ਪਾਠੁ ਪੜੈ ਮੁਖਿ ਝੂਠੋ ਬੋਲੈ ਨਿ ਗੁਰੈ ਕੀ ਮਤਿ ਓਹੈ॥ ਅੰਕ 1013॥
ਗੁਰਬਾਣੀ ਅਨੁਸਾਰ ਪਾਠ ਪੜਨ ਵਾਲਾ
ਜੇ ਝੂਠ ਬੋਲਦਾਂ ਹੈ ਤਾਂ ਉਹ ਨਿਗੁਰਾ ਹੈ ਅੰਕ 1275 ਤੇ ਵੀ ਇਸ ਨੁੰ ਦੁਹਰਾਇਆ ਗਿਆ ਹੈ। ਗੁਰਬਾਣੀ
ਅਨੁਸਾਰ ਗੁਰੁ ਜੀ ਬਾਣੀ ਪੜਨ ਵਾਲੇ ਤੋਂ ਝੂਠ ਬੋਲਣ ਦੀ ਆਸ ਨਹੀ ਰੱਖਦੇ ਇਸ ਵਾਸਤੇ ਉਸਨੂੰ ਨਿਗੁਰਾ
ਕਹਿੰਦੇ ਹਨ। ਬਹੁ ਗਿਣਤੀ ਵਿੱਚ ਇਹੋ ਜਿਹੇ ਲੋਕ ਹੀ ਉਚ ਗੁਰ ਅਸਥਾਨਾ ਤੇ ਬਿਰਾਜੇ ਹੋਏ ਹਨ।
ਅੱਜ ਤੱਕ ਦੇ ਕੋਈ ਵੀ ਗੁਰਮਤਿ ਮਸਲੇ ਅਸੀ ਹੱਲ ਨਹੀਂ ਕਰ ਸਕੇ ਜਾਂ ਕਰ ਨਹੀਂ ਰਹੇ ਤਾਂ ਉਸ ਦਾ ਮੁੱਖ
ਕਾਰਨ ਅਪਣੇ ਸੁਆਰਥਾਂ ਹਿਤ ਪਾਠ ਕਰਨ ਵਾਲਿਆਂ ਦਾ ਝੂਠ ਬੋਲਣਾ ਹੀ ਸਿੱਧ ਹੁੰਦਾ ਹੈ।
ਧਾਰਮਕ ਉੱਚ ਅਸਥਾਨਾਂ’ ਤੇ ਉਹ ਲੋਕ ਹੀ ਬੈਠਦੇ ਹਨ ਜੋ ਰਾਜਸੀ ਲੋਕਾਂ ਦੀ ਕ੍ਰਿਪਾ ਦੇ ਪਾਤਰ ਹੁੰਦੇ
ਹਨ। ਸਾਡੇ ‘ਜੱਥੇਦਾਰ’, ਪ੍ਰਧਾਨ, ਰਾਜਸੀ ਲੋਕਾਂ ਦੇ ਅਸ਼ੀਰਵਾਦ ਨਾਲ ਬਣਦੇ ਆ ਰਹੇ ਹਨ। ਰਾਜਸੀ ਲੋਕ
ਹਮੇਸ਼ਾ ਰੌਲੇ-ਰੱਪੇ ਵਿੱਚ ਹੀ ਵਿਸ਼ਵਾਸ ਰਖਦੇ ਹਨ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਬਣੇ ਜਥੇਦਾਰ,
ਪ੍ਰਧਾਨ, ਅਖ਼ਬਾਰ, ਇਨ੍ਹਾਂ ਨੂੰ ਵੀ ਰਾਜਸੀ ਲੋਕਾਂ ਦੇ ਇਸ਼ਾਰੇ `ਤੇ ਅਪਣੇ ਧਰਮ ਨੂੰ ਛੱਡ ਕੇ ਨੱਚਣਾ
ਪੈਂਦਾ ਹੈ। ਅੱਜ ਵੀ ਅਸੀ ਜੋ ਰੌਲਾ-ਰੱਪਾ ਵੇਖ, ਸੁਣ ਰਹੇ ਹਾਂ। 1999 (300 ਸਾਲਾ) ਦੀ ਵਿਸਾਖੀ
ਸਮੇਂ ਵੀ ਇਨ੍ਹਾਂ ਲੋਕਾਂ ਅਤੇ ਜਲੰਧਰੀ ਅਖ਼ਬਾਰ ਨੂੰ ਲਿਖਿਆ ਸੀ ਕਿ ਇਹ ਸਮਾਂ ਲੰਘਾ ਲਉ, ਲੋਕਾਂ ਨੂੰ
ਤਮਾਸ਼ਾ ਨਾ ਵਿਖਾਉ। ਤੁਸੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਇਨ੍ਹਾਂ ਸਮਾਗਮਾਂ ਤੋਂ ਬਾਅਦ ਹਟਾ ਦੇਣਾ।
ਪਰ ਰਾਜਸੀ ਲੋਕਾਂ ਅੰਦਰ ਇਹੀ ਡਰ ਘਰ ਕਰੀ ਬੈਠਾ ਸੀ ਕਿ ਭਾਈ ਰਣਜੀਤ ਸਿੰਘ ਨੇ ਕਿਉਂਕਿ ਕਿ ਸ. ਬਾਦਲ
ਤੇ ਉਨ੍ਹਾਂ ਦੇ ਸਾਥੀਆਂ ਦੇ ਪ੍ਰਭਾਵ ਅਧੀਨ ਨਹੀਂ ਸੀ ਚਲਣਾ, ਇਸ ਲਈਂ ਉਹ ਉਨ੍ਹਾਂ ਦੇ ਕੰਮ ਦਾ ਬੰਦਾ
ਨਹੀਂ ਹੋ ਸਕਦਾ ਤੇ ਕੋਈ ਨਾ ਕੋਈ ਅੜਿਕਾ ਵੀ ਸ਼ਾਇਦ ਡਾਹ ਹੀ ਦੇਵੇ।
ਅੱਜ ਵੀ ਇਨ੍ਹਾਂ ਲੋਕਾਂ ਨੂੰ ‘ਸਪੋਕਸਮੈਨ’ ਤੋਂ ਅਤੇ ਸ. ਜੋਗਿੰਦਰ ਸਿੰਘ ਤੋਂ ਇਹੀ ਡਰ ਹੈ ਕਿਉਂਕਿ
ਸ. ਜੋਗਿੰਦਰ ਸਿੰਘ ਦੇ ਸਹੀ ਸਵਾਲਾਂ ਦੇ ਜਵਾਬ ਨਾ ਤਾਂ ਜਥੇਦਾਰਾਂ ਜਾਂ ਪ੍ਰਧਾਨਾਂ ਕੋਲ ਹਨ ਅਤੇ ਨਾ
ਹੀ ਡੇਰੇ ਵਾਲਿਆ ਜਾਂ ਕਾਮਰੇਡ ਜਲੰਧਰੀ ਅਖ਼ਬਾਰ ਕੋਲ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਦੇ ਮੱਦੇਨਜ਼ਰ, ਇਹ ਜਾਣਦੇ ਹੋਏ ਹੀ, ਗਲਤ ਰੌਲਾ-ਰੱਪਾ ਪਾ ਰਹੇ ਹਨ ਕਿ ‘ਸਪੋਕਸਮੈਨ’ ਨੇ ਸਿੱਖ
ਹਿਰਦਿਆਂ ਵਿੱਚ ਅਪਣੀ ਡੂੰਘੀ ਥਾਂ ਬਣਾ ਲਈ ਹੈ।
ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣਾ ਅਤੇ ਉਨ੍ਹਾਂ ਨੂੰ ਸੰਗਤਾਂ ਦੀ ਇੱਛਾਂ `ਤੇ ਵੀ ਕੀਰਤਨ
ਨਾ ਕਰਨ ਦੇਣਾ, ਕੀਰਤਨ ਨੁੰ ਪੁਲਿਸ ਦੀ ਮਦਦ ਨਾਲ ਰੋਕਣਾ, ਇਹ ਸਭ ਕੁੱਝ ਪ੍ਰੋ. ਦਰਸ਼ਨ ਸਿੰਘ ਅਤੇ
ਸਪੋਕਸਮੈਨ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਹੀ ਹੈ, ਹੋਰ ਕੁੱਝ ਨਹੀਂ। ਜੇ ਸਾਡੇ ਇਹ ਧਾਰਮਕ
ਅਸਥਾਨਾਂ ਦੇ ਆਗੂ, ਰਾਜਸੀ ਪ੍ਰਭਾਵ ਹੇਠ ਨਾ ਹੋ ਕੇ, ਗੁਰਮਤਿ ਪ੍ਰਭਾਵ ਵਾਲੇ ਹੁੰਦੇ ਤਾਂ ਕਿਸੇ ਵੀ
ਗੁਰਦੁਆਰੇ ਵਿੱਚ ਮਨਮਤਿ ਨਾ ਹੁੰਦੀ, ਨਿਰੋਲ ਗੁਰਮਤਿ ਤੱਤ ਦੀ ਵਿਚਾਰ ਤੋਂ ਸੰਗਤ ਨੂੰ ਜਾਣੂ ਕਰਵਾਇਆ
ਜਾਂਦਾ ਜੋ ਕਿ ਇਨ੍ਹਾਂ ਦਾ ਅਸਲੀ ਧਰਮ ਦਾ ਕੰਮ ਸੀ ਤੇ ਜਿਸ ਨੂੰ ਅੱਜ ਸਪੋਕਸਮੈਨ ਬਾਖੂਬੀ ਨਿਭਾ
ਰਿਹਾ ਹੈ।
ਗੁਰਦੁਆਰਿਆਂ ਅੰਦਰ ਹਿੰਦੂ ਅਤੇ ਮੁਸਲਮਾਨ ਵੀਰਾਂ ਵਾਸਤੇ (ਜੋ ਗੁਰਬਾਣੀ ਪੜ੍ਹਨ ਦੀ ਇੱਛਾ ਰੱਖਦੇ
ਹੋਣ) ਪ੍ਰਬੰਧ ਕਰਨੇ ਚਾਹੀਦੇ ਸਨ।
ਬਾਬੇ ਨਾਨਕ ਦੀ ਸਿੱਖਿਆ, ਸਿਰਫ਼ ਇਕੋ ਇੱਕ ਮਨੁੱਖੀ ਧਰਮ, ਜੋ ਸਦੀਵੀ ਸਚ ਹੈ, ਉਸ ਦਾ ਹੀ ਪ੍ਰਚਾਰ
ਕਰਨ ਦੀ ਆਗਿਆ ਦੇਂਦੀ ਹੈ। ਰਾਜਸੀ ਲੋਕਾਂ ਅਤੇ ਅਖੌਤੀ ਧਾਰਮਕ ਆਗੂਆਂ, ਡੇਰੇ ਵਾਲਿਆਂ ਨੁੰ ਇਹ ਗੱਲ
ਬਿਲਕੁਲ ਚੰਗੀ ਨਹੀਂ ਲਗਦੀ।
ਮਨੁੱਖੀ ਧਰਮ ਨਾਲ ਲੋਕਾਂ ਵਿੱਚ ਇੱਕ ਮਤ, ਇਕਸੁਰਤਾ ਵਧਦੀ ਹੈ ਅਤੇ ਸੱਚੇ ਜੀਵਨ ਦੀ ਜਾਚ ਆਉਂਦੀ ਹੈ।
ਰਾਜਸੀ ਲੋਕ ਅਤੇ ਡੇਰੇਦਾਰ ਡਰਦੇ ਹਨ ਕਿਉਂਕਿ ਸੱਚੀ ਜਾਗ੍ਰਿਤੀ ਨਾਲ ਉਨ੍ਹਾਂ ਦੀ ਆਮਦਨ ਘਟਦੀ ਹੈ
ਅਤੇ ਗਲਤੀਆਂ ਫੜੀਆਂ ਜਾਂਦੀਆਂ ਹਨ। ਇਨ੍ਹਾਂ ਲੋਕਾਂ ਦੇ ਸ਼ਬਦ-ਕੋਸ਼ ਵਿੱਚ ਸੱਚ ਹੁੰਦਾ ਹੀ ਨਹੀਂ। ਪਾਠ
ਪੜ੍ਹ ਕੇ ਝੂਠ ਬੋਲਣ ਵਾਲੇ ਲੋਕਾਂ ਨੁੰ 300 ਸਾਲਾਂ ਵਿੱਚ ਸਿੱਖ ਦੀ ਪ੍ਰੀਭਾਸ਼ਾ ਦਾ ਪਤਾ ਨਹੀਂ ਲੱਗਾ
ਅਤੇ ਸਹਿਜਧਾਰੀ (ਕੇਸਾਂ ਤੋਂ ਹੀਣ) ਸਿੱਖ ਅੱਖਰ ਸਿੱਖੀ ਵਿੱਚ ਲਿਆ ਵਾੜਿਆ। ਅਸੀ 8 ਨਵੰਬਰ, 2008
ਨੂੰ ਅਖ਼ਬਾਰ ਰਾਹੀਂ ਇਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਸਹਿਜ ਧਾਰਨ ਕਰਨਾਂ ਤਾਂ ਸਿੱਖੀ
ਵਿੱਚ ਸਭ ਤੋਂ ਉਤਮ ਪਦਵੀ ਹੈ ਅਤੇ ਉਚ ਕੋਟੀ ਦੇ ਗੁਰਸਿੱਖਾਂ, ਭਗਤਾਂ ਨੁੰ ਹੀ ਇਹ ਪਦਵੀ ਨਸੀਬ
ਹੁੰਦੀ ਹੈ ਇਨ੍ਹਾਂ ਦਾ ਝੂਠ, ਹੁਕਮਨਾਮੇ ਜਾਰੀ ਕਰ ਕੇ ਅਪਣੀ ਵੀ ਨਾ ਮੰਨਣਾ, ਲਿਖਤੀ ਰੂਪ ਵਿੱਚ
ਵੇਖਣ ਨੁੰ ਮਿਲਦਾ ਹੈ।
ਇਹੋ ਜਿਹੇ ਗੁਰੂ ਨਾਨਕ ਦੇ ਮਿਸ਼ਨ ਦੀ ਅਗਵਾਈ ਕਰਨ ਵਾਲੇ ਆਗੂ ਕਦੇ ਵੀ ਗੁਰਮਤਿ ਦੇ ਮਸਲੇ ਹੱਲ ਨਹੀਂ
ਕਰ ਸਕਦੇ, ਭਾਵੇਂ ਉਹ ਗੁਰਬਾਣੀ ਦਾ ਸਵਾਲ ਹੋਵੇ, ਨਾਨਕਸ਼ਾਹੀ ਕੈਲੰਡਰ ਹੋਵੇ, ਇੱਕ ਗੁਰ-ਮਰਿਆਦਾ
ਹੋਵੇ, ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੁ ਗ੍ਰੰਥ ਸਾਹਿਬ ਦੇ ਬਾਰਬਰ ਕਰਨਾ ਹੋਵੇ, ਜਾਂ ਡੇਰਿਆਂ ਨੂੰ
ਗੁਰਮਤਿ ਅੰਦਰ ਲਿਆਣਾ ਇਤਿਆਦਿ ਹੋਵੇ।
ਅੱਠ ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਵਿੱਚ ਤਿੰਨ ਵਾਰ ਸਰਕਾਰੀ ਅਤੇ ਨਿਜੀ ਜਾਇਦਾਦਾਂ ਨੁੰ ਸਾੜਿਆਂ
ਗਿਆ, ਜਲੰਧਰ, ਲੁਧਿਆਣਾ ਬਠਿੰਡਾ ਆਦਿ ਥਾਵਾਂ ਤੇ ਸ਼ਰੇਆਮ ਹਿੰਸਾ ਕੀਤੀ ਗਈ ਪਰ ਸਾਡੇ ਧਾਰਮਕ ਆਗੂਆਂ
ਨੇ ਕਦੇ ਵੀ ਸਰਕਾਰ ਜਾਂ ਲੋਕਾਂ ਨੂੰ, ਜੋ ਇਸ ਦੇ ਜ਼ਿੰਮੇਵਾਰ ਸਨ, ਦੋਸ਼ੀ ਨਹੀਂ ਠਹਿਰਾਇਆ। ਜਿੰਨੇ
ਸੰਕਟ ਮੋਚਨ ਅਤੇ ਸੰਪਟ ਵਾਲੇ ਸੁਖਮਨੀ ਸਾਹਿਬ, ਦੇ ਗੁਟਕੇ ਵਿਕਦੇ ਹਨ, ਸ਼ਾਇਦ ਦੂਜੇ ਨਾ ਵਿਕਦੇ ਹੋਣ।
ਗੁਰਮਤਿ ਸਿਧਾਂਤ ਨਾਮ ਨੁੰ ਸੱਭ ਤੋਂ ਉਪਰ ਦੁੱਖਾਂ ਦਾ ਹਰਤਾ ਬਿਆਨ ਕਰਦਾ ਹੈ। ਇੰਨੇ ਚਾਅ ਨਾਲ ਸ਼ਹੀਦ
ਸਿੰਘਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਜਿੰਨੇ ਚਾਅ ਨਾਲ ਪੂਰਨਮਾਸ਼ੀ, ਮਸਿਆ ਦਸਮੀਂ, ਸੰਗਰਾਦਾਂ
ਆਦਿ ਮਨਾਈਆਂ ਜਾਂਦੀਆਂ ਹਨ। ਕਦੇ ਕਿਸੇ ਆਗੂ ਨੇ ਇਸ ਮਨਮਤਿ ਨੁੰ ਨਹੀਂ ਰੋਕਿਆ।
ਕੀ ਇਨ੍ਹਾਂ ਜਥੇਦਾਰਾਂ, ਪ੍ਰਧਾਨਾਂ, ਤੇ ਅਖਬਾਰ ਨੇ ਕਦੇ ਅਪਣੀ ਜ਼ਬਾਨ ਇਸ ਮਨਮਤਿ ਵਿਰੁੱਧ ਖੋਲੀ ਹੈ?
ਸ਼ਾਇਦ ਅਪਣੇ ਸੁਆਰਥ ਕਾਰਨ ਗੁੰਗਾਂ ਹੋਣ ਦਾ ਰੋਲ ਅਦਾ ਕਰ ਰਹੇ ਹਨ। ਬਾਬੇ ਨਾਨਕ ਦੇ ਵੇਲੇ ਵੀ ਇਸੇ
ਕਿਸਮ ਦੇ ਲੋਕਾਂ ਨੇ ਬਾਬੇ ਨਾਨਕ ਤੇ ਕਬੀਰ ਜੀ ਨੁੰ ਕੁਰਾਹੀਆਂ ਅਤੇ ਬਉਰਾ ਕਿਹਾ ਸੀ। ਹੁਣ ਇਨ੍ਹਾਂ
ਵਿੱਚੋ ਹੀ ਬਾਬੇ ਨਾਨਕ ਨੂੰ ਲਵ ਤੇ ਕੁਸ਼ ਦੇ ਖ਼ਾਨਦਾਨ ਵਿੱਚੋ ਦਸਦੇ ਹਨ, ਸ਼ਾਇਦ ਇਨ੍ਹਾਂ ਗੱਲਾਂ ਨੁੰ
ਹੀ ਇਹ ਧਾਰਮਕ ਜਾਂ ਧਰਮ ਸਮਝਦੇ ਹੋਣ।
ਉਪਰੋਕਤ ਵਿਚਾਰਾਂ ਅਨੁਂਸਾਰ ਕੋਈ ਵੀ ਗੁਰਮਤਿ, ਧਾਰਮਕ ਅਸਥਾਨਾਂ ਦੀ ਅਗਵਾਈ ਕਰਨ ਵਾਲਾ ਜੇ ਝੂਠ
ਬੋਲਦਾ ਜਾਂ ਆਪਣੇ ਬਚਨਾਂ ਦਾ ਪੱਕਾ ਨਹੀ, ਉਹ ਗੁਰੁ ਨਾਨਕ ਦੇਵ ਜੀ ਦੇ ਫੁਰਮਾਨ ਮੁਤਾਬਕ ਨਿਗੁਰਾ
ਅਤੇ ਕੱਚਾ ਹੈ। ਉਸ ਨੂੰ ਉਨਾਂ ਅਸਥਾਨਾਂ `ਤੇ ਨਹੀਂ ਰਹਿਣਾ ਚਾਹੀਦਾ
ਗੁਰਬਖਸ਼ ਸਿੰਘ
94172-31762