.

ਹਵਾਈ ਕਿਲ੍ਹੇ ਨਹੀਂ: ਜ਼ਮੀਨੀ ਹਕੀਕਤ ਸਮਝੋ!
-ਜਸਵੰਤ ਸਿੰਘ ‘ਅਜੀਤ’

ਅਕਾਲ਼ੀ ਰਾਜਨੀਤੀ ਦਾ ਸਭ ਤੋਂ ਵੱਡਾ ਦੁਖਾਂਤ ਇਹੀ ਹੈ ਕਿ ਇਸ ਵਿੱਚ ਹਵਾਈ ਕਿਲ੍ਹੇ ਤਾਂ ਬਹੁਤ ਉਸਾਰੇ ਜਾਂਦੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿਤਾ ਜਾਂਦਾ ਹੈ। ਜਦੋਂ ਜ਼ਮੀਨੀ ਹਕੀਕਤ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਆਪਣੇ ਹਵਾਈ ਕਿਲ੍ਹਿਆਂ ਦੇ ਢਹਿ-ਢੇਰੀ ਹੋ ਜਾਣ ਦੇ ਲਈ, ਆਪਣੀ ਜ਼ਿਮੇਂਦਾਰੀ ਸਵੀਕਾਰ ਕਰਨ ਦੀ ਬਜਾਏ, ਦੂਜਿਆਂ ਪੁਰ ਦੋਸ਼ ਥੋਪ ਕੇ ਆਪਣਾ ਦਾਮਨ ਬਚਾਣਾ ਸ਼ੁਰੂ ਕਰ ਦਿਤਾ ਜਾਂਦਾ ਹੈ।
ਆਯੋਜਕਾਂ ਵਲੋਂ ਵਿਸ਼ਵ ਸਿੱਖ ਕਨਵੈਨਸ਼ਨ ਦੀ ਸਫਲਤਾ ਦੇ ਕੀਤੇ ਜਾ ਰਹੇ ਦਾਅਵਿਆਂ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਜਿਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਕਨਵੈਨਸ਼ਨ ਦੇ ਮੱਤਿਆਂ ਅਤੇ ਉਸ ਵਿੱਚ ਜਾਰੀ ਕੀਤੇ ਗਏ ਐਲਾਨ-ਨਾਮੇ ਨੂੰ ਰੱਦ ਕਰਦਿਆਂ ਕਿਹਾ ਹੈ, ਕਿ ਸ. ਪਰਮਜੀਤ ਸਿੰਘ ਸਰਨਾ (ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ) ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਦੇ ਸੁਪਨੇ ਵੇਖ ਰਹੇ ਹਨ, ਪਰ ਪੰਜਾਬ ਦੇ ਸਿੱਖਾਂ ਨੇ, ਉਨ੍ਹਾਂ ਦੇ ਇਨ੍ਹਾਂ ਸੁਪਨਿਆਂ ਨੂੰ ਪੂਰਿਆਂ ਹੋਣ ਦੇਣਾ ਤਾਂ ਦੂਰ ਰਿਹਾ, ਉਨ੍ਹਾਂ ਨੂੰ ਮੂੰਹ ਤਕ ਨਹੀਂ ਲਾਣਾ।
ਦੂਜੇ ਪਾਸੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਅਨੁਸਾਰ ਸਿੱਖ ਮਿਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ. ਮਨਜੀਤ ਸਿੰਘ ਕਲਕੱਤਾ ਨੇ ਪਤ੍ਰਕਾਰਾਂ, ਨਾਲ ਗਲਬਾਤ ਕਰਦਿਆਂ ਬੜੇ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਕੇ (ਵਿਸ਼ਵ ਸਿੱਖ ਕਨਵੈਨਸ਼ਨ ਦੇ) ਏਜੰਡੇ ਨੂੰ ਲਾਗੂ ਕੀਤਾ ਜਾਇਗਾ। ਜੇ ਇਨ੍ਹਾਂ ਦੋਹਾਂ ਬਿਆਨਾਂ ਦੀ ਨਿਰਪੱਖਤਾ ਨਾਲ ਵਰਤਮਾਨ ਪੰਥਕ ਹਾਲਾਤ ਦੀ ਰੋਸ਼ਨੀ ਵਿੱਚ ਘੋਖ ਕੀਤੀ ਜਾਏ ਤਾਂ ਇਹ ਦੋਵੇਂ ਬਿਆਨ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਵਾਈ ਕਿਲ੍ਹੇ ਹੀ ਜਾਪਣਗੇ।
ਜਿਥੋਂ ਤਕ ਜ. ਅਵਤਾਰ ਸਿੰਘ ਮੱਕੜ ਦੇ ਬਿਆਨ ਦੀ ਗਲ ਹੈ, ਉਸਤੋਂ ਤਾਂ ਇਹੀ ਜਾਪਦਾ ਹੈ ਕਿ ਉਹ ਹਵਾ ਦਾ ਰੁੱਖ ਪਛਾਨਣ ਦੀ ਬਜਾਏ ਹਵਾ ਵਿੱਚ ਹੀ ਵਿਚਰਨਾ ਚਾਹੁੰਦੇ ਹਨ। ਉਹ ਇਸ ਗਲ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਜ-ਕਾਲ ਦੀ ਕਾਰਗੁਜ਼ਾਰੀ ਇਤਨੀ ਵਿਵਾਦਪੂਰਣ ਰਹੀ ਹੈ, ਉਨ੍ਹਾਂ ਦੇ ਦਲ ਅਤੇ ਉਸਦੇ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਵਿਵਾਦਪੂਰਣ ਸਿੱਖ ਇਤਿਹਾਸ ਦੀ ਪ੍ਰਕਾਸ਼ਨਾ, ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਭਾਜਪਾਈਆਂ ਦਾ ਸਿੱਖ ਇਤਿਹਾਸ ਵਿਗਾੜਨਾ, ਸ੍ਰੀ ਅਕਾਲ ਤਖਤ ਤੋਂ ਜਾਰੀ ਵਿਵਾਦਤ ਹੁਕਮਨਾਮਿਆਂ ਨੂੰ ਚੁਨੌਤੀ ਦਿਤੇ ਜਾਣ ਤੇ ਵਿਰੋਧੀਆਂ ਨੂੰ ਤਾਂ ਲਤਾੜਨਾ ਪ੍ਰੰਤੂ ਆਪ ਹੁਕਮਨਾਮਿਆਂ ਨੂੰ ਲਗਾਤਾਰ ਅਣਗੌਲਿਆਂ ਕਰੀ ਜਾਣਾ, ਧਰਮ ਪ੍ਰਚਾਰ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਵਿਖਾਏ ਜਾਣ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ਵਿੱਚ ਪਤਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਲ ਰੁਝਾਨ ਦੇ ਵਧਦਿਆਂ ਜਾਣਾ, ਸਿੱਖੀ ਦੀ ਸੰਭਾਲ ਪ੍ਰਤੀ ਅਵੇਸਲਾਪਣ, ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਤਖਤਾਂ ਦੇ ਜਥੇਦਾਰਾਂ ਵਿੱਚ ਮਤਭੇਦ ਹੋਣ ਦੇ ਬਾਵਜੂਦ, ਉਸ ਵਿੱਚ ਸੋਧ ਕਰਕੇ ਉਸਨੂੰ ਲਾਗੂ ਕਰਨ ਦੇ ਲਈ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾਉਣਾ ਆਦਿ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਦੇ ਕਾਰਣ ਸ਼੍ਰੋਮਣੀ ਕਮੇਟੀ ਪੁਰ ਕਾਬਜ਼ ਧਿਰ ਪ੍ਰਤੀ ਸਿੱਖਾਂ ਦੇ ਵਿਸ਼ਵਾਸ ਵਿੱਚ ਤ੍ਰੇੜ ਆ ਗਈ ਹੋਈ ਹੈ। ਜਿਸਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।
ਇਸੇ ਤਰ੍ਹਾਂ ਸ. ਮਨਜੀਤ ਸਿੰਘ ਕਲਕੱਤਾ ਦਾ ਬਿਆਨ ਵੀ ਜਿਥੇ ਹਵਾਈ ਕਿਲ੍ਹਿਆਂ ਦੀ ਸਿਰਜਣਾ ਦਾ ਪ੍ਰਤੀਕ ਹੈ, ਉਥੇ ਹੀ ਇਹ ਵੀ ਸੰਕੇਤ ਦਿੰਦਾ ਜਾਪਦਾ ਹੈ ਕਿ ਉਹ ਵਿਸ਼ਵ ਸਿੱਖ ਕਨਵੈਨਸ਼ਨ ਦੇ ਉਦੇਸ਼ਾਂ ਅਤੇ ਉਸਦੀਆਂ ਪ੍ਰਾਪਤੀਆਂ ਦੇ ਸਬੰਧ ਵਿੱਚ ਵਿਰੋਧੀ-ਧਿਰ ਦੀ ਭੂਮਿਕਾ ਨਿਭਾਉਣ ਲਗ ਪਏ ਹਨ। ਉਹ ਅਖਬਾਰਾਂ ਵਿੱਚ ਆਪਣੇ ਬਿਆਨ ਤੇ ਫੋਟੋ ਛਪਵਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਵਿੱਚ ਗ੍ਰਸੇ ਇਹ ਭੁਲ ਹੀ ਗਏ ਹਨ ਕਿ ਵਿਸ਼ਵ ਸਿੱਖ ਕਨਵੈਨਸ਼ਨ ਦੇ ਸਾਹਮਣੇ ਮੁਖ ਮੁੱਦਾ ਸਿੱਖ ਪੰਥ ਨੂੰ ਉਸ ਦੁਬਿੱਧਾ ਵਿਚੋਂ ਉਭਾਰਨ ਲਈ ਰਾਹ ਤਲਾਸ਼ਣਾ ਅਤੇ ਤਲਾਸ਼ੇ ਗਏ ਰਾਹ ਤੇ ਕਦਮ ਅਗੇ ਵਧਾਉਣਾ ਸੀ। ਸ. ਮਨਜੀਤ ਸਿੰਘ ਕਲਕੱਤਾ ਦਾ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਪੁਰ ਕਬਜ਼ਾ ਕਰਕੇ ਵਿਸ਼ਵ ਸਿੱਖ ਕਨਵੈਨਸ਼ਨ ਦਾ ਏਜੰਡਾ ਲਾਗੂ ਕੀਤਾ ਜਾਇਗਾ, ਇਹ ਸੰਕੇਤ ਦਿੰਦਾ ਹੈ ਕਿ ਜੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਪੁਰ ਕਬਜ਼ਾ ਨਹੀਂ ਹੁੰਦਾ ਤਾਂ ਉਹ ਏਜੰਡਾ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਤਾ ਜਾਇਗਾ। ਜੇ ਅਜਿਹੀ ਸੋਚ ਹੈ ਤਾਂ ਇਹ ਕਨਵੈਨਸ਼ਨ ਦੇ ਆਯੋਜਕਾਂ ਦੀਆਂ ਮੂਲ ਭਾਵਨਾਵਾਂ ਪੁਰ ਡੂੰਘੀ ਸੱਟ ਮਾਰਨ ਦੇ ਤੁਲ ਹੋਵੇਗੀ। ਸ. ਕਲਕੱਤਾ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨਾ ਇਤਨਾ ਆਸਾਨ ਨਹੀਂ, ਜਿਤਨਾ ਕਿ ਬਿਆਨ ਦੇ ਕੇ ਆਪਣੇ ਫੋਟੋ ਅਖਬਾਰਾਂ ਵਿੱਚ ਛਪਵਾ ਲੈਣਾ।
ਉਨ੍ਹਾਂ ਨੂੰ ਇਹ ਗਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਦਾ ਉਹ ਖਿਡਾਰੀ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਆਪਣੇ ਬਾਹਰਲੇ ਤੇ ਅੰਦਰਲੇ ਵਿਰੋਧੀਆਂ ਨੂੰ ਠਿਕਾਣੇ ਲਾਣ ਵਿੱਚ ਅਜੇ ਤਕ ਕਿਸੇ ਵੀ ਪਧਰ ਤੇ ਮਾਤ ਨਹੀਂ ਖਾਧੀ। ਇਸਦੇ ਲਈ ਉਨ੍ਹਾਂ ਨੇ ਸਮੇਂ ਅਨੁਸਾਰ ਸਾਮ-ਦਾਮ-ਦੰਡ ਪੁਰ ਅਧਾਰਤ ਕਿਸੇ ਵੀ ਨੀਤੀ ਨੂੰ ਅਪਨਾਣ ਤੋਂ ਸੰਕੋਚ ਨਹੀਂ ਕੀਤਾ। ਸ. ਕਲਕੱਤਾ ਨੂੰ ਸ਼ਾਇਦ ਯਾਦ ਹੋਵੇਗਾ ਕਿ ਵਿਰੋਧ ਵਿੱਚ ਖੜੇ ਜ. ਗੁਰਚਰਨ ਸਿੰਘ ਟੋਹੜਾ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਗਲਵਕੜੀ ਵਿੱਚ ਲੈ ਕੇ ਮਨਾਇਆ ਤੇ ਫਿਰ ਕਿਵੇਂ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੌਂਪ ਕੇ ਉਨ੍ਹਾਂ ਅਤੇ ਉਨ੍ਹਾਂ ਦੇ, ਸ. ਕਲਕੱਤਾ ਸਮੇਤ ਸਾਰੇ ਸਾਥੀਆਂ ਨੂੰ ਅਜਿਹਾ ਨੁਕਰੇ ਲਾਇਆ, ਕਿ ਉਹ ਜ. ਟੋਹੜਾ ਦੇ ਸਵਰਗਵਾਸ ਹੋਣ ਤੋਂ ਬਾਅਦ ਅਜੇ ਤਕ ਆਪਣੇ ਆਪਨੂੰ ਸਥਾਪਤ ਕਰਨ ਲਈ ਹਥ-ਪੈਰ ਮਾਰ ਰਹੇ ਹਨ. ਪ੍ਰੰਤੂ ਕਿਸੇ ਕਿਨਾਰੇ ਨਹੀਂ ਲਗ ਪਾ ਰਹੇ।
ਪੰਜਾਬ ਦੀ ਰਾਜਨੀਤੀ ਤੇ ਤਿਖੀ ਨਜ਼ਰ ਰਖਣ ਵਾਲੇ ਇੱਕ ਮਾਹਿਰ ਦੇ ਸ਼ਬਦਾਂ ਵਿਚ, ‘ਇਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਇਕਲੇ ਖੜੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਇੱਕ ਹੋਣ ਦੀ ਬਜਾਏ ਦਸ ਦਿਸ਼ਾਵਾਂ ਵਿੱਚ ਖੜੇ ਹਨ। ਜੇ ਸੌ ਵੋਟਾਂ ਵਿਚੋਂ ਸ. ਬਾਦਲ ਦੇ ਹਕ ਵਿੱਚ ਕੇਵਲ ਦਸ ਵੋਟਾਂ ਹੀ ਪੈਂਦੀਆਂ ਹਨ ਤੇ ਬਾਕੀ ਨੱਬੇ ਵੋਟਾਂ ਨੌਂ-ਨੌਂ ਕਰ ਕੇ ਦਸ ਹਿਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਨੱਬੇ ਵੋਟਾਂ ਵਿਰੁਧ ਪੈਣ ਦੇ ਬਾਵਜੂਦ, ਸ. ਬਾਦਲ ਦਸ ਵੋਟਾਂ ਲੈ ਕੇ ਹੀ ਜੇਤੂ ਹੋ ਜਾਣਗੇ। ਬਾਕੀ ਨੌਂ, ਨੱਬੇ ਵੋਟਾਂ ਲੈ ਕੇ ਵੀ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਸ. ਬਾਦਲ ਦੇ ਵਿਰੋਧੀਆਂ ਨੇ ਜਿਥੇ ਕਈਆਂ ਨੂੰ ਵਿਰੋਧ ਕਰਕੇ ਨਾਰਾਜ਼ ਕਰ ਲਿਆ ਹੋਇਆ ਹੈ, ਉਥੇ ਹੀ ਸ. ਬਾਦਲ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਆਪਣੀ ਸ਼ਕਤੀ ਨੂੰ ਵਧਾ ਲਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜਿਸਦਾ ਲਾਭ ਸ. ਬਾਦਲ ਨੂੰ ਤੇ ਨੁਕਸਾਨ ਵਿਰੋਧੀਆਂ ਨੂੰ ਹੋਵੇਗਾ’।
ਆਈ ਪੀ ਐਸ ਵਲੋਂ ਪੰਜਾਬੀ ਪਤ੍ਰਕਾਰਾਂ ਦਾ ‘ਸਨਮਾਨ’ : ਬੀਤੇ ਦਿਨੀਂ ਇੰਟਰਨੈਸ਼ਨਲ ਪੰਜਾਬੀ ਸੋਸਾਇਟੀ ਵਲੋਂ ਨਵੀਂ ਦਿੱਲੀ ਦੇ ਚੈਮਸਫੋਰਡ ਕਲੱਬ ਵਿਖੇ ਵਿਸਾਖੀ ਦਾ ਤਿਉਹਾਰ ਮੰਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਦੇ ਪ੍ਰਸਿੱਧ ਲੋਕ-ਗਾਇਕ ਪੰਮੀ ਬਾਈ ਨੇ ਆਪਣੇ ਸਾਥੀਆਂ ਨਾਲ ਲੋਕਗੀਤ ਅਤੇ ਲੋਕਨਾਚ ਪੇਸ਼ ਕਰਕੇ ਮਹਿਮਾਨਾਂ ਅਤੇ ਦਰਸ਼ਕ-ਸ੍ਰੋਤਿਆਂ ਦਾ ਭਰਪੂਰ ਮੰਨੋਰੰਜਨ ਕੀਤਾ ਅਤੇ ਉਨ੍ਹਾਂ ਪਾਸੋਂ ਪ੍ਰਸ਼ੰਸਾ ਪ੍ਰਾਪਤ ਕੀਤੀ। ਦੂਜੇ ਪਾਸੇ ਇਸੇ ਮੌਕੇ ਤੇ ਸੋਸਾਇਟੀ ਦੇ ਮੁਖੀਆਂ ਵਲੋਂ ਸਮਾਗਮ ਦੇ ਮੁਖ ਮਹਿਮਾਨ ਜਨਾਬ ਫਾਰੂਖ ਅਬਦੁੱਲਾ ਪਾਸੋਂ ਕੁੱਝ ਪੰਜਾਬੀ ਪਤ੍ਰਕਾਰਾਂ ਨੂੰ `ਚਰਖੇ’ ਦੇ ਛੋਟੇ-ਛੋਟੇ ਮਾਡਲ ਦੁਆ ਕੇ ਅਤੇ ਡਿਨਰ ਦਾ ਇਕ-ਇਕ ਕੂਪਨ ਥਮਾ ਕੇ ‘ਸਨਮਾਨਤ’ ਕਰਵਾਇਆ ਗਿਆ। ਇਹ ‘ਸਨਮਾਨ’ ਪ੍ਰਾਪਤ ਕੇ ਕਿਸ ਪਤ੍ਰਕਾਰ ਨੇ ਆਪਣੇ-ਆਪਨੂੰ ਕਿਤਨਾ ‘ਸਨਮਾਨਤ’ ਮਹਿਸੂਸ ਕੀਤਾ, ਇਸਦਾ ਖੁਲਾਸਾ ਤਾਂ ਸਬੰਧਤ ਪਤ੍ਰਕਾਰ ਆਪ ਹੀ ਕਰ ਸਕਦਾ ਹੈ। ਪ੍ਰੰਤੂ ਇੱਕ ਪਤ੍ਰਕਾਰ ਨੂੰ ਇਹ ਕਹਿੰਦਿਆਂ ਜ਼ਰੂਰ ਸੁਣਿਆ ਗਿਆ ਕਿ ਇਹ ਪੰਜਾਬੀ ਪਤ੍ਰਕਾਰਾਂ ਦਾ ‘ਸਨਮਾਨ’ ਕਰਨਾ ਸੀ ਜਾਂ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਸੋਸਾਇਟੀ ਦੇ ਮੁਖੀਆਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਕੀ ‘ਔਕਾਤ’ ਹੈ? ਉਸ ਪਤ੍ਰਕਾਰ ਅਨੁਸਾਰ ਜੇ ਇਹ ਸਨਮਾਨ ਹੁੰਦਾ ਤਾਂ ਘਟੋ-ਘਟ ਚਰਖੇ ਦੇ ਇਸ ਮਾਡਲ ਤੇ ਇਤਨਾ ਤਾਂ ਜ਼ਰੂਰ ਲਿਖਵਾ ਦਿਤਾ ਗਿਆ ਹੁੰਦਾ ਕਿ ‘ਪੰਜਾਬੀ ਪਤ੍ਰਕਾਰੀ ਦੇ ਖੇਤ੍ਰ ਵਿੱਚ ਪਾਏ ਜਾ ਰਹੇ/ ਪਾਏ ਗਏ ਯੋਗਦਾਨ ਦੇ ਲਈ ਇੰਟਰਨੈਸ਼ਨਲ ਪੰਜਾਬੀ ਸੋਸਾਇਟੀ ਵਲੋਂ ਸਨਮਾਨ ਸਹਿਤ ਭੇਂਟ’, ਅਤੇ ਪਤ੍ਰਕਾਰ ਘਰ ਆਏ ਗਏ ਨੂੰ ਮਾਣ ਨਾਲ ਇਹ ਦਸਣ ਲਈ, ਇਸ `ਚਰਖੇ’ ਦੇ ਮਾਡਲ ਨੂੰ ਡ੍ਰਾਇੰਗ-ਰੂਮ ਵਿੱਚ ਸਜਾ ਸਕਦੇ, ਕਿ ਇਹ ਉਨ੍ਹਾਂ ਨੂੰ ਸਨਮਾਨ ਵਜੋਂ ਪ੍ਰਾਪਤ ਹੋਇਆ ਹੈ। ਹੁਣ ਜਿਸ ਹਾਲਤ ਵਿੱਚ ਇਹ ਦਿਤਾ ਗਿਆ ਹੈ, ਉਸ ਹਾਲਤ ਵਿੱਚ ਇਸਨੂੰ ਵੇਖਣ ਵਾਲਾ ਹਰ ਕੋਈ ਇਹ ਹੀ ਕਹੇਗਾ ਕਿ ਬਾਜ਼ਾਰੋਂ ਸੌ-ਪੰਜਾਹ ਦਾ ਲਿਆ ਰਖਿਆ ਹੈ ਤੇ ਇਨਾਮ ਵਜੋਂ ਮਿਲਣ ਦੀ ਤੜੀ ਮਾਰੀ ਜਾ ਰਹੀ ਹੈ। ਉਸ ਦਸਿਆ ਕਿ ਉਹ ਤਾਂ ਸਮਾਗਮ ਵਿੱਚ ਹੀ ਰੋਸ ਪ੍ਰਗਟ ਕਰਨਾ ਚਾਹੁੰਦਾ ਸੀ। ਪਰ ਇਹ ਸੋਚ ਕੇ ਚੁਪ ਕਰ ਰਿਹਾ ਕਿ ਉਨ੍ਹਾਂ ਲੋਕਾਂ ਦਾ ਮਜ਼ਾ ਹੀ ਕਿਰਕਿਰਾ ਨਾ ਹੋ ਜਾਏ, ਜੋ ਮੰਨੋਰੰਜਨ ਕਰਨ ਦੇ ਮੂਡ ਵਿੱਚ ਆਏ ਹੋਏ ਹਨ। ਹਾਂ, ਉਸਨੇ ਇਹ ਕਹਿੰਦਿਆਂ ਡਿਨਰ-ਕੂਪਨ ਜ਼ਰੂਰ ਵਾਪਸ ਕਰ ਦਿਤਾ ਕਿ ਉਹ ਇਸਦੇ ਨਾਲ ਆਪਣੇ ਕਿਸੇ ਹੋਰ ਸਾਥੀ ਨੂੰ ਖੁਸ਼ ਕਰ ਲੈਣ।
. . ਅਤੇ ਅੰਤ ਵਿਚ: ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪੰਜਾਬ ਦੀਆਂ ਕਈ ਅਲ੍ਹੜ ਮੁਟਿਆਰਾਂ, ਵਿਦੇਸ਼ੀ ਲਾੜਿਆਂ ਦੇ ਨਾਲ ਪ੍ਰਣਾਏ ਜਾਣ ਦੀ ਲਾਲਸਾ ਅਧੀਨ, ਉਨ੍ਹਾਂ ਦੀ ਸਾਜ਼ਸ਼ ਦਾ ਸ਼ਿਕਾਰ ਹੋ ਕੇ ਨਾ ਕੇਵਲ ਆਪਣਾ-ਆਪ ਲੁਟਾ ਜ਼ਿੰਦਗੀ ਬਰਬਾਦ ਕਰ ਬੈਠਦੀਆਂ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਆਪਣੀ ਬੇਟੀ ਨੂੰ ਪ੍ਰਵਾਸੀ ਨਾਲ ਵਿਆਹ ਕੇ ਪ੍ਰਦੇਸ ਭੇਜਣ ਦੀ ਖੁਸ਼ੀ ਸਹੇਜਣ ਲਈ ਆਪਣਾ ਸਭ ਕੁੱਝ ਗੁਆ ਬੈਠਦੇ ਹਨ। ਅਜਿਹੇ ਮਾਮਲਿਆਂ ਵਿੱਚ ਮਦਦ ਕਰਨ ਲਈ ਭਾਵੇਂ ਸ. ਬਲਵੰਤ ਸਿੰਘ ਰਾਮੂਵਾਲੀਆ ਵਲੋਂ ਕੁੱਝ ਉਦਮ ਕੀਤੇ ਜਾ ਰਹੇ ਹਨ। ਪਰ ਉਹ ਇਤਨੇ ਕਾਫ਼ੀ ਨਹੀਂ ਕਿ ਬਰਬਾਦੀ ਸਹੇੜ ਰਹੇ ਲੋਕਾਂ ਵਿੱਚ ਸੰਤੁਸ਼ਟਤਾ ਪੈਦਾ ਕਰ ਸਕਣ। ਇਸ ਸੰਕਟ ਦੇ ਲਗਾਤਾਰ ਮੰਡਰਾਉਂਦਿਆਂ ਰਹਿਣ ਦੇ ਸਬੰਧ ਵਿੱਚ ਜਦੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੇ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਵਿਚੋਂ ਉਭਰਨ ਵਿੱਚ ਵਿਦੇਸ਼ਾਂ ਵਿੱਚ ਸਥਿਤ ਗੁਰਦੁਆਰਿਆਂ ਦੇ ਪ੍ਰਬੰਧਕ ਬਹੁਤ ਹੀ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ, ਕਿ ਵਿਦੇਸ਼ਾਂ ਵਿਚਲੇ ਗੁਰਦੁਆਰੇ ਕੇਵਲ ਸਿੱਖਾਂ ਦੇ ਧਾਰਮ-ਅਸਥਾਨ ਹੀ ਨਹੀਂ ਹਨ, ਸਗੋਂ ਉਥੇ ਵਸਦੇ ਸਮੂਹ ਪੰਜਾਬੀਆਂ ਦੇ ਸਭਿਆਚਾਰਕ ਅਤੇ ਸੰਸਕ੍ਰਿਤਕ ਕੇਂਦਰ ਵੀ ਹਨ। ਜਿਥੇ ਇਕਤ੍ਰ ਹੋ ਕੇ ਉਹ ਆਪਣੀਆਂ ਸੱਮਸਿਆਵਾਂ ਬਾਰੇ ਵਿਚਾਰਾਂ ਕਰਦੇ ਅਤੇ ਉਨ੍ਹਾਂ ਨਾਲ ਨਜਿਠਣ ਦੇ ਉਪਾਅ ਖੋਜਦੇ ਹਨ। ਉਨ੍ਹਾਂ ਅਨੁਸਾਰ ਜੇ ਕੋਈ ਪੰਜਾਬੀ ਕਿਸੇ ਪ੍ਰਵਾਸੀ ਨਾਲ ਆਪਣੀ ਧੀ ਵਿਆਹੁਣੀ ਚਾਹੁੰਦਾ ਹੈ ਤਾਂ, ਉਸਨੂੰ, ਜਿਸ ਦੇਸ਼ ਦੇ ਜਿਸ ਇਲਾਕੇ ਵਿੱਚ ਉਹ ਪ੍ਰਵਾਸੀ ਵਸਦਾ ਹੈ, ਉਸ ਇਲਾਕੇ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਪਾਸੋਂ ਸਬੰਧਤ ਵਿਅਕਤੀ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਪ੍ਰਵਾਸੀ ਧੋਖੇ ਨਾਲ ਪੰਜਾਬੋਂ ਕਿਸੇ ਮੁਟਿਆਰ ਨੂੰ ਵਿਆਹ ਕੇ ਲੈ ਜਾਂਦਾ ਹੈ ਤੇ ਉਥੇ ਜਾ ਕੇ ਉਸਦੇ ਨਾਲ ਮਾੜਾ ਵਿਹਾਰ ਕਰਦਾ ਹੈ ਤਾਂ, ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੀੜਤ ਮੁਟਿਆਰ ਦੀ ਮਦਦ ਲਈ ਅਗੇ ਆਉਣਾ ਚਾਹੀਦਾ ਹੈ। ਜਸਟਿਸ ਸੋਢੀ ਅਨੁਸਾਰ ਜੇ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕ ਅਜਿਹੀਆਂ ਧੋਖੇ ਦਾ ਸ਼ਿਕਾਰ ਹੋਈਆਂ ਮੁਟਿਆਰਾਂ ਦੀ ਮਦਦ ਕਰਨ ਅਤੇ ਗੁਨਾਹਗਾਰਾਂ ਨੂੰ ਨੱਥ ਪਾਣ ਦੇ ਉਪਰਾਲੇ ਕਰਨ ਦੀ ਜ਼ਿਮੇਂਦਾਰੀ ਸੰਭਾਲਣ ਲਈ ਅਗੇ ਆ ਜਾਣ, ਤਾਂ ਪੰਜਾਬੀ ਮੁਟਿਆਰਾਂ ਦੇ ਨਾਲ ਪ੍ਰਵਾਸੀਆਂ ਵਲੋਂ ਕੀਤੀਆਂ ਜਾਣ ਵਲੀਆਂ ਧੋਖੇਬਾਜ਼ੀ ਦੀਆਂ ਘਟਨਾਵਾਂ ਨੂੰ ਕਿਸੇ ਹਦ ਤਕ ਠਲ੍ਹ ਪਾਈ ਜਾ ਸਕਦੀ ਹੈ।
(Mobile : +91 98 68 91 77 31)
.