.

ਗੁਰੂ ਨਾਨਕ ਦੇ ਸਿਧਾਂਤਾਂ ਦੀ ਗੱਲ ਕਰਨ ਵਾਲਾ ਸਿੱਖ
ਕਾਨੂੰਨੀ ਕਾਰਵਾਈ ਲਈ ਤਿਆਰ ਰਹੇ!
-ਇਕਵਾਕ ਸਿੰਘ ਪੱਟੀ

ਗੱਲ ਹੁਣ ਦੀ ਨਹੀਂ, ਬਲਕਿ ਉਦੋਂ ਹੀ ਸ਼ੁਰੂ ਹੋ ਗਈ ਸੀ ਜਦ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ ਗੋਲਕ ਦੀ ਕਮਾਈ ਦੀ ਨਿੱਜੀ ਮੁਫਾਦਾਂ ਲਈ ਵਰਤੋਂ ਕਰਨ ਦੀ ਜਾਚ ਆ ਗਈ ਸੀ। ਜਿਸ ਦੀ ਬਦੌਲਤ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਰਗੀਆਂ ਲਹਿਰਾਂ ਸ਼ੁਰੂ ਕੀਤੀਆਂ ਗਈਆ ਅਤੇ ਕਈ ਮੋਰਚਿਆਂ ਤੋਂ ਬਾਅਦ ਕਿਰਤ ਕਮਾਈ ਕਰਨ ਵਾਲੇ ਕਿਰਤੀ ਸਿੱਖਾਂ ਦੇ ਸਹਿਯੋਗ ਨਾਲ ਅਥਾਹ ਕੁਰਬਾਨੀਆਂ ਅਤੇ ਤਸੀਹਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਲਿਆਂਦੀ ਗਈ ਸੀ ਤਾਂ ਕਿ ਗੁਰਦਆਰਿਆਂ ਵਿੱਚ ਗੁਰ-ਮਰਿਯਾਦਾ ਮੁੜ ਬਹਾਲ ਹੋ ਸਕੇ। ਫਿਰ 13 ਸਾਲਾਂ ਦਾ ਸਮਾਂ ਲਗਾ ਕੇ ਇੱਕ ਪੰਥਕ ਰਹਿਤ ਮਰਿਯਾਦਾ ਵੀ ਬਣਾਈ ਗਈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੀ ਕੌਮ ਲਈ ਜਾਰੀ ਕੀਤੀ ਗਈ।
ਬਦਕਿਸਮਤੀ ਕਿ ਅਸੀਂ ਮਹੰਤਾਂ ਜ੍ਹਿਨਾਂ ਨੇ ਗੁਰਦੁਆਰਿਆਂ ਵਿੱਚ ਨਿੱਜੀ ਮਰਿਯਾਦਾਵਾਂ ਚਲਾਈਆਂ ਹੋਈਆਂ ਸਨ ਨੂੰ ਤਾਂ ਬਾਹਰ ਕੱਢ ਦਿੱਤਾ ਪਰ ਉਹਨਾਂ ਦੇ ਫਲਸਫੇ ਨੂੰ ਆਪ ਅਪਣਾ ਕੇ ਗੋਲਕ ਦੀ ਨਿੱਜੀ ਵਰਤੋਂ ਕਰਨ ਨੂੰ ਹੀ ਪਰਮ ਧਰਮ ਸਮਝ ਲਿਆ ਅਤੇ ਆਪ ਹੀ ਸਿੱਖੀ ਸਰੂਪ ਵਿੱਚ ਰਹਿ ਕੇ ਮਹੰਤਾਂ ਵਾਲੇ ਕਾਰਨਾਮੇ ਸ਼ੁਰੂ ਕਰ ਦਿੱਤੇ ਅਤੇ ਸਿੱਖਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਤੋਂ ਬਾਅਦ ਮਨ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਕੇ ਹੁਕਮਨਾਮਾ ਰੂਪੀ ਐਨਕ ਸਿੱਖ ਸੰਗਤਾਂ ਨੂੰ ਦੇ ਦਿੱਤੀ ਕਿ ਕਿਸੇ ਵੀ ਗੁਰਮਤਿ ਵਿਰੋਧੀ ਹੁਕਮਨਾਮੇ ਨੂੰ ਇਸ ਐਨਕ ਨਾਲ ਦੇਖੋਗੇ ਤਾਂ ਠੀਕ ਲੱਗੇਗਾ, ਨੰਗੀ ਅੱਖ ਨਾਲ ਨਹੀਂ ਦੇਖਣਾ ਕਿਉਂਕਿ ਹੁਕਮਨਾਮੇ ਦੀ ਐਨਕ ਉਤਾਰ ਕੇ ਦੇਖਣ ਲਈ ਪੁਜਾਰੀਵਾਦ ਦੀਆਂ ਆਪ ਹੁਦਰੀਆਂ ਨੰਗੀਆਂ ਹੋ ਸਕਦੀਆਂ ਸਨ।
ਇਸੇ ਤਹਿਤ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਨ ਉਪਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵਾਸਤਾ ਪਾ ਕੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਮੰਦ ਨਿਤੀ ਸ਼ੁਰੂ ਹੋਈ। ਇੱਕ ਕਾਲ ਦਾ ਜਥੇਦਾਰ ਜੇਕਰ ਕੋਈ ਹੁਕਮਨਾਮਾ ਜਾਰੀ ਕਰਦਾ ਹੈ ਤਾਂ ਅਗਲੇ ਕਾਲ ਦਾ ਜਥੇਦਾਰ ਚਾਹਵੇ ਤਾਂ ਹਾਕਮਾਂ ਦੇ ਕਹਿਣ ਤੇ ਉਸਨੂੰ ਰੱਦ ਕਰ ਸਕਦਾ ਹੈ। ਖੈਰ! ਹੁਕਮਨਾਮਿਆਂ ਵਾਲਾ ਤਾਂ ਇੱਕ ਵੱਖਰਾ ਵਿਸ਼ਾ ਹੈ ਮੈਂ ਆਪਣੇ ਵਿਸ਼ੇ ਵੱਲ ਮੁੜਾਂ।
ਬੀਤੇ ਦਿਨੀਂ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆਂ ਜਿਸ ਤਰ੍ਹਾਂ ਕੌਮ ਦੇ ਕੋਹਿਨੂਰ ਹੀਰੇ ਤੋਂ ਵੀ ਵੱਧ ਬੇਸ਼ਕਿਮਤੀ ਵਿਦਵਾਨ ਭਾਈ ਦਿੱਤ ਸਿੰਘ ਗਿਆਨੀ ਅਤੇ ਪ੍ਰੋ. ਗੁਰਮੁੱਖ ਸਿੰਘ ਵੱਲੋਂ ਸਿੱਖਾਂ ਵਿੱਚ ਲਿਆਂਦੀ ਇੱਕ ਵੱਡੀ ਜਾਗ੍ਰਿਤੀ ਤੋਂ ਬੁਖਲਾਏ ਹੋਏ ਕੁੱਝ ਪੰਥ ਵਿਰੋਧੀਆਂ ਨੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਪਹਿਲਾਂ ਸਿੱਖਾਂ ਦੀ ਨਜ਼ਰਾਂ ਵਿੱਚ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹਨਾਂ ਵਿਦਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਆਰਥਿਕ ਰੂਪ ਵਿੱਚ ਕਮਜ਼ੋਰ ਕਰਕੇ ਉਹਨਾਂ ਵੱਲੋਂ ਚਲਾਈ ਜਾਂਦੀ ਪੰਥਕ ਅਖਬਾਰ ‘ਖਾਲਸਾ’ ਜੋ ਸਿੱਖਾਂ ਦੀ ਜਿੰਦ ਜਾਨ ਬਣ ਚੁੱਕੀ ਸੀ ਨੂੰ ਬੰਦ ਕਰਵਾਇਆ ਸੀ। ਅੱਜ ਉਸੇ ਪੁਜਾਰੀ ਸ਼੍ਰੇਣੀ ਅਤੇ ਪੰਥ ਵਿਰੋਧੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਮੌਜੂਦਾ ਪੁਜਾਰੀ ਸ਼੍ਰੇਣੀ ਅਤੇ ਗੁਰਦੁਆਰਾਂ ਪ੍ਰਬੰਧਕਾਂ ਨੇ ਹੁਣ ਦੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਜਾਂ ਕੋਈ ਕੌਮੀ ਹੱਕ ਮੰਗਣ ਵਾਲਿਆਂ ਵਿਰੁੱਧ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਬੇ-ਇੱਜ਼ਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅਸਫਲਤਾ ਮਿਲਣ ਉਪਰੰਤ ਹੁਣ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈਆਂ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਝ ਉਪਰ ਇਹ ਕਾਰਵਾਈਆਂ ਸ਼ੁਰੂ ਵੀ ਕਰ ਦਿੱਤੀਆਂ ਹਨ।
ਜਿਸਦੇ ਤਹਿਤ ਪਹਿਲਾਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਫਿਰ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖਾਲਸਾ, ਸ. ਜਗਦੀਸ਼ ਸਿੰਘ ਝੀਂਡਾ, ਸ. ਪਰਮਜੀਤ ਸਿੰਘ ਸਰਨਾ, ਹੁਣ ਗਿਆਨੀ ਹਰਿੰਦਰ ਸਿੰਘ ਅਲਵਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਲਗਾਈ ਗਈ ਹੈ।
• ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਜਦ ਸਿੱਖ ਸੰਗਤ ਦੀਆਂ ਅੱਖਾਂ ਤੋਂ ਬ੍ਰਹਾਮਣਵਾਦ, ਪੁਜਾਰੀਵਾਦ, ਅੰਧ-ਵਿਸ਼ਵਾਸ਼ ਦੀ ਐਨਕ ਉਤਾਰ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਦਰਸ਼ਨ ਕਰਵਾਏ ਤਾਂ ਪੁਜਾਰੀਵਾਦ ਕਾਂਬਾ ਛਿੜਿਆ, ਤਾਂ ਉਸ ਵਿਰੁੱਧ ਘਟੀਆਂ ਦੂਸ਼ਣਬਾਜ਼ੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਜ ਕੇ ਦੁਰਵਰਤੋਂ ਕੀਤੀ ਅਤੇ ਉਸਨੂੰ ਪੰਥ ਵਿੱਚੋਂ ਛੇਕਿਆ ਪਰ ਫਿਰ ਵੀ ਜਾਗਰੂਕ ਸਿੱਖ ਹਮੇਸ਼ਾਂ ਉਸਦੀ ਹਿਮਾਇਤ ਤੇ ਰਹੇ ਅਤੇ ਹਨ। ਅੱਜ ਵੀ ਉਹਨਾਂ ਦੀਆਂ ਲਿਖੀਆਂ ਪੁਸਤਕਾਂ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਅੱਜ ਵਿਦਿਆਰਥੀ ਅਤੇ ਜਗਿਆਆਸੂ ਵਰਗ ਦੀ ਪਹਿਲੀ ਪਸੰਦ ਹੈ।
• ਜੋਗਿੰਦਰ ਸਿੰਘ ਸਪੋਕਸਮੈਨ ਨੇ ਸਖਤ ਘਾਲਣਾ ਨਾਲ ਇੱਕ ਪੰਥਕ ਅਖਬਾਰ ਹੋਂਦ ਵਿੱਚ ਲਿਆਂਦੀ ਜਿਸ ਨਾਲ ਮਿਸ਼ਨਰੀ ਸੋਚ ਨੂੰ ਇੱਕ ਪਲੇਟਫਾਰਮ ਮਿਲਿਆ ਅਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਚਾਰਣ ਹਿੱਤ ਚੋਟੀ ਦੇ ਵਿਦਵਾਨਾਂ, ਲੇਖਕਾਂ, ਬੁੱਧੀਜੀਵੀਆਂ ਦੇ ਲੇਖ, ਗੁਰਬਾਣੀ ਵਿਆਖਿਆ ਆਦਿ ਛਪਣਾ ਸ਼ੁਰੂ ਹੋਇਆ। ਸਿੱਖ ਵਰਗ ਵੱਲੋਂ ਇਸ ਅਖਬਾਰ ਨੂੰ ਪਸੰਦ ਕੀਤਾ ਗਿਆ। ਇਸ ਵਿੱਚ ਵੀ ਪਖੰਡੀ ਸਾਧਾਂ ਦੇ, ਪੁਜਾਰੀਵਾਦ ਦੇ ਟੋਲੇ ਦੀਆਂ ਆਪਹੁਦਰੀਆਂ ਵਿਰੁੱਧ ਲੇਖ ਛਪੇ ਅਤੇ ਪ੍ਰਚਾਰ ਹੋਇਆ ਜਿਸ ਸਦਕਾ ਆਮ ਸਿੱਖ ਸੰਗਤ ਨੂੰ ਵੀ ਇਹਨਾਂ ਦੀਆਂ ਆਪਹੁਦਰੀਆਂ ਦਾ ਪਤਾ ਲੱਗਾ (ਜ੍ਹਿਨਾਂ ਵਿੱਚ ਵੇਦਾਂਤੀ ਦੇ ਕਾਰਨਾਮਿਆਂ ਦਾ ਖੁਲ੍ਹਾ ਚਿੱਠਾ ਵੀ ਪਹਿਲੇ ਪੰਨੇ ਤੇ ਛਪਿਆ, ਸਾਧਾਂ ਦੀਆਂ ਕਰਤੂਤਾਂ, ਸਿੱਖੀ `ਤੇ ਹੁੰਦੇ ਵਾਰ, ਕਲਗੀ ਦਾ ਮਸਲਾ, ਦਰਬਾਰ ਸਾਹਿਬ ਦੇ ਦਰਵਾਜ਼ਿਆਂ ਦਾ ਮਸਲਾ, ਦਸ਼ਮ ਗ੍ਰੰਥ ਦਾ ਅਤਿ ਗੰਭੀਰ ਮਸਲਾ, ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅਤੇ ਕਈ ਹੋਰ ਪੰਥਕ ਮਸਲਿਆਂ ਸਮੇਤ ਛਪੇ) ਅਤੇ ਸਿੱਖ ਸੰਗਤਾਂ ਨੇ ਆਪਣੀ ਐਨਕ ਉਤਾਰਨੀ ਸ਼ੁਰੂ ਕੀਤੀ ਜੋ ਪੁਜਾਰੀਵਾਦ ਵੱਲੋਂ ਭਉ ਹੇਠ ਇਹਨਾਂ ਨੂੰ ਦਿੱਤੀ ਗਈ ਸੀ। ਪੁਜਾਰੀਵਾਦ ਨੂੰ ਪਤਾ ਸੀ ਕਿ ਇੱਕ ਦਿਨ ਇਹ ਕੁੱਝ ਹੋਣਾ ਹੈ ਪਹਿਲਾਂ ਤਾਂ ਜੋਗਿੰਦਰ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਅਤੇ ਸਪੋਕਸਮੈਨ ਵਿਰੁੱਧ ਵੀ ਹੁਕਮਨਾਮਾ ਰੂਪੀ ਐਨਕ ਸਰਵਉੱਚ ਅਕਾਲ ਤਖ਼ਤ ਸਾਹਿਬ ਤੋਂ ਪੀ. ਏ. ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਸਿੱਖ ਸੰਗਤ ਵਿੱਚ ਵੰਡੀ ਗਈ ਜਿਸਦਾ ਉਲਟਾ ਅਸਰ ਹੋਇਆ ਕਿ ਕਮੇਟੀ ਮੁਲਾਜ਼ਮ ਵੀ ਅਖਬਾਰ ਨੂੰ ਨੀਝ ਲਾ ਕੇ ਪੜ੍ਹਦੇ ਹਨ। ਹੁਣ ਉਸਦੀ ਸਫਲਤਾ ਤੋਂ ਬੁਖਲਾਏ ਹੋਏ ਸਾਧ ਲਾਣੇ ਨੇ ਹਕੂਮਤ ਦੀ ਮਿਲੀਭੁਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮਹਾਨ ਕਾਰਨਾਮਾ ਕਰਦਿਆਂ ਉਕਤ ਅਖਬਾਰ ਦੇ ਸੰਪਾਦਕ ਵਿਰੁੱਧ ਇੱਕ ਸੰਪਾਦਕੀ (ਜੋ ਪਹਿਲਾਂ ਹੀ ਵਾਪਿਸ ਲੈ ਕੇ ਖਿਮਾ ਜਾਚਨਾ ਕਰ ਦਿੱਤੀ ਗਈ ਸੀ) ਨੂੰ ਅਧਾਰ ਬਣਾ ਕੇ ਸੰਪਾਦਕ ਵਿਰੁੱਧ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ।
• ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨਾਲ ਜੋ ਕੁੱਝ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੂਹ ਸੰਗਤ ਅਤੇ ਮੀਡੀਏ ਦੇ ਸਾਹਮਣੇ ਹਾਜ਼ਰ ਹੋਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ੍ਹ ਕੇ ਇਹ ਕਹਿ ਦਿੱਤਾ ਗਿਆ ਕਿ ਰਾਗੀ ਦਰਸ਼ਨ ਸਿੰਘ ਹੰਕਾਰ ਨਾਲ ਭਰਿਆ ਅਕਾਲ ਤਖ਼ਤ ਤੇ ਹਾਜ਼ਰ ਹੋਇਆ ਸੀ (ਪਹਿਲਾਂ ਤਾਂ ਕਹਿੰਦੇ ਰਹੇ ਹਾਜ਼ਰ ਹੀ ਨਹੀਂ ਹੋਇਆ) ਜਦਕਿ ਜਥੇਦਾਰ ਸਾਹਿਬ ਆਪ ਏ. ਸੀ. ਕਮਰ ਵਿੱਚੋਂ ਬਾਹਰ ਹੀ ਨਾ ਨਿਕਲੇ ਇਹਨਾਂ ਨੇ ਵੇਖਿਆ ਤੱਕ ਨਹੀਂ ਕਿ ਦਰਸ਼ਨ ਸਿੰਘ ਰਾਗੀ ਕਿੰਝ ਆਇਆ ਸੀ? ਅਕਾਲ ਤਖ਼ਤ ਸਾਹਿਬ ਤੇ ਉਹੀ ਜਥੇਦਾਰ ਇਹ ਕੁਫਰ ਸਮੁਚੇ ਮੀਡੀਏ ਅਤੇ ਸੰਗਤ ਸਾਹਮਣੇ ਤੋਲ ਰਿਹਾ ਸੀ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ, ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ ਜਦਕਿ ਕੋਈ ਵੀ ਸਬੂਤ ਪੇਸ਼ ਨਾ ਕੀਤਾ ਗਿਆ।
• ਜਗਦੀਸ਼ ਸਿੰਘ ਝੀਂਡਾ ਜਿਸਨੇ ਹਰਿਆਣਾ ਕਮੇਟੀ ਲਈ ਅਤੇ ਹਰਿਆਣਾ ਦੇ ਸਿੱਖਾਂ ਦਾ ਬਣਦਾ ਹੱਕ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਾਲੇ ਦਿਨ ਮੰਗਿਆ ਸੀ (ਜੋ ਉਹਨਾਂ ਦੇ ਇੱਕ ਅਖਬਾਰੀ ਬਿਆਨ ਅਨੁਸਾਰ ਮੱਕੜ ਨੇ ਉਹਨਾਂ ਨਾਲ ਸਬੰਧਤ ਕੋਟੇ ਬਾਰੇ ਵਾਅਦਾ ਵੀ ਕੀਤਾ ਸੀ) ਨੂੰ ਧੱਕੇ ਮਾਰ ਕੇ ਬਜਟ ਇਜਲਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਦ ਉਸਨੇ ਇਸ ਸਬੰਧੀ ਵਿਰੋਧ ਕਰਦਿਆਂ ਕੁੱਝ ਅਖਬਾਰੀ ਬਿਆਨ ਦਿੱਤੇ ਤਾਂ ਉਸਨੂੰ ਵੀ ਸ. ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ।
• ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ੁਗਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ਤੇ ਵਿਸ਼ਵ ਸਿੱਖ ਕਨਵੈਨਸ਼ਨ ਸੱਦੀ ਗਈ ਤਾਂ ਉਸ ਉੱਪਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਦੇ ਨਾਮ ਹੇਠ ਸ. ਅਵਤਾਰ ਸਿੰਘ ਮੱਕੜ ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ।
• ਗਿਆਨੀ ਹਰਿੰਦਰ ਸਿੰਘ ਅਲਵਰ ਵੱਲੋਂ ਨਿੱਜੀ ਚੈਨਲ `ਤੇ ਕਥਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਬਾਰੇ ਸੰਗਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਸ ਪੁਸਤਕ ਰਾਹੀਂ ਗੁਰੂ ਸਾਹਿਬ ਦੇ ਚਰਿੱਤਰ ਨੂੰ ਦਾਗਦਾਰ ਕੀਤਾ ਗਿਆ ਹੈ। ਉਹਨਾਂ ਕਿਹਾ ਬਿਨ੍ਹਾਂ ਕਿਸੇ ਤਫਤੀਸ਼ ਕੀਤਿਆਂ ਕਿਤਾਬ ਵਾਪਸ ਲੈ ਲਈ ਕਹਿ ਕੇ ਬਰੀ ਹੋ ਜਾਣਾ ਇਹ ਕੋਈ ਸਿਆਣਪ ਨਹੀਂ। ਇਸ ਗੱਲ ਦੀ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹ ਗਲਤੀ ਕਿਉਂ ਕੀਤੀ ਗਈ? ਇਤਨਾ ਕਹਿਣ ਬਦਲੇ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ ਗਈ।
ਇਹ ਖਬਰਾਂ ਪੜ੍ਹ ਕੇ ਇੰਝ ਲੱਗ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੁਣ ਪੰਥਕ ਏਕਤਾ, ਗੁਰਬਾਣੀ ਪ੍ਰਚਾਰ, ਸਿੱਖ ਰਿਹਤ ਮਰਿਯਾਦਾ ਦਾ ਪ੍ਰਚਾਰ ਦੀ ਥਾਂ ਹੁਣ ਕੇਵਲ ਸਿੱਖ ਬੁਧੀਜੀਵੀਆਂ ਜਾਂ ਵਿਦਵਾਨਾਂ ਨੂੰ ਬੇਇੱਜ਼ਤ ਕਰਨਾ ਜਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਹੀ ਰਹਿ ਗਿਆ ਹੈ।
ਅੰਤ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਹੁਦੇ ਦੀ ਸੁਯੋਗ ਵਰਤੋਂ ਕਰਨ ਜੇ ਕਾਨੂੰਨੀ ਕਾਰਵਾਈ ਕਰਨੀ ਹੀ ਹੈ ਤਾਂ ਗੁਰੂਆਂ ਦਾ ਰੂਪ ਧਾਰਨ ਵਾਲੇ ਪਾਖੰਡੀ ਸਾਧਾਂ ਵਿਰੁੱਧ ਕੀਤੀ ਜਾਵੇ, ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਕੀਤੀ ਜਾਵੇ, ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਦਾ ਸ਼ਰੀਕ ਪੈਦਾ ਕਰਨ ਵਾਲੇ, ਨਾਨਕਸ਼ਾਹੀ ਕੈਲੰਡਰ ਦਾ ਗਲਾ ਘੁੱਟਣ ਵਾਲੇ, ਸਿੱਖ ਇਤਹਿਾਸ ਨਾਮੀ ਕਾਲੀ ਕਿਤਾਬ ਛਾਪਣ ਵਾਲੇ, ਗੁਰਬਿਲਾਸ ਪਾ. 6ਵੀਂ ਛਾਪਣ, ਅਕਾਲ ਤਖ਼ਤ ਸਾਹਿਬ ਤੋਂ ਪੈਸੇ ਲੈ ਕੇ ਇੱਕ ਤਰਫਾ ਇਨਾਸਫ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇ। ਅੱਜ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਛਾਪੀ ਜਾਂਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਸ੍ਰੌਮਣੀ ਕਮੇਟੀ ਦੇ ਅਧੀਨ ਆਉਂਦੇ 100 ਗੁਰਦਆਰਿਆਂ ਪਿੱਛੇ ਕਿਸੇ 5 ਗੁਰਦੁਆਰਿਆਂ ਵਿੱਚ ਵੀ ਮੁਕੰਮਲ ਰੂਪ ਵਿੱਚ ਲਾਗੂ ਨਹੀਂ ਹੋ ਸਕੀ। ਆਉ! ਪਹਿਲਾਂ ਗੁਰਦੁਆਰਿਆਂ ਵਿੱਚ ਤਾਂ ਇਕਸਾਰਤਾ ਪੈਦਾ ਕਰ ਲਈਏ ਫਿਰ ਇਹ ਕਾਨੂੰਨੀ ਕਾਰਵਾਈਆਂ ਵੀ ਕਰਦੇ ਰਹਿਣਾ ਪਰ ਗੁਰ ਸਿਧਾਂਤਾਂ ਦੇ ਉਲਟ ਕੰਮ ਕਰਨ ਵਾਲਿਆਂ ਵਿਰੁੱਧ। ਗੁਰੂ ਭਲੀ ਕਰੇ।
* * * * *
-ਇਕਵਾਕ ਸਿੰਘ ਪੱਟੀ
ਰਤਨ ਇੰਸਟੀਚਿਊਟ ਆਫ ਕੰਪਿਊਟਰ ਸੱਟਡੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋ. 98150-24920




.