.

ਪੰਜਾਬ ਵਿੱਚ ਵਸਦੇ ਸਜੱਣ ਠਗ੍ਹ ਤੇ ਮਲਕ ਭਾਗੋ

ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ॥ {ਪੰਨਾ 546}
“ਅਖਾਣ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾ ਤੇ” ਜਿਸ ਧਰਤੀ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ, ਜਿਸ ਧਰਤੀ ਤੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਹਨੇਰੇ ਅਤੇ ਅੰਧਵਿਸਵਾਸ਼ ਵਿੱਚ ਜਕੜੀ ਹੋਈ ਲੋਕਾਈ ਨੂੰ ਗਿਆਨ ਦਾ ਚਾਨਣ ਦੇਣ ਵਾਸਤੇ ਪ੍ਰਚਾਰ ਫੇਰੀਆਂ ਸ਼ੁਰੂ ਕੀਤੀਆਂ ਤੇ ਦੂਰ ਦੁਰਾਡੇ ਮੁਲਕਾਂ, ਨਗਰਾਂ ਵਿੱਚ ਜਾ ਕੇ ਇੱਕ ਅਕਾਲ ਪੁਰਖ ਨਾਲ ਜੁੜਨ ਤੇ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਅਸੀਂ ਸਾਰੇ ਇਕੋ ਪਿਤਾ ਦੀ ਸੰਤਾਨ ਹਾਂ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਪੰਨਾ 611॥ ਕੋਈ ਵੱਡਾ ਛੋਟਾ ਨਹੀਂ। ਪੰਜਾਬ ਭਾਵੇਂ ਮਜ੍ਹਬੀ, ਰਾਜਨੀਤਕ ਜਾਂ ਹੋਰਨਾ ਕਰਨਾਂ ਕਰਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਅਜ ਬਾਬੇ ਗੁਰੂ ਨਾਨਕ ਦੇ ਪੈਰੋਕਾਰਾਂ ਦੀ ਵੱਡੀ ਤਾਦਾਦ ਚੜ੍ਹਦੇ ਪੰਜਾਬ ਵਿੱਚ ਵਸਦੀ ਹੈ। ਇਹ ਗਲ ਕਹਿਣ ਵਿੱਚ ਸੰਕੋਚ ਨਹੀ ਬਲਕਿ ਦੁਖ ਹੈ ਅੱਜ ਉਸੇ ਧਰਤੀ ਤੇ ਸੱਜਣ ਠੱਗਾਂ ਤੇ ਮਲਕ ਭਾਗੋਆਂ ਨੇ ਬਹੁਤਾਤ ਵਿੱਚ ਵਾਸਾ ਕਰ ਲਿਆ ਹੈ, ਹਰ ਪਾਸੇ ਲੁਟ ਖਸੁਟ ਮਚੀ ਹੋਈ ਹੈ ਰਿਸਵਤ ਦਾ ਬੋਲ ਬਾਲਾ ਹੈ ਬਿਨਾ ਵੱਢੀ ਦਿਤਿਆਂ ਕੋਈ ਕਮ ਹੁੰਦਾ ਹੀ ਨਹੀਂ, ਚੋਰ ਪੁਲੀਸ ਰਲ਼ ਕੇ ਧੰਦਾ ਚਲਾਉਂਦੇ ਹਨ, ਚੋਰ ਤੇ ਕੁੱਤੀ ਵਿੱਚ ਸਾਂਝ ਭਿਆਲੀ ਪੈ ਚੁੱਕੀ ਹੈ, ਹਰ ਪਾਸੇ ਬੇਇਮਾਨੀ ਪੈਰ ਪਸਾਰ ਚੁੱਕੀ ਹੈ, ਖਾਣ ਦੀ ਦੀ ਕੋਈ ਵੀ ਵਸਤੂ ਸ਼ੁਧ ਨਹੀਂ ਮਿਲਦੀ, ਲੱਗ੍ਹ-ਭੱਗ੍ਹ ਹਰ ਕਿਸੇ ਦਾ ਮਾਂ ਬਾਪ, ਦੀਨ ਇਮਾਨ ਪੈਸਾ ਹੀ ਬਣ ਚੁੱਕਾ ਹੈ, ਚਾਹੇ ਉਹ ਧਾਰਮਕ, ਸਿਆਸੀ, ਸਮਾਜਕ ਆਗੂ ਜਾਂ ਸਰਕਾਰੀ ਅਫਸਰ ਹੀ ਕਿਊਂ ਨਾ ਹੋਵੇ ਬਸ ਵੱਧ ਤੋਂ ਵੱਧ ਸਰਮਾਇਆ ਜੋੜਨ ਵਿੱਚ ਲੱਗਾ ਹੋਇਆ ਹੈ।
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ 3॥ {ਪੰਨਾ 417}
ਜਿਸ ਸਮਾਜਕ ਬਰਾਬਰਤਾ ਦੀ ਗਲ ਸਾਡੇ ਗੁਰੂਆਂ, ਪੈਗੰਬਰਾਂ ਨੇ ਕੀਤੀ ਸੀ ਉਹ ਏਥੋਂ ਉਡ ਪੁਡ ਗਈ ਹੈ, ਮਨੁੱਖੀ ਕਦਰਾਂ ਕੀਮਤਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਦੂਜੇ ਮੁਲਕਾਂ ਵਿੱਚ ਸਮਾਜਕ ਬਰਾਬਰਤਾ, ਮਨੁੱਖੀ ਕਦਰਾਂ ਕੀਮਤਾਂ ਤੇ ਇਨਸਾਨੀਅਤ ਨੂੰ ਬਹੁਤ ਮੱਹਤਤਾ ਦਿੱਤੀ ਜਾਂਦੀ ਹੈ। ਇਹ ਗਲ ਵੀ ਸਾਫ ਹੈ ਕਿ ਰਿਸਵਤਖੋਰ ਅਫਸਰਾਂ, ਬੇਇਮਾਨ ਵਪਾਰੀਆਂ ਜਾਂ ਗਲਤ ਢੰਗ ਨਾਲ ਰੁਪਿਆ ਇਕੱਠਾ ਕਰਨ ਵਾਲਿਆਂ ਦੀ ਅਵਲ ਤਾਂ ਔਲਾਦ ਪੈਦਾ ਹੀ ਵਿੰਗੀ ਟੇਢੀ ਹੁੰਦੀ ਹੈ ਜਾਂ ਲੜਕੇ ਨਸ਼ਿਆਂ ਤੇ ਹੋਰ ਕਮਾਂ ਵਿੱਚ ਗਲਤਾਨ ਹੋਕੇ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ, ਲੜਕੀਆਂ ਘਰੇਲੂ ਨੌਕਰਾਂ ਨਾਲ ਨਕਦੀ ਤੇ ਗਹਿਣੇ ਵਗੈਰ੍ਹਾ ਲੈਕੇ ਫਰਾਰ ਹੋ ਜਾਂਦੀਆਂ ਹਨ, ਫਿਰ ਕਹਿੰਦੇ ਹਨ ਸਾਡਾ ਤੇ ਮੁਕਦਰ ਹੀ ਮਾੜਾ ਹੈ ਏਨਾ ਕੁੱਝ ਕਰਨ ਦੇ ਬਾਵਜੂਦ ਬੱਚੇ ਸਾਡੇ ਵਸ ਚ ਨਹੀਂ ਰਹੇ ਦੁਜਾ ਜਿਸ ਨੇ ਮੇਹਨਤ ਨਾਲ ਕਮਾਈ ਕੀਤੀ ਹੁੰਦੀ ਹੈ ਉਹ ਆਪਣੇ ਪ੍ਰਵਾਰ ਤੇ ਖਰਚ ਕਰਦਾ ਹੈ ਤੇ ਜਿਸ ਨੇ ਬਿਨਾ ਮੇਹਨਤ ਦੇ ਮਾਇਆ ਇਕੱਠੀ ਕੀਤੀ ਹੁੰਦੀ ਹੈ ਉਹ ਖਰਚ ਨਹੀਂ ਕਰਦਾ ਲੁਟਾਂਦਾ ਹੈ। ਕਬੀਰ ਸਾਹਬ ਸਾਨੂੰ ਸਮਝਾਅ ਰਹੇ ਹਨ।
ੴ ਸਤਿਗੁਰ ਪ੍ਰਸਾਦਿ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥ ਸੁਤ ਦਾਰਾ ਪਹਿ ਆਨਿ ਲੁਟਾਵੈ॥ 1॥ ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ 1॥ ਰਹਾਉ॥ {ਪੰਨਾ 656}
ਜੇਹੜੇ ਲੋਕ ਵਾਤਾਵਰਣ ਨੂੰ ਗੰਧਲਾ ਕਰ ਰਹੇ ਹਨ ਭਾਵੇਂ ਉਹ ਆਟੋ ਰਿਕਸ਼ਾ ਵਾਲਾ ਹੈ ਕਾਰਾਂ-ਟਰਕਾਂ ਟੈਂਪੂ ਵਾਲਾ (ਜੋ ਜਹਿਰੀਲਾ ਧੂਆਂ ਛਡਦੇ ਹਨ) ਜਾਂ ਕਾਰਖਾਨੇਦਾਰ ਜੋ ਪਾਣੀ ਨੂੰ ਪ੍ਰਦੂਸ਼ਤ ਕਰ ਰਿਹਾ ਹੈ ਤੇ ਅਸਮਾਨ ਨੂੰ ਗੰਧਲਾ ਕਰ ਰਿਹਾ ਹੈ ਅਤੇ ਉਹ ਹਰ ਸਖਸ਼ ਜੋ ਸਿਰਫ ਆਪਣੇ ਫਾਇਦੇ ਵਾਸਤੇ ਤੇ ਆਉਣ ਵਾਲੀ ਪੀੜੀ ਲਈ ਧਨ ਤੇ ਇਕੱਠਾ ਕਰ ਰਿਹਾ ਹੈ ਉਹ ਵੀ ਘੱਟ ਕਸੂਰਵਾਰ ਨਹੀਂ, ਪਰ ਨਾਲ ਹੀ ਜਾਣੇ ਅਨਜਾਣੇ ਵਿੱਚ ਜਹਿਰ ਵੀ ਇਕੱਠਾ ਕਰੀ ਜਾ ਰਿਹਾ ਹੈ। ਜੋ ਉਹ ਬੀਜ਼ ਰਿਹਾ ਹੈ ਉਸ ਦੀ ਔਲਾਦ ਨੂੰ ਨਾ ਚਾਂਹਦੇ ਹੋਏ ਵੀ ਖਾਣਾ ਪਵੇਗਾ। ਪਤਾ ਨਹੀਂ ਏਹ ਲੋਕ ਕਿਉਂ ਨਹੀ ਸਮਝ ਰਹੇ ਕਿ ਰੁਪਏ ਪੈਸੇ ਨਾਲੋਂ ਜਾਅਦਾ ਅੱਜ ਆਪਣਾ ਸਭਿਆਚਾਰ, ਸਾਫ ਸੁਥਰਾ ਵਾਤਾਵਰਣ ਤੇ ਨਰੋਏ ਸਮਾਜ ਨੂੰ ਬਚਾਉਣ ਦੀ ਲੋੜ ਹੈ। ਰੁਪਏ ਪੈਸੇ ਦਾ ਏਨਾ ਜਾਅਦਾ ਪਸਾਰਾ ਮਨੁਖਤਾ ਲਈ ਘਾਤਕ ਹੋਵੇਗਾ। ਜਦੋਂ ਲੋਕਾਂ ਕੋਲ ਪੈਸਾ ਨਹੀਂ ਸੀ ਹੁੰਦਾ ਲੋਕ ਸੁੱਖੀ ਵਸਦੇ ਸੀ ਅਜ ਪੈਸਾ ਬਹੁਤ ਹੈ ਪਰ ਲੋਕ ਦੁੱਖੀ ਹਨ। ਲੋੜ ਹੈ ਲੋਕਾਂ ਦੇ ਕਮ ਆਉਣ ਦੀ ਲੋੜਵੰਦ ਦੀ ਮਦਦ ਕਰਨ ਦੀ ਜੇ ਮਨੁਖਤਾ ਨਾਲ ਪ੍ਰੇਮ ਕਰਨਾ ਆ ਗਿਆ ਤੇ ਫਿਰ ਭਰਿਸਟਾਚਾਰ ਨਹੀਂ ਰਹੇਗਾ ਸਮਾਜ ਵਿੱਚ
ਮੈਂ ਇੱਕ ਛੋਟੀ ਜਹੀ ਕਹਾਣੀ ਪੜ੍ਹੀ ਸੀ ਜਿਸ ਵਿੱਚ ਸਬਜੀਆਂ ਦੀ ਖੇਤੀ ਕਰਨ ਵਾਲਾ ਕਿਸਾਨ ਜੋ ਕਿ ਲਾਗਲੇ ਸ਼ਹਿਰ ਨੂੰ ਸਬਜ਼ੀ ਸਪਲਾਈ ਕਰਦਾ ਸੀ ਨੂੰ ਕਿਸੇ ਨੇ ਦਾਲ ਨਾਲ ਰੋਟੀ ਖਾਂਦੇ ਨੂੰ ਦੇਖ ਕੇ ਪੁਛਿਆ ਕੀ ਗਲ ਬਈ ਏਨੀ ਸਬਜ਼ੀ ਘਰ ਦੀ ਫਿਰ ਵੀ ਆਪ ਰੋਟੀ ਦਾਲ ਨਾਲ ਖਾ ਰਿਹਾ ਹੈ ਉਸ ਨੇ ਅਗੋਂ ਜਵਾਬ ਦਿੱਤਾ ਸਬਜ਼ੀ ਖਾ ਕੇ ਮਰਨਾ ਹੈ ਸਰਦਾਰ ਜੀ ਏਹਨਾਂ ਵਿੱਚ ਤੇ ਨਿਰਾ ਜਹਿਰ ਹੈ। ਬਸ ਉਸ ਨੂੰ ਆਪਣੀ ਚਿੰਤਾ ਹੈ ਹੋਰ ਲੋਕ ਸਬਜ਼ੀ ਖਾ ਕੇ ਮਰ ਜਾਣ ਇਸਦੀ ਉਸਨੂੰ ਕੋਈ ਪਰਵਾਹ ਨਹੀ।
ਕਿੰਨੀ ਬਦਕਿਸਮਤੀ ਹੈ ਪੰਜਾਬ ਦੀ, ਜਿੱਥੇ ਬੇਦ ਰਚੇ ਗਏ ਜਿੱਥੇ ਗੁਰਬਾਣੀ ਦੀ ਰਚਨਾਂ ਹੋਈ ਧਰਮ ਦੀ ਖਾਤਰ ਕੁਬਾਨੀਆਂ ਦਿੱਤੀਆਂ ਗੱਈਆਂ, ਅੱਜ ਭਗਤ ਸਿੰਘ, ਸੁਖਦੇਵ, ਰਾਜਗੁਰੂ, ਕਰਤਾਰ ਸਿੰਘ ਸਰਾਭਾ ਨੂੰ ਪਛਤਾਵਾ ਹੋ ਰਿਹਾ ਹੋਵੇਗਾ ਕਿ ਕਿਹੜੇ ਲੋਕਾਂ ਦੀ ਖਾਤਰ ਤੇ ਕਿਸ ਸੋਚ ਲਈ ਫਾਂਸੀਆਂ ਚੜ੍ਹੇ ਸੀ, ਅਕ੍ਰਿਤਘਣਾ ਦੀ ਤੇ ਅੱਜ ਫੋਜ਼ ਹੀ ਇਕੱਠੀ ਹੋ ਗਈ ਹੈ। ਗੁਰਾਂ ਦੇ ਨਾਮ ਤੇ ਵਸਣ ਵਾਲਾ ਪੰਜਾਬ, ਦੇਸ਼ ਭਗਤਾਂ ਤੇ ਸ਼ਹੀਦਾਂ ਦਾ ਪੰਜਾਬ, ਧਰਮੀ ਤੇ ਕਿਰਤੀ ਲੋਕਾਂ ਦਾ ਪੰਜਾਬ ਅੱਜ ਸਜੱਣ ਠੱਗਾਂ ਤੇ ਮਲਕ ਭਾਗੋਆਂ ਦਾ ਪੰਜਾਬ ਬਣ ਕੇ ਰਿਹ ਗਿਆ ਹੈ। ਹਰ ਅਦਾਰੇ ਤੇ ਮਲਕ ਭਾਗੋ ਕਬਜ਼ਾ ਕਰਕੇ ਬੈਠਾ ਹੈ ਭਾਵੇਂ ਉਹ ਧਾਰਮਕ ਹੈ, ਰਾਜਨੀਤਕ ਹੈ, ਸਮਾਜਕ ਹੈ, ਭਾਈ ਲਾਲੋ ਨੁਕਰੇ ਬੈਠਾ ਝੁਰੜੀਆਂ ਵਾਲੇ ਚੇਹਰੇ ਤੇ ਪਥਰਾਈਆਂ ਅੱਖਾਂ ਨਾਲ ਤਮਾਸ਼ਾ ਦੇਖ ਰਿਹਾ ਹੈ ਤੇ ਭੁੱਖੇ ਢਿਡ ਆਪਣੀ ਮੋਤ ਦਾ ਇੰਤਜਾਰ ਕਰ ਰਿਹਾ ਹੈ। ਨਾ ਤੇ ਭਾਈ ਲਾਲੋ ਬਦਲਿਆ ਹੈ ਤੇ ਨਾ ਹੀ ਮਲਕ ਭਾਗੋ, ਕਹਿਣ ਨੂੰ ਭਾਵੇਂ “ਸਭ ਠੀਕ ਹੈ” ਦਾ ਹੋਕਾ ਦਿੱਤਾ ਜਾ ਰਿਹਾ ਹੈ ਪਰ ਕੁੱਝ ਵੀ ਠੀਕ ਨਹੀਂ ਬਹੁਗਿਣਤੀ ਸਰਕਾਰੀ ਮੁਲਾਜਮ ਤਨਖਾਹ ਨੂੰ ਰੋਜਾਨਾ ਭੱਤਾ, ਤੇ ਰਿਸ਼ਵਤ ਨੂੰ ਆਪਣਾ ਹਕ ਸਮਝ ਕੇ ਆਮ ਆਦਮੀ ਦਾ ਲਹੂ ਪੀ ਰਿਹਾ ਹੈ, ਵੇਖਿਉ ਕਿਤੇ ਪਰਲੋ ਆਉਣ ਤੋਂ ਪਹਿਲਾਂ ਵਾਲੇ ਹਲਾਤ ਤੇ ਨਹੀਂ ਬਣ ਰਹੇ ਜਾਂ ਆਉਣ ਵਾਲੀ ਤੇ ਨਹੀਂ। ਪਰਲੋ ਤੋਂ ਬਾਅਦ ਨਾ ਤੇ ਆਪ ਹੀ ਬਚੋਗੇ ਨਾ ਹੀ ਆੳਣ ਵਾਲੀ ਪੀੜੀ, ਇਹ ਮਾੜਾ ਧਨ ਕਿਸ ਕਮ ਆਏਗਾ, ਸੰਭਲ ਜਾਵੋ ਆਉਣ ਵਾਲੀ ਪੀੜੀ ਨੂੰ ਜੀਣ ਦਾ ਮੋਕਾ ਦਿਉ। ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਤੁਹਾਨੂੰ ਕਿੰਨੇ ਹੀ ਮਨੁਖਤਾ ਪ੍ਰਤੀ ਕੀਤੇ ਹੋਏ ਗੁਨਾਂਹ ਦਿਸਣਗੇ ਜਦੋਂ ਸੋਚੋਗੇ ਤੇ ਰੂਹ ਕੰਬ ਜਾਏਗੀ ਤੇ ਪਸ਼ਤਾਉਣ ਵਾਸਤੇ ਲਫਜ਼ ਹੀ ਨਹੀਂ ਲਭਣੇ ਅਜੇ ਵੀ ਸੋਚੋ ਸ਼ਾਇਦ ਪਰਲੋ ਆਉਣ ਤੋਂ ਰੁਕ ਜਾਵੇ।

ਗੁਰਦੇਵ ਸਿੰਘ ਬਟਾਲਵੀ




.