.

“ਵਿਦਿਆ ਵੀਚਾਰੀ ਤਾਂ ਪਰਉਪਕਾਰੀ” (ਪੰ: ੩੫੬)

ਗੁਰਮਤਿ ਦੀ ਪੜ੍ਹਾਈ ਸੰਸਾਰਿਕ ਪੜ੍ਹਾਈ

“ਪੜਿਆ ਹੋਵੈ ਗੁਨਹਾਗਾਰੁ, ਤਾ” (ਪੰ: ੪੬੯)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਲੋੜ ਕਿਉਂ? ਗਹਿਰਾਈ ਤੋਂ ਵਿਚਾਰਿਆ ਜਾਵੇ ਤਾਂ ਪੜ੍ਹਾਈ, ਖਾਸ ਤੌਰ `ਤੇ ਗੁਰਬਾਣੀ ਦੀ ਪੜ੍ਹਾਈ ਤੇ ਸੋਝੀ ਬਾਰੇ ਅੱਜ ਕੌਮ ਦਾ ਵੱਡਾ ਹਿੱਸਾ ਕੁਰਾਹੇ ਪਿਆ ਹੈ। ਗੁਰਬਾਣੀ ਦੀ ਸੋਝੀ-ਵਿਚਾਰ ਵੱਲੋਂ ਕੌਮ ਘੂਕ ਸੁੱਤੀ ਪਈ ਹੈ। ਨਤੀਜਾ, ਅੱਜ ਪੜ੍ਹਾਈ-ਲਿਖਾਈ ਦੇ ਜੁੱਗ `ਚ ਜੇਕਰ ਸਿਖਾਂ `ਚੋਂ ਕੁੱਝ ਸੱਜਨ ਪੜ੍ਹਾਈ ਵੱਲ ਵੱਧਦੇ ਵੀ ਹਨ, ਫ਼ਿਰ ਉਹਨਾਂ `ਚੋਂ ਕੁੱਝ ਕੋਲ ਸੰਸਾਰਕ ਡਿੱਗਰੀਆਂ-ਡਿਪਲੋਮੇ, ਨਾਮਨੇ ਵੀ ਆ ਜਾਂਦੇ ਹਨ; ਤਾਂ ਉਹਨਾਂ ਦੀ ਦੌੜ ਉਥੋਂ ਤੀਕ ਹੀ ਰੁੱਕ ਜਾਂਦੀ ਹੈ, ਉਸ ਤੋਂ ਅੱਗੇ ਨਹੀਂ। ਉਸ ਤੋਂ ਅੱਗੇ ਗੁਰਬਾਣੀ ਸੋਝੀ ਰਾਹੀਂ ਜੀਵਨ `ਚ ਸੁਧਾਰ ਲਈ, ਗੁਰਬਾਣੀ ਦੀ ਪੜ੍ਹਾਈ ਵੱਲ ਉਹਨਾਂ ਦੀ ਸੋਚ ਜਾਂਦੀ ਹੀ ਨਹੀਂ। ਜਦਕਿ ਸੰਸਾਰਿਕ ਪੜਾਈ ਦੇ ਨਾਲ ਗੁਰਬਾਣੀ ਦੀ ਪੜਾਈ ਵੀ ਉਤਨੀ ਹੀ ਜ਼ਰੂਰੀ ਹੈ। ਕਿਉਂਕਿ ਗੁਰਬਾਣੀ ਦੀ ਪੜਾਈ ਬਿਨਾ ਤਾਂ ਕਿਸੇ ਦੇ ਜੀਵਨ `ਚ ਸੰਤੋਖ, ਪਰਉਪਕਾਰ, ਸਦਾਚਾਰ, ਕਰਤਾਰ ਦਾ ਨਿਰਮਲ ਭਉ ਆਦਿ ਇਲਾਹੀ ਗੁਣ ਆ ਹੀ ਨਹੀਂ ਸਕਦੇ। ਇਸ ਤਰਾਂ ਸਮਝਣਾ ਹੈ ਕਿ ਹਰੇਕ ਮਨੁੱਖ ਲਈ ਦੋਵੇਂ ਪੜ੍ਹਾਈਆਂ; ਸੰਸਾਰਿਕ ਪੜ੍ਹਾਈ ਵੀ ਤੇ ਗੁਰਮਤਿ ਦੀ ਪੜ੍ਹਾਈ ਵੀ ਇੱਕ ਦੂਜੀ ਦੀਆਂ ਪੂਰਕ ਵੀ ਹਨ ਤੇ ਜ਼ਰੂਰੀ ਵੀ।

ਇਸ ਲਈ ਜੇ ਚਾਹੁੰਦੇ ਹਾਂ ਕਿ ਅਸੀਂ ਸਫ਼ਲ ਦੁਨੀਆਦਾਰ, ਵਿਗਿਆਨਕ, ਡਾਕਟਰ, ਇੰਜੀਨੀਅਰ, ਇੰਡਸਟਰੀਲਿਅਸਟ, ਫ਼ੋਜੀ, ਦੁਕਾਨਦਾਰ ਆਦਿ ਸਾਬਤ ਹੋ ਸਕੀਏ। ਜੇ ਚਾਹੁੰਦੇ ਹਾਂ ਕਿ ਸੰਸਾਰ ਤੱਲ `ਤੇ ਪ੍ਰਾਪਤ ਅਕੇਡੈਮਿਕ ਡਿੱਗਰੀਆਂ, ਡਿਪਲੋਮੇ ਤੇ ਨਾਮਨਿਆਂ ਦੇ ਨਾਲ ਨਾਲ ਸੁਭਾਅ ਕਰਕੇ ਵੀ ਅਸੀਂ ਉੱਚ ਆਚਰਣ ਵਾਲੇ ਇਨਸਾਨ ਬਣੀਏ। ਸਾਡੇ ਸੁਭਾਅ ਅੰਦਰ ਪਰਉਪਕਾਰ, ਸੰਤੋਖ, ਸਦਾਚਾਰ ਅਦਿ ਗੁਣ ਪ੍ਰਵੇਸ਼ ਕਰਣ। ਜੀਵਨ ਅਉਗੁਣਾ, ਹਉਮੈ, ਵਿਕਾਰਾਂ, ਨਸ਼ਿਆਂ, ਵਿਭਚਾਰ, ਜੁਰਮਾਂ ਆਦਿ ਤੋਂ ਬਚਿਆ ਰਵੇ। ਜੇ ਚਾਹੁੰਦੇ ਹਾਂ ਕਿ ਅਸੀਂ ਧਾਰਮਿਕ ਠੱਗੀਆਂ, ਜਹਾਲਤਾਂ, ਵਹਿਮਾਂ, ਭਰਮਾਂ, ਤ੍ਰਿਸ਼ਨਾ, ਭਟਕਣਾਂ ਦਾ ਸ਼ਿਕਾਰ ਨਾ ਹੋਵੇ; ਤਾਂ ਇਸ ਸਾਰੇ ਦਾ ਇਕੋ ਹੱਲ ਹੈ, ਸੰਸਾਰਿਕ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਦੀ ਸੋਝੀ ਤੇ ਜੀਵਨ, ਜਿਸ ਦਾ ਕਿ ਪਹਿਲਾ ਪੜਾਅ ਹੀ ਗੁਰਬਾਣੀ ਦੀ ਪੜ੍ਹਾਈ ਹੈ। ਬਿਨਾ ਗੁਰਬਾਣੀ ਦੀ ਪੜ੍ਹਾਈ ਅਤੇ ਗੁਰਬਾਣੀ ਆਦੇਸ਼ਾਂ `ਤੇ ਅਮਲ ਕੀਤੇ ਜੀਵਨ ਦਾ ਗੁਣਵਾਣ, ਸੁਆਦਲਾ ਤੇ ਰਸੀਲਾ ਬਨਣਾ ਹੀ ਸੰਭਵ ਨਹੀਂ।

“ਸਚਾ ਸਉਦਾ ਹਟੁ ਸਚੁ” -ਗੁਰਬਾਣੀ ਹੀ ਸਿੱਖ ਲਈ ਜੀਵਨ ਜੀਉਣ ਦਾ ਢੰਗ ਹੈ। ਇਸ ਲਈ ਜੇ ਕਿਸੇ ਕੋਲ ਗੁਰਬਾਣੀ ਦੀ ਪੜ੍ਹਾਈ ਤੇ ਸੋਝੀ ਹੀ ਨਹੀਂ ਤਾਂ ਸਿੱਖ ਦੇ ਜੀਵਨ `ਚ ਬਾਣੀ ਅਨੁਸਾਰ ਜੀਵਨ ਜੀਉਣ ਦਾ ਢੰਗ ਆਵੇਗਾ ਹੀ ਕਿਸ ਰਸਤੇ? ਗੁਰੂ ਨਾਨਕ ਪਾਤਸ਼ਾਹ ਦੇ ਘਰ `ਚ ਤਾਂ ਬਾਣੀ ‘ਜਪੁ’ ਦੀ ਪਹਿਲੀ ਪਉੜੀ ਨੂੰ ਸਮਝਣ ਲਈ ਵੀ ਪੜਿਆ ਲਿਖਿਆ, ਗਿਆਨਵਾਨ, ਗੁਰਬਾਣੀ ਗਿਆਤਾ ਮਨੁੱਖ ਹੋਣਾ ਜ਼ਰੂਰੀ ਹੈ। ਅਜਿਹਾ ਸੱਜਨ ਜਿਹੜਾ “ਆਪਿ ਜਪਹੁ ਅਵਰਹ ਨਾਮੁ ਜਪਾਵਹੁ” (ਪੰ: ੨੯੦) ਅਨੁਸਾਰ ਆਪ ਵੀ ਗੁਰਬਾਣੀ ਸੋਝੀ ਅਨੁਸਾਰ ਗੁਰੂ ਜੀ ਦੇ ਹੁਕਮਾਂ `ਤੇ ਚਲਦਾ ਹੋਵੇ ਤੇ ਦੂਜਿਆਂ ਨੂੰ ਵੀ (ਫ਼ਿਰ ਭਾਵੇਂ ਅਨਪੜ੍ਹਾਂ ਨੂੰ ਵੀ) ਉਸ ਜੀਵਨ ਰਾਹੁ `ਤੇ ਤੋਰ ਸਕੇ।

ਦਰਅਸਲ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੀਕ ਸੰਪੂਰਣ ਬਾਣੀ ਦੀ ਇੱਕ ਇੱਕ ਪੰਕਤੀ, ਸਿੱਖ ਰਾਹੀਂ ਜੀਵਨ ਜੀਊਣ ਲਈ ਆਦੇਸ਼ ਹਨ, ਜੀਵਨ ਜੀਊਣ ਦਾ ਢੰਗ ਹਨ। ਫ਼ਿਰ ਗੁਰਬਾਣੀ `ਚ ਤਾਂ ਹਜ਼ਾਰਹਾਂ ਵਾਰੀ ਇਸ ਬਾਰੇ ਤਾਕੀਦ ਵੀ ਕੀਤੀ ਗਈ ਹੈ। ਇਸ ਲਈ ਜਿਸ ਗੁਰਬਾਣੀ ਚੋਂ ਬਾਣੀ ਜਪੁ ਦੀ ਪਹਿਲੀ ਪਉੜੀ ਦੇ ਅਰਥ ਵੀ ਅਣਪੜ੍ਹ ਤਾਂ ਕੀ ਅੱਜ ਦੇ ਬਹੁਤੇ ਪੜ੍ਹਿਆਂ-ਲਿਖਿਆਂ ਨੂੰ ਹੀ ਨਹੀਂ ਪਤਾ। ਇਸ ਤੋਂ ਬਾਅਦ ਬੇਸ਼ਕ ਅਜਿਹਾ ਤੇ ਅਜੋਕਾ ਪੜ੍ਹਿਆ ਲਿਖਿਆ ਸਿੱਖ, ਜਿਸ ਦੀ ਸੋਚ ਹੀ ਅਜੇ ਗੁਰਬਾਣੀ ਦੀ ਪੜ੍ਹਾਈ ਵੱਲ ਨਹੀਂ ਮੁੜੀ, ਉਹ ਚਾਹੇ ੩ਡਿਗਰੀਆਂ-ਡਿਪਲੋਮੇ ਤੇ ਸੰਸਾਰ ਤੱਲ `ਤੇ ਨਾਮਨਿਆਂ ਨੂੰ ਹੀ ਪ੍ਰਾਪਤ ਕਿਉਂ ਨਾ ਕਰਦਾ ਫ਼ਿਰੇ, ਗੁਰਬਾਣੀ ਦੇ ਖਜ਼ਾਨੇ `ਚੋਂ ਕੁੱਝ ਵੀ ਨਹੀਂ ਲੈ ਸਕਦਾ। ਇਸ ਤਰ੍ਹਾਂ ਜਦੋਂ ਅੱਜ ਪੜ੍ਹੇ ਲਿਖੇ ਸਿੱਖਾਂ ਦੀ ਹੀ ਇਹ ਹਾਲਤ ਹੈ ਤਾਂ ਅਨਪੱੜ੍ਹ ਸਿੱਖਾਂ ਦੀ ਹਾਲਤ ਕੀ ਹੋ ਸਕਦੀ ਹੈ? ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ। ਜਦਕਿ ਅੱਜ ਤਾਂ ਸਾਰਾ ਪੰਜਾਬ ਤੇ ਖਾਸਕਰ ਪੰਜਾਬ ਦੇ ਸਿੱਖਾਂ `ਚ ਤਾਂ ਅਣਪੜ੍ਹਤਾ ਹੀ ਪ੍ਰਧਾਨ ਹੈ।

ਗੁਰਬਾਣੀ ਦਾ ਖਜ਼ਾਨਾ, ਜਿਸ ਬਾਰੇ ਗੁਰਦੇਵ ਦਾ ਫ਼ੁਰਮਾਣ ਹੈ “ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: ੬੪੬) ਇਸ ਲਈ ਜਦ ਤੀਕ ਸਾਡੀ ਸੋਚਣੀ ਹੀ ਇਸ ਪਾਸੇ ਨਹੀਂ ਮੁੜੇਗੀ ਕਿ ਗੁਰਬਾਣੀ ਦਾ ਸਿੱਖ ਹੋਣ ਲਈ, ਸਾਡਾ ਪੜ੍ਹਿਆ-ਲਿਖਿਆ ਹੋਣ ਦੇ ਨਾਲ ਨਾਲ ਗੁਰਬਾਣੀ ਸੋਝੀ ਜੀਵਨ ਵਾਲਾ ਹੋਣਾ ਵੀ ਜ਼ਰੂਰੀ ਹੈ, ਗੱਲ ਨਹੀਂ ਬਣੇਗੀ। ਉਪ੍ਰੰਤ ਜੇਕਰ ਕੋਈ ਅਣਪੜ੍ਹ ਹੀ ਹੋਵੇ ਤੇ ਚਾਹੇ ਕਿ ਕਿਸੇ ਵੀ ਢੰਗ ਉਸ ਦੇ ਜੀਵਨ `ਚ ਵੀ ਗੁਰਬਾਣੀ ਸੋਝੀ ਤੇ ਰਹਿਣੀ ਆਵੇ ਤਾਂ ਉਸ ਨੂੰ ਵੀ ਮੁਬਾਰਕ ਹੈ। ਇਸ ਲਈ ਜਦ ਤੀਕ ਗੁਰਬਾਣੀ ਜੀਵਨ ਢੰਗ, ਸਾਡੀ ਰਹਿਣੀ `ਚ ਨਹੀਂ, ਅਸੀਂ ਗੁਰੂ ਜੀ ਦੇ ਅਖਉਤੀ ਜਾਂ ਜਜ਼ਬਾਤੀ ਸਿੱਖ ਤਾਂ ਹੋ ਸਕਦੇ ਹਾਂ ਪਰ ਜੀਵਨ ਕਰ ਕੇ ਅਸੀਂ “ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ” ਭਾਵ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਿੱਖ ਨਹੀਂ ਹੋ ਸਕਦੇ। ਗਹੁ ਨਾਲ ਵਿਚਾਰਿਆ ਜਾਵੇ ਤਾਂ ਅੱਜ ਸਾਡੀ ਸਮੁਚੀ ਕੌਮ ਨਾਲ ਸਭ ਤੋਂ ਵੱਡਾ ਇਹੀ ਦੁਖਾਂਤ ਵਾਪਰ ਰਿਹਾ ਹੈ। ਇਸੇ ਦੁਖਾਂਤ ਦੀ ਹੀ ਦੇਣ ਹੈ ਅੱਜ ਸਿੱਖ ਕੌਮ ਅੰਦਰ ਵੱਧ ਫੁਲ ਰਿਹਾ ਡੇਰਾਵਾਦ, ਗੁਰੂ ਡੰਮ ਉਪ੍ਰੰਤ ਪਤਿਤਪੁਣਾ ਤੇ ਗੁਣਾਂਹਾਂ ਭਰੇ ਨਸ਼ਿਆਂ ਦੇ ਗ਼ੁਲਾਮ ਜੀਵਨ।

ਮੂਰਖ ਪੰਡਿਤ ਹਿਕਮਤਿ ਹੁਜਤਿ” -ਦੱਸਾਂ ਹੀ ਪਾਤਸ਼ਾਹੀਆਂ ਤੀਕ ਸਿੱਖ ਧਰਮ ਦੇ ਪ੍ਰਚਾਰ `ਤੇ ਗੁਰਦੇਵ ਦਾ ਜ਼ਬਰਦਸਤ ਕੁੰਡਾ ਸੀ। ਦੂਜੇ ਪਾਸੇ ਗੁਰਬਾਣੀ ਗੁਰਮਤਿ ਦੀ ਪੜ੍ਹਾਈ ਵਾਲੀ ਗੱਲ ਤਾਂ ਦੂਰ, ਅੱਜ ਪੰਥ ਦੀ ਵਾਗਡੋਰ ਬਹੁਤਾ ਕਰਕੇ ਉਹਨਾਂ ਪ੍ਰਚਾਰਕਾਂ ਦੇ ਹੱਥ ਹੈ ਜੋ ਜਾਂ ਤਾਂ ਸੰਸਾਰਿਕ ਤੱਲ `ਤੇ ਹੈਣ ਹੀ ਅਣਪੜ੍ਹ। ਇਸ ਤੋਂ ਬਾਅਦ ਜੇ ਉਹਨਾਂ `ਚ ਕੁੱਝ ਪ੍ਰਚਾਰਕ, ਕਥਾਕਾਰ ਆਦਿ ਪੜ੍ਹੇ ਲਿਖੇ ਵੀ ਹੈਣ ਤਾਂ ਵੀ ਕੁਲ ਮਿਲਾ ਕੇ ਸਾਡੇ ਸਿੱਖੀ ਪ੍ਰਚਾਰ `ਤੇ ਉਹ ਤੰਤ੍ਰ ਛਾਇਆ ਹੋਇਆ ਹੈ ਜਿਨ੍ਹਾਂ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ “ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ” (ਪੰ: ੪੬੯)। ਇਸ ਤੋਂ ਬਾਅਦ ਗੱਲ ਆਉਂਦੀ ਹੈ ਚੋਣਾਂ ਰਾਹੀਂ ਅੱਗੇ ਆਏ ਹੋਏ ਉਹਨਾਂ ਪ੍ਰਬੰਧਕਾਂ ਦੀ, ਜੋ ਵਿਰਲਿਆਂ ਨੂੰ ਛੱਡ ਕੇ, ਬਾਕੀ ਜੋ ਪ੍ਰਚਾਰ ਪ੍ਰਬੰਧ `ਤੇ ਮੌਜੂਦਾ ਪ੍ਰਚਾਰਕਾਂ ਲਈ ਛੱਤ ਦਾ ਕੰਮ ਕਰ ਰਹੇ ਹਨ, ਉਹਨਾਂ ਦੀ ਦੇਣ ਤੇ ਪ੍ਰਬੰਧ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ!

ਇਸੇ ਦਾ ਨਤੀਜਾ ਹੈ ਕਿ ਅੱਜ ਸਾਡੀ ਕੌਮ `ਚ ਬਹੁਤਾ ਕਰਕੇ ਮੌਜੂਦਾ ਪ੍ਰਚਾਰਕਾਂ ਵਿਚੋਂ ਹੀ ਅਜਿਹੇ ਸੱਜਨ ਵੀ ਹਨ ਜੋ ਗੁਰਬਾਣੀ `ਚੋਂ ਹੀ ਪੰਕਤੀਆਂ ਚੁੱਕ-ਚੁੱਕ ਕੇ ਇਸ ਗੱਲ ਦੀ ਵਕਾਲਤ ਹੀ ਨਹੀਂ ਬਲਕਿ ਪ੍ਰਚਾਰ ਤੀਕ ਕਰਦੇ ਹਨ ਕਿ ਗੁਰਬਾਣੀ ਸਤਿਕਾਰ ਲਈ, ਗੁਰਬਾਣੀ ਪ੍ਰਚਾਰ ਲਈ ਤਾਂ ਪੜ੍ਹੇ ਲਿਖੇ ਹੋਣ ਦੀ ਲੋੜ ਹੀ ਨਹੀਂ; ਇਥੇ ਤਾਂ ਖਾਲੀ ਨਿਸ਼ਚਾ ਤੇ ਸ਼ਰਧਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਜੋ ਖਾਸ ਪੰਕਤੀਆਂ ਅਜਿਹੇ ਗ਼ਲਤ ਪ੍ਰਭਾਵ ਤੇ ਗ਼ਲਤ ਅਰਥਾਂ `ਚ ਵਰਤੀਆਂ, ਪ੍ਰਚਾਰੀਆਂ ਜਾ ਰਹੀਆਂ ਹਨ; ਇਹ ਦਸਣ ਲਈ ਕਿ ਗੁਰਬਾਣੀ ਦੇ ਪ੍ਰਚਾਰ ਤੇ ਜੀਵਨ ਲਈ ਮਨੁੱਖ ਦਾ ਪੜ੍ਹਿਆ ਹੋਣਾ ਜ਼ਰੂਰੀ ਹੀ ਨਹੀਂ ਉੇਨ੍ਹਾਂ `ਚੋਂ ਕੁੱਝ ਪੰਕਤੀਆਂ ਹਨ ਜਿਵੇਂ “ਪੜਣਾ ਗੁੜਣਾ ਸੰਸਾਰ ਕੀ ਕਾਰ ਹੈ. . (ਪੰ: ੬੫੦), “ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ ਪਰਮ ਗਤਿ ਪਾਵੈ” (ਪੰ: ੧੯੭) “ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰ” (ਪੰ: ੧੪੦) “ਲਿਖਿ ਲਿਖਿ ਪੜਿਆ॥ ਤੇਤਾ ਕੜਿਆ” (ਪੰ: ੪੬੭) “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ” (ਪੰ: ੬੫੫) “ਪੜਿ ਪੜਿ ਲੂਝਹਿ ਬਾਦੁ ਵਖਾਣਹਿ, ਮਿਲਿ ਮਾਇਆ ਸੁਰਤਿ ਗਵਾਈ… “(ਪੰ: ੧੧੩੧)।

ਕਾਸ਼ ਜੇਕਰ ਸਬੰਧਤ ਸੱਜਨ ਵੀ ਗੁਰਬਾਣੀ ਅਰਥਾਂ ਬਾਰੇ ਸੋਝੀ ਰਖਦੇ ਹੁੰਦੇ ਤਾਂ ਉਹ ਵੀ ਗੁਰਬਾਣੀ ਬਾਰੇ ਅਜਿਹਾ ਗ਼ਲਤ ਪ੍ਰਚਾਰ ਕਦੇ ਨਾ ਕਰਦੇ। ਇਥੋਂ ਤੀਕ ਕਿ ਉਹਨਾਂ ਸਾਰੀਆਂ ਪੰਕਤੀਆਂ ਜਿਨ੍ਹਾਂ ਦਾ ਉਹ ਹਵਾਲਾ ਦਿੰਦੇ ਹਨ, ਜੇਕਰ ਉਹ ਸੱਜਨ ਖੁਦ ਤੇ ਇਮਾਨਦਾਰੀ ਨਾਲ, ਪ੍ਰਕਰਣ ਅਨੁਸਾਰ ਲੈ ਲੈਣ, ਤਾਂ ਉਹਨਾਂ ਨੂੰ ਅਜਿਹੀ ਇੱਕ ਪੰਕਤੀ ਵੀ ਨਹੀਂ ਮਿਲੇਗੀ ਜਿੱਥੇ ਗੁਰਬਾਣੀ ਸੋਝੀ ਲਈ, ਪੜ੍ਹਾਈ ਦਾ ਵਿਰੋਧ ਕੀਤਾ ਹੋਵੇ ਜਾਂ ਪੜ੍ਹਾਈ ਨੂੰ ਸਿੱਖ ਲਈ ਜ਼ਰੂਰੀ ਨਾ ਕਿਹਾ ਹੋਵੇ। ਬਲਕਿ ਸਬੰਧਤ ਸ਼ਬਦਾਂ `ਚ ਵਿਰੋਧ ਕੀਤਾ ਹੈ ਤਾਂ ਕੇਵਲ ਇਸ ਗੱਲ ਦਾ ਕਿ ਪੜ੍ਹਾਈ ਦੇ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਨੂੰ ਭੁਲਾਅ ਕੇ ਪੜ੍ਹਾਈ ਕਰਣ ਨਾਲ ਮਨੁੱਖ ਦੇ ਸੁਭਾਅ ਅੰਦਰ ਹਉਮੈ, ਵਿਕਾਰ, ਗੁਣਾਹ, ਠੱਗੀਆਂ, ਹੇਰਾਫ਼ੇਰਿਆਂ, ਵਿਤਕਰਿਆਂ ਆਦਿ ਦਾ ਹੀ ਵਾਧਾ ਹੁੰਦਾ ਹੈ।

“ਜੋ ਗੁਰੁ ਕਹੈ ਸੋਈ ਭਲ ਮਾਨਹੁ” -ਦੇਖਣ ਦੀ ਗੱਲ ਹੈ ਅੱਜ ਅਸੀਂ ਜੀਵਨ ਦੇ ਜਿਸ ਦੌਰ ਚੋਂ ਨਿਕਲ ਰਹੇ ਹਾਂ ਅਸਲ `ਚ ਇਹ ਪੜ੍ਹਾਈ-ਲਿਖਾਈ ਦਾ ਹੀ ਯੁਗ ਹੈ। ਹੋਰ ਤਾਂ ਹੋਰ, ਅੱਜ ਕੋਈ ਅਨਪੜ੍ਹ ਬੰਦਾ ਤਾਂ ਬਜ਼ਾਰ ਜਾ ਕੇ ਆਪਣੀ ਲੋੜ ਦੀ ਜ਼ਰੂਰੀ ਤੋਂ ਜ਼ਰੂਰੀ ਵਸਤ ਵੀ ਨਹੀਂ ਖ਼ਰੀਦ ਸਕਦਾ। ਕੰਪਿਊਟਰ ਨੇ ਤਾਂ ਮਨੁੱਖ ਦੇ ਜੀਵਨ `ਚ ਪੜ੍ਹਾਈ ਪੱਖੋਂ ਹੋਰ ਵੀ ਵੱਡਾ ਨਿਕਲਾਬ ਲੈ ਆਂਦਾ ਹੈ। ਫ਼ਿਰ ਵੀ ਕੀ ਕਾਰਨ ਹੈ ਕਿ ਭਾਰਤ ਦੇ ਹੀ ਬੰਗਾਲ, ਮਦਰਾਸ ਆਦਿ ਦੂਜੇ ਪ੍ਰਾਂਤਾਂ ਦੇ ਵਾਸੀ ਤਾਂ ਪੜ੍ਹੇ ਲਿਖੇ ਹਨ ਪਰ ਪੰਜਾਬ, ਜਿਥੇ ਕਿ ਧੁਰ ਕੀ ਬਾਣੀ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਹੋਇਆ, ਉਥੋਂ ਦੇ ਲੋਕ ਤੇ ਖਾਸ ਕਰ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਹੀ ਬਹੁਤਾ ਕਰ ਕੇ ਅਨਪੜ੍ਹ ਬੈਠੇ ਹਨ? ਜਦਕਿ ਪੰਜਾਬ ਦਾ ਇੱਕ ਇੱਕ ਵਾਸੀ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਸੀ ਤਾਕਿ ਆਪਣੇ ਗੁਰੂ ਦੇ ਹੁਕਮਾਂ ਨੂੰ ਸਮਝ ਕੇ ਜੀਵਨ `ਚ ਢਾਲ ਸਕੇ।

ਅੱਜ ਸਿੱਖਾਂ `ਚ ਬਲਕਿ ਅਜਿਹੇ ਸੱਜਨ ਬਹੁਤੇ ਹਨ ਜੋ ਗੁਰਦੁਆਰੇ ਜਾ ਕੇ ਵੱਧ ਤੋਂ ਵੱਧ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਇਸ ਤਰ੍ਹਾਂ ਮੱਥਾ ਟੇਕ ਕੇ ਘਰਾਂ `ਚ ਵਾਪਸ ਆ ਜਾਂਦੇ ਹਨ ਜਿਵੇਂ ਕਿ ਦੂਜੇ ਲੋਕ ਮੂਰਤੀਆਂ-ਪੱਥਰਾਂ ਆਦਿ ਅੱਗੇ। ਕਾਰਨ ਇਕੋ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਨਹੀਂ ਸਮਝਾਇਆ ਹੁੰਦਾ ਕਿ “ਗੁਰੂ ਨਾਨਕ-ਕਲਗੀਧਰ ਜੀ” ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਮੱਥਾ ਟੇਕਿਆ ਤਾਂ ਹੀ ਪ੍ਰਵਾਣ ਹੋਣਾ ਹੈ ਜੇਕਰ ਉਹ ਸੱਜਨ ਗੁਰਬਾਣੀ ਚੋਂ ਸਤਿਗੁਰਾਂ ਦੇ ਆਦੇਸ਼ਾਂ ਨੂੰ ਸਮਝਣ ਤੇ ਉਹਨਾਂ `ਤੇ ਅਮਲ ਕਰਣ। ਕਿਉਂਕਿ ਇਥੇ ਮਥਾ ਟੇਕਣਾ ਤਾਂ ਉਹਨਾਂ ਦਾ ਹੀ ਪ੍ਰਵਾਣ ਹੈ “ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ” (ਪੰ: ੬੬੯)। ਇਥੇ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਇੱਕ ਇੱਕ ਪੰਕਤੀ, ਗੁਰੂ ਸਾਹਿਬ ਦੇ ਸਿੱਖਾਂ ਤੇ ਸਤਿਸੰਗੀਆਂ ਲਈ ਆਦੇਸ਼ ਤੇ ਹੁਕਮ ਹਨ। ਗੁਰਦੇਵ ਦਾ ਫ਼ੁਰਮਾਨ ਹੈ “ਸੋ ਸਿਖੁ ਸਦਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ, ਵਿਛੁੜਿ ਚੋਟਾ ਖਾਵੈ” (ਪੰ: ੬੦੧)। ਇਸ ਤਰ੍ਹਾਂ ਗੁਰਬਾਣੀ `ਚ ਹੀ ਇਹ ਹਿਦਾਇਤਾਂ ਹਨ ਕਿ ਸਿੱਖ ਨੇ ਕੀ ਕਰਣਾ ਹੈ, ਕੀ ਨਹੀਂ ਕਰਣਾ ਤੇ ਬਚਣਾ ਕਿਥੋਂ ਹੈ। ਗੁਰਦੇਵ ਨੇ ਤਾਂ ਗੁਰਬਾਣੀ ਰਾਹੀਂ ਇਸ ਵਿਸ਼ੇ `ਤੇ ਬੇਅੰਤ ਤੇ ਸਪਸ਼ਟ ਆਦੇਸ਼ ਦਿੱਤੇ ਹੋਏ ਹਨ, ਪਰ ਸਮਝ ਤਾਂ ਉਸੇ ਨੂੰ ਆਵੇਗੀ ਜੋ ਗੁਰਬਾਣੀ ਨੂੰ ਵਿਚਾਰੇ ਤੇ ਅਮਲ `ਚ ਲਿਆਵੇਗਾ। ਇਸ ਦੇ ਉਲਟ ਜਿਹੜਾ ਮਨੁੱਖ ਕੇਵਲ ਮੱਥਾ ਟੇਕਣ ਤੀਕ ਹੀ ਸੀਮਿਤ ਹੈ, ਗੁਰਬਾਣੀ ਨੂੰ ਪੜ੍ਹਣ ਤੇ ਸਮਝਣ ਦੀ ਲੋੜ ਹੀ ਨਹੀਂ ਸਮਝਦਾ, ਜਾਂ ਗੁਰਮਤਿ ਵਿਰੁਧ ਕਰਮ ਭਾਵ ਸੁਖਣਾ, ਕਾਮਨਾਵਾਂ ਤੇ ਮੰਗਾ ਲਈ ਹੀ ਗੁਰਬਾਣੀ ਵਾਲੇ ਰੱਬੀ ਸੱਚ ਨੂੰ ਵਰਤ ਰਿਹਾ ਹੈ, ਤਾਂ ਉਸ ਨੂੰ ਗੁਰੂ ਸਾਹਿਬ ਦੇ ਆਦੇਸ਼ਾ ਦੀ ਸਮਝ ਆਵੇਗੀ ਵੀ ਤਾਂ ਕਿਵੇਂ?

ਪੰਥ ਨਾਲ ਵਾਪਰ ਰਿਹਾ ਦੁਖਾਂਤ- ਅੱਜ ਕੌਮ ਦਾ ਦੁਖਾਂਤ ਹੈ ਕਿ ਸਮੂਚੀ ਅਣਪੜ੍ਹਤਾ ਅੱਜ ਕੇਵਲ ਪੰਜਾਬ ਤੇ ਖਾਸਕਰ ਸਿੱਖਾਂ `ਚ ਹੀ ਹੈ? ਸਿੱਖਾਂ ਅੰਦਰ ਅਨਪੜ੍ਹਤਾ ਪੈਦਾ ਕਰਣ ਤੋਂ ਬਾਅਦ, ਸਿੱਖ ਨੂੰ ਗੁਰਬਾਣੀ ਸੋਝੀ ਤੋਂ ਦੂਰ ਕਿਵੇਂ ਤੇ ਕਿਨ੍ਹਾਂ ਨੇ ਕੀਤਾ? ਸਿੱਖ ਦੀ ਸੋਚਣੀ ਨੂੰ ਇਨਾਂ ਵੱਧ ਸੀਮਿਤ ਕਰਣ ਦੇ ਦੋਸ਼ੀ ਕੌਣ ਹਨ? ਜਿਨ੍ਹਾਂ ਸਿੱਖ ਦੇ ਜੀਵਨ ਨੂੰ ਇਥੇ ਲਿਆ ਖੜਾ ਕੀਤਾ ਕਿ ਉਹ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਮੁੱਖ ਕੇਵਲ ਮੱਥਾ ਟੇਕ ਕੇ ਹੀ ਤਸੱਲੀ ਕਰ ਲੈਣ ਕਿ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ `ਚ ਹਾਜ਼ਰੀ ਲੁਆ ਲਈ ਹੈ ਜਾਂ ਗੁਰਦੁਆਰੇ ਮੱਥਾ ਟੇਕ ਆਏ ਹਨ। ਬੱਸ! ਇਸ ਤੋਂ ਹੀ ਉਹ ਆਪਣੇ ਆਪ ਨੂੰ ਸੱਚਾ ਸਿੱਖ ਹੋਣ ਦੀ ਤਸੱਲੀ ਵੀ ਕਰ ਲੈਂਦੇ ਹਨ। ਜਦਕਿ ਸਿੱਖ ਲਈ ਗੁਰਬਾਣੀ ਦਾ ਆਦੇਸ਼ ਹੈ “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ, ਹਰਿ ਕਰਤਾ ਆਪਿ ਮੁਹਹੁ ਕਢਾਏ” (ਪੰ: ੩੦੮) ਅਤੇ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ” (ਪੰ: ੬੬੭)। ਸਪਸ਼ਟ ਹੈ ਕਿ ਗੁਰਬਾਣੀ ਨੂੰ ਸਤਿ ਸਤਿ ਕਰਕੇ ਮੰਣੇਗਾ ਤੇ “ਚਲਹੁ ਗੁਰ ਚਾਲੀ” ਅਨੁਸਾਰ ਗੁਰੂ ਜੀ ਦੇ ਹੁਕਮਾਂ-ਆਦੇਸ਼ਾਂ `ਤੇ ਚੱਲੇ ਗਾ ਕੌਣ? ਜਿਸ ਸੱਜਨ ਦੀ ਸੀਮਾਂ ਹੀ ਮੱਥਾ ਟੇਕਣ ਤੀਕ ਹੈ, ਉਸ ਨੂੰ ਕਿਵੇਂ ਪਤਾ “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ. .” ਕੀ ਹੈ ਤੇ “ਗੁਰਸਿਖ ਮੀਤ ਚਲਹੁ ਗੁਰ ਚਾਲੀ” ਕੀ ਹੈ? ਜਿਸ ਮਨੁੱਖ ਨੇ ਕੇਵਲ ਮੱਥਾ ਹੀ ਟੇਕਿਆ ਤੇ ਉਸ ਤੋਂ ਵਧ ਕੁੱਝ ਨਹੀਂ, ਉਸ ਨੂੰ ਕਿਵੇਂ ਪਤਾ ਕਿ ਗੁਰਬਾਣੀ ਉਸ ਨੂੰ ਕੀ ਜੀਵਨ ਰਾਹ ਦੇ ਰਹੀ ਹੈ ਤੇ ਕਿਥੋਂ ਕਿਥੋਂ ਬਚਾਅ ਰਹੀ ਹੈ? ਦੂਜਾ, ਕੀ ਗੁਰਬਾਣੀ ਦੀ ਇਹ ਪੜ੍ਹਾਈ, ਸੰਸਾਰਿਕ ਪੜ੍ਹਾਈ ਬਿਨਾ ਸੰਭਵ ਵੀ ਹੈ? ਕਦਾਚਿਤ ਨਹੀਂ। –ਮਤਲਬ, ਕਿ ਸਿੱਖ ਨੇ ਪੱਕੇ ਤੌਰ `ਤੇ ਦੌਵੇਂ ਪੜ੍ਹਾਈਆਂ ਬਰਾਬਰੀ `ਤੇ ਕਰਣੀਆਂ ਹਨ ਸੰਸਾਰਕ ਪੜ੍ਹਾਂਈ ਵੀ ਤੇ ਗੁਰਬਾਣੀ ਦੀ ਪੜ੍ਹਾਈ ਵੀ। ੳੇੁਸ ਨੇ ਸਿਖਿਆ ਗੁਰਬਾਣੀ ਗੁਰੂ ਕੋਲੋਂ ਲੈਣੀ ਹੈ ਤੇ ਉਸ ਸਿਖਿਆ ਨੂੰ ਵਰਤਣਾ ਹੈ ਸੰਸਾਰਿਕ ਵਿਦਿਆ ਦਾ ਲਾਭ ਲੈ ਕੇ, ਆਪਣੇ ਜੀਵਨ `ਚ।

ਗੁਰਸਿੱਖ ਦੇ ਜੀਵਨ ਦਾ ਮਿਆਰ ਇਸ ਪੱਖੋਂ ਇਨਾਂ ਵੱਧ ਕਿਵੇਂ ਡਿੱਗ ਪਿਆ? ਸਿੱਖ ਦੇ ਜੀਵਨ `ਚ ਗੁਰਬਾਣੀ ਜੀਵਨ ਜਾਚ ਪੱਖੋਂ ਏਡਾ ਨਿਘਾਰ ਕਿਵੇਂ ਆ ਗਿਆ? ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਵਾਰਿਸ ਕਹਿਣ ਤੇ ਮੰਨਣ ਵਾਲਾ ਸਿੱਖ, ਅੱਜ ਗੁਰਬਾਣੀ ਸੋਝੀ ਤੇ ਜੀਵਨ ਤੋਂ ਇਨਾਂ ਦੁਰੇਡੇ ਕਿਵੇਂ ਚਲਾ ਗਿਆ? ਇਸ ਵਿਸ਼ਾ ਨੂੰ ਕਿਸੇ ਹਦ ਤੀਕ ਅਸੀਂ ਗੁਰਮਤਿ ਪਾਠ ਨੰ: ੭੭ “ਅੱਜ ਗੁਰਬਾਣੀ ਤੋਂ ਫ਼ਾਸਲਾ ਕਿਉਂ? `ਚ ਦੇ ਚੁੱਕੇ ਤੇ ਕੁੱਝ ਹੋਰ ਪੱਖਾਂ ਨੂੰ ਵੀ ਵੱਖਰੇ ਤੌਰ `ਤੇ ਲਿਆ ਜਾਵੇਗਾ। ਜਦਕਿ ਹੱਥਲੇ ਗੁਰਮਤਿ ਪਾਠ ਦਾ ਵਿਸ਼ਾ ਕੇਵਲ ਇਸ ਸੱਚ ਨੂੰ ਗੁਰਬਾਣੀ ਆਧਾਰ `ਤੇ ਪੜਚੋਲਣਾ ਹੈ ਕਿ ਅੱਜ ਜੇਕਰ ਸਿੱਖ ਬਹੁਤਾ ਕਰਕੇ ਅਣਪੜ੍ਹ ਹੈ ਉਪ੍ਰੰਤ ਸੰਸਾਰਿਕ ਪੜ੍ਹਾਈ ਕਰਣ ਤੋਂ ਬਾਅਦ ਵੀ, ਗੁਰਬਾਣੀ ਦੀ ਪੜ੍ਹਾਈ ਤੇ ਜੀਵਨ ਬਾਰੇ ਇਨਾਂ ਅਵੇਸਲਾ ਹੈ (Care less towards Gurbani Study & Gurbani Education) ਤਾਂ ਇਸ ਤੋਂ ਉਹ ਕੇਵਲ ਆਪਣੇ ਨਾਲ ਹੀ ਨਹੀਂ, ਬਲਕਿ ਆਪਣੇ ਪ੍ਰਵਾਰ ਤੇ ਸਬੰਧੀਆਂ ਨਾਲ ਵੀ ਵੱਡਾ ਗੁਣਾਹ ਕਰ ਰਿਹਾ ਹੈ? ਇਸ ਤੋਂ ਵੱਧ ਉਹ ਜਿਸ ਸਿੱਖ ਕੌਮ ਦਾ ਨੁਮਾਇੰਦਾ ਹੈ ਭਾਵ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤਾਂ ਇਸ ਤਰ੍ਹਾਂ ਪੰਥ ਪ੍ਰਤੀ ਵੀ ਉਹ ਕਿਨਾਂ ਵੱਡਾ ਗੁਣਹਾਗਾਰ ਅਤੇ ਪੰਥ ਦਾ ਦੇਣਦਾਰ ਹੈ। ਦਰਅਸਲ ਹੱਥਲੇ ਗੁਰਮਤਿ ਪਾਠ ਰਾਹੀਂ ਤਾਂ ਅਸਾਂ, ਗੁਰਬਾਣੀ ਸੇਧ ਤੇ ਰੋਸ਼ਨੀ `ਚ ਇਸ ਸੀਮਾਂ ਤੀਕ ਹੀ ਆਪਣੇ ਆਪ ਨੂੰ ਘੋਖਣਾ ਹੈ ਕਿ ਗੁਰਬਾਣੀ `ਚ ਮਨੁੱਖ ਲਈ ਗੁਰਬਾਣੀ ਦੀ ਪੜ੍ਹਾਈ ਤੇ ਸੰਸਾਰਿਕ ਪੜ੍ਹਾਈ ਲਈ ਵੱਖ ਵੱਖ ਸੇਧ ਹੈ ਕੀ?

“ਵਿਦਿਆ ਵੀਚਾਰੀ ਤਾਂ ਪਰਉਪਕਾਰੀ” –-ਦਰਅਸਲ ਅਸੀਂ ਇਸ ਵਿਸ਼ੇ ਨੂੰ ਸਮਝਣ ਲਈ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ “ਆਸਾ ਮਹਲਾ ੧ ਚਉਪਦੇ॥ ਵਿਦਿਆ ਵੀਚਾਰੀ ਤਾਂ, ਪਰਉਪਕਾਰੀ॥ ਜਾਂ ਪੰਚ ਰਾਸੀ ਤਾਂ, ਤੀਰਥ ਵਾਸੀ॥ ੧॥ ਘੁੰਘਰੂ ਵਾਜੈ ਜੇ, ਮਨੁ ਲਾਗੈ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ॥ ੧॥ ਰਹਾਉ॥ ਆਸ ਨਿਰਾਸੀ ਤਉ, ਸੰਨਿਆਸੀ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ॥ ੨॥ ਦਇਆ ਦਿਗੰਬਰੁ ਦੇਹ ਬੀਚਾਰੀ॥ ਆਪਿ ਮਰੈ ਅਵਰਾ ਨਹ ਮਾਰੀ॥ ੩॥ ਏਕੁ ਤੂ ਹੋਰਿ ਵੇਸ ਬਹੁਤੇਰੇ॥ ਨਾਨਕੁ ਜਾਣੈ ਚੋਜ ਨ ਤੇਰੇ॥ ੪॥ ੨੫॥” (ਪੰਨਾ ੩੫੬) `ਤੇ ਹੀ ਓਪਰੀ ਜਹੀ ਨਜ਼ਰ ਮਾਰਾਂਗੇ। ਤਾਕਿ ਸਾਡੀ ਸਮਝ `ਚ ਅਸਲ ਗੱਲ ਆ ਸਕੇ। ਇਥੇ ਕੇਵਲ ਸਬੰਧਤ ਪੰਕਤੀ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਹੀ ਨਹੀਂ ਬਲਕਿ ਜਦ ਤੀਕ ਸਾਰੇ ਸ਼ਬਦ `ਚ ਅਤੇ ਇਸ ਦੇ ਰਹਾਉ ਵਾਲੇ ਬੰਦ ਨੂੰ ਧਿਆਣ ਨਾਲ ਨਹੀਂ ਵਾਚਾਂਗੇ ਤਾਂ ਕੁਰਾਹੇ ਹੀ ਪਏ ਰਵਾਂਗੇ। ਉਪ੍ਰੰਤ ਜਦੋਂ ਸ਼ਬਦ `ਚੋਂ ਇਮਾਨਦਾਰੀ ਨਾਲ ਤੇ ਪ੍ਰਕਰਣ ਅਨੁਸਾਰ ਦੇਖਾਂਗੇ ਤਾਂ ਕੋਈ ਭੁਲੇਖਾ ਹੀ ਨਹੀਂ ਰਹਿ ਜਾਵੇਗਾ। ਕਿਉਂਕਿ ਹਰੇਕ ਬੰਦ `ਚ ਪਾਤਸ਼ਾਹ ਰਾਹੀਂ ਵਿਸ਼ਾ ਦੇਣ ਦਾ ਢੰਗ ਇਕੋ ਹੀ ਹੈ ਅਤੇ ਹਰੇਕ ਬੰਦ `ਚ ਸ਼ਰਤ ਲਗਾਈ ਹੈ ਜਿਵੇਂ (ੳ) “… ਜੇ ‘ਮਨੁ ਲਾਗੈ’ ਤਾਂ”, ਭਾਵ ਸ਼ਰਤ ਇਹ, ਜੇਕਰ ਲਿਵ ਪ੍ਰਭੂ `ਚ ਜੁੜ ਜਾਵੇ ਤਾਂ, ਬਿਨਾ ਉਸ ਦੇ ਨਹੀਂ। ਅਸਲ `ਚ ਇਹੀ ਹੈ ਮਨ `ਚ ਘੁਗਰੁਆਂ ਦਾ ਵਜਣਾ ਭਾਵ ਅਨੰਦ ਮਈ ਰੱਬੀ ਸੰਗੀਤ ਦਾ ਵਜਣਾ (ਅਨਹਦਨਾਦ)। ਨਹੀਂ ਤਾਂ ਦਿਖਾਵੇ ਲਈ ‘ਘੁੰਘਰੂ ਬੰਨਣੇ ਤੇ ਵਜਾਉਣੇ ਬੇਅਰਥ ਹਨ, ਪ੍ਰਭੂ ਦਰ `ਤੇ ਉਹਨਾਂ ਘੁਗਰੂਆਂ ਦਾ ਕੋਈ ਮੁੱਲ ਨਹੀਂ’। (ਅ) ਜੇਕਰ ਜੀਵਨ `ਚ ਮਨੁੱਖ “ਆਸ ਨਿਰਾਸੀ ਤਉ. .” ਭਾਵ ਆਸਾ ਮਨਸਾ ਤੋਂ ਆਜ਼ਾਦ ਹੋ ਗਿਆ, ਤਾਂ ਇਹੀ ਹੈ ਉਸ ਦਾ ਅਸਲ `ਚ ਸਨਿਆਸੀ ਹੋਣਾ। ਨਹੀਂ ਤਾਂ ਘਰ ਪ੍ਰਵਾਰ ਤਿਆਗ ਕੇ ਜੰਗਲਾ `ਚ ਜਾਣਾ, ਭੇਖ ਧਾਰਣ ਕਰਣੇ, ਪ੍ਰਭੂ ਦਰ `ਤੇ ਸਨਿਆਸੀ ਹੋ ਬਣ ਨਹੀਂ। ਇਸ ਤਰ੍ਹਾਂ ਇਸ ਬੰਦ `ਚ ‘ਤਉ’ ਵਾਲੀ ਸ਼ਰਤ ਹੈ। (ੲ) ਵਿਕਾਰਾਂ ਤੋਂ ਸਰੀਰ ਨੂੰ ਬਚਾਉਣਾ ਹੀ ਅਸਲ `ਚ ਜੋਗੀ ਹੋਣਾ ਹੈ ਨਹੀਂ ਤਾਂ … ਇਸੇ ਤਰ੍ਹਾਂ ਸਾਰੇ ਬੰਦਾਂ `ਚ ਇਹੀ ਨਿਯਮ ਚਲ ਰਿਹਾ ਹੈ। ਉਪ੍ਰੰਤ “ਵਿਦਿਆ ਵੀਚਾਰੀ ਤਾਂ, ਪਰਉਪਕਾਰੀ” ਵਾਲੇ ਬੰਦ `ਚ ਵੀ ਵਿਦਿਆ (ਪੜ੍ਹਾਈ) ਬਾਰੇ ਇਹੀ ਨਿਯਮ ਲਾਗੂ ਹੋ ਰਿਹਾ ਹੈ। ਇਥੇ ਵੀ ‘ਤਾਂ’ ਵਾਲੀ ਸ਼ਰਤ ਹੈ। ਗੁਰਦੇਵ ਫ਼ੁਰਮਾਅ ਰਹੇ ਹਨ ਕਿ ਪੜ੍ਹਾਈ ਕਰਣੀ ਵੀ ਤਾਂ ਹੀ ਸਫ਼ਲ ਹੈ ਜੇਕਰ ਪੜ੍ਹਾਈ ਕਰਣ ਨਾਲ ਜੀਵਨ ਅੰਦਰ ਪਰਉਪਕਾਰ ਆਦਿ ਇਲਾਹੀ ਗੁਣ ਪੈਦਾ ਹੋਣ। ਭਾਵ ਅਜਿਹੇ ਰੱਬੀ ਮਕਸਦ ਬਿਨਾ ਕੀਤੀ ਪੜ੍ਹਾਈ, ਜੀਵਨ ਦੀ ਸੰਭਾਲ ਵਾਲੇ ਪੱਖੋਂ ਉੱਕਾ ਲਾਭ ਦਾਇਕ ਨਹੀਂ। ਸਪਸ਼ਟ ਹੈ ਕਿ ਇਥੇ ਵੀ ਪੜ੍ਹਾਈ ਦਾ ਵਿਰੋਧ ਨਹੀਂ ਬਲਕਿ ਪੜ੍ਹਾਈ ਦੇ ਅਸਲ ਮਕਸਦ ਭਾਵ “ਨਾਨਕ ਲੇਖੈ ਇੱਕ ਗਲ” ਨੂੰ ਵਿਸਾਰ ਕੇ ਕੀਤੀ ਪੜ੍ਹਾਈ ਬਾਰੇ ਹੀ ਚੇਤਾਵਣੀ ਹੈ।

“ਨਾਨਕ ਲੇਖੈ ਇੱਕ ਗਲ” - ਇਸੇ ਤਰ੍ਹਾਂ ਬਾਣੀ ‘ਆਸਾ ਕੀ ਵਾਰ’ ਵਿਚਲੇ ਸਲੋਕ “ਪੜਿ ਪੜਿ ਗਡੀ ਲਦੀਅਹਿ. .” (ਪੰ: ੪੬੭) `ਚ ਵੀ ਗੁਰਦੇਵ ਪੜ੍ਹਾਈ ਲਈ ਤਾਂ ਪ੍ਰੇਰ ਰਹੇ ਹਨ। ਫ਼ੁਰਮਾਅ ਰਹੇ ਹਨ ਕਿ ਚਾਹੇ ਕੋਈ ਮਨੁੱਖ ਜੀਵਨ ਦੇ ਸਾਰੇ ਸੁਆਸ ਹੀ ਪੜ੍ਹਾਈ `ਤੇ ਲਗਾ ਦੇਵੇ ਤਾਂ ਉਹ ਵੀ ਗ਼ਲਤ ਨਹੀਂ। ਬਲਕਿ ਚੇਤਾਵਣੀ ਤਾਂ ਇਹ ਦੇ ਰਹੇ ਹਨ “ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ” (ਪੰ: ੪੬੭) ਭਾਵ ਜੇ ਤੂੰ ਪੜ੍ਹਾਈ ਤਾਂ ਕੀਤੀ ਪਰ ਪੜ੍ਹਾਹੀ ਦੇ ਇਕੋ ਇੱਕ ਮਕਸਦ ਨੂੰ ਨਹੀਂ ਪਹਿਚਾਣਿਆ, ਮਕਸਦ ਵਲੋਂ ਲਾਪਰਵਾਹ ਹੋ ਕੇ ਤੇ ਮਕਸਦ ਨੂੰ ਵਿਸਾਰ ਕੇ ਕੀਤੀ ਤਾਂ ਚੇਤੇ ਰਖ ਕਿ ਤੂੰ ਪੜ੍ਹਾਈ ਨਹੀਂ ਕੀਤੀ ਬਲਕਿ ਪੜ੍ਹਾਈ ਦੇ ਅਸਲ ਮਕਸਦ ਤੋਂ ਅਣਜਾਣ ਹੋਣ ਕਾਰਨ ਤੂੰ ਆਪਣੇ ਜੀਵਨ `ਚ ਹਉਮੈ-ਵਿਕਾਰਾਂ ਨੂੰ ਹੀ ਪੱਠੇ ਪਾਏ ਤੇ ਝੱਖ ਹੀ ਮਾਰੀ ਹੈ।

ਹੁਣ ਇਥੇ ਵੀ ਦੇਖ ਲਵੀਏ ਕਿ ਵਿਰੋਧ ਪੜ੍ਹਾਈ ਦਾ ਨਹੀਂ, ਪੜ੍ਹਾਈ ਲਈ ਤਾਂ ਸੁਆਸ ਸੁਆਸ ਦੀ ਗੱਲ ਵੀ ਕੀਤੀ ਹੈ। ਵਿਰੋਧ ਹੈ ਤਾਂ ਪ੍ਰਭੂ ਨੂੰ ਵਿਸਾਰ ਕੇ ਪੜ੍ਹਾਈ ਕਰਣ ਦਾ। ਕਿਉਂਕਿ ਜਿਸ ਮਨ ਕਰਕੇ ਪ੍ਰਭੂ ਨਾਲ ਸਾਂਝ ਬਨ ਆਉਣੀ ਸੀ, ਜਿਸ ਤੋਂ ਜੀਵਨ `ਚ ਇਲਾਹੀ ਗੁਣਾਂ ਦਾ ਸੰਚਾਰ ਹੋਣਾ ਸੀ। ਉਸ ਮਨ ਨੂੰ ਤਾਂ ਉਸ ਪਾਸੇ ਮੋੜਿਆ ਹੀ ਨਹੀਂ, ਉਸ ਮਨ `ਚ ਤਾਂ ਹੁੳਮੈ ਹੰਕਾਰ ਹੀ ਵਧਾਇਆ ਹੈ ਇਸ ਲਈ ਇਕੱਲੀ ਸੰਸਾਰਿਕ ਪੜ੍ਹਾਈ ਕੇਵਲ ਝੱਖ ਮਾਰਣਾ ਬਣ ਕੇ ਰਹਿ ਜਾਂਦੀ ਹੈ ਤੇ ਜੀਵਨ `ਚ ਅਉਗੁਣਾ ਨੂੰ ਜਨਮ ਦਿੰਦੀ ਹੈ।

ਹੋਰ ਦੇਖਦੇ ਹਾਂ, ਇਸ ਤੋਂ ਅਗਲੇ ਸਲੋਕ `ਚ ਹੀ ਗੁਰਦੇਵ ਫ਼ੁਰਮਾਅ ਰਹੇ ਹਨ “ਲਿਖਿ ਲਿਖਿ ਪੜਿਆ॥ ਤੇਤਾ ਕੜਿਆ” (ਪੰ: ੪੬੭) ਕਿਉਂਕਿ ਉਥੇ ਤਾਂ ਸਾਰੇ ਸਲੋਕ `ਚ ਵਿਸ਼ਾ ਹੀ ਕਰਮਕਾਂਡਾਂ ਦਾ ਹੈ ਜਿਵੇਂ “…ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਅ॥ ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥ ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥ ਮੋਨਿ ਵਿਗੂਤਾ॥ ਕਿਉ ਜਾਗੈ ਗੁਰ ਬਿਨੁ ਸੂਤਾ॥ ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ…” ਆਦਿ। ਹੁਣ ਇਥੇ ਵੀ ਪੜ੍ਹਾਈ ਦਾ ਵਿਰੋਧ ਨਹੀਂ ਬਲਕਿ ਹਉਮੈ ਆਦਿ ਵਿਕਾਰਾਂ ਨੂੰ ਵਧਾਉਣ ਲਈ ਕੀਤੀ ਕਰਮਕਾਂਡੀ ਪੜ੍ਹਾਈ ਦਾ ਵਿਰੋਧ ਹੈ ਜਿਵੇਂ ਸਲੋਕ `ਚ ਦਿੱਤੇ ਬਾਕੀ ਸਾਰੇ ਕਰਮਕਾਂਡ। ਇਥੇ ਵੀ ਗੱਲ ਉਹੀ ਹੈ “ਨਾਨਕ ਲੇਖੈ ਇੱਕ ਗਲ, ਹੋਰੁ ਹਉਮੈ ਝਖਣਾ ਝਾਖ” (ਪੰ: ੪੬੭) ਸਿਧਾਂਤ ਨਹੀਂ ਬਦਲਿਆ। ਇਸ ਲਈ ਜਦ ਤੀਕ ਗੁਰਬਾਣੀ ਦੇ ਅਰਥ ਪ੍ਰਕਰਣ ਅਨੁਸਾਰ ਨਾ ਲਏ ਜਾਣ ਤੇ ਆਪਣੀ ਮਰਜ਼ੀ ਦੀ ਕੋਈ ਇਕੱਲੀ ਪੰਕਤੀ ਚੁੱਕ ਲੈਣਾ, ਗੁਰਬਾਣੀ ਦੀ ਬੇਅਦਬੀ ਵੀ ਹੈ ਅਤੇ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਕੁਰਾਹੇ ਪਾਉਣਾ ਵੀ ਹੈ।

ਇਸ ਤਰ੍ਹਾਂ ਤਾਂ ਇਕੱਲੀ ਪੰਕਤੀ “ਲਿਖਿ ਲਿਖਿ ਪੜਿਆ॥ ਤੇਤਾ ਕੜਿਆ” (ਪੰ: ੪੬੭) ਉਹ ਸੱਜਨ ਵੀ ਵਰਤ ਰਹੇ ਹਨ ਜੋ ਇਸ ਚੀਜ਼ ਦੀ ਵਕਾਲਤ ਕਰਦੇ ਨਹੀਂ ਥਕਦੇ ਕਿ ਗੁਰਬਾਣੀ ਜੀਵਨ, ਸੋਝੀ, ਪ੍ਰਚਾਰ ਲਈ ਪੜ੍ਹਾਈ ਦੀ ਲੋੜ ਹੀ ਨਹੀਂ। ਇਸ ਤੋਂ ਹੀ ਜੇ ਗਹੁ ਨਾਲ ਵਿਚਾਰਿਆ ਜਾਵੇ ਕਿ ਅੱਜ ਸਾਡੀ ਕੌਮ ਦਾ ਇਸ ਪੱਖੋਂ ਜੋ ਦੁਖਾਂਤ ਬਣਿਆ ਪਿਆ ਹੈ ਭਾਵ ਕੌਮ `ਚ ਸੰਸਾਰਕ ਡਿੱਗਰੀਆਂ-ਡਿਪਲੋਮੇ ਤੇ ਸੰਸਾਰ ਪੱਧਰ ਦੇ ਨਾਮਨੇ ਤਾਂ ਆ ਰਹੇ ਹਨ ਪਰ ਉਹਨਾਂ ਚੋਂ ਵਿਰਲਿਆਂ `ਚ ਹੀ ਸਿੱਖੀ ਜੀਵਨ ਤੇ ਉੱਚ ਆਦਰਸ਼ ਵਾਲੀ ਗੱਲ ਬਾਕੀ ਹੈ ਨਹੀਂ ਤਾਂ ਉਥੇ ਹਾਲਤ ਇਤਨੀ ਖ਼ਰਾਬ ਹੋਈ ਪਈ ਹੈ, ਜੀਵਨ ਤੱਬਾਹ ਹੋਏ ਪਏ ਹਨ; ਸਾਰੇ ਦਾ ਕਾਰਨ ਇਕੋ ਹੈ ਕਿ ਕੌਮ `ਚ ਅੱਜ ਬਹੁਤਿਆਂ ਦੀ ਸੀਮਾ ਕੇਵਲ ਆਪਣੇ ਆਪ ਨੂੰ ਸਿੱਖ ਅਖਵਾਉਣ ਤੀਕ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਣ ਜਾਂ ਉਪਰਲੇ ਕਰਮਕਾਂਡਾਂ ਤੀਕ ਹੀ ਸੀਮਤ ਹੈ। ਗੁਰਬਾਣੀ ਦੀ ਪੜ੍ਹਾਈ ਤੇ ਉਸ ਤੋਂ ਜੀਵਨ ਸੋਝੀ ਸੰਭਾਲ ਵਾਲੀ ਗੱਲ ਅੱਜ ਕੌਮ `ਚ ਉੱਕਾ ਹੀ ਮੁੱਕੀ ਪਈ ਹੈ।

ਪੜਿਆ ਹੋਵੈ ਗੁਨਹਾਗਾਰੁ- ਦੇਖਣਾ ਹੈ, ਇਥੇ ਵੀ ਗੁਰਦੇਵ ਨੇ ਇਹ ਨਹੀਂ ਕਿਹਾ ਕਿ ਮਨੁੱਖ ਨੇ ਅਨਪੜ੍ਹ ਹੀ ਰਹਿਣਾ ਹੈ ਜਾਂ ਸੰਸਾਰਿਕ ਪੜ੍ਹਾਈ ਨਹੀਂ ਕਰਣੀ। ਬਲਕਿ ਚੇਤਾਇਆ ਹੈ ਕਿ ਪੜ੍ਹਾਈ ਕਰਣ ਦਾ ਕੁੱਝ ਮਕਸਦ ਹੈ। ਪੜ੍ਹਾਈ ਨੇ ਤਾਂ ਮਨੁੱਖ ਨੂੰ ਸੋਝੀਵਾਨ, ਗੁਣਵਾਨ, ਹਉਮੈ-ਵਿਕਾਰ ਰਹਿਤ ਬਨਾਉਣਾ ਹੈ ਪਰ ਜੀਵਨ ਦੀ ਅਜਿਹੀ ਪ੍ਰਾਪਤੀ, ਗੁਰੂ-ਗੁਰਬਾਣੀ ਦੀ ਪੜ੍ਹਾਈ ਤੇ ਕਮਾਈ ਬਿਨਾ ਸੰਭਵ ਹੀ ਨਹੀਂ। ਇਸ ਇਲਾਹੀ ਗਿਆਨ ਵਾਲੀ ਕਮਾਈ ਬਿਨਾ ਕੀਤੀ ਸੰਸਾਰਿਕ ਪੜ੍ਹਾਈ, ਪ੍ਰਾਪਤ ਡਿਗਰੀਆਂ, ਡਿਪਲੋਮੇ, ਖੱਟੇ ਹੋਏ ਨਾਮਨੇ, ਉਲਟਾ ਮਨੁੱਖ ਅੰਦਰ ਚਤੁਰਾਈਆਂ-ਠੱਗੀਆਂ ਵਾਲੇ ਸੁਭਾਅ ਨੂੰ ਹੀ ਪੱਕਾ ਕਰਦੇ ਹਨ। ਉਸ ਨੁੰ ਮੰਦ ਕਰਮੀ ਬਣਾਉਂਦੇ ਹਨ। ਦੂਜੇ ਪਾਸੇ ਜੀਵਨ ਨੂੰ ਸਫ਼ਲ ਕਰਣ ਤੇ ਪ੍ਰਭੂ ਦਰ `ਤੇ ਪ੍ਰਵਾਣ ਹੋਣ ਲਈ, ਸੰਸਾਰਕ ਪੜ੍ਹਾਈ ਦੇ ਨਾਲ ਨਾਲ ਉਚੇ ਸੁੱਚੇ, ਸਦਾਚਾਰਕ ਇਲਾਹੀ ਗੁਣਾਂ ਵਾਲੇ ਜੀਵਨ ਦੀ ਲੋੜ ਵੀ ਹੁੰਦੀ ਹੈ। ਜਦਕਿ ਇਹ ਸਦਾਚਾਰਕ ਗੁਣ, ਸੰਸਾਰਿਕ ਪੜ੍ਹਾਈਆਂ ਰਸਤੇ ਨਹੀਂ ਮਿਲ ਸਕਦੇ। ਇਸ ਨਾਲੋਂ ਤਾਂ ਜੇਕਰ ਸਾਧ ਸੰਗਤ `ਚ ਜਾਂ ਕਿਸੇ ਪੱਜ, ਕੋਈ ਅਨਪੜ੍ਹ ਵੀ ਜੀਵਨ ਲਈ ਉੱਤਮ ਗੁਣਾਂ ਵਾਲੀ ਕਮਾਈ ਕਰ ਲੈਂਦਾ ਹੈ ਤਾਂ ਉਹ ਵੀ ਸੰਸਾਰ ਤੱਲ ਤੇ ਵੀ ਭਟਕਣਾ ਤ੍ਰਿਸ਼ਨਾ ਰਹਿਤ, ਟਿਕਾਅ ਵਾਲਾ ਜੀਵਨ ਬਤੀਤ ਕਰ ਲੈਂਦਾ ਤੇ ਪ੍ਰਭੂ ਦਰ `ਤੇ ਪ੍ਰਵਾਣ ਹੋ ਜਾਂਦਾ ਹੈ। ਦੂਜੇ ਪਾਸੇ ਆਤਮਕ ਕਮਾਈ ਤੋਂ ਵਾਂਝਾ ਪੜ੍ਹਿਆ ਲਿਖਿਆ ਮੰਦ ਕਰਮੀ ਇਨਸਾਨ, ਜੀਵਨ `ਚ ਵੀ ਹਰ ਸਮੇਂ ਆਸ਼ਾ, ਤ੍ਰਿਸ਼ਨਾ, ਭਟਕਣਾ, ਵਿਕਾਰਾਂ, ਅਉਗੁਣਾ ਦੀ ਭੱਠੀ `ਚ ਸੜਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਕਰਤੇ ਦੇ ਦਰ ਤੋਂ ਧੱਕਿਆ ਜਾਂਦਾ ਹੈ।

“ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ” -ਹੁਣ ਦੇਖਣਾ ਹੈ ਕਿ ਪੜ੍ਹਾਈ ਦਾ ਉਹ ਕਿਹੜਾ ਰੂਪ ਹੈ ਜਿਸ ਦਾ ਗੁਰਬਾਣੀ ਨੇ ਵਿਰੋਧ ਕੀਤਾ ਹੈ। ਇਥੇ ਪੁੱਜ ਕੇ ਗੱਲ ਫ਼ਿਰ ਉਥੇ ਹੀ ਆ ਕੇ ਮੁਕੇਗੀ ਕਿ “ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ” (ਪੰ: ੧੪੦) ਇਸ ਤਰ੍ਹਾਂ ਇਹੀ ਗੱਲ ਉਥੇ ਸੀ “ਲਿਖਿ ਲਿਖਿ ਪੜਿਆ॥ ਤੇਤਾ ਕੜਿਆ” (ਪੰ: ੪੬੭) ਅਤੇ “ਨਾਨਕ ਲੇਖੈ ਇੱਕ ਗਲ, ਹੋਰੁ ਹਉਮੈ ਝਖਣਾ ਝਾਖ” (ਪੰ: ੪੬੭) ਜਾਂ “ਪੜਿਆ ਹੋਵੈ ਗੁਨਹਾਗਾਰੁ, ਤਾ ਓਮੀ ਸਾਧੁ ਨ ਮਾਰੀਐ” (ਪੰ: ੪੬੯) ਅਤੇ ਅਰੰਭ `ਚ ਆ ਚੁੱਕੇ ਉਹਨਾਂ ਸਾਰੇ ਪ੍ਰਮਾਣਾਂ `ਚ ਵੀ; ਜਿਨ੍ਹਾਂ ਪੰਕਤੀਆਂ ਨੂੰ ਲੈ ਕੇ ਸਾਡੇ ਹੀ ਕੁੱਝ ਗੁਰਮਤਿ ਤੋਂ ਅਨਜਾਣ ਸੱਜਨ, ਵਕਾਲਤ ਕਰਦੇ ਹਨ ਕਿ ਗੁਰਬਾਣੀ ਸਤਿਕਾਰ ਲਈ ਸੰਸਾਰਿਕ ਪੜ੍ਹਾਈ ਦੀ ਲੋੜ ਹੀ ਨਹੀਂ। ਲੋੜ ਹੈ ਕਿ ਉਹ ਸੱਜਨ ਵੀ ਜੇਕਰ ਉਹਨਾਂ ਸਾਰੇ ਪ੍ਰਮਾਣਾਂ ਚੋਂ ਇੱਕ ਇੱਕ ਪ੍ਰਮਾਣ ਲੈ ਕੇ, ਹਰੇਕ ਪ੍ਰਮਾਣ ਦੇ ਅਰਥ ਪ੍ਰਕਰਣ ਅਨੁਸਾਰ ਸਮਝਣ ਤਾਂ ਉਹ ਸੱਜਨ ਵੀ ਅਜਿਹਾ ਗੁਰਬਾਣੀ ਸਿਧਾਂਤ ਵਿਰੁਧ ਪ੍ਰਚਾਰ ਨਹੀਂ ਕਰਣਗੇ।

ਪੜ੍ਹਾਈ ਸਬੰਧੀ, ਮਨੁੱਖਾ ਜੀਵਨ ਦੇ ਦੋ ਪਹਿਲੂ- ਵਿਸ਼ੇ ਦੀ ਤਹਿ ਤੀਕ ਅਪੜਣ ਲਈ ਧਿਆਣ ਕਰਣਾ ਹੈ ਕਿ ਮਨੁੱਖਾ ਜੀਵਨ ਦੇ ਦੋ ਪਹਿਲੂ ਹਨ ਗੁਣਵਾਣ ਜੀਵਨ ਤੇ ਅਉਗੁਣਾ ਨਾਲ ਭਰਪੂਰ ਜੀਵਨ। ਬੇਸ਼ੱਕ ਗੁਰਬਾਣੀ ਅਨੁਸਾਰ ਸਰੀਰਕ ਮੌਤ ਤੋਂ ਬਾਅਦ ਅਕਾਲਪੁਰਖੁ ਦੀ ਦਰਗਾਹ ਤੇ ਉਸ ਦੇ ਨਿਆਂ `ਚ ਵੀ, ਮਨੁੱਖਾ ਜਨਮ ਦੇ ਦੋ ਹੀ ਪਹਿਲੂ ਹਨ। ਉਹ ਦੋ ਪਹਿਲੂ ਹਨ ਸੰਸਾਰਕ ਜੀਵਨ ਤੇ ਆਤਮਕ ਜੀਵਨ; ਸਫ਼ਲ ਜੀਵਨ ਤੇ ਅਸਫ਼ਲ ਜਨਮ ਉਪ੍ਰੰਤ ਇਹੀ ਹੈ ਮਨੁੱਖ ਦਾ ਗੁਰਮੁਖ ਹੋਣਾ ਜਾਂ ਮਨਮੁਖ ਹੋਣਾ। ਪਰ ਇਥੇ ਅਸੀਂ ਜੋ ਗੱਲ ਕਰ ਰਹੇ ਹਾਂ ਇਹ ਨਿਰੋਲ ਸੰਸਾਰਕ ਤੱਲ ਦੀ ਹੀ ਹੈ। ਸੰਸਾਰ ਤੱਲ `ਤੇ ਕੋਈ ਪੜ੍ਹਿਆ ਹੋਵੇ ਜਾਂ ਅਣਪੜ੍ਹ ਇੱਕ ਵੱਖਰੀ ਗੱਲ ਹੈ, ਜਦਕਿ ਅਸਲ ਵਿਸ਼ਾ ਮਨੁੱਖ ਦੀ ਆਤਮਕ ਪੱਖੋਂ ਆਪਣੀ ਸੰਭਾਲ ਹੀ ਮਨੁੱਖ ਦਾ ਅਸਲ ਜੀਵਨ ਹੈ।

ਜਦਕਿ ਬਹੁਤਾ ਕਰਕੇ ਆਤਮਕ ਤੱਲ `ਤੇ ਮਨੁੱਖ ਅਵੇਸਲਾ ਹੀ ਰਹਿੰਦਾ ਹੈ। ਨਤੀਜਾ ਹੁੰਦਾ ਹੈ ਸੰਸਾਰਕ ਤੱਲ `ਤੇ ਜਿਨਾਂ ਮਨੁੱਖ ਵੱਧ ਪੜ੍ਹ ਲਿਖ ਜਾਂਦਾ ਹੈ ਉਸ ਕੋਲ ਡਿਗਰੀਆਂ-ਡਿਪਲੋਮੇ-ਸਰਟੀਫਿਕੇਟ, ਨਾਮਨੇ ਤਾਂ ਆ ਜਾਂਦੇ ਹਨ। ਮਨੁੱਖ ਦੀ ਸਮਝਣ-ਸੋਚਣ ਦੀ ਤਾਕਤ ਤੇ ਸਿਆਣਪਾਂ `ਚ ਵੀ ਵਾਧਾ ਹੁੰਦਾ ਜਾਂਦਾ ਹੈ। ਇਸ ਦੇ ਬਾਵਜੂਦ, ਸੰਸਾਰਕ ਵਿੱਦਿਆ (ਪੜ੍ਹਾਈ) `ਚ ਇਹ ਤਾਕਤ ਨਹੀਂ ਹੁੰਦੀ ਕਿ ਮਨੁੱਖ `ਚ ਆਤਮਕ ਗੁਣ ਪੈਦਾ ਕਰ ਕੇ, ਇਸ ਦਾ ਸੁਭਾਅ ਵੀ ਆਦਰਸ਼ਕ ਬਨਾ ਸਕੇ। ਇਸੇ ਕਾਰਨ ਮਨੁੱਖ ਸੰਸਾਰ ਪੱਧਰ `ਤੇ ਜਿਨਾਂ ਵੱਧ ਪੜ੍ਹ ਜਾਂਦਾ ਹੈ ਉਸ ਅੰਦਰ ਉਨੀਆਂ ਹੀ ਵੱਧ ਚਾਲਾਕੀਆਂ, ਹੇਰਾ-ਫ਼ੇਰੀਆਂ, ਠੱਗੀਆਂ, ਜ਼ੁਲਮ-ਧੱਕੇ ਕਰਣ ਦੀ ਭਾਵਨਾ, ਖਡਯੰਤਰ, ਧਾਰਮਿਕ ਲੁੱਟ-ਖੋਹ ਦੀਆਂ ਰੁਚੀਆਂ ਆਦਿ ਹਰੇਕ ਅਉਗੁਣ ਲਈ ਸਮ੍ਰਥਾ ਵੱਧਦੀ ਜਾਂਦੀ ਤੇ ਅਜਿਹੇ ਅਸਮਾਜਕ ਕੁਕਰਮਾਂ ਲਈ ਉਸ ਦੇ ਢੰਗ-ਤਰੀਕੇ ਵੀ ਵਿਰਾਟ ਹੁੰਦੇ ਜਾਂਦੇ ਹਨ। ਗਹੁ ਨਾਲ ਦੇਖਿਆ ਜਾਵੇ ਤਾਂ ਅੱਜ ਸੰਸਾਰ `ਚ ਜਿਨੀਂ ਪੜ੍ਹਾਈ-ਲਿਖਾਈ ਵੱਧ ਰਹੀ ਹੈ, ਭਾਰਤ `ਚ ਹੀ ਨਹੀਂ ਸੰਸਾਰ ਭਰ `ਚ ਅਸਮਾਜਕ ਤੱਤਵ ਤੇ ਉਹਨਾਂ ਰਾਹੀਂ ਜੁਰਮ ਵੀ ਤੇਜ਼ੀ ਨਾਲ ਵਧ ਰਹੇ ਹਨ। ਬਲਕਿ ਇਹ ਜੁਰਮ ਤੇ ਗੁਣਾਹ ਨਿਤ ਨਵੇਂ ਤੋਂ ਨਵੇਂ ਤੇ ਹੈਰਾਣਕੁਣ ਰੂਪ ਲੈਂਦੇ ਜਾ ਰਹੇ ਹਨ।

ਦੂਜੇ ਪਾਸੇ, ਗੁਰਮਤਿ ਦਾ ਫ਼ੈਸਲਾ ਹੈ ਕਿ ਅਕਾਲਪੁਰਖ ਦੇ ਦਰ `ਤੇ ਅਜਿਹੇ ਘਿਨਾਉਣੇ ਜੀਵਨ ਪ੍ਰਵਾਣ ਹੀ ਨਹੀਂ ਹੁੰਦੇ। ਇਸ ਦਾ ਇਹ ਮਤਲਬ ਵੀ ਨਹੀਂ ਕਿ ਇਹ ਕਸੂਰ ਸੰਸਾਰਕ ਪੜ੍ਹਾਈ ਦਾ ਹੈ, ਕਸੂਰ ਹੈ ਤਾਂ ਆਤਮਿਕ ਗਿਆਣ ਵਿਹੂਣੀ ਭਾਵ ਗੁਰਬਾਣੀ ਗੁਰੂ ਦੇ ਗਿਆਨ ਵੱਲੋਂ ਕਮਾਈ ਵਿਹੂਣੀ ਕੋਰੀ ਸੰਸਾਰਕ ਪੜ੍ਹਾਈ ਦਾ। ਆਤਮਕ ਪੱਖੋਂ ਅਣਜਾਣ ਤੇ ਅਵੇਸਲਾ ਮਨੁੱਖ, ਬਹੁਤਾ ਕਰਕੇ ਵਿੱਦਿਆ ਦੇ ਵਾਧੇ ਦੀ ਵਰਤੋਂ ਹੀ ਸੰਸਾਰਕ ਰੁਚੀਆਂ ਤੇ ਸੁਆਰਥ ਸਿੱਧੀ ਲਈ ਹੀ ਕਰਦਾ ਹੈ। ਇਸੇ ਕਾਰਨ ਉਸ ਦੀ ਕੀਤੀ ਸਾਰੀ ਪੜ੍ਹਾਈ, “ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ” ਤੇ “ਪੜਿਆ ਹੋਵੈ ਗੁਨਹਾਗਾਰ” ਹੀ ਬਣ ਕੇ ਰਹਿ ਜਾਂਦੀ ਹੈ। ਇਸ ਦੇ ਉਲਟ, ਜੇਕਰ ਇਨਸਾਨ ਇਸੇ ਸੰਸਾਰਕ ਵਿੱਦਿਆ ਨੂੰ, ਗੁਰੂ-ਗੁਰਬਾਣੀ ਦੀ ਸਿੱਖਿਆ (ਪੜ੍ਹਾਈ) ਨਾਲ ਜੋੜ ਕੇ ਅਤੇ ਕਰਤੇ ਦੇ ਨਿਰਮਲ ਭਉ `ਚ ਰਹਿ ਕੇ ਚੱਲੇ ਤਾਂ ਮਨੁੱਖਾ ਜੀਵਨ ਦੇ ਸੱਚ ਨੂੰ ਹਾਸਿਲ ਕਰ ਲੈਂਦਾ ਹੈ। ਨਿੱਤ ਵਧ ਰਹੇ ਜੁਰਮਾਂ, ਅਉਗੁਣਾਂ ਦੀ ਭਿਅੰਕਰਤਾ ਕਾਰਨ, ਕਾਲਾ ਹੋ ਚੁੱਕਾ, ਪੂਰਨ ਤੱਬਾਹੀ ਕੰਢੇ ਪੁੱਜ ਚੁੱਕਾ ਸੰਸਾਰ, ਅੱਜ ਵੀ ਗੁਰਬਾਣੀ ਦੀ ਪੜ੍ਹਾਈ ਤੋਂ ਪ੍ਰਾਪਤ ਹੋਈ ਜੀਵਨ-ਜਾਚ ਨਾਲ ਪਰਉਪਕਾਰ, ਸਦਾਚਾਰ, ਮਨੁੱਖੀ ਭਾਈਚਾਰਾ, ਉੱਚ ਆਚਰਣ ਆਦਿ ਰੱਬੀ ਗੁਣਾਂ ਨੂੰ ਹਾਸਿਲ ਕਰ ਸਕਦਾ ਹੈ।

ਆਤਮਕ ਜਾਗ੍ਰਿਤੀ ਹੈ ਕੀ? ਜੀਵਨ `ਚੋਂ ਅਗਿਆਨਤਾ ਦੇ ਨਾਸ ਲਈ ਆਤਮਕ ਜਾਗ੍ਰਤੀ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਪੜ੍ਹਾਈ ਕਾਰਨ ਵਧੀ ਹੋਈ ਸੋਚਣ-ਸਮਝਣ ਦੀ ਤਾਕਤ ਨੂੰ ਜੇਕਰ ਮਨੁੱਖ ਗੁਰਬਾਣੀ ਦੀ ਪੜ੍ਹਾਈ ਵੱਲ ਲਗਾਵੇ। ਉਪ੍ਰੰਤ ਗੁਰਬਾਣੀ ਦੀ ਪੜ੍ਹਾਈ ਤੇ ਉਸ ਤੋਂ ਜੀਵਨ ਦੀ ਕਮਾਈ ਨਾਲ, ਜੀਵਨ ਇਲਾਹੀ ਗੁਣਾਂ ਨਾਲ ਭਰਪੂਰ ਕਰੇ। ਇਹੀ ਤਰੀਕਾ ਹੈ ਜਿਸ ਤੋਂ ਮਨੁੱਖ ਨੂੰ ਆਤਮਕ ਜੀਵਨ, ਆਤਮਕ ਬਲ ਤੇ ਆਤਮਕ ਅਨੰਦ ਮਿਲਦਾ ਹੈ। ਸੰਸਾਰ ਪੱਧਰ `ਤੇ ਵਿਗਿਆਨ, ਡਾਕਟਰੀ, ਇੰਜੀਨੀਅਰਿੰਗ, ਇੰਡਸਟਰੀ, ਫ਼ੋਜੀ, ਦੁਕਾਨਦਾਰ ਜਾਂ ਸੰਸਾਰ ਪੱਧਰ ਦੀਆਂ ਹੋਰ ਡਿੱਗਰੀਆਂ, ਡਿਪਲੋਮੇ ਤੇ ਨਾਮਨੇ ਭਾਵ ਮਨੁੱਖ ਆਪਣੇ ਹਰੇਕ ਕਿੱਤੇ `ਚ ਇਲਾਹੀ ਗੁਣਾਂ ਨਾਲ ਭਰਪੂਰ ਹੋ ਕੇ ਮਾਨਸਿਕ ਟਿਕਾਅ ਤੇ ਤ੍ਰਿਸ਼ਨਾ, ਭਟਕਣਾ ਰਹਿਤ ਜੀਵਨ ਬਤੀਤ ਕਰ ਸਕਦਾ ਹੈ। ਉਪ੍ਰੰਤ ਅਜਿਹਾ ਮਨੁੱਖ ਸਰੀਰ ਤਿਆਗਣ ਬਾਅਦ ਵੀ ਕਰਤੇ `ਚ ਅਭੇਦ ਹੋ ਜਾਂਦਾ ਹੈ, ਜਨਮ-ਮਰਨ ਦੇ ਗੇੜ `ਚ ਨਹੀਂ ਪੈਂਦਾ। ਇਸ ਲਈ ਪੜ੍ਹਾਈ ਦੇ ਇਸ ਇਕੋ-ਇਕ ਆਤਮਕ ਜੀਵਨ ਨੂੰ ਪ੍ਰਾਪਤ ਕਰਣ ਵਾਲੇ ਮਕਸਦ ਤੋਂ ਬਿਨਾ, ਕੀਤੀ ਹੋਈ ਸਾਰੀ ਪੜ੍ਹਾਈ-ਲਿਖਾਈ ਕੇਵਲ ਝੱਖ ਮਾਰਣਾ ਤੇ ਜੀਵਨ `ਚ ਹਉਮੈ-ਅਹੰਕਾਰ ਨੂੰ ਵਧਾਉਣਾ, ਗੰਦਾ ਕਰਣਾ ਤੇ ਅਉਗੁਣਾਂ ਦਾ ਭੰਡਾਰ ਬਨਾਉਂਣਾ ਹੀ ਹੈ।

ਦੋਰਾਅ ਦੇਣਾ ਚਾਹੁੰਦੇ ਹਾਂ, ਦਰਅਸਲ ਸੰਸਾਰ ਅੰਦਰ ਜਿਨੀਆਂ ਵੀ ਠੱਗੀਆਂ, ਕਤਲੋ-ਗ਼ਾਰਤ, ਵਿਤਕਰੇ, ਧਰਮ ਦੇ ਪਰਦੇ ਹੇਠ ਲੋਕਾਈ ਦੀ ਲੁੱਟ-ਖੋਹ, ਗਰੀਬਾਂ-ਮਜ਼ਲੂਮਾਂ ਦਾ ਖੁਨ ਚੂਸਣਾ, ਜਹਾਲਤਾਂ, ਸਮਗਲਿੰਗ, ਡਕੈਤੀਆਂ, ਖਡਯੰਤਰ, ਜੁਰਮ, ਉਧਾਲੇ, ਜਾਲਸਾਜ਼ੀਆਂ ਆਦਿ ਘਿਨਾਉਣੇ ਤੋਂ ਘਿਨਾਉਣੇ ਜੁਰਮ ਤੇ ਸਮਾਜਕ ਬੁਰਾਈਆਂ ਅਨਪੜ੍ਹਾਂ ਤੋਂ ਵੱਧ, ਪੜ੍ਹੇ-ਲਿਖਿਆਂ ਦੀਆਂ ਕਾਰਸਤਾਨੀਆਂ ਹੀ ਹੁੰਦੀਆਂ ਹਨ। ਇਸ `ਚ ਦੋਸ਼ ਸੰਸਾਰਿਕ ਪੜ੍ਹਾਈ ਦਾ ਨਹੀਂ ਬਲਕਿ ਪੜ੍ਹਾਈ ਦੇ ਮਕਸਦ ਨੂੰ ਬੁੱਝੇ ਬਿਨਾ ਪੜ੍ਹਾਈ ਕਰਣ ਲਈ ਮਨੁੱਖ ਦਾ ਦੋਸ਼ ਹੁੰਦਾ ਹੈ। ਇਹ ਸਭ ਮਨੁੱਖ ਦੀ ਆਪਣੇ ਅੰਦਰੋਂ ਹੋਈ ਪਈ ਆਤਮਕ ਮੌਤ ਦੀ ਹੀ ਦੇਣ ਹੁੰਦਾ ਹੈ। ਜਦੋਂ ਤੀਕ ਮਨੁੱਖ ਨੂੰ ਮਨੁੱਖਾ ਜਨਮ ਦੀ ਅਮੁਲਤਾ ਤੇ ਆਪਣੇ ਅਸਲੇ ਪ੍ਰਭੂ ਦਾ ਗਿਆਨ ਨਹੀਂ ਹੁੰਦਾ, ਉਨੀਂ ਦੇਰ ਮਨੁੱਖ ਨੂੰ ਪੜ੍ਹਾਈ ਦੇ ਇਕੋ-ਇਕ ਮਕਸਦ ਦਾ ਪਤਾ ਵੀ ਨਹੀਂ ਲਗ ਸਕਦਾ। ਉਲਟਾ ਪੜ੍ਹਾਈ ਤੋਂ ਉਸ `ਚ ਵਧ ਰਹੀ ਸੋਚਣ-ਸਮਝਣ ਦੀ ਤਾਕਤ ਦੀ ਕੁਵਰਤੋਂ ਕਾਰਨ ਮਨੁੱਖ ਅਉਗੁਣਾਂ ਦਾ ਪੁਤਲਾ ਬਣ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ। ਨਿਰੀਆਂ ਸੰਸਾਰਕ ਪੜ੍ਹਾਈਆਂ ਮਨੁੱਖ ਦੀ ਹਉਮੈ ਤੇ ਅਗਿਆਨਤਾ `ਚ ਵਾਧਾ ਕਰਦੀਆਂ ਹਨ। ਜੀਵਨ ਚੱਟੀ-ਬੱਧਾ ਤੇ ਝੱਖ ਮਾਰਣ ਤੁੱਲ, ਬੇਅਰਥ ਹੀ ਮੁੱਕ ਜਾਂਦਾ ਹੈ। ਲੋੜ ਹੁੰਦੀ ਤੇ ਨਾਲ ਨਾਲ ਬਰਾਬਰੀ ਤੇ ਗੁਰਬਾਣੀ ਦੀ ਪੜ੍ਹਾਈ ਕਰਕੇ ਗੁਰਬਾਣੀ ਆਦੇਸ਼ਾਂ ਨੂੰ ਜੀਵਨ `ਚ ਅਮਲਾਉਣ ਤੇ ਵਸਾਉਣ ਦੀ। #191s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 191

“ਪੜਿਆ ਹੋਵੈ ਗੁਨਹਾਗਾਰੁ, ਤਾ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

site- www.gurbaniguru.org
.