.

❁ਅੰਧ ਵਿਸ਼ਵਾਸ਼ੀ ਕਰਾਮਾਤਾਂ ਦੀ ਅਮਰਵੇਲ ਸਿੱਖੀ ਤੇ ਛਾਈ❁

ਅਵਤਾਰ ਸਿੰਘ ਮਿਸ਼ਨਰੀ (510-432-5827)

ਕਰਾਮਾਤ ਅਰਬੀ ਭਾਸ਼ਾ ਦਾ ਲਫਜ਼ ਹੈ ਜਿਸ ਦਾ ਅਰਥ ਹੈ-ਬਖਸ਼ਿਸ਼, ਬਜ਼ੁਰਗੀ, ਕ੍ਰਿਪਾ, ਚਮਤਕਾਰ, ਅਲੌਕਿਕ ਅਤੇ ਗੈਬੀ ਸ਼ਕਤੀ, ਸਿੱਧੀ, ਸਫਲਤਾ ਅਤੇ ਕਰਕੇ ਮਾਤ ਪਾ ਦੇਣਾ ਆਦਿਕ ਹਨ। ਅਮਰਵੇਲ ਸੰਸਕ੍ਰਿਤ ਦਾ ਸ਼ਬਦ ਹੈ, ਇਸ ਨੂੰ ਅਕਾਸ਼ਵੇਲ ਵੀ ਕਹਿੰਦੇ ਹਨ। ਇਹ ਕੋਮਲ ਅਤੇ ਬਿਨਾਂ ਕੰਡਿਆਂ ਵਾਲੀ ਵੇਲ ਹੈ, ਇਸ ਦਾ ਰੰਗ ਲਾਲ ਪੀਲਾ ਅਤੇ ਇਹ ਬਿਨਾ ਜੜਾਂ ਤੋਂ ਹੁੰਦੀ ਹੈ। ਇਸ ਦੀ ਜੜ ਜ਼ਮੀਨ ਵਿੱਚ ਨਹੀਂ ਹੁੰਦੀ ਸਗੋਂ ਬਿਰਖ ਦੀ ਛਿੱਲ ਵਿੱਚ, ਇਹ ਬਿਰਖਾਂ ਉਪਰ ਫੈਲਦੀ ਹੈ ਅਤੇ ਉਨ੍ਹਾਂ ਦੇ ਰਸ ਨੂੰ ਚੂਸ ਕੇ ਪਲਦੀ ਤੇ ਵਧਦੀ ਹੈ ਜਿਸ ਕਰਕੇ ਬਿਰਖ ਮੁਰਝਾ ਜਾਂਦੇ ਹਨ। ਇਸ ਦਾ ਨਾਂ ਬ੍ਰਿਖਦਾਕਸ਼ਨੀ ਭਾਵ ਬਿਰਖ ਖਾਣ ਵਾਲੀ ਵੀ ਹੈ। ਇਸ ਦਾ ਅੰਗ੍ਰੇਜੀ ਨਾਂ Cassyta filiformis ਹੈ। ਜਿਵੇਂ ਇਹ ਵੇਲ ਬਿਰਖਾਂ ਤੇ ਛਾ ਜਾਂਦੀ ਹੈ ਇਵੇਂ ਹੀ ਅੱਜ ਸਾਧਾਂ ਸੰਤਾਂ ਅਤੇ ਅਗਿਅਨੀਆਂ ਨੇ ਮਨ ਘੜਤ ਕਹਾਣੀਆਂ ਅਤੇ ਕਰਾਮਾਤਾਂ ਆਦਿਕ ਦੀ ਅਮਰਵੇਲ ਨੂੰ ਗੁਰਬਾਣੀ ਰੂਪੀ ਸੁਹਾਵਣੇ ਬਿਰਖ ਦੀਆਂ ਆਤਮਕ ਅਤੇ ਗਿਆਨ ਵਿਗਿਆਨ ਰੂਪ ਟਾਹਣੀਆਂ ਉੱਤੇ ਆਪਣੀ ਮਨ ਹਠਤਾ, ਅਹੰਕਾਰ ਅਤੇ ਅਗਿਆਨਤਾ ਦੇ ਬਲ ਨਾਲ ਚੜ੍ਹਾ ਦਿੱਤਾ ਹੈ। ਜਿਵੇਂ ਦੇਖਣ ਨੂੰ ਅਮਰਵੇਲ ਬੜੀ ਸੋਹਣੀ ਲਗਦੀ ਹੈ ਪਰ ਇਸ ਦਾ ਅਸਰ ਬੜਾ ਮਾੜਾ ਹੁੰਦਾ ਹੈ, ਇਵੇਂ ਹੀ ਸੁਣਨ ਤੇ ਪੜ੍ਹਨ ਨੂੰ ਇਹ ਕਰਮਾਤੀ ਕਹਾਣੀਆਂ ਕਾਰਟੂਨ ਬੜੇ ਸੋਹਣੇ ਲਗਦੇ ਹਨ ਪਰ ਇਨ੍ਹਾਂ ਦਾ ਅਸਰ ਮਨ ਨੂੰ ਗੁਰਬਾਣੀ ਦੀ ਅਸਲੀਅਤ ਤੋਂ ਤੋੜਦਾ ਅਤੇ ਮਨਘੜਤ ਅੰਧਵਿਸ਼ਵਾਸ਼ਾਂ ਨਾਲ ਜੋੜਦਾ ਹੈ। ਜਿਵੇਂ ਅਮਰਵੇਲ ਰੁੱਖ ਨੂੰ ਖਾ ਜਾਂਦੀ ਹੈ ਇਵੇਂ ਹੀ ਇਹ ਕਰਾਮਾਤਾਂ ਰੂਪੀ ਅਮਰਵੇਲ ਸਾਡੀ ਮਨ, ਬੁੱਧ, ਦਿਮਾਗ, ਆਤਮਕ ਅਤੇ ਵਿਗਿਆਨਕ ਵਿਕਾਸ ਨੂੰ ਖਾ ਕੇ ਨਿਤਾਪ੍ਰਤੀ ਖੋਖਲਾ ਕਰ ਰਹੀ ਹੈ।

ਸਭ ਤੋਂ ਵੱਡੀ ਕਰਾਮਾਤ ਤਾਂ ਕਰਤਾਰ ਦੀ ਕੁਦਰਤ ਹੈ ਜਿਸ ਵਿੱਚ ਅਸੀਂ ਸਾਰੇ ਜੀਵ ਜੰਤੂ ਧਰਤ ਅਤੇ ਅਕਾਸ਼ ਆ ਜਾਂਦੇ ਹਾਂ। ਕਰਣ ਕਾਰਣ ਸਮਰੱਥ ਤਾਂ ਕਰਤਾਰ ਹੀ ਹੈ ਜਿਸ ਦੇ ਬਨਾਏ ਕੁਦਰਤੀ ਨਿਯਮ ਅਟੱਲ ਹਨ ਜਿਨ੍ਹਾਂ ਨੂੰ ਕੋਈ ਮਨੁੱਖ, ਦੇਵੀ ਦੇਵਤਾ, ਅਵਤਾਰ, ਗੁਰੂ, ਪੀਰ ਜਾਂ ਪੈਗੰਬਰ ਬਦਲ ਨਹੀਂ ਸਕਦਾ। ਜਿਵੇਂ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਉਸ ਨੇ ਸਾਜੀ ਹੈ ਪਰ ਹੋਰ ਕੋਈ ਦੁਨੀਆਂਦਾਰ ਛੇਵਾਂ ਤੱਤ ਪੈਦਾ ਨਹੀਂ ਕਰ ਸਕਦਾ-ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭਿ ਸਾਜੀ ਕੋਈ ਛੇਵਾਂ ਕਰਿਉ ਜਿ ਕਿਛੁ ਕੀਤਾ ਹੋਵੈ॥ (736) ਜਿਵੇਂ ਅੱਗ ਦਾ ਕੰਮ ਬਲਣਾ, ਰੋਸ਼ਨੀ ਕਰਨੀ ਅਤੇ ਗਰਮੀ ਦੇਣੀ ਹੈ। ਬਲਦੀ ਅੱਗ ਵਿੱਚ ਜੇ ਕੋਈ ਹੱਥ ਪਾਵੇਗਾ ਤਾਂ ਅੱਗ ਸਾੜੇਗੀ, ਹਾਂ ਅੱਗ ਨੂੰ ਕਾਬੂ ਕਰਕੇ ਉਸ ਤੋਂ ਕਈ ਤਰ੍ਹਾਂ ਦਾ ਕੰਮ ਤਾਂ ਲਿਆ ਜਾ ਸਕਦਾ ਹੈ ਪਰ ਅੱਗ ਦੇ ਸੁਭਾਅ ਜਾਂ ਗੁਣ ਨੂੰ ਬਦਲਿਆ ਨਹੀਂ ਜਾ ਸਕਦਾ। ਜਲ ਦਾ ਸੁਭਾਅ ਸ਼ੀਤਲ ਹੈ ਇਸਨੂੰ ਜਿਨਾਂ ਮਰਜੀ ਗਰਮ ਕਰੀਏ ਅੰਤ ਨੂੰ ਠੰਡਾ ਹੋ ਜਾਂਦਾ ਹੈ, ਪਾਣੀ ਸਦਾ ਨਿਵਾਣ ਨੂੰ ਚੱਲਦਾ ਹੈ। ਡੂੰਗੇ ਪਾਣੀ ਵਿੱਚ ਤਾਰੂ ਹੀ ਤੈਰ ਸਕਦਾ ਹੈ ਜੇ ਤੈਰਨਾ ਨਹੀਂ ਅਉਂਦਾ ਤਾਂ ਪਾਣੀ ਵਿੱਚ ਡੁੱਬ ਸਕਦਾ ਹੈ। ਪਾਣੀ ਹੀ ਪਿਆਸ ਬੁਝਾ ਸਕਦਾ ਹੈ ਅੱਗ ਨਹੀਂ। ਜ਼ਹਰ ਖਾਣ ਨਾਲ ਜੀਵ ਪਹਿਲਾਂ ਵੀ ਮਰਦੇ ਸਨ ਤੇ ਅੱਜ ਵੀ। ਗੁਰੂ ਜੀ ਦਾ ਅਟੱਲ ਫੁਰਮਾਨ ਹੈ-ਮਹੁਰਾ ਹੋਵੈ ਹਥਿ ਮਰੀਐ ਚਖੀਐ॥ (142) ਜੇ ਮਹੁਰਾ (ਜ਼ਹਰ) ਚੱਖਾਂਗੇ ਤਾਂ ਮਰਾਂਗੇ ਹੀ। ਬਿਜਲੀ ਦੀਆਂ ਨੰਗੀਆਂ ਤਾਰਾਂ ਨੈਗੇਟਿਵ ਤੇ ਪਾਜੇਟਿਵ ਇਕੱਠੀਆਂ ਨੰਗੇ ਹੱਥੀਂ ਫੜੀਆਂ ਜਾਣ ਤਾਂ ਕਰੰਟ ਦੀ ਲਪੇਟ ਚ’ ਲੈ ਕੇ ਸਾੜ ਦਿੰਦੀਆਂ ਹਨ। ਜਿਵੇਂ ਪੰਛੀ ਅਕਾਸ਼ ਵਿੱਚ ਉੱਡਦੇ ਹਨ ਮਨੁੱਖ ਉਵੇਂ ਨਹੀਂ ਉੱਡ ਸਕਦਾ ਉਸ ਨੂੰ ਜਹਾਜ ਬੇੜੇ ਆਦਿ ਦਾ ਆਸਰਾ ਲੈਣਾ ਹੀ ਪੈਂਦਾ ਹੈ ਪਰ ਸਾਡੇ ਸੰਤ, ਪ੍ਰਚਾਰਕ ਅਤੇ ਕਥਾਕਾਰ ਗੁਰੂਆਂ ਭਗਤਾਂ ਨੂੰ ਸਰੀਰਾਂ ਸਮੇਤ ਅਕਾਸ਼ ਵਿੱਚ ਉਡਾਈ ਫਿਰਦੇ ਹਨ।

ਅੱਜ ਗੁਰਬਾਣੀ ਦੇ ਅਟੱਲ ਉਪਦੇਸ਼ਾਂ ਨੂੰ ਕਰਾਮਾਤੀ ਕਾਰਟੂਨਾਂ ਦੀ ਅਮਰਵੇਲ ਵਾਂਗ ਹੀ ਪ੍ਰਚਾਰਿਆ ਜਾ ਰਿਹਾ ਹੈ। ਜਿਵੇਂ ਫਲਾਨਾਂ ਸ਼ਬਦ ਜਾਂ ਪੌੜੀ 40 ਦਿਨ ਇਤਨੀ ਵਾਰ ਪੜ੍ਹੋ ਤੁਹਾਡਾ ਮੁਕੱਦਮਾਂ ਜਿਤਿਆ ਜਾਵੇਗਾ ਫਿਰ ਵਕੀਲਾਂ ਦੀ ਕੀ ਲੋੜ ਹੈ? ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਜੇ ਧੀ ਹੋ ਗਈ ਤਾਂ ਮਾਰ ਦਿਓਗੇ? ਤੁਹਾਡੇ ਵੈਰੀ ਵੱਸ ਹੋ ਜਾਣਗੇ ਫਿਰ ਸ਼ਸ਼ਤਰ-ਬਦ ਹੋ ਸੁਚੇਤ ਰਹਿਣ ਦੀ ਕੋਈ ਲੋੜ ਨਹੀਂ, ਫਲਾਨਾ ਸ਼ਬਦ ਪੜੋ ਤੇ ਨਿਸਚਿੰਤ ਰਹੋ। ਦੇਗ ਚੋਂ ਭੋਜਨ ਵਰਤਾਈ ਜਾਵੋ ਕਦੇ ਮੁੱਕੇਗਾ ਨਹੀਂ ਫਿਰ ਤਾਂ ਅਨਾਜ ਬੀਜਣ ਅਤੇ ਭੋਜਨ ਪਕਾਉਣ ਦੀ ਕੀ ਲੋੜ ਹੈ? ਪਤੀ ਵੱਸ ਹੋ ਜਾਵੇਗਾ ਫਿਰ ਇਸਤਰੀ ਫਰਜ ਪਾਲਣ ਦਾ ਕੀ ਅਰਥ? ਤੁਹਾਡੀ ਮਹੱਬਤ ਸਫਲ ਹੋ ਜਾਵੇਗੀ ਫਿਰ ਤਾਂ ਟੁੱਟਣੀ ਨਹੀਂ ਚਾਹੀਦੀ। ਜ਼ਹਰ ਤੁਹਾਡੇ ਤੇ ਅਸਰ ਨਹੀਂ ਕਰੇਗਾ ਫਿਰ ਜਿਨਾ ਮਰਜੀ ਖਾਈ ਜਾਓ। ਜਲ ਡੋਬੇਗਾ ਨਹੀਂ ਫਿਰ ਤਾਂ ਜਲ ਤੇ ਹੀ ਤੁਰੇ ਫਿਰੋ। ਅੱਗ ਸਾੜੇਗੀ ਨਹੀਂ ਫਿਰ ਅੱਗ ਵਿੱਚ ਹੱਥ ਪਾ ਲੈਣ ਚਾਹੀਦਾ ਹੈ। ਮਾਇਆ ਦੀ ਤੋਟ ਨਹੀਂ ਆਵੇਗੀ ਫਿਰ ਕੰਮ ਕਾਜ ਦੇ ਯਤਨ ਛੱਡ ਦੇਣੇ ਚਾਹੀਦੇ ਹਨ। ਤੁਹਾਡਾ ਕੇਸ ਆਦਿਕ ਪਾਸ ਹੋ ਜਾਵੇਗਾ ਫਿਰ ਕਿਸੇ ਕਾਗ਼ਜ਼ ਪੱਤਰ ਅਤੇ ਵਕੀਲ ਦੀ ਕੋਈ ਲੌੜ ਨਹੀਂ। ਚੰਗੀ ਨੌਕਰੀ ਮਿਲ ਜਾਵੇਗੀ ਅਤੇ ਤੁਸੀਂ ਮਾਲਾ ਮਾਲ ਹੋ ਜਾਓਗੇ, ਫਿਰ ਉੱਦਮ ਕਰਨ ਦਾ ਕੋਈ ਅਰਥ ਨਹੀਂ। ਫਲਾਨੀ ਬਾਣੀ ਦਾ ਏਨੀ ਵਾਰੀ ਪਾਠ ਕਰਕੇ ਰੱਖਿਆ ਜਲ ਛਕੋ ਤਾਂ ਦੁੱਖ ਦੂਰ ਹੋ ਜਾਣਗੇ ਫਿਰ ਕਿਸੇ ਡਾਕਟਰ ਹਕੀਮ ਦੀ ਕੋਈ ਜਰੂਤ ਨਹੀਂ। ਬਾਣੀ ਲਾਗੇ ਰੱਖਿਆ ਜਲ ਅੰਮ੍ਰਿਤ ਬਣ ਜਾਵੇਗਾ ਕੀ ਬਾਣੀ ਪੜ੍ਹਨ ਵਿਚਾਰਨ ਵਾਲੇ ਤੇ ਬਾਣੀ ਦਾ ਕੋਈ ਅਸਰ ਨਹੀਂ ਹੋਏਗਾ? ਪੱਥਰ ਮੋਮ ਹੋ ਜਾਣਗੇ ਫਿਰ ਮਸ਼ੀਨਾਂ ਨਾਲ ਪੀਹ ਕੇ ਬਾਰੀਕ ਕਰਨ ਕੀ ਲੋੜ ਹੈ? ਜਰਾ ਸੋਚੋ ਜੇ ਜਲ ਅਤੇ ਪੱਥਰ ਉੱਤੇ ਗੁਰਬਾਣੀ ਦਾ ਅਸਰ ਹੁੰਦਾ ਹੈ ਤਾਂ ਜਿੰਦੇ ਮਨੁੱਖ ਉੱਪਰ ਸਿੱਧਾ ਕਿਉਂ ਨਹੀਂ ਹੋ ਸਕਦਾ?

ਇਤਿਹਾਸ ਦਸਦਾ ਹੈ ਕਿ ਜਦ ਜ਼ਾਲਮ ਖਾਂ ਸੈਦਪੁਰ ਦੇ ਹਾਕਮ ਨੇ ਆਪਣੇ ਹੁਕਮ ਨਾਲ ਇਲਾਕੇ ਦੇ ਪੀਰਾਂ ਫਕੀਰਾਂ, ਸਾਧੂਆਂ ਸੰਤਾਂ ਨੂੰ ਪਕੜ ਕੇ ਕਿਹਾ ਕਿ ਤੁਸੀਂ ਸਾਰੇ ਕਲਮੇ, ਮੰਤ੍ਰ ਪੜ੍ਹੋ ਅਤੇ ਮਾਲਾ ਤਸਬੀਆਂ ਫੇਰੋ, ਤਾਂ ਕਿ ਬਾਬਰ ਦੀਆਂ ਫੌਜਾਂ ਅੰਧੀਆਂ ਹੋ ਜਾਣ ਅਤੇ ਸਾਡਾ ਕੋਈ ਨੁਕਸਾਨ ਨਾਂ ਕਰ ਸੱਕਣ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਰਦਾਨੇ ਸਮੇਤ ਪਕੜ ਕੇ ਅਜਿਹਾ ਕਰਨ ਲਈ ਕਿਹਾ ਗਿਆ ਤਾਂ ਗੁਰੂ ਜੀ ਨੇ ਜ਼ਾਲਮ ਖਾਂ ਨੂੰ ਸੱਚੋ ਸੱਚ ਆਖਿਆ ਕਿ ਫੌਜਾਂ ਦਾ ਮੁਕਾਮਲਾ ਫੌਜਾਂ ਹੀ ਕਰ ਸਕਦੀਆਂ ਹਨ ਨਾਂ ਕਿ ਕਲਮੇ, ਮੰਤ੍ਰ ਜੰਤ੍ਰ ਜਾਂ ਮਾਲਾ ਤਸਬੀਆਂ ਆਦਿਕ ਪਰ ਹੰਕਾਰੀ ਹਾਕਮ ਨਾਂ ਮੰਨਿਆਂ ਜ਼ਬਰੀ ਕਲਮੇ ਤੇ ਮੰਤ੍ਰ ਪੜ੍ਹਾਏ ਗਏ। ਬਾਬਰ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਆਈਆਂ ਅਤੇ ਸੈਦਪੁਰ ਦੀ ਜਵਾਨੀ, ਧੰਨ ਦੌਲਤ ਅਤੇ ਇਜ਼ਤ ਆਬਰੂ ਨੂੰ ਲੁੱਟ ਕੇ ਲੈ ਗਈਆਂ ਪਰ ਇੱਕ ਵੀ ਮੁਗਲ ਫੌਜੀ ਅੰਨ੍ਹਾ ਨਾਂ ਹੋਇਆ। ਉਸ ਵਾਕਿਆ ਨੂੰ ਗੁਰੂ ਜੀ ਨੇ ਇਉਂ ਬਿਆਨ ਕੀਤਾ ਹੈ-ਕੋਈ ਮੁਗਲੁ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥ …. ਓਨੀ ਤੁਪਕ ਤਾਣਿ ਚਲਾਈ॥ … ਜਿਨਿ ਕੀ ਚੀਰੀ ਦਰਗਹ ਪਾਟੀ ਤਿਨ੍ਹਾਂ ਮਰਨਾ ਭਾਈ॥ (418) ਜੇ ਗੁਰੂ ਨਾਨਕ ਸਾਹਿਬ ਜੰਤ੍ਰਾਂ ਮੰਤ੍ਰਾਂ ਤੰਤ੍ਰਾਂ ਅਤੇ ਕਿਸੇ ਬਾਣੀ ਦੇ ਨਿਰਾ ਜਾਪ ਕਰਨ ਨਾਲ ਕੋਈ ਫਾਇਦਾ ਹੋਣਾ ਨਹੀਂ ਦੱਸਦੇ ਤਾਂ ਫਿਰ ਅੱਜ ਗੁਰੂ ਦੇ ਸਿੱਖ ਅਖਵਾਉਣ ਵਾਲੇ ਸੰਪ੍ਰਦਾਈ, ਟਕਸਾਲੀ, ਸਾਧ-ਸੰਤ ਅਤੇ ਅਖੌਤੀ ਪ੍ਰਚਾਰਕ ਅਤੇ ਡੇਰੇਦਾਰ ਅਜਿਹਾ ਕਰਮ ਗੁਰਬਾਣੀ ਨਾਲ ਕਿਸ ਤੋਂ ਆਗਿਆ ਲੈ ਕੇ ਕਰ ਰਹੇ ਹਨ? ਕੀ ਅਜੋਕੇ ਕਰਾਮਾਤੀਏ ਸਾਧ ਤੇ ਪ੍ਰਚਾਰਕ ਗੁਰੂ ਸਾਹਿਬ ਨਾਲੋਂ ਰੂਹਾਨੀ ਤੌਰ ਤੇ ਜਿਆਦਾ ਤਾਕਤਵਰ ਅਤੇ ਸਿਆਣੇ ਹਨ? ਗੁਰਬਾਣੀ ਵਿੱਚ ਆਏ ਨਰਕ, ਸੁਰਗ, ਬਹਿਸ਼ਤ ਦੋਜ਼ਕ, ਲੱਖ ਚਉਰਾਸੀ, ਭੂਤ-ਪ੍ਰੇਤ ਅਤੇ ਕਰਾਮਾਤੀ ਲਫਜ਼ ਆਦਿਕ ਉਸ ਵੇਲੇ ਦੀ ਚਲ ਰਹੀ ਮਨੌਤ ਨੂੰ ਮੁੱਖ ਰੱਖ ਕੇ ਲੋਕਾਂ ਨੂੰ ਸਮਝਾਉਣ ਲਈ ਵਰਤੇ ਗਏ ਹਨ ਨਾਂ ਕਿ ਗੁਰੂ ਜੀ ਵੀ ਅਜਿਹੇ ਕਰਾਮਾਤੀ ਨਾਟਕਾਂ ਚੇਟਕਾਂ ਵਿੱਚ ਵਿਸ਼ਵਾਸ਼ ਕਰਦੇ ਸਨ। ਵਾਸਤਾ ਰੱਬ ਦਾ ਪ੍ਰਚਾਰਕੋ! ਗੁਰਬਾਣੀ ਦੇ ਪਵਿੱਤਰ, ਸਦਾ ਅਟੱਲ ਆਤਮਕ, ਅਧਿਆਤਮਕ ਅਤੇ ਵਿਗਿਆਨਕ ਉਪਦੇਸ਼ਾਂ ਦੇ ਸਦਾ ਹਰਿਆਵਲ ਬੂਟੇ ਉਪਰ ਕਰਾਮਾਤੀ ਕਾਰਟੂਨਾਂ ਦੀ ਅਮਰਵੇਲ ਨਾਂ ਚੜ੍ਹਾਓ ਸਗੋਂ ਇਸ ਦੀਆਂ ਸਿਖਿਆ ਰੂਪੀ ਕਰੂੰਬਲਾਂ ਨੂੰ ਸੰਸਾਰ ਵਿੱਚ ਵਧਣ ਫੁਲਣ ਦਿਉ।

ਦੇਖੋ! ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸਤਿਗੁਰਾਂ ਦੀ ਆਤਮਿਕ ਕਰਾਮਾਤ, ਜਿਸ ਨਾਲ ਕੁਕਰਮੀਆਂ ਨੂੰ ਸੁਕਰਮੀ, ਨਾਸਤਿਕਾਂ ਨੂੰ ਆਸਤਿਕ, ਆਲਸੀਆਂ ਨੂੰ ਕਰਮ ਯੋਗੀ, ਜਾਤਿ ਵਿਰੋਧੀਆਂ ਨੂੰ ਕੌਮ ਦੇ ਪਿਆਰੇ ਅਤੇ ਸੇਵਕ ਬਣਾ ਦਿੱਤਾ। ਇਸ ਨੂੰ ਸਮਝੇ ਬਿਨਾ ਅਨੇਕਾਂ ਹੀ ਇਤਿਹਾਸਕ ਲੇਖਕਾਂ ਨੇ ਗੁਰੂ ਸਾਹਿਬ ਨੂੰ ਪ੍ਰਕ੍ਰਿਤੀ ਵਿਰੁੱਧ ਕਰਾਮਾਤ ਕਰਨ ਵਾਲੇ ਮੰਨ ਕੇ ਬਹੁਤ ਪ੍ਰਸੰਗ ਲਿਖ ਦਿੱਤੇ ਹਨ, ਜਿਨ੍ਹਾਂ ਨਾਲ ਗੁਰੂ ਦੀ ਉਸਤਤਿ ਬਜਾਏ ਨਿੰਦਾ ਪ੍ਰਗਟ ਹੁੰਦੀ ਹੈ। ਗੁਰੂ ਜੀ ਤਾਂ ਕਰਾਮਾਤ ਬਾਰੇ ਫੁਰਮਾਂਦੇ ਹਨ-ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ (475) ਭਾਵ ਮਾਲਕ ਬਖਸ਼ਿਸ਼ ਕਰਕੇ ਜੋ ਦੇ ਦੇਵੇ ਉਹ ਹੀ ਕਰਾਮਾਤ ਹੈ। ਰਿਧੀਆਂ ਸਿਧੀਆਂ ਕਰਾਮਾਤਾਂ ਆਦਿਕ ਧ੍ਰਿਗ ਹਨ ਜੋ ਕੁਰਾਹੇ ਪਾਉਂਦੀਆਂ ਹਨ ਅਤੇ ਨਾਮ ਦਾ ਹਿਰਦੇ ਵਿੱਚ ਵੱਸ ਜਾਣਾ ਹੀ ਅਸਲ ਕਰਾਮਾਤ ਹੈ-ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ 2॥ (650)

ਜਦ ਗੁਰੂ ਜੀ ਦੀ ਸਿੱਧਾਂ ਨਾਲ ਵਿਚਾਰ ਗੋਸ਼ਟੀ ਹੋਈ ਤਾਂ ਸਿੱਧਾਂ ਨੇ ਵੀ ਗੁਰੂ ਜੀ ਨੂੰ ਕਰਾਮਾਤਾਂ ਬਾਰੇ ਪੁਛਿਆ ਤਾਂ ਗੁਰੂ ਜੀ ਨੇ ਜੋ ਉਪਦੇਸ਼ ਰੂਪੀ ਉੱਤਰ ਦਿੱਤਾ ਭਾ. ਗੁਰਦਾਸ ਜੀ ਨੇ ਉਸ ਨੂੰ ਇਉਂ ਬਿਆਨ ਕੀਤਾ ਹੈ-ਸਿਧਿ ਬੋਲਨਿ ਸਣਿ ਨਾਨਕਾ! ਤੁਹਿ ਜਗ ਨੋ ਕਰਾਮਾਤਿ ਦਿਖਾਈ। ਕੁਝੁ ਵਿਖਾਲੇ ਅਸਾਂ ਨੋ, ਤੁਹਿ ਕਿਉਂ ਢਿਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ! ਅਸਿ ਵੇਖਣਿ ਜੋਗੀ ਵਸਤੁ ਨ ਕਾਈ। ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ। ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ॥ 42॥ (ਵਾਰ-1) ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ। ਬਾਝੋਂ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ॥ ਅਤੇ ਹੋਰ ਕਿਹਾ-ਰਿਧਿ ਸਿਧਿ ਅਵਰਾ ਸਾਦ॥ (ਜਪੁਜੀ) ਇਹ ਰਿਧੀਆਂ ਸਿਧੀਆਂ ਭਾਵ ਚਮਤਕਾਰ ਕਰਾਮਾਤਾਂ ਆਦਿਕ ਸਭ ਅਵਰਾ ਸਾਦ ਭਾਵ ਮਨ ਨੂੰ ਰੱਬ ਨਾਲੋਂ ਤੋੜਨ ਵਾਲੇ ਚਸਕੇ ਹਨ। ਇਸ ਲਈ ਸਤਿਗੁਰਾਂ ਨੇ ਰੱਬ ਦੇ ਸੱਚੇ ਨਾਮ ਨੂੰ ਹੀ ਕਰਾਮਾਤ ਕਿਹਾ ਹੈ।

ਜਦ ਗੁਰੂ ਨਾਨਕ ਨੇ ਗੁਰਗੱਦੀ ਲਈ ਪਰਖ ਕੀਤੀ ਤਾਂ ਇੱਕ ਵਾਰ ਆਪਣੇ ਪੁੱਤਰਾਂ ਸ੍ਰੀਚੰਦ ਅਤੇ ਲਖਮੀਦਾਸ ਨੂੰ ਕਿਹਾ ਪੁਤਰੋ ਕਿੱਕਰ ਤੇ ਚੜ੍ਹ ਕੇ ਮਠਿਆਈ ਝਾੜੋ ਅਤੇ ਆਈ ਸੰਗਤ ਨੂੰ ਵਰਤਾਓ ਤਾਂ ਪੁਤਰਾਂ ਕਿਹਾ ਪਿਤਾ ਜੀ ਤੁਹਾਡੇ ਵੱਸ ਦੀ ਗੱਲ ਨਹੀਂ ਤੁਸੀਂ ਸੱਤਰੇ-ਬੱਤਰੇ ਹੋ ਗਏ ਹੋ, ਸੋਚੋ! ਕਦੇ ਕਿੱਕਰਾਂ ਨੂੰ ਵੀ ਮਿਠਿਆਈਆਂ ਲਗਦੀਆਂ ਹਨ? ਤਾਂ ਲਾਗੇ ਸੇਵਾ ਕਰ ਰਹੇ ਭਾ. ਲਹਿਣਾ ਜੀ ਨੂੰ ਕਿਹਾ ਤਾਂ ਉਹ ਸਤ ਬਚਨ ਕਹਿ ਕੇ ਕਿੱਕਰ ਤੇ ਚੜ੍ਹਨ ਹੀ ਲੱਗੇ ਤਾਂ ਗੁਰੂ ਜੀ ਨੇ ਕਿਹਾ ਬੱਸ ਰੁਕ ਜਾਓ ਗੱਲ ਹੁਕਮ ਮੰਨਣ ਦੀ ਹੈ ਨਾਂ ਕਿ ਮਿਠਿਆਈਆਂ ਝਾੜਨ ਦੀ, ਸਾਨੂੰ ਵੀ ਪਤਾ ਹੈ ਕਿ ਕਦੇ ਰੁੱਖਾਂ ਨੂੰ ਮਿਠਿਆਈਆਂ ਨਹੀਂ ਲਗਦੀਆਂ। ਗੁਰੂ ਜੀ ਕੋਈ ਮਦਾਰੀ ਨਹੀਂ ਸਨ ਜੋ ਜਥਾਰਥ ਨੂੰ ਛੱਡ ਲੋਕਾਂ ਨੂੰ ਮਗਰ ਲਾਉਣ ਲਈ ਕੋਈ ਚਮਤਕਾਰੀ ਕਰਾਮਾਤਾਂ ਵਿਖਾਉਂਦੇ ਸਨ। ਕਰਾਮਾਤਾਂ ਦਾ ਊਟ ਪਟਾਂਗ ਤਾਂ ਸੰਪ੍ਰਦਾਈ ਸਾਧਾਂ ਤੇ ਉਨ੍ਹਾਂ ਦੇ ਝੋਲੀ ਚੁੱਕ ਪ੍ਰਚਾਰਕਾਂ ਨੇ ਲਿਖਿਆ ਤੇ ਪ੍ਰਚਾਰਿਆ ਹੈ ਪਰ ਗੁਰਬਾਣੀ ਕਿਸੇ ਕਰਾਮਾਤ ਨੂੰ ਨਹੀਂ ਮੰਨਦੀ ਸਗੋਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨੂੰ ਹੀ ਸਰਬ ਸ੍ਰੇਸ਼ਟ ਕਰਾਮਾਤ ਦਰਸਾਉਂਦੀ ਹੈ।

ਜੇ ਕਰਾਮਾਤਾਂ ਵਿੱਚ ਕੋਈ ਤੱਤ ਹੋਵੇ ਤਾਂ ਫਿਰ ਕਿਰਤ ਕਰਨ ਦੀ ਕੋਈ ਲੋੜ ਨਹੀਂ ਕਿਸੇ ਚਮਤਕਾਰ ਨਾਲ ਹੀ ਦੇਸ਼ ਦੇ ਭੰਡਾਰੇ ਭਰੇ ਜਾ ਸਕਦੇ ਹਨ। ਕਿਸਾਨਾਂ ਵਿਚਾਰਿਆਂ ਤੇ ਮਜਦੂਰਾਂ ਨੂੰ ਹੱਡ ਭੰਨਵੀਂ ਮਿਹਨਤ ਦੀ ਫਿਰ ਕੀ ਲੋੜ ਹੈ। ਇਕੱਲੇ ਭਾਰਤ ਵਿੱਚ ਹੀ ਲੱਖਾਂ ਸਾਧੂ ਭੀਖ ਮੰਗਦੇ ਫਿਰਦੇ ਹਨ ਅਤੇ ਸ਼ਰਧਾਲੂਆਂ ਨੂੰ ਕਰਾਮਾਤਾਂ ਚਮਤਕਾਰਾਂ ਦੇ ਚੱਕਰਾਂ ਵਿੱਚ ਪਾ ਕੇ ਲੁੱਟ ਰਹੇ ਹਨ। ਸਾਧੂ ਸੰਤਾਂ ਦਾ ਕੰਮ ਤਾਂ ਸੰਸਾਰ ਦਾ ਭਲਾ ਕਰਨਾ ਹੈ ਫਿਰ ਲੱਖਾਂ ਗਰੀਬ ਭੁੱਖ ਦੇ ਦੁੱਖ ਨਾਲ ਹੀ ਮਰ ਜਾਂਦੇ ਹਨ ਉਨ੍ਹਾਂ ਵਿਚਾਰਿਆਂ ਦੇ ਘਰ ਤਾਂ ਕਿਸੇ ਨੇ ਕਰਾਮਾਤ ਰਾਹੀਂ ਮਾਲੋ ਮਾਲ ਨਹੀਂ ਕੀਤੇ। ਐਸ ਵੇਲੇ ਗੈਸ (ਪੈਟਰੋਲ) ਦੀਆਂ ਕੀਮਤਾਂ ਅਸਮਾਨੀ ਚੜ੍ਹਈਆਂ ਹੋਈਆਂ ਹਨ ਫਿਰ ਇਹ ਸੰਸਾਰ ਦਾ ਭਲਾ ਕਰਨ ਵਾਲੇ ਕਿਸੇ ਵੱਡੀ ਨਦੀ ਨੂੰ ਫੂਕ ਮਾਰ ਕੇ ਗੈਸ ਜਾਂ ਪੈਟਰੋਲ ਕਿਉਂ ਨਹੀਂ ਬਣਾ ਦਿੰਦੇ? ਇਹ ਕਰਾਮਾਤਾਂ ਦਾ ਉਪਦੇਸ਼ ਕਰਨ ਵਾਲੇ ਕਿਸੇ ਕਰਾਮਾਤੀ ਸ਼ਕਤੀ ਰਾਹੀਂ ਭਾਰਤ ਤੋਂ ਉੱਡ ਕੇ ਅਮਰੀਕਾ ਕਨੇਡਾ ਕਿਉਂ ਨਹੀਂ ਆ ਜਾਂਦੇ, ਜਹਾਜਾਂ ਰਾਹੀਂ ਹੀ ਕਿਉਂ ਅਉਂਦੇ ਹਨ? ਸੰਸਾਰ ਚ’ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਕੋਈ ਕਰਾਮਾਤ ਕਿਉਂ ਨਹੀਂ ਵਿਖਾ ਰਿਹਾ? ਹਰੇਕ ਦੇਸ਼ ਫੌਜਾਂ ਤੇ ਇਤਨਾਂ ਧੰਨ ਖਰਚ ਰਿਹਾ ਹੈ ਤਾਂ ਫਿਰ ਫੌਜ ਦੀ ਲੋੜ ਹੀ ਨਹੀਂ, ਇਹ ਕਰਾਮਾਤੀ ਮੰਤਰ ਕਲਮੇ ਆਦਿਕ ਪੜ੍ਹ ਕੇ ਹੀ ਸਾਰ ਲੈਣ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਿਥੇ ਹਰ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਜੂਨ 1984 ਈ. ਨੂੰ ਭਾਰਤ ਦੀ ਜ਼ਾਲਮ ਸਰਕਾਰ ਦੇ ਆਰਡਰ ਨਾਲ ਫੌਜਾਂ ਚੜ੍ਹ ਕੇ ਆਈਆਂ ਤਾਂ ਗੁਰਬਾਣੀ ਜਾਪ ਨੇ ਕੋਈ ਕਰਾਮਾਤ ਨਾਂ ਵਿਖਾਈ, ਹਜਾਰਾਂ ਹੀ ਸ਼ਰਧਾਲੂ ਸੰਗਤਾਂ ਅੰਦਰ ਮਾਰੀਆਂ ਗਈਆਂ ਅਤੇ ਬਾਬਾ ਜਰਨੈਲ ਸਿੰਘ ਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਹਥਿਆਰਬੰਦ ਹੋ ਕੇ ਜ਼ਾਲਮ ਦੇ ਦੰਦ ਖੱਟੇ ਕਰਦਿਆਂ ਸਹੀਦੀਆਂ ਪਾ ਗਏ ਪਰ ਜੋ ਥੋੜੇ ਜਿਹੇ ਸਿੰਘਾਂ ਨੇ ਐਡੀ ਵੱਡੀ ਫੌਜ ਨਾਲ ਹਥਿਆਰਬੰਦ ਹੋ ਕੇ ਮੁਕਾਬਲਾ ਕੀਤਾ ਉਹ ਹੈ ਕਰਾਮਾਤ ਅਤੇ ਜੇ ਇਕੱਲੇ ਕਿਸੇ ਸ਼ਬਦ ਦਾ ਜਾਪ ਹੀ ਕਰੀ ਜਾਂਦੇ ਅੱਗੋਂ ਸ਼ਸ਼ਤ੍ਰਾਂ ਨਾਲ ਮੁਕਾਬਲਾ ਨਾਂ ਕਰਦੇ ਤਾਂ ਜਿੰਦੇ ਹੀ ਪਕੜੇ ਜਾਂਦੇ।

ਪਾਠਕੋ! ਗੁਰਬਾਣੀ ਇਲਾਹੀ ਦਾਤ ਹੈ ਜਿਸ ਨੂੰ ਪੜ੍ਹ, ਬੁੱਝ, ਸਮਝ ਅਤੇ ਮਨ ਵਿੱਚ ਵਸਾ ਕੇ ਹੀ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ ਨਾਂ ਕਿ ਅੰਧ ਵਿਸ਼ਵਾਸ਼ ਧਾਂਰਨ ਕਰਕੇ। ਪਾਣੀ ਪੀਣ ਨਾਲ ਹੀ ਪਿਆਸ ਬੁਝਦੀ ਅਤੇ ਭੋਜਨ ਖਾਣ ਨਾਲ ਹੀ ਭੁੱਖ ਮਿਟਦੀ ਹੈ। ਕਿਸੇ ਦਾ ਪੀਤਾ ਪਾਣੀ ਅਤੇ ਖਾਦਾ ਭੋਜਨ ਕਿਸੇ ਦੂਜੇ ਦੀ ਭੁੱਖ ਤੇ ਪਿਆਸ ਨਹੀਂ ਮਿਟਾ ਸਕਦਾ ਅਤੇ ਕਿਸੇ ਅੰਦਰ ਖੂਨ ਪੈਦਾ ਨਹੀਂ ਕਰ ਸਕਦਾ-ਭੋਜਨ ਖਾਏ ਬਿਨਾ ਭੂਖ ਨਾ ਦੂਰ ਹੋਇ ਪਿਆਸ ਨਰ ਦੂਰ ਹੋਇ ਪੀਏ ਬਿਨ ਪਾਣੀ ਕੇ, ਤੈਸੇ ਕਲੀ ਕਾਲ ਘੋਰ ਅੰਧ ਬਿਖੇ ਮੁਕਤਿ ਨਾ ਪਾਵੈ ਬਿਨ ਗਿਆਨ ਗੁਰਬਾਣੀ ਕੇ (ਇੱਕ ਅਦੀਬ) ਇਵੇਂ ਹੀ ਜਿਹੜਾ ਵੀ ਗੁਰਬਾਣੀ ਪੜਦਾ, ਵਿਚਾਰਦਾ, ਧਾਰਦਾ ਅਤੇ ਅਮਲ ਕਰਦਾ ਹੈ ਉਸ ਦਾ ਹੀ ਪਾਰ ਉਤਾਰਾ ਹੁੰਦਾ ਹੈ-ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ (1429) ਮਨਘੜਤ ਕਰਾਮਾਤਾਂ ਕੁੱਝ ਨਹੀਂ ਕਰ ਸਕਦੀਆਂ। ਸੋ ਗੁਰੂ ਗਿਆਨ ਰੂਪੀ ਬਿਰਖ ਉੱਪਰ ਚੜ੍ਹਾਈ ਜਾ ਰਹੀ ਕਰਾਮਾਤਾਂ ਦੀ ਅਮਰਵੇਲ ਨੂੰ ਗੁਰਮਤਿ ਗਿਆਨ ਦੀ ਸਪ੍ਰੇਅ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਗੁਰੂਆਂ-ਭਗਤਾਂ ਨਾਲ ਜੋੜੀਆਂ ਗਈਆਂ ਕਰਾਮਤੀ ਕਹਾਣੀਆਂ ਜੋ ਉਨ੍ਹਾਂ ਤੋਂ ਕਾਫੀ ਬਾਅਦ ਵਿੱਚ ਲਿਖੀਆਂ ਗਈਆਂ, ਕੋਰਾ ਝੂਠ ਹਨ ਕਿਉਂਕਿ ਗੁਰਬਾਣੀ ਵਾਰ ਵਾਰ ਅਜਿਹੀਆਂ ਗੱਲਾਂ ਦਾ ਖੰਡਨ ਕਰਦੀ ਹੈ ਜੋ ਜਥਾਰਥ ਨਹੀਂ ਹਨ। ਇਹ ਕਰਾਮਾਤੀ ਦੱਸਣਗੇ ਕਿ ਰੇਡੀਓ, ਟੀ. ਵੀ, ਕੰਪਿਊਟਰ, ਇੰਟ੍ਰਨੈੱਟ, ਹਵਾਈ ਜਹਾਜ ਆਦਿਕ ਕਿਹੜੀ ਕਰਾਮਾਤ ਨਾਲ ਬਣੇ ਹਨ? ਬਿਨਾ ਡਾਇਰੈਕਸ਼ਨ ਲਏ ਜਾਂ ਪੁੱਛੇ ਸਮਝੇ ਕੀ ਕਰਾਮਤੀ ਸ਼ਕਤੀ ਨਾਲ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ? ਲੋੜ ਹੈ ਗੁਰਬਾਣੀ ਦੇ ਸਦੀਵੀ ਗਿਆਨ ਨੂੰ ਵਿਚਾਰਨ ਧਾਰਨ ਤੇ ਪ੍ਰਚਾਰਨ ਦੀ ਨਾਂ ਕਿ ਇਸ ਨਾਲ ਕਰਾਮਾਤੀ ਕਾਰਟੂਨ ਜੋੜਨ ਦੀ। ਜੇ ਕੁੱਝ ਮੱਤ ਕਰਾਮਾਤਾਂ ਵਿੱਚ ਅੰਧ ਵਿਸ਼ਵਾਸ਼ ਰੱਖਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵੀ ਓਨ੍ਹਾਂ ਦੀ ਕਾਪੀ ਕਰੀਏ। ਜੇ ਕੋਈ ਖੂਹ ਵਿੱਚ ਛਾਲ ਮਾਰ ਰਿਹਾ ਹੈ ਤਾਂ ਸਾਨੂੰ ਉਹਦੇ ਮਗਰ ਲੱਗ ਕੇ ਖੂਹ ਵਿੱਚ ਨਹੀਂ ਡਿੱਗਣਾ ਚਾਹੀਦਾ-ਜੇ ਕਰ ਉਧਰੀ ਪੂਤਨਾਂ ਵਿਹੁ ਪਿਆਲਣ ਕੰਮ ਨਾਂ ਚੰਗਾ॥ (ਭਾ. ਗੁ.)

ਬਾਬੇ ਨਾਨਕ ਨੇ ਗੁਰੂ ਗਿਆਨ ਨਾਲ ਕੱਟੜਵਾਦੀ ਮੁਲਾਣਿਆਂ ਦੇ ਮਨ ਦਾ ਮੱਕਾ ਫੇਰ ਦਿੱਤਾ ਸੀ ਨਾਂ ਕਿ ਮੱਕੇ ਕਾਅਬੇ ਦੀ ਇਮਾਰਤ ਘੁਮਾਈ ਸੀ। ਮੇਨ ਕੰਮ ਤਾਂ ਓਥੇ ਉਪਦੇਸ਼ ਦੇਣਾ ਸੀ ਨਾਂ ਕਿ ਕੋਈ ਕਰਾਮਾਤ ਦਿਖਾਉਣਾ। ਅਣਹੋਣੀਆਂ ਗੱਲਾਂ ਰੂਪੀ ਕਰਾਮਾਤਾਂ ਤੇ ਵਿਸ਼ਵਾਸ਼ ਕਰਨਾਂ ਗੁਰਬਾਣੀ ਦੀ ਨਿਰਾਦਰੀ ਅਤੇ ਆਪਣੇ ਆਪ ਨਾਲ ਸਿੱਧਾ ਧੋਖਾ ਹੈ ਜਿਸ ਤੋਂ ਸਾਡੇ ਗੁਰੂਆਂ-ਭਗਤਾਂ ਨੇ ਸਾਨੂੰ ਪਵਿੱਤਰ ਗਿਆਨ ਗੁਰਬਾਣੀ ਰਾਹੀਂ ਬਚਾਇਆ ਸੀ। ਸੋ ਸੱਚਾ ਸਿੱਖ ਕਦੇ ਵੀ ਨਾਟਕਾਂ ਚੇਟਕਾਂ ਆਦਿਕ ਕਰਾਮਾਤੀ ਅਖੌਤੀ ਸ਼ਕਤੀਆਂ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ਸਗੋਂ ਗੁਰਬਾਣੀ ਗਿਆਨ ਨੂੰ ਵਿਚਾਰਦਾ, ਧਾਰਦਾ ਅਤੇ ਸੰਸਾਰ ਵਿੱਚ ਪ੍ਰਚਾਰਦਾ ਵੀ ਹੈ। ਅੱਜ ਦੇ ਬੱਚਿਆਂ ਨੂੰ ਕਰਾਮਾਤੀ ਸਾਖੀਆਂ ਸੁਣਾ ਕੇ ਨਹੀਂ ਬਦਲਿਆ ਜਾ ਸਕਦਾ ਸਗੋਂ ਗੁਰਬਾਣੀ ਦੇ ਸਾਂਇੰਟੇਫਿਕ ਗਿਆਨ ਦੁਆਰਾ ਹੀ ਅਜਿਹਾ ਕੀਤਾ ਜਾ ਸਕਦਾ ਹੈ। ਹੁਣ ਲੋਕ ਮੀਡੀਏ ਰਾਹੀਂ ਜਾਗ ਰਹੇ ਹਨ ਇਸ ਲਈ ਉਨ੍ਹਾਂ ਨੂੰ ਲੰਮੇ ਸਮੇਂ ਲਈ ਬੁੱਧੂ ਨਹੀਂ ਬਣਾਇਆ ਜਾ ਸਕਦਾ। ਅੱਜ ਮਨੁੱਖ ਚੰਦ ਮੰਗਲ ਆਦਿਕ ਉੱਤੇ ਕਿਸੇ ਕਰਾਮਾਤ ਨਾਲ ਨਹੀਂ ਸਗੋਂ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਗਿਆਨ ਵਿਗਿਆਨ ਦੇ ਆਸਰੇ ਹੀ ਪਹੁੰਚਿਆ ਹੈ। ਅੱਜ ਵੀ ਕਰਾਮਾਤਾਂ ਵਿੱਚ ਅੰਧ ਵਿਸ਼ਸਾਸ਼ ਰੱਖਣ ਵਾਲੇ ਠੱਗ ਟੋਲੇ ਸਾਧ ਸੰਤ ਅਤੇ ਪ੍ਰਚਾਰਕ ਫਿਰ ਤੋਂ ਕੌਮ ਨੂੰ ਵੰਗਾਰ ਰਹੇ ਹਨ ਇਨ੍ਹਾਂ ਤੋਂ ਬਚਣ ਦੀ ਅਤਿਅੰਤ ਲੋੜ ਹੈ।

ਗੁਰਮਤਿ ਅਨੁਸਾਰ ਕਰਾਮਾਤ ਨਾਮ ਕਹਿਰ ਦਾ ਹੈ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ ਅਤੇ ਸੜਦੀ ਬਲਦੀ ਰੇਤ ਦਾ ਕਸ਼ਟ ਤਾਂ ਰਜ਼ਾ ਵਿੱਚ ਰਹਿੰਦੇ ਸਰੀਰ ਤੇ ਝੱਲ ਲਿਆ ਪਰ ਕੋਈ ਕਰਾਮਾਤ ਨਹੀਂ ਦਿਖਾਈ। ਗੁਰੂ ਤੇਗ ਬਹਾਦਰ ਨੇ ਚਾਂਦਨੀ ਚੌਂਕ ਦਿੱਲੀ ਵਿਖੇ ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦੇ ਘਿਨਾਉਣੇ ਜ਼ੁਲਮ ਆਪਣੇ ਸਰੀਰ ਉੱਪਰ ਸਹਾਰ ਕੇ ਧਰਮ ਦੀ ਰਾਖੀ ਕੀਤੀ ਪਰ ਹਾਕਮਾਂ ਦੇ ਦਬਾਅ ਹੇਠ ਆ ਕੇ ਕੋਈ ਵੀ ਕਰਾਮਾਤ ਨਹੀਂ ਦਿਖਾਈ। ਗੁਰੂ ਗੋਬਿੰਦ ਸਿੰਘ ਜਦ ਬਾਦਸ਼ਾਹ ਬਹਾਦਰ ਸ਼ਾਹ ਦੇ ਬੇਨਤੀ ਕਰਨ ਤੇ ਨਾਦੇੜ ਮਹਾਰਾਸ਼ਟਰ (ਦੱਖਣ) ਵਿਖੇ ਉਸ ਨੂੰ ਮਿਲਣ ਗਏ ਤਾਂ ਇੱਕ ਦਿਨ ਗੁਰੂ ਜੀ ਬਾਦਸ਼ਾਹ ਨਾਲ ਗਲ ਬਾਤ ਕਰ ਰਹੇ ਸਨ ਕਿ ਸਰਹੰਦ ਦੇ ਰਹਿਣ ਵਾਲਾ ਇੱਕ ਸਯਦ ਲਾਗੇ ਬੈਠਾ ਸੀ ਜੋ ਗੁਰੂ ਜੀ ਬਾਰੇ ਮਨ ਚ’ ਈਰਖਾਂ ਰੱਖਦਾ ਸੀ ਨੇ ਸਵਾਲ ਕੀਤਾ ਮਹਾਂਰਾਜ! ਸਾਰੇ ਪੀਰ, ਪੈਗੰਬਰ, ਅਵਤਾਰ ਕਰਾਮਾਤ ਦਿਖਉਂਦੇ ਰਹੇ ਹਨ, ਡੁਹਾਡੀ ਇਸ ਬਾਰੇ ਕੀ ਰਾਏ ਹੈ ਤਾਂ ਗੁਰੂ ਜੀ ਨੇ ਬਹਾਦਰ ਸ਼ਾਹ ਵੱਲ ਹੱਥ ਕਰਕੇ ਕਿਹਾ ਕਿ ਇਹ ਜਿਉਂਦੀ ਜਾਗਦੀ ਕਰਾਮਾਤ ਹੈ ਜਿਸ ਦੇ ਹੱਥ ਵਿੱਚ ਰਾਜਸੀ ਤਾਕਤ ਹੈ ਉਹ ਜੋ ਚਾਹਵੇ ਕਰ ਸਕਦਾ ਹੈ, ਦੂਸਰੀ ਕਰਾਮਾਤ ਇਹ ਹੈ ਗੁਰਦੇਵ ਨੇ ਸੋਨੇ ਦੀ ਮੋਹਰ ਸਾਹਮਣੇ ਸੁਟਦਿਆਂ ਕਿਹਾ ਇਸ ਨਾਲ ਸੰਸਾਰ ਵਿੱਚ ਬਹੁਤ ਕੁੱਝ ਖਰੀਦਿਆ ਜਾ ਸਕਦਾ ਹੈ ਜਦ ਸਯਦ ਨੇ ਕਿਹਾ ਕੋਈ ਹੋਰ ਵੀ ਕਰਾਮਾਤ ਹੈ ਜੋ ਤੁਸੀਂ ਹੁਣ ਦਿਖਾ ਸਕਦੇ ਹੋ? ਸਯਦ ਗੁਰੂ ਜੀ ਨੂੰ ਲਾ-ਜਵਾਬ ਕਰਕੇ ਬਾਦਸ਼ਾਹ ਦੀ ਨਜ਼ਰ ਵਿੱਚ ਨੀਵਾਂ ਕਰਨਾ ਚਾਹੁੰਦਾ ਸੀ ਤਾਂ ਗੁਰੂ ਜੀ ਨੇ ਬੀਰ ਰਸ ਵਿੱਚ ਨੇਤਰ ਲਾਲ ਕਰਕੇ ਅਤੇ ਮਿਆਨ ਵਿੱਚੋਂ ਤਲਵਾਰ ਧੂਹ ਕੇ ਕਿਹਾ ਇਹ ਹੈ ਸਭ ਤੋਂ ਵੱਡੀ ਕਰਾਮਾਤ! ਇਹ ਜਰਵਾਣਿਆਂ ਦੀ ਜਾਨ ਲੈ ਸਕਦੀ, ਤਖ਼ਤ ਉਲਟਾ ਸਕਦੀ ਅਤੇ ਰੁਲਦੇ ਫਿਰਦਿਆਂ ਨੂੰ ਬਾਦਸ਼ਾਹ ਬਣਾ ਸਕਦੀ ਹੈ ਹੋਰ ਕਰਾਮਾਤਾਂ ਫੋਕੇ ਡਰਾਵੇ ਅਤੇ ਨਾਟਕ ਚੇਟਕ ਮਦਾਰੀਆਂ ਦੇ ਖੇਲ ਹਨ ਤਾਂ ਪ੍ਰਤੱਖ ਕਰਾਮਾਤ ਦੀ ਅਸਲੀਅਤ ਦੇਖ ਕੇ ਸਯਦ ਗੁਰਾਂ ਦੇ ਚਰਨੀਂ ਢੈ ਪਿਆ।

ਧਰਮ ਦੀ ਰਖਿਆ ਖਾਤਰ ਭਾਈ ਮਤੀ ਦਾਸ ਆਰੇ ਨਾਲ ਚਿਰ ਗਏ, ਸਤੀ ਦਾਸ ਰੂੰ ਬੰਨ੍ਹ ਕੇ ਅੱਗ ਨਾਲ ਸਾੜੇ ਗਏ ਅਤੇ ਭਾ. ਦਇਆਲਾ ਜੀ ਉਬਲਦੀ ਦੇਗ਼ ਵਿੱਚ ਉਬਾਲੇ ਗਏ। ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਮੂਰਾਂ ਨਾਲ ਮਾਸ ਨੋਚਿਆ ਗਿਆ ਅਤੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ ਪਰ ਕਿਸੇ ਨੇ ਵੀ ਕੋਈ ਕਰਾਮਾਤ ਨਹੀਂ ਵਿਖਾਈ ਸਗੋਂ ਸਬਰ ਨਾਲ ਜ਼ਬਰ ਦਾ ਟਾਕਰਾ ਰੱਬੀ ਰਜ਼ਾ ਵਿੱਚ ਰਹਿੰਦਿਆਂ ਹੀ ਕੀਤਾ ਜਾਂ ਸਮੇਂ ਅਨੁਸਾਰ ਹਥਿਆਰਬੰਦ ਹੋ ਕੇ ਜ਼ਾਮਲ ਵੈਰੀ ਨੂੰ ਸਬਕ ਸਿਖਾਇਆ ਜੋ ਕਿਸੇ ਦਲੀਲ ਵਕੀਲ ਅਪੀਲ ਨੂੰ ਨਹੀਂ ਸੀ ਮੰਨਦਾ। ਫਿਰ ਅੱਜ ਸਾਡੇ ਬਹੁਤੇ ਪ੍ਰਚਾਰਕ ਕਰਾਮਾਤੀ ਅਮਰਵੇਲ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਕਿਉਂ ਜੋੜ ਰਹੇ ਹਨ? ਕਰਾਮਾਤੀ ਅਮਰਵੇਲ ਨੂੰ ਗੁਰੂ ਗਿਆਨ ਦੇ ਨਸ਼ਤਰ ਨਾਲ ਕੱਟਣ ਦੀ ਲੋੜ ਹੈ ਨਾਂ ਕਿ ਹਉਮੈ ਅਹੰਕਾਰ ਅਤੇ ਅੰਧ ਵਿਸ਼ਵਾਸ਼ ਦੇ ਪਾਣੀ ਨਾਲ ਪਾਲਣ ਦੀ, ਜੋ ਅਮਰਵੇਲ ਰੂਪ ਹੋ ਕੇ ਗੁਰਬਾਣੀ ਗਿਆਨ ਰੂਪੀ ਬਿਰਖ ਉੱਪਰ ਛਾ ਰਹੇ ਹਨ। ਕਰਤਾਰ ਦੇ ਕੁਦਰਤੀ ਨਿਯਮਾਂ ਅਤੇ ਭਾਣੇ ਉਲਟ ਕੋਈ ਵੀ ਸੱਚਾ ਗੁਰੂ ਅਤੇ ਭਗਤ ਨਹੀਂ ਗਿਆ ਅਤੇ ਨਾਂ ਹੀ ਆਪਣੇ ਅਨੁਯਾਈ, ਚੇਲੇ ਜਾਂ ਸਿੱਖ ਨੂੰ ਜਾਣ ਦੀ ਆਗਿਆ ਦਿੱਤੀ ਹੈ ਸਗੋਂ ਗੁਰ ਇਤਿਹਾਸ ਵਿੱਚ ਸਾਈ ਮੀਆਂ ਮੀਰ, ਬਾਬਾ ਅਟੱਲ ਰਾਏ, ਰਾਮਰਾਏ, ਬਾਬਾ ਬੰਦਾ ਸਿੰਘ ਬਹਾਦਰ ਆਦਿਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਫਿਰ ਅੱਜ ਅਸੀਂ ਗੁਰਬਾਣੀ ਗੁਰ ਅਤੇ ਸਿੱਖ ਇਤਿਹਾਸ ਨਾਲ ਕਰਾਮਾਤੀ ਨਾਟਕਾਂ ਦੀਆਂ ਸਾਖੀਆਂ ਸੁਨਾਉਣ ਵਾਲਿਆਂ ਬਾਬਿਆਂ, ਰਾਗੀਆਂ, ਗ੍ਰੰਥੀਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਦੇ ਜੋ ਗੁਰਬਾਣੀ ਦੇ ਤੱਤ ਉਪਦੇਸ਼ਾਂ ਉੱਪਰ ਕਰਾਮਾਤੀ ਸਾਖੀਆਂ ਦੀ ਅਮਰਵੇਲ ਚੜ੍ਹਾ ਕੇ ਜਥਾਰਥ (ਸੱਚ) ਨਾਲੋਂ ਤੋੜ ਰਹੇ ਹਨ। 510-432-5827 ਤੇ ਆਪ ਜੀ ਵਿਚਾਰ ਵਿਟਾਂਦਰਾ ਕਰ ਸਕਦੇ ਹੋ।
.