ੴ
ਸਤਿ ਗੁਰ ਪ੍ਰਸਾਦਿ
ਸ਼ਬਦ ਵਿਚਾਰ
ਮੇਰਾ ਮਨ ਲੋਚੈ ਗੁਰ ਦਰਸਨ ਤਾਈ॥
ਇਸ ਸ਼ਬਦ ਨੂੰ ਲੈ ਕੇ, ਸਿੱਖੀ ਵਿੱਚ
ਇੱਕ ਗਲਤ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਚੌਥੇ ਨਾਨਕ ਜੀ ਨੇ, ਪੰਜਵੇਂ ਨਾਨਕ ਜੀ ਨੂੰ, ਇੱਕ
ਵਿਆਹ ਤੇ ਲਾਹੌਰ ਭੇਜਿਆ, ਹੁਕਮ ਕੀਤਾ ਕਿ ਜਦ ਤਕ ਮੈਂ ਨਾ ਸੱਦਾਂ, ਤੂੰ ਵਾਪਸ ਨਹੀਂ ਆਉਣਾ।
(ਇਹ ਸ਼ਰਤ ਕਿਉਂ? ਜਦ ਕਿ ਆਮ ਗੱਲ ਇਹੀ ਹੁੰਦੀ ਹੈ ਕਿ ਏਨੇ ਦਿਨਾਂ ਵਿੱਚ ਵਾਪਸ ਆ ਜਾਣਾ। ਇੱਕ ਅੱਧੇ
ਦਿਨ ਦੀ ਵਾਧ ਘਾਟ ਕਿਸੇ ਗਿਣਤੀ ਵਿੱਚ ਨਹੀਂ ਹੁੰਦੀ। ਪਰ ਅਸਲੀਅਤ ਇਹ ਹੈ ਕਿ ਜੇ ਪੁਜਾਰੀ ਇਹ ਸ਼ਰਤ
ਨਾ ਪਰਚਾਰਨ ਤਾਂ, ਕਹਾਣੀ ਬਣਦੀ ਹੀ ਨਹੀਂ।)
ਇਸ ਸ਼ਰਤ ਨੂੰ ਮੁੱਖ ਰੱਖ ਕੇ ਹੀ ਪੁਜਾਰੀ ਲਾਣੇ ਨੇ ਇੱਕ ਕਹਾਣੀ ਘੜ੍ਹ ਦਿੱਤੀ ਕਿ, ਇਸ ਸ਼ਬਦ ਦੇ ਤਿੰਨ
ਬੰਦ, ਪੰਜਵੇਂ ਨਾਨਕ ਜੀ ਨੇ ਲਾਹੌਰ ਤੋਂ, ਚੌਥੇ ਨਾਨਕ ਜੀ ਦੇ ਵਿਛੋੜੇ ਦੀ ਬਿਹਬਲਤਾ ਵਿੱਚ ਲਿਖ
ਭੇਜੇ ਸਨ ਅਤੇ ਚੌਥਾ ਬੰਦ, ਚੌਥੇ ਨਾਨਕ ਜੀ ਦੇ ਮਿਲਾਪ ਦੀ ਖੁਸ਼ੀ ਵਿੱਚ ਲਿਖਿਆ। ਦੋ ਸਦੀਆਂ ਤੋਂ ਵੱਧ
ਦੀ ਇਹ ਕਹਾਣੀ ਪਰਚਾਰੀ ਜਾ ਰਹੀ ਸੀ, ਪਰ ਜਦ ਇਸ ਦਾ ਨਵਾਂ ਰੂਪ ਸਾਮ੍ਹਣੇ ਆਇਆ ਕਿ, ਬਾਣੀ ਲਿਖਣ ਲਈ,
ਨਾਨਕ ਪਦ ਵਰਤਣ ਲਈ, ਨਾਨਕ ਜੋਤ ਦਾ ਉਤ੍ਰਅਧਿਕਾਰੀ ਹੋਣਾ ਜ਼ਰੂਰੀ ਨਹੀਂ ਹੈ। ਉਤ੍ਰਅਧਿਕਾਰ ਮਿਲੇ
ਬਗੈਰ ਲਿਖੀ ਬਾਣੀ ਵੀ ਗੁਰਬਾਣੀ ਹੈ, ਅਤੇ ਅਧਿਕਾਰ ਮਿਲੇ ਬਗੈਰ ਵੀ ਨਾਨਕ ਪਦ ਵਰਤਿਆ ਜਾ ਸਕਦਾ ਹੈ,
ਤਾਂ ਕੰਨ ਖੜੇ ਹੋਏ।
ਸਪੱਸ਼ਟ ਪਰਤੀਤ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀਕ ਖੜੇ ਕਰਨ ਲਈ, ਇਸ ਗੱਲ ਰਾਹੀਂ, ਬਹੁਤ
ਵੱਡੀ (ਪ੍ਰਮਾਣੀਕ) ਭੂਮਕਾ ਬੰਨ੍ਹੀ ਜਾ ਰਹੀ ਹੈ, ਤਾਂ ਚੁੱਪ ਰਹਿਣਾ ਘਾਤਕ ਮਹਿਸੂਸ ਹੋਇਆ, ਇਸ ਕਰ
ਕੇ ਹੱਥ ਵਿਚਲੇ ਸਾਰੇ ਕੰਮ ਰੋਕ ਕੇ, ਇਸ ਸ਼ਬਦ ਦੀ ਵਿਆਖਿਆ ਕਰਨੀ ਜ਼ਰੂਰੀ ਜਾਪੀ। ਜੋ ਕੁੱਝ ਇਸ ਸ਼ਬਦ
ਵਿਚੋਂ ਉੱਭਰ ਕੇ ਸਾਮ੍ਹਣੇ ਆਇਆ, ਉਹ ਸੂਝਵਾਨ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ:-
ਪੰਜਵੇਂ ਨਾਨਕ ਜੀ ਨੇ ਇਸ ਸ਼ਬਦ ਵਿੱਚ ਇੱਕ ਜਗਿਆਸੂ ਦਾ ਦ੍ਰਿਸ਼ਟਾਂਤ ਲੈਂਦੇ ਉਸ ਨੂੰ ਚਾਰ ਹਿਸਿਆਂ
ਵਿੱਚ ਵੰਡਿਆ ਹੈ,
ਪਹਿਲੀ ਹਾਲਤ ਵਿੱਚ ਜਗਿਆਸੂ, ਗੁਰ ਦਰਸ਼ਨ ਲਈ, ਸ਼ਬਦ ਗੁਰੂ ਤੋਂ ਸਿਖਿਆ ਲੈਣ ਦੀ ਲੋਚਾ ਅਧੀਨ, ਸ਼ਬਦ
ਗੁਰੂ ਤੋਂ ਸਿਖਿਆ ਲੈਣ ਅਤੇ ਉਸ ਸਿਖਿਆ ਨੂੰ ਸਤਸੰਗਤ ਵਿੱਚ ਜੁੜ ਕੇ ਵਿਚਾਰਨ ਦੀ ਕਾਮਨਾ ਕਰਦਾ
ਹੋਇਆ, ਸ਼ਬਦ ਗੁਰੂ ਅਤੇ ਸਤਸੰਗਤ ਤੋਂ ਸਦਕੇ ਜਾਣ ਦੀ ਗੱਲ ਕਰਦਾ ਹੈ।
ਦੂਸਰੀ ਹਾਲਤ ਵਿੱਚ ਉਹ, ਗੁਰ ਸ਼ਬਦ ਦੀ ਸਿਖਿਆ ਅਨੁਸਾਰ ਪਰਮਾਤਮਾ (੧) ਦੇ ਸਾਕਾਰ ਰੂਪ (ੴ) ਵਿਚੋਂ
ਪਰਮਾਤਮਾ ਦੇ ਆਤਮਕ ਅਡੋਲਤਾ ਦੇਣ ਵਾਲੇ ਅਤੇ ਪ੍ਰਭੂ ਦੀ ਵਡਿਆਈ ਨੂੰ ਮਹਿਸੂਸ ਕਰਵਾਉਣ ਚਾਲੇ ਝਲਕਾਰੇ
ਤੋਂ ਪ੍ਰਭਾਵਤ ਹੁੰਦਿਆਂ, ਸਿਖਿਆ ਦਾਤੇ ਸੱਜਣ ਸ਼ਬਦ ਗੁਰੂ ਅਤੇ ਮਿਤ੍ਰ ਪਰਮਾਤਮਾ ਤੋਂ ਸਦਕੇ ਜਾਣ ਦੀ
ਗੱਲ ਕਰਦਾ ਹੈ।
ਤੀਸਰੀ ਹਾਲਤ ਵਿੱਚ ਉਸ ਨੂੰ ਪ੍ਰਭੂ ਨਾਲੋਂ ਵਿਛੋੜਾ ਦੁਖਦਾਈ ਪਰਤੀਤ ਹੁੰਦਾ ਹੈ, ਉਹ ਪਰਮਾਤਮਾ ਅੱਗੇ
ਮਿਲਾਪ ਲਈ ਤਰਲਾ ਲੈਂਦਾ ਹੋਇਆ, ਅਪਣੀ ਤਰਸ ਯੋਗ ਹਾਲਤ ਦਾ ਬਿਆਨ ਕਰਦਾ ਹੈ। ਪ੍ਰਭੂ ਨਾਲ ਮਿਲਾਪ
ਕਰਵਾਉਣ ਦੇ ਸਮਰੱਥ ਸ਼ਬਦ ਗੁਰੂ ਦੇ ਦਰਬਾਰ, ਸਤਸੰਗਤ ਤੋਂ ਸਦਕੇ ਜਾਣ ਦੀ ਗੱਲ ਕਰਦਾ ਹੈ।
ਚੌਥੀ ਹਾਲਤ ਵਿੱਚ ਉਹ ਮੰਨਦਾ ਹੈ ਕਿ, ਸ਼ਬਦ ਗੁਰੂ ਦੀ ਕਿਰਪਾ ਸਦਕਾ ਮੈਂ ਅਪਣੇ ਅੰਦਰ ਹੀ ਬੈਠੇ,
ਸੰਤੁ ਪਰਮਾਤਮਾ ਨੂੰ ਜਾਣ ਲਿਆ ਹੈ, ਅਤੇ ਕਾਮਨਾ ਕਰਦਾ ਹੈ ਕਿ ਮੈਂ ਦੁਬਾਰਾ, ਪਰਮਾਤਮਾ ਤੋਂ ਵਿਛੋੜੇ
ਵਾਲੀ ਹਾਲਤ ਵਿੱਚ ਕਦੇ ਵੀ ਨਾ ਜਾਵਾਂ। ਉਸ ਤੋਂ ਬਚਣ ਦੇ ਇਕੋ ਇੱਕ ਸਾਧਨ, ਪਰਮਾਤਮਾ ਦੇ ਦਾਸਾਂ ਦੀ
ਸੰਗਤ, ਸਤਸੰਗਤ ਵਿਚੋਂ ਇੱਕ ਪਲ, ਇੱਕ ਚਸਾ ਵੀ ਨਾ ਵਿਛੁੜਾਂ, ਅਤੇ ਸਤਸੰਗਤ ਵਿੱਚ ਵਿਚਾਰੇ ਅਨੁਸਾਰ,
ਹਮੇਸ਼ਾ ਹੀ ਪਤੀ ਪਰਮਾਤਮਾ ਦੀ ਸੇਵਾ ਕਰਦਾ ਰਹਾਂ, ਉਸ ਦੀ ਰਜ਼ਾ ਉਸ ਦੇ ਹੁਕਮ ਵਿੱਚ ਚਲਦਾ ਰਹਾਂ।
ਪਰਮਾਤਮਾ ਦੇ ਦਾਸਾਂ, ਸਤਸੰਗੀਆਂ ਤੋਂ ਸਦਕੇ ਜਾਣ ਦੀ ਗੱਲ ਕਰਦਾ ਹੈ।
ਇਹ ਨਰੋਲ ਆਤਮਕ ਉਡਾਰੀ ਦੀ ਗੱਲ ਹੈ। ਪਰਮਾਤਮਾ ਨੂੰ ਮਿਲਣ ਦੀ ਗੱਲ ਹੈ। ਉਸ ਨੂੰ ਮਿਲਣ ਦੇ ਸਾਧਨਾਂ
ਦੀ ਗੱਲ ਹੈ। ਫਿਰ ਪਰਮਾਤਮਾ ਨੂੰ ਮਿਲ ਕੇ, ਉਸ ਤੋਂ ਜੁਦਾ ਨਾ ਹੋਣ ਦੀ ਕਾਮਨਾ ਦੀ ਗੱਲ ਹੈ। ਇਸ
ਵਿੱਚ ਕਿਤੇ ਵੀ ਕਿਸੇ ਸਰੀਰ ਦੀ ਗੱਲ ਨਹੀਂ ਹੈ।
ਆਉ ਹੁਣ ਸ਼ਬਦ ਦੀ ਵਿਚਾਰ ਕਰਦੇ ਹਾਂ,
ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥ ੧॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥ ੧॥ ਰਹਾਉ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗਪਾਣੀ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥ ੨॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ॥ ੧॥ ਰਹਾਉ॥
ਇੱਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ॥ ੩॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ॥ ੧॥ ਰਹਾਉ॥
ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ ੪॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ ਰਹਾਉ॥ ੧॥ ੮॥
ਪਹਿਲੇ ਰਹਾਉ ਵਿੱਚ ਗੱਲ ਕੀਤੀ ਹੈ, ਗੁਰ ਦਰਸਨ ਦੀ, ਸ਼ਬਦ ਗੁਰੂ ਦੇ ਸਿਧਾਂਤ ਦੀ। ਅਤੇ ਸੰਤ ਪਿਆਰੇ
(ਪਿਆਰੇ ਸੰਤਾਂ, ਸਤਸੰਗਤ) ਦੀ
॥ ੧॥ ਮੇਰਾ ਮਨ ਗੁਰ ਦਰਸ਼ਨ, ਗੁਰ (ਸ਼ਬਦ) ਦੇ ਸਿਧਾਂਤ ਲਈ ਲੋਚਦਾ ਹੈ। ਉਸ ਨੂੰ ਜਾਨਣ ਲਈ ਬਬੀਹੇ
ਵਾਙ, ਵਿਲਾਪ ਕਰ ਰਿਹਾ ਹੈ। ਸਤਸੰਗਤ ਦੇ ਦਰਸ਼ਨ ਕੀਤੇ ਬਗੈਰ, ਸਤਸੰਗਤ ਵਿੱਚ ਜੁੜ ਕੇ ਵਿਚਾਰ ਕੀਤੇ
ਬਗੈਰ ਮੇਰੀ ਪਿਆਸ ਨਹੀਂ ਬੁਝਦੀ, ਮੈਨੂੰ ਸ਼ਾਂਤੀ ਨਹੀਂ ਮਿਲਦੀ।
॥ ਰਹਾਉ॥ ਮੈਂ ਗੁਰ ਦਰਸ਼ਨ, ਸ਼ਬਦ ਗੁਰੂ ਦੀ ਸਿੀਖਆ ਤੋਂ ਸਦਕੇ ਜਾਂਦਾ ਹਾਂ। ਮੈਂ ਪਿਆਰੇ ਸੰਤਾਂ,
ਸਤਸੰਗਤ ਤੋਂ ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ।
ਦੂਸਰੇ ਰਹਾਉ ਵਿੱਚ ਗੱਲ ਕੀਤੀ ਹੈ, ਗੁਰ ਸਜਣ ਦੀ ਅਤੇ ਮੀਤ ਮੁਰਾਰੇ (ਮਿਤ੍ਰ ਵਾਹਿਗੁਰੂ) ਦੀ।
॥ ੨॥ ਹੇ ਪ੍ਰਭੂ ਤੇਰੀ ਦਿੱਖ ਬੜੀ ਸੋਹਣੀ ਹੈ, ਜਿਸ ਵਿਚੋਂ ਆਤਮਕ ਅਡੋਲਤਾ ਹਾਸਲ ਹੁੰਦੀ ਹੈ ਅਤੇ
ਤੇਰੀ ਸਿਫਤ ਸਾਲਾਹ ਦਾ ਗਿਆਨ ਹੁੰਦਾ ਹੈ। ਹੇ ਪ੍ਰਭੂ ਤੈਨੂੰ ਵੇਖੇ ਨੂੰ ਬਹੁਤ ਚਿਰ ਹੋ ਗਿਆ ਹੈ। ਹੇ
ਮੇਰੇ ਦੋਸਤ, ਮੇਰੇ ਮਿਤ੍ਰ ਵਾਹਿਗੁਰੂ, ਉਹ ਸਰੀਰ, ਉਹ ਹਿਰਦਾ ਧੰਨ ਹੈ, ਭਾਗਾਂ ਵਾਲਾ ਹੈ ਜਿਸ ਵਿੱਚ
ਤੂੰ ਵਸਦਾ ਹੈਂ।
॥ ਰਹਾਉ॥ ਮੈਂ ਸੱਜਣ ਗੁਰ (ਸ਼ਬਦ) ਅਤੇ ਮਿਤ੍ਰ ਭਗਵਾਨ ਤੋਂ ਸਦਕੇ ਜਾਂਦਾ ਹਾਂ, ਵਾਰੀ ਜਾਂਦਾ ਹਾਂ।
ਤੀਸਰੇ ਰਹਾਉ ਵਿੱਚ ਗੱਲ ਕੀਤੀ ਹੈ ਸੱਚੇ ਗੁਰ ਦਰਬਾਰੇ ਦੀ।
॥ ੩॥ ਹੇ ਮੇਰੇ ਪਿਆਰੇ ਭਗਵੰਤ, ਮੇਰੇ ਪਿਆਰੇ ਵਾਹਿਗੁਰੂ, ਤੈਨੂੰ ਮਿਲੇ ਬਗੈਰ ਇੱਕ ਘੜੀ ਵੀ ਇਵੇਂ
ਬੀਤਦੀ ਹੈ, ਜਿਵੇਂ ਕੋਈ ਬਹੁਤ ਬੁਰਾ ਸਮਾ ਬੀਤ ਰਿਹਾ ਹੋਵੇ, ਹੁਣ ਤੇਰੇ ਨਾਲ ਮਿਲਾਪ ਕਦ ਹੋਵੇਗਾ?
ਮੈਨੂੰ, ਗੁਰ ਦਰਬਾਰ ਨੂੰ ਦੇਖੇ ਬਗੈਰ, ਸਤਸੰਗਤ ਵਿੱਚ ਜੁੜੇ ਬਗੈਰ, ਨੀਂਦ ਨਹੀਂ ਆਉਂਦੀ, ਚੈਨ ਨਹੀਂ
ਆਉਂਦਾ, ਜਿੰਦਗੀ ਦੀ ਰਾਤ ਬਿਤਾਉਣੀ ਮੁਸ਼ਕਲ ਹੋ ਰਹੀ ਹੈ।
॥ ਰਹਾਉ॥ ਮੈਂ ਗੁਰ (ਸ਼ਬਦ) ਦੇ ਉਸ ਦਰਬਾਰ ਤੋਂ, ਸਤਸੰਗਤ ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ
ਹਾਂ।
(ਜਿਸ ਵਿੱਚ ਜੁੜ ਕੇ ਤੇਰੀ ਸਿਫਤ ਸਾਲਾਹ, ਤੇਰੀ ਰਜ਼ਾ ਦੀ ਵਿਚਾਰ ਹੁੰਦੀ ਹੈ)
ਚੌਥੇ ਰਹਾਉ ਵਿੱਚ ਗੱਲ ਕੀਤੀ ਹੈ, ਜਨ ਨਾਨਕ ਅਤੇ ਦਾਸ ਤੁਮਾਰੇ ਦੀ।
॥ ੪॥ ਮੇਰੇ ਭਾਗ ਜਾਗ ਪਏ ਹਨ, ਗੁਰ ਸ਼ਬਦ ਨੇ ਮੈਨੂੰ, ਸਤਸੰਗਤ ਵਿਚੋਂ ਸੰਤੁ ਪ੍ਰਭੂ ਨਾਲ ਮਿਲਾ
ਦਿੱਤਾ ਹੈ। ਮੈਂ, ਅਬਿਨਾਸੀ, ਸਦੀਵੀ ਹੋਂਦ ਵਾਲੇ ਪਰਮਾਤਮਾ ਨੂੰ ਅਪਣੇ ਹਿਰਦੇ ਵਿੱਚ ਹੀ ਲੱਭ ਲਿਆ
ਹੈ, ਪਾ ਲਿਆ ਹੈ। ਹੇ ਨਾਨਕ ਆਖ ਹੁਣ ਮੈਂ, ਇੱਕ ਪਲ, ਇੱਕ ਚਸਾ ਵੀ ਸਤ ਸੰਗਤ ਨਾਲੋਂ ਨਾ ਵਿਛੁੜਾਂ,
ਉਸ ਵਿੱਚ ਜੁੜ ਕੇ ਹਮੇਸ਼ਾ ਤੇਰੀ ਸੇਵਾ ਕਰਾਂ, ਤੇਰੀ ਰਜ਼ਾ, ਤੇਰੇ ਹੁਕਮ ਵਿੱਚ ਚੱਲਾਂ।
॥ ਰਹਾਉ॥ ਹੇ ਪ੍ਰਭੂ ਮੈਂ ਤੇਰਾ ਗੋਲਾ ਨਾਨਕ, ਤੇਰੇ ਦਾਸਾਂ, ਤੇਰੀ ਸਿਫਤ ਸਾਲਾਹ ਕਰਨ ਵਾਲੀ ਸਤਸੰਗਤ
ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧.