.

ੴ ਸਤਿ ਗੁਰ ਪ੍ਰਸਾਦਿ
ਸ਼ਬਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੱਕ ਦਾ ਸਫਰ

ਇੰਸਾਨੀ ਜਿੰਦਗੀ ਦਾ ਸਫਰ, ਯਕੀਨਨ ਬਾਬਾ ਨਾਨਕ ਜੀ ਤੋਂ ਲੱਖਾਂ ਕ੍ਰੋੜਾਂ ਸਾਲ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਜਿੰਨਾ ਕੁ ਇਤਿਹਾਸ ਸੇਧ ਦਿੰਦਾ ਹੈ, ਉਸ ਅਨੁਸਾਰ ਦੁਨੀਆ ਵਿੱਚ ਬਹੁਤ ਸਾਰੇ ਧਰਮ ਚੱਲੇ ਅਤੇ ਮਿੱਟ ਗਏ, ਕੁੱਝ ਚੱਲ ਰਹੇ ਹਨ। ਬਾਬਾ ਨਾਨਕ ਜੀ ਦੇ ਸਿਧਾਂਤ ਨੂੰ ਵਾਚਿਆਂ, ਇੱਕ ਗੱਲ ਬੜੇ ਸਪੱਸ਼ਟ ਰੂਪ ਵਿੱਚ ਉੱਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਦੁਨੀਆ ਵਿੱਚ ਜਿੰਨੇ ਵੀ ਧਰਮ ਪਰਚਲਤ ਹੋਏ, ਉਹ ਸਭ ਸਮਾਜ ਵਿਚ, ਇੰਸਾਨੀਅਤ ਵਿਚ, ਏਥੋਂ ਤੱਕ ਕਿ, ਇੱਕ ਅਕਾਲ ਵਿੱਚ ਵੀ ਵੰਡੀਆਂ ਪਾਉਣ ਦਾ ਹੀ ਆਧਾਰ ਬਣੇ। ਇਨ੍ਹਾਂ ਦੀ ਸਿਖਿਆ ਸਿਰਫ ਇੱਕ ਫਿਰਕੇ ਲਈ ਹੀ ਸੀ, ਸਮੁੱਚੀ ਮਾਨਵਤਾ ਲਈ ਨਹੀਂ ਸੀ।
ਇਨ੍ਹਾਂ ਧਰਮਾਂ ਦੇ ਆਧਾਰ ਤੇ, ਸਮਾਜ ਵਿਚਲੇ ਅਸਹਾਇ ਬੰਦਿਆਂ, ਖਾਸ ਕਰ ਕੇ ਬੀਬੀਆਂ ਤੇ ਜਿੰਨੇ ਜ਼ੁਲਮ ਹੋਏ ਹਨ, ਵਿਸ਼ੇਸ਼ ਕਰ ਕੇ ਆਰੀਆ ਜਾਤੀ ਵਲੋਂ, ਰੌਮਨ ਸਾਮਰਾਜ ਦੌਰਾਨ ਅਤੇ ਮੁਸਲਮਾਨਾਂ ਵਲੋਂ ਭਾਰਤ ਤੇ ਹਮਲਿਆਂ ਵੇਲੇ ਹੋਏ ਜਾਂ ਅੱਜ ਦੇ ਭਾਰਤ ਵਿੱਚ ਹੋ ਰਹੇ ਹਨ, ਉਨ੍ਹਾਂ ਦਾ ਇਤਿਹਾਸ ਪੜ੍ਹਿਆਂ, ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਅਪਣੇ ਮਨੋਰੰਜਨ ਮਾਤ੍ਰ ਲਈ ਕੋਈ ਪ੍ਰਾਣੀ, ਅਪਣੀ ਜੀਵਨ ਸੰਗਣੀ, ਅਪਣੀ ਜੀਵਨ ਦਾਤੀ ਨਾਲ, ਕਿੰਨੇ ਘਿਨਾਉਣੈ ਖੇਡ ਖੇਡ ਸਕਦਾ ਹੈ? ਉਹ ਵੀ ਕੋਈ ਜਾਨਵਰ ਨਹੀਂ, ਕਾਇਨਾਤ ਦਾ ਸਿਕਦਾਰ, ਕਾਇਨਾਤ ਦਾ ਬਾਦਸ਼ਾਹ ਕਹਾਉਣ ਵਾਲਾ ਇੰਸਾਨ।
ਜਿੰਨਾ ਇੰਸਾਨੀਅਤ ਦਾ ਲਹੂ ਧਰਮ ਦੇ ਨਾਮ ਤੇ ਵਗਿਆ ਹੈ, ਹੋਰ ਕਿਸੇ ਮੁੱਦੇ ਨੂੰ ਲੈ ਕੇ ਉਸ ਤੋਂ ਸੌਵਾਂ ਹਿੱਸਾ ਖੂਨ ਵੀ ਨਹੀਂ ਵਗਿਆ ਹੋਣਾ। ਕੀ ਅਜਿਹੀ ਸਿਖਿਆ ਦੇਣ ਵਾਲੇ ਧਰਮ, ਬਾਬਾ ਨਾਨਕ ਜੀ ਦੇ ਧਰਮ,
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬)
ਦੇ ਨੇੜੇ ਤੇੜੇ ਦੇ ਕੋਈ ਸਾਥੀ ਧਰਮ ਹੋ ਸਕਦੇ ਹਨ?
ਅਜਿਹੀ ਹਾਲਤ ਨੂੰ ਵੇਖਦਿਆਂ, ਬਾਬਾ ਨਾਨਕ ਜੀ ਨੇ ਛੋਟੇ ਹੁੰਦਿਆਂ ਤੋਂ ਹੀ ਵਿਚਾਰਨਾ ਸ਼ੁਰੂ ਕਰ ਦਿੱਤਾ ਸੀ, ਖਾਲੀ ਵਿਚਾਰਨਾ ਹੀ ਨਹੀਂ, ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਬਾ ਨਾਨਕ ਜੀ ਨੂੰ ਧਰਮ ਦੀ ਆੜ ਵਿਚ, ਸਮਾਜ, ਇੰਸਾਨੀਅਤ, ਕਾਦਰ ਵਿੱਚ ਵੰਡੀਆਂ ਪਾਉਣੀਆਂ, ਉਨ੍ਹਾਂ ਦੀ ਆੜ ਵਿਚ, ਦੂਸਰਿਆ ਦਾ ਹੱਕ ਮਾਰਨਾ ਬਿਲਕੁਲ ਵੀ ਮੰਜ਼ੂਰ ਨਹੀਂ ਸੀ। ਇਸ ਦਾ ਪਹਿਲਾ ਝਲਕਾਰਾ, ਮੌਲਵੀਆਂ ਅਤੇ ਬ੍ਰਾਹਮਣਾਂ ਕੋਲੋਂ ਪੜ੍ਹਦਿਆਂ ਉਨ੍ਹਾਂ ਵਲੋਂ ਕਰਾਈ ਜਾਂਦੀ ਪੜ੍ਹਾਈ ਦਾ ਵਿਰੋਧ ਕਰਨ ਵੇਲੇ ਮਿਲਦਾ ਹੈ।
ਫਿਰ ਜਨੇਊ ਪਾਉਣ ਤੋਂ ਇੰਕਾਰ ਕਰਨਾ ਤਾਂ, ਇਸ ਨਿਜ਼ਾਮ ਵਿੱਚ ਸਥਾਪਤ ਪ੍ਰੰਪਰਾਵਾਂ ਵਿਰੱਧ ਬਗਾਵਤ ਦਾ ਬਿਗਲ ਸੀ। ਜਦ ਬਾਬਾ ਨਾਨਕ ਜੀ ਨੂੰ, ਇਸ ਲੁੱਟ ਖਸੁੱਟ ਨੂੰ ਰੋਕਣ ਦਾ, ਕੋਈ ਕਾਰਗਰ ਢੰਗ ਸਾਮ੍ਹਣੇ ਨਜ਼ਰ ਨਾ ਆਇਆ ਤਾਂ ਉਨ੍ਹਾਂ ਨੇ, ਸੁਲਤਾਨ ਪੁਰ ਵਿਖੇ, ਕਾਲੀ ਵੇਈਂ ਦੇ ਪਾਰਲੇ ਜੰਗਲ ਵਿਚ, ਤਿੰਨ ਦਿਨ ਦੇ ਇਕਾਂਤ ਵਾਸ ਦੌਰਾਨ ਦੀਰਘ ਵਿਚਾਰ ਕੀਤੀ।
(ਹਾਲਾਂਕਿ ਇਸ ਸਮੇ ਨੂੰ ਵੀ ਪੁਜਾਰੀ ਲਾਣੇ ਨੇ ਅਪਣੇ ਹੱਕ ਵਿੱਚ ਵਰਤਦਿਆਂ, ਆਪੂੰ ਘੜੀਆਂ ਮਾਨਤਾਵਾਂ ਨੂੰ ਸੱਚ ਸਾਬਤ ਕਰਨ ਲਈ, ਇੱਕ ਕਹਾਣੀ ਘੜ੍ਹ ਦਿੱਤੀ, ਕਿ ਬਾਬਾ ਨਾਨਕ ਜੀ ਵੇਈਂ ਨਦੀ ਦੇ ਰਾਹੀਂ ਸ਼ੀਰ ਸਮੁੰਦਰ ਵਿੱਚ ਸ਼ੇਸ਼ ਨਾਗ ਦੀ ਸੇਜ ਤੇ ਬਿਰਾਜਮਾਨ ਭਗਵਾਨ ਜੀ ਕੋਲ ਗਏ ਅਤੇ ਓਥੋਂ ਭਗਵਾਨ ਜੀ ਕੋਲੋਂ ਅੱਗੋਂ ਲਈ ਸੇਧ ਲ਼ੈ ਕੇ ਆਏ।
ਇਹ ਸਾਰੇ ਜਾਣਦੇ ਹਨ ਕਿ ਬ੍ਰਾਹਮਣ ਅਨੁਸਾਰ, ਸ਼ੀਰ ਸਾਗਰ ਵਿਚ, ਸ਼ੇਸ਼ ਨਾਗ ਤੇ ਬਿਰਾਜਮਾਨ ਭਗਵਾਨ ਵਿਸ਼ਨੂ ਹੈ? ਸਭ ਤੋਂ ਵੱਡੀ ਵਿਡੰਬਣਾ ਇਹ ਹੈ ਕਿ ਇਸ ਦਾ ਪਰਚਾਰ ਓਥੋਂ ਹੁੰਦਾ ਰਿਹਾ, ਜਿੱਥੋਂ ਬਾਬੇ ਨਾਨਕ ਜੀ ਦੇ ਸਿਧਾਂਤ ਦੀ ਸੋਝੀ ਮਿਲਣੀ ਚਾਹੀਦੀ ਸੀ। ਅਰਥਾਤ ਗੁਰਦਵਾਰਿਆਂ ਵਿਚੋਂ। ਇਵੇਂ ਵਿਸ਼ਨੂੰ ਭਗਵਾਨ ਜੀ ਦਰਬਾਰ ਸਾਹਿਬ ਦੇ ਮਾਲਕ ਹੋ ਗਏ ਅਤੇ ਦਰਬਾਰ ਸਾਹਿਬ ਦਾ ਨਾਮ ਹਰੀ ਮੰਦਰ ਹੋ ਗਿਆ।)
ਤਿੰਨਾਂ ਦਿਨਾਂ ਦੌਰਾਨ ਕੀਤੇ ਆਤਮ ਮੰਥਨ ਆਸਰੇ, ਬਾਬਾ ਨਾਨਕ ਜੀ ਨੂੰ ਸਾਫ ਹੋ ਚੁੱਕਾ ਸੀ ਕਿ ਇਨ੍ਹਾਂ ਧਰਮਾਂ ਦੇ ਆਧਾਰ ਹੀ ਇੰਸਾਨੀਅਤ ਵਿੱਚ ਵੰਡੀਆਂ ਪਾਉਣ ਤੇ ਟਿਕੇ ਹੋਏ ਹਨ। ਇਨ੍ਹਾਂ ਧਰਮਾਂ ਨੂੰ ਨਕਾਰਨ ਦਾ ਹੀ ਸੱਦਾ ਸੀ, “ਨਾ ਹਿੰਦੂ ਨਾ ਮੁਸਲਮਾਨ” (ਕਿਉਂਕਿ ਉਸ ਵੇਲੇ ਭਾਰਤ ਵਿਚ, ਇਹ ਦੋ ਹੀ ਧਰਮ ਸਨ, ਜੇ ਹੋਰ ਹੁੰਦੇ ਤਾਂ ਬਾਬਾ ਨਾਨਕ ਜੀ ਉਨ੍ਹਾਂ ਨੂੰ ਵੀ ਰੱਦ ਕਰਦੇ।
ਉਸ ਮਗਰੋਂ ਬਾਬਾ ਨਾਨਕ ਜੀ ਦੁਨੀਆ ਵਿਚੋਂ ਵੰਡੀਆਂ ਖਤਮ ਕਰਨ ਵਾਲੇ ਇਸ ਨਵੇਕਲੇ ਧਰਮ ਨੂੰ, ਸੰਸਾਰ ਵਿੱਚ ਪਰਚਾਰਨ ਲਈ ਚਲ ਪਏ। ਬਾਬਾ ਨਾਨਕ ਜੀ ਨੂੰ ਅਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਸਾਬਤ ਹੋ ਚੁੱਕਾ ਸੀ ਕਿ ਬੰਦਾ, ਦੁਨੀਆ ਵਿੱਚ ਜੋ ਵੀ ਚੰਗਾ ਜਾਂ ਮਾੜਾ ਸਿਖਦਾ ਹੈ ਉਹ ਸ਼ਬਦ ਰਾਹੀਂ ਹੀ ਸਿੱਖਦਾ ਹੈ। ਇਸ ਤੋਂ ਇਲਾਵਾ ਬੰਦੇ ਦੇ ਸਿੱਖਣ ਦਾ ਹੋਰ ਕੋਈ ਸਾਧਨ ਨਹੀਂ ਹੈ। ਏਸੇ ਦਾ ਪਰਗਟਾਵਾ ਬਾਬਾ ਨਾਨਕ ਜੀ ਨੇ ਸਿੱਧਾਂ ਨਾਲ ਗੋਸ਼ਟ ਵੇਲੇ ਕੀਤਾ ਸੀ। ਇਸ ਨੂੰ ਹੋਰ ਸਪੱਸ਼ਟ ਕਰਦਿਆਂ, ਬਾਬਾ ਨਾਨਕ ਜੀ ਨੇ, ਬੰਦੇ ਦੇ ਸਿੱਖਣ ਦਾ ਵਧੀਆ ਸਾਧਨ, ਸੰਗਤ ਵਿੱਚ ਜੁੜ ਕੇ ਸ਼ਬਦ ਵਿਚਾਰ ਕਰਨਾ ਹੀ ਮਿਥਿਆ ਹੈ। ਬਾਬਾ ਨਾਨਕ ਵਰਗੇ ਹਰ ਪੱਖੋਂ ਸੁਚੇਤ ਬੰਦੇ ਲਈ ਇਹ ਸਮਝਣਾ ਵੀ ਮੁਸ਼ਕਲ ਨਹੀਂ ਸੀ ਕਿ ਬੰਦਾ ਬੁਰੀਆਂ ਆਦਤਾਂ ਵੀ ਭੈੜੀ ਸੰਗਤ ਵਿਚੋਂ ਹੀ ਸਿਖਦਾ ਹੈ, ਇਸ ਪੱਖੋਂ ਵੀ ਸੁਚੇਤ ਕਰਦਿਆਂ, ਉਨ੍ਹਾਂ ਨੇ ਸਤਸੰਗਤਿ ਦੀ ਸੋਝੀ ਦਿੱਤੀ।
ਸਤਸੰਗਤਿ ਕੈਸੀ ਹੁੰਦੀ ਹੈ?
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨)
ਸੱਚੀ ਸੰਗਤ ਕੈਸੀ ਹੁੰਦੀ ਹੈ? ਅਜਿਹੀ ਸੱਚੀ ਸੰਗਤ, ਉਸ ਨੂੰ ਹੀ ਕਿਹਾ ਜਾਂਦਾ ਹੈ, ਜਿਸ ਵਿੱਚ ਜੁੜ ਕੇ ਬੰਦੇ, ਸਿਰਫ ਪਰਮਾਤਮਾ ਦੇ ਨਾਮ, ਉਸ ਦੀ ਰਜ਼ਾ, ਉਸ ਦੇ ਹੁਕਮ ਬਾਰੇ ਵਿਚਾਰ ਕਰਦੇ ਹਨ। ਹੇ ਨਾਨਕ, ਸਤਿਗੁਰਿ, ਸ਼ਬਦ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ, ਉਸ ਪਰਮਾਤਮਾ ਦਾ ਇਕੋ ਇੱਕ ਸਹੀ ਨਾਮ, ਉਸ ਦਾ ਹੁਕਮ ਹੀ ਹੈ।
ਆਪਾਂ ਸ਼ਬਦ ਬਾਰੇ ਵੀ ਥੋੜ੍ਹਾ ਵਿਚਾਰ ਕਰ ਲਈਏ ਤਾਂ ਹੋਰ ਲਾਹੇਵੰਦ ਹੋਵੇਗਾ।
ਸ਼ਬਦ ਤੋਂ ਹੀ ਬਾਣੀ ਪੈਦਾ ਹੁੰਦੀ ਹੈ। ਗੁਰਬਾਣੀ ਫੁਰਮਾਨ ਹੈ,
ਆਪੇ ਕਰਤਾ ਕਰੇ ਕਰਾਏ॥ ਆਪੇ ਸਬਦੁ ਗੁਰ ਮੰਨਿ ਵਸਾਏ॥
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (੧੨੫)
ਪਰਮਾਤਮਾ ਆਪ ਹੀ ਸਭ ਕੁੱਝ ਕਰ ਅਤੇ ਦੂਸਰਿਆਂ ਕੋਲੋਂ ਕਰਵਾ ਰਿਹਾ ਹੈ। ਕਰਤਾਰ ਆਪ ਹੀ ਸ਼ਬਦ ਗੁਰੂ ਨੂੰ ਬੰਦਿਆਂ ਦੇ ਹਿਰਦੇ ਵਿੱਚ ਵਸਾਉਂਦਾ ਹੈ। ਸ਼ਬਦ ਤੋਂ ਹੀ ਪ੍ਰਭੂ ਦੀ ਸਿਫਤ ਸਾਲਾਹ ਦੀ ਬਾਣੀ ਪੈਦਾ ਹੁੰਦੀ ਹੈ। ਇਸ ਬਾਣੀ ਨੂੰ ਹੀ ਗੁਰਮੁਖ, ਜਿਸ ਦਾ ਮੂੰਹ ਗੁਰੂ ਪਾਸੇ ਹੋਵੇ, ਜੋ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੋਵੇ, ਆਖ ਕੇ ਦੂਸਰਿਆਂ ਨੂੰ ਸੁਣਾਉਂਦਾ ਹੈ। ਦੂਸਰਿਆਂ ਨੂੰ ਵੀ ਇਸ ਸਿਖਿਆ ਬਾਰੇ ਸੋਝੀ ਦਿੰਦਾ ਹੈ।
ਚਿੰਤਕਾਂ ਨੇ ਬਾਣੀ ਦੇ ਚਾਰ ਰੂਪ ਮਿਥੇ ਹਨ,
੧. ਪ੍ਰਾ। ਜੋ ਹਿਰਦੇ ਵਿੱਚ ਰਹਿੰਦੀ ਹੈ, ਕਦੇ ਪ੍ਰਗਟ ਨਹੀਂ ਹੁੰਦੀ।
੨. ਪਸੰਤੀ। ਜੋ ਹਿਰਦੇ ਵਿਚੋਂ, ਖਿਆਲ ਜਾਂ ਚਿੰਤਨ ਵਿੱਚ ਦਾਖਲ ਹੁੰਦੀ ਹੈ।
੩. ਮੱਧਮਾ। ਜੋ ਚਿੰਤਨ ਵਿਚੋਂ, ਗਲੇ ਤੱਕ ਤਾਂ ਆਉਂਦੀ ਹੈ, ਪਰ ਸਵੱਰ ਨਹੀਂ ਹੁੰਦੇ। ਸਵੱਰ, ਗਲੇ, ਤਾਲੂ,
ਜ਼ਬਾਨ, ਦੰਦਾਂ, ਨੱਕ ਆਦਿ ਦੇ ਸੰਪਰਕ ਵਿੱਚ ਆ ਕੇ ਬਣਦੇ ਹਨ।
੪. ਬੈਖਰੀ। (ਅੱਖਰਾਂ ਸਹਿਤ) ਇਸ ਨੂੰ ਬੋਲੀ ਕਿਹਾ ਜਾਂਦਾ ਹੈ। ਇਸ ਨੂੰ ਲਿਖਤ ਵਿੱਚ ਵਿਅਕਤ ਕਰਨ ਦਾ ਸਾਧਨ ਹੈ ਲਿਪੀ।
ਪਰਮਾਤਮਾ ਨੇ ਜੋ ਸ਼ਬਦ, ਬਾਬਾ ਨਾਨਕ ਜੀ ਦੇ ਮਨ ਵਿਚ, ਹਿਰਦੇ ਵਿੱਚ ਵਸਾਏ, ਉਹ ਸ਼ਬਦ ਹਿਰਦੇ ਵਿਚੋਂ ਬਾਬਾ ਨਾਨਕ ਜੀ ਦੇ ਚਿੰਤਨ ਵਿੱਚ ਪਹੁੰਚੇ। ਚਿੰਤਨ ਵਿਚੋਂ ਮੰਥਨ ਹੋ ਕੇ, ਉਹੀ ਸ਼ਬਦ ਗਲੇ ਤੱਕ ਪਹੁੰਚੇ। ਜੋ ਗਲੇ, ਤਾਲੂ, ਜ਼ਬਾਨ, ਦੰਦਾਂ, ਨੱਕ ਆਦਿ ਦੇ ਸੰਪਰਕ ਵਿੱਚ ਆ ਕੇ ਬੋਲੀ, ਬਾਣੀ ਬਣੀ। ਇਸ ਨੂੰ ਹੀ ਬਾਬਾ ਨਾਨਕ ਜੀ ਨੇ ਨਾਲ ਦੀ ਨਾਲ ਲਿਪੀ ਬੱਧ ਕਰ ਕੇ, ਅਪਣੇ ਕੋਲ ਸਾਂਭਿਆ ਵੀ ਸੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਆਧਾਰਸ਼ਿਲਾ ਬਣੀ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਬਦ ਅਤੇ ਬਾਣੀ ਤਾਂ ਸ੍ਰਿਸ਼ਟੀ ਦੀ ਉਤਪਤੀ ਦੇ ਨਾਲ ਹੀ ਪੈਦਾ ਹੋ ਗਏ ਸਨ, ਪਰ ਲਿਪੀ ਵਿਕਾਸ ਦੀ ਦੇਣ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸ੍ਰਿਸ਼ਟੀ ਦੀ ਉਤਪਤੀ ਤੋਂ ਹੁਣ ਤੱਕ ਕਿੰਨੀਆਂ ਲਿਪੀਆਂ ਬਣੀਆਂ ਅਤੇ ਖਤਮ ਹੋ ਗਈਆਂ ਹਨ? ਕਿਉਂਕਿ ਸਾਡੇ ਕੋਲ ਫਿਲ਼ ਹਾਲ ਪੰਜ ਹਜ਼ਾਰ ਸਾਲ ਤੋਂ ਪੁਰਾਣਾ ਇਤਿਹਾਸ ਉਪਲੱਭਦ ਨਹੀਂ ਹੈ। ਇਸ ਪੰਜ ਹਜ਼ਾਰ ਸਾਲ ਵਿਚਲੀਆਂ ਸੰਕੇਤਕ ਲਿਪੀਆਂ, ਨਿਯਮਬੱਧ ਲਿਪੀਆਂ ਦੇ ਆਧਾਰ ਤੇ ਲਿਖੇ ਇਤਿਹਾਸ ਤੋਂ ਸੇਧ ਲੈ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜ ਹਜ਼ਾਰ ਸਾਲ ਤੋਂ ਪਹਿਲੇ ਸਮੇ ਵਿਚ, ਕਿਸ ਨੇ ਕੀ, ਚੰਗੇ ਵਿਚਾਰ ਦਿੱਤੇ ਸਨ? ਅਤੇ ਕਿਸ ਨੇ ਕੀ ਮਾੜੇ ਵਿਚਾਰ ਦਿੱਤੇ ਸਨ?
ਪਰ ਇਸ ਪੰਜ ਹਜ਼ਾਰ ਸਾਲ ਦੇ ਲੇਖੇ-ਜੋਖੇ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਬਾ ਨਾਨਕ ਜੀ ਤੋਂ ਛੁੱਟ ਕੋਈ ਵੀ ਚਿੰਤਕ, ਦੁਨੀਆ ਨੂੰ ਪਰਮਾਤਮਾ ਦੀ ਰਜ਼ਾ ਅਨੁਸਾਰ ਚੱਲਣ ਦੀ ਪਰੇਰਨਾ ਦਿੰਦਾ ਨਹੀਂ ਦਿਸਦਾ। ਹਰ ਕੋਈ, ਦੂਸਰਿਆਂ ਨੂੰ ਅਪਣੇ ਵਿਚਾਰਾਂ ਅਨੁਸਾਰ ਚੱਲਣ ਦੀ ਪਰੇਰਨਾ ਦਿੰਦਾ ਦਿਸਦਾ ਹੈ। ਇਹ ਵਿਚਾਰ, ਸਮਾਜ, ਇੰਸਾਨੀਅਤ, ਧਰਤੀ ਅਤੇ ਪਰਮਾਤਮਾ ਵਿੱਚ ਵੰਡੀਆਂ ਪਾਉਣ ਦੇ ਕਾਰਨ ਹੀ ਬਣਦੇ ਹਨ।
ਬਾਬਾ ਨਾਨਕ ਜੀ ਨੇ ਦੁਨੀਆ ਨੂੰ ਪਰਮਾਤਮਾ ਦੀ ਰਜ਼ਾ, ਪਰਮਾਤਮਾ ਦੇ ਹੁਕਮ ਵਿੱਚ ਚੱਲਣ ਦੀ ਪਰੇਰਨਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ, ਪਰਮਾਤਮਾ ਦੀ ਇਸ ਰਜ਼ਾ, ਇਸ ਹੁਕਮ ਬਾਰੇ ਹੀ ਸੋਝੀ ਦਿੱਤੀ ਹੈ, ਉਸ ਦਾ ਵਿਸਲੇਸ਼ਨ ਕੀਤਾ ਹੈ।
ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਸ਼ਬਦ ਸ੍ਰਿਸ਼ਟੀ ਦੀ ਹੋਂਦ ਵੇਲੇ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਖਾਤਮੇ ਤੱਕ ਰਹੇਗਾ।
ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਬਾਬਾ ਨਾਨਕ ਜੀ ਸ਼ਬਦ ਨੂੰ ਅਪਣਾ ਗੁਰੂ ਮੰਨਦੇ ਹਨ, ਨਾਲ ਹੀ ਇਹ ਵੀ ਸਪੱਸ਼ਟ ਕਰਦੇ ਹਨ ਕਿ ਜੇ ਸਰੀਰ ਗੁਰੂ ਨਹੀਂ ਹੈ ਤਾਂ ਸਰੀਰ ਚੇਲਾ ਵੀ ਨਹੀਂ ਹੈ। ਜੇ ਸ਼ਬਦ, ਬਾਣੀ, ਗੁਰੂ ਹੈ ਤਾਂ ਉਸ ਸ਼ਬਦ ਵਿਚ, ਉਸ ਬਾਣੀ ਵਿੱਚ ਜੁੜੀ, ਬੰਦੇ ਦੀ ਸੁਰਤ ਹੀ ਚੇਲਾ ਹੈ।
ਗੁਰਮਤ ਤੋਂ ਸੱਖਣੇ ਪੁਜਾਰੀ ਨੇ ਸਿੱਖਾਂ ਨੂੰ ਜਿਸ ਸ਼ਬਦ ਜਾਲ ਵਿੱਚ ਉਲਝਾ ਦਿੱਤਾ ਹੈ, ਸੂਝਵਾਨ ਸਿੱਖ ਚਿੰਤਕ ਇਸ ਬ੍ਰਾਹਮਣੀ ਸ਼ਬਦ ਜਾਲ ਨੂੰ ਤੋੜ ਕੇ, ਤੱਤ ਗੁਰਮਤ ਦਾ ਧਾਰਨੀ ਹੋਣਾ ਚਾਹੁੰਦੇ ਹਨ। (ਇਸ ਵਿੱਚ ਕੋਈ ਬੁਰਾਈ ਵੀ ਨਜ਼ਰ ਨਹੀਂ ਆਉਂਦੀ, ਪਰ ਇਸ ਦਾ ਇੱਕ ਨਿਯਮ ਗੁਰੂ ਸਾਹਿਬ ਦੱਸਦੇ ਹਨ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥ (੧੧੮੫)
ਹੇ ਮੇਰੇ ਵੀਰ, ਇਕੱਠੇ ਹੋ ਕੇ ਸਤਸੰਗਤ ਵਿੱਚ ਬੈਠਿਆ ਕਰੋ, ਸੁਰਤ ਜੋੜ ਕੇ ਮੇਰ ਤੇਰ ਮਿਟਾਇਆ ਕਰੋ। ਹਰੀ ਦੇ ਨਾਮ, ਹਰੀ ਦੇ ਹੁਕਮ ਵਿੱਚ ਚੱਲਣ ਵਾਲੇ ਸਾਥੀ ਬਣਿਆ ਕਰੋ। ਗੁਰਮੁਖ ਹੋ ਕੇ, ਗੁਰੂ ਦੀ ਰਜ਼ਾ ਵਿੱਚ ਚੱਲਣ ਦੀ ਖੇਡ ਖੇਡਿਆ ਕਰੋ। ਦੋ ਤੁਕਾਂ ਵਿਚ, ਸਾਰੇ ਝਗੜੇ ਮਿਟਾਉਣ ਦਾ ਗੁਰ ਦੱਸਿਆ ਹੈ।
ਕਿਉਂਕਿ ਪੁਜਾਰੀ ਲਾਣਾ ਵਿਚਾਰ ਹੀਣ ਹੁੰਦਾ ਹੈ, ਕਰਮ ਕਾਂਡਾਂ ਦਾ ਖੱਟਿਆ ਖਾਂਦਾ ਹੈ, ਇਸ ਲਈ ਬਾਬਾ ਨਾਨਕ ਜੀ ਨੇ ਗੁਰਮਤ ਵਿਚੋਂ ਪੁਜਾਰੀ ਲਾਣੇ ਨੂੰ ਮੂਲੋਂ ਰੱਦ ਕੀਤਾ ਹੈ। ਪਰ ਵਿਡੰਬਣਾ ਇਹ ਹੈ ਕਿ ਪੁਜਾਰੀ ਲਾਣੇ ਨੇ ਜ਼ਬਰਦਸਤੀ ਸਿੱਖੀ ਵਿੱਚ ਘੁਸ-ਪੈਠ ਕਰ ਕੇ, ਲਗਾਤਾਰ ਤਿੰਨ ਸਦੀਆਂ ਦੌਰਾਨ ਅਜਿਹਾ ਮਾਹੌਲ ਸਿਰਜ ਦਿੱਤਾ ਹੈ, ਪੰਥ ਨੂੰ ਏਨੀਆਂ ਵੰਡੀਆਂ ਵਿੱਚ ਵੰਡ ਦਿੱਤਾ ਹੈ ਕਿ ਹਰ ਕੋਈ ਦੂਸਰੇ ਨੂੰ ਅਪਣੇ ਨਾਲੋਂ ਨੀਵਾਂ ਸਮਝਦਿਆਂ, ਦੂਸਰੇ ਨਾਲ ਵਿਚਾਰ ਕਰਨੋਂ ਕਤਰਾਉਂਦਾ ਹੈ।
(ਇਹ ਨਰੋਲ ਬ੍ਰਾਹਮਣਵਾਦੀ ਸੋਚ ਹੈ, ਗੁਰਮਤ ਦੀ ਨਹੀਂ)
ਪਹਿਲਾਂ ਤਾਂ ਇਹ ਵਿਚਾਰ ਕਰਨਾ ਬਣਦਾ ਹੈ ਕਿ ਜਦ ਬਾਬਾ ਨਾਨਕ ਜੀ ਤੋਂ ਲੱਖਾਂ ਕ੍ਰੋੜਾਂ ਸਾਲ ਪਹਿਲਾਂ ਸ਼ਬਦ ਸੀ, ਬਾਬਾ ਨਾਨਕ ਜੀ ਉਸ ਨੂੰ ਹੀ ਅਪਣਾ ਗੁਰੂ, ਅਪਣਾ ਸਿਖਿਆ ਦਾਤਾ ਮੰਨਦੇ ਹਨ, ਫਿਰ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਨਾਨਕ ਜੋਤ ਨੇ ਓਸੇ ਸ਼ਬਦ ਗੁਰੂ ਨੂੰ ਅਪਣੀ ਗੱਦੀ ਤੇ ਸ਼ਥਾਪਤ ਕੀਤਾ ਹੋਵੇ? ਜੋ ਬਾਬਾ ਨਾਨਕ ਜੀ ਨੇ ਕੀਤਾ ਉਹ ਆਪਾਂ ਉਪਰ ਵਿਚਾਰ ਆਏ ਹਾਂ। ਫਿਰ ਇਸ ਘਟਨਾ ਨੂੰ ਕਿਨ੍ਹਾਂ ਲਫਜ਼ਾਂ ਰਾਹੀਂ ਪ੍ਰਗਟ ਕੀਤਾ ਜਾਵੇ, ਜੋ ਦੁਬਿਧਾ ਖਤਮ ਹੋ ਕੇ, ਸਪੱਸ਼ਟ ਵਿਚਾਰ ਸਾਮ੍ਹਣੇ ਆਵੇ।
(ਇਹ ਵਿਦਵਾਨਾਂ ਦੇ ਵਿਚਾਰਨ ਦੀ ਗੱਲ ਹੈ, ਅਤੇ ਵਿਦਵਾਨ ਹਉਮੈ ਵੱਸ ਇੱਕ ਦੂਸਰੇ ਨਾਲ ਮਿਲ ਬੈਠ ਕੇ ਵਿਚਾਰ ਕਰਨ ਨੂੰ ਰਾਜ਼ੀ ਨਹੀਂ ਹਨ।)
ਇਸ ਦਾ ਹੱਲ ਕੀ ਲੱਭਿਆ ਜਾਵੇ? ਜਿਸ ਦਿਨ ਇਸ ਦਾ ਹੱਲ ਲੱਭ ਪਿਆ ਉਸ ਦਿਨ, ਸਿੱਖਾਂ ਦੀਆਂ ਮੁਸੀਬਤਾਂ ਹੱਲ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਦੂਸਰਾ ਇਹ ਵਿਚਾਰ ਕਰਨਾ ਬਣਦਾ ਹੈ ਕਿ ਵਿਚਾਰ ਹੀਣ ਪੁਜਾਰੀ ਲਾਣੇ ਨੇ ਆਮ ਸਿੱਖਾਂ ਨੂੰ ਵੀ, ਵਿਚਾਰ ਨਾਲੋਂ ਤੋੜ ਕੇ, ਬੁਰਛਾਗਰਦੀ ਨਾਲ ਜੋੜ ਦਿੱਤਾ ਹੈ, ਅਜਿਹੀ ਹਾਲਤ ਵਿੱਚ ਸਿੱਖ ਚਿੰਤਕਾਂ ਦਾ ਕੀ ਫਰਜ਼ ਬਣਦਾ ਹੈ? ਅਸੀਂ ਗੁਰਬਾਣੀ ਸੇਧ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
ਅਸੀਂ ਕਦੋਂ ਗੁਰਬਾਣੀ ਨਾਲ ਜੁੜ ਕੇ, ਅਪਣੀਆਂ ਮੁਸ਼ਕਲਾਂ ਦਾ ਹੱਲ ਲੱਭਾਂਗੇ? ਵਿਚਾਰੋ, ਵਿਚਾਰੋ, ਵਿਚਾਰੇ ਬਗੈਰ ਨਿਕਲਦਾ ਇੱਕ ਪਲ ਵੀ, ਸਿੱਖਾਂ ਨੂੰ ਪੁਜਾਰੀ ਦਾ ਹੋਰ ਗੁਲਾਮ ਬਨਾਉਣ ਵਿੱਚ ਸਹਾਈ ਹੋ ਰਿਹਾ ਹੈ। ਜੇ ਅਜੇ ਵੀ ਅਸੀਂ ਮਿਲ ਬੈਠ ਕੇ ਵਿਚਾਰ ਕਰਨਾ ਸ਼ੁਰੂ ਨਾ ਕੀਤਾ ਤਾਂ ਦੁਨੀਆਂ ਦੀ ਕੋਈ ਤਾਕਤ ਵੀ ਬਾਬਾ ਨਾਨਕ ਜੀ ਦੇ ਸਿੱਖਾਂ ਨੂੰ ਅਕਲ ਮੰਦ ਨਹੀਂ ਕਹੇ ਗੀ।
ਨਵੇਂ ਹਾਲਾਤ ਮੁਤਾਬਕ ਬਾਹਰਲੇ ਮੁਲਕਾਂ ਵਿੱਚ (ਜਿਨ੍ਹਾਂ ਤੋਂ ਸਾਨੂੰ ਕੁੱਝ ਮਦਦ ਦੀ ਆਸ ਹੋ ਸਕਦੀ ਹੈ) ਪੁਜਾਰੀ ਦੇ ਢਹੇ ਚੜ੍ਹੇ ਲੋਕ, ਜੋ ਮਾਹੌਲ ਸਿਰਜ ਰਹੇ ਹਨ, ਉਸ ਮੁਤਾਬਕ ਤਾਂ, ਸਿੱਖਾਂ ਦੇ ਆਪਸੀ ਮਿਲ ਬੈਠਣ ਦੀ ਆਸ ਖਤਮ ਹੁੰਦੀ ਜਾ ਰਹੀ ਹੈ। ਮਿਲ ਬੈਠੇ ਬਗੈਰ ਸਿੱਖੀ, ਇਤਿਹਾਸ ਦਾ ਵਿਸ਼ਾ ਬਣ ਕੇ ਰਹਿ ਜਾਵੇਗੀ। ਬਾਬਾ ਨਾਨਕ ਜੀ ਵਲੋਂ ਪ੍ਰਗਟ ਕੀਤੇ ਸ਼ਬਦਾਂ ਦੇ ਨਵੇਂ ਅਰਥ, ਪੁਜਾਰੀ ਦੇ ਕਰਮ ਕਾਂਡਾਂ ਵਿੱਚ ਗਵਾਚ ਕੇ ਰਹਿ ਜਾਣ ਗੇ। ਇਸ ਤੋਂ ਬਚਣ ਲਈ ਕੋਈ ਹੀਲਾ ਕਰਨ ਦੀ ਤੁਰੰਤ ਲੋੜ ਹੈ।
ਸਭ ਤੋਂ ਵੱਡੀ ਲੋੜ ਤਾਂ ਅਕਾਲ ਤਖ਼ਤ ਦੇ ਫਲਸਫੇ ਅਤੇ ਗੁਰਬਾਣੀ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਅਕਾਲ ਤਖ਼ਤ ਦੇ ਨਾਮ ਤੇ ਪੁਜਾਰੀਆਂ ਵਲੋਂ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਉਹ ਹਿੰਸਕ ਕਾਰਵਾਈਆਂ ਨੂੰ ਜ਼ਾਇਜ਼ ਠਹਿਰਾ ਰਹੇ ਹਨ। ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਕਈ ਪੜ੍ਹੇ ਲਿਖੇ ਵੀ ਹੱਕ, ਸੱਚ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਦੇ ਹਨ ਅਤੇ ਨਾਲ ਹੀ ਇਹ ਪ੍ਰਚਾਰ ਵੀ ਜੋਰ ਸ਼ੋਰ ਨਾਲ ਕਰਦੇ ਹਨ ਕਿ ਅਸੀਂ ਸੇਧ ਅਕਾਲ ਤਖ਼ਤ ਤੋਂ ਲੈਣੀ ਹੈ, ਕਹਿਣ ਦਾ ਭਾਵ ਹੈ ਕਿ ਅਸੀਂ ਰਾਜਨੀਤਕ ਲੋਕਾਂ ਦੇ ਗੁਲਾਮ ਪੁਜਾਰੀਆਂ ਦੇ ਹੁਕਮ ਨੂੰ ਸਭ ਤੋਂ ਉਪਰ ਮੰਨਣਾ ਹੈ ਪਰ ਗੁਰਬਾਣੀ ਗੁਰੂ ਦਾ ਹੁਕਮ ਪਵੇ ਢੱਠੇ ਖੂਹ ਵਿਚ।
ਸੰਪਾਦਕੀ ਮੰਡਲ
.