹਮੇਸ਼ਾ ਆਤਮਿਕ ਗਿਆਨ ਦੀ ਬਖ਼ਸ਼ਿਸ਼ ਰੂਪ ਚਰਨ ਧੂੜ ਦੀ ਜਾਚਨਾ ਹੀ ਕਰਦੇ ਹਨ। ਵਾਹਿਗੁਰੂ! ਤੇਰੀ ਚਰਨ ਧੂੜ ਹੀ ਮੰਗਦੇ ਹਨ। ਤੂੰ ਕਿਰਪਾ ਕਰਦਾ ਹੈਂ, ਬਖ਼ਸ਼ਿਸ਼ ਕਰਦਾ ਹੈ ਅਤੇ ਉਹ ਤੇਰੀ ਆਤਮਿਕ ਗਿਆਨ ਦੀ ਬਖ਼ਸ਼ਿਸ਼ ਰੂਪ ਧੂੜ ਹੀ ਹਮੇਸ਼ਾ ਆਪਣੇ ਮਸਤਕ ਉੱਪਰ ਲਾਉਂਦੇ ਹਨ।
ਨੋਟ – ਇਹ ਰਹਾਉ ਦੀਆ ਪੰਗਤੀਆ ਹਨ।
ਸਤਿਗੁਰ ਪ੍ਰਸਾਦਿ॥ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼।
ਕਹਿ ਏਕ ਬਾਰ – ਇੱਕ ਦੀ ਸਿਫ਼ਤੋ-ਸਲਾਹ ਬੰਦਗੀ ਕਰਨੀ। ਇਹ ਸ਼ਬਦ ਸਾਰੇ ਗੁਰਮੁਿਖ ਜਨਾਂ ਨਾਲ ਜੁੜਨਾ ਹੈ। ਸ਼ਬਦ ਦੀ ਸ਼ੁਰੂਆਤ ‘ੴਸਤਿਗੁਰ ਪ੍ਰਸਾਦਿ’ ਤੋਂ ਹੈ। ਗੁਰ ਪ੍ਰਸਾਦਿ ਰਾਹੀਂ ਇੱਕ ਸਰਬ-ਵਿਆਪਕ ਉੱਪਰ ਭਰੋਸਾ ਲਿਆਉਣ ਵਾਲਿਆਂ ਤੇ ਹੀ ਬਖ਼ਸ਼ਿਸ਼ ਹੁੰਦੀ ਹੈ। ਕਰਮਕਾਂਡੀਆ ਵਲੋਂ ਗੁਰਮੁਖਿ ਜਨਾਂ ਨਾਲ ਜੋ ਕਰਮਕਾਂਡੀ ਕਹਾਣੀਆ ਜੋੜੀਆ ਹਨ, ਉਨ੍ਹਾਂ ਦਾ ਇਸ ਸ਼ਬਦ ਅੰਦਰ ਖੰਡਨ ਹੈ ਅਤੇ ਉਨ੍ਹਾਂ ਗੁਰਮੁਖਾਂ ਦੇ ਆਤਮਿਕ ਗਿਆਨ ਰੂਪੀ ਜੀਵਨ ਤੇ ਮੋਹਰ ਲਾਈ ਹੈ ਗੁਰੂ ਪਾਤਸ਼ਾਹ ਨੇ।
ਅਰਥ
ਹੇ ਭਾਈ! ਇਸੇ ਤਰ੍ਹਾਂ ਅਜਾਮਲ, ਧਰੂ ਅਤੇ ਬਾਲਮੀਕ ਜੀ ਵਾਂਗ ਸਰਬ-ਵਿਆਪਕ ਹਰੀ ਜੋ ਇਕੁ ਹੈ, ਦੀ ਸਿਫ਼ਤੋ-ਸਲਾਹ ਕਰਨ ਨਾਲ ਹੀ ਗਨਿਕਾ ਦਾ ਉਧਾਰ ਹੋਇਆ ਸੀ। ਜਿਸ ਬਾਰੇ ਕਹਿੰਦੇ ਹਨ ਕਿ ਤੋਤੇ ਨੂੰ ਹਰੀ ਨਾਮ ਰਟਾਉਂਦੀ ਸੀ।
ਹੇ ਭਾਈ! ਇਸੇ ਤਰ੍ਹਾਂ ਗਜਇੰਦ੍ਰ ਨੇ ਵੀ ਹਰੀ ਦੀ ਸਿਫ਼ਤੋ-ਸਲਾਹ ਭਾਵ ਬੰਦਗੀ ਕੀਤੀ ਸੀ, ਤੇ ਹਰੀ ਨੇ ਹੀ ਉਸ ਨੂੰ ਨਾਮ ਧਨ ਦੀ ਦਾਤ ਦੀ ਬਖ਼ਸ਼ਿਸ਼ ਕੀਤੀ ਸੀ। ਨਾਮ ਧਨ ਨਾਲ ਸੁਦਾਮਾ ਜੀ ਦੀ ਨਿਰਧਨਤਾ ਖ਼ਤਮ ਹੋ ਗਈ ਸੀ।
ਹੇ ਭਾਈ! ਆਪਣੇ ਮਨ ਨੂੰ ਸਮਝਾਉਣਾ ਕਰੋ, ਕਿ ਹੇ ਮੇਰੇ ਮਨਾਂ ਤੂੰ ਵੀ ਸੁਦਾਮਾ, ਗਜਇੰਦ੍ਰ ਅਤੇ ਗਨਿਕਾ ਵਾਂਗ ਉਸ ਸਰਬ-ਵਿਆਪਕ ਅਕਾਲ ਪੁਰਖੁ ਹਰੀ ਦੀ ਬੰਦਗੀ ਕਰ, ਤਾਂ ਜੋ ਤੇਰਾ ਵੀ ਉਧਾਰ ਹੋ ਸਕੇ।
ਹੇ ਭਾਈ! ਇਸੇ ਤਰ੍ਹਾਂ ਬਧਿਕ ਜੀ ਦਾ ਸਰਬ-ਵਿਆਪਕ ਪ੍ਰਭੂ ਸਾਹਮਣੇ ਝੁਕਣਾ ਹੀ ਪਵਿੱਤ੍ਰ ਸੀ ਅਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤੋ-ਸਲਾਹ ਅੱਗੇ ਝੁਕਣਾ ਹੀ ਪਵਿੱਤਰ ਹੈ।
ਹੇ ਭਾਈ! ਸਰਬ-ਵਿਆਪਕ ਹਰੀ ਦੀ ਸਿਫ਼ਤੋ-ਸਲਾਹ ਨਾਲ ਜੁੜਨ ਨਾਲ ਕੁਬਿਜਾ ਦਾ ਉਧਾਰ ਹੋਇਆ ਸੀ।
ਹੇ ਭਾਈ! ਸਰਬ-ਵਿਆਪਕ ਹਰੀ ਦੇ ਸਿਮਰਨ ਦੀ ਭਾਵਨਾਂ ਨਾਲ, ਭਾਵ ਸਰਬ-ਵਿਆਪਕ ਹਰੀ ਦੀ ਸਿਫ਼ਤੋ-ਸਲਾਹ ਕਰਨ ਨਾਲ ਹੀ ਬਿਦਰੁ ਜੀ ਦਾ ਉਧਾਰ ਹੋਇਆ ਸੀ।
ਹੇ ਭਾਈ! ਆਪਣੇ ਮਨ ਨੂੰ ਸਮਝਾਉਣਾਂ ਕਰੋ ਕਿ ਹੇ ਮੇਰੇ ਮਨਾਂ ਤੂ ਵੀ ਬਧਿਕ, ਕੁਬਜਾ ਅਤੇ ਬਿਦਰ ਵਾਂਗ ਉਸ ਸਰਬ-ਵਿਆਪਕ ਅਕਾਲ ਪੁਰਖੁ ਹਰੀ ਦੀ ਬੰਦਗੀ ਕਰ, ਤੇਰਾ ਵੀ ਇਨ੍ਹਾਂ ਗੁਰਮੁਖਾਂ ਵਾਂਗ ਉਧਾਰ ਹੋ ਜਾਵੇਗਾ।
ਹੇ ਭਾਈ! ਪ੍ਰਹਿਲਾਦ ਜੀ ਨੇ ਸਰਬ-ਵਿਆਪਕ ਹਰੀ ਦੀ ਬੰਦਗੀ ਕੀਤੀ ਸੀ ਤਾਂ ਹਰੀ ਨੇ ਆਪ ਪ੍ਰਹਿਲਾਦ ਉੱਪਰ ਕ੍ਰਿਪਾ ਕੀਤੀ।
ਹੇ ਭਾਈ! ਸਰਬ-ਵਿਆਪਕ ਹਰੀ ਦੀ ਬੰਦਗੀ ਦ੍ਰੋਪਤੀ ਨੇ ਕੀਤੀ ਸੀ ਤਾਂ ਸਰਬ-ਵਿਆਪਕ ਹਰੀ ਨੇ ਹੀ ਦ੍ਰੋਪਤੀ ਦੀ ਲੱਜਾ ਰੱਖੀ ਸੀ ਭਾਵ ਪੜਦਾ ਢੱਕਿਆ ਸੀ।
ਹੇ ਭਾਈ, ਮੁੱਕਦੀ ਗੱਲ ਕਿ ਜਿਸ ਕਿਸੇ ਨੇ ਵੀ ਸਰਬ-ਵਿਆਪਕ ਹਰੀ ਦੀ ਸਿਫ਼ਤੋ-ਸਲਾਹ ਕੀਤੀ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
ਸੋ ਹੇ ਭਾਈ ਆਪਣੇ ਮਨ ਨੂੰ ਸਮਝਾਉਣਾਂ ਕਰੋ, ਕਿ ਹੇ ਮਨ ਤੂੰ ਵੀ ਉਸ ਸਰਬ-ਵਿਆਪਕ ਹਰੀ ਦੀ ਬੰਦਗੀ ਕਰ। ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ।
ਨੋਟ - ਗੁਰੂ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਇਕੁ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤੋ-ਸਲਾਹ ਕਰਨ ਤੋਂ ਬਗ਼ੈਰ ਨਾਂਹ ਕੋਈ ਤਰਿਆ ਹੈ, ਅਤੇ ਨਾਂਹ ਕੋਈ ਤਰ ਸਕਦਾ ਹੈ। ਜਿਹੜਾ ਆਪ ਬੱਚੀਆਂ ਦੇ ਕੱਪੜੇ ਚੁੱਕਦਾ ਫਿਰਦਾ ਸੀ, ਉਹ ਦ੍ਰੋਪਤੀ ਦੀ ਲਾਜ ਕਿਸ ਤਰ੍ਹਾਂ ਰੱਖ ਸਕਦਾ ਸੀ?
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਅੱਗੇ ਗੁਰੂ ਰਾਮਦਾਸ ਜੀ ਦਾ ਉਚਾਰਨ ਸ਼ਬਦ ਪੜ੍ਹੋ ਕਿ ਅਜਾਮਲ, ਗਨਿਕਾ ਕਿਸ ਤਰ੍ਹਾਂ ਤਰੇ ਸਨ, ਅਤੇ ਕਿਵੇਂ ਕਰਮਕਾਂਡੀਆ ਦੀਆਂ ਜੋੜੀਆਂ ਕਹਾਣੀਆਂ ਰੱਦ ਹਨ।
ਬਲਦੇਵ ਸਿੰਘ ਟੋਰਾਂਟੋ
.