.

ਗੁਰਸੇਵਾ ਤੇ ਸੁਖੁ ਉਪਜੈ
ਗੁਰਮਤਿ ਵਿੱਚ ਸੇਵਾ

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੰਦਰ ਜਿੰਨੇ ਵੀ ਮਹਾਂਪੁਰਖਾਂ ਦੀ ਬਾਣੀ ਅਸੀਂ ਪੜਦੇ, ਵੀਚਾਰਦੇ (ਅਮਲੀ ਜੀਵਨ) ਹਾਂ ਉਨ੍ਹਾਂ ਸਾਰਿਆਂ ਨੇ ਇੱਕ ਮਤ ਹੋ ਕੇ ਸਾਨੂੰ ‘ਹਰਿ ਕੀ ਸੇਵਾ, ਗੁਰ ਕੀ ਸੇਵਾ, ਸਤਿਗੁਰ ਕੀ ਸੇਵਾ’ ਕਰਣ ਹਿਤ ਬਹੁਤ ਹੀ ਪ੍ਰੇਰਿਤ ਕਰਦੇ ਹਨ। ਗੁਰਬਾਣੀ ਰਾਹੀ ਪ੍ਰੇਰਣਾ, ਸਤਿ ਗੁਰ ਸੇਵਿ ਅੰਮ੍ਰਿਤ ਰਸ ਚਾਖੈ॥ ਅੰਕ 352 [ ਸਤਿ ਗੁਰ ਸੇਵੇ ਆਪਣਾ ਆਇਆ ਤਿਸੁ ਗਵੀ॥ ਅੰਕ 1283 [ ਸਤਿਗੁਰ ਸੇਵੇ ਸੋ ਠਾਕੁਰ ਜਾਣੈ॥ ਅੰਕ 416 [ ਗੁਰ ਸੇਵਾ ਤੇ ਆਪੁ ਪਛਾਤਾ॥ ਅੰਕ 415 [ ਸਤਿਗੁਰ ਸੇਵੇ ਸਹਿਜ ਉਪਜੈ॥ ਅੰਕ 65 [ ਉਪਰੋਕਤ ਗੁਰ ਫੁਰਮਾਨਾ ਅਨੁਸਾਰ ਬਾਣੀ ਵੀਚਾਰਣੁ ਤੋਂ ਪਤਾ ਲਗਦਾ ਹੈ ਕਿ ਸਤਿਗੁਰ ਗਿਆਨੁ ਸਰੂਪ ਹਨ। ਉਹਨਾਂ ਦੀ ਸੇਵਾ ਕੀ ਹੋ ਸਕਦੀ ਹੈ” ਸਤਿਗੁਰੂ ਹੈ ਗਿਆਨੁ ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥ ਅੰਕ 1069 [ ਜੇ ਸਤਿਗੁਰੂ, ਗੁਰੂ, ਗੁਰਮਤਿ, ਨਾਮੁ, ਤੱਤ ਗਿਆਨ ਨੂੰ ਕਿਹਾ ਹੈ ਤਾ ਨਾਮ, ਗਿਆਨ ਦੀ ਸੇਵਾ ਕੀ ਹੋਈ। ਗੁਰਮਤਿ ਅਨੁਸਾਰ ਗੁਰੂ ਦਾ ਉਪਦੇਸ਼ ਗੁਰੂ ਵਾਲੀ ਥਾਂ ਤੇ ਟਿਕਦਾ ਹੈ ਹੋਰ ਕਿਤੇ ਪ੍ਰਗਟ ਨਹੀਂ ਹੁੰਦਾ। ਗੁਰਮਤਿ ਨੇ ਗੁਰੂ ਦੇ ਥਾਂ ਨੁੰ ਸਮ ਦ੍ਰਿਸ਼ਟਾ, ਨਿਰਵੈਰ, ਨਿਰਭਉ, ਨਿਰੰਜਨ ਮੇਰ, ਤੇਰ, ਦੁਬਿਧਾ, ਇਤਆਦਿ ਰਹਿਤ ਦਰਸਾਇਆ ਹੈ [ ਕੀ ਅਸੀ ਬਾਣੀ ਪੜਕੇ ਆਪਣੇ ਅੰਦਰ ਅਜਿਹੀ ਗੁਰੂ ਦੀ ਥਾਂ ਬਣਾਈ ਹੈ? ਇਹੋ ਜਿਹੇ ਹਿਰਦੇ ਨਾ ਬਣਾ ਕੇ ਅਸੀਂ ਗੁਰੂ ਨਾਨਕ ਦੀ ਸਿੱਖੀ ਦੀ ਸੇਵਾ ਨਹੀ ਕਰ ਸਕੇ। ਗੁਰੂ ਦੀ ਦੱਸੀ ਇਸ ਸੇਵਾ ਨਾਲ ਕੁਦਰਤ ਦੇ ਹੁਕਮ ਨੂੰ ਜਾਨਣ ਦੀ ਸੂਝ ਪੈਂਦਾ ਹੋਣੀ ਸੀ। ਜਿਸ ਨਾਲ ਸਾਡਾ ਜੀਵਨ ਇੱਕ ਸੁਰਤਾ, ਪਿਆਰ ਅਤੇ ਸਾਂਤੀ, ਸੁੱਖਾ ਵਾਲਾ ਹੋਣਾ ਸੀ ਜਿਸ ਨੂੰ ਅਸੀ ਖੋ ਚੁੱਕੇ ਹਾਂ ਅਤੇ ਸੇਵਾ ਤੋਂ ਕੋਹਾਂ ਦੂਰ ਚਲੇ ਜਾ ਰਹੇ ਹਾਂ। ਪਿਆਰ ਅਤੇ ਸ਼ਾਂਤੀ ਦੀ ਥਾਂ ਅਸੀਂ ਬਹੁਤ ਝਗੜਾਲੂ, ਉਪੱਦਰ ਕਰਨ ਵਾਲੇ ਬਣ ਰਹੇ ਹਾਂ ਇਹ ਕੰਮ ਗੁਰਮਤਿ ਸੇਵਾ ਤੋਂ ਉਲਟ ਹੁਕਮਰਾਨਾ ਵਾਲੇ ਕੰਮ ਹਨ, ਇਸ ਸੇਵਾ ਨਾਲ ਅਸੀਂ ਸਿੱਖੀ ਨੂੰ ਵਿਗਾੜਿਆਂ ਹੀ ਹੈ ਸੰਭਾਲਿਆਂ, ਸਵਾਰਿਆ ਨਹੀਂ। ਗਿਆਨ ਰੂਪ, ਜੋਤਿ ਰੂਪ, ਸਤਿਗੁਰ ਦੀ ਸੇਵਾ, ਉਸ ਜੋਤਿ ਦੀ ਜਾਣਕਾਰੀ, ਉਸ ਜਾਣਕਾਰੀ ਨਾਲ ਜੀਵਨ ਜਿਉਂ ਕੇ ਸਹਜ ਅਵਸਥਾ ਨੂੰ ਪ੍ਰਾਪਤ ਕਰਨਾ ਸੀ, ਜੋ ਪਰਮ ਜੋਤਿ ਗੁਰੁ ਦੀ ਥਾਂ ਸਾਡੇ ਅੰਦਰ ਹੈ। ਅਸੀਂ ਇਸ ਨੁੰ ਬਿਨਾਂ ਜਾਣੇ ਹੀ ਜੋ ਜੀਵਨ ਜੀ ਰਹੇ ਹਾਂ ਉਸ ਨੂੰ ਗੁਰੂ ਜੀ ਦਾ ਉਪਦੇਸ਼ ਪਸ਼ੂਆਂ ਵਾਲਾ ਜੀਵਨ ਦਰਸਾਉਂਦਾ ਹੈ। ਸਾਡੀ ਅੱਜ ਦੀ ਸੇਵਾ ਵਿੱਚ ਗੁਰ ਗਿਆਨ ਦੀ ਕੋਈ ਅੰਸ਼ ਵੀ ਨਜ਼ਰ ਨਹੀ ਆ ਰਹੀ, ਕੇਵਲ ਹੁਕਮਰਾਨਾ ਵਾਲੀ ਹੈਕਂੜ ਹੀ ਭਾਰੂ ਹੈ। ਮੁੱਢਕਦੀਮਾਂ ਤੋਂ ਹੁਕਮਰਾਨ ਹਮੇਸ਼ਾ ਕੁਦਰਤ ਦੇ ਕਾਨੂੰਨ ਤੋੜਨ ਵਾਲੇ ਹੀ ਬਣਦੇ ਆ ਰਹੇ ਹਨ। ਅੱਜ ਇੱਕੀਵੀ ਸਦੀ ਵਿੱਚ ਵੀ ਤੁਸੀ ਦੇਖਣਾ ਹੋਵੇ ਤਾਂ ਅਪਣੇ ਦੇਸ਼, ਹਿੁੰਦਸਤਾਨ ਵਿੱਚ ਦੇਖ ਸਕਦੇ ਹੋ। ਜੇ ਇੱਕ ਸੂਬੇ ਵਿੱਚ ਦੇਖਣਾ ਚਾਹੋ ਤਾਂ ਪੰਜਾਬ ਵਿੱਚ ਦੇਖਿਆ ਜਾ ਸਕਦਾ ਹੈ। ਬਿਨਾਂ ਕਸੂਰ ਤੋਂ ਕਿਸੇ ਵੀ ਸਿੱਖ ਤੇ ਜੇ ਉਹ ਸੱਚ ਤੇ ਖੜਾ ਹੈ ਸੱਚ ਦਾ ਹਾਮੀ ਹੈ, ਜਦੋਂ ਚਾਹੇ ਸਰਕਾਰ ਉਸ ਤੇ ਝੂਠਾ ਕੇਸ ਬਣਾ ਕੇ ਕਈ ਦਹਾਕਿਆ ਤਕ ਜੇਲਾਂ ਵਿੱਚ ਰੱਖ ਸਕਦੀ ਹੈ ਅਤੇ ਜੇ ਚਾਹੇ ਮਰਵਾ ਵੀ ਸਕਦੀ ਹੈ। ਇਹੋ ਜਿਹੀਆਂ ਬੜੀਆਂ ਮਸਾਲਾ ਪੰਜਾਬ ਵਿੱਚੋ ਮਿਲ ਸਕਦੀਆਂ ਹਨ[ ਭਾਈ ਜਸਵੰਤ ਸਿੰਘ ਖਾਲੜਾ ਜੀ ਭਾਈ ਗੁਰਦੇਵ ਸਿੰਘ ਕਉਕੇ ਇਤਆਦਿ ਜਿਨਾਂ ਬਾਰੇ ਮਨੁੱਖੀ ਅਧਿਕਾਰ ਸੰਸਥਾਂ ਵਾਲਿਆ ਵੀ ਬਹੁਤ ਜੋਰ ਲਾਇਆ ਪਰ ਹੁਕਮਰਾਨਾ ਤੇ ਕੋਈ ਅਸਰ ਨਹੀ ਹੋਇਆ। ਕੀ ਇਹ ਹੋ ਸਕਦਾ ਕਿ ਹੁਕਮਰਾਨਾ ਨੁੰ ਪਤਾ ਨਾ ਹੋਵੇ ਜਾਂ ਉਹਨਾਂ ਦੀ ਮਰਜੀ ਤੋਂ ਬਿਨਾਂ ਇਹ ਕੰਮ ਹੋਇਆ ਹੋਵੇ। ਇਸ ਗੰਦੇ ਨਜਾਮ ਤੋਂ ਮਨੁੱਖ ਨੂੰ ਬਚਣ ਲਈ ਇੱਕ ਸੁਰਤਾ ਵਾਲਾ ਸੱਚਾ ਜੀਵਨ ਜੀਉਣ ਵਾਸਤੇ (ਸਤਿਗੁਰ ਦੀ ਸੇਵਾ) ਗਿਆਨ ਦਾ ਸੇਵਨ ਕਰਨ ਲਈ ਕਿਹਾ ਸੀ। ਦਵਾਈ ਦੀਆਂ ਸ਼ੀਸੀਆਂ ਤੇ ਸੇਵਨ ਵਿਧੀ ਲਿਖੀ ਹੁੰਦੀ ਹੈ ਉਸ ਮੁਤਾਬਕ ਤੁਸੀ ਦਵਾਈ ਦਾ ਸੇਵਨ ਕਰੋ ਤਾਂ ਤੁਹਾਡੀ ਬੀਮਾਰੀ ਠੀਕ ਹੋ ਜਾਂਦੀ ਹੈ। ਇਸੀ ਤਰ੍ਹਾਂ ਮਹਾਂਪੁਰਖਾਂ ਨੇ ਸਚੇ ਗਿਆਨ ਦੇ ਸੇਵਨ ਦੀ ਵਿਧੀ ਦੱਸੀ ਹੈ ਕਿ ਜੇ ਤੂੰ ਗਿਆਨ ਦਾ ਸੇਵਨ ਕਰਨਾ ਹੈ ਅਪਣੇ ਮਨ ਰੂਪੀ ਭਾਂਡੇ ਨੁੰ ਸਾਫ ਕਰ ਕੇ ਗਿਆਨ ਨੂੰ ਅਸਲੀ ਜੀਵਨ ਵਿੱਚ ਵਰਤ, ਫਿਰ ਤੂੰ ਬੇਸੁਰਾ ਜੀਵਨ ਨਹੀ ਜੀਵੇਗਾਂ ਰਚਨਹਾਰ ਦੇ (ਕਾਨੂੰਨ) ਹੁਕਮ ਨੂੰ ਪਛਾਣਦਾ ਹੋਇਆ ਸੰਸਾਰ ਦੇ ਲੋਕਾਂ ਨੂੰ ਸੁੱਖ ਵੰਡੇਗਾ ਜੋ ਤੈਨੂੰ ਸਤਿਗੁਰ ਦੀ ਸੇਵਾ ਤੋਂ ਪ੍ਰਾਪਤ ਹੋਇਆ ਸੀ। ਇਹ ਗੁਰਸਿੱਖ ਵਾਸਤੇ ਸੇਵਾ ਹੈ। ਇਸ ਸੇਵਾ ਨੁੰ ਜਾਨਣ ਵਾਲੇ ਗੁਰਸਿੱਖ ਦਾ ਜੀਵਨ ਭਾਈ ਘਨਈਆਂ ਜੀ, ਨਵਾਬ ਕਪੂਰ ਸਿੰਘ ਅਤੇ ਹੋਰ ਅਨੇਕਾ ਪੁਰਾਤਨ ਸਿੱਖਾ ਵਾਲਾ ਹੋਵੇਗਾ। ਇਹੋ ਜਿਹੇ ਕਿਸੇ ਵੀ ਸੇਵਾ ਕਰਨ ਵਾਲੇ ਕੋਲ ਰਾਜ ਦੀ ਵਾਗਡੋਰ ਹੋਵੇ, ਉਹ ਕਿਸੇ ਨਾਲ ਬੇਇਨਸਾਫੀ ਨਹੀ ਕਰ ਸਕਦਾ। ਉਪਰੋਕਤ ਸੇਵਾ ਤੋਂ ਉਲਟ ਜੋ ਅੱਜ ਅਸੀ ਕੇਵਲ ਧਾਰਮਿਕ ਸਥਾਨਾ ਦੀ ਉਸਾਰੀ ਤੇ ਜੋਰ ਦਿਤਾ ਹੈ ਇਸ ਨਾਲ ਸਾਡੀਆਂ ਸੰਸਥਾਵਾਂ ਦੇ ਆਪਸ ਵਿੱਚ ਝਗੜੇ ਸਾਡੇ ਮੁਲਕ ਤੋਂ ਇਲਾਵਾ ਵਿਦੇਸ਼ਾ ਵਿੱਚ ਵੀ ਦੇਖੇ ਜਾ ਸਕਦੇ ਹਨ। ਇਸ ਦਾ ਕਾਰਨ ਹੈ ਇਸ ਸੇਵਾ ਨਾਲ ਹਊਮੈ, ਈਰਖਾਂ ਵਧਦੀ ਹੈ, ਜਿਸ ਨਾਲ ਅੰਦਰ ਦੇ ਅਗਮੀ ਹੁਕਮ ਅਤੇ ਤੱਤ ਗਿਆਨ ਦੀ ਸੂਝ-ਬੂਝ ਵਾਲੀ ਥਾਂ ਵੀ ਹਊਮੈਂ ਤੇ ਈਰਖਾਂ ਦੀ ਅੱਗ ਨਾਲ ਸੜ ਜਾਂਦੀ ਹੈ। ਕੇਵਲ ਧਾਰਮਿਕ ਸਥਾਨਾ ਦੀ ਉਸਾਰੀ ਨਾਲ ਧਰਮ ਦੇ ਗੁਣਾਂ, ਸਿੱਖੀ ਰੂਪ, ਸਿੱਖੀ ਆਚਰਣ ਦਾ ਘਾਣ ਹੋਇਆ ਹੈ। ਦੂਸਰਾ ਨੁਕਸਾਨ ਇਹ ਦਿਖ ਰਿਹਾ ਹੈ ਕਿ ਅਸੀ (ਮਾਰਬਲ) ਸੰਗਮਰਮਰ ਨਾਲ ਬਣੀਆਂ ਇਮਾਰਤਾਂ ਦੇ ਦਰਸ਼ਨਾ ਨੂੰ ਅਤੇ ਸਰੋਵਰਾਂ ਦੇ ਇਸ਼ਨਾਨਾ ਨੁੰ ਸੇਵਾ ਸਮਝ ਕੇ ਸਤਿਗੁਰ ਦੇ ਗਿਆਨ ਤੋਂ ਕੋਹਾਂ ਦੂਰ ਜਾ ਚੁੱਕੇ ਹਾਂ, ਜਿੱਥੋਂ ਮੁੜਨਾ ਅਸੰਭਵ ਲਗਦਾ ਹੈ। ਅਖੌਤੀ ਸਾਧ, ਸੰਤ ਡੇਰੇਦਾਰ ਜਿਨਾ ਨੁੰ ਸਿੱਖ ਜਗਤ, ਧਾਰਮਿਕ ਅਗਵਾਈ ਵਾਲੇ ਸਮਝ ਰਿਹਾ ਹੈ ਉਹ ਵੀ ਬਾਬੇ ਨਾਨਕ ਦੇ ਬਚਨਾ ਅਨੁਸਾਰ ਉਜਾੜੇ ਦਾ ਬੰਨਾ ਹੀ ਸਾਬਤ ਹੋਏ। ਇਹਨਾਂ ਨੇ ਵੀ ਇਮਾਰਤਾ, ਅਤੇ ਗੱਡੀਆ ਵਾਸਤੇ ਸੰਗਤਾਂ ਤੋਂ ਸੇਵਾ ਦੇ ਨਾ ਤੇ ਅਰਬਾ ਰੁਪਇਆ ਲੁੱਟਿਆ ਅਤੇ ਬਾਣੀ ਤੋਂ ਦੂਰ ਰਖ ਕੇ ਮਨਮਤ ਦਾ ਹੀ ਪ੍ਰਚਾਰ ਕੀਤਾ ਅੱਜ ਇਸ ਸਚ ਦੀ ਦੁਹਾਈ, ਸੁਚੱਜੇ ਸਿੱਖਾ ਵੱਲੋਂ ਹਰ ਪਾਸਿਉ ਅਖਬਾਰਾ ਰਾਹੀ ਸੁਣੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਪੰਜ, ਛੇ ਦਹਾਕਿਆ ਤੋ ਕਸਮ ਖਾਧੀ ਹੋਈ ਹੈ ਕਿ ਜੇ ਕੋਈ ਗੁਰਮਤਿ ਤੱਤ ਦੀ ਗੱਲ ਕਰਦਾ ਹੈ ਉਸ ਨੂੰ ਸਿੱਖੀ ਚੋ ਛੇਕ ਦਿਉ, ਜੇ ਕੋਈ ਮਨਮਤ ਦੀ ਗਲ ਕਰਦਾ ਹੈ ਉਸ ਨੂੰ ਪੰਥ ਰਤਨ ਨਾਲ ਨਿਵਾਜ ਦਿਉ। ਸਿੱਖ ਜਗਤ ਵਿੱਚ ਜਿੰਨੀਆਂ ਵੀ ਹੋਰ ਸੰਸਥਾਵਾ ਸੇਵਾ ਦੇ ਨਾ ਹੇਠ ਬਣੀਆ ਹਨ, ਜਦੋਂ ਉਹ ਵੱਡੀਆ ਹੋ ਜਾਂਦੀਆਂ ਹਨ, ਉਹਨਾਂ ਦਾ ਧਿਆਨ ਵੀ ਅਪਣੀ ਸੰਸਥਾਂ ਦੇ ਪ੍ਰਚਾਰ ਅਤੇ ਵਿਸ਼ਥਾਰ ਵਿੱਚ ਲਗ ਜਾਂਦਾ ਹੈ ਗੁਰੂ ਦਾ ਅੰਸ਼ ਦਿਖਾਵੇ ਦਾ ਹੀ ਰਹਿ ਜਾਂਦਾ ਹੈ ਇਹ ਸਭ ਕੁੱਝ ਦੇਖ ਕੇ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਦਾ ਮਨੋਰਥ ਸਿੱਖੀ ਦੇ ਤੱਤ, ਗੁਣਾ, ਚਰਿਤ੍ਰ ਦਾ ਪ੍ਰਚਾਰ ਨਹੀ ਕੇਵਲ ਅਪਣੀ ਪ੍ਰਧਾਨਗੀ ਦਾ ਜਾ ਨਿੱਜੀ ਹਿੱਤਾਂ ਦਾ ਹੀ ਖਿਆਲ ਰੱਖਿਆ ਜਾਂਦਾ ਹੈ। ਗੁਰਫੁਰਮਾਨ ਹੈ ਕਿ ਜਿਹਾ ਮਨੋਰਥ ਰਖ ਕੇ ਤੁਸੀ ਪ੍ਰਭ ਦੀ ਅਰਾਧਨਾ ਕਰਦੇ ਹੋ ਉਹੋ ਹੀ ਪ੍ਰਭੂ ਪੂਰਾ ਕਰ ਦਿੰਦਾ ਹੈ।
ਗੁਰਸਿੱਖਾਂ ਦਾ ਅਰਬਾਂ ਰੁਪਇਆ ਸੇਵਾ ਦੇ ਨਾ ਤੇ ਡੇਰਿਆ ਗੁਰਦੁਆਰਿਆ, ਅਨੇਕਾ ਸਿੱਖ ਸੰਸਥਾਵਾਂ, ਸ੍ਰੋਮਣੀ ਕਮੇਟੀ, ਲੋਕਲ ਕਮੇਟੀਆਂ ਰਾਹੀ ਹਰ ਸਾਲ ਖਰਚ ਹੁੰਦਾ ਹੈ, ਪਰ ਬਾਬੇ ਨਾਨਕ ਦੀ ਸਿੱਖੀ ਕਿਥੇ ਹੈ? ਸਿੱਖ ਸੰਗਤਾ ਨੂੰ ਪੁੱਛਣਾ ਚਾਹੀਦਾ ਹੈ ਕਿੰਨੇ ਪ੍ਰਧਾਨਾ ਦੇ ਬੱਚੇ ਜੋ ਸਿੱਖੀ ਦਾ ਰੂਪ ਵੀ ਨਹੀ ਰਖ ਸਕੇ ਉਹਨਾਂ ਨੂੰ ਮੋੜ ਕੇ ਸਿੱਖੀ ਸਰੂਪ ਵਿੱਚ ਲਿਆਦਾ ਹੈ ਬਾਕੀ ਸੰਗਤਾਂ ਦੀ ਤਾਂ ਗੱਲ ਹੀ ਕੀ ਕਰਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਨੰ. 673 ਰਾਹੀ ਕਿਹਾ ਹੈ ਕਿ ਜੇ ਕੋਈ 100 ਮੰਦਰਿ ਸੋਨੇ ਦਾ ਵੀ ਉਸਾਰ ਦੇਵੇ ਉਸ ਤੋਂ ਵੱਧ ਪੁੰਨ ਸਿਖ ਨੂੰ ਗੁਰ ਸ਼ਬਦ ਦੀ ਤੱਤ ਵੀਚਾਰ ਸਿਖਾਣ ਵਿੱਚ ਮਿਲਦਾ ਹੈ। ਕੋਟਿ ਪੁੰਨ ਸੁਣਿ ਹਰਿ ਕੀ ਬਾਣੀ॥ ਅੰਕ238] ਸਾਡੀਆਂ ਵੱਡੀਆਂ-2 ਸੰਸਥਾ ਵੀ ਬਾਬੇ ਨਾਨਕ ਦੀ ਸਿੱਖੀ ਦੇ ਇਤਿਹਾਸ ਨੁੰ ਸੁਧਾਰਣ ਵੱਲ ਬਿਲਕੁਲ ਧਿਆਨ ਨਹੀ ਦੇ ਰਹੀਆਂ ਜਿਵੇਂ ਅਜ ਤੱਕ ਉਹਨਾਂ ਦੀਆਂ ਸਟੇਜਾਂ ਤੋਂ ਵੀ ਇਹ ਸੁਣਨ ਨੁੰ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਜੀ 17ਵੀਂ ਅਸਟਪਦੀ (ਸੁਖਮਨੀ) ਤੇ ਭੁਲ ਗਏ ਸਨ ਅਤੇ ਬਾਬਾ ਸ੍ਰੀਚੰਦ ਨੇ ਉਹਨਾਂ ਨੂੰ ਅੱਗੇ ਦੱਸਿਆ। ਦੂਜੀ ਗਲ ਧੰਨੇ ਭਗਤ ਨੇ ਪਥਰ ਵਿੱਚੋ ਰੱਬ ਨੂੰ ਪਾਇਆ ਹਾਲਾਕਿ ਅੰਕ 488] ਮ: 5 ਅਧੀਨ ਫੁਰਮਾਨ ਹੈ ਕਿ, ਇਹ ਬਿਧਿ ਸੁਣਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੈ ਪ੍ਰਤਖਿ ਗੁਸਾਈਆਂ ਧਨਾ ਵਡ ਭਾਗਾ॥ ਥਿਤਾਂ, ਵਾਰਾਂ ਦੀ ਪੂਜਾ ਦੀ ਬਾਣੀ ਆਗਿਆ ਨਹੀ ਦਿੰਦੀ। ਇਹਨਾਂ ਸੰਸਥਾਵਾ, ਡੇਰਿਆ ਵਾਲਿਆ ਨੇ ਦਸਮੀ, ਮੱਸਿਆ ਪੂਰਨਮਾਂਸੀ, ਸੰਗਰਾਦ ਇਤਆਦਿ ਨੂੰ ਪੂਰਬਾ ਵਾਗ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਆਮ ਸੰਗਤਾ ਇਹਨਾਂ ਨੁੰ ਮਨਾਉਣਾ ਹੀ ਗੁਰ ਸੇਵਾ ਸਮਝ ਰਹੀਆਂ ਹਨ। ਸਿੱਖ ਸੰਸਥਾਵਾਂ ਦਾ ਫਰਜ ਬਣਦਾ ਸੀ, ਕਿ ਗੁਰੁ ਬਾਣੀ ਦੇ ਤੱਤ ਵੀਚਾਰ ਨੁੰ ਅਹਮੀਅਤ ਦਿੰਦੀਆਂ ਨਾਲ ਹੀ ਮਨਘੜਤ ਕਹਾਣੀਆਂ ਤੋਂ ਸੰਗਤਾਂ ਨੂੰ ਛੁਟਕਾਰਾ ਦਿਵਾਉਦੀਆਂ। ਇਸ ਤੋਂ ਵੱਡਾ ਕੰਮ ਇਹਨਾਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਪਰਵਾਣਤ ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣਾ ਚਾਹੀਦਾ ਸੀ। ਇਹ ਕੰਮ ਕਰਣਾ ਹੀ ਅਸਲੀ ਸੇਵਾ ਹੈ ਕਿ ਸਿੱਖਾ ਨੁੰ ਨਿਰੋਲ ਗੁਰਬਾਣੀ ਦਾ ਚਾਨਣ ਮਿਲਦਾ ਰਹੇ। ਅਨਮਤਾਂ ਦੇ ਗਿਆਨ ਨੂੰ ਗੁਰਮਤ ਵਿੱਚ ਕੋਈ ਥਾਂ ਨਹੀਂ। ਗਿਆਨ ਅਤੇ ਜੋਤਿ ਰੂਪ ਗੁਰ ਕੀ ਸੇਵਾ ਕਰਣ ਵਾਲਾ ਕਿਸੇ ਸਿੱਖ ਨੁੰ ਸਿੱਖੀ ਚੋਂ ਖਾਰਜ ਨਹੀ ਕਰ ਸਕਦਾ ਅਤੇ ਨਾ ਹੀ ਕਿਸੇ ਕੀਰਤਨ ਕਰਦੇ, ਬਾਣੀ ਪੜਦੇ ਸਿੱਖ ਦਾ ਨਿਰਾਦਰ ਕਰ ਸਕਦਾ ਹੈ। ਗੁਰਸਿੱਖੀ ਦਾ ਮਿਲਣਾਂ ਗੁਰਪ੍ਰਸਾਦਿ ਹੈ। ਗੁਰਕਿਰਪਾ ਹੈ ਇਸ ਲਈ ਜਦੋ ਸਿੱਖੀ ਕੋਈ ਮਨੁੱਖ ਦੇ ਨਹੀ ਸਕਦਾ, ਉਹ ਸਿੱਖੀ ਚੋਂ ਖਾਰਜ ਵੀ ਨਹੀ ਕਰ ਸਕਦਾ। ਜੋ ਅਸੀ, ਕੁੱਝ ਦਿਨ ਪਹਿਲਾ ਕੈਨੇਡਾ ਵਿੱਚ ਪ੍ਰੋ ਦਰਸ਼ਨ ਸਿੰਘ ਬਾਰੇ ਸੁਣਿਆ ਹੈ ਇਹ ਗੁਰ ਸੇਵਾ ਨੂੰ ਜਾਨਣ ਵਾਲੇ ਨਹੀ ਕਰ ਸਕਦੇ, ਇਹ ਹੈਕਂੜ ਬਾਜਾਂ ਵਲੋ ਕਿਸੇ ਵਾਸਤੇ ਕੰਮ ਕਰਨ ਵਾਲਿਆ ਦਾ ਹੀ ਕੰਮ ਹੈ। ਗੁਰਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਗੁਰ ਨਾਨਕ ਦੇ ਜੀਵਨ ਵੱਲ ਦੇਖੋ ਬਾਣੀ ਤੇ ਸਿੱਖਿਆ ਨੂੰ ਵੀਚਾਰੋ ਬਾਬੇ ਨਾਨਕ ਨੇ ਕਰੀਬ 39000 ਕਿਲੋ ਮੀਟਰ ਸਫਰ ਕੀਤਾ, ਸਾਰੇ ਜੀਵਨ ਵਿੱਚ ਇੱਕ ਵੀ ਗੁਰਦੁਆਰਾ ਨਹੀ ਬਣਾਇਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਘਰਿ ਘਰਿ ਅੰਦਰਿ ਧਰਮਸਾਲ ਬਣਾਏ ਸਨ। ਅਸਲੀ ਧਰਮ ਸਾਲ ਸਾਡੇ ਅੰਦਰ ਹੋਣੀ ਚਾਹੀਦੀ ਹੈ ਕਿਉਂਕਿ ਗੁਰੁ ਸਾਡੇ ਹਮੇਸ਼ਾ ਨਾਲ ਚਲਦਾ ਹੈ ਉਸ ਵਾਸਤੇ ਉਸ ਦੇ ਬੈਠਣ ਵਾਲਾ ਹਿਰਦਾ ਬਨਾਣਾ ਸੀ ਜਿਥੋ ਸਾਨੂੰ ਹਮੇਸ਼ਾਂ ਧਰਮ ਦੇ ਗੁਣਾ ਤੇ ਧਰਮ ਦੀ ਸੇਧ ਮਿਲਦੀ ਰਹਿਣੀ ਸੀ ਅਤੇ ਅਸੀ ਚਲਦੇ ਫਿਰਦੇ ਗੁਰਦੁਆਰੇ ਬਨਾਣੇ ਸੀ ਕਿਉਂਕਿ ਗੁਰੁ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਹੀ ਇਮਾਰਤ ਗੁਰਦੁਆਰਾ ਬਣਦੀ ਹੈ ਮਨੁਖ ਦੇ ਅੰਦਰ ਗੁਰੂ ਵਸਣ ਨਾਲ ਹੀ ਘਰਿ ਘਰਿ ਅੰਦਰ ਧਰਮਸਾਲ, ਗੁਰਦੁਆਰਾ ਬਣਦਾ ਹੈ। ਧਰਮ ਦੇ ਅਸਥਾਨ ਤਾਂ ਸਜੱਣ ਠੱਗ ਨੇ ਵੀ ਬਣਾਏ ਸਨ ਪਰ ਉਹਨਾਂ ਅੰਦਰ ਧਰਮ ਨਹੀ ਸੀ ਬਾਬੇ ਨਾਨਕ ਨੇ ਬਾਣੀ ਰਾਹੀ ਉਸ ਨੂੰ ਚਲਦਾ ਫਿਰਦਾ ਗੁਰਦੁਆਰਾ ਬਣਾ ਕੇ ਧਰਮ ਦੇ ਗੁਣਾਂ ਵਾਲਾ ਬਣਾਂ ਦਿਤਾ।
ਗੁਰਸਿਖ ਸੰਗਤਾਂ ਨੁੰ ਇਸ ਸੇਵਾ ਵਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਸਿੱਖੀ ਮੁੜਿ ਹਰੀ ਭਰੀ ਅਤੇ ਪਰਫੁਲਤ ਹੋ ਸਕਦੀ ਹੈ।
ਗੁਰਬਖਸ਼ ਸਿੰਘ 9417231762




.