.

ਸਮਾਜਿਕ ਬੁਰਾਈਆਂ ਤੋਂ ਕੋਈ ਵੀ ਸੁਚੇਤ ਕਰ ਸਕਦਾ ਹੈ।

ਪ੍ਰੋ: ਸਰਬਜੀਤ ਸਿੰਘ ਧੂੰਦਾ

98555,98851

ਪਿਛਲੇ ਦਿਨੀਂ ਪੰਜਾਬ ਦੇ ਇੱਕ ਕਲਾਕਾਰ ਬੱਬੂ ਮਾਨ ਦਾ ਗੀਤ ਇੱਕ ਬਾਬਾ ਨਾਨਕ ਸੀ ਜਿਸਨੇ ਤੁਰਕੇ ਦੁਨੀਆਂ ਗਾਹਤੀ, ਇੱਕ ਅੱਜ ਕੱਲ ਬਾਬੇ ਬੱਤੀ ਲਾਲ ਗੱਡੀ ਤੇ ਲਾ ਲਈ ਨੂੰ ਸੁਣਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਬਹੁਤ ਤੜ੍ਹਫਿਆ ਸੀ ਚੋਰ ਦੀ ਦਾੜ੍ਹੀ ਵਿੱਚ ਤਿਣਕੇ ਵਾਲੀ ਗੱਲ ਉਦੋਂ ਸੱਚ ਸਾਬਤ ਹੋਈ ਜਦੋਂ ਆਪਣੇ ਦੀਵਾਨ ਵਿੱਚ ਆਪਣੀਆਂ ਸੰਗਤਾਂ ਨੂੰ ਇਹ ਕਹਿ ਰਿਹਾ ਸੀ ਸੱਜ ਤੇ ਬੋਲੇ ਛਾਨਣੀ ਕਿਉ ਬੋਲੇ ਜਿਸ ਵਿੱਚ ਛੱਤੀ ਸੌ ਛੇਕ ਹਨ। ਜਦੋਂ ਇਹ ਗੱਲ ਕਹਿ ਰਿਹਾ ਸੀ ਤਾਂ ਉਸ ਵੇਲੇ ਇਸ ਦੀ ਆਪਣੀ ਸੰਗਤ ਹੱਸ ਰਹੀ ਸੀ ਤੇ ਇਹ ਬਾਬਾ ਸੰਗਤਾਂ ਨੂੰ ਕਹਿ ਰਿਹਾ ਸੀ ਗੁਰੂ ਪਿਆਰਿਓ ਤੁਸੀ ਹੱਸ ਰਹੇ ਹੋ ਧਿਆਨ ਦਿਉ ਗੁਰੂ ਪਿਆਰਿਓ ਧਿਆਨ ਦਿਉ ਇਸ ਬਾਬੇ ਨੂੰ ਸੰਗਤਾਂ ਦੇ ਹਾਸੇ ਤੋਂ ਹੀ ਅੰਦਾਜਾ ਲੱਗਾ ਲੈਣਾ ਚਾਹੀਦਾ ਹੈ ਕਿ ਇਹ ਸਾਰੇ ਹੱਸੇ ਕਿਉ ਨੇ ਕਿਉਕਿ ਉਹ੍ਹਨਾਂ ਸਾਰਿਆਂ ਨੂੰ ਇਹ ਤੇ ਪਤਾ ਹੈ ਕਿ ਬੱਬੂ ਮਾਨ ਨੇ ਗੀਤ ਬਹੁਤਾ ਗੱਲਤ ਨਹੀ ਗਾਇਆ ਸਾਡੇ ਇਸ ਬਾਬੇ ਤੇ ਇਹ ਸਾਰਾ ਗੀਤ ਢੁੱਕਦਾ ਹੈ।

ਆਉ ਵੀਚਾਰ ਕਰਕੇ ਵੇਖੀਏ ਲਾਲ ਬੱਤੀ ਕੌਣ ਲੋਕ ਲਾਉਦੇ ਹਨ ਲਾਲ ਬੱਤੀਆਂ ਹਮੇਸਾਂ ਸਰਕਾਰੀ ਬੰਦਿਆਂ ਦੀਆਂ ਹੀ ਗੱਡੀਆਂ ਤੇ ਲਗਦੀਆਂ ਹਨ ਪਰ ਜਦੋਂ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਆਪਣੀਆਂ ਗੱਡੀਆਂ ਤੇ ਲਾਲ ਬੱਤੀਆਂ ਲਾਉਣ ਤਾਂ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਇਹ ਹੁਣ ਸਰਕਾਰੀ ਬੰਦੇ ਹਨ ਇਹ ਹੁਣ ਸਰਕਾਰ ਦੀ ਬੋਲੀ ਬੋਲਣਗੇ।

ਪਿਛਲੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਵਿਖੇ ਕਥਾ ਦੌਰਾਨ ਦਾਸ ਨੇ ਅੱਜ ਦੇ ਪਾਖੰਡੀ ਸਾਧਾਂ ਬਾਰੇ ਗੁਰਬਾਣੀ ਦੀ ਰੌਸਨੀ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਕੋਈ ਵੀ ਗੜਵਈ ਨਹੀ ਸੀ ਨਾਲ ਲੈ ਕਿ ਗਏ ਕੇਵਲ ਭਾਈ ਮਰਦਾਨਾ ਜੀ ਸਨ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਇਕੁ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।

ਪਰ ਅੱਜ ਦੇ ਅਖੌਤੀ ਬ੍ਰਹਮ ਗਿਆਨੀ, ਸੰਤ ਬਾਬੇ ਆਪਣੇ ਨਾਲ ਗੜਵਈ ਅਤੇ ਤੌਲੀਆ ਚੁੱਕਣ ਲਈ ਚੇਲੇ ਲਈ ਫਿਰਦੇ ਹਨ ਜਿੰਨ੍ਹਾਂ ਕੋਲੋਂ ਉਹ ਗੁਰੂ ਦੀ ਨਹੀ ਆਪਣੀ ਸੇਵਾ ਕਰਵਾਉਦੇ ਹਨ। ਜਦੋਂ ਦਾਸ ਨੇ ਕਥਾ ਦੇ ਦੌਰਾਨ ਅੱਜ ਦੇ ਅਖੌਤੀ ਬਾਬਿਆ ਬਾਰੇ ਦੱਸਿਆ ਕਿ ਉਹ ਆਪਣੇ ਨਾਲ ਗੜਵਈ ਤੇ ਤੌਲੀਆ ਚੁੱਕਣ ਵਾਲਾ ਸੇਵਾਦਾਰ ਰੱਖਦੇ ਹਨ ਜੋ ਗੁਰਬਾਣੀ ਦੇ ਅਨੁਸਾਰ ਗਲਤ ਹੈ ਤਾਂ ਸਾਧਾਂ ਦੇ ਚੇਲਿਆਂ ਦੇ ਕਈ ਫੂਨ ਆਏ ਅਤੇ ਉਹਨ੍ਹਾ ਕਈ ਪ੍ਰਕਾਰ ਦੀਆਂ ਧਮਕੀਆਂ ਵੀ ਦਿਤੀਆਂ ਅਤੇ ਕਿਹਾ ਕਿ ਭਾਈ ਤੁਸੀ ਵੀ ਆਪਣੇ ਨਾਲ ਗੜਵਈ ਰੱਖ ਲਵੋ ਤੁਸੀ ਸਾਡੇ ਬਾਬੇ ਦੇ ਗੜਵੇ ਅਤੇ ਤੌਲੀਏ ਦੀ ਗੱਲ ਕਿਉ ਕਰਦੇ ਹੋ, ਨਾਲੇ ਗੁਰਬਾਣੀ ਵਿੱਚ ਕਿਥੇ ਲਿਖਿਆ ਹੈ ਕਿ ਗੱੜਵਾ ਰੱਖਣਾ ਮਨਮੱਤ ਹੈ ਤਾਂ ਮੈਂ ਉਸ ਫੂਨ ਕਰਨ ਵਾਲੇ ਸੱਜਣ ਨੂੰ ਬੇਨਤੀ ਕੀਤੀ ਕਿ ਵੀਰ ਜੀ ਭਗਤ ਕਬੀਰ ਜੀ ਨੇ ਸ਼ਬਦ ਦੁਆਰਾ ਪਾਖੰਡੀ ਸਾਧਾਂ ਦਾ ਪਾਖੰਡ ਜੱਗ ਜਾਹਰ ਕਰਦਿਆਂ ਹੋਇਆਂ ਫੁਰਮਾਇਆ ਹ

ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥

ਮੈ ਕਿਹਾ ਵੀਰ ਜੀ ਤੁਸੀ ਕਦੀ ਗੁਰਬਾਣੀ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਗੁਰਬਾਣੀ ਦਾ ਸਿਧਾਂਤ ਕੀ ਹੈ ਤੁਹਾਨੂੰ ਤਾਂ ਬੱਸ ਆਪਣਿਆਂ ਬਾਬਿਆਂ ਦੇ ਗੱੜਵੇ ਅਤੇ ਤੌਲੀਏ ਬਾਰੇ ਪਤਾ ਹੈ ਕਾਸ਼ ਕਿਤੇ ਏਨਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਪਤਾ ਹੁੰਦਾ ਤਾਂ ਸਾਡੀ ਕੌਮ ਦੀ ਜੋ ਅੱਜ ਹਾਲਤ ਹੈ ਸਾਇਦ ਨਾ ਹੁੰਦੀ ਇਸ ਕਰਕੇ ਦਾਸ ਦਾ ਇੱਕ ਸੁਝਾਅ ਹੈ ਬਾਬਿਆਂ ਦੇ ਚੇਲੇ ਨਾਂ ਬਣੋ ਗੁਰੂ ਦੇ ਸਿੱਖ ਬਣੋ।

ਪਰ ਦੁਖ ਦੀ ਗੱਲ ਹੈ ਕਿ ਜਦੋਂ ਤੱਤ ਗੁਰਮਤਿ ਦੀ ਗੱਲ ਕਰਣ ਦਾ ਦਾਵ੍ਹਾ ਕਰਨ ਵਾਲੇ ਪ੍ਰਚਾਰਕ, ਰਾਗੀ, ਢਾਢੀ, ਕਵੀਸ਼ਰ, ਅੱਜ ਦੇ ਜਥੇਦਾਰ ੲ੍ਹਿਹਨਾਂ ਅਖੌਤੀ ਸੰਤਾਂ ਦਿਆਂ ਡੇਰਿਆਂ ਵਿੱਚ ਜਾਕੇ ਚਾਰ ਛਿੱਲੜਾਂ ਦੇ ਕਾਰਣ ਇਹਨ੍ਹਾਂ ਨੂੰ ਬ੍ਰਹਮਗਿਆਨੀਆਂ ਦੀਆਂ ਡਿਗਰੀਆਂ ਦੇ ਕਿ ਆਉਦੇ ਹਨ ਇਹਨ੍ਹਾਂ ਦਾ ਗੁਰਮਤੀਏ ਹੋਣ ਦਾ ਪਾਜ ਉਘੜ ਜਾਦਾ ਹੈ। ਗੁਰਮਤਿ ਅਨੁਸਾਰ ਬਰਸੀਆਂ ਮਨਾਉਣੀਆਂ ਮਨਮਤ ਹਨ ਪਰ ਪੰਜਾਬ ਦੀ ਧਰਤੀ ਤੇ ਕੁਝਕੁ ਨੂੰ ਛੱਡਕੇ ਬਹੁਤਿਆਂ ਪ੍ਰਚਾਰਕਾਂ, ਰਾਗੀਆਂ, ਢਾਢੀਆਂ, ਕਵੀਸਰਾਂ, ਤੋਂ ਬਿਨਾਂ ਅਖੌਤੀ ਸੰਤਾਂ ਦੀਆਂ ਬਰਸੀਆਂ ਅਧੂਰੀਆ ਸਮਝੀਆਂ ਜਾਦੀਆਂ ਹਨ, ਕਿਉਕਿ ਬਾਬੇ ਉਹਨ੍ਹਾਂ ਦੀ ਮਾਇਆ ਨਾਲ ਮੋਟੀ ਸੇਵਾ ਕਰਦੇ ਹਨ।

ਮੁੱਕਦੀ ਗੱਲ ਜਿਹ੍ਹੜਾ ਵੀ ਆਪਣੇ ਨਾਮ ਦੇ ਨਾਲ ਸੰਤ ਜਾਂ ਬ੍ਰਹਮਗਿਆਨੀ ਲੁਵਾਉਦਾ ਹੈ ਸਮਝ ਲੈਣਾਂ ਉਹ ਆਪਣੇ ਆਪ ਨੂੰ ਗੁਰੁ ਤੋਂ ਘੱਟ ਨਹੀ ਅਖਵਾਉਦਾ ਸਿਧੇ ਨਹੀ ਅਸਿਧੇ ਰੂਪ ਵਿੱਚ ਗੁਰੂ ਹੀ ਅਖਵਾ ਰਿਹਾ ਹੈ। ਉਹਨਾਂ ਦੀ ਆਪਣੀ ਸੰਗਤਾਂ ਅੰਦਰ ਏਨੀ ਤਾਂਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਣ ਤੇ ਵਿਚਾਰਨ ਦੀ ਨਹੀ ਹੁੰਦੀ ਜਿੰਨੀ ਆਪਣੇ ਬਾਬੇ ਦੇ ਬਚਨ ਸੁਣਣ ਅਤੇ ਦਰਸ਼ਨ ਕਰਨ ਦੀ ਹੁੰਦੀ ਹੈ।

ਜੇ ਕੋਈ ਪੰਥ ਦਰਦੀ ਰਾਗੀ, ਪ੍ਰਚਾਰਕ, ਇਹ ਸਚਾਈ ਸੰਗਤਾਂ ਦੇ ਸਾਹ੍ਹਮਣੇ ਰੱਖਦਾ ਹੈ ਤਾਂ ਇਹ ਬਾਬਿਆਂ ਦੇ ਪੂਜਾਰੀ ਕਈ ਵਾਰੀ ਉਹ੍ਹਨਾਂ ਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦੇਂਦੇ ਹਨ।

ਪਰ ਹੁਣ ਸਮਾਂ ਹੈ ਜਾਗਣ ਦਾ ਹੈ ਇਸ ਲਈ ਆਪ ਗੁਰਬਾਣੀ ਵੀਚਾਰਨ ਦੀ ਆਦਤ ਪਾਈਏ, ਅਤੇ ਪਖੰਡੀ ਬਾਬਿਆਂ ਦੇ ਚੁੱਗਲ ਵਿਚੋਂ ਬਾਹਰ ਨਿਕਲੀਏ, ਤਾਂ ਕਿ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ।




.