ੴ
ਸਤਿ ਗੁਰ ਪ੍ਰਸਾਦਿ
ਮਿਸ਼ਨਰੀ ਵੀਰਾਂ ਦੇ ਵਿਚਾਰਨ ਦੀ ਗੱਲ
ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ
ਕਿ ਮਿਸ਼ਨਰੀ ਕਾਲਜਾਂ ਨੇ ਸਿੱਖੀ ਵਿੱਚ ਬਹੁਤ ਜਾਗ੍ਰਤੀ ਲਿਆਂਦੀ ਹੈ। ਪਰ ਸਾਰਿਆਂ ਦੇ ਇਹ ਕਹਿਣ ਤੇ
ਵੀ ਕਿ ਅਸੀਂ ਨਰੋਲ ਗੁਰਮਤ ਦਾ ਪਰਚਾਰ ਕਰ ਰਹੇ ਹਾਂ, ਇਹ ਤਾਂ ਹੋਣਾ ਹੀ ਚਾਹੀਦਾ ਸੀ ਕਿ, ਸਾਰੇ
ਕਾਲਜਾਂ ਦਾ ਸਲੇਬਸ ਇੱਕ ਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਇੱਕ ਹੈ, ਕਈ ਸਿਧਾਂਤ
ਨਹੀਂ ਹਨ। ਇਸ ਆਧਾਰ ਤੇ ਸਭ ਵਿੱਚ ਏਕਤਾ ਨਾ ਸਹੀ, ਨੇੜਤਾ ਤਾਂ ਹੋਣੀ ਹੀ ਚਾਹੀਦੀ ਹੈ। ਪਰ ਤੱਥ ਇਹ
ਦਰਸਾਉਂਦੇ ਹਨ ਕਿ ਕਈ ਵਾਰ ਕੋਸ਼ਿਸ਼ ਕਰਨ ਤੇ ਵੀ, ਮਿਸ਼ਨਰੀ ਕਾਲਜਾਂ ਵਾਲੇ, ਆਪਸ ਵਿੱਚ ਬੈਠ ਕੇ ਵਿਚਾਰ
ਕਰਨ ਨੂੰ ਵੀ ਤਿਆਰ ਨਹੀਂ ਹਨ।
ਇਸ ਲਿਹਾਜ਼ ਇਹ ਸ਼ੱਕ ਪੈਣਾ ਸੁਭਾਵਕ ਹੀ ਹੈ ਕਿ ਸਭ ਕੁੱਝ ਠੀਕ ਨਹੀਂ ਹੈ, ਦਾਲ ਵਿੱਚ ਕੁੱਝ ਕਾਲਾ
ਜ਼ਰੂਰ ਹੈ। ਕਈ ਵਾਰੀ ਇਨ੍ਹਾਂ ਕਾਲਜਾਂ ਵਲੋਂ, ਪੰਥ ਦੇ ਭਖਦੇ ਮਸਲ੍ਹਿਆਂ ਬਾਰੇ, ਇਹ ਕਹਿ ਕੇ ਪਾਸਾ
ਵੱਟਿਆ ਜਾਂਦਾ ਹੈ ਕਿ ਅਸੀਂ ਤਾਂ ਗੁਰਮਤ ਦਾ ਪਰਚਾਰ ਕਰਨਾ ਹੈ, ਅਸੀਂ ਕਿਸੇ ਵਿਵਾਦ ਵਿੱਚ ਨਹੀਂ
ਪੈਣਾ। ਕੀ ਉਨ੍ਹਾਂ ਦਾ ਇਹ ਕਹਿਣਾ ਠੀਕ ਹੈ? ਕਿਤੇ ਪੰਥ ਵਿਚਲੇ ਮਸਲ੍ਹਿਆਂ ਵਲੋਂ ਮੂੰਹ ਮੋੜਨਾ ਤਾਂ
ਨਹੀਂ? ਜੇ ਉਨ੍ਹਾਂ ਨੇ ਨਰੋਲ ਗੁਰਮਤ ਦਾ ਪਰਚਾਰ ਕਰਨਾ ਹੈ ਤਾਂ, ਉਨ੍ਹਾਂ ਨੂੰ ਤਾਂ ਮੂਹਰੇ ਹੋ ਕੇ
ਪੰਥ ਵਿਚ, ਗੁਰਮਤ ਵਿੱਚ ਪਾਏ ਜਾਂਦੇ ਭੁਲੇਖੇ ਦੂਰ ਕਰਨ ਲਈ, ਗੁਰਮਤ ਦੀ ਰੌਸ਼ਨੀ ਵਿਚ, ਆਮ ਸਿੱਖਾਂ
ਨੂੰ ਸੇਧ ਦੇ ਕੇ, ਗੁਰਮਤ ਵਿਰੋਧੀ ਪਰਚਾਰ ਨੂੰ ਠੱਲ੍ਹ ਪਾਉਣ ਲਈ, ਸਿੱਖਾਂ ਨੂੰ ਲਾਮਬੰਦ ਕਰਨਾ
ਚਾਹੀਦਾ ਹੈ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ, ਕਿਉਂ?
ਕੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦਾ ਪਰਚਾਰ ਕਰਨ ਦੀ ਤੁਸੀਂ ਗੱਲ ਕਰ ਰਹੇ ਹੋ, ਸਮਾਜ ਵਿਚਲੇ
ਮਸਲ੍ਹਿਆਂ ਵਲੋਂ ਮੂੰਹ ਫੇਰ ਲੈਣ ਦਾ ਉਪਦੇਸ਼ ਦਿੰਦੇ ਹਨ? ਜੇ ਨਹੀਂ ਤਾਂ ਤੁਸੀ ਕਿਸ ਆਧਾਰ ਤੇ ਐਸਾ
ਕਰ ਰਹੇ ਹੋ?
ਇੱਕ ਚੀਜ਼ ਹੋਰ ਸਾਮ੍ਹਣੇ ਆ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ, ਸਿੱਖੀ ਬਾਰੇ ਜਾਨਣ ਦੀ
ਚਾਹ ਵਿਚ, ਮਿਸ਼ਨਰੀ ਕਾਲਜਾਂ ਨਾਲ ਜੁੜਦੇ ਹਨ। ਉਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ, ਪੰਥ ਨਾਲ,
ਸਿੱਖੀ ਭਾਈ ਚਾਰੇ ਨਾਲ ਜੋੜਨ ਦੀ ਥਾਂ ਡੇਰਾ ਵਾਦੀਆਂ ਵਾਙ ਇਹ ਭਾਵਨਾ ਭਰੀ ਜਾਂਦੀ ਹੈ ਕਿ ਅਸੀਂ
ਫਲਾਨੇ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਹਾਂ, ਅਸੀਂ ਦੂਸਰਿਆਂ ਨਾਲੋਂ ਵਧੀਆ ਅਤੇ ਚੰਗਾ ਕੰਮ ਕਰਨ ਕਰ
ਕੇ ਦੂਜਿਆਂ ਨਾਲੋਂ ਚੰਗੇ ਹਾਂ। ਕੀ ਇਹ ਭਾਵਨਾ ਸਿੱਖੀ ਅਨਕੂਲ ਹੈ? ਕੀ ਇਸ ਦੀ ਆੜ ਵਿੱਚ ਉਨ੍ਹਾਂ ਦੇ
ਮਨ ਵਿੱਚ ਸੂਖਸ਼ਮ ਹਉਮੈ ਤਾਂ ਨਹੀਂ ਭਰ ਹੁੰਦੀ? ਜਿਸ ਆਸਰੇ ਉਹ ਦੂਸਰਿਆਂ ਨਾਲ ਇੱਕ ਥਾਂ ਇਕੱਠੇ ਹੋ
ਕੇ ਵਿਚਾਰ ਵਟਾਂਦਰਾ ਕਰਨ ਤੋਂ ਸੰਕੋਚ ਕਰਦੇ ਹਨ।
ਕੀ ਮਸ਼ਨਰੀ ਕਾਲਜਾਂ ਵਿਚ, ਕੁੱਝ ਬੰਦਿਆਂ ਦਾ ਅਜਿਹਾ ਪੈਨਲ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ
ਨਿਰੰਤਰ ਖੋਜ ਕਰ ਕੇ ਨਵੀਆਂ ਗੰਢਾਂ ਖੋਲ੍ਹਦਾ ਹੋਵੇ? ਜਾਂ ਉਸ ਦੀ ਘਾਟ ਕਾਰਨ, ਮਿਸ਼ਨਰੀ ਕਾਲਜਾਂ ਦੇ
ਸਲੇਬਸ ਦਾ ਵੱਡਾ ਹਿੱਸਾ, ਪੁਜਾਰੀਆਂ ਵਲੋਂ ਪਰਚਾਰੀ ਜਾਂਦੀ ਸਿੱਖੀ ਦਾ ਹੀ ਭਾਗ ਹੈ?
ਪੰਥ ਦੇ ਕਈ ਮਸਲ੍ਹਿਆਂ ਬਾਰੇ, ਤੁਹਾਡੀ ਚੁੱਪੀ, ਕੀ ਇਹ ਸਾਬਤ ਨਹੀਂ ਕਰਦੀ ਕਿ, ਉਨ੍ਹਾਂ ਮਸਲ੍ਹਿਆਂ
ਬਾਰੇ, ਤੁਸੀਂ ਆਪ ਹੀ ਦੁਬਿਧਾ ਵਿੱਚ ਹੋ? ਤੁਹਾਨੂੰ ਇਸ ਦੁਬਿਧਾ ਵਿਚੋਂ ਕੌਣ ਕੱਢੇਗਾ? ਸਿੱਖ
ਵਿਦਵਾਨ? ਜਿਨ੍ਹਾਂ ਨਾਲੋਂ ਤੁਸੀਂ ਉੱਚਤ ਦੂਰੀ ਬਣਾ ਕੇ ਹੀ ਰੱਖਣਾ ਚਾਹੁੰਦੇ ਹੋ। ਜਾਂ ਪੁਜਾਰੀ?
ਜਿਨ੍ਹਾਂ ਨਾਲ ਤੁਹਾਡਾ ਕੁੱਝ ਨੇੜ ਤਾਂ ਹੈ, ਪਰ ਉਹ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ। ਤੁਹਾਨੂੰ
ਇਸ ਦੁਬਿਧਾ ਵਿਚੋਂ ਨਿਕਲਣਾ ਹੀ ਚਾਹੀਦਾ ਹੈ, ਕਿਉਂ ਕਿ ਗੁਰਬਾਣੀ ਦੁਬਿਧਾ ਨੂੰ ਹੀ ਸਭ ਤੋਂ ਵੱਡਾ
ਰੋਗ ਮੰਨਦੀ ਹੈ।
ਮੈਂ ਤੁਹਾਡੇ ਅੱਗੇ ਤਿੰਨ ਸਵਾਲ ਰੱਖਣੇ ਚਾਹਾਂਗਾ, ਉਮੀਦ ਹੈ ਤੁਸੀਂ ਉਨ੍ਹਾਂ ਤੇ ਵਿਚਾਰ ਕਰੋਗੇ,
ਬੁਰਾ ਨਹੀਂ ਮੰਨੋਗੇ।
੧, ਅੱਜ ਅਸੀਂ ਜਾਤ ਵਾਦ ਨੂੰ ਸਿੱਖੀ ਦੀਆਂ ਮੁਸੀਬਤਾਂ ਦੀ ਜੜ੍ਹ ਮੰਨਦੇ ਹਾਂ, ਗੁਰੂ ਸਾਹਿਬ ਨੇ ਇਸ
ਨੂੰ ਬਿਲਕੁਲ ਰੱਦ ਕੀਤਾ, ਨਕਾਰਿਆ ਹੈ। ਪਰ ਜਦ ਗੁਰੂ ਦੀ ਗੱਲ ਹੁੰਦੀ ਹੈ, ਤੁਸੀਂ ਵੀ ਇਕੋ ਗੁਰੂ
ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ, ਦਸਾਂ ਗੁਰੂਆਂ ਦੀ ਗੱਲ ਹੁੰਦੀ ਹੈ, ਉਨ੍ਹਾਂ ਵਿਚੋਂ ਵੀ ਇੱਕ
ਬੇਦੀ, ਇੱਕ ਤ੍ਰੇਹਣ, ਇੱਕ ਭੱਲਾ ਅਤੇ ਸੱਤ ਸੋਢੀ। ਏਵੇਂ ਹੀ ਸਭ ਭਗਤਾਂ ਦੀਆਂ ਅਲੱਗ ਅਲੱਗ ਜਾਤਾਂ।
ਪੰਜ ਪਿਆਰੇ, ਪੰਜਾਂ ਦੀਆਂ ਅਲੱਗ ਅਲੱਗ ਜਾਤਾਂ। ਇਤਿਹਾਸ ਵਿਚਲੇ ਸਿੱਖਾਂ ਦੀਆਂ ਅਲੱਗ ਅਲੱਗ ਜਾਤਾਂ,
ਕਿਸ ਨੇ ਪਰਚਾਰਨੀਆਂ ਸ਼ੁਰੂ ਕੀਤੀਆਂ? ਕਿਉਂ? ਗੁਰਦਵਾਰਿਆਂ ਤੇ ਕਾਬਜ਼ ਪੁਜਾਰੀਆਂ ਨੇ। ਕਿਥੋਂ ਪਰਚਾਰ
ਹੋਣੀਆਂ ਸ਼ੁਰੂ ਹੋਈਆਂ? ਗੁਰਦਵਾਰਿਆਂ ਵਿਚੋਂ, ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਮਿਲਣੀ
ਸੀ। ਕੀ ਇਸ ਨਾਲ ਹੀ ਸਿੱਖਾਂ ਵਿੱਚ ਜਾਤੀਵਾਦ ਸ਼ੁਰੂ ਨਹੀਂ ਹੋਇਆਂ? ਕੀ ਇਸ ਪਰਚਾਰ ਨੂੰ ਖਤਮ ਕੀਤੇ
ਬਗੈਰ ਸਿੱਖਾਂ ਵਿਚੋਂ ਜਾਤੀਵਾਦ ਖਤਮ ਹੋ ਸਕਦਾ ਹੈ? ਤੁਸੀਂ ਇਸ ਪਰਚਾਰ ਵਿੱਚ ਯੋਗਦਾਨ ਪਾਇਆ ਹੈ?
ਜਾਂ ਇਸ ਪਰਚਾਰ ਨੂੰ ਠੱਲ੍ਹ ਪਾਉਣ ਜਈ ਕੁੱਝ ਉਪਰਾਲੇ ਕੀਤੇ ਹਨ?
੨, ਤੁਸੀਂ ਨਰੋਲ ਗੁਰਮਤ ਦਾ ਪਰਚਾਰ ਕਰਨ ਦੀ ਗੱਲ ਕਰਦੇ ਹੋ। ਤੁਹਾਡੇ ਰਸਾਲਿਆਂ ਵਿੱਚ ਬਹੁਤ ਸਾਰੀਆਂ
ਤੁਕਾਂ ਅਖੌਤੀ ਦਸਮ ਗ੍ਰੰਥ ਵਿਚੋਂ ਹੁੰਦੀਆਂ ਹਨ, ਤੁਸੀਂ ਉਨ੍ਹਾਂ ਦੀ ਵਿਆਖਿਆ ਵੀ ਕਰਦੇ ਹੋ, ਕੀ ਇਸ
ਤਰ੍ਹਾਂ ਤੁਸੀਂ ਦਸਮ ਗ੍ਰੰਥ ਦਾ ਵੀ ਪਰਚਾਰ ਨਹੀਂ ਕਰ ਰਹੇ ਹੁੰਦੇ? ਇਹ ਕਿਸ ਤਰ੍ਹਾਂ ਦਾ ਨਰੋਲ ਗੁਰੂ
ਗ੍ਰੰਥ ਸਾਹਿਬ ਜੀ ਦਾ ਪਰਚਾਰ ਹੈ?
੩, ਸਿੱਖ ਫੁਲਵਾੜੀ ਦਾ ਅਪਰੈਲ ਅੰਕ ਮੇਰੇ ਸਾਮ੍ਹਣੇ ਹੈ, ਜਿਸ ਦੇ ਟਾਈਟਲ ਪੇਜ ਤੇ “ਪ੍ਰਗਟਿਓ ਖਾਲਸਾ
ਪ੍ਰਮਾਤਮ ਕੀ ਮੌਜ “ਨਾਲ ਸਬੰਧਤ ਖਾਲਸੇ ਦੇ ਇੱਕ ਹੱਥ ਵਿੱਚ ਕਿਰਪਾਨ ਹੈ ਅਤੇ ਦੂਸਰੇ ਹੱਥ ਵਿੱਚ
ਮਾਲਾ ਹੈ।
ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਵਿਚ, ਮਾਲਾ ਦੀ ਕੀ ਮਹੱਤਤਾ ਹੈ? ਕਿਸ ਪੰਨੇ
(ਅੰਗ) ਤੇ ਹੈ? ਜੇ ਨਹੀਂ ਤਾਂ ਫਿਰ ਇਸ ਨੂੰ ਪੰਥ ਵਿੱਚ ਦੁਬਿਧਾ ਖੜੀ ਕਰਨਾ ਕਿਹਾ ਜਾਵੇਗਾ ਜਾਂ ਹੋਰ
ਕੁਝ? ਕੀ ਇਹ ਨਰੋਲ ਗੁਰਮਤ ਦਾ ਪਰਚਾਰ ਹੈ?
ਮੇਰਾ ਮਕਸਦ, ਤੁਹਾਡੇ ਬਾਰੇ, ਸਿੱਖੀ ਵਿੱਚ ਕੋਈ ਬੁਰੀ ਭਾਵਨਾ ਖੜੀ ਕਰਨਾ ਨਹੀਂ ਹੈ। ਬਲਕਿ ਤੁਹਾਨੂੰ
ਸਿੱਖੀ ਪਰਚਾਰ ਦਾ ਬਹੁਤ ਮਹੱਤਵਪੂਰਨ ਅੰਗ ਸਮਝਦੇ, ਤੁਹਾਡੀਆਂ ਕੁੱਝ ਤਰੁੱਟੀਆਂ ਤੋਂ ਜਾਣੂ ਕਰਵਾਉਣਾ
ਹੈ, ਤਾਂ ਜੋ ਤੁਸੀਂ ਇਨ੍ਹਾਂ ਤਰੁਟੀਆਂ ਨੂੰ ਦੂਰ ਕਰ ਕੇ ਸਿੱਖਾਂ ਵਿੱਚ ਨਰੋਲ ਗੁਰਮਤ ਦਾ ਪਰਚਾਰ
ਕਰੋ।
ਮੈਂ ਪਹਿਲਾਂ ਹੀ ਲਿੱਖ ਚੁੱਕਾ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਤੇ ਵਿਚਾਰ ਕਰਨਾ, ਬੁਰਾ ਨਹੀਂ
ਮੰਨਣਾ। ਜੇ ਮੈਂ ਕੁੱਝ ਗਲਤ ਲਿਖਿਆ ਹੈ ਤਾਂ ਉਸ ਨੂੰ ਮੇਰੀ ਝੋਲੀ ਪਾ ਦੇਣਾ, ਮੈਂ ਜਵਾਬ ਦੇਹ
ਹੋਵਾਂਗਾ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨ ੬੪੬੨੧