.

ਗੁਰਬਾਣੀ ਦਾ ਸੱਚ (ਜੁਗ ਜੁਗ ਆਪੋ ਆਪਣਾ ਧਰਮ ਹੈ)

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਅਨਮਤੀ ਹਵਾਲਿਆਂ ਨੂੰ ਵੀ ਕਈ ਸੱਜਣ ਗੁਰਬਾਣੀ ਦੇ ਸੱਚ ਦੇ ਰੂਪ ਵਿੱਚ ਹੀ ਸਵੀਕਾਰ ਕਰਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣਾਂ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਕੁੱਝ ਵੀ ਆਇਆ ਹੈ, ਉਹ ਗੁਰਬਾਣੀ ਦੇ ਸੱਚ ਦਾ ਹੀ ਅੰਗ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਇਸ ਪਹਿਲੂ ਨੂੰ ਨਹੀਂ ਵਿਚਾਰਦੇ ਕਿ ਗੁਰਬਾਣੀ ਵਿੱਚ ਦਰਸਾਏ ਗਏ ਸੱਚ ਦਾ ਇੱਕ ਹੀ ਸਰੂਪ ਹੈ। ਇਹ ਸਰੂਪ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਮਾਨ ਰੂਪ ਵਿੱਚ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਕਸਾਰਤਾ ਵਾਲੇ ਭਾਵ ਨਾ ਦੇਖਣ ਕਾਰਨ ਹੀ ਅਜੇਹੇ ਸੱਜਣ ਨਰਕ-ਸੁਰਗ, ਚਿਤ੍ਰ-ਗੁਪਤ, ਅਵਤਾਰਵਾਦ ਆਦਿ ਨੂੰ ਵੀ ਗੁਰਬਾਣੀ ਦੇ ਸੱਚ ਵਜੋਂ ਹੀ ਪ੍ਰਵਾਣ ਕਰਦੇ ਹਨ।
ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵੀਰ/ਭੈਣ ਜੁਗਾਂ ਦੀ ਵੰਡ ਬਾਰੇ ਪੁਰਾਣਿਕ ਸਾਹਿਤ ਦੀ ਧਾਰਨਾ ਦੇ ਹਵਾਲੇ ਨੂੰ ਵੀ ਬਾਣੀ ਦੇ ਸੱਚ ਦੇ ਰੂਪ ਵਿੱਚ ਦੇਖਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਅਜਿਹੀ ਸੋਚ ਕਾਰਨ ਹੀ ਗੁਰਬਾਣੀ ਦੀ ਇਸ ਪੰਗਤੀ ‘ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ’ ਦਾ ਭਾਵਾਰਥ ਵੀ ਇਹ ਲੈਂਦੇ ਹਨ ਕਿ ਹਰੇਕ ਜੁਗ ਵਿੱਚ ਧਰਮ ਦਾ ਸਰੂਪ ਭਿੰਨ ਭਿੰਨ ਸੀ। ਭਾਵ, ਕਥਿੱਤ ਸਤਜੁਗ, ਤ੍ਰੇਤੇ, ਦੁਆਪਰ ਅਤੇ ਕਲਜੁਗ ਵਿੱਚ ਜੀਵਨ ਦੇ ਮਨੋਰਥ ਨੂੰ ਹਾਸਲ ਕਰਨ ਦਾ ਢੰਗ ਵੱਖ ਵੱਖ ਸੀ।
ਜਿਸ ਸ਼ਬਦ ਦੀ ਇਹ ਪੰਗਤੀ ਹੈ ਉਸ ਵਿੱਚ ਤਾਂ ਇਸ ਗੱਲ ਦਾ ਖੰਡਨ ਕੀਤਾ ਹੋਇਆ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ:-ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ॥ ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ॥ 1॥ ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥ 1॥ ਰਹਾਉ॥ ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ॥ ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ॥ 2॥ ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ॥ 3॥ ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ॥ ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ॥ 4॥ (ਪੰਨਾ 798) ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ।੧। ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। (ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ।੨। ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ। (ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ।੩। ਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ।੪।
ਇਸ ਸ਼ਬਦ ਵਿੱਚ ਤਾਂ ਸਗੋਂ ਇਹ ਆਖਿਆ ਗਿਆ ਹੈ ਕਿ ਪੁਰਾਣ ਆਦਿਕ ਧਰਮ ਪੁਸਤਕਾਂ ਦੀ ਹਰੇਕ ਜੁਗ ਵਿੱਚ ਭਿੰਨ ਭਿੰਨ ਧਰਮ ਦੀ ਧਾਰਨਾ ਨੂੰ ਗੁਰਮਤਿ ਵਿੱਚ ਪਰਵਾਨ ਨਹੀਂ ਕੀਤਾ ਗਿਆ ਹੈ। ਗੁਰਮਤਿ ਦੀ ਧਾਰਨਾ ਤਾਂ ਇਹ ਹੈ ਕਿ ਜਦ ਕਦੀ ਵੀ ਕਿਸੇ ਪ੍ਰਾਣੀ ਨੇ ਜੀਵਨ ਦੇ ਅਦਰਸ਼ ਨੂੰ ਪ੍ਰਾਪਤ ਕੀਤਾ ਹੈ, ਉਸ ਨੇ ਆਪਣੇ ਮਨ ਦੀ ਸੁੰਦਰ ਘਾੜਤ ਕਰਕੇ ਹੀ ਹਾਸਲ ਕੀਤਾ ਹੈ। ਆਉਣ ਵਾਲੇ ਸਮੇਂ ਵੀ ਇਸ ਤਰ੍ਹਾਂ ਨਾਲ ਹੀ ਜੀਵਨ ਦੇ ਮਨੋਰਥ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਅਨਮਤੀ ਹਵਾਲਿਆਂ ਨੂੰ ਵੀ ਗੁਰਬਾਣੀ ਦਾ ਸੱਚ ਮੰਨਣ ਵਾਲੇ ਸੱਜਣਾਂ ਵਲੋਂ ਇੱਕ ਹੋਰ ਪੰਗਤੀ ਦਾ ਹਵਾਲਾ ਦਿੱਤਾ ਜਾਂਦਾ ਹੈ; ਉਹ ਪੰਗਤੀ ਹੈ ‘ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ।’ ਪਰ ਇਨ੍ਹਾਂ ਪੰਗਤੀਆਂ ਵਿੱਚ ਵੀ ਪੁਰਾਣ ਜਾਂ ਵੀਰ ਸਾਹਿਤ ਵਿਚਲੀ ਪ੍ਰਚਲਤ ਧਾਰਨਾ ਦੀ ਪ੍ਰੋੜਤਾ ਨਹੀਂ ਸਗੋਂ ਖੰਡਨ ਕੀਤਾ ਗਿਆ ਹੈ। ਜਿਸ ਸ਼ਬਦ ਵਿਚੋਂ ਇਹ ਪੰਗਤੀਆਂ ਲਈਆਂ ਗਈਆਂ ਹਨ, ਉਸ ਪੂਰੇ ਸ਼ਬਦ ਨੂੰ ਧਿਆਨ ਨਾਲ ਪੜ੍ਹਿਆਂ ਵਿਚਾਰਿਆਂ ਇਹ ਗੱਲ ਵਧੇਰੇ ਸਪਸ਼ਟ ਹੋਵੇਗੀ। ਪੂਰਾ ਸ਼ਬਦ ਇਸ ਤਰ੍ਹਾਂ ਹੈ:-
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ॥ 1॥ ਪਾਰੁ ਕੈਸੇ ਪਾਇਬੋ ਰੇ॥ ਮੋ ਸਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਾ ਗਵਨੁ ਬਿਲਾਇ॥ 1॥ ਰਹਾਉ॥ ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ॥ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ॥ 2॥ ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ॥ ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ॥ 3॥ ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ॥ ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ॥ 4॥ ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ॥ ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ॥ 5॥ ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ॥ 6॥ ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ॥ ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ॥ 7॥ ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ॥ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ॥ 8॥ (ਪੰਨਾ 346) ਅਰਥ: (ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿੱਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿੱਚ ਪ੍ਰਵਿਰਤ ਰਿਹਾ, ਦੁਆਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ; (ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿੱਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ। 1. ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ? (ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ। 1. ਰਹਾਉ।
(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ। ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? — (ਇਹ ਗੱਲ ਤੁਸੀ ਨਹੀਂ ਦੱਸ ਸਕੇ)। 1.
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। (ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿੱਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? । 3. (ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, (ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ। 4. (ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ। ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ। 5. (ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। (ਗੁਰੂ ਦੀ ਕਿਰਪਾ ਨਾਲ) ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ। 6. ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿੱਚ ਡੋਲਣ ਤੋਂ ਰੋਕ ਲਿਆ ਹੈ, ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। 7. (ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। (ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ। 8.
ਪ੍ਰੋਫੈਸਰ ਸਾਹਿਬ ਸਿੰਘ ਜੀ ਵਲੋਂ ਇਸ ਸ਼ਬਦ ਦੀ ਕੀਤੀ ਸਿਧਾਂਤਕ ਵਿਆਖਿਆਂ ਦਾ ਵਰਣਨ ਕਰਨਾ ਅਢੁੱਕਵਾਂ ਨਹੀਂ ਹੋਵੇਗਾ। ਆਪ ਲਿਖਦੇ ਹਨ, “‘ਰਹਾਉ’ ਦੀਆਂ ਤੁਕਾਂ ਵਿੱਚ ਰਵਿਦਾਸ ਜੀ ਆਖਦੇ ਹਨ ਕਿ ਕੋਈ ਮਨੁੱਖ ਮੈਨੂੰ ਇਹ ਗੱਲ ਨਹੀਂ ਸਮਝਾ ਕੇ ਦੱਸਦਾ ਜੁ ਜਨਮ ਮਰਨ ਦਾ ਗੇੜ ਕਿਵੇਂ ਮੁੱਕੇਗਾ, ਤੇ ਜਗਤ ਦੇ ਸੰਹਸਿਆਂ ਵਿਚੋਂ ਖ਼ਲਾਸੀ ਕਿਵੇਂ ਹੋਵੇਗੀ।
ਜਦੋਂ ਅਸੀ ਸ਼ਬਦ ਦੇ ਬਾਕੀ ਦੇ ਬੰਦ ਪੜ੍ਹਦੇ ਹਾਂ, ਤਾਂ ਇਹਨਾਂ ਵਿੱਚ ਭਗਤ ਜੀ ਆਖਦੇ ਹਨ ਕਿ (ਪੰਡਿਤ) ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਦੀ ਆਗਿਆ ਕਰ ਰਹੇ ਹਨ। ਪਰ ਰਵਿਦਾਸ ਜੀ ਦੇ ਖ਼ਿਆਲ ਅਨੁਸਾਰ ਇਹ ਸਾਰੇ ਕਰਮ-ਧਰਮ ਵਿਕਾਰਾਂ ਸੰਹਸਿਆਂ ਤੋਂ ਪਾਰ ਨਹੀਂ ਲੰਘਾ ਸਕਦੇ। ਬੰਦ ਨੰ: 4 ਤਕ ਆਪ ਇਹੀ ਗੱਲ ਆਖਦੇ ਜਾ ਰਹੇ ਹਨ। ਬੰਦ ਨੰ: 5 ਤੋਂ ਭਗਤ ਜੀ ਨੇ ਆਪਣਾ ਮਤ ਦੱਸਣਾ ਸ਼ੁਰੂ ਕੀਤਾ ਹੈ ਕਿ ਗੁਰੂ-ਪਾਰਸ ਨੂੰ ਮਿਲਿਆਂ ਵਿਕਾਰਾਂ ਵਿੱਚ ਮਨੂਰ ਹੋਇਆ ਮਨ ਸੋਨਾ ਬਣ ਜਾਂਦਾ ਹੈ। ਅਖ਼ੀਰਲੇ ਬੰਦ ਵਿੱਚ ਫਿਰ ਆਖਦੇ ਹਨ ਕਿ ਕਰਮ ਕਾਂਡ ਆਦਿਕ ਦੇ ਹੋਰ ਸਾਰੇ ਜਤਨ ਵਿਅਰਥ ਹਨ, ਇਹਨਾਂ ਨਾਲ ਪ੍ਰਭੂ ਦੀ ਪ੍ਰੇਮਾ-ਭਗਤੀ ਪੈਦਾ ਨਹੀਂ ਹੁੰਦੀ, ਇਸ ਵਾਸਤੇ ਮੈਂ ਇਹ ਕਰਮ-ਕਾਂਡ ਨਹੀਂ ਕਰਦਾ।
ਸ਼ਬਦ ਦੇ ਬੰਦਾਂ ਦੀ ਇਸ ਤਰਤੀਬ ਤੋਂ ਇਹ ਗੱਲ ਸਾਫ਼ ਦਿੱਸ ਰਹੀ ਹੈ ਕਿ ਪਹਿਲੇ ਬੰਦ ਵਿੱਚ ਭੀ ਰਵਿਦਾਸ ਜੀ ਪੰਡਿਤ ਲੋਕਾਂ ਦਾ ਹੀ ਮਤ ਬਿਆਨ ਕਰ ਰਹੇ ਹਨ, ਉਹਨਾਂ ਦੇ ਆਪਣੇ ਮਤ ਦਾ ਇਸ ਵਿੱਚ ਕੋਈ ਜ਼ਿਕਰ ਨਹੀਂ ਹੈ। ਹਿੰਦੂਆਂ ਦੇ ਪੁਰਾਣੇ ਧਰਮ-ਪੁਸਤਕ ਹੀ ਜੁਗਾਂ ਦੀ ਵੰਡ ਕਰਦੇ ਆਏ ਹਨ, ਤੇ, ਹਰੇਕ ਜੁਗ ਦਾ ਵਖ-ਵਖ ਧਰਮ ਦੱਸਦੇ ਆਏ ਹਨ। ਮਿਸਾਲ ਦੇ ਤੌਰ ਤੇ, ਪੁਸਤਕ ‘ਮਹਾਭਾਰਤ’ ਵਿੱਚ ਜੁਗਾਂ ਦੀ ਵੰਡ ਬਾਰੇ ਇਉਂ ਜ਼ਿਕਰ ਆਉਂਦਾ ਹੈ: ਦ੍ਵਾਪਰੇ ਮੰਤ੍ਰਸ਼ਕਤਿਸਤੁ, ਗ੍ਯਾਨਸ਼ਕਿਤ: ਕ੍ਰਿਤੇ ਯੁਗੇ॥ ਤ੍ਰੇਤਾਯਾਂ ਯੁੱਧ ਸ਼ਕਿਤਸਤੁ, ਸੰਘ-ਸ਼ਕਤਿ: ਕਲੌ ਯੁਗੇ॥
ਪਰ ਰਵਿਦਾਸ ਜੀ ਹਿੰਦੂ-ਸ਼ਾਸਤ੍ਰਾਂ ਦੀ ਕਿਸੇ ਕਿਸਮ ਦੀ ਜੁਗਾਂ ਦੀ ਵੰਡ ਨਾਲ ਸਹਿਮਤ ਨਹੀਂ ਹਨ। ਜੇ ਰਤਾ ਵਿਚਾਰ ਕੇ ਭੀ ਵੇਖੀਏ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕਦੇ ਤਾਂ ਘੋੜੇ ਆਦਿਕ ਮਾਰ ਕੇ ਜੱਗ ਕਰਨਾ ਜੀਵਨ ਦਾ ਸਹੀ ਰਸਤਾ ਹੋਵੇ, ਕਦੇ ਤੀਰਥਾਂ ਦਾ ਇਸ਼ਨਾਨ ਮਨੁੱਖਾ ਜਨਮ ਦਾ ਮਨੋਰਥ ਹੋਵੇ, ਕਦੇ ਦੇਵਤਿਆਂ ਦੀ ਪੂਜਾ ਤੇ ਕਦੇ ਅਵਤਾਰਾਂ ਦੀ ਪੂਜਾ ਇਨਸਾਨੀ ਫ਼ਰਜ਼ ਹੋਵੇ। ਕੁਦਰਤਿ ਦੇ ਨਿਯਮ ਸਦਾ ਅਟਲ ਹਨ, ਜਦ ਤੋਂ ਸ੍ਰਿਸ਼ਟੀ ਬਣੀ ਹੈ, ਤੇ ਜਦ ਤਕ ਬਣੀ ਰਹੇਗੀ, ਇਹਨਾਂ ਨਿਯਮਾਂ ਵਿੱਚ ਕੋਈ ਫ਼ਰਕ ਨਹੀਂ ਪੈਣਾ। ਜਗਤ ਦੇ ਉਹੀ ਪੰਜ ਤੱਤ ਹੁਣ ਹਨ ਜੋ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਸਨ। ਮਨੁੱਖ ਆਪ ਭਟਕਣਾ-ਭੁਲੇਖੇ ਵਿੱਚ ਪੈ ਕੇ ਭਾਵੇਂ ਕਈ ਕੁਰੀਤੀਆਂ ਫੜ ਲੈਣ, ਪਰ ਪਰਮਾਤਮਾ ਅਤੇ ਉਸ ਦੇ ਪੈਦਾ ਕੀਤੇ ਜੀਵਾਂ ਦਾ ਪਰਸਪਰ ਸੰਬੰਧ ਸਦਾ ਤੋਂ ਇੱਕ-ਸਮਾਨ ਤੁਰਿਆ ਆ ਰਿਹਾ ਹੈ।
ਇਸ ਸ਼ਬਦ ਵਿੱਚ ਜੋ ਖ਼ਾਸ ਧਿਆਨ-ਜੋਗ ਗੱਲ ਹੈ ਉਹ ਇਹ ਹੈ ਕਿ ਪਹਿਲੇ ਬੰਦ ਵਿੱਚ ਰਵਿਦਾਸ ਜੀ ਹਿੰਦੂ-ਸ਼ਾਸਤ੍ਰਾਂ ਦਾ ਹੀ ਪੱਖ ਦੱਸ ਰਹੇ ਹਨ, ਉਹਨਾਂ ਦੀ ਆਪਣੀ ਸੰਮਤੀ ਇਸ ਦੇ ਨਾਲ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਬੰਦ ਦੇ ਅਖ਼ੀਰ ਤੇ ਅੱਧੀ ਤੁਕ ਇਉਂ ਹੈ “ਕਲਿ ਕੇਵਲ ਨਾਮ ਅਧਾਰ”। ਓਪਰੀ ਨਜ਼ਰੇ ਅਸੀ ਇਸ ਭੁਲੇਖੇ ਵਿੱਚ ਪੈ ਜਾਂਦੇ ਹਾਂ ਕਿ ਇਹ ਭਗਤ ਜੀ ਦਾ ਆਪਣਾ ਸਿੱਧਾਂਤ ਹੈ, ਪਰ ਇਹ ਗੱਲ ਨਹੀਂ। ਰਵਿਦਾਸ ਜੀ ਇਸ ਦੀ ਬਾਬਤ ਭੀ ਇਹੀ ਆਖਦੇ ਹਨ ਕਿ: “ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ” ਆਸਾ ਦੀ {ਕੀ} ਵਾਰ ਦੀ ਪਉੜੀ ਨੰ: 6 ਦੇ ਨਾਲ ਪਹਿਲਾ ਸ਼ਲੋਕ ਭੀ ਇਸੇ ਕਿਸਮ ਦਾ ਹੈ। ਇਸ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਮੁਸਲਮਾਨ, ਹਿੰਦੂ, ਜੋਗੀ, ਦਾਨੀ, ਅਤੇ ਵਿਕਾਰੀ—ਇਹਨਾਂ ਦਾ ਜੀਵਨ-ਕਰਤੱਬ ਦੱਸ ਕੇ ਅਖ਼ੀਰ ਤੇ ਆਪਣਾ ਖ਼ਿਆਲ ਇਉਂ ਦੱਸਦੇ ਹਨ ਕਿ: ਨਾਨਕ ਭਗਤਾ ਭੁਖ ਸਾਲਾਹਣੁ, ਸਚੁ ਨਾਮ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ॥ 1॥ 6॥
ਪਰ ਟੀਕਾਕਾਰ ਸੱਜਣ ਇਸ ਸ਼ਲੋਕ ਦੀਆਂ ਪਹਿਲੀਆਂ ਦੋ ਤੁਕਾਂ ਦਾ ਅਰਥ ਕਰਨ ਵੇਲੇ ਟਪਲਾ ਖਾਂਦੇ ਤੁਰੇ ਆ ਰਹੇ ਹਨ; ਤੁਕਾਂ ਇਹ ਹਨ: “ਮੁਸਲਮਾਨਾ ਸਿਫ਼ਤਿ-ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ”॥ ਇਥੇ ਆਮ ਤੌਰ ਤੇ ਲੋਕ ਦੂਜੀ ਤੁਕ ਵਿੱਚ ਗੁਰੂ ਨਾਨਕ ਦੇਵ ਜੀ ਦਾ ਆਪਣਾ ਸਿੱਧਾਂਤ ਸਮਝਦੇ ਹਨ, ਪਰ ਇਹ ਖ਼ਿਆਲ ਉੱਕਾ ਹੀ ਗ਼ਲਤ ਹੈ; ਇਥੇ ਮੁਸਲਮਾਨੀ ਸ਼ਰਹ ਦਾ ਹੀ ਜ਼ਿਕਰ ਹੈ। ਇਸ ਤਰ੍ਹਾਂ ਰਵਿਦਾਸ ਜੀ “ਕਲਿ ਕੇਵਲ ਨਾਮ ਅਧਾਰ” ਵਿੱਚ ਆਪਣਾ ਮਤ ਨਹੀਂ ਦੱਸ ਰਹੇ, ਉਹ ਤਾਂ ਇਹ ਗੱਲ ਆਖ ਕੇ ਅਗਾਂਹ ਨਾਲ ਹੀ ਇਹ ਆਖਦੇ ਹਨ ਕਿ: “ਪਾਰੁ ਕੈਸੇ ਪਾਇਬੋ ਰੇ॥ ਮੋ ਕਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਗਵਨੁ ਬਿਲਾਇ”॥ 1॥ ਰਹਾਉ॥ ਤਾਂ ਫਿਰ, ਜਿਨ੍ਹਾਂ ਲੋਕਾਂ ਨੇ ਜੁਗਾਂ ਦੀ ਵੰਡ ਕਰ ਕੇ “ਕਲਿ ਕੇਵਲ ਨਾਮ ਅਧਾਰ” ਆਖਿਆ, ਉਹਨਾਂ ਨੇ ਇਥੇ “ਨਾਮ” ਨੂੰ ਕੀਹ ਸਮਝਿਆ ਸੀ, ਅਤੇ ਰਵਿਦਾਸ ਜੀ ਕਿਉਂ ਇਸ ਦੀ ਨਿਖੇਧੀ ਕਰਦੇ ਹਨ?
ਇਸ ਪ੍ਰਸ਼ਨ ਦਾ ਸਹੀ ਉੱਤਰ ਲੱਭਣ ਵਾਸਤੇ ਭੈਰਉ ਰਾਗ ਵਿੱਚ ਕਬੀਰ ਜੀ ਦੇ ਇੱਕ ਸ਼ਬਦ ਤੋਂ ਸਹਾਇਤਾ ਮਿਲਦੀ ਹੈ। ਸ਼ਬਦ ਨੰ: 11 ਵਿੱਚ ਕਬੀਰ ਜੀ ਮੁੱਲਾਂ, ਕਾਜੀ, ਸੁਲਤਾਨ, ਜੋਗੀ ਤੇ ਹਿੰਦੂ ਦਾ ਜ਼ਿਕਰ ਕਰਦੇ ਹੋਏ ਅਖ਼ੀਰਲੇ ਬੰਦ ਵਿੱਚ ਲਿਖਦੇ ਹਨ: “ਜੋਗੀ ਗੋਰਖੁ ਗੋਰਖੁ ਕਰੈ॥ ਹਿੰਦੂ ਰਾਮ ਨਾਮ ਉਚਰੈ॥ ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ ਰਹਿਆ ਸਮਾਇ”॥ 4॥
ਇਥੇ ਕਬੀਰ ਜੀ ਜੋਗੀ, ਹਿੰਦੂ ਤੇ ਮੁਸਲਮਾਨ ਦੇ ਮਿਥੇ ਹੋਏ ਇਸ਼ਟ-ਪਰਮਾਤਮਾ ਦੀ ਨਿਖੇਧੀ ਕਰਦੇ ਹਨ, ਤੇ ਆਪਣੇ ਸੁਆਮੀ ਬਾਰੇ ਆਖਦੇ ਹਨ ਕਿ ਉਹ ‘ਰਹਿਆ ਸਮਾਇ”। ‘ਰਹਾਉ’ ਵਿੱਚ ਭੀ ਆਪਣੇ ‘ਸੁਆਮੀ’ ਦੀ ਬਾਬਤ ਲਿਖਦੇ ਹਨ: “ਹੈ ਹਜੂਰਿ ਕਤਿ ਦੂਰਿ ਬਤਾਵਹੁ॥ ਦੁੰਦਰ ਬਾਧਹੁ ਸੁੰਦਰ ਪਾਵਹੁ”॥ ਕਬੀਰ ਜੀ ਹਿੰਦੂ ਦੇ ਜਿਸ “ਰਾਮ ਨਾਮ” ਦੀ ਨਿਖੇਧੀ ਕਰ ਰਹੇ ਹਨ, ਉਸੇ “ਨਾਮ ਅਧਾਰ” ਦੀ ਬਾਬਤ ਰਵਿਦਾਸ ਜੀ ਆਖਦੇ ਹਨ ਕਿ “ਪਾਰੁ ਕੈਸੇ ਪਾਇਬੋ ਰੇ”।
ਸੋ, ਇਹ “ਰਾਮ ਨਾਮ” ਕਿਹੜਾ ਹੈ? ਇਹ ਹੈ “ਅਵਤਾਰੀ ਰਾਮ ਦਾ ਨਾਮ” ਇਹ ਹੈ ਅਵਤਾਰ-ਭਗਤੀ। ਸ਼ਾਸਤ੍ਰਾਂ ਦੀ ਵੰਡ-ਅਨੁਸਾਰ ਦਾਨ ਆਦਿਕ ਸਤਜੁਗ ਦਾ ਧਰਮ, ਜੱਗ ਤ੍ਰੇਤੇ ਦਾ ਧਰਮ, ਦੇਵਤਿਆਂ ਦੀ ਪੂਜਾ ਦੁਆਪਰ ਦਾ ਧਰਮ, ਅਤੇ ਅਵਤਾਰ-ਭਗਤੀ (ਮੂਰਤੀ-ਪੂਜਾ) ਕਲਜੁਗ ਦਾ ਧਰਮ ਹੈ। ਪਰ, ਰਵਿਦਾਸ ਜੀ ਲਿਖਦੇ ਹਨ ਕਿ ਇਹ ਚਾਰੇ ਹੀ ਧਰਮ ਕਮਾਉਣ ਨਾਲ: “ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ।”
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਗੱਲ ਨਿਰਣਾਇਕ ਰੂਪ ਵਿੱਚ ਦ੍ਰਿੜ ਕਰਵਾਈ ਹੋਈ ਹੈ ਕਿ ਜੀਵਨ-ਮੁਕਤ ਹੋਣ ਦਾ ਢੰਗ ਹਮੇਸ਼ਾਂ ਇਕੋ ਹੀ ਸੀ, ਹੈ ਅਤੇ ਰਹੇਗਾ। ਸਮੇਂ ਨੂੰ ਭਾਵੇਂ ਕੋਈ ਵੀ ਨਾਮ ਦੇ ਦਿੱਤਾ ਜਾਵੇ, ਸਚਿਆਰ ਬਣਨ ਦਾ ਮਾਪਦੰਡ ਇਕੋ ਹੀ ਰਹੇਗਾ:- ਮ+ਲਿ ਅਮ+ਲਿ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥ (ਪੰਨਾ 1086)) ਅਰਥ:- (ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿੱਚ ‘ਆਪਾ’ ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਜੁੜਿਆਂ (ਪ੍ਰਭੂ ਦਾ ‘ਨਾਮ’ -ਰੂਪ ਕੀਮਤੀ ਪਦਾਰਥ) ਮਿਲਦਾ ਹੈ। ‘ਨਾਮ’ ਬਹੁ-ਮੁੱਲਾ ਪਦਾਰਥ ਹੈ, ਕਿਸੇ ਕੀਮਤਿ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ। ਹੇ ਨਾਨਕ! ( ‘ਨਾਮ’ ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, ‘ਆਪਾ ਗੁਰੂ ਵਿੱਚ ਲੀਨ ਕਰਨਾ’ —ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ ‘ਨਾਮ’ ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ)।
ਜਦ ਕਦੀ ਵੀ ਕੋਈ ਜੀਵਨ ਮੁਕਤ ਹੋਇਆ ਹੈ ਆਪਣਾ ਆਪ ਗੁਰੂ ਵਿੱਚ ਲੀਨ ਕਰ ਕੇ ਹੀ ਹੋਇਆ ਹੈ: ਕਲਿ ਮਹਿ ਰਾਮ ਨਾਮਿ ਵਡਿਆਈ ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥ (ਪੰਨਾ 1131) ਅਰਥ: ਹੇ ਭਾਈ! (ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿੱਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ। (ਇਸ ਤਰ੍ਹਾਂ) ਕਲਜੁਗ ਵਿੱਚ ਭੀ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
ਸੋ, ਇਹ ਧਾਰਨਾ ਗੁਰਬਾਣੀ ਦੇ ਸੱਚ ਦੇ ਅਨੁਕੂਲ ਨਹੀਂ ਹੈ ਕਿ ਹਰੇਕ ਜੁਗ ਦਾ ਆਪੋ ਆਪਣਾ ਧਰਮ ਹੈ। ਭਾਵ ਕਦੀ ਦਾਨ, ਕਦੀ ਜੱਗ, ਕਦੀ ਦੇਵ ਪੂਜਾ ਅਤੇ ਕਦੀ ਅਵਤਾਰ ਭਗਤੀ। ਗੁਰਬਾਣੀ ਦੇ ਸੱਚ ਅਨੁਸਾਰ ਤਾਂ ਹਰੇਕ ਸਮੇਂ ਵਿਕਾਰਾਂ ਤੋਂ ਖਹਿੜਾ ਪ੍ਰਭੂ ਦੀ ਪ੍ਰੇਮਾ ਭਗਤੀ ਦੁਆਰਾ ਹੀ ਛੁਡਾਉਣ ਵਿੱਚ ਕਾਮਯਾਬ ਹੋ ਸਕੀਦਾ ਹੈ।
ਜਸਬੀਰ ਸਿੰਘ ਵੈਨਕੂਵਰ
.