.

ਸਹਿਜ ਪਾਠ ਦਾ ਫਲ! !

ਸਿੱਖ ਰਹਿਤ ਮਰਯਾਦਾ ਵਿੱਚ ਸਾਧਾਰਣ (ਸਹਿਜ) ਪਾਠ ਅਤੇ ਅਖੰਡ ਪਾਠ ਅਰੰਭ ਅਤੇ ਸਮਾਪਤੀ ਦੀ ਮਰਯਾਦਾ ਇਸ ਤਰ੍ਹਾਂ ਲਿਖੀ ਹੈ।
ਸਾਧਾਰਨ ਪਾਠ
(ਸ) ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਣ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।
(ਹ) ਪਾਠ ਅਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਏ। ਫੇਰ ਜਪੁ ਸਾਹਿਬ ਦਾ ਪਾਠ ਕਰਨਾ ਚਾਹੀਏ।
ਅਖੰਡ ਪਾਠ
(ਉ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ ੪੮ ਘੰਟੇ ਵਿੱਚ ਸੰਪੂਰਣ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁੱਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਸਮਾਂ ਕੁੱਝ ਵਧੀਕ ਲੱਗ ਜਾਵੇ।
(ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
ਸਾਧਾਰਣ ਪਾਠ ਦੇ ਅਰੰਭ ਵੇਲੇ ਪ੍ਰਸ਼ਾਦਿ ਲਿਆ ਕੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ।
ਅਖੰਡ ਪਾਠ ਵੇਲੇ ਕੜ੍ਹਾਹ ਪ੍ਰਸ਼ਾਦਿ ਹੋਵੇ, ਫੇਰ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਮਗਰੋਂ ਅਰਦਾਸ ਕਰਕੇ ਅਤੇ ਹੁਕਮ ਲੈ ਕੇ ਪਾਠ ਦਾ ਅਰੰਭ ਕੀਤਾ ਜਾਵੇ।
ਭੋਗ
(ਉ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਣ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। … … … … … … …. ਇਸ ਤੋਂ ਉਪਰੰਤ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜ੍ਹਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਪਰ ਮੌਜੁਦਾ ਸਮੇਂ ਵਿੱਚ ਗੁਰਦੁਆਰਿਆਂ, ਡੇਰਿਆਂ, ਟਕਸਾਲਾਂ ਅਤੇ ਸਾਡੇ ਘਰਾਂ ਵਿੱਚ ਗ੍ਰੰਥੀਆਂ, ਸਾਧਾਂ, ਰਾਗੀਆਂ, ਪਾਠੀਆਂ ਅਤੇ ਅੰਨੀ ਸ਼ਰਧਾ ਵਿੱਚ ਗ੍ਰਸੀ ਹੋਈ ਸੰਗਤ ਵਲੋਂ ਹਰ ਰੋਜ਼ ਰਹਿਤ ਮਰਯਾਦਾ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਰਹਿਤ ਮਰਯਾਦਾ ਵਿੱਚ ਸਪਸ਼ਟ ਲਿਖਿਆ ਹੈ ਕਿ ਅਰੰਭ ਤੇ ਭੋਗ ਸਮੇਂ ਅਨੰਦ ਸਾਹਿਬ ਦੀਆਂ ੬ ਪਉੜੀਆਂ ਦਾ ਪਾਠ ਕੀਤਾ ਜਾਏ ਪਰ “ਪਵਣੁ ਗੁਰੂ ਪਾਣੀ ਪਿਤਾ … … …. ਸਲੋਕ ਕਿਸ ਦੇ ਹੁਕਮ/ਮਰਯਾਦਾ ਨਾਲ ਪੜ੍ਹਿ ਜਾਂਦਾ ਹੈ। ਪਾਠ ਅਰੰਭ ਕਰਨ ਵੇਲੇ ਕਈ ਵਾਰੀ ਤਾਂ ਘਰ ਵਾਲੇ ਸੱਜਣ ਪਹਿਲਾਂ ਹੀ ਜੋਤ, ਨਲੀਏਰ ਅਤੇ ਕੁੰਭ ਆਦਿਕ ਵਰਜਿਤ ਵਸਤੁਆਂ ਦਾ ਪ੍ਰਬੰਧ ਕਰਕੇ ਰੱਖਦੇ ਹਨ। ਜੇ ਕੋਈ ਭੁੱਲ ਵੀ ਜਾਏ ਤਾਂ ਸਾਡੀ ਅਗਿਆਨੀ ਪੁਜਾਰੀ ਸ਼੍ਰੇਣੀ ਜਿਨ੍ਹਾਂ ਨੇ ਸ਼ਾਇਦ ਹੀ ਰਹਿਤ ਮਰਯਾਦਾ ਦੇ ਦਰਸ਼ਨ ਕੀਤੇ ਹੋਣ, ਆਪ ਹੀ ਮਰਯਾਦਾ ਦੇ ਨਾਮ’ ਤੇ ਘਰ ਵਾਲਿਆਂ ਨੂੰ ਉਪਦੇਸ਼ ਕਰਕੇ ਇਹ ਸਾਰੀ ਵਿਵਰਜਿਤ ਸਾਮਗ੍ਰੀ ਮੰਗਵਾ ਕੇ ਆਪਣੇ ਹੱਥਾਂ ਤੋਂ ਵੱਟੀਆਂ ਬਣਾ ਕੇ (ਕਈਆਂ ਨੂੰ ਤਾਂ ਖਾਸ ਮੁਹਾਰਤ ਹੈ ਇਸ ਕੰਮ ਦੀ) ਜੋਤਾਂ ਜਗਾਈਆਂ ਜਾਂਦੀਆਂ ਹਨ। ਫਿਰ ਪਾਠ ਅਰੰਭ ਕਰਨ ਲਈ ਅਰਦਾਸ ਕਰਕੇ ਹੁਕਮ ਲੈ ਕੇ ਸੰਗਤ ਤੋਂ ਆਗਿਆ ਲੈਣੀ ਨਹੀਂ ਭੱਲਦੇ। ਇਸ ਤੋਂ ਬਗੈਰ ਪਾਠ ਅਰੰਭ ਨਹੀਂ ਹੁੰਦਾ। ਕੋਈ ਸੰਪਟ, ਕੋਈ ਮਹਾਂਸੰਪਟ ਲਾਈ ਜਾਂਦਾ ਅਤੇ ਕੋਈ ਨਾਲ ਨਾਲ ਜਪੁ ਜੀ ਦਾ ਪਾਠ ਕਰੀ ਜਾਂਦਾ ਹੈ। ਫਿਰ ਮੱਧ ਦੀ ਅਰਦਾਸ ਕਰੀ ਜਾਂਦੇ ਹਨ। ਸ਼ਾਇਦ ਅਰੰਭਤਾ ਦੀ ਅਰਦਾਸ ‘ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਘਰ ਵਾਲਿਆਂ ਦਾ ਧਿਆਨ ਪਾਠ ਸੁਨਣ ਵਿੱਚ ਨਹੀਂ ਹੁੰਦਾ (ਜਿਆਦਾਤਰ ਪਾਠੀ ਵੀ ਨਹੀਂ ਚਾਹੁੰਦੇ ਕਿ ਕੋਈ ਪਾਠ ਸੁਣੇ)। ਉਨ੍ਹਾਂ ਦਾ ਤਾਂ ਸਾਰਾ ਧਿਆਨ ਜੋਤ ਹੀ ਖਿੱਚ ਰਹੀ ਹੁੰਦੀ ਹੈ। ਬੱਸ ਜੋਤ ਨਾ ਬੁੱਝ ਜਾਏ ਸਾਰੇ ਪਾਠ ਦਾ ਮਹਾਤਮ ਤਾਂ ਬਾਬੇ ਦੀ ਦੱਸੀ ਜੋਤ ਦੀ ਸੇਵਾ ਵਿੱਚ ਹੀ ਹੈ। ਇਸ ਲਈ ਹੀ ਤਾਂ ਕਿਸੇ ਇੱਕ ਸੱਜਣ ਦੀ ਖਾਸ ਸੇਵਾ ਲੱਗੀ ਹੁੰਦੀ ਹੈ ਕਿ ਤੂੰ ਜੋਤ ਨੂੰ ਘਿਉ ਦੇ ਨਾਲ ਸਿੰਜੀ ਜਾਣਾ ਹੈ। ਜੇ ਜੋਤ ਬੁਝ ਗਈ ਤਾਂ ਅਪਸ਼ਗੁਨ ਹੋ ਜਾਣਾ ਹੈ। ਪਾਠ ਦਾ ਫਲ ਵੀ ਪ੍ਰਾਪਤ ਨਹੀਂ ਹੋਣਾ।
ਇਕ ਪਰਵਾਰ ਨੇ ਅਖੰਡ ਪਾਠ ਗੁਰਦੁਆਰੇ ਅਰੰਭ ਕਰਵਾਇਆ। ਗੁਰਦੁਆਰੇ ਦੇ ਪ੍ਰਬੰਧ ਅਨੁਸਾਰ ਜਿਆਦਾਤਰ ਸੰਗਤ ਵਿਚੋਂ ਹੀ ਸੱਜਣ ਰਲ ਕੇ ਪਾਠ ਕਰ ਲੈਂਦੇ ਹਨ। ਕੁੱਝ ਦਾ ਪਾਠ ਚਲੰਤ ਸੀ ਤੇ ਇੱਕ ਦੋ ਐਸੇ ਵੀ ਸਨ ਜਿਨ੍ਹਾਂ ਦੀ ਸਪੀਡ ਘਟ ਸੀ। ਪਰਵਾਰ ਦੇ ਮੈਂਬਰ ਵੀ ਪਾਠ ਕਰਦੇ ਹਨ। ਉਨ੍ਹਾਂ ਨੇ ਦੇਖਿਆ ਕਿ ਪਾਠ ਤਾਂ ਲੇਟ ਹੋ ਜਾਇਗਾ। ੪੮ ਘੰਟਿਆਂ ਵਿੱਚ ਭੋਗ ਨਹੀਂ ਪੈਣਾ। ਪਰਵਾਰ ਦੇ ਸੱਜਣਾਂ ਨੂੰ ਫਿਕਰ ਇਹ ਪੈ ਗਿਆ ਕਿ ਅਸੀਂ ਤਾਂ ਅਖੰਡ ਪਾਠ ਅਰੰਭ ਕਰਵਾਇਆ ਸੀ। ੪੮ ਘੰਟਿਆਂ ਵਿੱਚ ਭੋਗ ਨਾ ਪੈਣ `ਤੇ ਇਸਦਾ ਫਲ ਤਾਂ ਸਹਿਜ ਪਾਠ ਦਾ ਹੀ ਮਿਲੇਗਾ! ਫਿਰ ਕੀ ਸੀ ਸਪੀਡ ਵਾਲੇ ਪਾਠੀਆਂ ਨੇ ਜ਼ੋਰ ਲਾ ਕੇ ਅਖੰਡ ਪਾਠ ਦਾ ਫਲ ਦਵਾਇਆ!
ਇਸ ਵਿੱਚ ਸੰਗਤ ਦਾ ਕਸੂਰ ਨਹੀਂ ਹੈ। ਇਹ ਭਰਮ ਤਾਂ ਸਾਡੇ ਬਾਬਿਆਂ ਅਤੇ ਅਗਿਆਨੀਆਂ ਦੇ ਦਿੱਤੇ ਹੋਏ ਹਨ। ਜਿਨ੍ਹਾਂ ਨੇ ਵੱਖ ਵੱਖ ਪਾਠਾਂ ਦਾ ਵੱਖ ਵੱਖ ਫਲ ਆਪਣੇ ਗੁਟਕਿਆਂ ਵਿੱਚ ਛਾਪਿਆ ਹੈ। ਗੁਟਕਿਆਂ ਵਿੱਚ ਆਪ ਹੀ ਅਪਣੀ ਮਰਜੀ ਨਾਲ ਪੰਕਤੀਆਂ ਲਿਖੀਆਂ ਹੋਈਆਂ ਹਨ। ਕੋਈ ਇਨ੍ਹਾਂ ਨੂੰ ਨੱਥ ਪਾਉਣ ਵਾਲਾ ਨਹੀਂ ਹੈ। ਪਾਠ ਤੋਂ ਮਗਰੋਂ ਫਿਰ ਗੁਰੂ ਸਾਹਿਬ ਜੀ ਦਾ ਮੂੰਹ ਚਿੜਾਉਣ ਲਈ ਦੀਵੇ ਜਗਾ ਕੇ ਆਰਤੀਆਂ ਕੀਤੀਆਂ ਜਾਂਦੀਆਂ ਹਨ। ਜਿਸ ਵਿੱਚ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੇਵੀ ਅਤੇ ਦੇਵਤਿਆਂ ਦੇ ਗੀਤ ਗਾਏ ਜਾਂਦੇ ਹਨ।
ਖੁਸ਼ੀ ਦਾ ਪਾਠ ਹੋਵੇ ਤਾਂ ਸਮਾਪਤੀ `ਤੇ ਜਪੁ ਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਪ੍ਰਾਣੀ ਦੇ ਚਲਾਣਾ ਕਰ ਜਾਣ’ ਤੇ ਸਸਕਾਰ ਕਰਨ ਤੋਂ ਬਾਦ ਗੁਰਦੁਆਰੇ ਜਾ ਕੇ ਅਲਾਹਣੀਆਂ ਦਾ ਪਾਠ। ਮ੍ਰਿਤਕ ਸੰਸਕਾਰ ਸਮੇਂ ਜੇ ਪਾਠ ਦਾ ਭੋਗ ਪਾਉਣਾ ਹੋਏ ਤਾਂ ਸਦ ਦਾ ਪਾਠ ਬਹੁਤ ਜ਼ਰੂਰੀ ਹੁੰਦਾ ਹੈ। ਇਹ ਮਰਯਾਦਾ ਕਿਸਨੇ ਬਣਾ ਦਿੱਤੀ? ਜਦੋਂ ਕਿ ਅਕਾਲ ਤੱਖ਼ਤ ਦੀ ਮਰਯਾਦਾ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਜਿਕ੍ਰ ਵੀ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿੱਚ ਸਹਿਜ ਅਤੇ ਅਖੰਡ ਪਾਠ ਤੋਂ ਅਲਾਵਾ ਹੋਰ ਕਿਸੇ ਸੰਪਟ, ਮਹਾਂਸੰਪਟ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਦੀ ਵਿਧੀ ਨਹੀ ਦੱਸੀ ਗਈ ਹੈ।
ਗੁਰਬਾਣੀ ਦਾ ਪਾਠ ਕਿਸੇ ਪਖੰਡੀ ਵੱਲੋਂ ਦਰਸ਼ਾਏ ਹੋਏ ਫਲਾਂ ਦੀ ਪ੍ਰਾਪਤੀ ਲਈ ਜਾਂ ਮੰਤ੍ਰ ਸਮਝਕੇ ਨਹੀਂ ਕਰਨਾ ਹੈ (ਵੱਡੇ-ਵੱਡੇ ਗਿਆਨੀ ਅਰਦਾਸ ਵਿੱਚ ਗੁਰਬਾਣੀ ਦੇ ਪਾਠ ਨੂੰ ਯਗ, ਮਹਾਂਕੁੰਭ ਕਹਿ ਰਹੇ ਹੁੰਦੇ ਨੇ)। ਪਾਠ ਇਸ ਲਈ ਕਰਨਾ ਹੈ ਕਿ ਸਾਨੂੰ ਗੁਰਮਤਿ ਗਿਆਨ ਦੀ ਸੋਝੀ ਹੋ ਜਾਏ। ਸਾਡੇ ਜੀਵਨ ਵਿੱਚ ਸਹਿਜ, ਸੱਤ, ਸੰਤੋਖ, ਧੀਰਜ, ਧਰਮ, ਰੱਬ ਦਾ ਅਦਬ, ਪ੍ਰੇਮ, ਨਿਮ੍ਰਤਾ, ਹਲੀਮੀ, ਗਰੀਬੀ, ਸੇਵਾ, ਤਰਸ, ਸਿਦਕ ਆਦਿਕ ਸ਼ੁਭ ਗੁਣ ਵੱਸ ਸਕਣ। ਸਾਡਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ ਬਣ ਜਾਵੇ। ਸਾਡੀ ਦਸਤਾਰ, ਗੁਫਤਾਰ ਅਤੇ ਰਫਤਾਰ ਗੁਰਬਾਣੀ ਦੇ ਅਨੁਕੂਲ ਬਣ ਸਕੇ। ਅਸੀਂ ਆਪਣੇ ਫਰਜਾਂ ਪ੍ਰਤੀ ਈਮਾਨਦਾਰ ਬਣ ਜਾਈਏ। ਸਾਡੇ ਜੀਵਨ ਵਿਚੋਂ ਨਫਰਤ, ਵਿਸ਼ਵਾਸਘਾਤ, ਨਿੰਦਾ-ਚੁਗਲੀ, ਈਰਖਾ, ਸਾੜਾ, ਵਹਿਮ-ਭਰਮ, ਪਖੰਡ-ਕਰਮ, ਦਿਖਾਵਾ, ਬੇਈਮਾਨੀ, ਖੁਦਗਰਜੀ, ਲਾਪਰਵਾਹੀ, ਅਗਿਆਨਤਾ, ਅੰਧਵਿਸ਼ਵਾਸ ਆਦਿਕ ਅਵਗੁਣ ਦੂਰ ਹੋ ਜਾਣ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਚੋਰਾਂ ਨੂੰ ਕਾਬੂ ਕਰਨ ਦੀ ਜਾਚ ਆ ਜਾਏ।
ਗੁਰਬਾਣੀ ਇਹੋ ਹੀ ਉਪਦੇਸ਼ ਦ੍ਰਿੜ੍ਹ ਕਰਾਉਂਦੀ ਹੈ ਕਿ ਜੇ ਪਾਠ ਕਰਕੇ ਵੀ ਮਨੁੱਖ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਨਹੀਂ ਹੋਈ। ਪ੍ਰਭੂ ਨਾਲ ਪ੍ਰੀਤ ਨਾ ਬਣੇ, ਆਤਮਕ ਗਿਆਨ ਦੀ ਸੋਝੀ ਨਾ ਹੋਏ ਤਾਂ ਪਾਠ ਕਰਨ/ਕਰਾਉਨ ਦਾ ਕੋਈ ਲਾਭ ਨਹੀਂ ਹੈ। ਇਹ ਤਾਂ ਨਿਰਾ ਲੋਕਾਚਾਰੀ ਹੀ ਰਹਿ ਜਾਂਦੀ ਹੈ।
ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥
੬੫੫, ਸੋਰਠਿ, ਕਬੀਰ ਜੀ
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥ ੧॥ ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ ੧॥
ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥ ੨॥
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥
ਪਰਮਾਨμਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥ ੩॥ ੧॥ ੬॥

੧੨੫੩, ਸਾਰੰਗ, ਪਰਮਾਨੰਦ ਜੀ ਹੇ ਭਾਈ! ਧਾਰਮਕ ਗ੍ਰੰਥਾਂ ਦਾ ਪਾਠ /ਸੁਣਕੇ/ਕਰਕੇ/ਕਰਵਾਕੇ ਤੂੰ ਕੁੱਝ ਵੀ ਨਹੀਂ ਖੱਟਿਆ ਨਾ ਤੇਰੇ ਅੰਦਰ ਪ੍ਰਭੂ ਦੀ ਅੱਟਲ ਭਗਤੀ ਪੈਦਾ ਹੋਈ ਅਤੇ ਨਾ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ। ਨਾ ਤਾਂ ਕਾਮ, ਕ੍ਰੋਧ ਅਤੇ ਲੋਭ ਨਿਵਰੇ। ਨਾ ਹੀ ਪਰਾਈ ਨਿੰਦਾ ਕਰਨ ਦੀ ਆਦਤ ਛੁਟੀ, ਤੇਰੀ ਸਾਰੀ ਮੇਹਨਤ ਬੇਕਾਰ ਗਈ। ਹੇ ਪਾਪੀ! ਪਰਾਇਆ ਘਰ ਲੁੱਟ ਕੇ (ਮੁਰਦਾਰ) ਖਾ ਕੇ ਹੀ ਪੇਟ ਭਰਦਾ ਰਿਹਾ, ਜਿਸ ਨਾਲ ਬਦਨਾਮੀ ਹੁੰਦੀ ਹੈ ਉਸ ਅਗਿਆਨਤਾ ਨੂੰ ਹੀ ਦ੍ਰਿੜ੍ਹ ਕਰਦਾ ਰਿਹਾ। ਹਿੰਸਾ ਤੇਰੇ ਮਨ ਤੋਂ ਨਾ ਛੁਟੀ, ਖਲਕਤ ਨਾਲ ਪਿਆਰ ਨਹੀਂ ਕੀਤਾ। ਭਗਤ ਪਰਮਾਨੰਦ ਜੀ ਕਹਿੰਦੇ ਹਨ ਤੂੰ ਸਤਸੰਗਤ ਵਿੱਚ ਜੁੜ ਕੇ ਪ੍ਰਭੂ ਦੀਆਂ ਜੀਵਨ ਨੂੰ ਪਵਿਤਰ ਕਰਨ ਵਾਲੀਆਂ ਗੱਲਾਂ ਨਾ ਕੀਤੀ/ਸੁਣੀ।
ਗੁਰਬਾਣੀ ਦਾ ਪਾਠ ਫਲਾਂ ਦੀ ਪ੍ਰਾਪਤੀ ਦੇ ਵਹਿਮ ਭਰਮ ਨੂੰ ਤਿਆਗ ਕੇ “ਦੀਜੈ ਬੁਧਿ ਬਿਬੇਕਾ” ਦੀ ਬਿਰਤੀ ਨਾਲ ਆਪ ਵੀਚਾਰ ਕੇ ਕਰਨ ਦੇ ਸ਼੍ਰੇਸ਼ਠ ਉੱਧਮ ਨੂੰ ਅਪਨਾਉਣਾ ਚਾਹੀਦਾ ਹੈ।
ਭਾਈ ਸ਼ਰਨਜੀਤ ਸਿੰਘ ਦੇਹਰਾਦੂਨ




.