.

ਸਿੱਖੀ ਦੇ ਸੋਮੇਂ
ੴਸਤਿਗੁਰ ਪ੍ਰਸਾਦਿ

ਮਨੁੱਖੀ ਜੀਵਨ ਤੇ ਸਭ ਤੋਂ ਵੱਧ ਪ੍ਰਭਾਵ ਮਹੌਲ ਦਾ ਪੈਂਦਾ ਹੈ। ਇਸੇ ਵਾਸਤੇ ਗੁਰਬਾਣੀ ਸਾਨੂੰ ਬਾਰ ਬਾਰ ਸਤਿਸੰਗਤ ਵਿੱਚ ਰਹਿਣ ਵਾਸਤੇ ਪ੍ਰੇਰਦੀ ਹੈ:
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ (ਮਹਲਾ-5, ਪੰਨਾ-10)
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ (ਕਬੀਰ, ਪੰਨਾ-1369)
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ॥ (ਮਹਲਾ-1, ਪੰਨਾ-505)
ਅਤੇ ਸਭ ਤੋਂ ਉੱਤਮ ਸੰਗਤ, ਗੁਰੂ ਦੀ ਸੰਗਤ ਭਾਵ ਗੁਰਬਾਣੀ ਦੀ ਸੰਗਤ ਹੈ।
ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿੑ॥ ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿੑ॥ 30॥ (ਮਹਲਾ -3, ਪੰਨਾ -1416)
ਇਸੇ ਵਾਸਤੇ ਹਰ ਸਿੱਖ ਨੂੰ ਰੋਜ਼ ਨੇਮ ਨਾਲ ਗੁਰਬਾਣੀ ਪੜ੍ਹਨ ਦਾ ਹੁਕਮ ਹੈ। ਜੇ ਅਸੀਂ ਨੇਮ ਨਾਲ, ਵਿਚਾਰ ਕੇ, ਸਮਝ ਕੇ ਗੁਰਬਾਣੀ ਪੜ੍ਹੀਏ, ਤਾਂ ਯਕੀਨੀ ਉਸ ਦਾ ਪ੍ਰਭਾਵ ਸਾਡੇ ਜੀਵਨ ਤੇ ਪਵੇਗਾ ਅਤੇ ਸਾਡੇ ਪਰਿਵਾਰਾਂ ਦਾ ਮਹੌਲ ਗੁਰਮਤਿ ਵਾਲਾ ਭਾਵ ਸਿੱਖੀ ਮਹੌਲ ਬਣ ਜਾਵੇਗਾ। ਫਿਰ ਸੁਭਾਵਕ ਹੀ ਸਾਡੇ ਬੱਚਿਆਂ ਨੂੰ ਘਰ ਵਿਚੋਂ ਹੀ ਸਿੱਖੀ ਦੀ ਦਾਤ ਪ੍ਰਾਪਤ ਹੋ ਜਾਵੇਗੀ। ਪਰ ਹੋ ਇਸਦੇ ਬਿਲਕੁਲ ਉਲਟ ਰਿਹਾ ਹੈ। ਪਹਿਲਾਂ ਤਾਂ ਸਾਡੇ ਘਰਾਂ ਵਿੱਚ ਗੁਰਬਾਣੀ ਪੜ੍ਹਨ ਦਾ ਰਿਵਾਜ਼ ਹੀ ਖਤਮ ਹੁੰਦਾ ਜਾ ਰਿਹਾ ਹੈ। ਫੇਰ ਜੇ ਪੜ੍ਹੀ ਵੀ ਜਾ ਰਹੀ ਹੈ ਤਾਂ ਕੇਵਲ ਤੋਤਾ ਰਟਨੀ। ਜੇ ਗੁਰਬਾਣੀ ਦਾ ਭਾਵ ਹੀ ਨਹੀਂ ਸਮਝਿਆ ਤਾਂ ਸਾਡੇ ਜੀਵਨ ਤੇ ਪ੍ਰਭਾਵ ਕਿਸ ਚੀਜ਼ ਨੇ ਪਾਉਣਾਂ ਹੈ?
ਕਹਿਣ ਨੂੰ ਤਾਂ ਭਾਰਤ ਧਰਮ ਨਿਰਪੱਖ ਦੇਸ਼ ਹੈ। ਪਰ ਇਥੇ ਬਹੁਗਿਣਤੀ ਹਿੰਦੂ ਕੌਮ ਦੀ ਹੋਣ ਕਰਕੇ ਸਾਰਾ ਮਹੌਲ ਬ੍ਰਾਹਮਣਵਾਦੀ ਵਿਚਾਰ ਧਾਰਾ ਵਿੱਚ ਰੰਗਿਆ ਹੋਇਆ ਹੈ। ਹੋਰ ਤਾਂ ਹੋਰ ਭਾਰਤੀ ਸੰਵਿਧਾਨ ਅਨੁਸਾਰ ਸਰਕਾਰ ਤੇ ਸੈਕੁਲਰਿਜ਼ਮ ਦਾ ਠੱਪਾ ਲਗਾ ਹੋਣ ਦੇ ਬਾਵਜੂਦ, ਸਰਕਾਰ ਦਾ ਹਰ ਕੰਮ ਅਤੇ ਹਰ ਪ੍ਰੋਗਰਾਮ ਬ੍ਰਾਹਮਣਵਾਦੀ ਰੰਗਤ ਵਿੱਚ ਰੰਗਿਆ ਹੁੰਦਾ ਹੈ। ਅਜ ਭਾਵੇਂ ਫਿਲਮਾਂ ਹੋਣ ਯਾ ਟੈਲੀਵੀਜਨ ਦੇ ਪ੍ਰੋਗਰਾਮ, ਅਖਬਾਰਾਂ, ਰਸਾਲੇ, ਵਿਦਿਅਕ ਸੰਸਥਾਵਾਂ ਜਾਂ ਹੋਰ ਸਮਾਜਿਕ ਅਦਾਰੇ ਸਭ ਦਾ ਭਗਵਾਂਕਰਨ ਕਰ ਦਿਤਾ ਗਿਆ ਹੈ। ਇਸ ਨਾਲ ਸਾਰੇ ਦੇਸ਼ ਵਿੱਚ ਹਿੰਦੂਤੱਵੀ ਮਹੌਲ ਹੈ। ਜਿਸ ਦਾ ਭਾਰਤ ਦੀਆਂ ਸਭ ਘੱਟਗਿਣਤੀ ਕੌਮਾਂ ਤੇ ਮਾਰੂ ਅਸਰ ਹੋ ਰਿਹਾ ਹੈ। ਵਿਸ਼ੇਸ਼ ਕਰਕੇ ਸਿੱਖਾਂ ਦਾ ਤਾਂ ਸਰੂਪ ਅਤੇ ਸਿਧਾਂਤ ਪੂਰੀ ਤਰ੍ਹਾਂ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਾਂ! ਇੱਕ ਫਰਕ ਜ਼ਰੂਰ ਹੈ ਕਿ ਦੂਜੀਆਂ ਘੱਟ ਗਿਣਤੀ ਕੌਮਾਂ ਇਸ ਪੱਖੋਂ ਕੁੱਝ ਸੁਚੇਤ ਹੋ ਗਈਆਂ ਹਨ ਅਤੇ ਉਨ੍ਹਾਂ ਇਸ ਮਹਾਂਮਾਰੀ ਤੋਂ ਬਚਣ ਦੇ ਉਪਰਾਲੇ ਸ਼ੁਰੂ ਕਰ ਦਿਤੇ ਹਨ। ਪਰ ਕਿਉਂਕਿ ਸਿੱਖ ਕੌਮ ਇਸ ਵੇਲੇ ਬੇਈਮਾਨ ਅਤੇ ਸੁਆਰਥੀ ਆਗੂਆਂ ਦੇ ਕਬਜ਼ੇ ਵਿੱਚ ਹੈ ਇਥੇ ਹਾਲਾਤ ਬਿਲਕੁਲ ਉਲਟ ਹਨ। ਅਜ ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਤਾਂ ਤਕਰੀਬਨ 80% ਸਿੱਖ ਗੁਰੂ ਨੂੰ ਪਿੱਠ ਦੇਈ ਬੈਠੇ ਹਨ। ਜਿਸ ਤਰ੍ਹਾਂ ਸਿੱਖੀ ਸਰੂਪ ਦਾ ਉਜਾੜਾ ਗੁਰੂਆਂ ਦੀ ਧਰਤੀ, ਪੰਜਾਬ ਵਿੱਚ ਹੋਇਆ ਹੈ, ਵੇਖ, ਸੋਚਕੇ ਮਨ ਸੱਕਤੇ ਦੀ ਹਾਲਤ ਵਿੱਚ ਆ ਜਾਂਦਾ ਹੈ। ਹਾਂ! ਕੁੱਝ ਚੜ੍ਹਦੀਆਂ ਕਲਾਂ ਵਾਲੇ ਸਿੰਘ ਇਹ ਕਹਿ ਕੇ ਮਨ ਨੂੰ ਤਸੱਲੀ ਦੇ ਲੈਂਦੇ ਹਨ ਕਿ ਸਿੱਖੀ ਗੁਰੂ ਦੀ ਹੈ, ਗੁਰੂ ਇਸ ਦਾ ਰਾਖਾ ਹੈ, ਇਹ ਕਦੇ ਖਤਮ ਨਹੀ ਹੋ ਸਕਦੀ। ਹੋਰ ਭਲਾ ਖਤਮ ਹੋਣ ਵਿੱਚ ਕਸਰ ਕਿੰਨੀ ਕੁ ਬਾਕੀ ਰਹਿ ਗਈ ਹੈ? ਬੀਜ ਤਾਂ ਕਦੇ ਕਿਸੇ ਚੀਜ ਦਾ ਨਾਸ ਨਹੀ ਹੁੰਦਾ।
ਜਦੋਂ ਪੰਜਾਬ ਚੋਂ ਬਾਹਰ ਨਿਕਲਦੇ ਹਾਂ ਤਾਂ ਸਰੂਪ ਪੱਖੋਂ ਕੁੱਝ ਤਸੱਲੀ ਹੁੰਦੀ ਹੈ। ਪਰ ਜੀਵਨ ਪਖੋਂ ਇਥੇ ਵੀ ਉਤਨੀ ਹੀ ਨਿਰਾਸ਼ਾ ਹੁੰਦੀ ਹੈ। ਘਰਾਂ ਵਿੱਚ ਮੂਰਤੀਆਂ ਦੀ ਪੂਜਾ, ਤਰ੍ਹਾਂ ਤਰ੍ਹਾਂ ਦੇ ਕਰਮਕਾਂਡੀ ਸੰਸਕਾਰ, ਬੀਬੀਆਂ ਦੇ ਸਿਰਾਂ ਵਿੱਚ ਸਿੰਧੂਰ, ਗਲਾਂ ਵਿੱਚ ਮੰਗਲਸੂਤਰ, ਬਿਪਰਵਾਦੀ ਵਰਤ। ਹੋਰ ਕਿਹੜੀਆਂ ਕਿਹੜੀਆਂ ਗਿਣਤੀਆਂ ਗਿਣੀਏ। ਨਿਰਾ ਬ੍ਰਾਹਮਣਵਾਦ ਦਾ ਪਸਾਰਾ ਹੋ ਗਿਆ ਹੈ। ਸਿੱਖ ਸਿਧਾਂਤ ਤਾਂ ਜਿਵੇਂ ਬਿਲਕੁਲ ਗੁਆਚ ਹੀ ਗਿਆ ਹੈ। ਇਸ ਸਿਧਾਂਤ ਵਿਹੂਣੇ ਜੀਵਨ ਤੇ ਸਰੂਪ ਵੀ ਕਿਤਨੇ ਦਿਨ ਟਿਕੇਗਾ? ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਗੁਰਸਿੱਖ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਵੀਚਾਰੀਏ ਅਤੇ ਸਿੱਖੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰੀਏ।
ਤਿੰਨ ਪ੍ਰਮੁਖ ਸੋਮੇ ਹਨ ਜਿਥੋਂ ਸਿੱਖੀ ਪ੍ਰਫੁਲੱਤ ਹੋ ਸਕਦੀ ਹੈ। ਸਭ ਤੋਂ ਪਹਿਲਾਂ ਹੈ ਸਾਡਾ ਘਰ- ਪਰਿਵਾਰ। ਪੁਰਾਣੇ ਸਮਿਆਂ ਵਿੱਚ ਬੱਚੇ ਨੂੰ ਜਿਵੇਂ ਸਿੱਖੀ ਗੁੜਤੀ ਵਿੱਚ ਹੀ ਮਿਲ ਜਾਂਦੀ ਸੀ। ਸਿੱਖ ਮਾਂ ਨੇ ਬੱਚੇ ਨੂੰ ਦੁੱਧ ਪਿਆਉਂਣ ਲਈ ਗੋਦ ਵਿੱਚ ਲੈਣਾ, ਨਾਲ ਹੀ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ। ਜੇ ਅੰਨ- ਪਾਣੀ ਬਨਾਉਂਣਾ, ਨਾਲ ਪਾਠ ਕਰਦੇ ਰਹਿਣਾ। ਮੇਰੇ ਮਾਤਾ ਜੀ ਬਿਲਕੁਲ ਅਨਪੜ੍ਹ ਸਨ, ਪਰ ਜਦੋਂ ਪਾਠ ਕਰਨ ਬੈਠਣਾ, ਦੋ ਦੋ ਘੰਟੇ ਪਾਠ ਕਰੀ ਜਾਣਾ। ਪਤਾ ਨਹੀ ਕਿੰਨੀਆਂ ਕੁ ਬਾਣੀਆਂ ਉਨ੍ਹਾਂ ਨੂੰ ਕੰਠ ਸਨ। ਇੱਕ ਦਿਨ ਮੈਂ ਪੁਛਿਆ, “ਬੀਜੀ ਤੁਸੀਂ ਪੜ੍ਹੇ ਤਾਂ ਹੋਏ ਨਹੀਂ ਫਿਰ ਇਤਨੀਆਂ ਬਾਣੀਆਂ ਕਿਵੇਂ ਕੰਠ ਕਰ ਲਈਆਂ?” ਕਹਿਣ ਲੱਗੇ, “ਬੇਟਾ ਪਤਾ ਨਹੀਂ। ਜਦੋਂ ਦੀ ਹੋਸ਼ ਸੰਭਾਲੀ ਹੈ, ਕੰਠ ਹੀ ਨੇ।” ਇਹ ਸੀ ਪਰਿਵਾਰਕ ਮਾਹੌਲ ਦਾ ਅਸਰ।
ਘਰਾਂ ਵਿੱਚ ਕੋਈ ਸੰਸਕਾਰ ਹੋਣ, ਕੋਈ ਖੁਸ਼ੀ, ਗਮੀਂ ਦਾ ਮੌਕਾ ਹੋਵੇ, ਹਰ ਵੇਲੇ ਜਿਵੇਂ ਗੁਰਬਾਣੀ ਸ਼ਬਦਾਂ ਦਾ ਪਰਵਾਹ ਚਲਦਾ ਰਹਿੰਦਾ ਸੀ। ਆਨੰਦ ਕਾਰਜ ਹੋਵੇ, ਰਸਮਾਂ ਸ਼ੁਰੂ ਹੋਣ ਤੋਂ ਲੈਕੇ ਰਸਮਾਂ ਸੰਪੂਰਨ ਹੋਣ ਤਕ ਹਰ ਵੇਲੇ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਵਡਿਆਈ ਦੇ ਸ਼ਬਦ ਹੀ ਗਾਏ ਜਾ ਰਹੇ ਹੁੰਦੇ। ਐਸੇ ਸਿੱਖੀ ਮਹੌਲ ਵਾਲੇ ਪਰਿਵਾਰ ਵਿਚੋਂ ਬਹੁਤੀ ਸਿੱਖੀ ਸੁਭਾਵਕ ਹੀ ਪ੍ਰਾਪਤ ਹੋ ਜਾਂਦੀ ਸੀ। ਰਹਿੰਦੀ ਖੂਹੰਦੀ ਕਸਰ ਮਾਤਾ- ਪਿਤਾ, ਦਾਦਾ –ਦਾਦੀ, ਗੁਰੂ ਘਰ ਦੀਆਂ ਸਾਖੀਆਂ ਸੁਣਾਕੇ ਅਤੇ ਉਚੇ-ਸੁਚੇ ਗੁਰਮਤਿ ਸਿਧਾਂਤ ਦ੍ਰਿੜ ਕਰਾਕੇ ਪੂਰੀ ਕਰ ਦੇਂਦੇ। ਅਜ ਕੰਮ ਬਿਲਕੁਲ ਉਲਟ ਹੋ ਗਿਆ ਹੈ। ਬੱਚਾ ਭਾਵੇਂ ਪੇਟ ਵਿੱਚ ਹੋਵੇ, ਭਾਵੇਂ ਗੋਦ ਵਿਚ, ਪਰਿਵਾਰ ਵਾਸਤੇ ਰੋਟੀ ਬਣਾਈ ਜਾ ਰਹੀ ਹੋਵੇ ਜਾਂ ਖਾਧੀ, ਨਾਲ ਟੀ ਵੀ ਤੇ ਚਲ ਰਹੇ ਮਾਰ ਕੁਟਾਈ ਵਾਲੇ ਜਾਂ ਅਸ਼ਲੀਲ ਦ੍ਰਿਸ਼ ਵੇਖੇ ਜਾ ਰਹੇ ਹੁੰਦੇ ਹਨ ਅਤੇ ਅਸ਼ਲੀਲ ਗਾਣੇ ਸੁਣੇ ਜਾ ਰਹੇ ਹੁੰਦੇ ਹਨ। ਕੁੱਝ ਦੁਨਿਆਵੀ ਰੁਝੇਵੇਂ, ਕੁੱਝ ਟੀ ਵੀ ਦੀ ਕਿਰਪਾ, ਪਹਿਲਾਂ ਤੇ ਮਾਤਾ –ਪਿਤਾ ਕੋਲ ਬੱਚਿਆਂ ਨਾਲ ਗਲ –ਬਾਤ ਕਰਨ ਦਾ ਸਮਾਂ ਹੀ ਨਹੀਂ, ਚਲੋ ਜੇ ਕੁੱਝ ਸਮਾਂ ਕੱਢ ਵੀ ਲੈਣ ਤਾਂ ਗੁਰੂ ਦੀਆਂ ਗੱਲਾਂ ਤਾਂ, ਤਾਂ ਹੀ ਕਰਨਗੇ ਜੇ ਆਪ ਗੁਰਮਤਿ ਦੀ ਕੋਈ ਸੋਝੀ ਹੋਵੇਗੀ। ਘਰਾਂ ਵਿੱਚ ਹੋਣ ਵਾਲੇ ਸੰਸਕਾਰਾਂ, ਵਿਸ਼ੇਸ਼ ਕਰਕੇ ਵਿਆਹਾਂ ਵਿੱਚ ਤਾਂ ਇਤਨਾ ਗੰਦ ਫੈਲ ਗਿਆ ਹੈ ਕਿ ਬਿਆਨ ਕਰਨਾ ਔਖਾ ਹੈ। ਕਹਿਨ ਨੂੰ ਅਤੇ ਵਿਖਾਵੇ ਲਈ ਕਰਮ ਕਾਂਡ ਦੇ ਤੌਰ ਤੇ ਆਖੰਡ ਪਾਠ ਵੀ ਕਰਵਾ ਲਏ ਜਾਂਦੇ ਹਨ, ਪਰ ਨਾਲ ਹੀ, ਇਤਨੇ ਗੁਰਮਤਿ ਵਿਰੋਧੀ ਕੰਮ ਕੀਤੇ ਜਾ ਰਹੇ ਹੁੰਦੇ ਹਨ, ਕਿ ਹਰ ਐਸਾ ਮੌਕਾ ਪਰਿਵਾਰ ਨੂੰ ਗੁਰੂ ਤੋਂ ਕੁੱਝ ਹੋਰ ਦੂਰ ਲੈ ਜਾਂਦਾ ਹੈ। ਕਹਿਨ ਦਾ ਭਾਵ ਇਹ ਕਿ ਮਾਂ ਦੀ ਗੋਦ ਵੀ ਸਖਣੀ ਹੈ ਅਤੇ ਪਰਿਵਾਰ ਦਾ ਮਹੌਲ ਵੀ ਪਰਦੂਸ਼ਤ। ਫਿਰ ਘਰ ਵਿਚੋਂ ਸਿੱਖੀ ਦੀ ਦਾਤ ਕਿਵੇਂ ਪ੍ਰਾਪਤ ਹੋ ਸਕਦੀ ਹੈ?
ਦੂਸਰਾ ਸੋਮਾਂ ਜਿਥੋਂ ਸਿੱਖੀ ਦੀ ਦਾਤ ਪ੍ਰਾਪਤ ਹੋਣੀ ਚਾਹੀਦੀ ਹੈ, ਉਹ ਹੈ ਗੁਰੂਦੁਆਰਾ। ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿਕੇ ਯਾਦ ਕਰਦੇ ਹਾਂ, ਦੌਰਾਨ ਜਿਥੇ ਜਿਥੇ ਗਏ, ਉਥੇ ਉਨ੍ਹਾਂ ਸੰਗਤਾ ਕਾਇਮ ਕੀਤੀਆਂ ਜਿਥੇ ਨੇਮ ਨਾਲ ਸੰਗਤਾਂ ਜੁੜਦੀਆਂ। ਜਿਥੇ ਗੁਰ ਨਾਨਕ ਪਾਤਿਸ਼ਾਹ ਦੇ ਇਲਾਹੀ ਗਿਆਨ ਦੀ ਰੌਸ਼ਨੀ ਵਿੱਚ ਸਫਲ ਜੀਵਨ ਅਤੇ ਅਕਾਲ ਪੁਰਖ ਦੇ ਗੁਣਾ ਦੀ ਵਿਚਾਰ ਹੁੰਦੀ। ਅਜ ਵੀ ਕਈ ਜਗ੍ਹਾ ਤੇ ਸ਼ੰਗਤ ਦੇ ਨਾਂ ਤੇ ਗੁਰਦੁਆਰੇ ਵੇਖੇ ਜਾ ਸਕਦੇ ਹਨ। ਸਮਾਂ ਪਾਕੇ ਇਨ੍ਹਾਂ ਸੰਗਤਾਂ ਦਾ ਨਾਂ ਧਰਮਸਾਲ ਪੈ ਗਿਆ। ਸਾਲ ਵਿਦਿਅਕ ਕੇਂਦਰ ਨੂੰ ਕਹਿੰਦੇ ਹਨ, ਧਰਮਸਾਲ ਭਾਵ ਧਰਮ ਦਾ ਸਕੂਲ, ਜਿਥੇ ਧਰਮ ਪੜ੍ਹਾਇਆ ਜਾਂਦਾ ਹੈ। ਨਾਂ ਬਦਲ ਗਿਆ, ਪਰ ਕੰਮ ਨਹੀਂ ਬਦਲ਼ਿਆ। ਮਕਸਦ ਉਹੋ ਰਿਹਾ ਜੋ ਸੰਗਤ ਦਾ ਸੀ। ਹਾਂ ਦਾਇਰਾ ਪਹਿਲਾਂ ਨਾਲੋਂ ਕੁੱਝ ਮੋਕਲਾ ਹੋ ਗਿਆ। ਹੁਣ ਇਥੇ ਨਾਲ ਹੀ ਪੰਗਤ ਵੀ ਕਾਇਮ ਹੋ ਗਈ। ਲੋੜਵੰਦ ਨੂੰ ਲੰਗਰ ਅਤੇ ਰਹਿਨ ਨੂੰ ਠਾਹਰ ਵੀ ਪ੍ਰਾਪਤ ਹੋਣ ਲਗ ਗਈ। ਜਦੋਂ ਇਨ੍ਹਾਂ ਧਰਮਸਾਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਸ ਦਾ ਨਾਂ ਗੁਰਦੁਆਰਾ ਬਣ ਗਿਆ। ਅਸਲ ਮਕਸਦ ਫੇਰ ਵੀ ਨਹੀ ਬਦਲਿਆ ਹਾਂ ਦਾਇਰਾ ਹੋਰ ਫੈਲ ਗਿਆ, ਹੁਣ ਇਹ ਸਿੱਖ ਦੇ ਸਮਾਜਕ ਜੀਵਨ ਦਾ ਵੀ ਕੇਂਦਰ ਬਣ ਗਿਆ।
ਅਜ ਅਸੀਂ ਆਪਣੇ ਗੁਰਦੁਆਰਿਆਂ ਵਲ ਝਾਤੀ ਮਾਰਕੇ ਵੇਖੀਏ, ਹਿੰਦੂ ਮੰਦਰਾਂ ਦੀ ਤਰਜ਼ ਤੇ, ਪੂਜਾ ਦੇ ਸਥਾਨ ਬਣ ਗਏ ਹਨ। ਸੰਗਤਾਂ ਆਕੇ ਉਪਰ ਰੁਮਾਲਾ ਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕ ਕੇ, ਪਰਕਰਮਾਂ ਕਰਕੇ ਆਪਣਾ ਮਨ ਖੁਸ਼ ਕਰਕੇ ਤੁਰ ਜਾਂਦੀਆਂ ਹਨ ਕਿ ਅਸੀਂ ਗੁਰੂ ਦੇ ਦਰਸ਼ਨ ਕਰ ਆਏ ਹਾਂ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਪਾਠ-ਦੀਦਾਰ ਭਾਵ ਪਾਠ ਦੁਆਰਾ ਦੀਦਾਰ ਹਨ। ਕੁੱਝ ਇਸ ਤੋਂ ਵੱਡੇ ਮਨਮੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁਕ ਕੇ ਦਰਸ਼ਨ ਕਰਕੇ ਆਪਣੇ ਮੰਨ ਨੂੰ ਖੁਸ਼ ਕਰ ਲੈਂਦੇ ਹਨ। ਜਦਕਿ ਸਤਿਗੁਰੂ ਜੀ ਦੀ ਬਾਣੀ ਫੁਰਮਾਉਂਦੀ ਹੈ: ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਸਲੋਕੁ ਮਃ 3, ਪੰਨਾ-3)
ਬਹੁਤੇ ਗੁਰਦੁਆਰਿਆਂ ਦੇ ਗ੍ਰੰਥੀ ਅਤੇ ਪ੍ਰਚਾਰਕ ਬਾਬਿਆਂ ਦੇ ਡੇਰਿਆ ਤੋਂ ਟਰੇਨਿੰਗ ਲੈਕੇ ਆਏ ਹਨ ਜਿਥੇ ਪਹਿਲਾਂ ਹੀ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੈ। ਉਸੇ ਅਨੁਸਾਰ ਹੀ ਉਹ ਗੁਰਦੁਆਰਿਆਂ ਵਿੱਚ ਕਮਰਕਾਂਡ ਕਰਾ ਰਹੇ ਹਨ। ਹਾਂ! ਇੱਕ ਫਰਕ ਜ਼ਰੂਰ ਹੈ ਬ੍ਰਾਹਮਣੀ ਕਰਮਕਾਂਡ ਤਿਆਗ ਕੇ, ਐਨ ਉਸੇ ਅਨੁਸਾਰ ਇਨ੍ਹਾਂ ਨਵੇਂ ਸਿੱਖੀ ਕਰਮਕਾਂਡ ਤਿਆਰ ਕਰ ਲਏ ਹਨ, ਜਿਨ੍ਹਾਂ ਨੂੰ ਗੁਰਮਤਿ ਕਹਿਕੇ ਪ੍ਰਚਾਰਿਆ ਜਾ ਰਿਹਾ ਹੈ। ਬਹੁਤੇ ਗੁਰਦੁਆਰਿਆਂ ਵਿੱਚ ਤਾਂ ਸ਼ਬਦ ਵਿਚਾਰ ਦਾ ਰਿਵਾਜ਼ ਹੀ ਨਹੀਂ, ਜੋ ਗੁਰਦੁਆਰੇ ਦਾ ਮੁੱਖ ਮਕਸਦ ਹੈ। ਜਿਨ੍ਹਾਂ ਵਿਰਲਿਆਂ ਵਿੱਚ ਹੋ ਵੀ ਰਹੀ ਹੈ, ਬਹੁਤੀ ਸਨਾਤਨੀ ਵਿਆਖਿਆ ਹੋ ਰਹੀ ਹੈ। ਚੰਗੇ ਭਾਗਾਂ ਨੂੰ ਪਿਛਲੇ ਸਮੇਂ ਵਿੱਚ ਕੁੱਝ ਮਿਸ਼ਨਰੀ ਕਾਲਜ ਸਥਾਪਤ ਹੋਏ ਹਨ, ਜੋ ਨੇਮਬੱਧ ਤਰੀਕੇ ਨਾਲ ਤੱਤ ਗੁਰਮਤਿ ਪੜ੍ਹਾ ਰਹੇ ਹਨ, ਪਰ ਇੱਕ ਤਾਂ ਇਨਾਂ ਦੀ ਗਿਣਤੀ ਬਹੁਤ ਥੋੜੀ ਹੈ, ਦੂਸਰਾ ਜਦੋਂ ਇਥੋਂ ਪੜ੍ਹੇ ਪ੍ਰਚਾਰਕ ਗੁਰਦੁਆਰਿਆਂ ਵਿੱਚ ਤੱਤ ਗੁਰਮਤਿ ਦੀਆਂ ਗਲਾਂ ਕਰਦੇ ਹਨ, ਉਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਰਾਸ ਨਹੀ ਆਉਦੀਆਂ ਅਤੇ ਇਨ੍ਹਾਂ ਨੂੰ ਨੌਕਰੀ ਦੀ ਮਜਬੂਰੀ ਕਾਰਨ ਸਮਝੌਤੇ ਕਰਨੇ ਪੈਂਦੇ ਹਨ। ਆਮ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਵਿਚੋਂ ਵੀ ਕਈ ਪੇਸ਼ੇ ਦੇ ਰੰਗ ਵਿੱਚ ਰੰਗ ਕੇ ਦੂਜਿਆਂ ਵਰਗੇ ਹੀ ਪੁਜਾਰੀ ਬਣ ਬੈਠਦੇ ਹਨ।
ਸ਼ਾਇਦ ਕੋਈ ਭਾਗਾਂ ਵਾਲਾ ਗੁਰਦੁਆਰਾ ਹੀ ਹੋਵੇਗਾ ਜਿਥੇ ਗੁਰਦੁਆਰੇ ਦੇ ਪ੍ਰਬੰਧ ਨੂੰ ਲੈਕੇ ਝਗੜੇ ਨਾਂ ਹੋਣ। ਉਂਜ ਸਾਰੇ ਹੀ ਪ੍ਰਬੰਧਕ ਸੇਵਾ ਕਰ ਰਹੇ ਹਨ। ਸੇਵਾ ਲੈਣ ਵਾਸਤੇ ਹੀ ਡਾਂਗ ਸੋਟਿਆ ਤਕ ਨੌਬਤ ਪਹੁੰਚ ਜਾਂਦੀ ਹੈ। ਇਥੇ ਹੀ ਕੰਮ ਨਹੀ ਮੁਕਦਾ, ਪੁਲਿਸ ਅਤੇ ਕੋਟ ਕਚਹਿਰੀਆਂ ਵੀ ਆਮ ਜਿਹੀ ਗੱਲ ਹੈ। ਉਤੋਂ ਜੇ ਬਹੁਤੇ ਪ੍ਰਬੰਧਕਾ ਦੇ ਨਿਜੀ ਅਤੇ ਪਰਿਵਾਰਕ ਜੀਵਨ ਵਲ ਝਾਤੀ ਮਾਰ ਲਈਏ ਤਾਂ ਰਹਿੰਦੀ ਖੂਹੰਦੀ ਕਸਰ ਵੀ ਪੂਰੀ ਹੋ ਜਾਂਦੀ ਹੈ। ਜਿਵੇਂ ਸਿੱਖੀ ਨੇੜਿਓ ਵੀ ਨਾ ਲੰਘੀ ਹੋਵੇ। ਜਿਨ੍ਹਾਂ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੇ ਜੀਵਨ ਤੋਂ ਆਮ ਸਿੱਖ ਨੇ ਪ੍ਰੇਰਨਾ ਲੈਣੀ ਸੀ ਉਹ ਅਜ ਬਿਲਕੁਲ ਉਲਟਾ ਪਰਭਾਵ ਪੈ ਰਿਹਾ ਹੈ। ਅਗੋਂ ਇਹ ਪ੍ਰਬੰਧਕ ਆਪਣੀਆਂ ਪ੍ਰਾਪਤੀਆਂ ਦੀ ਗਿਣਤੀ ਇਸ ਤੋਂ ਗਿਣਾਉਂਦੇ ਹਨ, ਕਿ ਕਿਸ ਨੇ ਕਿੰਨੀਆਂ ਇਮਾਰਤਾਂ ਬਣਵਾਈਆਂ, ਇਮਾਰਤਾਂ ਤੇ ਕਿਤਨਾ ਸੰਗਮਰਮਰ ਅਤੇ ਕਿਤਨਾ ਸੋਨਾ ਚੜ੍ਹਾਇਆ ਅਤੇ ਕਿਤਨੇ ਦੀਆਂ ਐਫ ਡੀਆਂ ਬਣਵਾਈਆਂ। ਕਦੇ ਕੋਈ ਇਹ ਗਲ ਨਹੀ ਕਹਿਦਾ ਕਿ ਉਸ ਨੇ ਕਿਤਨਾ ਗੁਰਮਤਿ ਦਾ ਪ੍ਰਚਾਰ ਕਰਾਇਆ, ਕਿਤਨੇ ਸਿੱਖੀ ਤੋਂ ਬੇਮੁਖ ਹੋਇਆਂ ਨੂੰ ਵਾਪਿਸ ਮੋੜਿਆ ਹੈ ਅਤੇ ਕਿਤਨੇ ਸਿੱਖ ਬਣਾਏ ਹਨ। ਹੈਰਾਨਗੀ ਦੀ ਗਲ ਤਾਂ ਇਹ ਹੈ ਕਿ ਸੰਗਤ ਵੀ ਇਨ੍ਹਾਂ ਗਲਾਂ ਨੂੰ ਹੀ ਮਹਤੱਤਾ ਦੇਂਦੀ ਹੈ।
ਭਾਈ ਗੁਰਦਾਸ ਜੀ ਤਾਂ ਕਹਿਦੇ ਹਨ ਹਰ ਸਿੱਖ ਦਾ ਘਰ ਧਰਮਸਾਲ ਹੋਣਾ ਚਾਹੀਦਾ ਹੈ:
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥ (1-27-6)
ਘਰ ਹੀ ਜੋਗ ਜੁਗਤਿ ਬੈਸਨ ਧਰਮਸਾਲੀਐ॥ (3-8-4)
ਘਰ ਤਾਂ ਘਰ ਅਸੀ ਤਾਂ ਆਪਣੇ ਗੁਰਦੁਆਰੇ ਨੂੰ ਵੀ ਧਰਮਸਾਲ ਨਹੀਂ ਰਹਿਣ ਦਿੱਤਾ। ਇਥੇ ਵੀ ਭਾਈ ਗੁਰਦਾਸ ਜੀ ਦੀਆਂ ਇਹ ਪੰਕਤੀਆਂ ਹੀ ਧਿਆਨ ਵਿੱਚ ਆਉਂਦੀਆਂ ਹਨ:
ਮਾਇਆ ਡਰ ਡਰਪਤ ਹਾਰ ਗੁਰਦੁਆਰੈ ਜਾਵੈ॥ ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥ (544-8)
ਤੀਸਰਾ ਸੋਮਾ ਜਿਥੋਂ ਸਿੱਖੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ, ਉਹ ਹੈ ਸਕੂਲ। ਇਹ ਇਸ ਵਾਸਤੇ ਵੀ ਬਹੁਤ ਮਹਤੱਵਪੂਰਨ ਹੈ ਕਿਉਂਕਿ ਘਰ ਤੋਂ ਬਾਅਦ ਬੱਚਾ ਬਹੁਤਾ ਸਮਾਂ ਸਕੂਲ ਜਾਂ ਕਾਲਜ ਦੇ ਮਹੌਲ ਵਿੱਚ ਹੀ ਗੁਜਾਰਦਾ ਹੈ। ਪੁਰਾਤਨ ਸਮੇਂ ਵਿੱਚ ਬਹੁਤੇ ਵਿਦਿਅਕ ਅਦਾਰੇ ਧਾਰਮਕ ਸਥਾਨਾਂ ਨਾਲ ਹੀ ਜੁੜੇ ਹੁੰਦੇ ਸਨ, ਅਤੇ ਉਨ੍ਹਾਂ ਵਿੱਚ ਪੜਾਉਣ ਵਾਲੇ ਵੀ ਉਨ੍ਹਾਂ ਧਰਮ-ਸਥਾਨਾਂ ਦੇ ਪ੍ਰਚਾਰਕ ਹੀ ਹੁੰਦੇ ਸਨ, ਜਿਵੇਂ ਮੰਦਰਾਂ ਤੋਂ ਪੰਡਿਤ, ਮਸਜਿਦਾਂ ਨਾਲ ਜੁੜੇ ਮਦਰਸਿਆਂ ਵਿੱਚ ਮੌਲਵੀ, ਅਤੇ ਗੁਰਦੁਆਰਿਆਂ ਦੇ ਗ੍ਰੰਥੀ। ਨਾਲ ਹੀ ਇਨ੍ਹਾਂ ਅਦਾਰਿਆਂ ਵਿੱਚ ਉਸ ਧਰਮ ਵਾਲਾ ਮਹੌਲ ਹੁੰਦਾ ਸੀ। ਇੰਝ ਸਿਖਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਆਪਣੇ ਧਰਮ ਦਾ ਅਤੇ ਸਮਾਜਕ ਕਦਰਾਂ ਕੀਮਤਾਂ ਦਾ ਵੀ ਭਰਪੂਰ ਗਿਆਨ ਪ੍ਰਾਪਤ ਹੋ ਜਾਂਦਾ ਸੀ। ਪਰ ਸਮੇਂ ਨਾਲ ਵਿਦਿਅਕ ਅਦਾਰੇ ਅਲੱਗ ਸੰਸਥਾਵਾਂ ਦੇ ਰੂਪ ਵਿੱਚ ਵਿਕਸਤ ਹੋਏ, ਜੋ ਸਮੇਂ ਦਾ ਹਾਣੀ ਬਣਨ ਵਾਸਤੇ ਜਰੂਰੀ ਵੀ ਸੀ। ਭਾਰਤ ਵਿੱਚ ਬਹੁਤੇ ਵਿਦਿਅਕ ਅਦਾਰੇ, ਭਾਵੇਂ ਸਕੂਲ, ਕਾਲਜ ਹੋਣ ਯਾ ਯੂਨੀਵਰਸਿਟੀ ਸਰਕਾਰ ਅਧੀਨ ਹਨ, ਜਿਥੇ ਸਾਰੀਆਂ ਕੌਮਾਂ ਦੇ ਬੱਚੇ ਸਾਂਝੇ ਤੌਰ ਤੇ ਪੜ੍ਹਦੇ ਹਨ। ਕੁੱਝ ਵਿਰਲੀਆਂ ਜਗ੍ਹਾ ਛੱਡ ਕੇ ਬਹੁਤ ਜਗ੍ਹਾ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬਹੁ ਗਿਣਤੀ ਸੁਭਾਵਕ ਹੀ ਬਹੁਗਿਣਤੀ ਕੌਮ ਦੀ ਹੁੰਦੀ ਹੈ ਅਤੇ ਸੁਭਾਵਕ ਹੀ ਉਥੇ ਮਹੌਲ ਵੀ ਹਿੰਦੂਤੱਵੀ ਬਣ ਜਾਂਦਾ ਹੈ। ਫਿਰ ਵਿਸ਼ੇਸ਼ ਕਰ ਕੇ ਸਿਲੇਬਸ ਅਤੇ ਉਸ ਨਾਲ ਸੰਬਧਤ ਕਿਤਾਬਾਂ ਤਾਂ ਪੂਰੀ ਤਰਾਂ ਸਰਕਾਰੀ ਅਦਾਰਿਆਂ ਦੇ ਅਧੀਨ ਹਨ, ਜਿਥੇ ਅੱਵਲ ਤਾਂ ਸਿੱਖੀ ਦੀ ਗਲ ਕਰਨ ਦਾ ਸੁਆਲ ਹੀ ਪੈਦਾ ਨਹੀ ਹੁੰਦਾ, ਅਤੇ ਜੇ ਕੀਤੀ ਵੀ ਜਾਂਦੀ ਹੈ ਤਾਂ ਇਥੇ ਵੀ ਸਿੱਖ ਸਿਧਾਂਤ ਅਤੇ ਸਰੂਪ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਇਥੇ ਹੀ ਬਸ ਨਹੀ, ਸਿੱਖ ਬੱਚਿਆਂ ਦੀ ਅਲੱਗ ਪਹਿਚਾਣ ਹੋਣ ਕਾਰਨ ਬਹੁਗਿਣਤੀ ਕੌਮ ਦੇ ਬੱਚਿਆਂ ਵਲੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਭੱਦੇ ਭੱਦੇ ਚੁਟਕਲੇ ਸੁਣਾਏ ਜਾਂਦੇ ਹਨ, ਇਥੋਂ ਤਕ ਕੇ ਕੁੱਝ ਅਧਿਆਪਕਾਂ ਵਲੋਂ ਵੀ ਅਜਿਹੇ ਚੁਟਕਲੇ ਸੁਨਾਉਣ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿਦੀਆਂ ਹਨ। ਜਿਸ ਨਾਲ ਸਿੱਖ ਬੱਚਿਆਂ ਵਿੱਚ ਅਨਜਾਨੇ ਹੀ ਇੱਕ ਹੀਨ ਭਾਵਨਾ ਵਿਕਸਤ ਹੋਣ ਲਗ ਪੈਂਦੀ ਹੈ।
ਇਸਾਈ ਮਿਸ਼ਨਰੀਆਂ ਨੇ ਇਸ ਪਾਸੇ ਆਪਣੀ ਕੌਮ ਵਾਸਤੇ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਹੈ। ਉਨ੍ਹਾਂ ਤਕਰੀਬਨ ਹਰ ਵੱਡੇ ਨਗਰ ਵਿੱਚ ਆਪਣਾ ਵਿਦਿਅਕ ਅਦਾਰਾ ਕਾਇਮ ਕੀਤਾ ਹੋਇਆ ਹੈ। ਜਿਸ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ ਜਿਸ ਨਾਲ ਬੱਚਿਆਂ ਦੇ ਮਾਤਾ ਪਿਤਾ ਸੁਭਾਵਕ ਹੀ ਉਨ੍ਹਾਂ ਵਲ ਖਿਚੇ ਜਾਂਦੇ ਹਨ। ਅਜ ਹਰ ਕੌਂਮ ਦੇ, ਉੱਚ ਵਰਗ ਦੇ ਤਕਰੀਬਨ 90% ਬੱਚੇ ਇਨ੍ਹਾਂ ਇਸਾਈ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਨਾਲ ਜਿਥੇ ਉਹ ਆਪਣੇ ਬੱਚਿਆਂ ਨੂੰ ਤਕਰੀਬਨ ਮੁਫਤ ਤਲੀਮ ਦੇਂਦੇ ਹਨ, ਨਾਲ ਹੀ ਉਨ੍ਹਾਂ ਨੂੰ ਭਰਪੂਰ ਕਮਾਈ ਹੁੰਦੀ ਹੈ, ਜਿਸ ਨਾਲ ਉਹ ਆਪਣੇ ਅਦਾਰਿਆਂ ਵਿੱਚ ਹਰ ਦਿਨ ਵਾਧਾ ਕਰੀ ਜਾਂਦੇ ਹਨ। ਫਿਰ ਇਨ੍ਹਾਂ ਵਿੱਚ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਆਪਣੇ ਅਦਾਰਿਆਂ ਵਿੱਚ ਪੂਰੀ ਤਰ੍ਹਾਂ ਆਪਣਾ ਧਾਰਮਕ ਮਹੌਲ ਬਣਾਕੇ ਰਖਿਆ ਹੁੰਦਾ ਹੈ। ਜਿਸ ਨਾਲ ਜਿਥੇ ਇਨ੍ਹਾਂ ਦੇ ਆਪਣੇ ਬੱਚੇ ਪਰਦੂਸ਼ਤ ਵਾਤਾਵਰਨ ਤੋਂ ਬਚੇ ਰਹਿਦੇ ਹਨ, ਉਥੇ ਦੂਸਰੀਆਂ ਕੌਮਾਂ ਦੇ ਬੱਚਿਆਂ ਤੇ ਇਸ ਦਾ ਭਰਪੂਰ ਪ੍ਰਭਾਵ ਪੈਂਦਾ ਹੈ।
ਮੁਸਲਮਾਨ ਕੌਮ ਨੇ ਵੀ ਇਸ ਖਤਰੇ ਨੂੰ ਸਮਝਦੇ ਹੋਏ, ਜਿਥੇ ਆਪਣੇ ਮਦਰਸਿਆਂ ਨੂੰ ਸੁਰਖਿਅਤ ਰਖਿਆ ਹੈ ਉਥੇ ਵਧੀਆ ਪ੍ਰਚਾਰਕ ਤਿਆਰ ਕਰਨ ਵਾਸਤੇ ਵੀ ਵਧੀਆ ਅਦਾਰੇ ਸਥਾਪਤ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਦੇ ਮਦਰਸਿਆਂ ਨੇ ਭਾਵੇਂ ਉਨ੍ਹਾਂ ਦੇ ਧਰਮ ਨੂੰ ਤਾਂ ਬਹੁਤ ਹੱਦ ਤਕ ਬਚਾ ਲਿਆ ਹੈ, ਪਰ ਕਿਉਂਕਿ ਉਹ ਮਦਰਸਿਆਂ ਦੇ ਵਿਦਿਅਕ ਪੱਧਰ ਵਿੱਚ ਸਮੇਂ ਅਨੁਸਾਰ ਤਬਦੀਲੀ ਨਹੀ ਕਰ ਸਕੇ, ਉਨ੍ਹਾਂ ਦੇ ਬੱਚੇ ਅਜ ਦੇ ਯੁਗ ਤੋਂ ਪੱਛੜਦੇ ਜਾ ਰਹੇ ਹਨ। ਇਸ ਦਾ ਪ੍ਰਭਾਵ ਉਨ੍ਹਾਂ ਦੇ ਆਰਥਿਕ ਅਤੇ ਸਮਾਜਕ ਪੱਧਰ ਤੇ ਵੀ ਪੈ ਰਿਹਾ ਹੈ।
ਹਿੰਦੁਤਵੀ ਜਥੇਬੰਦੀਆਂ ਨੇ ਵੀ ਵਿਦਿਅਕ ਅਦਾਰਿਆਂ ਦੀ ਮਹਤੱਤਾ ਨੂੰ ਸਮਝਦੇ ਹੋਏ, ਵਿਦਿਅਕ ਅਦਾਰਿਆਂ ਦੀਆਂ ਲੜੀਆਂ ਸਥਾਪਤ ਕਰ ਦਿਤੀਆਂ ਹਨ। ਇਨ੍ਹਾਂ ਅਦਾਰਿਆਂ ਦਾ ਵਿਦਿਅਕ ਪੱਧਰ ਵੀ ਚੰਗਾ ਹੈ, ਅਤੇ ਇਸਾਈ ਮਿਸ਼ਨਰੀ ਅਦਾਰਿਆਂ ਨਾਲੋਂ ਬਹੁਤ ਸਸਤੇ ਵੀ ਹਨ। ਜਿਸ ਨਾਲ ਮਧਿਅਮ ਵਰਗ ਅਤੇ ਗਰੀਬ ਵਰਗ ਦੇ ਪਰਿਵਾਰਾਂ ਦੇ ਬਹੁਤ ਬੱਚੇ ਇਨ੍ਹਾਂ ਵਿੱਚ ਪੜ੍ਹਦੇ ਹਨ। ਇੱਕ ਤਾਂ ਬਹੁਗਿਣਤੀ ਹੋਣ ਕਰਕੇ ਹੀ ਇਨ੍ਹਾਂ ਵਿੱਚ ਹਿੰਦੁਤੱਵੀ ਮਹੌਲ ਹੁੰਦਾ ਹੈ ਦੂਸਰਾ ਵਿਸ਼ੇਸ਼ ਉਪਰਾਲਿਆਂ ਨਾਲ ਇਸ ਮਹੌਲ ਨੂੰ ਹੋਰ ਪ੍ਰਭਾਵ ਸ਼ਾਲੀ ਬਣਾਇਆ ਜਾਂਦਾ ਹੈ।
ਇਸ ਪਖੋਂ ਸਭ ਤੋਂ ਮਾੜੀ ਹਾਲਤ ਸਿੱਖ ਕੌਮ ਦੀ ਹੈ। ਐਸਾ ਨਹੀਂ ਕਿ ਸਿੱਖ ਕੌਮ ਨੇ ਵਿਦਿਅਕ ਅਦਾਰੇ ਕਾਇਮ ਨਹੀ ਕੀਤੇ। ਬੜੇ ਸਕੂਲ, ਕਾਲਜ ਖੋਲ੍ਹੇ ਹਨ। ਪਰ ਸ਼ਾਇਦ ਕੋਈ ਵਿਰਲਾ ਹੀ ਉਥੇ ਗੁਰਮਤਿ ਮਾਹੌਲ ਬਣਾ ਸਕਿਆ ਹੋਵੇ। ਨਾਂਅ ਜ਼ਰੂਰ ਖਾਲਸਾ ਸਕੂਲ ਜਾਂ ਖਾਲਸਾ ਕਾਲਜ ਰਖੇ ਹੋਏ ਹਨ। ਨਾ ਉਥੇ ਮਹੌਲ ਖਾਲਸਿਆਂ ਵਾਲਾ ਹੈ ਅਤੇ ਨਾ ਹੀ ਕੋਈ ਕਰਮ ਖਾਲਸਿਆਂ ਵਾਲਾ ਕੀਤਾ ਜਾ ਰਿਹਾ ਹੈ। ਕੁੱਝ ਸਕੂਲਾਂ ਦੇ ਨਾਂਅ ਗੁਰੂ ਸਾਹਿਬਾਨ ਦੇ ਨਾਂਅ ਤੇ ਰੱਖੇ ਹੋਏ ਹਨ, ਪਰ ਬਿਲਕੁਲ ਇੰਝ ਹੀ ਹੈ, ਜਿਵੇਂ ਕੋਈ ਵਪਾਰਕ ਅਦਾਰਾ ਖੋਲਣ ਲਗਿਆਂ ਪ੍ਰਭਾਵਸ਼ਾਲੀ ਨਾਂ ਰਖਦਾ ਹੈ, ਅਤੇ ਪ੍ਰਭਾਵਸ਼ਾਲੀ ਬੋਰਡ ਬਣਵਾਂਉਦਾ ਹੈ ਤਾਂ ਕਿ ਲੋਕੀ ਨਾਂਅ ਅਤੇ ਬੋਰਡ ਵੇਖਕੇ ਹੀ ਖਿਚੇ ਆਉਣ। ਪਰ ਅੰਦਰ ਜਾਕੇ ਇਨ੍ਹਾਂ ਸਕੂਲਾਂ, ਕਾਲਜਾਂ ਦਾ ਮਹੌਲ ਵੇਖੀਏ ਤਾਂ ਦਿਲ ਰੋ ਪੈਂਦਾ ਹੈ ਕਿ ਦੁਸ਼ਟ, ਗੁਰੂ ਪਾਤਿਸ਼ਾਹ ਦਾ ਨਾਂ ਕਲੰਕਤ ਕਰਨ ਤੋਂ ਵੀ ਬਾਜ ਨਹੀ ਆਏ।
ਇਥੇ ਇੱਕ ਨਿਜੀ ਤਜਰਬਾ ਸਾਂਝਾ ਕਰਨਾ ਜਰੂਰੀ ਸਮਝਦਾ ਹਾਂ। ਇੱਕ ਨਿਜੀ ਸਕੂਲ, ਜਿਸ ਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਰਖਿਆ ਹੋਇਆ ਹੈ, ਦੇ ਮੁੱਖ ਪ੍ਰਬੰਧਕ ਨੇ ਮੈਨੂੰ ਸੰਪਰਕ ਕੀਤਾ ਕਿ ਸਾਡੇ ਸਕੂਲ ਦੇ ਬੱਚਿਆਂ ਦੀਆਂ ਵਾਲ ਕਟਾਉਣ ਦੀਆਂ ਵਾਰਦਾਤਾਂ ਅਕਸਰ ਹੁੰਦੀਆਂ ਰਹਿਦੀਆਂ ਹਨ ਅਤੇ ਉਨ੍ਹਾਂ ਦੇ ਮਾਪੇ ਆਕੇ ਸਾਡੇ ਨਾਲ ਝਗੜਦੇ ਹਨ ਕਿ ਸਿੱਖ ਸਕੂਲ ਵਿੱਚ ਪਾਣ ਦੇ ਬਾਵਜੂਦ ਵੀ ਇਹ ਅਤਿ ਮੰਦਭਾਗੀ ਘਟਨਾ ਵਾਪਰ ਗਈ ਹੈ। ਤੁਸੀ ਆਕੇ ਬੱਚਿਆਂ ਨੂੰ ਕੁੱਝ ਲੈਕਚਰ ਦਿਓ। ਸਕੂਲ ਪਹੁਚਣ ਤੇ ਪ੍ਰਬੰਧਕ ਨੇ ਮੇਰੀ ਮੁਲਾਕਾਤ; ਸਕੂਲ ਦੇ ਪ੍ਰਿੰਸੀਪਲ ਨਾਲ ਕਰਾਈ, ਜੋਕਿ ਇੱਕ ਦਾੜ੍ਹੀ ਕੁਤਰਾ ਸੀ। ਫੇਰ ਉਸ ਦੀਆਂ ਤਰੀਫਾਂ ਦੇ ਪੁਲ ਬਨਣ ਲਗੇ, ਇਹ ਫੌਜ ਵਿਚੋਂ ਉਚ ਅਹੁਦੇ ਤੋਂ ਰਿਟਾਇਰ ਹੋਏ ਹਨ। ਬੜੇ ਕੁਸ਼ਲ ਪ੍ਰਸ਼ਾਸਕ ਅਤੇ ਵਧੀਆ ਅਧਿਆਪਕ ਹਨ। ਇਨ੍ਹਾਂ ਦੇ ਆਉਣ ਤੋਂ ਬਾਅਦ ਸਾਡੇ ਸਕੂਲ ਦੇ ਨਤੀਜੇ ਬਹੁਤ ਵਧੀਆ ਹੋ ਗਏ ਹਨ। ਫੇਰ ਪ੍ਰਿੰਸੀਪਲ ਨੂੰ ਕਹਿਣ ਲਗੇ ਕੁੱਝ ਕਲਾਸਾਂ ਨੁੰ ਹਾਲ ਵਿੱਚ ਬੁਲਾ ਲਓ, ਵੀਰ ਜੀ ਦਾ ਲੈਕਚਰ ਕਰਵਾਉਣਾ ਹੈ। ਅੰਦਰ ਗਏ ਤਾਂ ਬਹੁਤੇ ਅਧਿਆਪਕ ਅਧਿਆਪਕਾਵਾਂ ਸਿਰੋਂ ਘੋਨੇ ਜਾਂ ਵਾਲ ਕੱਟੇ ਹੀ ਸਨ। ਲੈਕਚਰ ਤੋਂ ਬਾਅਦ ਵਾਪਸੀ ਤੇ ਪ੍ਰਬੰਧਕ ਕਹਿਣ ਲਗਾ, “ਵੀਰ ਜੀ ਬਹੁਤ ਚੰਗਾ ਲੱਗਾ, ਇਹੋ ਜਿਹੇ ਦੋ ਚਾਰ ਲੈਕਚਰ ਹੋਰ ਕਰ ਦਿਓ”। ਮੈਂ ਕਿਹਾ, “ਰਹਿਣ ਦਿਓ, ਇਥੇ ਮੇਰੇ ਲੈਕਚਰ ਦਾ ਕੋਈ ਅਸਰ ਨਹੀ ਹੋਣਾ।” ਉਹ ਹੈਰਾਨ ਹੋਕੇ ਪੁਛਣ ਲਗੇ, “ਕਿਉ?” ਮੈਂ ਕਿਹਾ, “ਵਿਦਿਆਰਥੀ ਵਾਸਤੇ ਉਸ ਦਾ ਅਧਿਆਪਕ ਸਭ ਤੋਂ ਵੱਡਾ ਪ੍ਰੇਰਨਾਸ੍ਰੋਤ ਹੁੰਦਾ ਹੈ। ਐਸੇ ਪ੍ਰਿੰਸੀਪਲ ਅਤੇ ਅਧਿਆਪਕ ਅਧਿਆਪਕਾਵਾਂ ਨੂੰ ਵੇਖਣ ਤੋਂ ਬਾਅਦ ਲੈਕਚਰ ਦਾ ਕੀ ਅਸਰ ਰਹਿ ਜਾਵੇਗਾ?” ਸ਼ਾਇਦ ਉਸ ਪ੍ਰਬੰਧਕ ਨੂੰ ਮੇਰੀ ਗਲ ਬਹੁਤੀ ਚੰਗੀ ਨਹੀ ਲੱਗੀ ਕਹਿਣ ਲਗਾ, “ਦੇਖੋ ਜੀ ਸਕੂਲ ਦਾ ਅਸਲੀ ਕੰਮ ਤਾਂ ਚੰਗੀ ਪੜ੍ਹਾਈ ਕਰਾਉਣਾਂ ਹੀ ਹੈ ਨਾ। ਨਾਲੇ ਫਿਰ ਸਾਡੇ ਸਕੂਲ ਵਿੱਚ ਇਕਲੇ ਸਿੱਖ ਬੱਚੇ ਹੀ ਤਾ ਨਹੀਂ ਨਾ ਪੜ੍ਹਦੇ।”
ਕਿਸੇ ਇਸਾਈ ਸਕੂਲ ਵਿੱਚ ਜਾਓ! ਪ੍ਰਿੰਸੀਪਲ ਅਤੇ ਕੁੱਝ ਹੋਰ ਅਧਿਆਪਕ ਅਤੇ ਸੱਟਾਫ ਤੁਹਾਨੂੰ ਪਾਦਰੀਆਂ ਅਤੇ ਨੱਨ ਦੇ ਪਹਿਰਾਵੇ ਵਿੱਚ ਮਿਲਣਗੇ। ਉਨ੍ਹਾਂ ਨਾਲ ਗਲ ਕਰਕੇ ਵੇਖੋ, ਜਿਵੇਂ ਉਨ੍ਹਾਂ ਦੇ ਹਰ ਬੋਲ ਵਿੱਚ ਮਿਸ਼ਰੀ ਘੁਲੀ ਹੋਵੇ। ਤਕਰੀਬਨ ਹਰ ਇਸਾਈ ਸਕੂਲਾਂ ਵਿੱਚ ਚਰਚ ਵੀ ਹੁੰਦੀ ਹੈ, ਜਿਥੇ ਬੱਚਿਆਂ ਨੂੰ ਨੇਮ ਨਾਲ ਲਿਜਾਇਆ ਜਾਂਦਾ ਹੈ। ਇੱਕ ਬੜੀ ਖਾਸ ਗਲ ਧਿਆਨ ਵਿੱਚ ਆਈ, ਇੱਕ ਇਸਾਈ ਸਕੂਲ ਦੀ, ਕਿਸੇ ਕਲਾਸ ਵਿੱਚ ਕੋਈ ਬੱਚਾ ਕੋਈ ਸ਼ਰਾਰਤ ਕਰਦਾ ਫੜਿਆ ਗਿਆ, ਅਧਿਆਪਕਾ ਨੇ ਉਸ ਦੀ ਡਾਂਟ, ਪਿਟ ਕਰਨ ਦੀ ਬਜਾਏ ਕਿਹਾ, “ਤੂੰ ਬੜਾ ਗਲਤ ਕੰਮ ਕੀਤਾ ਹੈ, ਜਾਹ! ਚਰਚ ਵਿੱਚ ਜਾ ਕੇ ਪੰਦਰ੍ਹਾਂ ਮਿੰਟ ਕਰਾਇਸਟ ਅਗੇ ਪਰੇਅਰ ਕਰ ਅਤੇ ਮਾਫੀ ਮੰਗ, ਕਰਾਈਸਟ ਤੈਨੂੰ ਮਾਫ ਕਰ ਦੇਣਗੇ।” ਅੰਦਾਜ਼ਾ ਲਗਾਓ, ਉਸ ਬੱਚੇ ਤੇ ਕੀ ਪਰਭਾਵ ਪਿਆ ਹੋਵੇਗਾ? ਸਾਨੂੰ ਆਪਣੇ ਸਕੂਲਾਂ ਵਿੱਚ ਉੱਚੇ ਸੁੱਚੇ, ਮਨੁਖਤਾ ਦੀ ਭਲਾਈ ਦੇ, ਗੁਰਮਤਿ ਸਿਧਾਂਤਾਂ ਦੀ ਗਲ ਕਰਦਿਆਂ ਡਰ ਲਗਦਾ ਹੈ। ਕੁੱਝ ਵਿਰਲਿਆਂ ਨੂੰ ਛੱਡ ਕੇ ਸਾਡੇ ਸਕੂਲਾਂ ਵਿੱਚ ਜੋ ਪੜ੍ਹਾਈ ਦਾ ਪੱਧਰ ਹੈ ਉਸ ਦਾ ਤਾਂ ਰੱਬ ਹੀ ਰਾਖਾ ਹੈ। ਅਸਲ ਵਿੱਚ ਅਸੀ ਤਾਂ ਆਪਣਾ ਦਾਲ ਮੰਡਾ ਚਲਾਉਣ ਦੇ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਸਾਧਨ ਬਣਾਏ ਹੋਏ ਹਨ।
ਸਮੱਸਿਆ ਅਤਿ ਗੰਭੀਰ ਹੈ। ਜੇ ਸਾਡੇ ਗੁਰਮਤਿ ਦੇ ਸਾਰੇ ਸੋਮੇ ਹੀ ਸੁਕੇ ਪਏ ਹਨ ਤਾਂ ਆਖਰ ਕੌਮ ਦੀ ਨਵੀਂ ਪਨੀਰੀ ਨੂੰ ਗੁਰਮਤਿ ਦੀ ਅਨਮੋਲ ਦਾਤ ਕਿਵੇਂ ਅਤੇ ਕਿਥੋਂ ਪ੍ਰਾਪਤ ਹੋਵੇ? ਤਕਰੀਬਨ ਛੇ ਦਹਾਕੇ ਪਹਿਲਾਂ ਕੌਮ ਦੇ ਕੁੱਝ ਵਿਦਵਾਨ ਪੰਥ ਦਰਦੀਆਂ ਨੇ ਇਸ ਮੱਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਸਿੱਖ ਸਟੂਡੈਂਟਸ ਫੈਡਰੇਸ਼ਨ ਕਾਇਮ ਕਰਕੇ; ਗੁਰਮਤਿ ਕੈਂਪਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਜਿਸ ਦੇ ਨਤੀਜੇ ਲਾਜੁਆਬ ਨਿਕਲੇ। ਸਮੇਂ ਦੀ ਨੌਜੁਆਨੀ ਵਿੱਚ ਇੱਕ ਨਵੀ ਚੇਤਨਤਾ, ਸੋਝੀ ਅਤੇ ਕੌਮੀ ਜਜ਼ਬਾ ਪੈਦਾ ਹੋਇਆ। ਸ਼ੁਰੂਆਤ ਤਾਂ ਸੱਚਮੁਚ ਇਹ ਇੱਕ ਨਵੇਂ ਇਨਕਲਾਬ ਦੀ ਸੀ। ਪਰ ਇਹ ਇਨਕਲਾਬ ਬਹੁਤਾ ਸਮਾਂ ਕਾਇਮ ਨਾ ਰਹਿ ਸਕਿਆ। ਜਿਵੇਂ ਬਹੁਤੀਆਂ ਸਿੱਖ ਸੰਸਥਾਂਵਾਂ ਨਾਲ ਹੁੰਦਾ ਹੈ, ਕੁੱਝ ਸਮੇਂ ਦੇ ਬਾਅਦ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਘਟੀਆ ਕਿਸਮ ਦਾ ਸਿਆਸੀ ਕਰਨ ਹੋ ਗਿਆ। ਅਜ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਧੱੜੇ ਤਾਂ ਬਹੁਤ ਹਨ, ਪਰ ਸਾਰੀਆਂ ਹੀ ਕਿਸੇ ਨਾ ਕਿਸੇ ਸਿਆਸੀ ਧੜੇ ਦੀਆਂ ਪਿਛਲੱਗ ਬਣੀਆਂ ਹੋਈਆਂ ਹਨ। ਅਸਲੀ ਮਕਸਦ ਤਾਂ ਪਤਾ ਨਹੀ ਕਦੋਂ ਦਾ ਕਿਥੇ ਗੁਆਚ ਗਿਆ? ਇਸ ਸਮੇਂ ਤਾਂ ਇਨ੍ਹਾਂ ਦੇ ਆਗੂ ਕੇਵਲ ਸਿਆਸੀ ਅਹੁਦੇ ਹਾਸਲ ਕਰਨ ਲਈ ਵੱਡੇ ਸਿਆਸੀ ਆਗੂਆਂ ਦੀ ਝੋਲੀ ਚੁਕੀ ਤਕ ਹੀ ਸੀਮਤ ਹਨ।
ਕੌਮ ਦੀ ਇਸੇ ਵੱਡੀ ਲੋੜ ਨੂੰ ਮਹਿਸੂਸ ਕਰਦੇ ਹੋਏ ਸ਼੍ਰੌਮਣੀ ਖਾਲਸਾ ਪੰਚਾਇਤ ਨੇ ਸੰਨ 2000 ਵਿੱਚ ਸ਼ਿਵਾਲਿਕ ਪੁਬਲਿਕ ਸਕੂਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੌਹਾਲੀ) ਤੋਂ ਸਾਂਝ 2000, ਕੈਂਪ ਲਗਾ ਕੇ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਕੈਂਪਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਸਭ ਤੋਂ ਪਹਿਲਾਂ ਤਾਂ ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਨੂੰ ਕੁੱਝ ਦਿਨਾਂ ਵਾਸਤੇ ਇੱਕ ਪੂਰਣ ਗੁਰਸਿੱਖੀ ਮਾਹੌਲ ਮਿਲਦਾ ਹੈ। ਫੇਰ ਇੱਕ ਕੌਮੀ ਮਰਿਆਦਾ ਵਿੱਚ ਰਹਿਣ ਦੀ ਜਾਚ ਆਉਂਦੀ ਹੈ। ਥੌੜੇ ਸਮੇਂ ਵਿੱਚ ਕਈ ਊਘੇ ਕੌਮੀ ਵਿਦਵਾਨਾਂ ਕੋਲੋ ਆਪਣੇ ਧਰਮ ਦੇ ਅਨਮੋਲ ਸਿਧਾਂਤ ਅਤੇ ਸੁਨਹਿਰੀ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਜਿਸ ਨਾਲ ਸੱਚਮੁੱਚ ਆਪਣੇ ਸਿੱਖ ਹੋਣ ਤੇ ਮਾਨ ਮਹਿਸੂਸ ਹੋਣ ਲਗ ਪੈਂਦਾ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇੱਕ ਹਫਤੇ ਦੇ ਸਮੇਂ ਵਿੱਚ ਉਨ੍ਹਾਂ ਨੂੰ ਗੁਰਮਤਿ ਦੀ ਪੂਰਣ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ, ਅਤੇ ਨਾਂ ਹੀ ਇਹ ਸੰਭਵ ਹੈ। ਪਰ ਬੱਚਿਆਂ ਵਿੱਚ ਜਿਥੇ ਇੱਕ ਕੌਮੀ ਜਜ਼ਬਾ ਪੈਦਾ ਹੁੰਦਾ ਹੈ ਉਥੇ ਨਾਲ ਹੀ ਗੁਰਮਤਿ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਉਸਨੂੰ ਜੀਵਨ ਵਿੱਚ ਅਪਨਾਉਂਣ ਦਾ ਚਾਅ ਪੈਦਾ ਹੁੰਦਾ ਹੈ, ਜੋ ਅਜ ਸਭ ਤੋਂ ਵੱਡੀ ਕੌਮੀ ਲੋੜ ਅਤੇ ਇਨ੍ਹਾਂ ਕੈਂਪਾਂ ਦਾ ਮੁਖ ਮਕਸਦ ਹੈ। ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇੱਕ ਹੋਰ ਜੋ ਬਹੁਤ ਅਨਮੋਲ ਚੀਜ਼ ਪ੍ਰਾਪਤ ਹੁੰਦੀ ਹੈ, ਉਹ ਹੈ ਬੱਚਿਆਂ ਨੂੰ ਸਿੱਖ ਬੱਚਿਆਂ ਨਾਲ ਦੋਸਤੀ ਵਧਾਉਣ ਦਾ ਮੌਕਾ ਮਿਲਦਾ ਹੈ ਜੋ ਸਾਰੀ ਜਿੰਦਗੀ ਉਨ੍ਹਾਂ ਲਈ ਇੱਕ ਚੰਗਾ ਮਾਹੌਲ ਸਿਰਜਨ ਦੇ ਕੰਮ ਆਉਦਾ ਹੈ।
ਜਿਥੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰਮਤਿ ਕੈਂਪਾਂ ਵਿੱਚ ਵਧ ਚੜ੍ਹ ਕੇ ਭੇਜਣ, ਨਾਲ ਹੀ ਚਾਹੀਦਾ ਹੈ ਕਿ ਇਨ੍ਹਾਂ ਕੈਂਪਾਂ ਲਈ ਤਨ ਮਨ ਧਨ ਨਾਲ ਸਹਿਯੋਗ ਦੇਣ, ਉਥੇ ਹੀ ਪੰਥ ਦਰਦੀ ਜਥੇਬੰਦੀਆ ਨੂੰ ਵੀ ਗੁਰਮਤਿ ਕੈਂਪਾਂ ਨੂੰ ਇੱਕ ਕੌਮੀ ਲਹਿਰ ਬਨਾਉਂਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਪਰ ਇਥੇ ਇਹ ਵੀ ਚੇਤੰਨ ਰਹਿਣ ਦੀ ਲੋੜ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਪੂਰੀ ਤਰ੍ਹਾਂ ਤੱਤ ਗੁਰਮਤਿ ਹੀ ਦ੍ਰਿੜ ਕਰਾਈ ਜਾਵੇ ਕਿਉਕਿ ਜਦੋਂ ਵੀ ਸਿੱਖ ਆਪਣੀ ਕੌਮ ਨੂੰ ਬਚਾਉਂਣ ਦੇ ਕੋਈ ਉਪਰਾਲੇ ਸ਼ੁਰੂ ਕਰਦੇ ਹਨ, ਸਿੱਖੀ ਭੇਸ ਵਿੱਚ ਹੀ, ਜਾਣੇ ਅਨਜਾਣੇ ਪੰਥ ਦੋਖੀ ਤਾਕਤਾਂ ਦੇ ਏਜੰਟ ਬਣੇ, ਇਸ ਦੇ ਪੁੱਠੇ ਫਾਇਦੇ ਚੁੱਕਣ ਲਈ ਸਰਗਰਮ ਹੋ ਜਾਂਦੇ ਹਨ। ਜੋ ਕੋਈ ਸੰਸਥਾ ਜਾਂ ਸ਼ਖਸੀਅਤ ਐਸਾ ਗੁਰਮਤਿ ਸਿਖਿਆ ਕੈਂਪ ਲੁਆਂਉਣਾ ਚਾਹੇ ਅਤੇ ਲੋੜੀਂਦੇ ਪ੍ਰਬੰਧ ਕਰਨ ਦੇ ਸਮਰੱਥ ਹੋਵੇ, ਸ਼੍ਰੌਮਣੀ ਖਾਲਸਾ ਪੰਚਾਇਤ ਇਹ ਸੇਵਾ ਕਰਨ ਲਈ ਹਰ ਵੇਲੇ ਤੱਤਪਰ ਹੈ।
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ), ਸ਼੍ਰੋਮਣੀ ਖਾਲਸਾ ਪੰਚਾਇਤ,
ਫੋਨ: +91 98761 04726,




.